ਕਿਸਾਨ ਆਗੂ ਰਾਜੇਵਾਲ ਨੇ ਲੁਧਿਆਾੇ ਦੇ ਡੀ.ਸੀ. ਨਾਲ ਕੀਤੀ ਮੀਟਿੰਗ
ਲੁਧਿਆਣਾ, 12 ਅਕਤੂਬਰ, (ਰੂਪੇਸ਼ ਕੁਮਾਰ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਲੋਂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਮੰਡਿਆਂ ਦੇ ਪ੍ਰਬੰਧ ਪੂਰੇ ਨਾ ਹੋਣ ਅਤੇ ਫਸਲਾਂ ਦੀ ਖਰੀਦ ਨਾ ਹੋਣ ਸਮੇਤ ਹੋਰ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਹੈ। ਇਸ ਦੌਰਾਨ ਉਨਾਂ ਨੇ ਮੰਡੀਆਂ ਵਿਚ ਪੈਦਾ ਹੋ ਸਥਿਤੀ ਦੇ ਲਈ ਸੂਬਾ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ 13 ਅਕਤੂਬਰ ਉਨ੍ਹਾਂ ਵਲੋਂ ਪੂਰੇ ਪੰਜਾਬ ਵਿਚ 12 ਵਜੇ ਤੋਂ ਲੈ ਕੇ 3 ਵਜੇ ਤੱਕ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ, ਜੋ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿਚ ਪੰਜਾਬ ਸਰਕਾਰ ਵਲੋਂ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਹਨ, ਜਿਸ ਕਾਰਨ ਕਿਸਾਨ ਆਪਣੀ ਫਸਲ ਲੈ ਕੇ ਖੱਜਲ ਖਰਾਬ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਥਿਤੀ ਦੇ ਲਈ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਕੋਲ ਬਿਲਕੁਲ ਹੀ ਥਾਂ ਨਹੀਂ ਹੈ ਅਤੇ ਕੇਂਦਰੀ ਖ਼ਰੀਦ ਏਜੰਸੀਆਂ ਵਲੋਂ ਖਰੀਦ ਬਹੁਤ ਹੌਲੀ ਰੱਖੀ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਦੇ ਆਏ ਨਤੀਜਿਆਂ ਉੱਤੇ ਵੀ ਸਵਾਲ ਚੁੱਕੇ ਹਨ।