ਰਾਜਾ ਵੜਿੰਗ ਵਲੋਂ ਗਿੱਦੜਬਾਹਾ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ ਕਰਨ ਦਾ ਸਵਾਗਤ
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਣ ਕਮਿਸ਼ਨ ਵਲੋਂ ਗਿੱਦੜਬਾਹਾ ਦੀਆਂ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਪਿੰਡਾਂ ਵਿਚ ਧਾਂਦਲੀ ਹੋਈ ਸੀ, ਉੱਥੇ ਚੋਣਾਂ ਰੱਦ ਕਰ ਦਿੱਤੀਆਂ ਹਨ। ਇਸ ਸੰਬੰਧੀ ਗਿੱਦੜਬਾਹਾ ਵਿਖੇ ਵੱਡਾ ਰੋਸ ਧਰਨਾ ਦੇਣ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਡੈਲੀਗੇਸ਼ਨ ਨੇ ਚੰਡੀਗੜ੍ਹ ਵਿਖੇ ਮੁੱਖ ਚੋਣ ਅਧਿਕਾਰੀ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਸੀ। ਰਾਜਾ ਵੜਿੰਗ ਨੇ ਕਿਹਾ ਕਿ ਸਾਥੀਓ ਇਨਸਾਫ਼ ਦੀ ਇਹ ਲੜਾਈ ਆਪਾਂ ਜਿੱਤ ਲਈ ਹੈ ਅਤੇ ਹੁਣ ਸਮਾਂ ਹੈ ਸਾਡੇ ਨਾਲ ਇਸ ਪ੍ਰਕਾਰ ਦੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਚੋਣਾਂ ਦੌਰਾਨ ਸਬਕ ਸਿਖਾਇਆ ਜਾਵੇ।