ਲੰਬੇ ਦਾੜ੍ਹੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ ਪਾਕਿਸਤਾਨ ਦੀ ਹੱਦ ਦਿੱਲੀ ਤੱਕ ਹੁੰਦੀ - ਜਥੇਦਾਰ ਹਰਪ੍ਰੀਤ ਸਿੰਘ ਸਿੱਖ
ਕਰਨਾਲ ,8 ਸਤੰਬਰ (ਗੁਰਮੀਤ ਸਿੰਘ ਸੱਗੂ) - ਸਿੱਖਾਂ ਦੇ ਲੰਬੇ ਦਾੜ੍ਹੇ ਅਤੇ ਦਸਤਾਰ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਅਗਰ ਇਹ ਲੰਬੇ ਦਾੜ੍ਹੇ ਤੇ ਦਸਤਾਰਾਂ ਵਾਲੇ ਸਿੱਖ ਨਾ ਹੁੰਦੇ ਤਾਂ 1947 ਵਿਚ ਪਾਕਿਸਤਾਨ ਦੀ ਹੱਦ ਅਟਾਰੀ ਬਾਰਡਰ ਨਾ ਹੁੰਦੇ ਹੋਏ ਪਾਕਿਸਤਾਨ ਦੀ ਹੱਦ ਦਿੱਲੀ ਤੱਕ ਹੁੰਦੀ ਅਤੇ ਮੇਰਠ, ਸਹਾਰਨਪੁਰ ਦਾ ਖੇਤਰ ਅੱਜ ਭਾਰਤ ਵਿਚ ਨਾ ਹੋ ਕੇ ਪਾਕਿਸਤਾਨ ਵਿਚ ਹੁੰਦਾ । ਇਹ ਗੱਲ ਸ੍ਰੀ ਅਕਾਲ ਤਖ਼ਤ ਸਾਹਿਬ ਸਾਬਕਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਹੋਏ ਸਿੱਖ ਸੰਮੇਲਨ ਵਿਚ ਕਹੀ । ਹਰਿਆਣਾ ਸਿੱਖ ਏਕਤਾ ਦਲ ਵਲੋਂ ਕਰਵਾਏ ਗਏ ਹਰਿਆਣਾ ਸਿੱਖ ਸੰਮੇਲਨ ਵਿਚ ਬੋਲਦੇ ਹੋਏ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਸਿੱਖਾਂ ਦੇ ਵੋਟਾਂ ਅਤੇ ਨੋਟਾਂ ਦਾ ਇਸਤੇਮਾਲ ਕਰਦੀਆਂ ਹਨ ਪਰ ਜਦੋਂ ਸਿੱਖਾਂ ਦੇ ਹੱਕ ਦੇਣ ਲਈ ਗੱਲ ਆਉਂਦੀ ਹੈ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਸਿੱਖਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ । ਉਨ੍ਹਾਂ ਨੇ ਗੁਰਦੁਆਰਿਆਂ ਵਿਚ ਸਰਕਾਰੀ ਦਾਖ਼ਲ ਅੰਦਾਜ਼ੀ ਨੂੰ ਸਰਕਾਰਾਂ ਦੀ ਡੂੰਘੀ ਸਾਜ਼ਿਸ਼ ਦੱਸਿਆ ਤਾਂ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟ ਜਾਣ । ਉਨ੍ਹਾਂ ਨੇ ਹਰਿਆਣਾ ਸਿੱਖ ਏਕਤਾ ਦਲ ਵਲੋਂ ਸੂਬੇ ਦੇ ਸਿੱਖਾਂ ਨੂੰ ਇੱਕਜੁੱਟ ਕਰਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।