ਬਿਜਲੀ ਮੁਲਾਜ਼ਮਾਂ ਨੇ 17 ਸਤੰਬਰ ਤੱਕ ਵਧਾਈ ਸਮੂਹਿਕ ਛੁੱਟੀ
ਢਿਲਵਾਂ, 13 ਸਤੰਬਰ (ਪ੍ਰਵੀਨ ਕੁਮਾਰ)- ਜੁਆਇੰਟ ਫੋਰਮ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦੀ ਸਮੂਹਿਕ ਛੁੱਟੀ ਕਰਕੇ ਰੋਸ ਵਿਖਾਵਾ ਕੀਤਾ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਵਲੋਂ ਆਪਣੀ ਸਮੂਹਿਕ ਛੁੱਟੀ ਵਿਚ 17 ਸਤੰਬਰ ਤੱਕ ਦਾ ਵਾਧਾ ਕਰਕੇ ਪਾਵਰਕਾਮ ਮੈਨਜਮੈਂਟ ਤੇ ਸੂਬਾ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸੇ ਤਹਿਤ ਟੈਕਨੀਕਲ ਸਰਵਿਸਿਸ ਯੂਨੀਅਨ ਸਬ ਡਵੀਜ਼ਨ ਢਿਲਵਾਂ ਦੇ ਸਕੱਤਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਬਿਜਲੀ ਮੁਲਾਜ਼ਮਾਂ ਵਲੋਂ ਸਥਾਨਕ ਬਿਜਲੀ ਘਰ ਦੇ ਬਾਹਰ ਪਾਵਰਕਾਮ ਮੈਨਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਪਾਵਰਕਾਮ ਮੈਨਜਮੈਂਟ ਅਤੇ ਸੂਬਾ ਸਰਕਾਰ ਉਨ੍ਹਾਂ ਦੀਆ ਮੰਗਾਂ ਤੋਂ ਲਗਾਤਾਰ ਟਾਲਾ ਵਟਦੇ ਆਏ ਹਨ। ਦੱਸਣਯੋਗ ਹੈ ਕਿ ਪਹਿਲੇ ਤਿੰਨ ਦਿਨ ਫ਼ੀਲਡ ਸਟਾਫ਼ ਵਲੋਂ ਸਮੂਹਿਕ ਛੁੱਟੀ ਕੀਤੀ ਗਈ ਸੀ ਤੇ ਹੁਣ ਉਨ੍ਹਾਂ ਨਾਲ ਦਫ਼ਤਰੀ ਸਟਾਫ਼ ਵੀ ਇਸ ਰੋਸ ਵਿਖਾਵੇ ਵਿਚ ਸ਼ਾਮਿਲ ਹੋ ਗਿਆ ਹੈ ਜਿਸ ਨਾਲ ਖਪਤਕਾਰਾਂ ਨੂੰ ਦਫ਼ਤਰੀ ਕੰਮ ਨੂੰ ਕਰਵਾਉਣ ਵਿਚ ਦਿੱਕਤਾਂ ਆ ਰਹੀਆਂ ਹਨ।