ਸਰਕਾਰ ਦੀ ਐਗਰੀਕਲਚਰ ਪਾਲਿਸੀ ਦੇ ਨਤੀਜੇ ਨਿਕਲਣਗੇ ਜ਼ੀਰੋ- ਬਿਕਰਮ ਸਿੰਘ ਮਜੀਠੀਆ
ਪਟਿਆਲਾ, 18 ਸਤੰਬਰ- ਐਡਵੋਕੇਟ ਰਾਕੇਸ਼ ਪਰਾਸ਼ਰ ਨੇ ਅੱਜ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕੀਤੀ, ਜੋ ਕੁਝ ਸਮਾਂ ਪਹਿਲਾਂ ਭਾਜਪਾ ਵਿਚ ਚਲੇ ਗਏ ਸਨ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਰਾਕੇਸ਼ ਪਰਾਸ਼ਰ ਦੀ ਦਿਲੋਂ ਇੱਜਤ ਕਰਦਾ ਹਾਂ, ਕਿਉਂਕਿ ਇਨ੍ਹਾਂ ਨੇ ਕਦੇ ਵੀ ਕਿਸੇ ਪਾਰਟੀ ਖ਼ਿਲਾਫ਼ ਕੁਝ ਗਲਤ ਨਹੀਂ ਬੋਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਬਣਾਈ ਗਈ ਐਗਰੀਕਲਚਰ ਪਾਲਿਸੀ, ਜਿਸ ਦਾ ਸੂਬੇ ਭਰ ਵਿਚ ਪ੍ਰਚਾਰ ਕੀਤਾ ਗਿਆ ਹੈ, ਵਿਚ ਕੁਝ ਵੀ ਅਜਿਹਾ ਨਹੀਂ ਹੈ, ਜਿਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁੱਕਣਗੀਆਂ ਜਾਂ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਆ ਰਹੀ ਗਿਰਾਵਟ ਵਿਚ ਸੁਧਾਰ ਹੋਵੇ। ਉਨ੍ਹਾਂ ਕਿਹਾ ਕਿ ਇਹ ਪਾਲਿਸੀ ਅਮਰਿੰਦਰ ਸਰਕਾਰ ਸਮੇਂ ਵੀ ਆਈ ਸੀ, ਪਰ ਉਸ ਸਮੇਂ ਵੀ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਏ ਤੇ ਨਾ ਹੀ ਉਨ੍ਹਾਂ ਦੀ ਖ਼ੁਦਕੁਸ਼ੀਆਂ ਰੁਕੀਆਂ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਦਾਲਾਂ ਤੇ ਮੱਕੀ ’ਤੇ ਐਮ. ਐਸ.ਪੀ. ਐਲਾਨੀ ਸੀ ਪਰ ਅੱਜ ਤੱਕ ਉਹ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਵਿਚ ਕਿਸਾਨਾਂ ਦੇ ਕਰਜ਼ੇ ਘਟਾਉਣ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਤੇ ਨਾ ਹੀ ਇਸ ਨਾਲ ਕਿਸਾਨਾਂ ਜਾਂ ਖ਼ੇਤ ਮਜ਼ਦੂਰਾਂ ਨੂੰ ਕੋਈ ਫਾਇਦਾ ਹੀ ਹੋਣਾ ਹੈ।