ਬੀਕੇਯੂ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਜੱਸੀ ਤੇ ਡੀਸੀ ਨੂਰਪੁਰਾ ਖਿਲਾਫ਼ ਕਤਲ ਦਾ ਮਾਮਲਾ ਦਰਜ
ਗੁਰੂਸਰ ਸੁਧਾਰ, (ਲੁਧਿਆਣਾ), 2 ਨਵੰਬਰ (ਜਗਪਾਲ ਸਿੰਘ ਸਿਵੀਆਂ)- ਗੁਰੂਸਰ ਸੁਧਾਰ ਇਲਾਕੇ ਨਾਲ ਸੰਬੰਧ ਰੱਖਦੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ ਅਤੇ ਜਥੇਬੰਦੀ ਦੇ ਆਗੂ ਦਲਵੀਰ ਸਿੰਘ ਛੀਨਾ ਉਰਫ਼ ਡੀਸੀ ਨੂਰਪੁਰਾ ਸਮੇਤ ਇਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਥੇਬੰਦੀ ਦੇ ਸਥਾਨਕ ਆਗੂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਨੇੜੇ ਸਥਿਤ ਬੀ.ਕੇ.ਯੂ. ਦਫ਼ਤਰ ਵਿਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੁੱਦੇ ਨੂੰ ਲੈ ਕੇ ਚੱਲ ਰਹੀ ਤਕਰਾਰ ਦੌਰਾਨ ਡੀਸੀ ਨੂਰਪੁਰਾ ਨੇ ਆਪਣੇ ਰਿਵਾਲਵਰ ਨਾਲ ਅਮਨਾ ਪੰਡੋਰੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੂੰ ਘਟਨਾ ਦੀ ਸੂਚਨਾ ਅਮਨਾ ਪੰਡੋਰੀ ਦੇ ਭਰਾ ਮੁਕੰਦ ਸਿੰਘ ਨੇ ਦਿੱਤੀ, ਜਿਸ ਨੇ ਪੰਜਾਬ ਪੁਲਿਸ ਦੇ ਐਮਰਜੈਂਸੀ ਨੰਬਰ 112 ’ਤੇ ਫ਼ੋਨ ਕਰਕੇ ਦੱਸਿਆ ਕਿ ਜੱਸੀ ਢੱਟ ਅਤੇ ਡੀਸੀ ਨੂਰਪੁਰਾ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ ਹੈ। ਸੂਚਨਾ ਮਿਲਣ ’ਤੇ ਡੀ.ਐਸ.ਪੀ. ਰਾਏਕੋਟ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਦੇ ਸਮੇਂ ਬੀ.ਕੇ.ਯੂ. ਦੇ ਦਫ਼ਤਰ ਵਿਚ ਸ਼ਰਾਬ ਪੀਤੀ ਜਾ ਰਹੀ ਸੀ ਅਤੇ ਮੁਲਜ਼ਮਾਂ ਨੇ ਅਮਨਾ ਪੰਡੋਰੀ ਨੂੰ ਕਿਸੇ ਮਾਮਲੇ ਸੰਬੰਧੀ ਉੱਥੇ ਬੁਲਾਇਆ ਸੀ। ਸੂਤਰਾਂ ਅਨੁਸਾਰ ਅਮਨਾ ਪੰਡੋਰੀ ਪਰਿਵਾਰਕ ਕਾਰਨਾਂ ਕਰਕੇ ਆਪਣੇ ਜ਼ਿਲ੍ਹਾ ਪ੍ਰਧਾਨ ਜੱਸੀ ਢੱਟ ਅਤੇ ਡੀਸੀ ਨੂਰਪੁਰਾ ਨਾਲ ਨਾਰਾਜ਼ ਸੀ ਅਤੇ ਇਸ ਤਕਰਾਰ ਦੌਰਾਨ ਝਗੜਾ ਵਧ ਗਿਆ।
;
;
;
;
;
;
;
;