ਦੀਵਾਲੀ ਵਾਲੀ ਰਾਤ ਚੱਲੀਆਂ ਗੋਲੀਆਂ ਨਾਲ ਇਕ ਦੀ ਮੌਤ
ਰਾਮ ਤੀਰਥ, (ਅੰਮ੍ਰਿਤਸਰ), 2 ਨਵੰਬਰ (ਧਰਵਿੰਦਰ ਸਿੰਘ ਔਲਖ)- ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲਾ ਡੂਮ ਵਿਖੇ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਦੇ ਮਸਲੇ ਨੂੰ ਲੈ ਕੇ ਦੋ ਧਿਰਾਂ ਵਿਚ ਖੂਨੀ ਟਕਰਾਅ ਹੋ ਗਿਆ, ਜਿਸ ਵਿਚ ਇਕ ਧਿਰ ਵਲੋਂ ਚਲਾਈਆਂ ਗੋਲੀਆਂ ਨਾਲ ਇਕ ਨੌਜਵਾਨ ਕਸ਼ਮੀਰ ਸਿੰਘ ( 42 ) ਪੁੱਤਰ ਕਾਲਾ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਲਵਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ, ਗੁਰਮੇਜ ਸਿੰਘ ਅਤੇ ਮੰਗਲ ਰਾਮ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਸ਼ਮੀਰ ਸਿੰਘ ਦੇ ਵੱਡੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਰਹਿੰਦਾ ਪ੍ਰਵਾਸੀ ਮਜ਼ਦੂਰ ਮੰਗਤ ਰਾਮ, ਜੋ ਸਰਪੰਚੀ ਹਾਰਨ ਵਾਲੇ ਗੁਰਬਾਜ ਸਿੰਘ ਦੇ ਕੋਲ ਰਹਿੰਦਾ ਸੀ, ਗਲੀ ਵਿਚ ਪਟਾਕੇ ਚਲਾ ਰਿਹਾ ਸੀ, ਜਿਸ ਨੂੰ ਪਿੰਡ ਦੇ ਹੀ ਇਕ ਵਿਅਕਤੀ ਲਵਲੀ ਨੇ ਪਟਾਕੇ ਚਲਾਉਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿਚ ਝਗੜਾ ਹੋ ਗਿਆ ਅਤੇ ਦੋਹਾਂ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ। ਇਸ ਸਮੇਂ ਦੋਹਾਂ ਪਾਰਟੀਆਂ ਵਿਚ ਇੱਟਾਂ ਰੋੜੇ ਵੀ ਚੱਲੇ। ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮੌਕੇ ’ਤੇ ਉਹ ਅਤੇ ਉਸ ਦਾ ਭਰਾ ਕਸ਼ਮੀਰ ਸਿੰਘ ਦੋਵਾਂ ਪਾਰਟੀਆਂ ਨੂੰ ਸਮਝਾਉਣ ਵਾਸਤੇ ਚਲੇ ਗਏ ਅਤੇ ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇੰਨੀ ਦੇਰ ਨੂੰ ਸਰਪੰਚ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਆਏ 10-12 ਹਥਿਆਰਬੰਦ ਵਿਅਕਤੀਆਂ ਨੇ ਸਾਹਿਬ ਸਿੰਘ ਪੁੱਤਰ ਜਗੀਰ ਸਿੰਘ ਦੀ ਘਰ ਦੀ ਛੱਤ ’ਤੇ ਚੜ੍ਹ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਬਲਦੇਵ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਇਹ ਕਤਲ ਵੋਟਾਂ ਦੀ ਰੰਜਿਸ਼ ਕਰਕੇ ਹੋਇਆ ਹੈ, ਕਿਉਂਕਿ ਉਹ ਪੰਚਾਇਤੀ ਚੋਣਾਂ ਸਮੇਂ ਹਾਰਨ ਵਾਲੇ ਗੁਰਬਾਜ ਸਿੰਘ ਦੇ ਧੜੇ ਨਾਲ ਸਨ ਅਤੇ ਅਸੀਂ ਸਰਪੰਚ ਨਿਸ਼ਾਨ ਸਿੰਘ ਨੂੰ ਵੋਟਾਂ ਨਹੀਂ ਸਨ ਪਾਈਆਂ, ਜਿਸ ਕਰਕੇ ਉਸ ਵਲੋਂ ਇਹ ਗੋਲੀਬਾਰੀ ਕੀਤੀ ਗਈ ਹੈ। ਪੀੜਤ ਵਿਅਕਤੀਆਂ ਦੇ ਬਿਆਨਾਂ ’ਤੇ ਪੁਲਿਸ ਨੇ ਮੌਜੂਦਾ ਸਰਪੰਚ ਨਿਸ਼ਾਨ ਸਿੰਘ ਕੋਟਲਾ ਸਮੇਤ 12 ਵਿਅਕਤੀਆਂ ਤੇ ਕਤਲ ਦਾ ਮੁਕਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।