ਪੰਚਾਇਤੀ ਚੋਣਾਂ 'ਚ ਡਿਊਟੀ ਦੇ ਰਹੇ ਪੁਲਿਸ ਮੁਲਾਜ਼ਮ ਦੀ ਮੌਤ
ਤਪਾ ਮੰਡੀ (ਬਰਨਾਲਾ), 15 ਅਕਤੂਬਰ (ਵਿਜੇ ਸ਼ਰਮਾ)-ਸੂਬੇ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪੁਲਿਸ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ, ਜਿਸ ਤਹਿਤ ਨੇੜਲੇ ਪਿੰਡ ਢਿੱਲਵਾਂ ਬਰਨਾਲਾ ਵਿਖੇ ਪੁਲਿਸ ਮੁਲਾਜ਼ਮ ਦੀ ਪੰਚਾਇਤੀ ਚੋਣਾਂ ਵਿਚ ਡਿਊਟੀ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਸਿਟੀ ਚੌਕੀ ਤਪਾ ਦੇ ਇੰਚਾਰਜ ਕਰਮਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਢਿੱਲਵਾਂ ਦੇ ਬੂਥ ਨੰਬਰ 75-76 ਉਤੇ ਲੱਖਾ ਸਿੰਘ ਸੀਨੀਅਰ ਪੁਲਿਸ ਮੁਲਾਜ਼ਮ ਪੰਚਾਇਤੀ ਚੋਣਾਂ ਵਿਚ ਡਿਊਟੀ ਦੇ ਰਿਹਾ ਸੀ, ਜਿਸ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਵਿਚ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੁਖਦਾਈ ਘਟਨਾ ਬਾਰੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮ ਲੱਖਾ ਸਿੰਘ ਆਈ.ਆਰ.ਵੀ. ਵਿਚ ਤਾਇਨਾਤ ਹੈ।