ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਦੇ ਮਾਮਲੇ ’ਚ ਅਖੌਤੀ ਟਰੈਵਲ ਏਜੰਟ ਗ੍ਰਿਫ਼ਤਾਰ
ਭੁਲੱਥ, (ਕਪੂਰਥਲਾ), 6 ਨਵੰਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਥਾਣਾ ਭੁਲੱਥ ਦੀ ਪੁਲਿਸ ਨੇ ਵਿਦੇਸ਼ ਜਰਮਨ ਭੇਜਣ ਦੇ ਨਾਂਅ ’ਤੇ 7 ਲੱਖ 20 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਅਖੌਤੀ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਛਾਣ ਰਜਿੰਦਰ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਬਾਣੀਆਂ ਮੁਹੱਲਾ ਕਰਤਾਰਪੁਰ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੌਬੀ ਚੰਦ ਪੁੱਤਰ ਕਸ਼ਮੀਰ ਲਾਲ ਵਾਸੀ ਭੁਲੱਥ ਵਲੋਂ ਥਾਣਾ ਭੁਲੱਥ ਵਿਖੇ 21 ਅਗਸਤ 2024 ਨੂੰ ਰਜਿੰਦਰ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਬਾਣੀਆਂ ਮੁਹੱਲਾ ਕਰਤਾਰਪੁਰ, ਗੌਰਵ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਬਲਿਆਲ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਹਾਲ ਵਾਸੀ ਰਸ਼ੀਆ ਖਿਲਾਫ਼ ਧਾਰਾ 420, 406 ਆਈ.ਪੀ.ਸੀ., 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਤਹਿਤ ਕੇਸ ਦਰਜ ਹੋਇਆ ਸੀ। ਜਿਸ ਤੋਂ ਬਾਅਦ ਅਸ਼ਵਨੀ ਕੁਮਾਰ ਪੁੱਤਰ ਸਵਰਨ ਲਾਲ ਅਤੇ ਰਜਨੀ ਪਤਨੀ ਅਸ਼ਵਨੀ ਕੁਮਾਰ ਵਾਸੀ ਭੁਲੱਥ ਨੂੰ ਉਕਤ ਮੁਕਦਮੇ ਵਿਚ ਨਾਮਜ਼ਦ ਕੀਤਾ ਗਿਆ ਸੀ। ਐੱਸ.ਐੱਚ.ਓ. ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਬੌਬੀ ਚੰਦ ਪੁੱਤਰ ਕਸ਼ਮੀਰ ਲਾਲ ਵਾਸੀ ਭੁਲੱਥ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਸੀ ਕਿ ਉਸਨੇ ਆਪਣੇ ਲੜਕੇ ਸਾਗਰ ਨੂੰ ਵਿਦੇਸ਼ ਜਰਮਨ ਭੇਜਣ ਲਈ ਇਨ੍ਹਾਂ ਲੋਕਾਂ ਨਾਲ 14 ਲੱਖ ਰੁਪਏ ਵਿਚ ਗੱਲਬਾਤ ਕੀਤੀ ਸੀ। ਜਿਸ ਸੰਬੰਧੀ 7 ਲੱਖ 20 ਹਜ਼ਾਰ ਰੁਪਏ ਪਹਿਲਾਂ ਦਿੱਤੇ ਗਏ ਸਨ ਅਤੇ ਬਾਕੀ ਦੇ ਪੈਸੇ ਵਿਦੇਸ਼ ਪਹੁੰਚਣ ’ਤੇ ਦਿੱਤੇ ਜਾਣੇ ਸਨ। ਪਰ ਉਸ ਦੇ ਲੜਕੇ ਸਾਗਰ ਨੂੰ ਜਦੋਂ ਇੰਡੀਆ ਤੋਂ ਵਿਦੇਸ਼ ਭੇਜਿਆ ਗਿਆ ਤੇ ਰਸਤੇ ਵਿਚ ਉਸਦਾ ਕੋਈ ਥਹੁ ਪਤਾ ਨਹੀਂ ਲੱਗਾ। ਉਸ ਵੇਲੇ ਪੁਲਿਸ ਵਲੋਂ ਜਾਂਚ ਉਪਰੰਤ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ।
;
;
;
;
;
;
;
;