ਭਾਰਤੀ ਸੰਵਿਧਾਨ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ ਦਾ ਹੈ ਪ੍ਰਗਟਾਵਾ- ਰਾਹੁਲ ਗਾਂਧੀ
ਮਹਾਰਾਸ਼ਟਰ, 5 ਅਕਤੂਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਮਹਾਰਾਸ਼ਟਰ ਦੇ ਕੋਲਹਾਪੁਰ ਪਹੁੰਚੇ। ਇੱਥੇ ਰਾਹੁਲ ਨੇ ਕਿਹਾ ਕਿ ਸੰਵਿਧਾਨ ਦੀ ਰੱਖਿਆ ਲਈ ਰਾਖਵੇਂਕਰਨ ਦੀ ਮੌਜੂਦਾ 50 ਫ਼ੀਸਦੀ ਸੀਮਾ ਨੂੰ ਹਟਾਉਣਾ ਜ਼ਰੂਰੀ ਹੈ। ਕੋਲਹਾਪੁਰ ’ਚ ‘ਸੰਵਿਧਾਨ ਸਨਮਾਨ ਸੰਮੇਲਨ’ ’ਚ ਬੋਲਦਿਆਂ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਅਤੇ ਇੰਡੀਆ ਬਲਾਕ ਇਸ 50 ਫੀਸਦੀ ਦੀ ਸੀਮਾ ਨੂੰ ਹਟਾਉਣ ਲਈ ਕਾਨੂੰਨ ਪਾਸ ਕਰਨਾ ਯਕੀਨੀ ਬਣਾਉਣਗੇ ਅਤੇ ਕੋਈ ਤਾਕਤ ਇਸ ਨੂੰ ਰੋਕ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਦਲਿਤਾਂ ਜਾਂ ਪਛੜੀਆਂ ਸ਼੍ਰੇਣੀਆਂ ਦਾ ਇਤਿਹਾਸ ਨਹੀਂ ਪੜ੍ਹਾਇਆ ਜਾ ਰਿਹਾ ਹੈ, ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਹੁਣ ਉਸ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ। ਰਾਹੁਲ ਨੇ ਆਪਣੇ ਸੰਬੋਧਨ ’ਚ ਮਾਲਵਨ ’ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਢਹਿ-ਢੇਰੀ ਕਰਨ ’ਤੇ ਭਾਜਪਾ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡਰਾ ਕੇ ਅਤੇ ਸੰਵਿਧਾਨ ਅਤੇ ਸੰਸਥਾਵਾਂ ਨੂੰ ਤਬਾਹ ਕਰਨ ਤੋਂ ਬਾਅਦ ਸ਼ਿਵਾਜੀ ਮਹਾਰਾਜ ਅੱਗੇ ਝੁਕਣ ਦਾ ਕੋਈ ਫਾਇਦਾ ਨਹੀਂ ਹੈ। ਜੇਕਰ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਸ਼ਾਹੂ ਮਹਾਰਾਜ ਵਰਗੇ ਲੋਕ ਨਾ ਹੁੰਦੇ ਤਾਂ ਸੰਵਿਧਾਨ ਨਾ ਹੁੰਦਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਸ਼ਿਵਾਜੀ ਮਹਾਰਾਜ ਦੇ ਵਿਚਾਰਾਂ ਦਾ ਪ੍ਰਗਟਾਵਾ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦਾ ਦੁਨੀਆ ਨੂੰ ਸੰਦੇਸ਼ ਸੀ ਕਿ ਦੇਸ਼ ਸਭ ਦਾ ਹੈ।