ਨਹਿਰ ਕੋਲੋਂ ਨੌਜਵਾਨ ਦੀ ਮਿਲੀ ਲਾਸ਼
ਗੁਰੂਹਰਸਹਾਏ (ਫਿਰੋਜ਼ਪੁਰ), 5 ਅਕਤੂਬਰ (ਕਪਿਲ ਕੰਧਾਰੀ)-ਅੱਜ ਗੁਰੂਹਰਸਹਾਏ ਵਿਖੇ ਉਸ ਸਮੇਂ ਮੰਦਭਾਗੀ ਖ਼ਬਰ ਸਾਹਮਣੇ ਆਈ ਜਦੋਂ ਸ਼ਾਮ 5 ਵਜੇ ਦੇ ਕਰੀਬ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਪਿੰਡ ਮੋਹਨ ਕੇ ਉਤਾੜ ਵਿਖੇ ਨਹਿਰ ਕੋਲ ਲਾਸ਼ ਮਿਲੀ। ਜਾਣਕਾਰੀ ਦਿੰਦਿਆਂ ਥਾਣਾ ਗੁਰੂਹਰਸਹਾਏ ਦੇ ਮੁੱਖ ਮੁਨਸ਼ੀ ਤਿਲਕ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਪਿੰਡ ਮੋਹਨ ਕੇ ਉਤਾੜ ਵਿਖੇ ਨਹਿਰ ਕੋਲ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਪੁਲਿਸ ਪਾਰਟੀ ਨੂੰ ਮੌਕੇ ਉਤੇ ਭੇਜਿਆ ਗਿਆ। ਜਦੋਂ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਤਾਂ ਉਸ ਨੌਜਵਾਨ ਦੇ ਪਰਿਵਾਰਿਕ ਮੈਂਬਰ ਵੀ ਉਥੇ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਨੌਜਵਾਨ ਦਾ ਨਾਮ ਪਰਮਜੀਤ ਸਿੰਘ ਹੈ ਤੇ ਇਹ ਮੰਡੀ ਵਾਲ਼ ਪਿੰਡ ਦਾ ਰਹਿਣ ਵਾਲਾ ਹੈ ਤੇ ਇਸਦੀ ਉਮਰ ਕਰੀਬ 28 ਸਾਲ ਹੈ। ਇਸ ਨੌਜਵਾਨ ਦਾ 11 ਸਾਲ ਪਹਿਲਾਂ ਵਿਆਹ ਹੋਇਆ ਹੈ ਤੇ ਇਸ ਦੇ 2 ਬੱਚੇ ਵੀ ਹਨ। ਮੁੱਖ ਮੁਨਸ਼ੀ ਨੇ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਫਿਰੋਜ਼ਪੁਰ ਮੋਰਚਰੀ ਵਿਚ ਭੇਜ ਦਿੱਤਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਦਾ ਕੀ ਕਾਰਨ ਹੈ।