ਸਿੱਟ ਭਗਵੰਤ ਮਾਨ ਦਾ ਹੱਥ ਠੋਕਾ- ਬਿਕਰਮ ਸਿੰਘ ਮਜੀਠੀਆ
ਅੰਮ੍ਰਿਤਸਰ, 18 ਜੁਲਾਈ (ਜਸਵੰਤ ਸਿੰਘ ਜੱਸ)- ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਆਪ ਆਗੂਆਂ ਖ਼ਿਲਾਫ਼ ਮਾਣਹਾਨੀ ਮਾਮਲੇ ਵਿਚ ਸਥਾਨਕ ਸੀ. ਜੇ. ਐਮ. ਦੀ ਮਾਣਯੋਗ ਅਦਾਲਤ ਵਿਚ ਪੇਸ਼ ਹੋਏ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਅਤੇ ਆਸ਼ੀਸ਼ ਖੇਤਾਂਨ ਪਹਿਲਾਂ ਹੀ ਬਿਨਾਂ ਸ਼ਰਤ ਮੁਆਫ਼ੀ ਮੰਗ ਚੁੱਕੇ ਹਨ। ਤੀਜੇ ਆਪ ਆਗੂ ਸੰਜੇ ਸਿੰਘ ਅੱਜ ਪੇਸ਼ ਨਹੀਂ ਹੋਏ ਤੇ ਮਾਣਯੋਗ ਅਦਾਲਤ ਵਲੋਂ ਅਗਲੀ ਮਿਤੀ ਦੇ ਦਿੱਤੀ ਗਈ ਹੈ। ਸਿੱਟ ਵਲੋਂ ਉਨ੍ਹਾਂ ਨੂੰ ਅੱਜ ਬੁਲਾਏ ਜਾਣ ਦੇ ਮਾਮਲੇ ਵਿਚ ਸ. ਮਜੀਠੀਆ ਨੇ ਕਿਹਾ ਕਿ ਸਿੱਟ ਭਗਵੰਤ ਮਾਨ ਦਾ ਹੱਥ ਠੋਕਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਆਪਣੀ ਮਨ ਪਸੰਦ ਦੇ ਸਿੱਟ ਅਧਿਕਾਰੀਆਂ ਨੂੰ ਲਗਾ ਰਹੇ ਹਨ। ਇਸ ਮਾਣਹਾਨੀ ਮੁਕਾਬਲੇ ਵਿਚ ਮਾਣਯੋਗ ਅਦਾਲਤ ਵਲੋਂ ਅਗਲੀ ਤਰੀਕ 17 ਅਗਸਤ ਨਿਰਧਾਰਤ ਕੀਤੀ ਗਈ ਹੈ।