ਕੇਂਦਰੀ ਮੰਤਰੀ ਮਨੋਹਰ ਲਾਲ ਤੇ ਨਾਇਬ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਤੀਜੀ ਵਾਰ ਬਣੀ ਭਾਜਪਾ ਦੀ ਸਰਕਾਰ - ਅਮਰਿੰਦਰ ਸਿੰਘ ਅਰੋੜਾ

ਕਰਨਾਲ (ਹਰਿਆਣਾ), 12 ਅਕਤੂਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰਾਂ ਦੀ ਮੀਟਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਦੇ ਨਿੱਜੀ ਦਫ਼ਤਰ ਵਿਚ ਹੋਈ। ਇਸ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਚੁਣੇ ਗਏ ਸਾਰੇ ਵਿਧਾਇਕਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਅਮਰਿੰਦਰ ਸਿੰਘ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਝ ਆਗੂ ਈ.ਵੀ.ਐਮ. ਵਿਚ ਬੇਨਿਯਮੀਆਂ ਦੀ ਗੱਲ ਕਰ ਰਹੇ ਹਨ ਜੋ ਕਿ ਗੱਲਾਂ ਬੇਬੁਨਿਆਦ ਹਨ। ਇਹ ਜਨਤਾ ਦਾ ਫੈਸਲਾ ਹੈ ਅਤੇ ਸਮਾਜ ਦੇ ਹਰ ਵਰਗ ਨੇ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਜਨਤਾ ਦੇ ਇਸ ਫੈਸਲੇ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ। ਜਿਥੋਂ ਤੱਕ ਜਿੱਤ ਦਾ ਸਵਾਲ ਹੈ, ਕਰਨਾਲ ਵਿਚ ਨਵੇਂ ਚੁਣੇ ਗਏ ਵਿਧਾਇਕ ਜਗਮੋਹਨ ਆਨੰਦ ਨੇ ਆਪਣੀਆਂ ਮੀਟਿੰਗਾਂ ਵਿਚ ਦੋ ਵਾਰ ਭਾਵੁਕ ਅਪੀਲ ਕੀਤੀ ਸੀ, ਜਿਸ ਦਾ ਕਰਨਾਲ ਦੇ ਲੋਕਾਂ 'ਤੇ ਡੂੰਘਾ ਪ੍ਰਭਾਵ ਪਿਆ ਅਤੇ ਕਰਨਾਲ ਦੇ ਲੋਕਾਂ ਨੇ ਉਸ ਨੂੰ ਜਿੱਤ ਦੀ ਦਹਿਲੀਜ਼ 'ਤੇ ਲਿਜਾਣ ਦਾ ਕੰਮ ਕੀਤਾ। ਜਦਕਿ ਕਾਂਗਰਸ ਨੇ ਇਸ ਚੋਣ ਨੂੰ ਬਹੁਤ ਹੀ ਹਲਕੇ ਢੰਗ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕਾਂਗਰਸ ਵਿਚ ਜਥੇਬੰਦੀ ਦੀ ਘਾਟ ਅਤੇ ਹੋਰ ਵੱਡੇ ਆਗੂਆਂ ਦੀ ਆਪਸੀ ਰੰਜਿਸ਼ ਵੀ ਕਾਂਗਰਸ ਦੀ ਹਾਰ ਦਾ ਕਾਰਨ ਬਣੀ।