ਗੁਰੂ ਰਾਮਦਾਸ ਲੰਗਰ ਵਿਖੇ ਕੜਾਹੇ ਵਿਚ ਡਿੱਗ ਕੇ ਜ਼ਖ਼ਮੀ ਹੋਏ ਸ਼ਰਧਾਲੂ ਦੀ ਹੋਈ ਮੌਤ
ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)- ਪਿਛਲੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਗੁਰੂ ਰਾਮਦਾਸ ਜੀ ਵਿਖੇ ਦੇਰ ਰਾਤ ਸੇਵਾ ਕਰਦਿਆਂ ਸਬਜ਼ੀ ਦੇ ਪਾਣੀ ਵਾਲੇ ਉਬਲਦੇ ਕੜਾਹੇ ਵਿਚ ਡਿੱਗ ਕੇ ਗੰਭੀਰ ਜ਼ਖ਼ਮੀ ਹੋਏ ਬਲਬੀਰ ਸਿੰਘ ਨਾਂਅ ਦੇ ਸ਼ਰਧਾਲੂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਧਾਰੀਵਾਲ ਨੇੜਲੇ ਪਿੰਡ ਲੇਹਲ ਦਾ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਲੰਗਰ ਵਿਖੇ ਸੇਵਾ ਕਰਦਾ ਆ ਰਿਹਾ ਸੀ, ਪਰ ਇਕ ਅਗਸਤ ਦੀ ਰਾਤ ਨੂੰ ਅਚਾਨਕ ਸੇਵਾ ਕਰਦਿਆਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਬਜ਼ੀ ਵਾਲੇ ਗਰਮ ਕੜਾਹੇ ਵਿਚ ਡਿੱਗ ਪਿਆ, ਜਿਸ ਕਾਰਨ ਉਸ ਦਾ ਸਰੀਰ 70 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਝੁਲਸ ਗਿਆ। ਉਸ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਪਰ ਜਾਣਕਾਰੀ ਅਨੁਸਾਰ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।