ਪੰਚਾਇਤੀ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ - ਐਸ. ਡੀ. ਐਮ. ਦਿਵਿਆ ਪੀ
ਗੁਰੂਹਰਸਹਾਏ (ਫਿਰੋਜ਼ਪੁਰ), 5 ਅਕਤੂਬਰ (ਕਪਿਲ ਕੰਧਾਰੀ)-15 ਅਕਤੂਬਰ ਨੂੰ ਸੂਬੇ ਭਰ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਇਨ੍ਹਾਂ ਚੋਣਾਂ ਨੂੰ ਲੜਨ ਵਾਲੇ ਚਾਹਵਾਨ ਉਮੀਦਵਾਰਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਕੱਲ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀ ਤੇ ਵੱਡੀ ਗਿਣਤੀ ਵਿਚ ਉਮੀਦਵਾਰਾਂ ਵਲੋਂ ਆਪਣੇ-ਆਪਣੇ ਨੋਮੀਨੇਸ਼ਨ ਸੈਂਟਰਾਂ ਵਿਚ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਤੇ ਅੱਜ 5 ਅਕਤੂਬਰ ਨੂੰ ਇਨ੍ਹਾਂ ਜਮ੍ਹਾ ਕੀਤੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਅੱਜ ਬਣਾਏ ਗਏ ਨੋਮੀਨੇਸ਼ਨ ਸੈਂਟਰਾਂ ਦਾ ਦੌਰਾ ਕਰਨ ਲਈ ਐਸ. ਡੀ. ਐਮ. ਮੈਡਮ ਦਿਵਿਆ ਪੀ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਸੁਪਰਡੈਂਟ ਕੇਵਲ ਕ੍ਰਿਸ਼ਨ, ਗੁਰਵਿੰਦਰ ਸਿੰਘ ਗੋਲਡੀ ਆਦਿ ਸਨ। ਉਨ੍ਹਾਂ ਵੱਖ-ਵੱਖ ਕੇਂਦਰਾਂ ਵਿਚ ਚੋਣ ਡਿਊਟੀ ਨਿਭਾਅ ਰਹੇ ਅਧਿਕਾਰੀਆਂ ਤੇ ਸਮੁੱਚੇ ਚੋਣ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ। ਉਨ੍ਹਾਂ ਚੋਣ ਡਿਊਟੀ ਨਿਭਾਅ ਰਹੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਮੌਕੇ 'ਤੇ ਹੀ ਉਨ੍ਹਾਂ ਦਾ ਹੱਲ ਕੀਤਾ। ਐਸ. ਡੀ. ਐਮ. ਦਿਵਿਆ ਪੀ ਨੇ ਕਿਹਾ ਕਿ ਗੁਰੂਹਰਸਹਾਏ ਹਲਕੇ ਵਿਚ ਪੰਚਾਇਤੀ ਚੋਣਾਂ ਨਿਰਪੱਖ, ਪਾਰਦਰਸ਼ੀ ਅਤੇ ਸੁਰੱਖਿਅਤ ਢੰਗ ਨਾਲ ਕਰਵਾਈਆਂ ਜਾਣਗੀਆਂ। ਕਿਸੇ ਨੂੰ ਵੀ ਹੁੱਲੜਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
;
;
;
;
;
;
;
;