ਸਮਾਜ ਨੂੰ ਵੰਡਣ ਦੀ ਚੱਲ ਰਹੀ ਹੈ ਕੋਸ਼ਿਸ਼, ਇਸ ਨੂੰ ਰੋਕਣਾ ਹੋਵੇਗਾ- ਪ੍ਰਧਾਨ ਮੰਤਰੀ
ਨਵੀਂ ਦਿੱਲੀ, 11 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ੍ਰੀ ਸਵਾਮੀਨਾਰਾਇਣ ਮੰਦਰ ਦੀ 200ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਗਵਾਨ ਸਵਾਮੀ ਨਰਾਇਣ ਦੀ ਕਿਰਪਾ ਨਾਲ ਵਡਤਾਲ ਧਾਮ ਵਿਖੇ ਵਿਸ਼ਾਲ ਸ਼ਤਾਬਦੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਹਰਿ ਭਗਤ ਪੁੱਜੇ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਲੋਕ ਸੇਵਾ ਕਾਰਜਾਂ ਵਿਚ ਵੀ ਉਤਸ਼ਾਹ ਨਾਲ ਯੋਗਦਾਨ ਪਾ ਰਹੇ ਹਨ। ਦੋ-ਸ਼ਤਾਬਦੀ ਦਾ ਜਸ਼ਨ ਇਤਿਹਾਸ ਵਿਚ ਸਿਰਫ਼ ਇਕ ਘਟਨਾ ਜਾਂ ਤਾਰੀਖ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਮੇਰੇ ਵਰਗੇ ਹਰ ਵਿਅਕਤੀ ਲਈ, ਜੋ ਵਡਤਾਲ ਧਾਮ ਵਿਚ ਨਿਵੇਕਲੇ ਵਿਸ਼ਵਾਸ ਨਾਲ ਵੱਡਾ ਹੋਇਆ ਹੈ, ਲਈ ਬਹੁਤ ਵੱਡਾ ਮੌਕਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡੇ ਲਈ ਇਹ ਮੌਕਾ ਭਾਰਤੀ ਸੰਸਕ੍ਰਿਤੀ ਦੇ ਸਦੀਵੀ ਪ੍ਰਵਾਹ ਦਾ ਸਬੂਤ ਹੈ। ਅੱਜ ਵੀ ਅਸੀਂ ਵਡਤਾਲ ਧਾਮ ਦੀ ਅਧਿਆਤਮਿਕ ਚੇਤਨਾ ਨੂੰ ਜ਼ਿੰਦਾ ਰੱਖਿਆ ਹੋਇਆ ਹੈ, ਜਿਸ ਦੀ ਸਥਾਪਨਾ 200 ਸਾਲ ਪਹਿਲਾਂ ਭਗਵਾਨ ਸ੍ਰੀ ਸਵਾਮੀਨਾਰਾਇਣ ਦੁਆਰਾ ਕੀਤੀ ਗਈ ਸੀ। ਅੱਜ ਵੀ ਅਸੀਂ ਇੱਥੇ ਭਗਵਾਨ ਸ੍ਰੀ ਸਵਾਮੀਨਾਰਾਇਣ ਦੀਆਂ ਸਿੱਖਿਆਵਾਂ ਅਤੇ ਊਰਜਾ ਦਾ ਅਨੁਭਵ ਕਰ ਸਕਦੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮਾਜ ਨੂੰ ਜਾਤ, ਧਰਮ, ਭਾਸ਼ਾ, ਊਚ-ਨੀਚ, ਔਰਤ-ਮਰਦ, ਪਿੰਡ ਅਤੇ ਸ਼ਹਿਰ ਦੇ ਆਧਾਰ ’ਤੇ ਵੰਡਣ ਦੀ ਸਾਜ਼ਿਸ਼ ਚੱਲ ਰਹੀ ਹੈ। ਇਹ ਜ਼ਰੂਰੀ ਹੈ ਕਿ ਅਸੀਂ ਰਾਸ਼ਟਰੀ ਦੁਸ਼ਮਣਾਂ ਦੀ ਇਸ ਕੋਸ਼ਿਸ਼ ਦੀ ਗੰਭੀਰਤਾ ਨੂੰ ਸਮਝੀਏ, ਇਸ ਸੰਕਟ ਨੂੰ ਪਛਾਣੀਏ ਅਤੇ ਮਿਲ ਕੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਹਰਾ ਦੇਈਏ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਅਸੀਂ ਮਜ਼ਬੂਤ, ਕਾਬਲ ਅਤੇ ਪੜ੍ਹੇ-ਲਿਖੇ ਨੌਜਵਾਨ ਤਿਆਰ ਕਰਨੇ ਹਨ। ਵਿਕਸਿਤ ਭਾਰਤ ਲਈ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਹੋਵੇਗਾ। ਹੁਨਰਮੰਦ ਨੌਜਵਾਨ ਸਾਡੀ ਸਭ ਤੋਂ ਵੱਡੀ ਤਾਕਤ ਬਣਨਗੇ। ਸਾਡੇ ਨੌਜਵਾਨਾਂ ਦੀ ਵਿਸ਼ਵਵਿਆਪੀ ਮੰਗ ਹੋਰ ਵਧਣ ਜਾ ਰਹੀ ਹੈ। ਅੱਜ ਦੁਨੀਆ ਦੇ ਬਹੁਤੇ ਨੇਤਾ, ਜਿਨ੍ਹਾਂ ਨੂੰ ਮੈਂ ਮਿਲਦਾ ਹਾਂ, ਉਨ੍ਹਾਂ ਵਿਚੋਂ ਇਕ ਹੀ ਉਮੀਦ ਹੈ ਕਿ ਭਾਰਤ ਦੇ ਨੌਜਵਾਨ, ਭਾਰਤ ਦੀ ਹੁਨਰਮੰਦ ਮਨੁੱਖੀ ਸ਼ਕਤੀ, ਭਾਰਤ ਦੇ ਆਈ.ਟੀ. ਸੈਕਟਰ ਦੇ ਨੌਜਵਾਨ ਉਨ੍ਹਾਂ ਦੇ ਦੇਸ਼ ਵਿਚ ਜਾ ਕੇ ਕੰਮ ਕਰਨ। ਭਾਰਤ ਦੇ ਨੌਜਵਾਨਾਂ ਦੀ ਸਮਰੱਥਾ ਤੋਂ ਪੂਰੀ ਦੁਨੀਆ ਆਕਰਸ਼ਿਤ ਹੈ।