ਸੂਬੇ ਭਰ ਦੇ ਸਿੱਖਿਆ ਪ੍ਰੋਵਾਈਡਰ ਕੱਚੇ ਅਧਿਆਪਕ 14 ਨਵੰਬਰ ਨੂੰ ਚੱਬੇਵਾਲ ਕਰਨਗੇ ਰੋਸ ਪ੍ਰਦਰਸ਼ਨ - ਗੁਰਮੀਤ ਸਿੰਘ ਪੱਡਾ
ਕਲਾਨੌਰ, (ਗੁਰਦਾਸਪੁਰ), 11 ਨਵੰਬਰ (ਪੁਰੇਵਾਲ)- ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਪੱਡਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਧਿਆਪਕਾਂ ਨੂੰ ਪੱਕੇ ਕਰਨ ਦੇ ਤੌਰ ’ਤੇ ਵੱਡੇ ਵੱਡੇ ਫਲੈਕਸਾਂ ਅਤੇ ਪ੍ਰੋਗਰਾਮਾਂ ਰਾਹੀਂ ਇਕੱਠ ਕਰਨਾ ਆਪ ਸਰਕਾਰ ਦਾ ਮਹਿਜ਼ ਇਕ ਡਰਾਮਾ ਹੀ ਨਿਕਲਿਆ। ਪੱਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕੱਚੇ ਅਤੇ ਆਊਟਸੋਰਸ ਕਰਮਚਾਰੀਆਂ ਲਈ ਇਕ 10 ਸਾਲਾ ਪਾਲਿਸੀ ਬਣਾਈ, ਜਿਸ ਤਹਿਤ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਣਾ ਸੀ। ਇਸ ਪਾਲਿਸੀ ਤਹਿਤ 12000 ਦੇ ਕਰੀਬ ਅਧਿਆਪਕਾਂ ਨੂੰ ਪੱਕੇ ਕਰਨ ਲਈ ਸਰਕਾਰ ਨੇ ਵੱਡੇ ਪੱਧਰ ’ਤੇ ਪੰਜਾਬ ਵਿਚ ਹੋਰਡਿੰਗ ਬੋਰਡ ਲਗਵਾਏ ਅਤੇ ਮਿਤੀ 28 ਜੁਲਾਈ 2023 ਨੂੰ ਚੰਡੀਗੜ੍ਹ ਇਕ ਵੱਡਾ ਇੱਕਠ ਕਰਕੇ ਕੱਚੇ ਅਧਿਆਪਕ ਪੱਕੇ ਕਰਨ ਦੇ ਤੌਰ ਤੇ ਨਿਯੁਕਤੀ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੰਡੇ ਗਏ ਸਨ ਪਰ ਦੂਜੇ ਪਾਸੇ ਸਿੱਖਿਆ ਪ੍ਰੋਵਾਇਡਰ ਅਧਿਆਪਕ ਯੂਨੀਅਨ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਵਿਚ ਇਸ ਫੋਕੇ ਡਰਾਮੇ ਅਤੇ ਬਿਨਾਂ ਪੇਅ ਸਕੇਲ ਅਤੇ ਬਿਨਾਂ ਕਿਸੇ ਡੀ.ਏ. ਤੋਂ ਮਹਿਜ਼ ਇਕ ਤਨਖਾਹ ਵਾਧੇ ਨੂੰ ਪੱਕਾ ਆਖਣਾ ਅਤੇ ਪ੍ਰਚਾਰਨ ਖਿਲਾਫ਼ ਪਿੰਡ ਖੁਰਾਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੇੜੇ ਆਪਣਾ ਸੰਘਰਸ਼ ਵਿੱਢ ਦਿੱਤਾ ਗਿਆ, ਜੋ ਖੁਰਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਲਈ ਲਗਾਤਾਰ 7 ਮਹੀਨੇ ਚੱਲਣ ਉਪਰੰਤ 12 ਜਨਵਰੀ 2024 ਨੂੰ ਸੰਗਰੂਰ ਪ੍ਰਸ਼ਾਸਨ ਰਾਹੀਂ ਡਰੀਮਲੈਂਡ ਕਲੋਨੀ ਵਿਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਯੂਨੀਅਨ ਨਾਲ ਮੁਲਾਕਾਤ ਕਰਕੇ ਵਿਸ਼ਵਾਸ ਦਵਾਇਆ ਕਿ ਬਹੁਤ ਜਲਦ ਚੰਡੀਗੜ੍ਹ ਮੀਟਿੰਗ ਕਰਕੇ ਪੇਅ ਸਕੇਲ ਅਤੇ ਡੀ.ਏ. ਸੰਬੰਧੀ ਮੰਗਾਂ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ ਪਰ ਉਸ ਦਿਨ ਤੋਂ ਅੱਜ ਤੱਕ ਸਰਕਾਰ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ। ਜਿਹਦੇ ਵਿਰੋਧ ਵਿਚ ਸਿੱਖਿਆ ਪ੍ਰੋਵਾਇਡਰ ਅਧਿਆਪਕ ਯੂਨੀਅਨ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਵਿਚ 14 ਨਵੰਬਰ ਨੂੰ ਪੰਜਾਬ ਭਰ ਵਿਚੋ ਕੱਚੇ ਅਧਿਆਪਕ ਜ਼ਿਮਨੀ ਚੋਣਾਂ ਦੇ ਹਲਕਾ ਚੱਬੇਵਾਲ ਵਿਖੇ ਪਹੁੰਚ ਕੇ ਆਪ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਪ੍ਰਦਰਸ਼ਨ ਕਰਨਗੇ।