ਲਗਾਤਾਰ ਹੋ ਰਹੇ ਅੱਤਵਾਦੀ ਹਮਲੇ ਕਰ ਰਹੇ ਹਨ ਜੰਮੂ ਕਸ਼ਮੀਰ ਦੇ ਹਾਲਾਤ ਬਿਆਨ- ਰਾਹੁਲ ਗਾਂਧੀ
ਨਵੀਂ ਦਿੱਲੀ, 16 ਜੁਲਾਈ- ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਵਿਚ ਇਕ ਹੋਰ ਅੱਤਵਾਦੀ ਮੁਕਾਬਲੇ ਵਿਚ ਸਾਡੇ ਜਵਾਨਾਂ ਦੀ ਜਾਨ ਚਲੀ ਗਈ, ਮੈਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਦੁਖੀ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਕ ਤੋਂ ਬਾਅਦ ਇਕ ਹੋ ਰਹੀਆਂ ਅਜਿਹੀਆਂ ਭਿਆਨਕ ਘਟਨਾਵਾਂ ਬੇਹੱਦ ਦੁਖਦਾਈ ਹਨ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਹੋ ਰਹੇ ਅੱਤਵਾਦੀ ਹਮਲੇ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਪੇਸ਼ ਕਰ ਰਹੇ ਹਨ। ਭਾਜਪਾ ਦੀਆਂ ਗਲਤ ਨੀਤੀਆਂ ਦੇ ਖ਼ਾਮਿਆਜ਼ੇ ਸਾਡੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁਗਤਣੇ ਪੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰ ਭਾਰਤੀ ਇਹ ਮੰਗ ਕਰਦਾ ਹੈ ਸਰਕਾਰ ਵਾਰ-ਵਾਰ ਹੋ ਰਹੀ ਸੁਰੱਖਿਆ ਵਿਚ ਚੂਕ ਦੀ ਪੂਰੀ ਜ਼ਿੰਮੇਵਾਰੀ ਲਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।