ਇਟਲੀ: ਸੜਕ ਹਾਦਸੇ ’ਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਵੈਨਿਸ, (ਇਟਲੀ) 12 ਨਵੰਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਵਿਚੈਂਸਾ ਜ਼ਿਲ੍ਹੇ ਦੇ ਸਾਰੇਗੋ -ਮਾਲੇਦੋ ਰੋਡ ਉੱਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਇਨ੍ਹਾਂ ਦੇ ਨਾਂਅ ਵਿਨੇਸ਼ ਰਤਨ (ਉਮਰ 24 ਸਾਲ) ਅਤੇ ਵਿਸ਼ਾਲ ਸ਼ਰਮਾ (ਉਮਰ 20 ਸਾਲ) ਹੈ , ਇਹ ਦੋਵੇਂ ਨੌਜਵਾਨ ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਦੇ ਖਿਡਾਰੀ ਸਨ। ਮਿਲੀ ਜਾਣਕਾਰੀ ਅਨੁਸਾਰਾ ਬੀਤੇ ਐਤਵਾਰ ਬਾਅਦ ਦੁਪਹਿਰ ਲਗਭਗ 3 ਵਜੇ ਦੇ ਕਰੀਬ ਜਦੋਂ ਇਹ ਨੌਜਵਾਨ ਵੋਲਸਵਾਗਨ ਗੱਡੀ ’ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਦੂਜੀ ਗੱਡੀ ਤੋਂ ਅੱਗੇ ਲੰਘਦੇ ਸਮੇਂ ਇਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸਾਹਮਣੇ ਆ ਰਹੀ ਕਾਰ ਨਾਲ ਟਕਰਾ ਗਈ ਅਤੇ ਉਪਰੰਤ ਸੜਕ ਦੇ ਕਿਨਾਰੇ ਦਰੱਖਤ ਨਾਲ ਜਾ ਵੱਜੀ। ਹਾਦਸਾ ਬਹੁਤ ਭਿਆਨਕ ਸੀ ਅਤੇ ਕਾਰ ਨੂੰ ਚਲਾ ਰਹੇ ਵਿਨੇਸ਼ ਰਤਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜਾ ਨੌਜਵਾਨ ਵਿਸ਼ਾਲ ਸ਼ਰਮਾ ਵੀ ਜ਼ਿਆਦਾ ਸੱਟ ਲੱਗੀ ਹੋਣ ਕਰਕੇ ਹਸਪਤਾਲ ਪਹੁੰਚਣ ਉਪਰੰਤ ਦਮ ਤੋੜ ਗਿਆ।ਹਾਦਸੇ ਵਿਚ ਇਨ੍ਹਾਂ ਦੀ ਕਾਰ ਬੁਰੀ ਤਰਾਂ ਨਾਲ ਅੱਗਿਓ ਟੁੱਟ ਗਈ ਅਤੇ ਸਾਹਮਣੇ ਵਾਲੀ ਕਾਰ ’ਚ ਇਟਾਲੀਅਨ ਲੋਕ ਸ਼ਾਮਿਲ ਸਨ, ਜਿਨਾਂ ’ਚੋਂ ਦੋ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਜ਼ੇਰੇ ਇਲਾਜ ਹਨ। ਇਸ ਘਟਨਾ ਨਾਲ ਵਿਚੈਂਸਾ ਇਲਾਕੇ ਵਿਚ ਵੱਡੀ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ।