ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਸੰਨਿਆਸ ਦਾ ਕੀਤਾ ਐਲਾਨ
ਸਪੇਨ, 10 ਅਕਤੂਬਰ- ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਨਵੰਬਰ ਵਿਚ ਹੋਣ ਵਾਲਾ ਡੇਵਿਸ ਕੱਪ ਫਾਈਨਲ ਨਡਾਲ ਦੇ ਕਰੀਅਰ ਦਾ ਆਖ਼ਰੀ ਮੁਕਾਬਲਾ ਹੋਵੇਗਾ। ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ। 38 ਸਾਲਾ ਸਪੈਨਿਸ਼ ਸਟਾਰ ਪਿਛਲੇ ਕੁਝ ਸਾਲਾਂ ਤੋਂ ਸੱਟ ਦੀ ਸਮੱਸਿਆ ਨਾਲ ਜੂਝ ਰਿਹਾ ਸੀ। 22 ਗ੍ਰੈਂਡ ਸਲੈਮ ਦੇ ਜੇਤੂ ਨਡਾਲ ਨੂੰ ਦੁਨੀਆ ਦੇ ਸਭ ਤੋਂ ਮਹਾਨ ਟੈਨਿਸ ਖ਼ਿਡਾਰੀਆਂ ਵਿਚ ਗਿਣਿਆ ਜਾਂਦਾ ਹੈ। ਪੁਰਸ਼ ਖਿਡਾਰੀਆਂ ਵਿਚੋਂ ਸਿਰਫ਼ ਨੋਵਾਕ ਜੋਕੋਵਿਚ ਨੇ ਉਸ ਤੋਂ ਵੱਧ ਗ੍ਰੈਂਡ ਸਲੈਮ ਸਿੰਗਲ ਖ਼ਿਤਾਬ ਜਿੱਤੇ ਹਨ। ਜੋਕੋਵਿਚ ਦੇ ਨਾਂਅ 24 ਖ਼ਿਤਾਬ ਹਨ।