ਜਾਪਾਨੀ ਸੰਗਠਨ ਨਿਹੋਨ ਹਿਡਾਨਕਿਓ ਨੂੰ ਮਿਲਿਆ ਸ਼ਾਂਤੀ ਦਾ ਨੋਬਲ ਪੁਰਸਕਾਰ
ਸਟਾਕਹੋਮ, 10 ਅਕਤੂਬਰ- ਜਾਪਾਨੀ ਸੰਗਠਨ ਨਿਹੋਨ ਹਿਡਾਨਕਿਓ ਨੂੰ ਇਸ ਸਾਲ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਵਿਸ਼ਵ ਵਿਚ ਪਰਮਾਣੂ ਹਥਿਆਰਾਂ ਖ਼ਿਲਾਫ਼ ਮੁਹਿੰਮ ਚਲਾਉਣ ਲਈ ਦਿੱਤਾ ਗਿਆ ਹੈ। ਇਸ ਸੰਗਠਨ ਵਿਚ ਉਹ ਲੋਕ ਵੀ ਸ਼ਾਮਿਲ ਹਨ, ਜੋ ਦੂਜੇ ਵਿਸ਼ਵ ਯੁੱਧ ਵਿਚ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ ਹੋਏ ਪਰਮਾਣੂ ਹਮਲਿਆਂ ਵਿਚ ਬਚ ਗਏ ਸਨ। ਇਨ੍ਹਾਂ ਨੂੰ ਹਿਬਾਕੁਸ਼ਾ ਕਿਹਾ ਜਾਂਦਾ ਹੈ, ਇਹ ਹਿਬਾਕੁਸ਼ਾ ਨਿਹੋਨ ਹਿਡੈਂਕਿਓ ਸੰਸਥਾ ਦੁਆਰਾ ਪੂਰੀ ਦੁਨੀਆ ਵਿਚ ਆਪਣੀਆਂ ਦੁੱਖਾਂ ਅਤੇ ਦਰਦ ਭਰੀਆਂ ਯਾਦਾਂ ਨੂੰ ਸਾਂਝਾ ਕਰਦੇ ਹਨ। ਨੋਬਲ ਕਮੇਟੀ ਨੇ ਕਿਹਾ ਕਿ ਇਕ ਦਿਨ ਪਰਮਾਣੂ ਹਮਲਿਆਂ ਦਾ ਸ਼ਿਕਾਰ ਹੋਏ ਇਹ ਲੋਕ ਹੁਣ ਸਾਡੇ ਵਿਚ ਨਹੀਂ ਰਹਿਣਗੇ, ਪਰ ਜਾਪਾਨ ਦੀ ਨਵੀਂ ਪੀੜ੍ਹੀ ਆਪਣੀਆਂ ਯਾਦਾਂ ਅਤੇ ਤਜ਼ਰਬਿਆਂ ਨੂੰ ਦੁਨੀਆ ਨਾਲ ਸਾਂਝਾ ਕਰਦੀ ਰਹੇਗੀ ਅਤੇ ਉਨ੍ਹਾਂ ਨੂੰ ਯਾਦ ਦਿਵਾਉਂਦੀ ਰਹੇਗੀ ਕਿ ਦੁਨੀਆ ਲਈ ਪ੍ਰਮਾਣੂ ਹਥਿਆਰ ਕਿੰਨੇ ਖ਼ਤਰਨਾਕ ਹਨ।