ਕੇਂਦਰੀ ਜੇਲ੍ਹ ਵਿਚ ਦੋ ਧੜਿਆਂ 'ਚ ਹੋਈ ਲੜਾਈ ,4 ਹਵਾਲਾਤੀ ਜ਼ਖ਼ਮੀ
ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ) - ਕੇਂਦਰੀ ਜੇਲ੍ਹ ਕਪੂਰਥਲਾ ਵਿਚ ਹਵਾਲਾਤੀਆਂ ਦੇ ਦੋ ਧੜਿਆਂ ਵਿਚ ਆਪਸੀ ਰੰਜਿਸ਼ ਕਾਰਨ ਲਗਭਗ 6 ਵਜੇ ਦੇ ਕਰੀਬ ਹੋਈ ਲੜਾਈ ਵਿਚ ਚਾਰ ਹਵਾਲਾਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜੇਲ੍ਹ ਪੁਲਿਸ ਨੇ ਸਿਵਲ ਹਸਪਤਾਲ ਕਪੂਰਥਲਾ ਵਿਚ ਇਲਾਜ ਲਈ ਦਾਖਲ ਕਰਵਾਇਆ | ਇਨ੍ਹਾਂ ਵਿਚੋਂ ਇਕ ਹਵਾਲਾਤੀ ਮੁਕੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਹੈ । ਸਿਵਲ ਹਸਪਤਾਲ ਵਿਚ ਇਸ ਸਮੇਂ ਸਿਮਰਨਜੀਤ ਸਿੰਘ, ਵਿਸ਼ਾਲ ਸਭਰਵਾਲ ਤੇ ਸੁਨੀਲ ਜੇਰੇ ਇਲਾਜ ਹਨ । ਸਿਮਰਨਜੀਤ ਸਿੰਘ ਤੇ ਵਿਸ਼ਾਲ ਸਭਰਵਾਲ ਕਤਲ ਦੇ ਕੇਸ ਵਿਚ ਜੇਲ੍ਹ ਵਿਚ ਬੰਦ ਹਨ, ਨੇ ਦੱਸਿਆ ਕਿ ਰੰਜਿਸ਼ਨ ਉਨ੍ਹਾਂ ਦੀ ਨਾਲ ਵਾਲੀ ਬੈਰਕ ਵਿਚ ਬੰਦ ਹਵਾਲਾਤੀਆਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਤੇ ਸੂਇਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ । ਥਾਣਾ ਕੋਤਵਾਲੀ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ । ਖ਼ਬਰ ਦੀਆਂ ਇਹ ਸਤਰਾਂ ਲਿਖੇ ਜਾਣ ਤੱਕ ਸਿਮਰਨਜੀਤ ਸਿੰਘ ਤੇ ਵਿਸ਼ਾਲ ਸਭਰਵਾਲ ਨੂੰ ਪੁਲਿਸ ਨੇ ਮੁੱਢਲੇ ਇਲਾਜ ਤੋਂ ਬਾਅਦ ਮੁੜ ਜੇਲ੍ਹ ਵਿਚ ਭੇਜ ਦਿੱਤਾ ਹੈ।
;
;
;
;
;
;
;
;