ਆਮ ਆਦਮੀ ਪਾਰਟੀ ਦੇ 6 ਵਾਰਡਾਂ ਦੇ ਉਮੀਦਵਾਰਾਂ ਦੇ ਵਿਰੁੱਧ ਕਾਗਜ਼ ਭਰਨ ਵਾਲੇ ਬਾਕੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ
ਮਾਛੀਵਾੜਾ ਸਾਹਿਬ , 13 ਦਸੰਬਰ ( ਜੀ.ਐੱਸ. ਚੌਹਾਨ ) - ਅੱਜ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਵਿਖ਼ੇ ਉਸ ਵਕਤ ਹੰਗਾਮਾ ਹੋ ਗਿਆ, ਜਦੋਂ ਨਗਰ ਕੌਂਸਲ ਇਲੈਕਸ਼ਨ ਲੜਨ ਵਾਲੇ ਉਮੀਦਵਾਰਾਂ ਦੀਆਂ ਲਿਸਟਾਂ 5 ਵਜੇ ਤੱਕ ਲਗਾਈਆਂ ਹੀ ਨਾ ਗਈਆਂ ਅਤੇ ਜਦੋਂ ਕਰੀਬ 7:30 ਵਜੇ ਲਿਸਟਾਂ ਲਗਾਈਆਂ ਗਈਆਂ ਤਾਂ ਆਮ ਆਦਮੀ ਪਾਰਟੀ ਦੇ 6 ਉਮੀਦਵਾਰਾਂ ਦੇ ਮੁਕਾਬਲੇ ਬਾਕੀ ਦੇ ਸਾਰੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਜਿਸ ਦੇ ਰੋਸ ਵਜੋਂ ਬੀ.ਡੀ.ਪੀ.ਓ. ਦਫ਼ਤਰ ਵਿਖੇ ਕਾਂਗਰਸ, ਅਕਾਲੀ ਦਲ, ਬੀਜੇਪੀ ਅਤੇ ਆਜ਼ਾਦ ਉਮੀਦਵਾਰਾਂ ਵਲੋਂ ਜਿਨ੍ਹਾਂ ਦੇ ਕਾਗਜ਼ ਰੱਦ ਕੀਤੇ ਗਏ ਸਨ ਉਨ੍ਹਾਂ ਵਲੋਂ ਸੜਕ 'ਤੇ ਬੈਠ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨੇ ਤੇ ਬੈਠੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਦੋਸ਼ ਲਗਾਇਆ ਕਿ ਜਿਹੜੇ ਜੇਤੂ ਵਾਰਡਾਂ ਤੋਂ ਸਾਡੇ ਉਮੀਦਵਾਰ ਸਨ ਉਨ੍ਹਾਂ ਦੇ ਕਾਗਜ਼ ਜਾਣ ਬੁੱਝ ਕੇ ਰੱਦ ਕੀਤੇ ਗਏ ਹਨ।