2 ਵਾਹਨਾਂ ਦੀ ਚਪੇਟ 'ਚ ਆਉਣ ਕਰਕੇ ਮੋਟਰਸਾਈਕਲ ਸਵਾਰ ਮਾਂ ਦੀ ਮੌਤ ਤੇ ਪੁੱਤ ਜ਼ਖਮੀ
ਮੰਡੀ ਘੁਬਾਇਆ (ਜਲਾਲਾਬਾਦ), 14 ਦਸੰਬਰ (ਅਮਨ ਬਵੇਜਾ)-ਫਿਰੋਜ਼ਪੁਰ-ਫਾਜ਼ਿਲਕਾ ਰੋਡ ਉਤੇ ਸਥਿਤ ਮੰਡੀ ਘੁਬਾਇਆ ਦੇ ਨੇੜਲੇ ਪਿੰਡ ਮੌਜੇ ਵਾਲਾ ਵਿਖੇ ਕਾਰ ਅਤੇ ਟਰੈਕਟਰ ਟਰਾਲੀ ਦੀ ਚਪੇਟ 'ਚ ਆਉਣ ਕਰਕੇ ਮੋਟਰਸਾਈਕਲ ਚਾਲਕ ਪੁੱਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਮਾਂ ਦੀ ਟਰੈਕਟਰ ਹੇਠ ਆਉਣ ਕਰਕੇ ਮੌਕੇ ਉਤੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਜਗਮੀਤ ਸਿੰਘ ਜੋ ਕਿ ਆਪਣੀ ਮਾਤਾ ਸੰਤੋ ਬਾਈ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਫਾਜ਼ਿਲਕਾ ਤੋਂ ਜਲਾਲਾਬਾਦ ਜਾ ਰਹੇ ਸੀ ਅਤੇ ਨਹਿਰ ਦੀ ਪੱਟੜੀ ਨਾਲ ਆ ਰਹੀ ਆਲਟੋ ਕਾਰ ਜੋ ਕਿ ਫਿਰੋਜ਼ਪੁਰ ਫਾਜ਼ਿਲਕਾ ਸਟੇਟ ਹਾਈਵੇਅ ਉੱਪਰ ਚੜ੍ਹਨ ਲੱਗੀ ਤਾਂ ਉਸਨੇ ਫਾਜ਼ਿਲਕਾ ਤੋਂ ਜਲਾਲਾਬਾਦ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਮਾਂ-ਪੁੱਤ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮ੍ਰਿਤਕ ਸੰਤੋ ਬਾਈ ਸੜਕ ਉਤੇ ਡਿੱਗੀ ਅਤੇ ਘੁਬਾਇਆ ਤੋਂ ਆ ਰਹੇ ਟਰੈਕਟਰ ਟਰਾਲੀ ਹੇਠਾਂ ਆ ਗਈ ਅਤੇ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਜਗਮੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਭਰਤੀ ਕੀਤਾ ਗਿਆ ਹੈ। ਘੁਬਾਇਆ ਪੁਲਿਸ ਚੌਕੀ ਇੰਚਾਰਜ ਬਲਕਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ਉਤੇ ਪਹੁੰਚ ਕੇ ਪੀੜ੍ਹਤਾਂ ਲਈ ਵਾਹਨ ਦਾ ਇੰਤਜ਼ਾਮ ਕੀਤਾ ਅਤੇ ਰੁਕੀ ਹੋਈ ਟ੍ਰੈਫਿਕ ਵਿਵਸਥਾ ਨੂੰ ਬਹਾਲ ਕਰਵਾਇਆ। ਪੁਲਿਸ ਮੁਤਾਬਕ ਕਾਰ ਚਾਲਕ ਅਤੇ ਟਰੈਕਟਰ ਟਰਾਲੀ ਚਾਲਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।