ਲਖਨਊ ਤੋਂ ਗ੍ਰਿਫ਼ਤਾਰ ਹੋਰਡਿੰਗ ਕਾਂਡ ਦਾ ਮੁਖ ਦੋਸ਼ੀ ਅਰਸ਼ਦ ਖ਼ਾਨ

ਲਖਨਊ, 31 ਦਸੰਬਰ- ਘਾਟਕੋਪਰ ਹੋਰਡਿੰਗ ਕਾਂਡ ’ਚ ਮੁੰਬਈ ਪੁਲਿਸ ਨੇ ਮੁੱਖ ਦੋਸ਼ੀ ਅਰਸ਼ਦ ਖਾਨ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਹੈ। ਉੱਘਾ ਕਾਰੋਬਾਰੀ ਅਰਸ਼ਦ ਖਾਨ ਇਸ ਮਾਮਲੇ ’ਚ ਬਿਆਨ ਦਰਜ ਕਰਵਾਉਣ ਲਈ ਬੁਲਾਏ ਜਾਣ ਤੋਂ ਬਾਅਦ ਪਿਛਲੇ 7 ਮਹੀਨਿਆਂ ਤੋਂ ਫਰਾਰ ਸੀ। ਦੱਸ ਦੇਈਏ ਕਿ 13 ਮਈ ਨੂੰ ਘਾਟਕੋਪਰ ਈਸਟ ’ਚ ਤੂਫ਼ਾਨ ਕਾਰਨ ਇਕ ਇਸ਼ਤਿਹਾਰ ਦਾ ਹੋਰਡਿੰਗ ਡਿੱਗ ਗਿਆ ਸੀ। ਇਸ ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ ਅਤੇ 84 ਜ਼ਖਮੀ ਹੋ ਗਏ ਸਨ। ਇਹ ਹੋਰਡਿੰਗ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਦੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਲਗਾਇਆ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਈਗੋ ਮੀਡੀਆ ਕੰਪਨੀ ਨੇ ਅਰਸ਼ਦ ਖਾਨ ਦੇ ਜਾਣਕਾਰ ਲੋਕਾਂ ਦੇ ਬੈਂਕ ਖਾਤਿਆਂ ਵਿੱਚ 82 ਲੱਖ ਰੁਪਏ ਭੇਜੇ ਸਨ। ਅਰਸ਼ਦ ਖਾਨ ਆਈ.ਪੀ.ਐਸ. ਅਧਿਕਾਰੀ ਕੈਸਰ ਖਾਲਿਦ ਦੀ ਪਤਨੀ ਦਾ ਕਾਰੋਬਾਰੀ ਸਹਿਯੋਗੀ ਹੈ। ਕੈਸਰ ਖਾਲਿਦ ’ਤੇ ਰੇਲਵੇ ਦੀ ਜ਼ਮੀਨ ’ਤੇ ਹੋਰਡਿੰਗ ਲਗਾਉਣ ਦੀ ਮਨਜ਼ੂਰੀ ਦੇਣ ਦਾ ਦੋਸ਼ ਹੈ। ਉਸ ਸਮੇਂ ਖਾਲਿਦ ਸਰਕਾਰੀ ਰੇਲਵੇ ਪੁਲਿਸ ਦੇ ਕਮਿਸ਼ਨਰ ਸਨ। ਉਸ ਨੂੰ ਆਪਣੇ ਕੰਮ ਵਿਚ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਰਸ਼ਦ ਖਾਨ ਆਪਣਾ ਸ਼ੁਰੂਆਤੀ ਬਿਆਨ ਦਰਜ ਕਰਨ ਤੋਂ ਬਾਅਦ ਐਸ.ਆਈ.ਟੀ. ਸਾਹਮਣੇ ਪੇਸ਼ ਨਹੀਂ ਹੋਇਆ। ਪੁਲਿਸ ਪਿਛਲੇ ਕੁਝ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਹੀ ਸੀ ਪਰ ਉਹ ਵਾਰ-ਵਾਰ ਆਪਣਾ ਟਿਕਾਣਾ ਬਦਲਦਾ ਰਹਿੰਦਾ ਸੀ।