ਜਿਊਲਰੀ ਸ਼ੋਅਰੂਮ 'ਚੋਂ 6 ਲੱਖ ਦੇ ਗਹਿਣਿਆਂ ਦੀ ਲੁੱਟ
ਸਮਰਾਲਾ, 24 ਮਾਰਚ (ਗੋਪਾਲ ਸੋਫਤ)-ਅੱਜ ਸ਼ਾਮ ਨੂੰ ਸ਼ਹਿਰ ਦੇ ਪ੍ਰਸਿੱਧ ਜਿਊਲਰ ਦੇ ਸ਼ੋਅਰੂਮ ਵਿਚੋਂ ਇਕ ਅਣਪਛਾਤੇ ਵਿਅਕਤੀ ਨੇ ਫਿਲਮੀ ਸਟਾਈਲ ਨਾਲ ਸੋਨੇ ਦੀਆਂ ਮੁੰਦਰੀਆਂ ਲੁੱਟ ਲਈਆਂ। ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਇਕ ਚਿੱਟੇ ਰੰਗ ਦੀ ਗੱਡੀ 'ਚ ਕਰੀਬ ਸਾਢੇ ਕੁ 7 ਵਜੇ ਸ਼ੋਅਰੂਮ ਉਤੇ ਆਇਆ ਅਤੇ ਮਿੰਟਾਂ ਵਿਚ ਸੋਨੇ ਦੇ ਗਹਿਣਿਆਂ ਦਾ ਡੱਬਾ ਲੈ ਕੇ ਆਪਣੀ ਬਾਹਰ ਖੜ੍ਹੀ ਗੱਡੀ ਵਿਚ ਫਰਾਰ ਹੋ ਗਿਆ। ਸ਼ੋਅਰੂਮ ਦੇ ਮਾਲਕ ਰੂਪਮ ਵਰਮਾ ਅਤੇ ਦੀਪਕ ਵਰਮਾ ਨੇ ਦੱਸਿਆ ਕਿ ਤਕਰੀਬਨ ਸਾਢੇ ਕੁ 7 ਵਜੇ ਕਰੇਟਾ ਗੱਡੀ 'ਚ ਲਗਭਗ 45 ਕੁ ਸਾਲ ਦੀ ਉਮਰ ਦਾ ਇਹ ਵਿਅਕਤੀ ਸ਼ੋਅਰੂਮ ਆਇਆ ਅਤੇ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਦੀ ਮੰਗ ਕੀਤੀ ਜਦਕਿ ਦੁਕਾਨ ਵਿਚ ਕੁਝ ਹੋਰ ਗਾਹਕ ਪਹਿਲਾਂ ਹੀ ਬੈਠੇ ਸਨ। ਮਾਲਕ ਨੇ ਇਹ ਸਮਝਿਆ ਕਿ ਇਹ ਵਿਅਕਤੀ ਦੁਕਾਨ ਵਿਚ ਪਹਿਲਾਂ ਹੀ ਬੈਠੀਆਂ ਔਰਤ ਗਾਹਕਾਂ ਨਾਲ ਹੈ। ਜਦੋਂ ਉਸ ਨੂੰ ਸੋਨੇ ਦੀਆਂ ਮੁੰਦਰੀਆਂ ਵਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਇਹ ਵਿਅਕਤੀ ਇਕਦਮ ਹੀ ਸੋਨੇ ਦੀਆਂ ਮੁੰਦਰੀਆਂ ਦਾ ਇਕ ਡੱਬਾ ਚੁੱਕ ਕੇ ਫਰਾਰ ਹੋ ਗਿਆ। ਇਸ ਡੱਬੇ ਵਿਚ ਇਕ ਦਰਜਨ ਤੋਂ ਵੱਧ ਮੁੰਦਰੀਆਂ ਦੱਸੀਆਂ ਜਾਂਦੀਆਂ ਹਨ। ਘਟਨਾ ਸਮੇਂ ਸ਼ੋਅ ਰੂਮ ਦੇ ਮਾਲਕ ਨੇ ਇਸ ਲੁਟੇਰੇ ਦਾ ਪਿੱਛਾ ਵੀ ਕੀਤਾ ਪਰ ਉਹ ਤੇਜ਼ੀ ਨਾਲ ਆਪਣੀ ਗੱਡੀ ਭਜਾ ਕੇ ਲੈ ਗਿਆ। ਲੁਟੇਰੇ ਵਲੋਂ ਲੁੱਟੀਆਂ ਮੁੰਦਰੀਆਂ ਦੀ ਕੀਮਤ 6 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਘਟਨਾ ਦੀ ਜਾਣਕਾਰੀ ਮਿਲਣ ਉਤੇ ਸਥਾਨਕ ਥਾਣਾ ਮੁਖੀ ਪਵਿੱਤਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਸ਼ੋਅਰੂਮ ਵਿਚ ਲੱਗੇ ਸੀ.ਸੀ. ਟੀ.ਵੀ. ਕੈਮਰਿਆਂ ਵਿਚੋਂ ਇਸ ਲੁਟੇਰੇ ਦੀ ਫੁਟੇਜ ਪ੍ਰਾਪਤ ਕਰਕੇ ਆਸ-ਪਾਸ ਦੇ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ।