ਪਹਿਲਗਾਮ ਹਮਲਾ: ਸ੍ਰੀਨਗਰ ਲਿਆਂਦੀਆਂ ਗਈਆਂ ਸੈਲਾਨੀਆਂ ਦੀਆਂ ਮਿ੍ਤਕ ਦੇਹਾਂ, ਅਮਿਤ ਸ਼ਾਹ ਵਲੋਂ ਸ਼ਰਧਾਂਜਲੀ ਭੇਟ

ਸ੍ਰੀਨਗਰ, 23 ਅਪ੍ਰੈਲ- ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਅੱਜ ਸ੍ਰੀਨਗਰ ਲਿਆਂਦੀਆਂ ਗਈਆਂ। ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ 26 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਸਵੇਰੇ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਸ੍ਰੀਨਗਰ ਲਿਆਂਦਾ ਗਿਆ ਸੀ। ਲਾਸ਼ਾਂ ਨੂੰ ਪੁਲਿਸ ਕੰਟਰੋਲ ਰੂਮ (ਪੀਸੀਆਰ) ਲਿਜਾਇਆ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮ੍ਰਿਤਕਾਂ ਦੇ ਤਾਬੂਤ ’ਤੇ ਫੁੱਲ ਭੇਟ ਕੀਤੇ। ਕਸ਼ਮੀਰ ਵਿਚ ਕਈ ਸਾਲਾਂ ਵਿਚ ਆਮ ਨਾਗਰਿਕਾਂ ’ਤੇ ਹੋਏ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿਚੋਂ ਇਕ, ਪਹਿਲਗਾਮ ਦੇ ਬੈਸਰਨ ਮੈਦਾਨ ਵਿਚ ਮੰਗਲਵਾਰ ਨੂੰ ਅੱਤਵਾਦੀਆਂ ਦੁਆਰਾ ਘੱਟੋ-ਘੱਟ 26 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ।