ਭਾਰਤੀ ਸੈਨਾਵਾਂ ਦੇ ਸਨਮਾਨ 'ਚ ਗੁਰੂਹਰਸਹਾਏ 'ਚ ਕੱਢੀ ਤਿਰੰਗਾ ਯਾਤਰਾ

ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਅੱਜ ਭਾਜਪਾ ਵਲੋਂ ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ਵਿਚ ਗੁਰੂਹਰਸਹਾਏ ਵਿਚ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਤੇ ਵਿੱਕੀ ਸਿੱਧੂ ਸਿਆਸੀ ਸਲਾਹਕਾਰ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਕੱਢੀ ਗਈ ਜੋ ਕਿ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਚੌਕ, ਮੇਨ ਬਾਜ਼ਾਰ, ਸ੍ਰੀ ਮੁਕਤਸਰ ਸਾਹਿਬ ਰੋਡ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਆਪਣੇ-ਆਪਣੇ ਮੋਟਰਸਾਈਕਲਾਂ ਉਤੇ ਸਵਾਰ ਹੋ ਕੇ ਦੇਸ਼ ਭਗਤੀ ਦੇ ਜੈਕਾਰੇ ਲਾਉਂਦੇ ਰਹੇ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਤੇ ਰਾਣਾ ਸੋਢੀ ਦੇ ਸਿਆਸੀ ਸਲਾਹਕਾਰ ਵਿੱਕੀ ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੀਆਂ ਤਿੰਨਾਂ ਫੌਜਾਂ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ, ਉਨ੍ਹਾਂ ਦੀ ਪੂਰਾ ਦੇਸ਼ ਪ੍ਰਸ਼ੰਸਾ ਕਰ ਰਿਹਾ ਹੈ। ਪੂਰਾ ਹੀ ਦੇਸ਼ ਸਾਡੀ ਫੌਜ ਨਾਲ ਹੈ ਅਤੇ ਸਾਨੂੰ ਸਾਡੀ ਫੌਜ ਉਤੇ ਮਾਣ ਹੈ।