ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ, ਬਦਮਾਸ਼ ਹੋਇਆ ਜ਼ਖ਼ਮੀ

ਜਗਰਾਉਂ, (ਲੁਧਿਆਣਾ), 20 ਮਈ- ਅੱਜ ਤੜਕਸਾਰ ਜਗਰਾਉਂ ਪੁਲਿਸ ਤੇ ਗੈਂਗਸਟਾਰ ਵਿਚਾਲੇ ਮੁੱਠਭੇੜ ਹੋਈ ਹੈ, ਇਸ ਮੁੱਠਭੇੜ ’ਚ ਇਕ ਨੌਜਵਾਨ ਦੀ ਲੱਤ ’ਚ ਗੋਲੀ ਲੱਗੀ ਹੈ। ਜਾਣਾਕਰੀ ਸਾਂਝੀ ਕਰਦਿਆਂ ਐਸ. ਐਸ. ਪੀ. ਡਾ.ਅੰਕੁਰ ਗੁਪਤਾ ਨੇ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਦਿਹਾਤੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਸਾਥੀ ਰੌਸ਼ਨ ਨੂੰ ਨਾਮਜ਼ਦ ਕੀਤਾ ਗਿਆ। ਪੁਲਿਸ ਅਨੁਸਾਰ ਰੌਸ਼ਨ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਸਵੇਰੇ ਜਦੋਂ ਪੁਲਿਸ ਪਾਰਟੀ ਨਾਨਕਸਰ ਤੋਂ ਥੋੜੀ ਦੂਰ ਪੈਂਦੀ ਡਰੇਨ ਕੋਲ ਗਸ਼ਤ ਕਰ ਰਹੀ ਸੀ ਤਾਂ ਇਕ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ। ਜਦ ਉਹ ਮੋਟਰਸਾਈਕਲ ਮੋੜ ਕੇ ਭੱਜਣ ਲੱਗਾ ਤਾਂ ਮੋਟਰਸਾਈਕਲ ਸਲਿੱਪ ਕਰ ਗਿਆ ਅਤੇ ਉਹ ਡਿੱਗ ਪਿਆ। ਡਿੱਗਦੇ ਹੀ ਉਸ ਨੇ ਪਿਸਟਲ ਕੱਢਿਆ ਅਤੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਪੁਲਿਸ ਪਾਰਟੀ ਵਾਲ ਵਾਲ ਬਚ ਗਈ ਜਦਕਿ ਪੁਲਿਸ ਵਲੋਂ ਜਵਾਬੀ ਕਾਰਵਾਈ ਦੌਰਾਨ ਕੀਤੀ ਫਾਇਰਿੰਗ ’ਚ ਰੌਸ਼ਨ ਦੀ ਸੱਜੀ ਲੱਤ ’ਤੇ ਗੋਲੀ ਲੱਗੀ। ਪੁਲਿਸ ਨੇ ਉਸ ਨੌਜਵਾਨ ਨੂੰ ਕਾਬੂ ਕਰ ਲਿਆ। ਰੌਸ਼ਨ ਜਗਰਾਉਂ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਹੈ। ਡਾ. ਅੰਕੁਰ ਗੁਪਤਾ ਅਨੁਸਾਰ ਇਸ ਗੈਂਗ ਦੇ ਅਮਰੀਕਾ ਰਹਿੰਦੇ ਇਕ ਵਿਅਕਤੀ ਨਾਲ ਤਾਰ ਜੁੜੇ ਹੋਏ ਹਨ। ਗ੍ਰਿਫਤਾਰ ਕੀਤੇ ਨੌਜਵਾਨ ਰੌਸ਼ਨ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 15 ਮੁਕੱਦਮੇ ਦਰਜ ਹਨ। ਰੌਸ਼ਨ ਕੋਲੋਂ ਇਕ ਪਿਸਟਲ, ਇਕ ਦੇਸੀ ਕੱਟਾ ਅਤੇ ਕੁਝ ਜ਼ਿੰਦਾ ਰੋਂਦ ਬਰਾਮਦ ਹੋਣ ਦੀ ਵੀ ਗੱਲ ਕੀਤੀ ਜਾ ਰਹੀ ਹੈ । ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।