ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦੇ ਦਰਜਾ ਤੀਜਾ, ਚੌਥਾ ਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਐਲਾਨਿਆ

ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਲਈ ਜਾਂਦੀ ਸਾਲਾਨਾ ਧਾਰਮਿਕ ਪ੍ਰੀਖਿਆ ਦੇ ਦਰਜਾ ਤੀਜਾ, ਚੌਥਾ ਅਤੇ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਨਤੀਜਾ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ ਤੇ ਸਕੱਤਰ ਪ੍ਰਤਾਪ ਸਿੰਘ ਵਲੋਂ ਜਾਰੀ ਕੀਤਾ ਗਿਆ। ਇਸ ਤੋਂ ਪਹਿਲਾਂ ਧਾਰਮਿਕ ਪ੍ਰੀਖਿਆ ਦੇ ਪਹਿਲੇ ਅਤੇ ਦੂਜੇ ਦਰਜੇ ਦਾ ਨਤੀਜਾ ਜਾਰੀ ਕੀਤਾ ਜਾ ਚੁੱਕਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਫਰਵਰੀ 2025 ਵਿਚ ਤੀਜੇ ਅਤੇ ਚੌਥੇ ਦਰਜੇ ਦੀ ਲਈ ਗਈ ਧਾਰਮਿਕ ਪ੍ਰੀਖਿਆ ਵਿਚ 5696 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿਚੋਂ 130 ਵਿਦਿਆਰਥੀਆਂ ਨੇ ਵਜ਼ੀਫਾ ਪ੍ਰਾਪਤ ਕੀਤਾ ਹੈ। ਮੈਰਿਟ ਵਿਚ ਆਏ ਇਨ੍ਹਾਂ ਪ੍ਰੀਖਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵਲੋਂ 4 ਲੱਖ 15 ਹਜ਼ਾਰ ਰੁਪਏ ਦੀ ਵਜੀਫਾ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਪ੍ਰੀਖਿਆਰਥੀਆਂ ਨੂੰ ਕਰਮਵਾਰ 5100, 4100 ਅਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਪਾਸ ਹੋਣ ਵਾਲਿਆਂ ਨੂੰ ਮੈਡਲ ਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।