ਫ਼ਾਜ਼ਿਲਕਾ ਪੁਲਿਸ ਵਲੋਂ ਕਰੋੜਾਂ ਦੀ ਹੈਰੋਇਨ ਸਣੇ 2 ਨੌਜਵਾਨ ਕਾਬੂ


ਫ਼ਾਜ਼ਿਲਕਾ, 7 ਜੂਨ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਿਲ ਹੋਈ ਹੈ। ਕਰੋੜਾਂ ਰੁਪਏ ਦੀ ਹੈਰੋਇਨ ਨਾਲ ਦੋ ਨਸ਼ਾ ਤਸਕਰਾਂ ਨੂੰ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹੈਰੋਇਨ ਨਾਲ ਫੜੇ ਗਏ ਦੋਸ਼ੀ ਰਾਜਸਥਾਨ ਦੇ ਰਹਿਣ ਵਾਲੇ ਹਨ ਜਿਨ੍ਹਾਂ ਪਾਸੋਂ 1 ਕਿਲੋ 33 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਫ਼ਾਜ਼ਿਲਕਾ ਦੇ ਐਸ. ਐਸ. ਪੀ. ਗੁਰਮੀਤ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਫ਼ਾਜ਼ਿਲਕਾ ਫ਼ਿਰੋਜ਼ਪੁਰ ਰੋਡ ਉਤੇ ਸਥਿਤ ਪਿੰਡ ਥੇਹਕਲੰਦਰ ਕੋਲੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਇਕ ਦੋਸ਼ੀ ਉਤੇ ਪਹਿਲਾਂ ਵੀ ਇਕ ਮੁਕਦਮਾ ਰਾਜਸਥਾਨ ਵਿਚ ਦਰਜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਨੈੱਟਵਰਕ ਦਾ ਜਲਦ ਪਰਦਾਫਾਸ਼ ਕਰੇਗੀ, ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਧਰ ਫੜੇ ਗਏ ਦੋਸ਼ੀਆਂ ਨੇ ਕਿਹਾ ਕਿ ਇਸ ਖੇਪ ਨੂੰ ਉਹ ਫ਼ਿਰੋਜ਼ਪੁਰ ਤੋਂ ਲੈ ਕੇ ਆਏ ਸਨ ਅਤੇ ਇਸ ਨੂੰ ਅਬੋਹਰ ਲੈ ਕੇ ਜਾਣਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਵਿਦੇਸ਼ ਜਾਣ ਲਈ ਫਾਈਲ ਭਰਨੀ ਸੀ, ਜਿਸ ਲਈ ਪੈਸਿਆਂ ਦੀ ਉਨ੍ਹਾਂ ਨੂੰ ਲੋੜ ਸੀ। ਇਸ ਖ਼ੇਪ ਨੂੰ ਪਹੁੰਚਾਉਣ ਲਈ ਉਨ੍ਹਾਂ ਨੂੰ 50 ਹਜ਼ਾਰ ਰੁਪਏ ਮਿਲਣੇ ਸੀ।