ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਦੀ ਮੌਤ

ਜਲੰਧਰ, 20 ਦੂਨ- ਗੁਰਾਇਆ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਬਾਵਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਪਠਾਨਕੋਟ ਤੋਂ ਗੁੜਗਾਂਓ ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਪਠਾਨਕੋਟ, ਜੋ ਗੁੜਗਾਓ ਵਿਖੇ ਨੌਕਰੀ ਕਰਦਾ ਹੈ, ਆਪਣੀ ਗਰੈਂਡ ਵਿਟਾਰਾ ਗੱਡੀ ਵਿਚ ਪਰਿਵਾਰ ਸਮੇਤ ਗੁੜਗਾਉਂ ਵੱਲ ਜਾ ਰਿਹਾ ਸੀ, ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਅਨੁਸਾਰ ਮੋਟਰਸਾਈਕਲ ਗੱਡੀ ਦੇ ਵਿਚ ਹੀ ਫਸ ਗਿਆ ਜਦਕਿ ਮੋਟਰਸਾਈਕਲ ਸਵਾਰ ਵਿਅਕਤੀ ਹੇਠਾਂ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ। ਮ੍ਰਿਤਕ ਵਿਅਕਤੀ ਦੀ ਪਛਾਣ ਝੱਲਮਨ ਸਿੰਘ ਵਾਸੀ ਪਿੰਡ ਰੁੜਕਾ ਖੁਰਦ ਗੁਰਾਇਆ ਵਜੋਂ ਹੋਈ ਹੈ। ਪੁਲਿਸ ਵਲੋਂ ਦੋਨੇ ਵਾਹਨ ਕਬਜ਼ੇ ਵਿਚ ਲੈ ਕੇ ਅਗਲੇ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।