ਕਾਂਗਰਸ ਪਾਰਟੀ ਦੇ ਆਗੂਆਂ ਨੇ ਬੀ.ਡੀ.ਪੀ.ਓ. ਕੰਪਲੈਕਸ ਅੰਦਰ ਖੜ੍ਹੇ ਪਾਣੀ 'ਚ ਝੋਨਾ ਲਾ ਕੇ ਕੀਤਾ ਰੋਸ ਦਾ ਪ੍ਰਗਟਾਵਾ

ਮਹਿਲ ਕਲਾਂ (ਬਰਨਾਲਾ), 10 ਜੁਲਾਈ (ਅਵਤਾਰ ਸਿੰਘ ਅਣਖੀ) - ਬੀਡੀਪੀਓ ਕੰਪਲੈਕਸ ਮਹਿਲ ਕਲਾਂ ਵਿਖੇ ਬਰਸਾਤ ਦੇ ਦਿਨਾਂ 'ਚ ਪਾਣੀ ਭਰਨ ਨੂੰ ਲੈ ਕੇ ਕਾਂਗਰਸ ਪਾਰਟੀ ਵਲੋ ਰੋਸ ਜ਼ਾਹਰ ਕਰਦਿਆ ਕੰਪਲੈਕਸ ਅੰਦਰ ਝੋਨਾ ਲਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਕਾਂਗਰਸ ਦੇ ਆਗੂ ਡਾ: ਅਮਰਜੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਖ਼ਿਲਾਫ਼ ਦਫ਼ਤਰ ਦੀ ਬਿਲਡਿੰਗ ਖਸਤਾ ਹਾਲਤ ਵਿਚ ਨੀਵੀਂ ਹੋਣ ਕਾਰਨ ਬਰਸਾਤ ਦਾ ਪਾਣੀ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਹੈ। ਇਸ ਕਰਕੇ ਪਿੰਡਾਂ ਤੋਂ ਦਫ਼ਤਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੀਡੀਪੀਓ ਦਫ਼ਤਰ ਦੇ ਅਧਿਕਾਰੀ ਆਪਣੇ ਦਫ਼ਤਰ ਦੀ ਸਫਾਈ, ਮੁਸ਼ਕਿਲਾਂ ਦਾ ਹੱਲ ਨਹੀਂ ਕਰਵਾ ਸਕਦੇ, ਤਾਂ ਪਿੰਡਾਂ ਦੇ ਲੋਕ ਦਾ ਵਿਕਾਸ ਕਾਰਜਾਂ ਦੀ ਕੀ ਆਸ ਰੱਖਣਗੇ ।
ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਰਾਂ ਨੇ ਕਿਹਾ ਕਿ ਜੇਕਰ ਇਸ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਨਾ ਕੀਤਾ ਗਿਆ ਤਾਂ ਅਗਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੀਡੀਪੀਓ ਦਫ਼ਤਰ ਦੀ ਨੀਵੀਂ ਹੋ ਚੁੱਕੀ ਬਿਲਡਿੰਗ ਨੂੰ ਉੱਚਾ ਚੁੱਕ ਕੇ ਨਵੀਂ ਇਮਾਰਤ ਦਾ ਨਿਰਮਾਣ ਕਰਵਾ ਕੇ ਲੋਕਾਂ ਲਈ ਸਹੂਲਤਾਂ ਯਕੀਨੀ ਬਣਾਈਆਂ ਜਾਣ।