ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ 1 ਕਿੱਲੋ 159 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫ਼ਤਾਰ

ਅਟਾਰੀ, 10 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ) - ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਮਨਿੰਦਰ ਸਿੰਘ ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਅਤੇ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਦੀ ਅਗਵਾਈ ਹੇਠ ਸੀ.ਆਈ.ਏ. ਅਤੇ ਥਾਣਾ ਘਰਿੰਡਾ ਪੁਲਿਸ ਵਲੋਂ ਪਿੰਡ ਖੁਰਮਣੀਆ ਵਾਲਾ ਗੇਟ ਦੇ ਕੋਲ ਅੱਡਾ ਖਾਸਾ ਤੋਂ ਚਮਨਦੀਪ ਤੇਜੀ ਅਤੇ ਕਰਨ ਨਾਂਅ ਦੇ 2 ਵਿਅਕਤੀਆਂ ਨੂੰ 1 ਕਿੱਲੋ 159 ਗ੍ਰਾਮ ਹੈਰੋਇਨ ਅਤੇ ਇਕ ਬਜਾਜ ਥ੍ਰੀਵੀਲਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਚਮਨਦੀਪ ਤੇਜੀ ਅਤੇ ਕਰਨ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਵੱਡੇ ਪੱਧਰ 'ਤੇ ਸਪਲਾਈ ਕਰਦੇ ਹਨ ਜੋ ਅੱਜ ਵੀ ਇਹ ਦੋਵੇਂ ਇਕ ਬਜਾਜ ਥ੍ਰੀਵੀਲਰ (ਇਲੈਕਟ੍ਰੋਨਿਕ) ਬਿਨਾਂ ਨੰਬਰੀ 'ਤੇ ਹੈਰੋਇਨ ਦੀ ਖੇਪ ਲੈ ਕੇ ਪਿੰਡ ਖੁਰਮਣੀਆ ਸਾਈਡ ਤੋਂ ਅੰਮ੍ਰਿਤਸਰ ਨੂੰ ਆ ਰਹੇ ਹਨ। ਸੀ.ਆਈ.ਏ. ਅਤੇ ਥਾਣਾ ਘਰਿੰਡਾ ਪੁਲਿਸ ਵਲੋਂ ਉਕਤ ਵਿਅਕਤੀਆਂ ਨੂੰ 1 ਕਿੱਲੋ 159 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ। ਇਨ੍ਹਾਂ ਖ਼ਿਲਾਫ਼ ਥਾਣਾ ਘਰਿੰਡਾ ਵਿਖੇ ਜੁਰਮ ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ।