ਸੜਕ ਹਾਦਸੇ ’ਚ ਨੌਜਵਾਨ ਦੀ ਮੌਤ

ਭੁਲੱਥ, (ਕਪੂਰਥਲਾ), 13 ਅਗਸਤ (ਮੇਹਰ ਚੰਦ ਸਿੱਧੂ)- ਬੀਤੀ ਦੇਰ ਰਾਤ ਕਸਬਾ ਭੁਲੱਥ ਦੇ ਨੌਜਵਾਨ ਯਤਿਸ਼ ਮਹਿਤਾ ਪੁੱਤਰ ਲਲਿਤ ਮਹਿਤਾ ਦੀ ਕਸਬਾ ਬੇਗੋਵਾਲ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਦੀ ਰਸਤੇ ਵਿਚ ਕਿਸੇ ਤੇਜ਼ ਵਾਹਨ ਦੀ ਜ਼ੋਰਦਾਰ ਟੱਕਰ ਹੋਣ ਕਰਕੇ ਮੌਤ ਹੋ ਗਈ। ਨੌਜਵਾਨ ਦੀ ਦਰਦਨਾਕ ਮੌਤ ਦੀ ਖਬਰ ਸੁਣਦੇ ਹੀ ਕਸਬੇ ਅੰਦਰ ਸੋਗ ਦੀ ਲਹਿਰ ਫੈਲ ਗਈ।
ਜ਼ਿਕਰਯੋਗ ਹੈ ਕਿ ਯਤਿਸ਼ ਮਹਿਤਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਸਬਾ ਬੇਗੋਵਾਲ ਵਿਖੇ ਕਿਸੇ ਇਲੈਕਟਰਿਕ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਕੰਮ ’ਤੋਂ ਆਉਣ ਸਮੇਂ ਐਕਸੀਡੈਂਟ ਦੌਰਾਨ ਕਿਸੇ ਤੇਜ਼ ਵਾਹਨ ਵਲੋਂ ਇੰਨੀ ਜ਼ੋਰਦਾਰ ਟੱਕਰ ਲੱਗਣ ਕਰਕੇ ਨੌਜਵਾਨ ਯਤਿਸ਼ ਮਹਿਤਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਉਸ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਪਹੁੰਚੇ ਹੋਏ ਲੋਕਾਂ ਵਲੋਂ ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ।