ਅਮਰੀਕਾ ’ਚ ਸਿੱਖ ਬਜ਼ੁਰਗ ’ਤੇ ਨਫ਼ਰਤੀ ਹਮਲੇ ’ਚ ਦੋਸ਼ੀ ਵਿਅਕਤੀ ਨੂੰ ਦਿੱਤੀ ਜਾਵੇ ਸਖ਼ਤ ਤੇ ਮਿਸਾਲੀ ਸਜ਼ਾ- ਜਥੇਦਾਰ ਗੜਗੱਜ

ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅਮਰੀਕਾ ’ਚ ਕੈਲੀਫੋਰਨੀਆ ਦੇ ਨਾਰਥ ਹਾਲੀਵੁੱਡ ਵਿਚ 70 ਸਾਲਾ ਸਿੱਖ ਸ. ਹਰਪਾਲ ਸਿੰਘ ’ਤੇ ਗੰਭੀਰ ਨਫ਼ਰਤੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਲਾਸ ਐਂਜਲੇਸ ਪੁਲਿਸ ਡਿਪਾਰਟਮੈਂਟ (ਐੱਲ.ਏ.ਪੀ.ਡੀ) ਅਤੇ ਅਮਰੀਕੀ ਜਾਂਚ ਏਜੰਸੀਆਂ ਦੋਸ਼ੀ ਵਿਅਕਤੀ ਨੂੰ ਸਖ਼ਤ ਤੇ ਮਿਸਾਲੀ ਸਜ਼ਾ ਯਕੀਨਾ ਬਣਾਉਣ। ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਹਮਲੇ ਦੇ ਪਿਛੇ ਦੋਸ਼ੀ ਦੀ ਮਨਸ਼ਾ ਨੂੰ ਸਮਝਣਾ ਅਤਿ ਜ਼ਰੂਰੀ ਹੈ ਅਤੇ ਇਸ ਨੂੰ ਨਫ਼ਰਤੀ ਅਪਰਾਧ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ. ਹਰਪਾਲ ਸਿੰਘ ਸੈਟੀਕੋਏ ਸਟ੍ਰੀਟ ਅਤੇ ਲੈਂਕਰਸ਼ਿਮ ਬੁਲੇਵਾਰਡ ਦੇ ਨੇੜੇ ਪੈਦਲ ਜਾ ਰਹੇ ਸਨ, ਜਦੋਂ ਇਕ ਵਿਅਕਤੀ ਨੇ ਉਨ੍ਹਾਂ ਦੇ ਉੱਪਰ ਗੋਲਫ ਕਲੱਬ ਨਾਲ ਗੰਭੀਰ ਹਮਲਾ ਕਰ ਦਿੱਤਾ ਅਤੇ ਉਹ ਹੁਣ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਐੱਲ.ਏ.ਪੀ.ਡੀ. ਵਲੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਇਸ ਹਮਲੇ ਦੇ ਪਿਛੇ ਉਸ ਦੀ ਮਨਸ਼ਾ ਦਾ ਖੁਲਾਸਾ ਕਰਨਾ ਚਾਹੀਦਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ) ਦੇ ਸਾਲ 2024 ਦੀ ਨਫ਼ਰਤੀ ਅਪਰਾਧ ਦੀ ਰਿਪੋਰਟ ਮੁਤਾਬਕ ਭਾਵੇਂ ਕਿ ਅਮਰੀਕਾ ਵਿਚ ਸਿੱਖਾਂ ਖਿਲਾਫ਼ ਨਫ਼ਰਤੀ ਹਮਲਿਆਂ ਵਿਚ ਕੁਝ ਕਮੀ ਆਈ ਹੈ ਪਰ ਸਿੱਖ ਤੀਜੇ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਣ ਵਾਲੇ ਧਾਰਮਿਕ ਸਮੂਹ ਵਿਚ ਦਰਜ ਕੀਤੇ ਗਏ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਐੱਫ.ਬੀ.ਆਈ ਦੀ ਰਿਪੋਰਟ ਮੁਤਾਬਕ ਸਾਲ 2024 ਵਿਚ ਸਿੱਖਾਂ ਵਿਰੁੱਧ 153 ਨਫ਼ਰਤੀ ਹਮਲੇ ਦਰਜ ਕੀਤੇ ਗਏ ਹਨ। ਜਥੇਦਾਰ ਗੜਗੱਜ ਨੇ ਕਿਹਾ ਕਿ ਇਨ੍ਹਾਂ ਨਫ਼ਰਤੀ ਹਮਲਿਆਂ ਨੂੰ ਰੋਕਣ ਲਈ ਅਮਰੀਕਾ ਸਮੇਤ ਹੋਰ ਦੇਸ਼ਾਂ ਵਿਚ ਵੀ ਸਾਂਝੇ ਯਤਨਾਂ ਨਾਲ ਸਿੱਖ ਪਛਾਣ ਬਾਰੇ ਜਾਗਰੂਕਤਾ ਲਿਆਉਣ ਦੀ ਲੋੜ ਹੈ। ਉਨ੍ਹਾਂ ਅਮਰੀਕਾ ਸਥਿਤ ਸਿੱਖ ਜਥੇਬੰਦੀਆਂ ਨੂੰ ਤਾਕੀਦ ਕੀਤੀ ਕਿ ਉਹ ਅਮਰੀਕੀ ਲੋਕਾਂ ਵਿਚ ਸਿੱਖ ਪਛਾਣ ਪ੍ਰਤੀ ਜਾਗਰੂਕਤਾ ਲਿਆਉਣ ਲਈ ਵਿਸ਼ੇਸ਼ ਯਤਨ ਕਰਨ ਅਤੇ ਜੇਕਰ ਕੋਈ ਪਰੇਸ਼ਾਨੀ ਹੈ ਤਾਂ ਇਸ ਲਈ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਵੱਸਦੇ ਸਿੱਖ ਅਜਿਹੇ ਮਾਮਲਿਆਂ ਵਿਰੁੱਧ ਇਕਜੁੱਟ ਹੋ ਕੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਕੋਲ ਅਵਾਜ਼ ਉਠਾਉਣ ਅਤੇ ਲੋੜ ਅਨੁਸਾਰ ਆਪਣੇ ਰਿਹਾਇਸ਼ੀ ਇਲਾਕਿਆਂ ਵਿਚ ਵੱਧ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਨ।
ਜਥੇਦਾਰ ਗੜਗੱਜ ਨੇ ਵਿਦੇਸ਼ਾਂ ਵਿਚ ਵੱਸਦੇ ਸਮੂਹ ਸਿੱਖਾਂ ਨੂੰ ਤਿਆਰ ਬਰ ਤਿਆਰ ਅਤੇ ਸ਼ਸਤਰਧਾਰੀ ਹੋਣ ਲਈ ਵੀ ਆਖਿਆ ਤਾਂ ਜੋ ਅਜਿਹੀ ਸਥਿਤੀ ਵਿਚ ਹਮਲਾਵਰ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਜ਼ੁਰਗਾਂ ਨੂੰ ਇਕੱਲੇ ਬਾਹਰ ਭੇਜਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਸੈਰ ਕਰਨ ਲਈ ਉਨ੍ਹਾਂ ਥਾਵਾਂ ਜਾਂ ਪਾਰਕਾਂ ਵਿਚ ਜਾਇਆ ਜਾਵੇ, ਜਿਥੇ ਹੋਰ ਵੀ ਲੋਕ ਮੌਜੂਦ ਹੋਣ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਕ ਸਿੱਖ ’ਤੇ ਇਸ ਤਰ੍ਹਾਂ ਦਾ ਹਮਲਾ ਸਮੁੱਚੀ ਕੌਮ ਨੂੰ ਚੁਣੌਤੀ ਦੇਣ ਜਿਹਾ ਹੈ, ਇਸ ਲਈ ਅਜਿਹੇ ਮਾਮਲਿਆਂ ਨਾਲ ਕੌਮੀ ਭਾਵਨਾ ਤੇ ਗੰਭੀਰਤਾ ਨਾਲ ਨਜਿੱਠਣ ਦੀ ਲੋੜ ਹੈ। ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੂੰ ਵੀ ਆਖਿਆ ਕਿ ਉਹ ਅਮਰੀਕਾ ਸਥਿਤ ਆਪਣੇ ਭਾਰਤੀ ਮਿਸ਼ਨ ਰਾਹੀਂ ਇਹ ਯਕੀਨੀ ਬਣਾਉਣ ਕਿ ਸ. ਹਰਪਾਲ ਸਿੰਘ ਉੱਤੇ ਕੀਤਾ ਗਿਆ ਹਮਲਾ ਨਫ਼ਰਤੀ ਅਪਰਾਧ ਵਜੋਂ ਦਰਜ ਹੋਵੇ ਅਤੇ ਦੋਸ਼ੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਹੋਵੇ। ਜਥੇਦਾਰ ਗੜਗੱਜ ਨੇ ਸ. ਹਰਪਾਲ ਸਿੰਘ ਦੇ ਪਰਿਵਾਰ ਨੂੰ ਵੀ ਭਰੋਸਾ ਦਿੱਤਾ ਕਿ ਇਸ ਔਖੀ ਘੜੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੈ ਅਤੇ ਇਸ ਮਾਮਲੇ ਵਿਚ ਹਰ ਪੱਧਰ ’ਤੇ ਅਵਾਜ਼ ਉਠਾਈ ਜਾਵੇਗੀ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਦਾਇਤ ਕੀਤੀ ਕਿ ਸ. ਹਰਪਾਲ ਸਿੰਘ ਦੇ ਮਾਮਲੇ ਵਿਚ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਲਿਖਾਪੜ੍ਹੀ ਕਰਕੇ, ਇਹ ਯਕੀਨੀ ਬਣਾਇਆ ਜਾਵੇ ਕਿ ਦੋਸ਼ੀ ਵਿਅਕਤੀ ਦੇ ਵਿਰੁੱਧ ਸਖ਼ਤ ਕਾਰਵਾਈ ਹੋਵੇ।