JALANDHAR WEATHER

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ’ਤੇ ਲੱਗੇ 60.4 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼

ਮਹਾਰਾਸ਼ਟਰ, 14 ਅਗਸਤ- ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਇਕ ਵਾਰ ਫਿਰ ਮੁਸੀਬਤ ਵਿਚ ਫਸ ਗਏ ਹਨ। ਸ਼ਿਲਪਾ ਅਤੇ ਰਾਜ ਕੁੰਦਰਾ ’ਤੇ ਇਕ ਅਣ-ਪਛਾਤੇ ਵਿਅਕਤੀ ਨਾਲ ਮਿਲ ਕੇ 60 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਇਸ ਸੰਬੰਧ ਵਿਚ ਆਰਥਿਕ ਅਪਰਾਧ ਸ਼ਾਖਾ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁਦਰਾ ਵਿਰੁੱਧ ਮੁੰਬਈ ਦੇ ਇਕ ਕਾਰੋਬਾਰੀ ਨਾਲ 60.4 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਹੈ।


ਇਹ ਧੋਖਾਧੜੀ ਉਨ੍ਹਾਂ ਦੀ ਹੁਣ ਬੰਦ ਹੋ ਚੁੱਕੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਇਕ ਕਰਜ਼ਾ-ਕਮ-ਨਿਵੇਸ਼ ਸੌਦੇ ਦੇ ਸੰਬੰਧ ਵਿਚ ਕੀਤੀ ਗਈ ਸੀ, ਜਿਸ ਕਾਰਨ ਹੁਣ ਅਦਾਕਾਰਾ ਅਤੇ ਉਨ੍ਹਾਂ ਦੇ ਪਤੀ ਵਿਰੁੱਧ ਜੁਹੂ ਪੁਲਿਸ ਸਟੇਸ਼ਨ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਸ ਵਿਚ ਸ਼ਾਮਿਲ ਰਕਮ 10 ਕਰੋੜ ਰੁਪਏ ਤੋਂ ਵੱਧ ਹੈ, ਇਸ ਲਈ ਕੇਸ ਨੂੰ ਈ.ਓ.ਡਬਲਿਯੂ ਵਿਚ ਤਬਦੀਲ ਕਰ ਦਿੱਤਾ ਗਿਆ। ਇਹ ਪੂਰਾ ਮਾਮਲਾ ਦੀਪਕ ਕੋਠਾਰੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਦੀਪਕ ਕੋਠਾਰੀ ਜੁਹੂ ਨਿਵਾਸੀ ਹੈ ਅਤੇ ਇਕ ਲੋਟਸ ਕੈਪੀਟਲ ਫਾਈਨੈਂਸ਼ੀਅਲ ਸਰਵਿਸਿਜ਼ ਦਾ ਡਾਇਰੈਕਟਰ ਹੈ। ਸ਼ਿਕਾਇਤਕਰਤਾ ਦੀਪਕ ਕੋਠਾਰੀ ਨੇ ਕਿਹਾ ਕਿ ਰਾਜੇਸ਼ ਆਰੀਆ ਨਾਮ ਦੇ ਇਕ ਵਿਅਕਤੀ ਨੇ ਉਸ ਨੂੰ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਨਾਲ ਮਿਲਾਇਆ, ਜੋ ਕਿ ਘਰੇਲੂ ਖਰੀਦਦਾਰੀ ਅਤੇ ਆਨਲਾਈਨ ਰਿਟੇਲ ਪਲੇਟਫਾਰਮ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਨ। ਉਸ ਸਮੇਂ ਸ਼ਿਲਪਾ ਅਤੇ ਰਾਜ ਕੁੰਦਰਾ ਕਥਿਤ ਤੌਰ ’ਤੇ ਕੰਪਨੀ ਦੇ 87.6% ਸ਼ੇਅਰਾਂ ਦੇ ਮਾਲਕ ਸਨ। ਦੋਸ਼ੀ ਨੇ ਕਥਿਤ ਤੌਰ ’ਤੇ 12 ਪ੍ਰਤੀਸ਼ਤ ਵਿਆਜ ’ਤੇ 75 ਕਰੋੜ ਰੁਪਏ ਦਾ ਕਰਜ਼ਾ ਮੰਗਿਆ, ਪਰ ਬਾਅਦ ਵਿਚ ਉਸ ਨੂੰ ਵੱਧ ਟੈਕਸ ਤੋਂ ਬਚਣ ਲਈ ਨਿਵੇਸ਼ ਵਜੋਂ ਪੈਸੇ ਨਿਵੇਸ਼ ਕਰਨ ਲਈ ਮਨਾ ਲਿਆ ਅਤੇ ਉਸ ਨੂੰ ਮਹੀਨਾਵਾਰ ਰਿਟਰਨ ਅਤੇ ਮੂਲਧਨ ਦਾ ਵੀ ਭਰੋਸਾ ਦਿੱਤਾ ਗਿਆ।

ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਸ ਨੇ ਅਪ੍ਰੈਲ 2015 ਵਿਚ ਇਕ ਸ਼ੇਅਰ ਸਬਸਕ੍ਰਿਪਸ਼ਨ ਸਮਝੌਤੇ ਤਹਿਤ 31.9 ਕਰੋੜ ਰੁਪਏ ਅਤੇ ਸਤੰਬਰ 2015 ਵਿਚ ਇਕ ਪੂਰਕ ਸਮਝੌਤੇ ਤਹਿਤ 28.53 ਕਰੋੜ ਰੁਪਏ ਟਰਾਂਸਫਰ ਕੀਤੇ। ਐਫ਼.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਅਪ੍ਰੈਲ 2016 ਵਿਚ ਨਿੱਜੀ ਗਰੰਟੀ ਦੇਣ ਦੇ ਬਾਵਜੂਦ, ਸ਼ਿਲਪਾ ਸ਼ੈੱਟੀ ਨੇ ਸਤੰਬਰ 2016 ਵਿਚ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੋਠਾਰੀ ਨੂੰ ਬਾਅਦ ਵਿਚ ਪਤਾ ਲੱਗਾ ਕਿ 2017 ਵਿਚ ਇਕ ਹੋਰ ਸਮਝੌਤੇ ’ਤੇ ਡਿਫਾਲਟ ਹੋਣ ਕਾਰਨ ਕੰਪਨੀ ਵਿਰੁੱਧ ਦੀਵਾਲੀਆਪਨ ਦੀ ਕਾਰਵਾਈ ਚੱਲ ਰਹੀ ਸੀ। ਇਸ ਸਮੇਂ ਪੂਰਾ ਮਾਮਲਾ ਜਾਂਚ ਅਧੀਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ