‘ਆਪ’ ਦੇ ਸੰਸਦ ਮੈਂਬਰਾਂ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਲਈ 1 ਕਰੋੜ 35 ਲੱਖ ਤੋਂ ਵੱਧ ਦਿੱਤੀ ਰਾਸ਼ੀ
ਅਜਨਾਲਾ, 9 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ 5 ਸੰਸਦ ਮੈਂਬਰਾਂ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਦਿੱਤੀ ਗਈ 1 ਕਰੋੜ 35 ਲੱਖ 97 ਹਜ਼ਾਰ 400 ਰੁਪਏ ਦੀ ਰਾਸ਼ੀ ਇਕ ਵੱਡੀ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਇਸ ਰਾਸ਼ੀ ਨਾਲ ਪੀੜਤ ਪਰਿਵਾਰਾਂ ਲਈ ਫਾਗਿੰਗ ਮਸ਼ੀਨਾਂ, ਵਾਟਰ ਟੈਂਕਰ, ਸਟੇਨਲੈਸ ਸਟੀਲ ਦੀਆਂ ਸ਼ੀਟਾਂ, ਜੈਨਸੈਟ ਅਤੇ ਹੋਰ ਲੋੜੀਂਦਾ ਸਾਜੋਸਮਾਨ ਖਰੀਦ ਕੇ ਮਦਦ ਕੀਤੀ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ, ਦਾਨੀ ਸੱਜਣਾਂ ਵਲੋਂ ਵੀ ਵੱਡਾ ਸਾਥ ਮਿਲ ਰਿਹਾ ਹੈ, ਜਿਸ ਕਰਕੇ ਪੀੜਤ ਪਰਿਵਾਰਾਂ ਨੂੰ ਭੇਜੀ ਰਾਹਤ ਸਮੱਗਰੀ, ਦਵਾਈਆਂ, ਰਾਸ਼ਨ ਕਿੱਟਾਂ, ਪਸ਼ੂਆਂ ਦਾ ਚਾਰਾ ਆਦਿ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨ ਨੇ ਦੱਸਿਆ ਕਿ ਸੰਸਦ ਮੈਂਬਰ ਸ੍ਰੀ ਰਾਘਵ ਚੱਡਾ ਵਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ 50 ਲੱਖ ਰੁਪਏ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ 25 ਲੱਖ ਰੁਪਏ, ਸ੍ਰੀ ਅਸ਼ੋਕ ਮਿੱਤਲ ਨੇ 20 ਲੱਖ ਰੁਪਏ, ਹਰਭਜਨ ਸਿੰਘ ਨੇ 30 ਲੱਖ ਰੁਪਏ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ 10 ਲੱਖ 97 ਹਜ਼ਾਰ 400 ਰੁਪਏ ਦੀ ਗ੍ਰਾਂਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਗ੍ਰਾਂਟ ਨਾਲ ਲੋੜੀਂਦਾ ਸਮਾਨ ਖਰੀਦ ਕਰਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ।
ਸਮੂਹ ਸੰਸਦ ਮੈਂਬਰਾਂ ਨੇ ਕਿਹਾ ਕਿ ਇਹ ਪੈਸਾ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋਕਾਂ ਦੀ ਮਦਦ ਲਈ ਖਰਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਆਫ਼ਤ ਨੇ ਵੱਡਾ ਨੁਕਸਾਨ ਕੀਤਾ ਹੈ ਪਰ ਚੰਗੀ ਗੱਲ ਇਹ ਹੈ ਕਿ ਲੋਕਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਸ ਹੈ ਕਿ ਮਾਝੇ ਦੇ ਇਹ ਜੁਝਾਰੂ ਲੋਕ ਛੇਤੀ ਹੀ ਇਸ ਸੰਕਟ ਵਿਚੋਂ ਉਭਰ ਆਉਣਗੇ। ਉਹਨਾਂ ਆਪਣੇ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।