ਡੇਰਾਬੱਸੀ ਦੇ ਹੋਟਲ ਵਿਖੇ ਗੋਲੀਬਾਰੀ ਮਾਮਲੇ 'ਚ 2 ਮੁਲਜ਼ਮ ਗ੍ਰਿਫਤਾਰ

ਐੱਸ. ਏ. ਐੱਸ. ਨਗਰ, 9 ਸਤੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ 1 ਸਤੰਬਰ ਨੂੰ ਡੇਰਾਬੱਸੀ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਦਿਆ ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਹੋਟਲ ਅਮਨ ਉਤੇ ਵਾਰਦਾਤ ਵਾਲੀ ਰਾਤ ਨੂੰ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਨਵਜੋਤ ਸਿੰਘ ਉਰਫ ਸੈਂਟੀ ਵਾਸੀ ਪਿੰਡ ਮਟਰਾਂ (ਮੁਹਾਲੀ) ਅਤੇ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਪਿੰਡ ਪੱਤੋ (ਮੁਹਾਲੀ) ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਐੱਸ. ਪੀ. ਸੌਰਵ ਜਿੰਦਲ ਦੀ ਅਗਵਾਈ ਹੇਠ ਥਾਣਾ ਡੇਰਾਬੱਸੀ ਦੀ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਵਰਤੋਂ ਕੀਤੇ ਗਏ ਦੋ 7.62 ਐਮ. ਐਮ. ਦੇ ਪਿਸਤੌਲ ਬਰਾਮਦ ਕੀਤੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਹੋਟਲ ਮਾਲਕ ਤੋਂ ਗੋਲਡੀ ਬਰਾੜ ਦੇ ਨਾਮ ਉਤੇ ਕੁਝ ਦਿਨ ਪਹਿਲਾਂ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਮਾਲਕ ਨੂੰ ਡਰਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਮੁਲਜ਼ਮ ਪੁਲਿਸ ਰਿਮਾਂਡ ਉਤੇ ਹਨ।