ਸਰਹੱਦੀ ਪਿੰਡ ਮੰਜ ਰਕਬੇ ਦੀ ਧੁੱਸੀ ਤੋਂ ਪਾਰਲੀ ਹਜ਼ਾਰਾਂ ਏਕੜ ਫਸਲ ਤੇ ਬਾਗ ਹੜ੍ਹਾਂ ਦੀ ਮਾਰ ਹੇਠ ਹੋਏ ਤਬਾਹ

ਚੋਗਾਵਾਂ/ਅੰਮ੍ਰਿਤਸਰ, 9 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਮੰਜ ਵਿਖੇ ਧੁੱਸੀ ਬੰਨ੍ਹ ਤੋਂ ਪਾਰਲੀ ਹਜ਼ਾਰਾਂ ਏਕੜ ਫਸਲ ਤੇ ਬਾਗ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਆਉਣ ਕਰਕੇ ਤਬਾਹ ਹੋਣ ਦੀ ਖਬਰ ਹੈ। ਇਸ ਸਬੰਧੀ ਦੁਖੀ ਮਨ ਨਾਲ ਜਾਣਕਾਰੀ ਦਿੰਦਿਆਂ ਕਿਸਾਨ ਰਣਜੀਤ ਸਿੰਘ, ਗੁਰਕੀਰਤ ਸਿੰਘ, ਚੇਤਨ ਸਿੰਘ, ਨਿਰਭੈਅ ਸਿੰਘ, ਗੁਰਜੀਤ ਸਿੰਘ, ਰਘਬੀਰ ਸਿੰਘ ਆਦਿ ਨੇ ਕਿਹਾ ਕਿ ਪਹਿਲਾਂ 1988 ਦੇ ਹੜ੍ਹਾਂ ਨੇ ਹੁਣ ਫਿਰ ਰਾਵੀ ਦਰਿਆ ਤੇ ਸੱਕੀ ਨਾਲੇ ਦੇ ਪਾਣੀ ਦੀ ਮਾਰ ਨੇ ਸਰਹੱਦੀ ਪਿੰਡ ਮੰਜ ਦੇ ਰਕਬੇ ਦੀ ਧੁੱਸੀ ਤੋਂ ਪਾਰਲੀ ਹਜ਼ਾਰਾਂ ਏਕੜ ਵਿਚ ਬੀਜੀਆਂ ਝੋਨਾ, ਪੱਠੇ, ਹਰਾ ਚਾਰਾ ਅਤੇ ਬਾਗ ਵਿਚ ਬੀਜੇ ਸੰਤਰਾ, ਨਾਖ, ਅਮਰੂਦ ਆਦਿ ਫਸਲਾਂ ਪਾਣੀ ਦੇ ਮਾਰ ਹੇਠ ਗਲ-ਸੜ ਗਈਆਂ ਹਨ। ਖੇਤਾਂ ਵਿਚ ਅਜੇ ਵੀ ਪੰਜ-ਪੰਜ ਫੁੱਟ ਪਾਣੀ ਖੜ੍ਹਾ ਹੈ। ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ। ਇਥੋਂ ਤੱਕ ਕਿ ਜ਼ਿਲ੍ਹੇ ਦੇ ਡੀ.ਸੀ. ਨੇ ਵੀ ਮੌਕਾ ਨਹੀਂ ਵੇਖਿਆ।
ਪਿੰਡ ਵਾਸੀਆਂ ਦਾ ਰੋਸ ਹੈ ਕਿ ਮੰਜ ਰਕਬੇ ਦੇ ਸੱਕੀ ਨਾਲੇ ਵਿਚ ਅਜਨਾਲਾ ਸਾਈਡ ਤੋਂ ਹੜ੍ਹਾਂ ਦਾ ਸਾਰਾ ਪਾਣੀ ਇਕੱਠਾ ਹੋ ਰਿਹਾ ਹੈ। ਇਥੇ ਸੱਕੀ ਨਾਲੇ ਵਿਚ ਲੋਹੇ ਦੀਆਂ ਸੀਖਾਂ ਲੱਗੀਆਂ ਹੋਣ ਕਾਰਨ ਪਾਣੀ ਦੀ ਨਿਕਾਸੀ ਵਿਚ ਭਾਰੀ ਰੁਕਾਵਟਾਂ ਪੈਦਾ ਹੋ ਰਹੀਆਂ ਹਨ ਤੇ ਜੋ ਕਿਸਾਨਾਂ ਦੀ ਫਸਲ ਬਰਬਾਦੀ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡੀ.ਸੀ. ਤੋਂ ਮੰਗ ਕੀਤੀ ਕਿ ਸਰਹੱਦੀ ਪਿੰਡ ਮੰਜ ਦੇ ਕਿਸਾਨਾਂ ਦੀ ਸਾਰ ਲਈ ਜਾਵੇ। ਨੁਕਸਾਨੀਆਂ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇ ਕੇ ਮਦਦ ਕੀਤੀ ਜਾਵੇ।