ਭਾਰਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ 'ਤੇ ਲਗਾਈ ਰੋਕ

ਅਟਾਰੀ (ਅੰਮ੍ਰਿਤਸਰ) 14 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਪ੍ਰਕਾਸ਼ ਗੁਰਪੁਰਬ ਮੌਕੇ ਭਾਰਤ ਤੋਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਸਮੁੱਚੇ ਜਥੇ ਨੂੰ ਭੇਜਣ 'ਤੇ ਰੋਕ ਲਗਾ ਦਿੱਤੀ ਗਈ ਹੈ। ਭਾਰਤ ਦੇ ਸੂਬਾ ਪੰਜਾਬ, ਹਰਿਆਣਾ, ਦਿੱਲੀ ਰਾਜਸਥਾਨ, ਗੁਜਰਾਤ, ਜੰਮੂ ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼ ਸਮੇਤ ਹੋਰਨਾਂ ਰਾਜਾਂ ਤੋਂ ਹਰ ਸਾਲ ਦੀ ਤਰ੍ਹਾਂ ਇਕੱਤਰ ਹੋ ਕੇ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਸਮੁੱਚੇ ਜਥੇ ਨੂੰ ਪਾਕਿਸਤਾਨ ਅੰਦਰ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਭਾਰਤ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਬਣੇ ਤਣਾਅ ਤੇ ਸੁਰੱਖਿਆ ਦੇ ਮੱਦੇਨਜ਼ਰ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ, ਗੁਰਦੁਆਰਾ ਸ਼ਹੀਦੀ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ, ਗੁਰਦੁਆਰਾ ਸੱਚਾ ਸੌਦਾ ਚੂੜਕਾਣਾ ਤੇ ਗੁਰਦੁਆਰਾ ਰੋੜੀ ਸਾਹਿਬ ਫਾਰੂਕਾਬਾਦ ਦੇ ਦਰਸ਼ਨਾ ਨੂੰ ਜਾਣ ਵਾਲੀਆਂ ਭਾਰਤੀ ਸਿੱਖ ਸੰਗਤਾਂ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿਣਗੀਆਂ। ਇਸ ਸੰਬੰਧੀ ਅੰਮ੍ਰਿਤਸਰ ਤੋਂ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨ ਬੀਰ ਸਿੰਘ ਸਿਆਲੀ ਅਤੇ ਸਿੱਖ ਵਕੀਲ ਐਡਵੋਕੇਟ ਸੁਖਮਨ ਸਿੰਘ ਰੰਧਾਵਾ ਨੇ ਸਾਂਝੇ ਤੌਰ 'ਤੇ ਸਿੱਖ ਸੰਗਤਾਂ ਨਾਲ ਹੋਏ ਇਸ ਵਿਤਕਰੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਅਜੈਹਾ ਪਹਿਲੀ ਵਾਰ ਵੇਖਣ ਤੇ ਸੁਣਨ ਨੂੰ ਮਿਲਿਆ ਕਿ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨਾਲ ਹੋਏ 1947 ਦੇ ਸਮਝੌਤੇ ਤੋਂ ਬਾਅਦ ਭਾਰਤੀ ਸਿੱਖ ਸੰਗਤ ਨੂੰ ਉਨ੍ਹਾਂ ਦੇ ਵਿੱਛੜੇ ਗੁਰਧਾਮਾਂ ਦੇ ਦਰਸ਼ਨ ਦਿਦਾਰਿਆ ਤੋਂ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੋਵਾ ਦੇਸ਼ਾਂ ਦਰਮਿਆਨ ਪਹਿਲਗਾਮ ਹਮਲੇ ਤੋਂ ਬਾਅਦ ਤਣਾਅ ਦੇ ਮਾਹੌਲ ਬਣੇ ਹਨ, ਪਰ ਇਸ ਦੇ ਬਾਵਜੂਦ ਦੋਵੇਂ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਇਕ ਪਲੇਟਫਾਰਮ ਤੇ ਇਕੱਠਿਆਂ ਹੋ ਕੇ ਦੁਬਈ ਵਿਖੇ ਮੈਚ ਖੇਡ ਰਹੀਆਂ ਹਨ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੁੜਤਨ ਦਾ ਮਾਹੌਲ ਮੌਜੂਦਾ ਸਰਕਾਰਾਂ ਵਲੋਂ ਪੈਦਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਵਲੋਂ ਪਾਕਿਸਤਾਨ ਵਿਖੇ ਦਰਸ਼ਨਾਂ ਲਈ ਸਿੱਖ ਜਥਾ ਨਾ ਭੇਜਣਾ ਸਮੁੱਚੇ ਸਿੱਖ ਜਗਤ ਵਿਚ ਨਿਰਾਸ਼ਾ ਦਾ ਆਲਮ ਪੈਦਾ ਕਰਦਾ ਹੈ ਤੇ ਭਾਰਤ ਸਰਕਾਰ ਦਾ ਸਿੱਖਾਂ ਪ੍ਰਤੀ ਪੱਖਪਾਤੀ ਰਵੀਈਆ ਜਗ ਜ਼ਾਹਰ ਕਰਦਾ ਹੈ । ਸਮੁੱਚੀਆਂ ਸਿੱਖ ਸੰਗਤਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਵਿਚਲੇ ਵਿਛੜੇ ਗੁਰਧਾਮਾ ਦੀ ਯਾਤਰਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ 'ਤੇ ਲਗਾਈ ਗਈ ਰੋਕ ਨੂੰ ਤੁਰੰਤ ਹਟਾਇਆ ਜਾਵੇ ੀ