ਭਾਰਤੀ ਮੂਲ ਦਾ ਵਿਦਿਆਰਥੀ ਪਰਿਵਾਰ ਦੇ 3 ਜੀਆਂ ਦੇ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ
ਸੈਕਰਾਮੈਂਟੋ, ਕੈਲੀਫੋਰਨੀਆ, 20 ਜੂਨ (ਹੁਸਨ ਲੜੋਆ ਬੰਗਾ) - ਅਧਿਕਾਰੀਆਂ ਨੇ ਭਾਰਤੀ ਮੂਲ ਦੇ ਇਕ 19 ਸਾਲਾ ਵਿਦਿਆਰਥੀ ਗੌਰਵ ਚੋਪੜਾ 'ਤੇ ਆਪਣੇ ਮਾਤਾ ਪਿਤਾ ਤੇ ਨਾਨੀ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਦੱਖਣੀ ਟੈਕਸਾਸ ਵਿਚ ਵਾਪਰੀ ਸੀ। ਪੁਲਿਸ ਅਨੁਸਾਰ ਉਸ ਨੇ ਆਪਣੇ ਵੱਡੇ ਭਰਾ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵਲੋਂ ਚਲਾਈ ਗੋਲੀ ਖੁੰਝ ਗਈ ਤੇ ਉਹ ਬਚ ਕੇ ਨਿਕਲ ਜਾਣ ਵਿਚ ਸਫ਼ਲ ਹੋ ਗਿਆ। ਬਾਅਦ ਵਿਚ ਉਸ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੂੰ ਕਮਲੇਸ਼ ਰਾਣੀ 46, ਉਸ ਦੀ ਮਾਂ ਮਿੰਦਰ ਕੌਰ 73, ਨੂੰ ਘਰ ਦੇ ਅੰਦਰ ਮ੍ਰਿਤਕ ਪਾਇਆ। ਚੋਪੜਾ ਦੇ ਪਿਤਾ 56 ਸਾਲਾ ਕਾਰੋਬਾਰੀ ਸਵੀਟਾ ਰਾਮ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਟੈਕਸਾਸ ਦੀ ਰੀਓ ਗ੍ਰਾਂਡੇ ਵੈਲੀ ਦੇ ਐਲਟਨ ਦੇ ਰਹਿਣ ਵਾਲੇ ਗੌਰਵ ਚੋਪੜਾ ਨੂੰ ਹਿਡਾਲਗੋ ਕਾਉਂਟੀ ਬਾਲਗ ਹਿਰਾਸਤ ਕੇਂਦਰ ਵਿਚ ਬਿਨਾਂ ਜ਼ਮਾਨਤ ਦੇ ਰੱਖਿਆ ਗਿਆ ਹੈ। ਉਸ 'ਤੇ ਤਿੰਨ ਕਤਲ, ਕਤਲ ਦੀ ਕੋਸ਼ਿਸ਼ ਤੇ ਹੋਰ ਦੋਸ਼ ਲਾਏ ਗਏ ਹਨ। ਪੁਲਿਸ ਨੇ ਘਟਨਾ ਲਈ ਵਰਤੀ ਗਈ ਇਕ ਹੈਂਡ ਗੰਨ ਵੀ ਬਰਾਮਦ ਕਰ ਲਈ ਹੈ। ਕਤਲਾਂ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਅਨੁਸਾਰ ਮਾਮਲਾ ਅਜੇ ਜਾਂਚ ਅਧੀਨ ਹੈ।
;
;
;
;
;
;
;
;