JALANDHAR WEATHER

ਫਿਰੌਤੀ ਮਾਮਲੇ ’ਚ ਟਾਂਡਾ ਦਾ ਸਾਬਕਾ ਐਸ.ਐਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ

 ਹੁਸ਼ਿਆਰਪੁਰ, 18 ਜੁਲਾਈ (ਹਰਪ੍ਰੀਤ ਕੌਰ)- ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਦੇ ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ਨੇ ਹੁਸ਼ਿਆਰਪੁਰ ਦੇ ਥਾਣਾ ਟਾਂਡਾ ਦੇ ਸਾਬਕਾ ਐਸ.ਐਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਗਰਾ ’ਤੇ ਦੋਸ਼ ਹੈ ਕਿ ਉਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੁੱਪ ਨਾਲ ਮਿਲ ਕੇ ਅਮਰੀਕਾ ਚ ਰਹਿਣ ਵਾਲੇ ਟਾਂਡਾ ਮੂਲ ਦੇ ਪਰਿਵਾਰ ਤੋਂ ਫਿਰੌਤੀ ਮੰਗੀ ਸੀ। ਐਫ.ਬੀ.ਆਈ. ਦੇ ਆਪ੍ਰੇਸ਼ਨ 'ਹਾਰਡ ਬਾਲ' ਵਿਚ ਨਾਗਰਾ ’ਤੇ ਇਸ ਪਰਿਵਾਰ ਤੋਂ ਚਾਰ ਕਰੋੜ ਰੁਪਏ ਮੰਗਣ ਦਾ ਦੋਸ਼ ਲਗਾਇਆ ਗਿਆ ਹੈ ।ਕੇਸ ਵਿਚ ਨਾਮ ਆਉਣ ਤੋਂ ਬਾਅਦ ਐਸ.ਐਚ.ਓ. ਨੂੰ ਟਾਂਡਾ ਤੋਂ ਬਦਲ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਸੀ ਤੇ ਕੇਸ ਦੀ ਜਾਂਚ ਜਲੰਧਰ ਦੇ ਇਕ ਐਸ.ਪੀ. ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਸੀ । ਜਾਂਚ ਰਿਪੋਰਟ ਦੇ ਆਧਾਰ ’ਤੇ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੇ ਖਿਲਾਫ਼ ਭ੍ਰਿਸ਼ਟਾਚਾਰ ਤੇ ਫਿਰੌਤੀ ਦਾ ਕੇਸ ਦਰਜ ਕੀਤਾ ਗਿਆ ਹੈ।

ਵਰਨਣਯੋਗ ਹੈ ਕਿ ਐਫ. ਬੀ. ਆਈ. ਨੇ ਜਦੋਂ ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ ਗੈਂਗਸਟਰ ਨੈਟਵਰਕਾਂ ਦੀ ਜਾਂਚ ਕੀਤੀ ਤਾਂ ਉਸ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨੈਟਵਰਕ ਖਿਲਾਫ਼ ਚੱਲ ਰਹੀ ਜਾਂਚ ਦੌਰਾਨ ਉਕਤ ਪੁਲਿਸ ਅਧਿਕਾਰੀ ਦਾ ਨਾਮ ਸਾਹਮਣੇ ਆਇਆ। ਅਮਰੀਕੀ ਜਾਂਚ ਏਜੰਸੀ ਦਾ ਦੋਸ਼ ਹੈ ਕਿ ਉਸ ਨੇ ਗੈਂਗਸਟਰਾਂ ਨਾਲ ਮਿਲ ਕੇ ਅਮਰੀਕੀ ਪਰਿਵਾਰ ਤੋਂ 4 ਲੱਖ ਡਾਲਰ ਦੀ ਫਿਰੌਤੀ ਮੰਗੀ ਸੀ। ਇਥੇ ਦੱਸਣ ਯੋਗ ਹੈ ਕਿ 15 ਜਨਵਰੀ ਨੂੰ ਟਾਂਡਾ ਦੇ ਪਿੰਡ ਮਿਆਣੀ ਵਿਖੇ ਤਿੰਨ ਮੋਟਰ ਸਾਈਕਲ ਸਵਾਰਾਂ ਨੇ ਹਾਰਡਵੇਅਰ ਦੀ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਐਸ. ਐਚ. ਓ. ਨੇ ਹੱਤਿਆ ਦਾ ਕੇਸ ਸੁਲਝਾਉਣ ਦਾ ਦਾਅਵਾ ਕਰਦਿਆਂ ਦੱਸਿਆ ਸੀ ਕਿ ਅਮਰੀਕਾ ਵਿਚ ਰਹਿ ਰਿਹਾ ਇਕ ਰਿਟਾਇਰਡ ਪੁਲਿਸ ਅਧਿਕਾਰੀ ਦੋਸ਼ੀ ਹੈ। ਐਸ. ਐਚ. ਓ. ਦੇ ਦੱਸਣ ਮੁਤਾਬਕ ਹੱਤਿਆ ਪਰਿਵਾਰਕ ਰੰਜਿਸ਼ ਕਰਕੇ ਹੋਈ। ਅਮਰੀਕੀ ਜਾਂਚ ਏਜੰਸੀ ਅਨੁਸਾਰ ਹੱਤਿਆ ਦਾ ਦੋਸ਼ੀ ਦੱਸੇ ਜਾਣ ਵਾਲੇ ਪਰਿਵਾਰ ਨੂੰ ਕੇਸ ਵਿਚ ਫਸਾਈ ਰੱਖਣ ਦੇ ਨਾਂਅ ’ਤੇ ਫਿਰੌਤੀ ਮੰਗੀ ਗਈ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ