ਗੁਪਤ ਸੂਚਨਾ ਦੇ ਆਧਾਰ ’ਤੇ 60 ਕਿਲੋ ਸ਼ੱਕੀ ਪਨੀਰ ਨਸ਼ਟ, ਤਿੰਨ ਸੈਂਪਲ ਜਾਂਚ ਲਈ ਭੇਜੇ
ਗੁਰੂ ਹਰਸਹਾਏ, 28 ਜੁਲਾਈ (ਕਪਿਲ ਕੰਧਾਰੀ)- ਸਿਵਲ ਸਰਜਨ ਫਿਰੋਜ਼ਪੁਰ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ.) ਡਾ. ਸੁਖਬੀਰ ਕੌਰ ਦੀ ਅਗਵਾਈ ਤੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿੰਗ, ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵਿਸ਼ੇਸ਼ ਕਾਰਵਾਈ ਕੀਤੀ ਗਈ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ/ਅਬੋਹਰ ਵਲੋਂ ਸ਼ੱਕੀ ਪਨੀਰ ਫਿਰੋਜ਼ਪੁਰ ਖੇਤਰ ਵਿਚ ਸਪਲਾਈ ਕੀਤਾ ਜਾ ਰਿਹਾ ਹੈ।
ਇਸ ਸੂਚਨਾ ਦੇ ਆਧਾਰ ’ਤੇ ਫੂਡ ਸੇਫਟੀ ਟੀਮ ਵਲੋਂ ਗੁਰੂਹਰਸਹਾਏ ਦੇ ਲਾਈਟਾਂ ਵਾਲੇ ਚੌਕ ਵਿਖੇ ਨਾਕਾਬੰਦੀ ਕਰਕੇ ਵਾਹਨ ਨੰਬਰ PB-35-F-0615 ਨੂੰ ਰੋਕਿਆ ਗਿਆ। ਇਸ ਦੌਰਾਨ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜਾਂਚ ਦੌਰਾਨ ਵਾਹਨ ਵਿੱਚ ਲਿਜਾਏ ਜਾ ਰਹੇ ਪਨੀਰ ਦੀ ਗੁਣਵੱਤਾ ’ਤੇ ਸ਼ੱਕ ਹੋਣ ’ਤੇ ਇਸ ਦੇ ਤਿੰਨ ਸੈਂਪਲ ਲਏ ਗਏ। ਫੂਡ ਸੇਫਟੀ ਅਧਿਕਾਰੀ ਅਭਿਨਵ ਕੁਮਾਰ ਨੇ ਦੱਸਿਆ ਕਿ ਮੌਕੇ ’ਤੇ ਜਾਂਚ ਦੌਰਾਨ ਪਨੀਰ ਵਿੱਚੋਂ ਤੇਜ਼ ਬਦਬੂ ਆ ਰਹੀ ਸੀ ਅਤੇ ਇਸ ਦੀ ਸਫ਼ਾਈ ਦੀ ਹਾਲਤ ਵੀ ਬਹੁਤ ਗੈਰ-ਸੰਤੋਸ਼ਜਨਕ ਪਾਈ ਗਈ। ਜਨਤਕ ਸਿਹਤ ਨੂੰ ਸੰਭਾਵਿਤ ਖ਼ਤਰੇ ਅਤੇ ਬਿਮਾਰੀਆਂ ਫੈਲਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ, ਸੈਂਪਲ ਲੈਣ ਉਪਰੰਤ ਲਗਭਗ 60 ਕਿਲੋਗ੍ਰਾਮ ਸ਼ੱਕੀ ਪਨੀਰ ਨੂੰ ਨਸ਼ਟ ਕਰਵਾ ਦਿੱਤਾ ਗਿਆ।
ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੈਬੋਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਜੇਕਰ ਕਿਸੇ ਕਿਸਮ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਿਤ ਵਿਅਕਤੀਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਹਲਵਾਈਆਂ ਜਾਂ ਹੋਰ ਖਾਣ-ਪੀਣ ਦੇ ਕਾਰੋਬਾਰੀਆਂ ਨੂੰ ਇਹ ਪਨੀਰ ਸਪਲਾਈ ਕੀਤਾ ਗਿਆ ਹੋ ਸਕਦਾ ਹੈ, ਉਨ੍ਹਾਂ ਦੀ ਵੀ ਜਾਂਚ ਕਰਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;
;