JALANDHAR WEATHER

16-05-2024

 ਸਿਆਸੀ ਆਗੂਆਂ ਦੀਆਂ ਪਲਟਬਾਜ਼ੀਆਂ

ਜਿਉਂ ਹੀ ਦੇਸ਼ ਅੰਦਰ ਸੰਸਦ ਦੀਆਂ ਚੋਣਾਂ ਦਾ ਐਲਾਨ ਹੋਇਆ, ਤਿਉਂ ਹੀ ਜਿਥੇ ਹਰ ਸਿਆਸੀ ਪਾਰਟੀ ਸਰਗਰਮ ਹੋਈ, ਉਥੇ ਬਹੁਤ ਸਾਰੇ ਸਿਆਸੀ ਆਗੂਆਂ ਨੇ ਵੀ ਆਪਣੀਆਂ ਵਫ਼ਾਦਾਰੀਆਂ ਬਦਲਣੀਆਂ ਅਤੇ ਪਲਟਬਾਜ਼ੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਅਜਿਹਾ ਵਰਤਾਰਾ ਕਿਸੇ ਇਕ ਸਿਆਸੀ ਪਾਰਟੀ ਵਿਚ ਨਹੀਂ, ਬਲਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਵਿਚ ਚੱਲ ਰਿਹਾ ਹੈ। ਸ਼ਾਇਦ ਅਜਿਹਾ ਸੱਤਾ ਦੀ ਭੁੱਖ ਕਾਰਨ, ਇਖ਼ਲਾਕੀ ਗਿਰਾਵਟ, ਲਾਲਚ ਅਤੇ ਮੌਕਾਪ੍ਰਸਤੀ ਕਾਰਨ ਹੀ ਹੋ ਰਿਹਾ ਹੈ। ਕਿੰਨਾ ਚੰਗਾ ਹੋਵੇ ਜੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਇਖ਼ਲਾਕੀ ਤੌਰ 'ਤੇ ਉੱਚੇ ਹੋਣ, ਕਿਸੇ ਲੋਭ-ਲਾਲਚ ਅਤੇ ਮੌਕਾਪ੍ਰਸਤੀ ਕਰਕੇ ਆਪਣੀ ਪਾਰਟੀ ਦਾ ਤਿਆਗ ਕਰਕੇ ਦੂਸਰੀ ਪਾਰਟੀ ਵਿਚ ਨਾ ਜਾਣ, ਸਗੋਂ ਪਾਰਟੀ ਵਿਚ ਰਹਿ ਕੇ ਸੇਵਾ ਭਾਵਨਾ ਨਾਲ ਕੰਮ ਕਰਨ ਤੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਹਾਸਿਲ ਕਰਨ। ਜਦੋਂ ਕੋਈ ਸਿਆਸੀ ਆਗੂ ਲੋਕਾਂ ਦਾ ਸੱਚਾ-ਸੁੱਚਾ ਸੇਵਕ ਬਣ ਕੇ ਉਨ੍ਹਾਂ ਦਾ ਵਿਸ਼ਵਾਸ ਜਿੱਤ ਲਵੇ ਤਾਂ ਲੋਕ ਉਸ ਨੂੰ ਪਲਕਾਂ 'ਤੇ ਬਿਠਾਉਣ ਤੱਕ ਜਾਂਦੇ ਹਨ, ਭਾਵ ਹਰ ਪੱਖੋਂ ਸਹਿਯੋਗ ਦਿੰਦੇ ਹਨ। ਕੀ ਅਜੋਕੇ ਸਮੇਂ ਦੇ ਸਿਆਸੀ ਆਗੂ ਇਸ ਮਸਲੇ ਸੰਬੰਧੀ ਕੋਈ ਸੋਚ-ਵਿਚਾਰ ਕਰਨਗੇ?

-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

ਬਦਲੇ ਰਿਸ਼ਤਿਆਂ ਦੀ ਪਰਿਭਾਸ਼ਾ

ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਚੁੱਕੀ ਹੈ। ਅੱਜ ਅਜਿਹਾ ਜ਼ਮਾਨਾ ਆ ਚੁੱਕਾ ਹੈ ਕਿ ਅਸੀਂ ਕਿਸੇ ਨੂੰ ਵੀ ਕੁਝ ਨਹੀਂ ਕਹਿ ਸਕਦੇ। ਹਰ ਕੋਈ ਖੁੱਲ ਕੇ ਜ਼ਿੰਦਗੀ ਜਿਉਣਾ ਚਾਹੁੰਦਾ ਹੈ। ਕੋਈ ਕਿਸੇ ਦੇ ਅਧੀਨ ਰਹਿ ਕੇ ਜ਼ਿੰਦਗੀ ਬਸਰ ਨਹੀਂ ਕਰਨਾ ਚਾਹੁੰਦਾ। ਠੀਕ ਇਸੇ ਤਰ੍ਹਾਂ ਜੇ ਸਾਡਾ ਕੋਈ ਦੋਸਤ ਹੈ, ਅਸੀਂ ਉਸ ਨੂੰ ਆਪਣੇ ਮੁਤਾਬਿਕ ਨਹੀਂ ਚਲਾ ਸਕਦੇ। ਉਸ ਨੇ ਆਪਣੀ ਜ਼ਿੰਦਗੀ ਆਪਣੇ ਮੁਤਾਬਿਕ ਚਲਾਉਣੀ ਹੈ। ਜੇ ਉਸ ਨਾਲ ਕੁਝ ਗ਼ਲਤ ਹੋ ਰਿਹਾ ਹੈ ਜਾਂ ਉਹ ਕੁਝ ਗ਼ਲਤ ਕਰ ਰਿਹਾ ਹੈ, ਉਸ ਨੂੰ ਸਮਝਾ ਸਕਦੇ ਹਾਂ। ਸਮਝਣਾ ਨਾ ਸਮਝਣਾ ਉਸ ਦੀ ਆਪਣੀ ਫ਼ਿਤਰਤ ਹੈ।
ਅੱਜਕੱਲ੍ਹ ਅਸੀਂ ਆਪਣੇ ਪਰਿਵਾਰਕ ਰਿਸ਼ਤਿਆਂ 'ਚ ਕਿਸੇ ਨੂੰ ਆਪਣੇ ਮੁਤਾਬਿਕ ਨਹੀਂ ਚਲਾ ਸਕਦੇ। ਹਰ ਕੋਈ ਆਜ਼ਾਦ ਰਹਿਣਾ ਚਾਹੁੰਦਾ ਹੈ। ਜੋ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ, ਉਹ ਆਪਣੇ ਮਾਂ-ਬਾਪ ਦਾ ਤਾਂ ਕਹਿਣਾ ਮੰਨਦੀ ਹੀ ਨਹੀਂ। ਦੂਜੇ ਦਾ ਕੀ ਮੰਨੇਗੀ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਰਿਸ਼ਤੇਦਾਰੀਆਂ 'ਚ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖੋ, ਜੇ ਰਿਸ਼ਤਾ ਲੰਮਾ ਚਲਾਉਣਾ ਹੈ। ਨਹੀਂ ਤਾਂ ਦੋ ਮਿੰਟ 'ਚ ਹੀ ਰਿਸ਼ਤੇਦਾਰੀ ਟੁੱਟ ਜਾਂਦੀ ਹੈ। ਰਿਸ਼ਤੇਦਾਰਾਂ ਦੀ ਸਲਾਹ ਜ਼ਰੂਰ ਲਓ, ਜੇ ਤੁਹਾਨੂੰ ਸਹੀ ਲੱਗਦਾ ਹੈ। ਨਹੀਂ ਤਾਂ ਸੋਚ ਸਮਝ ਕੇ ਫ਼ੈਸਲੇ ਲਓ

-ਸੰਜੀਵ ਸਿੰਘ ਸੈਣੀ, ਮੁਹਾਲੀ

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ ਅਜੀਤ ਵਿਚ 'ਵਿਸਾਖੀ ਵਿਸ਼ੇਸ਼ ਅੰਕ' ਬਹੁਤ ਹੀ ਜਾਣਕਾਰੀ ਭਰਪੂਰ ਰਿਹਾ। ਮੁੱਖ ਪੰਨੇ 'ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਦੀ ਦਾਤ ਤਿਆਰ ਕਰਦਿਆਂ ਅਤੇ ਨਿਮਰਤਾ ਸਹਿਤ ਹੱਥ ਜੋੜ ਖੜ੍ਹੇ ਪੰਜ ਪਿਆਰਿਆਂ ਦੀ ਆਕਰਸ਼ਕ ਅਤੇ ਖ਼ੂਬਸੂਰਤ ਤਸਵੀਰ ਨੇ ਮਨ ਨੂੰ ਮੋਹ ਲਿਆ। ਡਾਕਟਰ ਜਸਪਾਲ ਸਿੰਘ ਦੀ ਰਚਨਾ 'ਖਾਲਸਾ ਪੰਥ ਦੀ ਸਿਰਜਣਾ ਦੀ ਇਤਿਹਾਸਕ ਵਿਸਾਖੀ', ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਚਨਾ 'ਸਿੱਖ ਕੌਮ ਦੀ ਨਿਆਰੀ ਹਸਤੀ ਦਾ ਪ੍ਰਤੀਕ : ਖ਼ਾਲਸਾ ਸਾਜਨਾ ਦਿਵਸ', ਡਾਕਟਰ ਪਰਮਵੀਰ ਸਿੰਘ ਦਾ ਲੇਖ 'ਵਿਸਾਖੀ : ਸੱਭਿਆਚਾਰਕ ਅਤੇ ਧਾਰਮਿਕ ਮਹੱਤਵ' ਸੀ। ਡਾਕਟਰ ਇੰਦਰਜੀਤ ਸਿੰਘ ਵਾਸੂ ਦਾ ਸੰਖੇਪ ਲੇਖ ਵੀ ਖ਼ਾਲਸੇ ਦੇ ਸੰਕਲਪ ਅਤੇ ਮਾਣਮੱਤੇ ਇਤਿਹਾਸ ਸੰਬੰਧੀ ਸੋਹਣੀ ਜਾਣਕਾਰੀ ਪ੍ਰਦਾਨ ਕਰ ਰਿਹਾ ਸੀ। ਤਲਵਿੰਦਰ ਸਿੰਘ ਬੁੱਟਰ ਦੀ ਰਚਨਾ 'ਆਲਮੀ ਮੇਲਾ ਹੈ ਵਿਸਾਖੀ' ਸਮੁੱਚੇ ਭਾਰਤ ਦੇਸ਼ ਵਿਚ ਮਨਾਏ ਜਾਂਦੇ ਵਿਸਾਖੀ ਦੇ ਪਵਿੱਤਰ ਤਿਉਹਾਰ ਸੰਬੰਧੀ ਬਹੁਤ ਹੀ ਵਧੀਆ ਜਾਣਕਾਰੀ ਪ੍ਰਦਾਨ ਕਰਦੀ ਹੈ। ਵਿਸਾਖੀ ਵਿਸ਼ੇਸ਼ ਅੰਕ ਵਿਚ ਹੀ ਡਾਕਟਰ ਸਰਬਜੀਤ ਕੌਰ ਸੰਧਾਵਾਲੀਆ ਦੀ ਕਵਿਤਾ 'ਵੈਸਾਖੁ ਭਲਾ ਸਾਖਾ ਵੇਸ ਕਰੇ' ਅਤੇ ਗੁਰਦੀਸ਼ ਕੌਰ ਦੀਸ਼ ਦੀ ਕਵਿਤਾ 'ਉਸ ਪੰਥ ਸਜਾਇਆ ਏ' ਰਚਨਾਵਾਂ ਵਿਸਾਖੀ ਦੇ ਪਾਵਨ ਤਿਉਹਾਰ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਪੇਸ਼ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਪੜ੍ਹ ਕੇ ਬਹੁਤ ਅਨੰਦ ਆਇਆ। ਰੋਜ਼ਾਨਾ ਅਜੀਤ ਅਖ਼ਾਬਰ ਦਾ ਇਹ 'ਵਿਸਾਖੀ ਵਿਸ਼ੇਸ਼ ਅੰਕ' ਉਹ ਵਿਸ਼ੇਸ਼ ਸਰਮਾਇਆ ਹੈ, ਜਿਸ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖਣਾ ਬਣਦਾ ਹੈ।

-ਡਾ. ਇਕਬਾਲ ਸਿੰਘ ਸਕਰੌਦੀ।
06, ਥਲੇਸ ਬਾਗ਼ ਕਾਲੋਨੀ, ਸੰਗਰੂਰ।

ਇਸਤਰੀ ਧਨ 'ਤੇ ਨਹੀਂ ਪਤੀ ਦਾ ਹੱਕ

ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਭਾਰਤ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਇਹ ਪਰਿਭਾਸ਼ਿਤ ਕਰਦੇ ਹੋਏ ਕਿ ਕਿਸੇ ਔਰਤ ਨੂੰ ਵਿਆਹ ਤੋਂ ਪਹਿਲਾਂ, ਵਿਆਹ ਦੇ ਸਮੇਂ ਜਾਂ ਵਿਦਾਇਗੀ ਸਮੇਂ ਜਾਂ ਉਸ ਤੋਂ ਬਾਅਦ ਤੋਹਫ਼ੇ ਵਜੋਂ ਦਿੱਤੀਆਂ ਗਈਆਂ ਵਸਤੂਆਂ ਤੋਹਫ਼ੇ ਉਸ ਇਸਤਰੀ ਦੀਆਂ ਧਨ ਸੰਪਤੀਆਂ ਹਨ, ਇਕ ਪੁਰਾਣੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਪਤੀ ਦਾ ਇਸ ਉੱਤੇ ਕੋਈ ਹੱਕ ਨਹੀਂ ਹੈ ਅਤੇ ਭਾਵੇਂ ਕਿ ਉਹ ਬਿਪਤਾ ਵਿਚ ਇਸ ਦੀ ਵਰਤੋਂ ਕਰ ਸਕਦਾ ਹੈ, ਪਰ ਉਸ ਦੀ ਨੈਤਿਕ ਜ਼ਿੰਮੇਵਾਰੀ ਹੈ ਕਿ ਉਹ ਪਤਨੀ ਨੂੰ ਉਹੀ ਇਸਤਰੀ ਧਨ ਜਾਂ ਉਸ ਦੇ ਪੈਸੇ ਵਾਪਸ ਕਰੇ। ਸਾਡੇ ਸਮਾਜ ਵਿਚ ਇਕ ਔਰਤ ਲਈ ਇਸਤਰੀ ਧਨ ਇਕ ਸੱਭਿਆਚਾਰਕ ਮੁੱਲ, ਭਾਵਨਾਤਮਿਕ ਸਾਂਝ ਅਤੇ ਸਵੈ-ਮਾਣ ਦਰਸਾਉਣ ਵਾਲੇ ਇਸ ਮਾਮਲੇ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਦਿਸ਼ਾ ਵਿਚ ਸੁਪਰੀਮ ਕੋਰਟ ਨੇ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪਤੀਆਂ ਅਤੇ ਸਹੁਰੇ ਪਰਿਵਾਰਾਂ ਨੂੰ ਸਾਵਧਾਨ ਕਰਨ ਲਈ ਇਕ ਰੁਝਾਨ ਦੇ ਤੌਰ 'ਤੇ ਕੰਮ ਕਰ ਸਕਦਾ ਹੈ ਕਿ ਉਨ੍ਹਾਂ ਦਾ ਪਤਨੀ ਦੇ ਇਸਤਰੀ ਧਨ 'ਤੇ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਕੇਵਲ ਉਸ ਦੀ ਹੀ ਪੂਰਨ ਸੰਪਤੀ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ, ਨੰਗਲ