12-05-2024
ਕੁੱਲੀ ਵਾਲਾ ਬਾਬਾ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764-52023
ਬਾਲ ਪਾਠਕ ਦੀ ਕਹਾਣੀ ਵੰਨਗੀ ਪ੍ਰਤੀ ਖ਼ਾਸ ਦਿਲਚਸਪੀ ਅਤੇ ਉਤਸੁਕਤਾ ਹੁੰਦੀ ਹੈ। ਵੱਡੀ ਤਾਦਾਦ ਵਿਚ ਪੁਸਤਕਾਂ ਦੇ ਮਾਧਿਅਮ ਦੁਆਰਾ ਬਾਲਾਂ ਦੀ ਕਹਾਣੀਆਂ ਨਾਲ ਸਾਂਝ ਪੁਆਉਣ ਵਾਲੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਨਵੀਂ ਪੁਸਤਕ 'ਕੁੱਲੀ ਵਾਲਾ ਬਾਬਾ' ਮੰਜ਼ਰ-ਇ-ਆਮ 'ਤੇ ਆਈ ਹੈ। ਇਸ ਵਿਚ ਕੁੱਲ 8 ਕਹਾਣੀਆਂ ਅੰਕਿਤ ਹਨ। ਇਨ੍ਹਾਂ ਕਹਾਣੀਆਂ ਵਿਚ ਬੱਚਿਆਂ ਨੂੰ ਇਮਾਨਦਾਰੀ, ਲਾਲਚ, ਮੂਰਖਤਾ, ਭਲੇਮਾਣਸੀ, ਮੱਕਾਰੀ, ਚਲਾਕੀ, ਸਾਊਪੁਣਾ, ਮਿਹਨਤ, ਲਗਨ, ਅਨੁਸ਼ਾਸਨਪਸੰਦੀ, ਝੂਠ-ਸੱਚ ਅਤੇ ਫਰਜ਼ ਦੀ ਪਾਲਣਾ ਆਦਿ ਵਰਗੀਆਂ ਭਾਵਨਾਵਾਂ ਅਤੇ ਗੁਣ-ਔਗੁਣਾਂ ਨੂੰ ਘਟਨਾਵਾਂ ਨਾਲ ਸੰਬੰਧਿਤ ਕਰਕੇ ਸਿੱਖਿਆ ਪ੍ਰਦਾਨ ਦਾ ਪਯਤਨ ਕੀਤਾ ਗਿਆ ਹੈ। 'ਮਾਂ ਦੀ ਆਗਿਆ ਦਾ ਪਾਲਣ', 'ਬਜ਼ੁਰਗ ਦੀ ਸਿੱਖਿਆ' ਅਤੇ 'ਨਿਮਰਤਾ ਦਾ ਪਾਠ' ਕਹਾਣੀਆਂ ਦਾ ਕੇਂਦਰ ਬਿੰਦੂ ਇਹ ਹੈ ਕਿ ਜੇਕਰ ਵੱਡਿਆਂ ਦੀਆਂ ਸਿੱਖਿਆਵਾਂ ਦਾ ਪਾਲਣ ਕੀਤਾ ਜਾਵੇ ਅਤੇ ਜੀਵਨ ਵਿਚ ਨਿਮਰਤਾ-ਸਹਿਣਸ਼ੀਲਤਾ ਵਰਗੇ ਗੁਣ ਧਾਰਨ ਕੀਤੇ ਜਾਣ ਤਾਂ ਮੰਜ਼ਿਲ-ਪ੍ਰਾਪਤੀ ਆਸਾਨ ਹੋ ਜਾਂਦੀ ਹੈ। ਸਮਾਜ ਵਿਚ ਸੰਕਟਕਾਲੀਨ ਪ੍ਰਸਥਿਤੀਆਂ ਉੱਪਰ ਕਾਬੂ ਪਾ ਕੇ ਹਰਮਨਪਿਆਰਾ ਵਿਅਕਤੀ ਬਣਿਆ ਜਾ ਸਕਦਾ ਹੈ। 'ਸ਼ੇਰ ਅਤੇ ਬਾਂਦਰ ਦੀ ਦੋਸਤੀ' ਕਹਾਣੀ ਵਿਚ ਬਾਂਦਰ ਆਪਣੀ ਹਾਜ਼ਰ-ਦਿਮਾਗ਼ੀ ਨਾਲ ਸ਼ੇਰ ਤੋਂ ਜਾਨ ਬਚਾ ਕੇ ਸੁਨੇਹਾ ਦਿੰਦਾ ਹੈ ਕਿ ਸਹਿਜਤਾ ਅਤੇ ਚਤੁਰਾਈ ਨਾਲ ਬਿਪਤਾ ਦੀ ਘੜੀ ਵਿਚੋਂ ਮੁਕਤ ਹੋਇਆ ਜਾ ਸਕਦਾ ਹੈ। 'ਕੁੱਲੀ ਵਾਲਾ ਬਾਬਾ' ਕਹਾਣੀ ਵਿਚ ਪਿੰਡੋਂ ਬਾਹਰ ਰਹਿੰਦਾ ਬਜ਼ੁਰਗ ਬਾਬਾ ਆਉਂਦੇ ਜਾਂਦੇ ਮੁਸਾਫ਼ਰਾਂ ਨੂੰ ਠੰਢਾ ਜਲ ਵਰਤਾ ਕੇ ਸੰਦੇਸ਼ ਦਿੰਦਾ ਹੈ ਕਿ ਵਰਤਮਾਨ ਸਮੇਂ ਵਿਚ ਮਨੁੱਖ ਲਈ ਕਲਿਆਣਕਾਰੀ ਕਾਰਜ ਕਰਦਿਆਂ ਜੀਵਨ ਸਫ਼ਲ ਕੀਤਾ ਜਾ ਸਕਦਾ ਹੈ। 'ਬੇਜ਼ੁਬਾਨਾਂ ਨੂੰ ਮਾਰ' ਕਹਾਣੀ ਵਿਚਲਾ ਬਾਲ ਪਾਤਰ ਮਨਵੀਰ ਗਧਿਆਂ ਤੋਂ ਤਰਸਹੀਣਤਾ ਨਾਲ ਕੰਮ ਲੈਣ ਵਾਲੇ ਢੇਰੂ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਜੇਕਰ ਉਹ ਮਨਵੀਰ ਦੀ ਗੱਲ ਮੰਨ ਕੇ ਆਪਣੇ ਗਧਿਆਂ ਉਪਰ ਲੋੜੋਂ ਵੱਧ ਭਾਰ ਨਾ ਲੱਦਦਾ ਤਾਂ ਉਸ ਦੇ ਇਕ ਬੇਜ਼ੁਬਾਨ ਗਧੇ ਨੂੰ ਸੱਟ ਤੋਂ ਬਚਾਇਆ ਜਾ ਸਕਦਾ ਸੀ। 'ਗਣਿਤ ਦਾ ਖੋਜੀ' ਕਹਾਣੀ ਦਾ ਸਾਰਾਂਸ਼ ਇਹ ਹੈ ਕਿ ਕੋਈ ਵੀ ਪ੍ਰਤਿਭਾ ਗ਼ਰੀਬੀ ਜਾਂ ਮੁਸ਼ਕਿਲਾਂ ਕਾਰਨ ਲੁਕਵੀਂ ਨਹੀਂ ਰਹਿ ਸਕਦੀ। ਅਧਿਆਪਕ ਦੀ ਸਿੱਖਿਆ ਅਤੇ ਅਗਵਾਈ ਨਾਲ ਪ੍ਰਤਿਭਾ ਨੂੰ ਚਾਰ ਚੰਨ ਲੱਗ ਜਾਂਦੇ ਹਨ। 'ਘਰ ਜਾਂ ਮਕਾਨ' ਕਹਾਣੀ' ਦੇ ਪਾਤਰ ਪ੍ਰਤਾਪ ਨੂੰ ਕਹਾਣੀ ਦੀ ਚਰਮਸੀਮਾ 'ਤੇ ਜਾ ਕੇ ਅਹਿਸਾਸ ਹੁੰਦਾ ਹੈ ਕਿ ਪਰਿਵਾਰਕ ਜੀਆਂ ਵਲੋਂ ਜ਼ਿੰਮੇਵਾਰਾਨਾ ਤੌਰ 'ਤੇ ਬਜ਼ੁਰਗਾਂ ਨੂੰ ਇਕੱਲੇਪਣ ਵਿਚ ਸਹਾਰਾ ਅਤੇ ਮਿਲਵਰਤਣ ਦੇਣਾ ਬਹੁਤ ਜ਼ਰੂਰੀ ਹੈ। ਇਸ ਪ੍ਰਕਾਰ ਸਮੁੱਚੀਆਂ ਬਾਲ ਕਹਾਣੀਆਂ ਬਾਲ-ਮਨਾਂ ਵਿਚ ਸਦਾਚਾਰਕ ਅਤੇ ਕਲਿਆਣਕਾਰੀ ਭਾਵਨਾਵਾਂ ਨੂੰ ਪ੍ਰਫੁੱਲਿਤ ਕਰਦੀਆਂ ਹੋਈਆਂ ਬੱਚਿਆਂ ਨੂੰ ਚੰਗੇਰੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ਕਲਾ ਪੱਖ ਤੋਂ ਪਾਤਰਾਂ ਦੇ ਸੰਵਾਦ ਢੁਕਵੇਂ ਹਨ। ਸਮੇਂ, ਸਥਿਤੀ ਅਤੇ ਸਥਾਨ ਦੇ ਅਨੁਕੂਲ ਇਨ੍ਹਾਂ ਕਹਾਣੀਆਂ ਵਿਚਲੀਆਂ ਘਟਨਾਵਾਂ ਦੀ ਤਾਮੀਰ ਕੀਤੀ ਗਈ ਹੈ। ਸੁੰਦਰ ਅਤੇ ਢੁਕਵੇਂ ਚਿੱਤਰਾਂ ਨਾਲ ਸੁਸੱਜਿਤ ਇਹ ਕਹਾਣੀਆਂ ਪੜ੍ਹਨਯੋਗ ਹਨ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਗਹਿਰੀ ਚੁੱਪ
ਲੇਖਕ : ਸਤਪ੍ਰੀਤ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ 150 ਰੁਪਏ, ਸਫ਼ੇ : 72
ਸੰਪਰਕ : 0161-2413613
ਕਿਸੇ ਦੌਰ ਵਿਚ ਨਾਵਲ ਤੋਂ ਨਾਵਲੈਟ ਵੀ ਪ੍ਰਚੱਲਿਤ ਹੋਏ ਤੇ ਖ਼ਾਸ ਕਰਕੇ ਡਾ. ਬਰਜਿੰਦਰ ਸਿੰਘ ਹਮਦਰਦ ਹੁਰਾਂ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤਕ ਮੈਗਜ਼ੀਨ ਦ੍ਰਿਸ਼ਟੀ ਨੇ ਇਸ ਨੂੰ ਕਾਫ਼ੀ ਉਤਸ਼ਾਹਿਤ ਕੀਤਾ। ਕਿਤਾਬੀ ਰੂਪ ਵਿਚ ਵੀ ਪ੍ਰਕਾਸ਼ਿਤ ਹੁੰਦੇ ਰਹੇ। ਪਰ ਹੁਣ ਵੀ ਕਿਤੇ ਨਾ ਕਿਤਿਓਂ ਕੋਈ ਨਾ ਕੋਈ ਨਾਵਲੈਟ ਪੜ੍ਹਨ ਨੂੰ ਮਿਲ ਹੀ ਜਾਂਦੈ। ਹਥਲਾ ਨਾਵਲ ਵੀ ਇਕ ਨਾਵਲੈਟ ਹੈ। ਇਸ ਨਾਵਲੈਟ ਦੇ 14 ਨਿੱਕੇ-ਨਿੱਕੇ ਕਾਂਡ ਹਨ ਅਤੇ ਇਉਂ ਜਾਪਦੈ ਇਕ ਵੱਡੀ ਕਹਾਣੀ ਨੂੰ ਇਕ ਨਾਵਲੈਟ ਵਿਚ ਸਮੋਇਆ, ਪਰੋਇਆ ਗਿਆ ਹੈ। ਕਹਾਣੀ ਦਾ ਵਿਸ਼ਾ ਕਿਸ਼ੋਰ ਅਵਸਥਾ, ਬੇਰੋਜ਼ਗਾਰੀ, ਨੌਕਰੀ ਤੇ ਖਾਸ ਕਰਕੇ ਪ੍ਰੇਮ-ਸੰਬੰਧਾਂ ਦੀ ਤਸਵੀਰ ਪੇਸ਼ ਕਰਦਾ ਹੈ। ਨਾਵਲੈਟ ਦੀ ਕਹਾਣੀ ਰੌਚਕ ਹੈ ਤੇ ਆਮ ਪਾਠਕ ਨੂੰ ਨਾਲ ਲੈ ਕੇ ਤੁਰਨ ਦੇ ਸਮਰੱਥ ਹੈ। ਇਸ ਵਿਚ ਨਿੱਕੇ-ਵੱਡੇ ਪਾਤਰ ਹਨ ਜੋ ਕਹਾਣੀ ਨੂੰ ਅੱਗੇ ਤੋਰਦੇ ਹਨ। ਇਹ ਯਥਾਰਥ ਤੇ ਕਲਪਨਾ ਦਾ ਸੁਮੇਲ ਜਾਪਦੇ ਹਨ। ਪਾਤਰ--ਜਿੰਦ, ਗੁਰਬੀਰ, ਮਾਨ ਕੌਰ, ਬੀਰੋ--। ਨਾਵਲੈਟ ਦੇ ਛੇੇਵੇਂ ਕਾਂਡ ਦਾ ਇਕ ਰੁਮਾਟਿਕ ਡਾਇਲਾਗ--ਮੈਂ ਤਾਂ ਤੇਰੀ ਹੀ ਆਂ ਸਰਦਾਰ, ਚਾਹੇ ਜਿੱਥੇ ਮਰਜ਼ੀ ਲੈ ਚੱਲ, ਮੈਂ ਕੋਈ ਸਵਾਲ ਥੋੜ੍ਹਾ ਕਰਨਾ ਵਾਂ। ਇਕ ਨਹੀਂ ਬਹੁਤ ਥਾਈਂ ਅਜਿਹੇ ਰੁਮਾਂਟਿਕ ਸੀਨ ਤੇ ਸੰਵਾਦ ਪੜ੍ਹਨ ਨੂੰ ਮਿਲਣਗੇ। ਇਉਂ ਜਾਪਦੈ ਜਿਵੇਂ ਇਹ ਨਾਵਲ ਨਾਨਕ ਸਿੰਘ-ਜਸਵੰਤ ਸਿੰਘ ਕੰਵਲ ਕਾਲ ਵਿਚ ਲਿਖਿਆ ਗਿਆ ਹੋਵੇ? ਪਰ ਜਿਵੇਂ ਵੀ ਹੈ ਲੇਖਕ ਦੀ ਲੇਖਣੀ ਤੇ ਸ਼ੈਲੀ ਵਿਚ ਰਵਾਨਗੀ ਹੈ ਤੇ ਪਾਠਕ ਇਸ ਨੂੰ ਕਾਹਲੀ ਕਾਹਲੀ ਪੜ੍ਹਦਾ ਤੁਰਿਆ ਜਾਂਦਾ ਹੈ। 72 ਸਫ਼ਿਆਂ ਦੇ ਨਾਵਲ ਦਾ ਮੁੱਲ ਪ੍ਰਕਾਸ਼ਕ ਵਲੋਂ 150 ਰੁਪਏ ਰੱਖਿਆ ਗਿਆ ਹੈ। ਉਮੀਦ ਹੈ ਪਾਠਕ ਪੜ੍ਹ ਕੇ ਇਸ ਨਾਵਲੀ ਰਚਨਾ ਦਾ ਅਨੰਦ ਮਾਣੇਗਾ। ਨਾਵਲਕਾਰ ਸਤਪ੍ਰੀਤ ਸਿੰਘ ਤੋਂ ਅੱਗਿਓਂ ਹੋਰ ਬਿਹਤਰ ਨਾਵਲਾਂ ਦੀ ਆਸ ਰੱਖਣਾ ਕੁਥਾਂ ਨਹੀਂ ਹੋਵੇਗੀ।
-ਸੁਖਮਿੰਦਰ ਸੇਖੋਂ
ਮੋਬਾਈਲ : 98145-07693
ਸਿੱਖੀ ਖਾਣ ਸ਼ਹੀਦਾਂ ਦੀ
ਲੇਖਕ : ਬਲਜੀਤ ਸਿੰਘ ਬਾਗੀ ਟੂਸਾ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 231
ਸੰਪਰਕ : 95924-30738
ਹਥਲੀ ਪੁਸਤਕ ਦਾ ਲੇਖਕ/ਕਵੀ ਵਜੋਂ ਇਸ ਤੋਂ ਪਹਿਲਾਂ ਵੀ ਪੰਜ ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਧਾਰਮਿਕ ਕਵਿਤਾਵਾਂ ਤੇ ਪ੍ਰਸੰਗ ਲਿਖਣ ਲਈ ਅਨੇਕਾਂ ਕਵੀ ਅਤੇ ਲੇਖਕ ਆਪਣਾ ਕਲਮੀ ਯੋਗਦਾਨ ਪਾ ਚੁੱਕੇ ਹਨ। ਧਾਰਮਿਕ ਤੇ ਇਤਿਹਾਸਕ ਕਵਿਤਾਵਾਂ ਲਿਖਣ ਲਈ ਹਰ ਲੇਖਕ ਨੂੰ ਸਖ਼ਤ ਘਾਲਣਾ ਘਾਲਣੀ ਪੈਂਦੀ ਹੈ, ਗੁਰਬਾਣੀ ਅਤੇ ਸਿੱਖ ਇਤਿਹਾਸ ਜਾਣਕਾਰੀ ਇਕੱਤਰ ਕਰਨੀ ਕੋਈ ਸੁਖੈਨਾ ਕਾਰਜ ਨਹੀਂ। ਇਸ ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਇਤਿਹਾਸਕ ਪ੍ਰਸੰਗ ਤੇ ਕਵਿਤਾਵਾਂ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਪ੍ਰਤੀ ਸੰਗਤ ਦੀ ਅਥਾਹ ਸ਼ਰਧਾ ਅਤੇ ਪ੍ਰੇਮ ਨੂੰ ਮੱਦੇ-ਨਜ਼ਰ ਰੱਖ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। 'ਬਾਗੀ' ਅਜਿਹਾ ਕਵੀ ਤੇ ਲੇਖਕ ਹੈ, ਜਿਸ ਨੂੰ ਅਨੇਕਾਂ ਕਲਾਕਾਰਾਂ ਅਤੇ ਢਾਡੀਆਂ, ਕਵੀਸ਼ਰਾਂ ਨੇ ਗਾਇਨ ਕੀਤਾ ਹੈ। ਉਸ ਦੀਆਂ ਕਾਵਿ-ਰਚਨਾ ਦੀਆਂ ਵੱਖ-ਵੱਖ ਵੰਨਗੀਆਂ ਵਿਚ ਕੋਰੜਾ ਛੰਦ, ਦੋਤਾਰਾ, ਡੋਲੀ, ਕਮਾਣੀ, ਬੈਂਤ, ਕਬਿੱਤ, ਸਾਕਾ ਅਤੇ ਵਾਰਾਂ ਸ਼ਾਮਿਲ ਹਨ। ਉਸ ਦੇ ਲਿਖੇ ਪ੍ਰਸੰਗ ਅਤੇ ਕਵਿਤਾਵਾਂ ਸਰੋਤੇ ਤੇ ਪਾਠਕ ਨੂੰ ਕੀਲਣ ਦੀ ਵੱਡੀ ਤਾਕਤ ਰੱਖਦੇ ਹਨ। ਉਸ ਦੀ ਹਰ ਰਚਨਾ ਵਿਚ ਸਰਲਤਾ ਤੇ ਸਪੱਸ਼ਟਤਾ ਦੀ ਝਲਕ ਮਿਲਦੀ ਹੈ।
ਪੁਸਤਕ ਦੇ ਪਹਿਲੇ ਹਿੱਸੇ ਵਿਚ ਸ਼ਾਮਿਲ ਪ੍ਰਸੰਗ ਅਤੇ ਕਵਿਤਾਵਾਂ ਵਿਚ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ, ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ਼ਹੀਦੀ ਛੋਟੇ ਸਾਹਿਬਜ਼ਾਦੇ, ਸ਼ਹੀਦੀ ਭਾਈ ਮਨੀ ਸਿੰਘ ਜੀ, ਸ਼ਹੀਦੀ ਭਾਈ ਤਾਰੂ ਸਿੰਘ, ਸ਼ਹੀਦੀ ਭਾਈ ਹਕੀਕਤ ਰਾਏ, ਸ਼ਹੀਦੀ ਭਾਈ ਸ਼ਾਹਬਾਜ਼ ਸਿੰਘ, ਸੁਬੇਗ ਸਿੰਘ, ਸ਼ਹੀਦੀ ਬੀਬੀ ਸ਼ਰਨ ਕੌਰ ਅਤੇ ਸ਼ਹੀਦ ਸਿੰਘਣੀਆਂ ਸ਼ਾਮਿਲ ਹਨ। ਪੁਸਤਕ ਦੇ ਪਹਿਲੇ ਹਿੱਸੇ ਵਿਚ ਦੋ ਕਵਿਤਾਵਾਂ ਅਤੇ ਦੂਜੇ ਭਾਗ ਵਿਚ ਸੱਤ ਕਵਿਤਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚ 'ਖ਼ਤਮ ਸਿੱਖਾਂ ਨੂੰ ਕਰਦੀਆਂ ਆਈਆਂ', 'ਸੱਚ ਦਾ ਚਾਨਣ ਕਰ ਦੇ', 'ਬਣ ਗਈ ਨਹਿਰ', 'ਸਿੱਖੀ ਨੂੰ ਮੁਕਾਉਣ ਵਾਲੇ ਆਪ ਮੁੱਕ ਗਏ', 'ਖ਼ਾਲਸਾ ਪੰਥ', 'ਸਿੱਖ ਕੌਮ ਸ਼ਹੀਦਾਂ ਦੀ', 'ਤੂੰ ਸਿੱਖਾਂ ਨਾਲ ਮੁੱਢ ਤੋਂ ਦਿੱਲੀਏ' ਕਵਿਤਾਵਾਂ ਨੂੰ ਯੋਗ ਥਾਂ ਦਿੱਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਸਫ਼ਲ ਢਾਡੀ ਸੁਖਨਰੰਜਣ ਸਿੰਘ ਸੁੰਮਨ ਲੁਧਿਆਣਾ ਵਲੋਂ 'ਦੋ ਸ਼ਬਦ' ਸਿਰਲੇਖ ਅਧੀਨ ਲੇਖਨ ਸੰਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਸਤਕ ਦੇ ਆਰੰਭ ਵਿਚ ਪਹਿਲੀ ਕਵਿਤਾ 'ਜੁਗਨੀ' ਦੀ ਵੰਨਗੀ :-
ਲੋਹਾਂ ਤੱਤੀਆਂ 'ਤੇ ਚੜ੍ਹ ਬਹਿੰਦੇ ਜੋ,
ਸੀਅ ਤੱਕ ਨਾ ਮੌਤ ਮੂੰਹੋਂ ਕਹਿੰਦੇ ਜੋ,
ਸੜ ਅੱਗ ਵਿਚ ਵੀ ਖੁਸ਼ ਰਹਿੰਦੇ ਜੋ,
ਹੈ ਇਹ ਪਹਿਚਾਣ ਸ਼ਹੀਦਾਂ ਦੀ,
ਇਹ ਸਿੱਖੀ ਖਾਣ ਸ਼ਹੀਦਾਂ ਦੀ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪ੍ਰਸੰਗ ਦੀ ਇਕ ਵੰਨਗੀ :
ਰੱਬ ਦਾ ਭਾਣਾ ਮਿੱਠਾ ਕਰਕੇ
ਜੋ ਜਗਿਆਸੂ ਮੰਨੇ,
ਉਹਦੀ ਬੇੜੀ ਡੁੱਬਦੀ ਲਾਉਂਦਾ ਆਪ ਵਾਹਿਗੁਰੂ ਬੰਨੇ।
ਹਰ ਥਾਂ ਆਣ ਸਹਾਈ ਹੁੰਦਾ, ਵਿੰਗਾ ਹੋਵੇ ਵਾਲ ਨਾ,
ਜੋ ਕਰਨਾ ਅਕਾਲ ਪੁਰਖ ਨੇ, ਸਕਦਾ ਕੋਈ ਟਾਲ ਨਾ।
ਕਵਿਤਾ 'ਤੂੰ ਸਿੱਖਾਂ ਨਾਲ ਮੁੱਢ ਤੋਂ ਦਿੱਲੀਏ' ਦੀ ਇਕ ਵੰਨਗੀ ਵੀ ਵਾਚਣਯੋਗ ਹੈ :
ਸੀਰ ਖੋਰਿਆਂ ਨੂੰ ਚੁੱਕ ਬਰਛਿਆਂ ਵਿਚ ਪਰੋਇਆ ਨੀ,
ਧਰਤੀ ਥਰ ਥਰ ਕੰਬਦੀ ਉੱਪਰੋਂ ਅੰਬਰ ਰੋਇਆ ਨੀ,
ਪਰ ਬੇਦਰਦੇ ਤੂੰ ਤਾਂ ਭੋਰਾ ਰਹਿਮ ਨਾ ਖਾਇਆ ਨੀ,
ਤੂੰ ਸਿੱਖਾਂ ਨਾਲ ਮੁੱਢ ਤੋਂ ਦਿੱਲੀਏ ਵੈਰ ਕਮਾਇਆ ਨੀ।
ਲੇਖਕ ਵਲੋਂ ਰਚੀ ਗਈ ਹਰ ਕਵਿਤਾ ਤੇ ਪ੍ਰਸੰਗ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਪਾਠਕਾਂ ਲਈ ਭਰਪੂਰ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਨਿਕਟ ਭਵਿੱਖ ਵਿਚ ਵੀ ਲੇਖਕ ਵਲੋਂ ਅਜਿਹੇ ਯਤਨ ਜਾਰੀ ਰਹਿਣਗੇ, ਹਰ ਸੂਝਵਾਨ ਪਾਠਕ ਅਜਿਹੀ ਆਸ ਰੱਖਦਾ ਹੈ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
c c c
ਬਾਬਾ ਮੂਲ
(ਭਾਈ ਮੂਲ ਚੰਦ ਜੀ)
ਲੇਖਕ : ਹਰਭਜਨ ਸਿੰਘ ਸੇਲਬਰਾਹ
ਪ੍ਰਕਾਸ਼ਕ : ਮਾਲਵਾ ਬੁੱਕ ਸੈਂਟਰ, ਰਾਮਪੁਰਾ ਫੂਲ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 98146-13178
ਸੰਨ 1588 ਈਸਵੀ ਵਿਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਸੰਤੋਖਸਰ ਦੀ ਸੇਵਾ ਕਰਵਾ ਰਹੇ ਸਨ ਤਾਂ ਉਸ ਸਮੇਂ ਗੰਗਾ ਰਾਮ ਝਾਹਮਟ ਨੇ ਅਨਾਜ ਨਾਲ ਲੰਗਰ ਦੀ ਮਹਾਨ ਸੇਵਾ ਕੀਤੀ ਸੀ। ਉਸ ਦੇ ਸੇਵਾ-ਭਾਵ ਤੇ ਸ਼ਰਧਾ ਤੋਂ ਪ੍ਰਸੰਨ ਹੋ ਕੇ ਆਪਣਾ ਸਿਖ ਬਣਾ ਲਿਆ। ਗੁਰੂ ਸਾਹਿਬ ਦੀ ਆਗਿਆ ਨਾਲ ਉਹ ਬਠਿੰਡਾ ਇਲਾਕੇ ਵਿਚ ਗੁਰਮਤਿ ਦਾ ਪ੍ਰਚਾਰ ਕਰਨ ਲੱਗਾ। ਭਾਈ ਮੂਲ ਚੰਦ ਜੋ ਗੰਗਾ ਰਾਮ ਬ੍ਰਾਹਮਣ ਦਾ ਚੇਲਾ ਸੀ, ਉਸ ਦਾ ਜਨਮ ਬਾਬਾ ਗੰਗਾ ਰਾਮ ਦੇ ਬਚਨਾਂ ਨਾਲ ਹੋਇਆ ਸੀ। ਉਸ ਬਾਰੇ ਮੰਨਿਆ ਜਾਂਦਾ ਸੀ ਕਿ ਉਹ ਪੁੱਤਰਾਂ ਦੀ ਬਖ਼ਸ਼ਿਸ਼ ਕਰਿਆ ਕਰਦਾ ਸੀ। ਲੇਖਕ ਨੇ ਕਈ ਪੁਸਤਕਾਂ ਦਾ ਅਧਿਐਨ ਤੇ ਡੂੰਘੀ ਖੋਜ ਕਰਨ ਉਪਰੰਤ ਇਸ ਕਿਤਾਬ ਦੀ ਰਚਨਾ ਕੀਤੀ ਹੈ। ਇਸ ਵਿਚ ਭਾਈ ਮੂਲ ਚੰਦ ਜੀ ਦੇ ਜੀਵਨ ਨਾਲ ਸੰਬੰਧਿਤ ਹੇਠ ਲਿਖੇ ਸਿਰਲੇਖਾਂ ਅਧੀਨ ਵਿਆਖਿਆ ਕੀਤੀ ਗਈ ਹੈ। ਬਾਬਾ ਮੂਲਾ ਬਚਨਾਂ ਦਾ ਪੂਰਾ, ਭਾਈ ਮੂਲ ਚੰਦ ਜੀ ਦਾ ਜਨਮ, ਪਰਿਵਾਰਕ ਪਿਛੋਕੜ, ਭਾਈ ਸਾਹਿਬ ਦੇ ਫੂਲਕਿਆਂ ਨਾਲ ਸੰਬੰਧ, ਭਾਈ ਸਾਹਿਬ ਦੀਆਂ ਕਰਾਮਾਤਾਂ, ਤਲਵੰਡੀ ਸਾਬੋ ਵਿਖੇ ਰੋਟੀ ਪਾਣੀ ਛਕਣਾ, ਮਿੱਤਰ ਸੈਨ ਦੀ ਹੈਂਕੜ ਮਿਟਾਉਣੀ, ਬਾਲਕ ਸੰਤੋਖ ਰਾਏ ਦਾ ਜਨਮ, ਪਰਮਾਤਮਾ ਦੇ ਨਾਮ ਦੇ ਦਸਵੰਧ ਕਢਵਾਉਣੇ, ਰਾਣੀਆਂ ਵਿਖੇ ਮੀਂਹ ਦੀ ਮਿਹਰ ਕਰਨੀ, ਡੋਗਰੀ ਦੀ ਗੋਦ ਭਰਨੀ, ਬਾਬਾ ਆਲਾ ਸਿੰਘ ਜੀ ਦੀ ਉਲਝਣ ਦਾ ਹੱਲ ਕਰਨਾ, ਦੁੱਧ ਦੀ ਥੁੜ ਦੂਰ ਕਰਨੀ, ਆਸਾਂ ਪੂਰੀਆਂ ਹੋਣ ਲੱਗੀਆਂ, ਬੀਬੀ ਨੰਦ ਕਿਸ਼ੋਰੀ ਦੀ ਵਾਰਤਾ, ਭਾਈ ਸਾਹਿਬ ਦੀ ਬੈਕੁੰਠ ਯਾਤਰਾ, ਭਾਈ ਸਾਹਿਬ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੇ ਵਰਣਨ, ਭਾਈ ਸਾਹਿਬ ਦੇ ਪਿਤਾ ਸਿੰਧੀ ਚੰਦ ਦਾ ਦਿਹਾਂਤ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਵਰਨਣ, ਭਾਈ ਸਾਹਿਬ ਜੀ ਦੀ ਵੰਸ਼ ਦੇ ਆਖ਼ਰੀ ਚਿਰਾਗ, ਸ. ਭਗਵਾਨ ਸਿੰਘ ਕਵੀਸ਼ਰ ਦੀ ਜੀਵਨੀ, ਸਹਾਇਕ ਪੁਸਤਕਾਂ ਦੀ ਸੂਚੀ ਆਦਿ। ਲੇਖਕ ਹਰਭਜਨ ਸਿੰਘ ਸੇਲਬਰਾਹ ਨੇ ਜਿਸ ਲਗਨ ਤੇ ਮਿਹਨਤ ਨਾਲ ਇਸ ਪੁਸਤਕ ਦੀ ਰਚਨਾ ਕੀਤੀ ਹੈ, ਉਸ ਲਈ ਉਹ ਪ੍ਰਸੰਸਾ ਤੇ ਵਧਾਈ ਦਾ ਪਾਤਰ ਹੈ। ਉਮੀਦ ਹੈ ਪਾਠਕਾਂ ਨੂੰ ਭਾਈ ਮੂਲ ਚੰਦ ਜੀ ਬਾਰੇ ਬੜੀ ਰੌਚਕ ਤੇ ਪ੍ਰੇਰਨਾਦਾਇਕ ਜਾਣਕਾਰੀ ਪ੍ਰਾਪਤ ਹੋਵੇਗੀ।
-ਕੰਵਲਜੀਤ ਸਿੰਘ ਸੂਰੀ
ਮੋਬਾਈਲ : 93573-24241
ਚਿੜੀਆਂ
ਲੇਖਕ : ਸੁਖਵਿੰਦਰ ਅੰਮ੍ਰਿਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 180 ਰੁਪਏ, ਸਫ਼ੇ : 95
ਸੰਪਰਕ : sukhwinderamrit@gmail.com
ਪੰਜਾਬੀ ਕਵਿਤਾ ਦੇ ਵਿਹੜੇ ਵਿਚ ਸੁਖਵਿੰਦਰ ਅੰਮ੍ਰਿਤ ਕਿਸੇ ਰਸਮੀ ਜਾਣ-ਪਛਾਣ ਦੀ ਮੁਥਾਜ ਨਹੀਂ। ਉਸ ਦੇ ਅਨੇਕਾਂ ਕਾਵਿ-ਸੰਗ੍ਰਹਿਆਂ ਦੀਆਂ ਵਾਰ-ਵਾਰ ਪ੍ਰਕਾਸ਼ਨਾਵਾਂ ਹੋ ਰਹੀਆਂ ਹਨ। ਉਸ ਦੀਆਂ ਕਵਿਤਾਵਾਂ ਵਿਚ ਆਤਮ-ਨਿਰੀਖਣ, ਆਤਮ-ਸੰਵਾਦ, ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦਾ ਪ੍ਰਗਟਾਵਾ ਹੋਇਆ ਪ੍ਰਤੀਤ ਹੁੰਦਾ ਹੈ। ਕਿਹਾ ਜਾ ਸਕਦਾ ਹੈ ਕਿ ਉਹ ਕਾਵਿ ਦਾ ਵਗਦਾ ਦਰਿਆ ਹੈ। ਇੰਜ ਜਾਪਦਾ ਹੈ ਜਿਵੇਂ ਉਸ ਦਾ ਵਜੂਦ ਹੀ ਕਵਿਤਾ ਨਾਲ ਲਬਰੇਜ਼ ਹੈ। ਕਵਿਤਾ ਹੀ ਅੰਮ੍ਰਿਤ ਹੈ, ਅੰਮ੍ਰਿਤ ਹੀ ਕਵਿਤਾ ਹੈ। ਉਸ ਦੀਆਂ ਕਵਿਤਾਵਾਂ ਵਿਚ ਕਾਵਿ-ਮੈਂ (ਪੋਇਟਿਕ ਆਈ), ਕਾਵਿ-ਤੂੰ (ਪੋਇਟਿਕ-ਯੂ) ਨੂੰ ਸੰਬੋਧਨ ਕਰਦੀ ਹੈ। ਕਿਧਰੇ ਚਿੜੀਆਂ ਨੂੰ, ਕਿਧਰੇ ਕੁੜੀਆਂ ਨੂੰ, ਕਿਧਰੇ ਪ੍ਰਕਿਰਤੀ ਨੂੰ, ਕਿਧਰੇ ਪਿਆਰੇ ਨੂੰ, ਕਿਧਰੇ ਰਿਸ਼ਤਿਆਂ (ਮਾਂ, ਪੁੱਤ, ਧੀਆਂ, ਬਾਬਲ) ਨੂੰ। ਪਰ ਇਹ ਸਾਰੇ ਸੰਵਾਦ ਇਕ-ਪਾਸੜ ਹਨ। ਦੂਜੀ ਧਿਰ ਨੂੰ ਆਪਣੀ ਕਹਿਣ ਦਾ ਸਮਾਂ ਮਿਲਦਾ, ਪਰ ਘੱਟ। ਕਵਿ-ਮੈਂ ਮੁਹੱਬਤ ਦੀ ਦ੍ਰਿਸ਼ਟੀ ਤੋਂ ਪ੍ਰੀਤ ਦੇ ਸੰਕਲਪ ਸੰਤੁਸ਼ਟਤਾ ਅਤੇ ਅਸੰਤੁਸ਼ਟਤਾ ਦਰਮਿਆਨ ਕੰਪਨ ਵਿਚ ਹੈ। ਪ੍ਰਕਿਰਿਤਕ ਮੈਟਾਫ਼ਰਾਂ ਦੇ ਪੰਜ ਤੱਤ (ਹਵਾ, ਪਾਣੀ, ਧਰਤੀ, ਅਕਾਸ਼, ਅੱਗ) ਸਾਰਥਕ ਰੂਪ ਵਿਚ ਪ੍ਰਯੋਗ ਕੀਤੇ ਮਿਲਦੇ ਹਨ। ਇਸ ਸੰਗ੍ਰਹਿ ਦੀ ਸਾਰੀ ਕਵਿਤਾ ਬੰਧਨ-ਮੁਕਤ (ਬਲੈਂਕ ਵਰਸ) ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਬੀਇੰਗ (ਹੋਂਦ), ਬਿਕਮਿੰਗ (ਹੋਣੀ) ਦੀ ਦ੍ਰਿਸ਼ਟੀ ਤੋਂ ਵਿਚਾਰੇ ਜਾਣ ਦੇ ਯੋਗ ਹਨ ਕਿਉਂਕਿ 'ਕਾਵਿ-ਮੈਂ' ਨੂੰ ਆਪਣੇ ਅਸਤਿਤਵ ਦੀ ਪਛਾਣ ਹੈ। ਉਸ ਨੂੰ ਨਿਜੀ ਹੋਂਦ ਦੀਆਂ ਵਿਭਿੰਨ ਪਰਿਸਿਥਤੀਆਂ ਦੀ ਗਹਿਰੀ ਪਕੜ ਹੈ। ਜਜ਼ਬਾਤਾਂ ਦਾ ਆਪ ਮੁਹਾਰਾ ਵਹਿਣ ਹੈ-ਹਥਲਾ ਕਾਵਿ-ਸੰਗ੍ਰਹਿ। ਕਵਿਤਾ ਉਸ ਲਈ ਕੁਦਰਤੀ ਤੋਹਫ਼ਾ ਹੈ। ਉਹਦੇ ਬੋਲ, ਉਹਦੀ ਸਿਰਜਣ-ਪ੍ਰਕਿਰਿਆ ਦੀ ਸਾਖੀ ਭਰਦੇ ਹਨ। ਰਤਾ ਵੇਖੋ :
ਤੇ ਇਕ ਦਿਨ /ਇਹ ਕ੍ਰਿਸ਼ਮੇ ਸੱਚਮੁੱਚ ਵਾਪਰ ਗਏ
ਮੈਨੂੰ ਵਰ ਪ੍ਰਾਪਤ ਹੋ ਗਏ / ਮੈਂ ਪਹਾੜੋਂ ਉਤਰੀ ਨਦੀ ਵਾਂਗ
ਸਫ਼ਿਆਂ 'ਤੇ ਵਹਿਣ ਲੱਗੀ। ਪੰ. 39
ਉਸ ਦੇ ਕਾਵਿ ਦਾ ਕੇਂਦਰੀ ਕਾਵਿ-ਪੈਰਾਡਾਇਮ ਮੁਹੱਬਤ ਹੈ, ਜਿਸ ਵਿਚ ਉਹ ਸੰਜੋਗ/ਵਿਜੋਗ ਤੋਂ ਵੈਰਾਗ ਤੱਕ ਦੀ ਯਾਤਰਾ ਕਰਦੀ ਪ੍ਰਤੀਤ ਹੁੰਦੀ ਹੈ। ਸੁਖਵਿੰਦਰ ਅੰਮ੍ਰਿਤਾ ਮਹਿਲਾ (ਫੀਮੇਲ), ਨਾਰੀਤਵ (ਫੈਮੀਲਿਟੀ) ਅਤੇ ਨਾਰੀਵਾਦ (ਫੈਮੀਨਿਜ਼ਮ) ਤਿੰਨਾਂ ਸਟੇਜਾਂ ਦੀ ਪ੍ਰਸਤੁਤੀ 'ਤੇ ਪੂਰੀ ਉਤਰਦੀ ਹੈ। ਕਿਧਰੇ-ਕਿਧਰੇ ਮਰਦਾਂ ਦੇ ਔਰਤ ਨਾਲ ਵਿਤਕਰੇ ਦਾ ਪ੍ਰਗਟਾਵਾ ਕਰਦੀ ਵਿਦਰੋਹੀ ਸੁਰ ਵੀ ਅਪਣਾ ਜਾਂਦੀ ਹੈ। ਕਵਿਤਾ 'ਇਹ ਨਹੀਂ ਜਾਣਦੇ' ਇਸ ਦੀ ਉਦਾਹਰਨ ਹੈ :
ਇਹ ਤਾਂ ਸੱਤ ਨਰਕਾਂ ਦੀ ਅੱਗ ਵਿਚ ਤਪ ਕੇ ਵੀ
ਰਾਂਝੇ ਨੂੰ ਵੀਰ / ਅਤੇ ਹੀਰ ਨੂੰ ਭੈਣ ਕਹਿਣ ਦੇ /
ਕਾਬਲ ਨਹੀਂ ਹੋ ਸਕਦੇ। ਪੰ. 88
ਸੰਖੇਪ ਇਹ ਕਿ ਅੰਮ੍ਰਿਤਾ ਦੀਆਂ ਕਵਿਤਾਵਾਂ ਅਪ੍ਰਤੀਬਿੰਬਤ ਚੇਤਨਾ ਤੋਂ ਆਰੰਭ ਹੋ ਕੇ ਪ੍ਰਤਿਬਿੰਬਤ ਚੇਤਨਾ ਤੱਕ ਅੱਪੜ ਜਾਂਦੀਆਂ ਹਨ।
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com
ਗਿਆਨੀ ਦਿੱਤ ਸਿੰਘ ਦੀ ਪੰਜਾਬੀ ਵਾਰਤਕ
(ਸਾਹਿਤ ਇਤਿਹਾਸ-ਮੂਲਕ ਅਧਿਐਨ)
ਲੇਖਿਕਾ : ਡਾ. ਵਰਿੰਦਰ ਕੌਰ ਭਾਟੀਆ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 216
ਸੰਪਰਕ : 96466-68524
'ਗਿਆਨੀ ਦਿੱਤ ਸਿੰਘ ਦੀ ਪੰਜਾਬੀ ਵਾਰਤਕ' (ਸਾਹਿਤ ਇਤਿਹਾਸ-ਮੂਲਕ ਅਧਿਐਨ) ਡਾ. ਵਰਿੰਦਰ ਕੌਰ ਭਾਟੀਆ ਦੀ ਖੋਜ ਭਰਪੂਰ ਪੁਸਤਕ ਹੈ। ਇਸ ਪੁਸਤਕ ਵਿਚ ਲੇਖਿਕਾ ਨੇ 19ਵੀਂ ਸਦੀ ਦੇ ਅੱਧ ਵਿਚ ਜਨਮੇ ਗਿਆਨੀ ਦਿੱਤ ਸਿੰਘ ਦੇ ਇਤਿਹਾਸਕ, ਮੁੱਲਵਾਨ, ਗੌਲਣਯੋਗ ਅਤੇ ਸਲਾਹੁਣਯੋਗ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਹੈ।
ਗਿਆਨੀ ਜੀ ਇਕ ਸਫ਼ਲ ਅਧਿਆਪਕ, ਕਲਮ ਦੇ ਧਨੀ, ਕਵੀ ਅਤੇ ਵਾਰਤਾਕਾਰ, ਗੋਸ਼ਟੀ ਕਲਾ ਦੇ ਮਾਹਿਰ, ਸੁਘੜ ਸੰਪਾਦਕ, ਸੁਲਝੇ ਹੋਏ ਪੱਤਰਕਾਰ, ਬਹੁਤ ਹੀ ਪ੍ਰਭਾਵਸ਼ਾਲੀ ਵਕਤਾ, ਮਨੋਵਿਗਿਆਨੀ, ਵਿਗਿਆਨਕ ਧਾਰਨਾ ਦੇ ਪੱਖੀ, ਅੰਧਵਿਸ਼ਵਾਸੀ ਵਰਤਾਰੇ ਦੇ ਸਖ਼ਤ ਵਿਰੋਧੀ, ਵਿੱਦਿਆ ਪ੍ਰੇਮੀ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਨੂੰ ਸਮਰਪਿਤ ਸ਼ਖ਼ਸੀਅਤ, ਗੁਰਬਾਣੀ ਦੇ ਡੂੰਘੇ ਵਿਚਾਰਵਾਨ, ਕੌਮੀ ਉੱਨਤੀ ਦੇ ਆਸ਼ਕ, ਬੜੀ ਨਿਆਰੀ ਸ਼ੈਲੀ ਦੇ ਮਾਹਿਰ, ਪ੍ਰਮੁੱਖ ਸਮਾਜ ਸੁਧਾਰਕ, ਇਸਤਰੀਆਂ ਦੀ ਪੜ੍ਹਾਈ ਦੇ ਹਮਾਇਤੀ, ਸਿੰਘ ਸਭਾਈ ਵਿਆਖਿਆ ਪ੍ਰਣਾਲੀ ਦੇ ਮੋਢੀ, ਆਪਣਾ ਪੂਰਾ ਜੀਵਨ ਇਕ ਮਿਸ਼ਨਰੀ ਭਾਵਨਾ ਤਹਿਤ ਸਿੱਖ ਕੌਮ ਦੇ ਲੇਖੇ ਲਾਉਣ ਵਾਲ਼ੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਬਹੁਤ ਵੱਡੇ ਮੁੱਦਈ ਸਨ।
ਲੇਖਿਕਾ ਨੇ ਆਪਣੀ ਇਸ ਖੋਜ ਭਰਪੂਰ ਪੁਸਤਕ ਨੂੰ ਕੁੱਲ ਸੱਤ ਅਧਿਆਇਆਂ ਵਿਚ ਵੰਡਿਆ ਹੈ। ਪਹਿਲੇ ਅਧਿਆਇ ਵਿਚ ਸਿੰਘ ਸਭਾ ਲਹਿਰ ਦੇ ਧਾਰਮਿਕ, ਸਮਾਜਿਕ, ਸਾਹਿਤਕ, ਵਿੱਦਿਅਕ, ਸੱਭਿਆਚਾਰਕ ਪਿਛੋਕੜ ਸੰਬੰਧੀ ਜ਼ਿਕਰ ਕਰਦਿਆਂ ਇਹ ਤੱਤ ਕੱਢਿਆ ਹੈ ਕਿ ਗਿਆਨੀ ਦਿੱਤ ਸਿੰਘ ਜੀ, ਪ੍ਰੋ. ਗੁਰਮੁਖ ਸਿੰਘ ਦੀ ਪ੍ਰੇਰਨਾ ਸਦਕਾ ਸਿੰਘ ਸਭਾ ਲਹਿਰ ਨਾਲ ਜੁੜ ਗਏ। ਉਹ ਆਪਣੇ ਜੀਵਨ ਦੇ ਅੰਤ ਤੱਕ ਇਸ ਲਹਿਰ ਨਾਲ ਜੁੜ ਕੇ ਸਮਾਜ ਸੁਧਾਰ ਦੇ ਕਾਰਜ ਕਰਦੇ ਰਹੇ। ਦੂਜੇ ਅਧਿਆਇ ਵਿਚ ਗਿਆਨੀ ਜੀ ਵਲੋਂ ਇਕ ਪੱਛੜੇ ਪੇਂਡੂ ਪਰਿਵਾਰ ਵਿਚ ਜਨਮ ਲੈ ਕੇ ਅਨੇਕਾਂ ਘਾਟਾਂ, ਅਣਹੋਂਦਾਂ, ਸੀਮਾਵਾਂ ਨੂੰ ਉਲੰਘ ਕੇ ਆਪਣੀ ਅਦਭੁੱਤ ਯੋਗਤਾ ਦਾ ਸਿੱਕਾ ਮਨਵਾਉਣ ਦਾ ਜ਼ਿਕਰ ਕੀਤਾ ਗਿਆ ਹੈ। ਤੀਜੇ ਅਧਿਆਇ ਵਿਚ ਗਿਆਨੀ ਜੀ ਵਲੋਂ ਗੁਲਾਬਦਾਸੀ ਸੰਪਰਦਾਇ ਵਿਚ ਰਹਿੰਦਿਆਂ ਹੋਇਆਂ ਅਬਲਾ ਨਿੰਦ, ਮਨਸੰਬੋਧਕ ਗ੍ਰੰਥ, ਕਿੱਸਾ ਸ਼ੀਰੀ ਫਰਹਾਦ ਰਚਨਾਵਾਂ ਦੀ ਸਿਰਜਣਾ ਕੀਤੀ। ਚੌਥੇ ਅਧਿਆਇ ਵਿਚ ਗਿਆਨੀ ਜੀ ਦੁਆਰਾ ਰਚਿਤ ਧਾਰਮਿਕ ਰਚਨਾਵਾਂ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਜੀਵਨ ਕਥਾ ਗੁਰੂ ਅੰਗਦ ਦੇਵ ਜੀ ਸੰਬੰਧੀ ਗੱਲ ਕੀਤੀ ਗਈ ਹੈ। ਪੰਜਵੇਂ ਅਧਿਆਇ ਵਿਚ ਨਕਲੀ ਸਿੱਖ ਪ੍ਰਬੋਧ, ਮੇਰਾ ਤੇ ਸਾਧੂ ਦਯਾ ਨੰਦ ਜੀ ਦਾ ਸੰਵਾਦ, ਦੰਭ ਵਿਦਾਰਨ, ਨੀਤੀ ਵਿਚਾਰ, ਨੀਤੀ ਪ੍ਰਕਾਸ਼, ਨੀਤੀ ਗੁਲਦਸਤਾ ਆਦਿ ਰਚਨਾਵਾਂ ਉੱਤੇ ਵਿਚਾਰ-ਚਰਚਾ ਕੀਤੀ ਗਈ ਹੈ। ਛੇਵੇਂ ਅਧਿਆਇ ਵਿਚ ਗਿਆਨੀ ਜੀ ਦੀ ਵਾਰਤਕ ਦੀ ਸਰਲ, ਸਪੱਸ਼ਟ, ਸੰਜਮਤਾ ਦੀ ਧਾਰਨੀ ਭਾਸ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੱਤਵੇਂ ਅਧਿਆਏ ਵਿਚ ਗਿਆਨੀ ਜੀ ਦੇ ਪੰਜਾਬੀ ਪੱਤਰਕਾਰੀ ਲਈ ਕੀਤੇ ਮਹੱਤਵਪੂਰਨ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ।
ਸੱਚ ਤਾਂ ਇਹ ਹੈ ਕਿ ਪੰਜਾਬੀ ਪੱਤਰਕਾਰੀ ਵਿਚ ਉਨ੍ਹਾਂ ਦਾ ਸਥਾਨ ਮੋਢੀਆਂ ਵਾਲ਼ਾ ਰਿਹਾ ਹੈ। ਲਾਹੌਰ ਤੋਂ ਛਪਦੇ 'ਖ਼ਾਲਸਾ' ਅਖ਼ਬਾਰ ਵਿਚ ਉਨ੍ਹਾਂ ਦੇ ਲਿਖੇ ਅਣਗਿਣਤ ਲੇਖ, ਵਾਰਤਾਵਾਂ, ਪ੍ਰਸੰਗ ਉਨ੍ਹਾਂ ਦੀ ਪੰਜਾਬੀ ਪੱਤਰਕਾਰੀ ਵਿਚ ਘਾਲੀ ਘਾਲਣਾ ਨੂੰ ਉਜਾਗਰ ਕਰਦੇ ਹਨ।
ਸੱਚ ਤਾਂ ਇਹ ਹੈ ਕਿ ਗਿਆਨੀ ਦਿੱਤ ਸਿੰਘ ਜੀ ਦਾ ਮੁੱਖ ਉਦੇਸ਼ ਸਿੱਖ ਧਰਮ ਦੇ ਮਹਾਨ ਸਿਧਾਂਤਾਂ, ਅਸੂਲਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੇ ਮਹਾਨ ਸੰਕਲਪਾਂ ਨੂੰ ਬਹੁਤ ਹੀ ਠੇਠ, ਸਰਲ ਅਤੇ ਸੌਖੀ ਸ਼ਬਦਾਵਲੀ ਵਿਚ ਪੇਸ਼ ਕਰਕੇ ਜਨ ਸਧਾਰਨ ਵਿਚ ਪਾਏ ਜਾਂਦੇ ਵਹਿਮਾਂ-ਭਰਮਾਂ, ਊਚ-ਨੀਚ, ਹੋਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟ ਸੁੱਟਣਾ ਹੀ ਸੀ। ਜਿਸ ਵਿਚ ਗਿਆਨੀ ਜੀ ਬਹੁਤ ਹੱਦ ਤੱਕ ਕਾਮਯਾਬ ਹੋਏ।
ਅੰਤ ਵਿਚ ਮੈਂ ਇਸ ਖੋਜ ਭਰਪੂਰ ਪੁਸਤਕ ਦੀ ਲੇਖਿਕਾ ਡਾ. ਵਰਿੰਦਰ ਕੌਰ ਭਾਟੀਆ ਨੂੰ ਮੁਬਾਰਕਬਾਦ ਦਿੰਦਾ ਹੋਇਆ ਸਿੱਖੀ ਸੰਕਲਪਾਂ ਸੰਬੰਧੀ ਭਰਪੂਰ ਜਾਣਕਾਰੀ ਹਾਸਿਲ ਕਰਨ ਵਾਲੇ ਪਾਠਕਾਂ ਅਤੇ ਜਗਿਆਸੂਆਂ ਨੂੰ 'ਗਿਆਨੀ ਦਿੱਤ ਸਿੰਘ ਦੀ ਪੰਜਾਬੀ ਵਾਰਤਕ ਸਾਹਿਤ ਇਤਿਹਾਸ-ਮੂਲਕ ਅਧਿਐਨ' ਖੋਜ ਭਰਪੂਰ ਪੁਸਤਕ ਪੜ੍ਹਨ ਲਈ ਸੁਝਾਅ ਦਿੰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
ਆਈਸ਼ਾ ਕਰੋ
ਲੇਖਕ : ਸੁਰਿੰਦਰਜੀਤ ਸਿੰਘ ਸੰਧੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 102
ਸੰਪਰਕ : 93562-92513
'ਆਈਸ਼ਾ ਕਰੋ' ਸੁਰਿੰਦਰਜੀਤ ਸਿੰਘ ਸੰਧੂ ਦਾ ਨਵਾਂ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਕਹਾਣੀਕਾਰ ਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਸ ਪੁਸਤਕ ਦਾ ਸਿਰਲੇਖ 'ਆਈਸ਼ਾ ਕਰੋ' ਪਾਠਕ ਦਾ ਧਿਆਨ ਆਪਣੇ ਵੱਲ ਆਪਣੀ ਰੌਚਿਕਤਾ ਕਰਕੇ ਖਿੱਚਦਾ ਹੈ ਪਰ ਇਹ ਇਕ ਸਰਕਾਰੀ ਅਫ਼ਸਰ ਭਾਵ ਕਮਿਸ਼ਨਰ ਸਾਹਿਬ ਦਾ ਕਹਾਣੀ ਵਿਚ ਵਾਰਤਾਲਾਪ ਹੈ ਜੋ ਫਾਇਰ ਪਲੇਸ ਬਣਾਉਣ ਲਈ ਆਪਣੇ ਮਾਤਹਿਤ ਅਫ਼ਸਰਾਂ ਨੂੰ ਹਦਾਇਤ ਕਰ ਰਿਹਾ ਸੀ। ਇਸ ਕਹਾਣੀ-ਸੰਗ੍ਰਹਿ ਦੀ ਖ਼ਾਸੀਅਤ ਇਹ ਹੈ ਕਿ ਜਿਵੇਂ ਪੰਜਾਬੀ ਕਹਾਣੀਕਾਰਾ ਅਜੀਤ ਕੌਰ ਆਪਣੀਆਂ ਕਹਾਣੀਆਂ ਵਿਚ ਸਰਕਾਰੀ ਤੰਤਰ ਅਤੇ ਅਮਲੇ ਫੈਲੇ ਦੀਆਂ ਮਨਮਾਨੀਆਂ ਅਤੇ ਅਫ਼ਸਰੀ ਰੋਬ੍ਹ ਦਾਬ ਤੋਂ ਉਛਾੜ ਲਾਹੁੰਦੀ ਹੈ, ਉਸੇ ਤਰ੍ਹਾਂ ਹੀ ਸੁਰਿੰਦਰਜੀਤ ਸਿੰਘ ਸੰਧੂ ਵੀ ਆਪਣੀ ਬਾਰੀਕਬੀਨੀ ਦ੍ਰਿਸ਼ਟੀ ਨਾਲ ਸਰਕਾਰੀ ਤੰਤਰ ਦੇ ਕਾਰਜਾਂ ਨੂੰ ਆਪਣੀ ਵਿਅੰਗਾਤਮਿਕ ਸ਼ੈਲੀ ਵਿਚ ਪੇਸ਼ ਕਰਦਾ ਹੈ। 'ਇੰਝ ਤਾਂ ਭੁੱਖੇ ਮਰ ਜਾਂਗੇ', 'ਪਰਸ਼ਾਦ ਵੀ ਕਰਾ ਦਿੱਤਾ ਸਰ', 'ਆਈਸ਼ਾ ਕਰੋ', 'ਵਿਦਾਇਗੀ ਖਾਣਾ' ਆਦਿ ਕਹਾਣੀਆਂ ਸਰਕਾਰੀ ਅਫ਼ਸਰਾਂ ਅਤੇ ਉਨ੍ਹਾਂ ਦੇ ਵਰਤਾਰਿਆਂ ਤੋਂ ਪਰਦਾ ਲਾਹੁੰਦੀਆਂ ਕਹਾਣੀਆਂ ਹਨ। ਇਸੇ ਤਰ੍ਹਾਂ 'ਵੱਡਿਆਂ ਨਾਲ ਪੰਗਾ ਨਹੀਂ ਲਈਦਾ' ਕਹਾਣੀ ਆਪਣੇ ਘਰ ਲੱਗੀ ਅੱਗ ਅਤੇ ਦੂਜੇ ਦੇ ਘਰ ਬਸੰਤਰ ਵਾਲੀ ਕਹਾਵਤ ਨੂੰ ਹੂ-ਬਹੂ ਸੱਚ ਕਰ ਜਾਂਦੀ ਹੈ। ਘੁੱਦੀ ਕਹਾਣੀ 1947 ਦੀ ਦੇਸ਼ ਵੰਡ ਦੇ ਦੁਖਾਂਤ ਨੂੰ ਪੇਸ਼ ਕਰਦੀ ਕਹਾਣੀ ਹੈ। 'ਇਹ ਵੀ ਦਸਵੰਧ' ਇਕ ਵੱਖਰੇ ਵਿਸ਼ੇ ਨੂੰ ਪੇਸ਼ ਕਰਦੀ ਕਹਾਣੀ ਹੈ। 'ਪਿਆਰਾ ਮਰ ਗਿਆ' ਕਹਾਣੀ ਵੀ ਸਮਾਜਿਕ ਰਿਸ਼ਤਿਆਂ ਦੇ ਸਮੀਕਰਨਾਂ ਨੂੰ ਪੇਸ਼ ਕਰਦੀ ਵਿਅੰਗਾਤਮਿਕ ਕਹਾਣੀ ਹੈ। 'ਲੱਡੂ' ਕਹਾਣੀ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਲਿਖੀ ਕਹਾਣੀ ਹੈ ਜੋ ਦੋਸਤੀ ਅਤੇ ਸਮਾਜਿਕ ਰਿਸ਼ਤਿਆਂ ਦੀਆਂ ਤੰਦਾਂ ਪਕੜਦੀ ਹੈ। ਜੇਕਰ ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਨੂੰ ਸਮੁੱਚੇ ਰੂਪ ਵਿਚ ਵੇਖਿਆ ਜਾਵੇ ਤਾਂ ਇਹ ਕਹਾਣੀਆਂ ਜ਼ਿੰਦਗੀ ਦੇ ਨਿੱਕੇ-ਨਿੱਕੇ ਅਤੇ ਨਿੱਤਾਪ੍ਰਤੀ ਦਰਪੇਸ਼ ਆਉਂਦੇ ਮਸਲਿਆਂ ਨੂੰ ਪੇਸ਼ ਕਰਦੀਆਂ ਹਨ, ਜੋ ਮਨੁੱਖੀ ਜ਼ਿੰਦਗੀ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦੇ ਰੂ-ਬਰੂ ਕਰਦੇ ਹਨ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਹਰਫ਼ਾਂ ਦੇ ਹਰਕਾਰੇ
ਕਵੀ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 114
ਸੰਪਰਕ : 98768-73735
ਹਰਮਿੰਦਰ ਸਿੰਘ ਕੋਹਾਰਵਾਲਾ ਪ੍ਰਸਿੱਧ ਗ਼ਜ਼ਲਗਾਰ ਹੈ। ਇਸ ਕਾਵਿ-ਚਿੱਤਰ ਪੁਸਤਕ ਤੋਂ ਪਹਿਲਾਂ ਉਹ 8 ਕਾਵਿ-ਪੁਸਤਕਾਂ ਦੀ ਪ੍ਰਕਾਸ਼ਨਾ ਕਰਵਾ ਚੁੱਕਾ ਹੈ। ਉਸ ਦੀਆਂ ਪੂਰਵ ਪੁਸਤਕਾਂ ਦਾ ਵੇਰਵਾ ਇਸ ਤਰ੍ਹਾਂ ਹੈ : ਇਕ ਲੱਖ ਲਾਵਾਂ (ਕਾਵਿ-ਸੰਗ੍ਰਹਿ) 2006, ਜਦ ਜ਼ਖ਼ਮ ਦਵਾਤ ਬਣੇ (ਗ਼ਜ਼ਲ ਸੰਗ੍ਰਹਿ) 2012, ਪੀੜਾਂ ਦੀ ਪਰਿਕਰਮਾ (ਗ਼ਜ਼ਲ ਸੰਗ੍ਰਹਿ) 2012, ਕਿਰਨਾਂ ਦੀ ਕਾਸ਼ਤ (ਗ਼ਜ਼ਲ ਸੰਗ੍ਰਹਿ) 2018, ਮਾਲੀ ਮਿਲੇ ਮਕਾਰ (ਦੋਹੇ) 2019, ਜਾਗਰਤ ਪਿੰਡ ਕੋਹਾਰਵਾਲਾ (ਜਾਣਕਾਰੀ) 2019, ਮੈਲੇ ਮੰਜ਼ਰ (ਗ਼ਜ਼ਲ ਸੰਗ੍ਰਹਿ) 2023. ਹਥਲੀ ਪੁਸਤਕ ਪੰਜਾਬੀ ਦੇ ਸਪੂਤ ਤੇ ਪ੍ਰਸਿੱਧ 50 ਲੇਖਕਾਂ ਦੇ ਸ਼ਾਨਦਾਰ ਕਾਵਿ-ਚਿੱਤਰ ਹਨ, ਜਿਨ੍ਹਾਂ ਸਾਹਿਤਕਾਰਾਂ ਦੇ ਕੋਹਾਰਵਾਲਾ ਨੇ ਕਾਵਿ-ਚਿੱਤਰ ਪੇਸ਼ ਕੀਤੇ ਹਨ, ਉਨ੍ਹਾਂ ਵਿਚ ਪੁਰਾਣੇ ਪ੍ਰੌੜ ਅਤੇ ਨਵੇਂ ਵੀ ਹਨ। ਉਸ ਨੇ ਸਾਰੇ ਸਾਹਿਤਕਾਰਾਂ ਨੂੰ ਜਨਮ ਤਾਰੀਖ ਅਨੁਸਾਰ ਪੇਸ਼ ਕੀਤਾ ਹੈ। ਉਸ ਨੇ ਪਹਿਲਾਂ ਸਾਹਿਤਕਾਰ ਸ੍ਰੀ ਰਾਮ ਅਰਸ਼ ਦਾ ਚਿੱਤਰ ਸਿਰਜਿਆ ਹੈ ਜੋ ਕਿ 1936 ਈਸਵੀ ਵਿਚ ਜਨਮਿਆ ਅਤੇ ਆਖਰੀ ਦੀਪਕ ਧਲੇਵਾਂ ਜਨਮ 1985 ਦਾ ਕਾਵਿ-ਚਿੱਤਰ ਪੇਸ਼ ਕੀਤਾ ਹੈ। ਇਸ ਤਰ੍ਹਾਂ ਸ਼ਾਇਰ ਨੇ 50 ਸਾਲਾਂ ਦਾ ਹੀ ਵਕਫ਼ਾ ਲਿਆ ਹੈ ਅਤੇ 50 ਹੀ ਸਾਹਿਤਕਾਰ ਸ਼ਾਮਿਲ ਕੀਤੇ ਹਨ। ਖੂਬੀ ਇਹ ਹੈ ਕਿ ਹਰ ਸਾਹਿਤਕਾਰ ਦੇ ਨਾਂਅ ਨਾਲ ਉਸ ਨੇ ਵਧੀਆ ਵਿਸ਼ੇਸ਼ਣ ਵੀ ਜੋੜੇ ਹਨ ਜਿਵੇਂ :
ਪ੍ਰਬੁੱਧ ਸ਼ਾਇਰ ਸਿਰੀ ਰਾਮ ਅਰਸ਼, ਤੇਜ ਤਰਾਰ ਵਕਤਾ ਡਾ. ਤੇਜਵੰਤ ਮਾਨ, ਉਸਤਾਦ ਸ਼ਾਇਰ ਸੁਲੱਖਣ ਸਰਹੱਦੀ, ਫੱਕਰ ਸ਼ਾਇਰ ਜਗੀਰ ਸੱਧਰ, ਸਮਾਜ ਸੇਵੀ ਲੇਖਿਕਾ ਡਾ. ਗੁਰਚਰਨ ਕੌਰ ਕੋਚਰ, ਸ਼ਾਇਰ ਪਿਉ ਦੀ ਧੀ ਡਾ. ਸਿਮਰਤ ਸੁਮੈਰਾ, ਗ਼ਜ਼ਲਕਾਰ ਸ਼ਮਸ਼ੇਰ ਸਿੰਘ ਮੋਹੀ, ਸਰਸਵਤੀ ਦਾ ਜਾਇਆ ਡਾ. ਦਵਿੰਦਰ ਸੈਫ਼ੀ ਆਦਿ।
50 ਦੇ 50 ਸਾਹਿਤਕਾਰਾਂ ਦੇ ਸ਼ਬਦ ਚਿੱਤਰ ਪ੍ਰਸੰਸਾਮਈ ਅੰਦਾਜ਼ ਵਿਚ ਅਤੇ ਉਨ੍ਹਾਂ ਦੇ ਸਾਹਿਤਕ ਗੁਣਾਂ ਨੂੰ ਉਜਾਗਰ ਕਰਦੇ ਹਨ। ਕੋਹਾਰਵਾਲਾ ਨੇ ਕੋਸ਼ਿਸ਼ ਕੀਤੀ ਹੈ ਕਿ ਹਰ ਸਾਹਿਤਕਾਰ ਦਾ ਜਨਮ ਸਥਾਨ ਅਤੇ ਵਿਚਰਨ ਸਥਾਨ ਦਾ ਵੀ ਜ਼ਿਕਰ ਕੀਤਾ ਜਾਵੇ ਜਿਵੇਂ : ਸਿਰੀ ਰਾਮ ਅਰਸ਼ ਬਾਰੇ :
ਸ਼ਹਿਰ ਮੁਹਾਲੀ ਵਿਚ ਹੈ ਉਸ ਦੀ ਪੱਕੀ ਠਹਿਰ,
ਲੰਘ ਰਿਹਾ ਹੈ ਉਮਰ ਦਾ ਵਧੀਆ ਅੰਤਿਮ ਪਹਿਰ।
ਦੋ ਬੇਟੇ ਦੋ ਬੇਟੀਆਂ ਪਤਨੀ ਹੈ ਹਰਬੰਸ,
ਹਰਨਾਮ ਤੇ ਠਾਕਰ ਦਾਸ ਦੀ ਓਸ ਵਧਾਈ ਅੰਸ਼
ਗਿਆਨੀ ਗੁਰਦੇਵ ਸਿੰਘ :
ਜਿਸ ਸਾਥੀ ਗੁਰਦੇਵ ਦੇ ਗੁਣ ਮੈਂ ਕਰਾਂ ਬਿਆਨ,
ਸਦਾ ਰਿਹਾ ਉਹ ਛਿੜਕਦਾ ਕਿਰਤੀ ਉੱਤੇ ਜਾਨ
ਖੂਬ ਨਿਭੀ ਹੈ ਓਸ ਦੀ ਰਕਸ਼ਾ ਦੇਵੀ ਨਾਲ,
ਯਾ ਰੱਬ ਜੋੜੀ ਦਾ ਕਦੇ ਕਰੀਂ ਨਾ ਵਿੰਗਾ ਵਾਲ।
ਗੁਣਾਂ ਦਾ ਗੁਲਦਸਤਾ ਡਾ. ਐੱਸ. ਤਰਸੇਮ
ਲਿਖਦੈ ਕਥਾ ਕਹਾਣੀਆਂ ਗ਼ਜ਼ਲਾਂ ਦਾ ਉਸਤਾਦ,
ਉਸ ਦੇ ਸਿਰ ਜ਼ਰਖੇਜ਼ ਵਿਚ ਹਰ ਇਕ ਸਿਨਫ਼ ਆਬਾਦ।
ਨਿਰਾਲਾ ਸਾਹਿਤਕਾਰ ਡਾ. ਜੋਗਿੰਦਰ ਨਿਰਾਲਾ :
ਨਾਮ ਜੋਗਿੰਦਰ ਸਿੰਘ ਹੈ-ਕਹਿਣ ਨਿਰਾਲਾ ਯਾਰ,
ਹੈ ਬਰਨਾਲੇ ਸ਼ਹਿਰ ਵਿਚ ਉਸ ਦਾ ਘਰ ਪਰਿਵਾਰ।
ਉਸਤਾਦ ਸ਼ਾਇਰ ਸੁਲੱਖਣ ਸਰਹੱਦੀ :
ਨਾਮ ਸੁਲੱਖਣ ਸਿੰਘ ਹੈ ਸਰਹੱਦੀ ਉਪਨਾਮ
ਜੰਮਣ ਭੋਇੰ ਓਸ ਦੀ ਹੈ ਕੋਹਾੜ ਗਰਾਮ।
ਸੋਹਣ ਸਿਹੁੰ ਨਾਂ ਬਾਪ ਦਾ ਮਾਂ ਗੁਰਮੇਜ ਕੌਰ...
ਉਹ ਗ਼ਜ਼ਲਾਂ ਦਾ ਸ਼ਹਿਨਸ਼ਾਹ ਦੋਹਿਆਂ ਦਾ ਸੁਲਤਾਨ
ਉਸ ਦੀ ਝੋਲੀ ਵਿਚ ਨੇ ਸੌ ਵੱਡੇ ਸਨਮਾਨ
ਨਿਵੇਕਲਾ ਸ਼ਾਇਰ ਦੀਪਕ ਧਲੇਵਾਂ
ਪਿੰਡ ਧਲੇਵਾਂ ਓਸ ਦਾ ਹੈ ਬੁਢਲਾਡੇ ਕੋਲ
ਮਾਂ ਦਾ ਨਾਂ ਸਵਿਤਰੀ ਧਰਮਪਾਲ ਹੈ ਬਾਪ...
ਇਸ ਤਰ੍ਹਾਂ ਕੋਹਾਰਵਾਲਾ ਨੇ 50 ਸਾਹਿਤਕਾਰਾਂ ਦੇ ਬਹਿਰ ਦੋਹਰਿਆਂ ਵਿਚ ਪੂਰੇ ਵੇਰਵੇ ਪ੍ਰਦਾਨ ਕਰਕੇ ਬਹੁਤ ਨਿਵੇਕਲਾ ਕਾਰਜ ਸਿਰੇ ਚਾੜ੍ਹਿਆ ਹੈ। ਖੂਬੀ ਇਹ ਹੈ ਕਿ ਹਰ ਲੇਖਕ ਦਾ ਉਸ ਨੇ ਮੋਬਾਈਲ ਨੰਬਰ ਅਤੇ ਜਨਮ ਤਾਰੀਖ ਵੀ ਦਰਜ ਕੀਤੀ ਹੈ। ਇਹ ਇਕ ਸਲਾਹੁਣਯੋਗ ਕਾਵਿ ਦਸਤਾਵੇਜ਼ ਹੈਤੇ ਕਵੀਆਂ ਵਾਸਤੇ ਸਨਮਾਨ ਪੱਤਰ।
-ਸੁਲੱਖਣ ਸਰਹੱਦੀ
ਮੋਬਾਈਲ : 94174-84337
ਕਾਸ਼
ਲੇਖਕ : ਮਿਹਰਵਾਨ ਸਿੰਘ ਜੋਸ਼ਨ
ਪ੍ਰਕਾਸ਼ਕ : ਗੁਰਮੇਹਰ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 99149-50884
ਇਸ ਪੁਸਤਕ ਦੇ ਲੇਖਕ ਮਿਹਰਵਾਨ ਸਿੰਘ ਜੋਸ਼ਨ ਹਨ, ਜਿਨ੍ਹਾਂ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ। ਮਿਹਰਵਾਨ ਵਿਚ ਪੰਜਾਬੀ ਭਾਸ਼ਾ, ਪੰਜਾਬੀਅਤ ਦੇ ਪ੍ਰਤੀ ਅੰਦਰੂਨੀ ਹੂਕ ਹੈ ਜੋ ਇਨ੍ਹਾਂ ਨੂੰ ਪਲ-ਪਲ ਸੁਚੇਤ ਰੱਖਦੀ ਹੈ, ਜਿਸ ਕਰਕੇ ਇਨ੍ਹਾਂ ਦੀ ਕਲਮ ਬਸ ਆਪ ਮੁਹਾਰੇ ਹੀ ਅੱਗੇ ਵਧਦੀ ਜਾਂਦੀ ਹੈ। ਇਸ ਪੁਸਤਕ ਵਿਚ ਬੇਤੁਕੇ ਸ਼ਬਦਾਂ ਤੋਂ ਪ੍ਰਹੇਜ਼ ਕਰਦੇ ਹੋਏ ਕੇਵਲ ਢੁਕਵੇਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਇਕ ਚੰਗੇ ਲੇਖਕ ਦਾ ਗੁਣ ਵੀ ਮੰਨਿਆ ਜਾ ਸਕਦਾ ਹੈ। 'ਕਾਸ਼' ਸ਼ਬਦ ਦਾ ਬਹੁਤ ਵੱਡਾ ਅਰਥ ਹੈ ਜੋ ਸਾਡੀ ਜ਼ਿੰਦਗੀ ਵਿਚ ਆ ਕੇ ਬਸ ਕਾਸ਼ ਹੀ ਬਣਿਆ ਰਹਿੰਦਾ ਹੈ। ਪੁਸਤਕ ਦਾ ਨਾਂਅ 'ਕਾਸ਼' ਪੂਰੀ ਤਰ੍ਹਾਂ ਢੁਕਦਾ ਹੈ। ਲੇਖਕ ਦੀ ਅੱਖ ਪੂਰੀ ਤਰ੍ਹਾਂ ਪਾਰਖੂ ਹੈ ਕਿਉਂਕਿ ਕੈਮਰੇ ਦੀ ਅੱਖ ਉਥੇ ਜਾਂਦੀ ਹੈ, ਜਿਥੇ ਕਿ ਆਮ ਆਦਮੀ ਪੁੱਜਣ ਤੋਂ ਅਸਮਰੱਥ ਹੁੰਦਾ ਹੈ। ਕੈਮਰਾ ਬਿਨਾਂ ਬੋਲੇ ਸਭ ਕੁਝ ਦੱਸ ਦਿੰਦਾ ਹੈ। ਉਸ ਦੀ ਬਹੁਤੀ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਲੇਖਕ ਨੇ ਹਮੇਸ਼ਾ ਆਪਣੀ ਅੱਖ ਤੇ ਕੰਨ ਪੂਰੀ ਤਰ੍ਹਾਂ ਖੁੱਲ੍ਹੇ ਰੱਖੇ ਹਨ ਅਤੇ ਬਹੁਤ ਜਲਦੀ ਹਰ ਗੱਲ ਨੂੰ ਭਾਂਪ ਲੈਂਦਾ ਹੈ ਅਤੇ ਫਿਰ ਉਸ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਦੇਣ ਵਿਚ ਵੀ ਦੇਰ ਨਹੀਂ ਲਗਾਉਂਦਾ। ਇਸ ਕਾਵਿ-ਸੰਗ੍ਰਹਿ ਵਿਚ ਲੇਖਕ ਨੇ ਅਨੇਕਾਂ ਵਿਸ਼ਿਆਂ ਨੂੰ ਛੂਹਿਆ ਹੈ ਜੋ ਇਨ੍ਹਾਂ ਦੀ ਵਿਦਵਤਾ ਨੂੰ ਜ਼ਾਹਿਰ ਕਰਦੇ ਹੋਏ ਹੋਰ ਹੱਲਾਸ਼ੇਰੀ ਵੀ ਦਿੰਦੇ ਹਨ। ਲੇਖਕ ਸਮਾਜ ਦੇ ਹਰ ਵਰਗ ਪ੍ਰਤੀ ਚਿੰਤਤ ਹੈ ਅਤੇ ਉਨ੍ਹਾਂ ਨਾਲ ਆਪਣਾ ਅੰਦਰੂਨੀ ਮੋਹ ਵੀ ਵਿਖਾਉਂਦਾ ਹੈ ਅਤੇ ਕਹਿਣ ਵਾਲੀ ਗੱਲ ਬੇਧੜਕ ਹੋ ਕੇ ਕਹਿ ਵੀ ਜਾਂਦਾ ਹੈ। ਬਸ ਇਹੀ ਖ਼ੂਬੀ ਲੇਖਕ ਨੂੰ ਹੋਰ ਅੱਗੇ ਵਧਾਏਗੀ। ਇਹ ਪਹਿਲਾ ਕਾਵਿ-ਸੰਗ੍ਰਹਿ ਹੈ ਅਤੇ ਅਗਲੀਆਂ ਰਚਨਾਵਾਂ ਵਿਚ ਹੋਰ ਵੀ ਨਿਖਾਰ ਆਵੇਗਾ। ਕਿਤੇ-ਕਿਤੇ ਘਾਟਾ ਵਾਧਾ ਮਹਿਸੂਸ ਜ਼ਰੂਰ ਹੁੰਦਾ ਹੈ ਪਰ ਫਿਰ ਵੀ ਜ਼ਿਆਦਾ ਫਿਕ ਨਜ਼ਰ ਨਹੀਂ ਆਉਂਦੀ। ਵੈਸੇ ਤਾਂ ਸਾਰੀਆਂ ਕਵਿਤਾਵਾਂ ਹੀ ਵਧੀਆ ਹਨ ਪ੍ਰੰਤੂ ਵੀ ਮਾਂ, ਕੰਜਕਾਂ, ਬੇਟੀ, ਸਿਰ ਮੱੱਥੇ, ਫੁੱਟਪਾਥ, ਰੱਬ ਬਣ ਕੇ, ਉਮੀਦ ਹੈ, ਪਰਾਇਆ ਨਾ ਕਰ, ਦਰਦ, ਰਿਸ਼ਤੇ, ਪਾਕਿ ਰੂਹ, ਮਦਰ ਡੇਅ, ਬਚਪਨ ਆਦਿ ਦਿਲ ਖਿੱਚਵੀਆਂ ਰਚਨਾਵਾਂ ਹਨ। ਜ਼ਿੰਦਗੀ ਨਾਂਅ ਦੀ ਕਵਿਤਾ ਵਿਚ ਲੇਖਕ ਕਹਿੰਦਾ ਹੈ :-
'ਜਿਥੋਂ ਤੀਕ ਭਜਾਉਣਾ ਐ
ਜ਼ਿੰਦਗੀ ਭਜਾ ਲੈ ਸਾਨੂੰ।
ਆਪਣੇ ਹੌਸਲਿਆਂ 'ਚ,
ਉੱਚੀ ਉਡਾਣ ਰੱਖਦੇ ਹਾਂ।'
-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990
ਬੇਤਰਤੀਬੀਆਂ
ਲੇਖਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94654-64502
ਜਗਵਿੰਦਰ ਜੋਧਾ ਪੰਜਾਬੀ ਦੇ ਸਿਰਮੌਰ ਅਤੇ ਸਮਰੱਥ ਗ਼ਜ਼ਲਕਾਰ ਹਨ। ਉਨ੍ਹਾਂ ਦੀ ਹਥਲੀ ਪੁਸਤਕ 'ਬੇਤਰਤੀਬੀਆਂ' ਨੂੰ ਗਹੁ ਨਾਲ ਪੜ੍ਹਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਗ਼ਜ਼ਲਕਾਰੀ ਉੱਪਰ ਕਿਸੇ ਵੀ ਪੁਰਾਣੇ ਗ਼ਜ਼ਲਕਾਰ ਦਾ ਪਰਛਾਵਾਂ ਨਹੀਂ। ਉਨ੍ਹਾਂ ਦੀ ਇਹ ਵਿਲੱਖਣਤਾ ਇਸ ਪੱਖੋਂ ਵੀ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਗੱਲ ਕਹਿਣ ਦਾ ਹੁਨਰ ਵੀ ਪੂਰੀ ਤਰ੍ਹਾਂ ਮੌਲਿਕ ਹੈ। ਅਜੋਕੇ ਪਦਾਰਥਵਾਦੀ ਵਰਤਾਰੇ ਦੀ ਮਾਨਸਿਕ ਦਸ਼ਾ ਅਤੇ ਦਿਸ਼ਾ ਬਾਰੇ ਉਨ੍ਹਾਂ ਦੀ ਸੂਝ-ਬੂਝ ਵੀ ਬੜੀ ਸੂਖਮ ਹੈ:
ਗੁਜ਼ਾਰੀ ਉਮਰ ਏਸੇ ਕਸ਼ਮਕਸ਼ ਵਿਚ
ਰਹਾਂ ਏਧਰ ਕਿ ਪਰਲੇ ਪਾਰ ਜਾਵਾਂ
ਇਕੱਲਾ ਦੌੜਦਾਂ ਹਰ ਦੌੜ ਫਿਰ ਵੀ
ਮੈਂ ਆਪਣੇ ਆਪ ਤੋਂ ਹੀ ਹਾਰ ਜਾਵਾਂ
ਮਨੁੱਖ ਦਾ ਸਭ ਤੋਂ ਵੱਡਾ ਦੁੱਖਾਂਤ ਇਹੋ ਹੀ ਹੈ ਕਿ ਉਹ ਕਿਸੇ ਵੀ ਹਾਲਤ ਵਿਚ ਆਪਣੇ-ਆਪ ਨਾਲ ਇੱਕਸੁਰ ਨਹੀਂ ਹੁੰਦਾ। ਕਦੇ ਉਸ ਨੂੰ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਅਤੇ ਕਦੇ ਉਹ ਬੀਤੇ ਦੀਆਂ ਘਟਨਾਵਾਂ ਨੂੰ ਚੇਤੇ ਕਰ ਕਰ ਕੇ ਝੂਰਦਾ ਰਹਿੰਦਾ ਹੈ। ਜੀਵਨ ਦੇ ਕਿਸੇ ਵੀ ਬਿੰਦੂ 'ਤੇ ਉਹ ਇੱਕਜੁਟ ਹੁੰਦਾ ਦਿਖਾਈ ਨਹੀਂ ਦਿੰਦਾ। ਉਸ ਦਾ ਇਸ ਤਰ੍ਹਾਂ ਹਰ ਸਮੇਂ ਬਿਖਰਿਆ ਰਹਿਣਾ ਹੀ ਅਸਲ ਵਿਚ ਉਸ ਦੇ ਆਪਣੇ-ਆਪ ਨਾਲ ਅਸਹਿਮਤ ਰਹਿਣ ਦਾ ਕਾਰਨ ਬਣ ਜਾਂਦਾ ਹੈ:
ਆਖ਼ਰੀ ਮੰਜ਼ਿਲ 'ਤੇ
ਪਹੁੰਚਣ ਬਾਅਦ ਵੀ ਮੇਰਾ ਵਜੂਦ
ਥੋੜ੍ਹਾ-ਥੋੜ੍ਹਾ ਰਸਤਿਆਂ ਵਿਚ
ਬਿਖਰਿਆ ਹੀ ਰਹਿ ਗਿਆ
ਜਗਵਿੰਦਰ ਜੋਧਾ ਦੀ ਕਲਮ ਤੋਂ ਹੁਣ ਤੱਕ ਡੇਢ ਦਰਜਨ ਦੇ ਕਰੀਬ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਸਾਹਿਤਕ ਹਲਕਿਆਂ ਵਿਚ ਬੇਹੱਦ ਸਲਾਹਿਆ ਗਿਆ ਹੈ। ਬਹਿਰ-ਵਜ਼ਨ ਦਾ ਮਸਲਾ ਵੀ ਉਨ੍ਹਾਂ ਲਈ ਕੋਈ ਜ਼ਾਬਤੇ ਵਰਗੀ ਸ਼ੈਅ ਨਹੀਂ ਕਿਉਂਕਿ ਉਹ ਜੋ ਕੁਝ ਵੀ ਕਹਿੰਦੇ ਹਨ, ਉਸ ਨੂੰ ਕਿਸੇ ਤਰਤੀਬ ਵਿਚ ਕਰਨ ਦੀ ਗੁੰਜ਼ਾਇਸ਼ ਹੀ ਨਹੀਂ ਹੁੰਦੀ। ਸਿਧਾਂਤ, ਵਿਚਾਰਧਾਰਾ, ਇਤਿਹਾਸ, ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਪਰੰਪਰਾ ਸੰਬੰਧੀ ਉਨ੍ਹਾਂ ਦੀ ਜਾਣਕਾਰੀ ਬੜੀ ਵਿਆਪਕ ਹੈ। ਪੰਜਾਬੀ ਗ਼ਜ਼ਲ ਨੂੰ ਪਿਆਰ ਕਰਨ ਵਾਲੇ ਪਾਠਕਾਂ ਲਈ ਉਨ੍ਹਾਂ ਦਾ ਇਹ ਸੁਹਿਰਦ ਉਪਰਾਲਾ ਬੇਹੱਦ ਮਹੱਤਵਪੂਰਨ ਅਤੇ ਜ਼ਿਕਰਯੋਗ ਹੈ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਪਰਵੀਨ
ਲੇਖਕ : ਡਾ. ਗੁਰਬੀਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 116
ਸੰਪਰਕ : 98780-34447
'ਪਰਵੀਨ' ਨਾਵਲ ਡਾ. ਗੁਰਬੀਰ ਸਿੰਘ ਦੁਆਰਾ ਲਿਖਿਆ ਗਿਆ ਹੈ। ਹਥਲਾ ਨਾਵਲ ਉਨ੍ਹਾਂ ਦਾ ਦੂਸਰਾ ਨਾਵਲ ਹੈ। ਇਸ ਤੋਂ ਪਹਿਲਾਂ ਉਸ ਨੇ ਇਕ ਕਹਾਣੀ ਸੰਗ੍ਰਹਿ 'ਮੈਂ ਪੰਜਾਬ ਬੋਲਦਾ ਹਾਂ' ਅਤੇ ਇਕ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਏ ਹਨ। ਹਥਲੇ ਨਾਵਲ ਨੂੰ 26 ਕਾਂਡਾਂ ਵਿਚ ਤਕਸੀਮ ਕੀਤਾ ਗਿਆ ਹੈ। ਜਿਨ੍ਹਾਂ ਵਿਚ ਸਮਾਜ ਵਿਚਲੇ ਅਜੋਕੇ ਯਥਾਰਥ ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਨਸ਼ਿਆਂ ਅਤੇ ਦਾਜ ਲੋਭੀ ਲੋਕਾਂ ਦੁਆਰਾ ਕੋਹਲੂ ਦੇ ਬੈਲ ਵਾਂਗ ਨਪੀੜੀ ਜਾ ਰਹੀ ਔਰਤ ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਹੈ। ਸਮੁੱਚਾ ਨਾਵਲ ਹੀ ਇਕ ਔਰਤ ਦੀ ਸੰਘਰਸ਼ਮਈ ਜ਼ਿੰਦਗੀ, ਦੁੱਖਾਂ ਸੰਤਾਪਾਂ ਦੀ ਗਾਥਾ ਨੂੰ ਬਿਆਨ ਕਰਦਾ ਹੈ ਕਿ ਧੀਆਂ ਮਾਂ-ਪਿਓ ਨੂੰ ਕਿੰਨੀਆਂ ਪਿਆਰੀਆਂ ਹੁੰਦੀਆਂ ਹਨ ਤਾਂ ਹੀ ਤਾਂ ਕਹਿੰਦੇ ਹਨ ਕਿ 'ਧੀਆਂ ਦੇ ਦੁੱਖ ਢਾਡੇ, ਇਹ ਰਾਤ ਨੂੰ ਉੱਠ ਕੇ ਨਹੀਂ ਖਾਂਦੀਆਂ'। ਇਹੋ ਜਿਹਾ ਕੁਝ ਹੀ ਦੋ ਭੈਣਾਂ ਦੀ ਜ਼ਿੰਦਗੀ ਵਿਚਲਾ ਸੱਚ ਹੋ ਨਿੱਬੜਦਾ ਹੈ, ਜਿਨ੍ਹਾਂ ਨੂੰ ਅਜਿਹੇ ਕੋਝੇ ਮਨੁੱਖਾਂ ਦਾ ਸਾਥ ਮਿਲਦਾ ਹੈ ਤੇ ਇਕ ਭੈਣ ਤਾਂ ਵਿਚਾਰੀ ਉਸ ਦੇ ਪਤੀ ਦੁਆਰਾ ਮਾਰ ਹੀ ਦਿੱਤੀ ਜਾਂਦੀ ਹੈ ਤੇ ਦੂਜੀ ਭੈਣ ਪਰਵੀਨ ਦੇ ਪਤੀ ਜਗਜੀਵਨ ਨੂੰ ਨਸ਼ੇ ਦੀ ਲਤ ਲੱਗੀ ਹੁੰਦੀ ਹੈ। ਇਸ ਤਰ੍ਹਾਂ ਪਰਵੀਨ ਨਾਲ ਵੀ ਧੋਖਾ ਹੀ ਹੋ ਜਾਂਦਾ ਹੈ ਤੇ ਲਵਲੀਨ ਦਾ ਪਤੀ ਪਾਲੀ ਉਸ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੰਦਾ ਹੈ। ਸਮੁੱਚਾ ਨਾਵਲ ਪਰਵੀਨ ਦੀ ਜ਼ਿੰਦਗੀ ਦੁਆਲੇ ਹੀ ਘੁੰਮਦਾ ਹੈ। ਪਰਵੀਨ ਆਪਣੀ ਜ਼ਿੰਦਗੀ ਤੋਂ ਅੱਕ ਕੇ ਕਿਸੇ ਸਾਧ ਦੇ ਡੇਰੇ 'ਤੇ ਵੀ ਜਾਣਾ ਚਾਹੁੰਦੀ ਹੈ ਪਰ ਫਿਰ ਜੁਆਕ ਸਿਆਣੇ ਹੋ ਜਾਂਦੇ ਹਨ ਅਤੇ ਉਹ ਡੇਰੇ ਵਾਲੇ ਸਾਧ ਦੇ ਅਯਾਸ਼ੀ ਭਰੇ ਵਤੀਰੇ ਨੂੰ ਭਾਂਪ ਜਾਂਦੀ ਹੈ ਜਿਸ ਤੋਂ ਪੱਲਾ ਛੁਡਾ ਕੇ ਉਹ ਆਪਣੇ ਪਤੀ ਜਗਜੀਵਨ ਨੂੰ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਾ ਦਿੰਦੀ ਹੈ ਅਤੇ ਆਪਣੇ ਬੇਟੇ ਆਕਾਸ਼ ਨੂੰ ਆਪਣੇ ਭਰਾ ਨਾਲ ਕੈਨੇਡਾ ਪਹੁੰਚਾ ਦਿੰਦੀ ਹੈ। ਜਦੋਂ ਹੀ ਪਰਵੀਨ ਦੀ ਜ਼ਿੰਦਗੀ ਵਿਚ ਕੁਝ ਸੁਖਾਂਤਕ ਪਲ ਆਉਂਦੇ ਹਨ ਤਾਂ ਨਾਵਲ ਇਕਦਮ ਹੀ ਦੁਖਾਂਤ ਵਿਚ ਬਦਲ ਜਾਂਦਾ ਹੈ, ਜਦੋਂ ਜਗਜੀਵਨ ਦਾ ਦੋਸਤ ਰੌਕੀ ਪਰਵੀਨ ਦੀ ਬੇਟੀ ਖੁਸ਼ੀ ਨਾਲ ਜਬਰਜਨਾਹ ਕਰ ਦਿੰਦਾ ਹੈ ਤੇ ਵਿਚਾਰੀ ਖੁਸ਼ੀ ਦੀ ਜ਼ਿੰਦਗੀ ਰੋਲ ਦਿੰਦਾ ਹੈ, ਜੋ ਬਹੁਤ ਹੀ ਤ੍ਰਾਸਦਿਕ ਘਟਨਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਸ ਪੂਰੇ ਨਾਵਲ ਵਿਚ ਹੀ ਔਰਤ ਦੀ ਤ੍ਰਾਸਦੀ ਅਤੇ ਗਾਥਾ ਦੀ ਪੇਸ਼ਕਾਰੀ ਦਾ ਬਿਰਤਾਂਤ ਸਿਰਜਿਆ ਗਿਆ ਹੈ। ਨਾਵਲ ਪੜ੍ਹਣਯੋਗ ਹੈ। ਨਾਵਲਕਾਰ ਨੂੰ ਮੁਬਾਰਕਬਾਦ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਵਿਗਿਆਨੀਆਂ ਨਾਲ ਜੁੜੀਆਂ ਕਥਾ-ਕਹਾਣੀਆਂ
ਲੇਖਕ : ਗੁਰਦੇਵ ਸਿੰਘ ਜੌਹਲ (ਸਵ:)
ਪ੍ਰਕਾਸ਼ਕ : ਸਵੇਰਾ ਪ੍ਰਕਾਸ਼ਨ, ਜਲੰਧਰ
ਮੁੱਲ : 225 ਰੁਪਏ, ਸਫ਼ੇ : 152
ਸੰਪਰਕ : 0181-2210996
ਹਥਲੀ ਪੁਸਤਕ ਦੇ ਲੇਖਕ ਸਵ: ਪ੍ਰੋਫ਼ੈਸਰ ਗੁਰਦੇਵ ਸਿੰਘ ਜੌਹਲ ਦੀ ਅਖ਼ੀਰਲੀ ਲਿਖਤ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਵਿਗਿਆਨੀਆਂ ਦੀਆਂ ਜੀਵਨੀਆਂ ਆਧਾਰਿਤ ਪੁਸਤਕਾਂ ਲਿਖੀਆਂ ਹਨ, ਜੋ ਬਹੁਤ ਪਸੰਦ ਕੀਤੀਆਂ ਗਈਆਂ ਹਨ। ਇਸ ਪੁਸਤਕ ਵਿਚ ਵਿਗਿਆਨੀਆਂ ਦੀਆਂ ਕਾਢਾਂ ਤੇ ਉਨ੍ਹਾਂ ਦੇ ਨਿੱਜੀ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਵਰਨਣ ਕੀਤਾ ਗਿਆ ਹੈ, ਜੋ ਪਾਠਕ ਵਰਗ ਲਈ ਪ੍ਰੇਰਨਾ ਸਰੋਤ ਹੈ।
ਲੇਖਕ ਨੇ ਪੂਰੀ ਪੁਸਤਕ ਵਿਚ 123 ਘਟਨਾਵਾਂ ਨੂੰ ਬਹੁਤ ਹੀ ਸੁਹਜਮਈ ਤਰੀਕੇ ਨਾਲ ਪੇਸ਼ ਕੀਤਾ ਹੈ, ਪਰ ਕਿਤੇ-ਕਿਤੇ ਇਕੋ ਵਿਗਿਆਨੀ ਦੀ ਇਕੋ ਘਟਨਾ ਨੂੰ ਤਿੰਨ-ਚਾਰ ਵਾਰ ਦੁਹਰਾਇਆ ਗਿਆ ਹੈ, ਜਿਸ ਤਰ੍ਹਾਂ ਯੂਨਾਨੀ ਲੇਖਕ ਥੇਲਜ਼ ਤਾਰੇ ਦੇਖਣ ਦਾ ਬਹੁਤ ਸ਼ੌਕੀਨ ਸੀ, ਉਹ ਤਾਰੇ ਦੇਖਦਾ-ਦੇਖਦਾ ਖ਼ੂਹ 'ਚ ਹੀ ਡਿੱਗ ਪਿਆ। ਇਹ ਘਟਨਾ ਪੰਨਾ 24 'ਤੇ ਵੀ ਹੈ ਤੇ ਫਿਰ ਪੰਨਾ 28 'ਤੇ ਵੀ ਹੈ ਇਕ ਹੋਰ ਜਗ੍ਹਾ ਵੀ ਹੈ। ਇਸ ਤਰ੍ਹਾਂ ਕਈ ਵਿਗਿਆਨੀਆਂ ਦੀਆਂ ਘਟਨਾਵਾਂ ਨੂੰ ਦੁਹਰਾਇਆ ਗਿਆ ਹੈ। ਇਥੇ ਕੁਝ ਕੁ ਵਿਗਿਆਨੀਆਂ ਦੀਆਂ ਦਿਲਚਸਪ ਗੱਲਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਜਿਸ ਤਰ੍ਹਾਂ ਪੰਨਾ 9 'ਤੇ ਭਾਰਤੀ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਇਹ ਸਿੱਧ ਕਰਨ ਲਈ ਕਿ ਜ਼ਹਿਰ ਦਾ ਪੌਦਿਆਂ 'ਤੇ ਕੀ ਅਸਰ ਹੁੰਦਾ ਹੈ। ਇਕ ਪੌਦੇ ਨੂੰ ਜ਼ਹਿਰ ਦਾ ਟੀਕਾ ਲਾਇਆ ਤਾਂ ਉਸ ਨੂੰ ਕੁਝ ਵੀ ਨਾ ਹੋਇਆ ਫਿਰ ਉਸ ਨੇ ਆਪਣੇ ਟੀਕਾ ਲਾਇਆ ਤੇ ਉਸ ਨੂੰ ਵੀ ਕੁਝ ਨਾ ਹੋਇਆ। ਦਰਅਸਲ ਟੀਕਾ ਕਿਸੇ ਹੋਰ ਦਵਾਈ ਦਾ ਸੀ। ਜ਼ਹਿਰ ਦਾ ਟੀਕਾ ਲਾਇਆ ਤਾਂ ਉਹ ਮੁਰਝਾ ਗਿਆ। ਇਸੇ ਤਰ੍ਹਾਂ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈੱਲ ਨੇ ਟੈਲੀਫੋਨ ਦੀ ਕਾਢ ਆਪਣੀ ਮਾਂ ਤੇ ਪਤਨੀ ਲਈ ਕੀਤੀ ਸੀ ਕਿਉਂਕਿ ਉਹ ਸੁਣ ਨਹੀਂ ਸਨ ਸਕਦੀਆਂ। ਇਸੇ ਤਰ੍ਹਾਂ ਰਸਾਇਣ ਵਿਗਿਆਨੀ ਭਾਰਤ ਰਤਨ ਚਿੰਤਾਮਣੀ ਨਾਗੇਸ਼ ਰਾਮ ਚੰਦਰ ਰਾਓ ਨੇ 60 ਯੂਨੀਵਰਸਿਟੀਆਂ ਤੋਂ ਆਨਰੇਰੀ ਡਿਗਰੀਆਂ ਲਈਆਂ ਹੋਈਆਂ ਸਨ। ਇਸ ਵਿਗਿਆਨੀ ਦੇ 1400 ਤੋਂ ਵੱਧ ਲੇਖ ਛਪ ਚੁੱਕੇ ਸਨ। 45 ਤੋਂ ਵੱਧ ਵਿਗਿਆਨ ਬਾਰੇ ਪੁਸਤਕਾਂ ਵੀ ਲਿਖੀਆਂ ਸਨ। ਅਸਫਰਿਡ ਹਿੱਚਕਾਕ ਜਿਸ ਨੇ ਰੇਬੀਜ਼ ਦੀ ਖੋਜ ਕੀਤੀ ਉਹ ਆਂਡਿਆਂ ਤੋਂ ਬਹੁਤ ਡਰਦੇ ਸਨ। ਆਪਣੇ ਵਿਆਹ ਵਾਲੇ ਦਿਨ ਉਹ ਪ੍ਰੋਯਗਸ਼ਾਲਾ 'ਚ ਤਜਰਬੇ ਕਰਨ 'ਚ ਰੁੱਝੇ ਹੋਏ ਸਨ, ਲਾਵਾਂ ਲੈਣ ਦਾ ਚੇਤਾ ਹੀ ਨਾ ਰਿਹਾ। ਪ੍ਰਯੋਗਸ਼ਾਲਾ 'ਚੋਂ ਕੰਮ ਨਿਬੇੜ ਕੇ ਫਿਰ ਲਾਵਾਂ ਲੈਣ ਗਏ ਸਨ। ਬੱਲਬ ਦੀ ਖੋਜ ਕਰਨ ਵਾਲੇ ਥਾਮਸ ਐਡੀਸਨ ਨੂੰ ਬੱਲਬ ਬਣਾਉਂਦਿਆਂ 2000 ਵਾਰ ਅਸਫ਼ਲਤਾ ਦਾ ਮੂੰਹ ਦੇਖਣਾ ਪਿਆ ਸੀ। ਠੀਕ ਇਸੇ ਤਰ੍ਹਾਂ ਉਨ੍ਹਾਂ ਦੀਆਂ ਸਾਰੀਆਂ ਘਟਨਾਵਾਂ ਬੜੀਆਂ ਰੌਚਿਕ ਤੇ ਜਾਣਕਾਰੀ ਭਰਪੂਰ ਹਨ। ਕਹਿ ਸਕਦੇ ਹਾਂ ਕਿ ਵਿਦਿਆਰਥੀਆਂ ਲਈ ਇਹ ਪੁਸਤਕ ਬਹੁਤ ਲਾਹੇਵੰਦ ਸਾਬਿਤ ਹੋ ਸਕਦੀ ਹੈ।
-ਡੀ. ਆਰ. ਬੰਦਨਾ
ਮੋਬਾਈਲ : 94173-89003