JALANDHAR WEATHER

26-04-2024

 ਪੰਜਾਬ ਸਿਰ ਕਰਜ਼ੇ ਦੀ ਪੰਡ

ਅਜੀਤ ਵਿਚ 8 ਅਪ੍ਰੈਲ ਦੇ ਛਪੇ ਸੰਪਾਦਕੀ ਵਿਚ ਜ਼ਿਕਰ ਕੀਤਾ ਗਿਆ ਸੀ ਕਿ 'ਰੰਗਲਾ ਨਹੀਂ, ਕੰਗਲਾ ਬਣਨ ਵੱਲ ਵਧ ਰਿਹਾ ਹੈ ਪੰਜਾਬ।' ਇਸ ਲੇਖ ਵਿਚ ਲੇਖਕ ਨੇ ਪੰਜਾਬ ਸਿਰ ਵਧਦੀ ਕਰਜ਼ੇ ਦੀ ਪੰਡ ਪ੍ਰਤੀ ਆਪਣੀ ਫਿਕਰਮੰਦੀ ਜਤਾਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2024 ਦੇ ਜਨਵਰੀ ਮਹੀਨੇ ਵਿਚ 3899 ਕਰੋੜ ਰੁਪਏ ਅਤੇ ਫਰਵਰੀ ਮਹੀਨੇ ਦੌਰਾਨ 3800 ਕਰੋੜ ਰੁਪਏ ਦਾ ਕਰਜ਼ਾ ਲਿਆ। ਇਸ ਵਿੱਤੀ ਸਾਲ ਦੇ ਸ਼ੁਰੂ ਤੋਂ ਲੈ ਕੇ ਜੂਨ ਮਹੀਨੇ ਦੇ ਅੰਤ ਤਕ ਸਰਕਾਰ 12000 ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਜਾ ਰਹੀ ਹੈ। ਪੰਜਾਬ ਦੀਆਂ ਮੁੱਖ ਵਿਰੋਧੀ ਪਾਰਟੀਆਂ ਅਤੇ ਆਰਥਿਕ ਮਾਹਿਰਾਂ ਵਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਪੰਜਾਬ ਸਰਕਾਰ ਦੀ ਕਰਜ਼ਾ ਚੁੱਕਣ ਦੀ ਰਫ਼ਤਾਰ ਇਸੇ ਹੀ ਤਰ੍ਹਾਂ ਨਾਲ ਜਾਰੀ ਰਹੀ ਤਾਂ ਪੰਜਾਬ ਵਿਚ ਵਿੱਤੀ ਐਮਰਜੈਂਸੀ ਵੀ ਲਗਾਈ ਜਾ ਸਕਦੀ ਹੈ, ਜਿਸ ਨਾਲ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਰਾਂ ਵਿਚ ਕਟੌਤੀ ਵੀ ਕੀਤੀ ਜਾ ਸਕਦੀ ਹੈ ਅਤੇ ਹੋਰ ਵਿੱਤੀ ਖ਼ਰਚਿਆਂ ਵਿਚ ਵੀ ਕਟੌਤੀ ਕਰਨੀ ਪੈ ਸਕਦੀ ਹੈ, ਜੋ ਕਿ ਪੰਜਾਬ ਲਈ ਸ਼ੁਭ ਸੰਕੇਤ ਨਹੀਂ ਹੈ। ਪੰਜਾਬ ਸਿਰ ਵਧਦੇ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।

-ਪਿਆਰਾ ਸਿੰਘ ਚੰਦੀ,
ਪਿੰਡ ਚੰਨਣ ਵਿੰਡੀ, ਸੁਲਤਾਨਪੁਰ ਲੋਧੀ, (ਕਪੂਰਥਲਾ)

ਜੀਵਨ 'ਚ ਕੁਝ ਵੀ ਅਸੰਭਵ ਨਹੀਂ

ਜੀਵਨ 'ਚ ਕੁਝ ਵੀ ਅਸੰਭਵ ਨਹੀਂ ਹੈ। ਹਰ ਇਨਸਾਨ ਦੀ ਜ਼ਿੰਦਗੀ 'ਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ। ਉਤਾਰ-ਚੜਾਅ ਜ਼ਿੰਦਗੀ ਦਾ ਹਿੱਸਾ ਹਨ। ਜਦੋਂ ਵੀ ਮਾੜਾ ਸਮਾਂ ਆਉਂਦਾ ਹੈ ਤਾਂ ਸਾਨੂੰ ਉਸ ਦੌਰਾਨ ਸਾਕਾਰਾਤਮਿਕ ਸੋਚ, ਸਹਿਨਸ਼ੀਲਤਾ, ਸਹਿਜ ਹੋ ਕੇ ਹੀ ਚੱਲਣਾ ਪੈਂਦਾ ਹੈ। ਡਾਵਾਂਡੋਲ ਕਦੇ ਵੀ ਨਾ ਹੋਵੋ। ਹਰ ਸਮੱਸਿਆ ਦਾ ਹੱਲ ਹੈ। ਜੇਕਰ ਸਾਨੂੰ ਉਸ ਸਮੇਂ ਸਮੱਸਿਆ ਦਾ ਹੱਲ ਨਹੀਂ ਮਿਲਦਾ ਤਾਂ ਉਸ ਨੂੰ ਵਕਤ 'ਤੇ ਛੱਡ ਦੇਣਾ ਚਾਹੀਦਾ ਹੈ। ਨਕਾਰਾਤਮਿਕ ਵਿਚਾਰਾਂ ਵਾਲੇ ਦੋਸਤਾਂ ਤੋਂ ਦੂਰੀ ਬਣਾਓ। ਸੋਚ-ਸਮਝ ਕੇ ਹੀ ਦੋਸਤਾਂ-ਮਿੱਤਰਾਂ 'ਤੇ ਵਿਸ਼ਵਾਸ ਕਰੋ। ਕਿਹਾ ਵੀ ਜਾਂਦਾ ਹੈ ਕਿ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਹਨ। ਦੋਸਤ ਉਹ ਹੁੰਦਾ ਹੈ, ਜਿਸ ਨਾਲ ਅਸੀਂ ਸੁੱਖ-ਦੁੱਖ ਸਾਂਝਾ ਕਰਦੇ ਹਨ। ਦੋਸਤੀ ਕਰਨ ਲੱਗਿਆ ਚੰਗੀ ਤਰ੍ਹਾਂ ਪਰਖੋ ਕਿ ਇਹ ਬੰਦਾ ਕਿਤੇ ਤੁਹਾਡੇ ਦੁਸ਼ਮਣ ਕੋਲ ਤੁਹਾਡੀਆਂ ਗੱਲਾਂ ਤਾਂ ਨਹੀਂ ਕਰਦਾ ਹੈ। ਇਸ ਦਾ ਤੁਹਾਡੇ ਦੁਸ਼ਮਣਾਂ ਨਾਲ ਕੋਈ ਨੇੜਤਾ ਤਾਂ ਨਹੀਂ ਹੈ। ਦੋਸਤ ਦਾ ਵੀ ਫਰਜ਼ ਬਣਦਾ ਹੈ ਕਿ ਜੇ ਉਸ ਦੇ ਕੋਲ ਕਿਸੇ ਨੇ ਸੁੱਖ-ਦੁੱਖ ਦੀ ਗੱਲ ਕੀਤੀ ਹੈ ਤਾਂ ਉਸ ਨੂੰ ਛੱਜ 'ਚ ਪਾ ਕੇ ਨਾ ਛੱਟੇ। ਸਮਾਜ 'ਚ ਵਿਚਰਦੇ ਹੋਏ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ

ਧਰਨੇ ਪ੍ਰਦਰਸ਼ਨ

ਪੰਜਾਬ ਵਿਚ ਰੋਜ਼ਾਨਾ ਵੱਖ-ਵੱਖ ਜਥੇਬੰਦੀਆਂ ਵਲੋਂ ਧਰਨੇ-ਮੁਜ਼ਾਹਰੇ ਕੀਤੇ ਜਾਂਦੇ ਹਨ ਅਤੇ ਜਦੋਂ ਵੀ ਕਿਸੇ ਜਥੇਬੰਦੀ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਰਸਤੇ ਰੋਕ ਕੇ ਸੜਕਾਂ, ਰੇਲਾਂ ਜਾਮ ਕਰਕੇ ਧਰਨੇ ਪ੍ਰਦਰਸ਼ਨ ਕਰਕੇ ਸਰਕਾਰ ਕੋਲ ਆਪਣਾ ਰੋਸ ਪ੍ਰਗਟ ਕਰਦੇ ਹਨ, ਪਰੰਤੂ ਆਵਾਜਾਈ ਠੱਪ ਹੋ ਕੇ ਰਹਿ ਜਾਂਦੀ ਹੈ, ਜਿਸ ਨਾਲ ਆਮ ਲੋਕ ਖੱਜਲ-ਖੁਆਰ ਹੁੰਦੇ ਹਨ। ਸਰਕਾਰਾਂ ਨੂੰ ਸਮਾਂ ਰਹਿੰਦੇ ਹੋਏ ਇਨ੍ਹਾਂ ਜਥੇਬੰਦੀਆਂ ਨਾਲ ਗੱਲ ਕਰ ਕੇ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਜਾਂ ਇਨ੍ਹਾਂ ਮੰਗਾਂ ਦਾ ਫੌਰੀ ਜਾਂ ਸਮਾਂ-ਬੱਧ ਸਮੇਂ ਵਿਚ ਹੱਲ ਲੱਭਣ ਲਈ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ। ਮਹੀਨਿਆਂ-ਬੱਧੀ ਧਰਨਿਆਂ ਨਾਲ ਸਾਰਾ ਸਿਸਟਮ ਤਹਿਸ-ਨਹਿਸ ਹੋ ਜਾਂਦਾ ਹੈ। ਸਾਰਾ ਕੁਝ ਬੰਦ ਹੋ ਜਾਂਦਾ ਹੈ, ਸੜਕਾਂ ਬਲਾਕ ਹੋ ਜਾਂਦੀਆਂ ਹਨ। ਸਕੂਲ, ਕਾਲਜ ਬੰਦ ਹੋ ਜਾਂਦੇ ਹਨ. ਵਪਾਰ ਠੁੱਸ ਹੋ ਜਾਂਦਾ ਹੈ। ਸੂਬੇ ਦੀ ਦੇਸ਼ ਦੀ ਆਰਥਿਕਤਾ ਤਹਿਸ-ਨਹਿਸ ਹੋ ਜਾਂਦੀ ਹੈ। ਵਿਦੇਸ਼ਾਂ ਵਿਚ ਵੀ ਲੋਕ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਨ ਪਰੰਤੂ ਉਹ ਸੜਕ ਦੇ ਇਕ ਕਿਨਾਰੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜ ਕੇ ਖਲੋ ਜਾਂਦੇ ਹਨ ਅਤੇ ਸਾਰੇ ਆਉਣ-ਜਾਣ ਵਾਲੇ ਉਨ੍ਹਾਂ ਨੂੰ ਵੇਖਦੇ ਹਨ। ਇਸ ਤਰ੍ਹਾਂ ਉਹ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਸਾਰਾ ਸਿਸਟਮ ਵੀ ਆਮ ਵਾਂਗ ਚਲਦਾ ਰਹਿੰਦਾ ਹੈ। ਸੋ, ਘੱਟੋ-ਘੱਟ ਵਿਦੇਸ਼ਾਂ ਦੀ ਰੀਸ ਕਰਦੇ ਹੋਏ ਆਪਣ ੇਦੇਸ਼ ਵਿਚ ਵੀ ਅਜਿਹਾ ਹੀ ਵਾਤਾਵਰਨ ਸਿਰਜਣ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਜਾਣਕਾਰੀ ਭਰਪੂਰ ਲੇਖ

ਪੰਜਾਬੀ ਲੋਕ ਗਾਇਕ ਬਿੰਦਰਖੀਏ ਬਾਰੇ 14 ਅਪ੍ਰੈਲ ਵਾਲੇ ਅੰਕ 'ਚ ਡਾ. ਰਣਜੀਤ ਸਿੰਘ ਦੀ ਕਲਮ ਤੋਂ ਲਿਖਿਆ ਲੇਖ ਪੜ੍ਹਿਆ, ਜੋ ਨਵੀਂ ਤੇ ਪੁਰਾਣੀ ਪੀੜ੍ਹੀ ਵਾਸਤੇ ਜਾਣਕਾਰੀ ਭਰਪੂਰ ਸੀ। 34 ਸਕਿੰਟ ਦੀ ਲੰਬੀ ਹੇਕ ਵਾਲੇ ਇਸ ਸੁਰੀਲੇ ਗਾਇਕ ਨੂੰ ਮੈਂ ਖ਼ੁਦ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉਚੇਰੀ ਵਿੱਦਿਆ ਹਾਸਿਲ ਕਰਦਿਆਂ ਫੁਲਕਾਰੀ ਪ੍ਰੋਗਰਾਮ 'ਚ ਸੁਣਿਆ ਸੀ। ਉਹ ਇਸ ਦਾ ਸ਼ੁਰੂਆਤੀ ਦੌਰ ਸੀ, ਵਾਕਿਆ ਹੀ ਖਚਾਖਚ ਭਰੇ ਸ੍ਰੀ ਗੁਰੂ ਤੇਗ ਬਹਾਦਰ ਹਾਲ ਵਿਚ ਲੰਬੀ ਹੇਕ ਲਾ ਕੇ ਇਸ ਨੇ ਸਾਨੂੰ ਸਭ ਨੂੰ ਬੰਨ੍ਹ ਕੇ ਰੱਖ ਦਿੱਤਾ ਸੀ, ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਬਿੰਦਰਖੀਏ ਨੇ
ਏਥੇ ਮੇਰੀ ਨੱਥ ਡਿੱਗ ਪਈ / ਨਿਉ ਕੇ ਚੱਕੀ ਜਵਾਨਾ...
ਗਾਣਾ ਗਾ ਕੇ ਸਰੋਤਿਆਂ ਨੂੰ ਆਪਣੀ ਗਾਇਕੀ ਦਾ ਲੋਹਾ ਮਨਵਾਉਂਦਿਆਂ ਸੋਹਣੇ ਤੇ ਦਮਦਾਰ ਬੋਲਾਂ ਨਾਲ ਮੋਹ ਲਿਆ ਸੀ। ਬਹੁਤ ਥੋੜੇ ਗਾਇਕ ਹਨ ਜੋ ਹਿੱਕ ਦੇ ਜ਼ੋਰ ਨਾਲ ਆਪਣੀ ਗਾਇਕੀ ਦਾ ਲੋਹਾ ਮਨਵਾਉਂਦੇ ਹਨ। ਲੇਖਕ ਵਲੋਂ ਬਿੰਦਰਖੀਏ ਦੇ 62 ਕਿੱਲੋ ਭਾਰ 'ਚ ਅੰਤਰ ਯੂਨੀਵਰਸਿਟੀ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤਣ ਅਤੇ 1982 ਦੀਆਂ ਦਿੱਲੀ ਏਸ਼ਿਆਈ ਖੇਡਾਂ 'ਚ ਭੰਗੜੇ ਤੇ ਬੋਲੀਆਂ ਵਾਲੀ ਜਾਣਕਾਰੀ ਮੈਂ ਪਹਿਲੀ ਵਾਰ ਹਾਸਲ ਕੀਤੀ ਹੈ, ਹਾਂ! ਲੇਖਕ ਨੇ ਬੇਸ਼ਕ ਉਸ ਦੀ ਪੜ੍ਹਾਈ ਬਾਰੇ ਜਾਣਕਾਰੀ ਨਾ ਦੇ ਕੇ ਇਸ ਗਾਇਕ ਬਾਰੇ ਜਾਣਕਾਰੀ ਨੂੰ ਕੁਝ ਅਧੂਰਾ ਰੱਖਿਆ ਹੈ, ਫਿਰ ਵੀ ਲੇਖ ਕਾਫੀ ਹੱਦ ਤੱਕ ਉਸ ਦੀ ਗਾਇਕੀ ਦੇ ਸਫ਼ਰ ਨੂੰ ਆਪਣੇ ਕਲਾਵੇ 'ਚ ਲੈਣ 'ਚ ਸਫ਼ਲ ਰਿਹਾ ਹੈ।

-ਅਜੀਤ ਖੰਨਾ, (ਲੈਕਚਰਾਰ)