JALANDHAR WEATHER

27-04-2024

 ਟੋਟਕੇ-2
ਲੇਖਕ : ਰਣਜੋਧ ਸਿੰਘ
ਪ੍ਰਕਾਸ਼ਕ : ਏਵਿਜ਼ਮ ਕੁਲੈਕਸ਼ਨ
ਮੁੱਲ : 199, ਸਫ਼ੇ : 500
ਸੰਪਰਕ : 98144-22744

ਹਥਲੀ ਪੁਸਤਕ 'ਟੋਟਕੇ' ਲੇਖਕ ਸ. ਰਣਜੋਧ ਸਿੰਘ ਦੀ ਦੂਜੀ ਕਿਤਾਬ ਹੈ ਅਤੇ ਇਸ ਦੇ 500 ਸਫ਼ੇ ਹਨ। ਹਰ ਸਫ਼ੇ ਉੱਤੇ ਕੇਵਲ ਇਕ ਹੀ ਟੋਟਕਾ ਦਰਜ ਕੀਤਾ ਗਿਆ ਹੈ ਅਤੇ ਇਸ ਹਿਸਾਬ ਨਾਲ ਇਹ 500 ਹੀ ਟੋਟਕੇ ਹਨ। ਪਿਛਲੇ ਸਮੇਂ ਵਿਚ ਇਨ੍ਹਾਂ ਟੋਟਕਿਆਂ ਦੀਆਂ ਕਿਤਾਬਾਂ ਸਾਹਿਤ ਵਿਚ ਆਈਆਂ ਹਨ। ਸੱਭਿਆਚਾਰਕ ਤੌਰ ਉੱਤੇ ਇਹ ਟੋਟਕੇ ਸਭ ਤੋਂ ਪੁਰਾਣੇ ਵੇਦ 'ਰਿਗਵੇਦ' ਵਿਚ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਹਨ। ਪਿਛੋਂ ਇਹੀ ਟੋਟਕੇ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦੇ ਹਿੱਸੇ ਵੀ ਬਣੇ ਰਹੇ। ਸਾਰੇ ਸੰਸਕ੍ਰਿਤ ਮੰਤਰ ਸਿੱਖਿਆਦਾਇਕ ਟੋਟਕੇ ਹਨ ਪਰ ਉਕਤ ਟੋਟਕੇ ਕਵਿਤਾ ਵਿਚ ਹਨ। ਯੁੱਗ ਬਦਲਣ ਨਾਲ ਵਸਤਾਂ, ਰਿਸ਼ਤੇ ਅਤੇ ਵਿਚਾਰ ਬਦਲਦੇ ਰਹੇ ਹਨ। ਸਮਾਜਿਕ ਮਾਨਤਾਵਾਂ ਅਤੇ ਗੱਲਾਂ ਦੇ ਮੁੱਲ ਬਦਲਦੇ ਰਹੇ ਹਨ। ਪੁਰਾਣੀਆਂ ਮਾਨਤਾਵਾਂ ਟੁੱਟਦੀਆਂ-ਤਿੜਕਦੀਆਂ ਹਨ ਤਾਂ ਉਨ੍ਹਾਂ ਦੀ ਥਾਂ ਨਵੀਆਂ ਮਾਨਤਾਵਾਂ ਉਨ੍ਹਾਂ ਦਾ ਸਥਾਨ ਲੈਂਦੀਆਂ ਰਹੀਆਂ ਹਨ। ਧਾਰਮਿਕ ਅਕੀਦੇ ਬਦਲਦੇ ਹਨ। ਜਦ ਨਵੇਂ ਘਰ ਬਣਦੇ ਹਨ ਤਾਂ ਉਨ੍ਹਾਂ ਦੇ ਸ਼ੋਅ ਪੀਸ ਵੀ ਬਦਲਦੇ ਹਨ। ਇਹ ਟੋਟਕੇ ਜ਼ਿੰਦਗੀ ਦੀਆਂ ਕੋਠੀਆਂ ਦੇ ਸ਼ੋਅਕੇਸ ਹਨ। ਜਿਨ੍ਹਾਂ ਵਿਚ ਰੰਗ-ਰੰਗ ਦੀਆਂ ਮੱਛੀਆਂ ਤੈਰਦੀਆਂ ਹਨ। ਅੱਜ ਤੱਕ ਜਿੰਨੇ ਵੀ ਵਲੀ, ਅਵਤਾਰ, ਖ਼ੁਦਾ, ਰਹਿਬਰ ਧਰਤੀ ਉੱਤੇ ਆਏ ਹਨ, ਉਨ੍ਹਾਂ ਸਭਨਾਂ ਨੇ ਨੈਤਿਕਤਾ ਦੇ ਟੋਟਕੇ ਜਗਤ ਨੂੰ ਦਿੱਤੇ ਹਨ। ਪਵਿੱਤਰ ਜਪੁਜੀ ਸਾਹਿਬ ਸਿੱਖਿਆਦਾਇਕ ਟੋਟਕੇ ਹਨ। ਪਰ ਉਹ ਸਾਰੇ ਕਾਵਿ ਦੇ ਪਾਸ ਟੋਟਕੇ ਹਨ। ਅਜੋਕੇ ਸਮੇਂ ਇਹ ਟੋਟਕਾ ਲੇਖਕ ਖ਼ੁਦ ਕਵੀ ਨਹੀਂ ਹਨ, ਪਰ ਵਾਰਤਕ ਲਿਖਾਰੀ ਹਨ। ਉਨ੍ਹਾਂ ਵਲੋਂ ਵਕਤ ਦੀ ਕਸਵੱਟੀ ਉੱਤੇ ਪਰਖੇ ਗਏ ਅਤੇ ਮੰਨੇ ਗਏ ਇਥੇ ਟੋਟਕਿਆਂ ਦੀ ਕੁਲੈਕਸ਼ਨ ਹੋ ਕੇ ਪੁਸਤਕੀ ਰੂਪ ਧਾਰਨ ਕਰ ਰਹੀਆਂ ਹਨ। ਪਰ ਮੇਰੇ ਖਿਆਲ ਵਿਚ ਇਨ੍ਹਾਂ ਟੋਟਕਿਆਂ ਦਾ ਅਜੇ ਸਤਿਕਾਰਤ ਨਾਮਕਰਨ ਹੋਣਾ ਹੈ। ਟੋਟਕੇ ਕੋਈ ਬਹੁਤਾ ਵਧੀਆ ਨਾਂਅ ਨਹੀਂ ਲਗਦਾ। ਵਕਤ ਨਾਲ ਇਨ੍ਹਾਂ ਸਿੱਖਿਆਵਾਂ ਦੇ ਨਾਮਕਰਨ ਉੱਤੇ ਵੀ ਚਰਚਾ ਜ਼ਰੂਰ ਚੱਲੇਗੀ। ਪੰਜਾਬੀ ਵਿਚ ਇਨ੍ਹਾਂ ਸਿੱਖਿਆਵਾਂ ਕੁਲੈਕਸ਼ਨਾਂ ਦਾ ਰਿਵਾਜ ਵਧ ਰਿਹਾ ਹੈ। ਕਈ ਲੇਖਕ ਤਾਂ ਇਸੇ ਵਿਧਾ ਕਰਕੇ ਹੀ ਪ੍ਰਸਿੱਧ ਹੋਏ ਹਨ। ਟੋਟਕਾ ਜਾਂ ਸਿੱਖਿਆਵਾਂ ਲੇਖਕ ਸ. ਨਰਿੰਦਰ ਸਿੰਘ ਕਪੂਰ ਦਾ ਨਾਂਅ ਇਨ੍ਹਾਂ ਟੋਟਕਿਆਂ ਨੇ ਹੀ ਪ੍ਰਸਿੱਧ ਕੀਤਾ। ਆਮ ਕਰਕੇ ਸਾਰੇ ਟੋਟਕਾ ਲੇਖਕ ਲਗਾਤਾਰ ਹੀ ਟੋਟਕੇ ਲਿਖੀ ਜਾਂਦੇ ਹਨ। ਉਹ ਵਿਸ਼ੇ ਦੀ ਚੋਟ ਨਹੀਂ ਕਰਦੇ। ਕਈ ਮਾਹਿਰਾਂ ਨੇ ਇਨ੍ਹਾਂ ਟੋਟਕਿਆਂ ਦੇ ਵੱਖ-ਵੱਖ ਵਿਸ਼ਾ ਕਾਂਡ ਬਣਾਏ ਵੀ ਹਨ ਪਰ ਹਥਲੀ ਪੁਸਤਕ ਵਿਚ ਵੀ ਅਤੇ ਲੇਖਕ ਦਾ ਟੋਟਕਿਆਂ ਦੀ ਪਹਿਲੀ ਕਿਤਾਬ ਵਿਚ ਐਸਾ ਨਹੀਂ ਕੀਤਾ ਗਿਆ। ਇਹ ਟੋਟਕਾ ਸੰਗ੍ਰਹਿ ਪੰਜਾਬੀਆਂ ਵਾਸਤੇ ਹੁਣ ਜਾਣੀ-ਪਹਿਚਾਣੀ ਵਿਧਾ ਹੈ। ਬਹੁਤ ਸਾਰੇ ਪੁਰ ਅਹਿਸਾਸ ਪਾਠਕ ਇਨ੍ਹਾਂ ਟੋਟਕਿਆਂ ਦੀ ਸਿੱਖਿਆ ਦੀ ਦਿਲ ਉੱਤੇ ਗੰਢ ਦੇ ਲੈਂਦੇ ਹਨ। ਇਹ ਦੋ ਤੇ ਦੋ-ਚਾਰ ਹੁੰਦੇ ਹਨ। ਜ਼ਿੰਦਗੀ ਦੇ ਸਿੱਧੇ ਰਸਤਿਆਂ ਦੀ ਤਸੀਦਕ। ਪਰ ਹਥਲੀ ਪੁਸਤਕ ਦੇ ਇਕ ਸਫ਼ੇ ਉੱਤੇ ਇਕ ਹੀ ਟੋਟਕਾ ਹੈ ਜੋ ਸਫ਼ੇ ਵਧਾਉਣ ਤੇ ਪੁਸਤਕ ਦਾ ਭਾਰ ਵਧਾਉਣ ਵਾਂਗ ਜਾਪਦਾ ਹੈ। ਆਓ, ਕੁਝ ਟੋਟਕੇ ਪੜ੍ਹਦੇ ਹਾਂ :
-ਸਮੋਸੇ ਪੂਰੀਆਂ ਨੂੰ ਨੈਪਕਨ ਨਾਲ ਪੂੰਝਣ 'ਤੇ ਫੈਟ ਨਹੀਂ ਘਟਦੀ।
-ਭੋਲੇ ਬੰਦਿਆਂ ਨੂੰ ਲੋਕ ਜ਼ਿਆਦਾ ਤੰਗ ਕਰਦੇ ਹਨ।
-ਫ਼ਜ਼ੂਲ ਬੰਦਿਆਂ 'ਤੇ ਵਕਤ ਖਰਾਬ ਨਾ ਕਰੋ। ਵਕਤ ਥੋੜ੍ਹਾ ਹੈ ਦਿਨ ਦਾ ਸਹੀ ਇਸਤੇਮਾਲ ਕਰੋ।
-ਰਿਸ਼ਤੇ ਥੋੜ੍ਹੇ ਹੀ ਬਣਾਓ, ਜਿਹੜੇ ਬਣਾਓ ਉਹ ਦਿਲੋਂ ਨਿਭਾਓ।
-ਸਭ ਤੋਂ ਔਖਾ ਕੰਮ ਹੈ ਆਪਣੇ ਕੰਮ ਨਾਲ ਕੰਮ ਰੱਖਣਾ, ਦੂਜੇ ਦੇ ਨਹੀਂ।
-ਚਲਦੇ ਰਹਾਂਗੇ ਤਾਂ ਚੰਗੇ ਰਹਾਂਗੇ। ਜੇ ਬਹਿ ਗਏ ਤਾਂ ਰਹਿ ਗਏ।
-ਜ਼ਿੰਦਾ ਹੋ ਤਾਂ ਕੰਡੇ ਚੁੱਭਣਗੇ। ਮਰੇ ਹੋਏ ਨੂੰ ਤਾਂ ਅੱਗ ਵੀ ਕੁਝ ਨਹੀਂ ਕਹਿੰਦੀ।
ਉਕਤ ਸਿੱਖਿਆ ਟੂਕਾਂ ਵਾਂਗ ਹੀ ਹੋਰ ਵੀ 500 ਟੂਕਾਂ ਹਨ ਜੋ ਕਿ ਪਾਠਕਾਂ ਵਾਸਤੇ ਰਾਹ ਦਸੇਰਾ ਤੇ ਕੰਪਾਸ ਹੋ ਸਕਦੀਆਂ ਹਨ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਚਿੱਠੀਆਂ ਤੁਰੀਆਂ ਮੇਰੇ ਨਾਲ
ਸੰਪਾਦਕ : ਨਿੰਦਰ ਘੁਗਿਆਣਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ : 94174-21700

'ਚਿੱਠੀਆਂ ਤੁਰੀਆਂ ਮੇਰੇ ਨਾਲ' ਨਿੰਦਰ ਘੁਗਿਆਣਵੀ ਦੀ ਸੰਪਾਦਤ ਕੀਤੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੂੰ ਵੱਖ-ਵੱਖ ਲੇਖਕਾਂ ਵਲੋਂ ਮੌਕੇ-ਬੇ ਮੌਕੇ ਲਿਖੀਆਂ ਚਿੱਠੀਆਂ ਸ਼ਾਮਿਲ ਕੀਤੀਆਂ ਹਨ। ਇਸ ਵਿਚ ਲੇਖਕ ਹਨ, ਪੱਤਰਕਾਰ ਹਨ, ਵੱਡੇ ਬੰਦੇ ਹਨ।
ਚਿੱਠੀ ਲਿਖਣ ਦਾ ਰਿਵਾਜ ਲਗਭਗ ਮੁੱਕ ਹੀ ਗਿਆ ਹੈ। ਮੋਬਾਈਲ, ਇੰਟਰਨੈੱਟ, ਕੋਰੀਅਰ ਆਦਿ ਸੇਵਾਵਾਂ ਨੇ ਇਹ ਰੁਚੀ ਲਗਭਗ ਖ਼ਤਮ ਹੀ ਕਰ ਦਿੱਤੀ ਹੈ। ਲੋਕ ਮਨ ਦੀ ਗੱਲ ਨਹੀਂ ਕਰਦੇ, ਸਗੋਂ ਕਰਨਾ ਭੁੱਲ ਹੀ ਗਏ ਹਨ। ਮੋਬਾਈਲਾਂ 'ਤੇ ਓਪਰੀਆਂ-ਓਪਰੀਆਂ ਗੱਲਾਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਹੁਣ ਖ਼ਤ ਲਿਖਣ ਲਈ ਲੋਕਾਂ ਕੋਲ ਸਮਾਂ ਹੀ ਨਹੀਂ ਹੈ। ਇਸੇ ਲਈ ਆਪਸੀ ਰਿਸ਼ਤਿਆਂ ਦਾ ਨਿੱਘ ਅਤੇ ਗਰਮੀ ਮੁੱਕਦੀ ਜਾ ਰਹੀ ਹੈ।
ਨਿੰਦਰ ਸਿਰੜੀ ਬੰਦਾ ਹੈ। ਪੁਰਾਣੇ ਖ਼ਤਾਂ ਨੂੰ ਸੰਭਾਲ ਕੇ ਰੱਖਣਾ ਵੀ ਚੰਗੀ ਜੀਵਨ-ਜੁਗਤ ਦੀ ਨਿਸ਼ਾਨੀ ਹੈ। ਇਨ੍ਹਾਂ ਖ਼ਤਾਂ ਤੋਂ ਲਿਖਣ ਵਾਲਿਆਂ ਦਾ ਨਿੱਘ, ਮਤਲਬ, ਔਕਾਤ ਵੀ ਸਪੱਸ਼ਟ ਹੁੰਦੀ ਹੈ। ਕਈ ਤਾਂ ਨਿੰਦਰ ਦੀਆਂ ਛਪੀਆਂ ਕਿਤਾਬਾਂ ਹੀ ਮੰਗ ਕਰਦੇ ਦਿਖਾਈ ਦਿੰਦੇ ਹਨ। ਕਈ ਆਪਣੇ ਮਤਲਬ ਦੀ ਪੂਰਤੀ ਦੀ ਨਿੰਦਰ ਤੋਂ ਉਮੀਦ ਕਰਦੇ ਹਨ। ਕਈ ਆਪਣੇ ਮਤਲਬ ਦੀ ਪੂਰਤੀ ਦੀ ਨਿੰਦਰ ਤੋਂ ਉਮੀਦ ਕਰਦੇ ਹਨ। ਕਈ ਉਸ ਦੇ ਲਿਖੇ ਲੇਖਾਂ ਤੇ ਛਪੀਆਂ ਰਚਨਾਵਾਂ ਦੀ ਰਸਮੀ ਜਿਹੀ ਪ੍ਰਸੰਸਾ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਖ਼ਤਾਂ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਨਿੰਦਰ ਖ਼ੁਦ ਵੀ ਵੱਡੇ ਲੇਖਕਾਂ ਨੂੰ ਆਪਣੀਆਂ ਛਪੀਆਂ ਕਿਤਾਬਾਂ ਘੱਲਦਾ ਰਹਿੰਦਾ ਸੀ ਤੇ ਕਈ ਵਾਰੀ ਉਨ੍ਹਾਂ ਨਾਲ ਰਾਬਤਾ ਬਣਾਉਣ ਲਈ ਵੀ ਖ਼ਤ ਲਿਖਦਾ ਰਹਿੰਦਾ ਸੀ। ਇਸ ਤਰ੍ਹਾਂ ਉਸ ਦਾ ਸੰਪਰਕ ਲੇਖਕਾਂ ਨਾਲ ਬਣਿਆ ਰਹਿੰਦਾ ਸੀ। ਜੇ ਉਹ ਕਿਤੇ ਲੋਕ-ਸੰਪਰਕ ਅਧਿਕਾਰੀ ਹੁੰਦਾ ਤਾਂ ਉਸ ਨੇ ਬਹੁਤ ਕਾਮਯਾਬ ਲੋਕ-ਸੰਪਰਕ ਅਧਿਕਾਰੀ ਹੋਣਾ ਸੀ ਕਿਉਂਕਿ ਉਸ ਨੂੰ ਲੋਕਾਂ ਨਾਲ ਦੋਸਤੀਆਂ ਅਤੇ ਸੰਪਰਕ ਬਣਾਉਣੇ ਆਉਂਦੇ ਹਨ। ਉਸ ਨੂੰ ਨਵੀਂ ਕਿਤਾਬ ਲਈ ਸ਼ਾਬਾਸ਼। ਇਹੋ ਜਿਹੀਆਂ ਕਿਤਾਬਾਂ ਬਹੁਤ ਔਖੀਆਂ ਛਪਦੀਆਂ ਹਨ।

-ਕੇ. ਐੱਲ. ਗਰਗ
ਮੋਬਾਈਲ : 94635-37050

ਕਿਉਂ ਹੋ ਰਿਹਾ ਦੇਸ਼ ਬੇਗਾਨਾ
ਲੇਖਕ : ਗੁਰਮੀਤ ਸਿੰਘ ਪਲਾਹੀ
ਸੰਪਾਦਕ : ਪਰਵਿੰਦਰਜੀਤ ਸਿੰਘ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ.) ਪਲਾਹੀ, ਫਗਵਾੜਾ
ਮੁੱਲ : 250 ਰੁਪਏ, ਸਫ਼ੇ : 216
ਸੰਪਰਕ : 98158-02070

ਵਿਚਾਰਾਧੀਨ ਪੁਸਤਕ ਲੇਖਕ ਦੇ ਪੱਤਰਕਾਰਿਤਾ/ਜਰਨਲਲਿਜ਼ਮ ਵਜੋਂ ਨਿਰੰਤਰ ਲਿਖੇ ਲੇਖਾਂ ਦਾ ਸੰਗ੍ਰਹਿ ਹੈ, ਜਿਸ ਨੂੰ ਪਰਵਿੰਦਰਜੀਤ ਸਿੰਘ ਨੇ ਸੰਪਾਦਿਤ ਕੀਤਾ ਹੈ। ਇਨ੍ਹਾਂ ਲੇਖਾਂ ਦਾ ਅਧਿਐਨ ਕਰਦਿਆਂ ਪਤਾ ਚਲਦਾ ਹੈ ਕਿ ਲੇਖਕ ਨੇ ਸਮਕਾਲੀ ਸਮੱਸਿਆਵਾਂ 'ਤੇ ਬੇਬਾਕ ਕਲਮ ਚਲਾਈ ਹੈ। ਪੱਤਰਕਾਰਿਤਾ ਨਾਲ ਸੰਬੰਧਿਤ ਇਸ ਕਿਤਾਬ ਵਿਚ 51 ਚੋਣਵੇਂ ਲੇਖ ਸੰਕਲਿਤ ਕੀਤੇ ਗਏ ਹਨ। ਅਨੇਕ ਮਹੱਤਵ ਵਾਲੇ ਵਿਸ਼ਿਆਂ ਵਿਚ ਸਮੁੱਚੇ ਦੇਸ਼ ਤੋਂ ਬਿਨਾਂ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ 'ਤੇ ਫੋਕਸੀਕਰਨ ਕੀਤਾ ਗਿਆ ਹੈ, ਜਿਵੇਂ : ਪੰਜਾਬ ਵਿਚ ਵਗਦਾ ਨਸ਼ਿਆਂ ਦਾ ਦਰਿਆ, ਕਿਸਾਨਾਂ ਨਾਲ ਸੰਬੰਧਿਤ ਵਿਸ਼ੇ ਜਿਵੇਂ : ਕਣਕ ਅਤੇ ਚਾਵਲ ਦਾ ਚੱਕਰਵਿਊ, ਦੁੱਗਣੀ ਆਮਦਨ ਕਰਨ ਦਾ ਮਸਲਾ, ਕੁਦਰਤੀ ਖੇਤੀ, ਪਾਣੀ ਦਾ ਹੱਕ, ਹੜ੍ਹਾਂ ਦਾ ਕਹਿਰ, ਸੱਪਾਂ ਦੀਆਂ ਸਿਰੀਆਂ ਮਿੱਧਦਾ ਕਿਸਾਨ, ਪੇਂਡੂ ਵਿਕਾਸ ਦੀ ਸਮੱਸਿਆ ਆਦਿ। ਕਿਰਤੀਆਂ ਦੀ ਦਸ਼ਾ ਜਿਵੇਂ : ਕਾਮਿਆਂ ਦੀ ਦਿਹਾੜੀ, ਬੰਧੂਆ ਮਜ਼ਦੂਰੀ, ਹਾਸ਼ੀਏ 'ਤੇ ਆਦਮੀ, ਭੁੱਖੇ ਢਿੱਡ ਜ਼ਿੰਦਗੀ ਦਾ ਸਫ਼ਰ, ਭੁੱਖ ਤੇ ਸਬਰ ਆਦਿ। ਸੰਵਿਧਾਨ ਬਾਰੇ ਚਰਚਾ, ਸੂਬਿਆਂ ਦੇ ਹੱਕ ਖੋਹਣਾ, ਭਾਰਤੀ ਲੋਕਤੰਤਰ ਦੇ ਅੰਤਰਗਤ ਲੋਕਤੰਤਰ ਦੀ ਪਰਿਭਾਸ਼ਾ। ਚੋਣਾਂ ਸੰਬੰਧੀ ਵਿਸ਼ੇ : ਚੋਣ ਵਾਅਦੇ ਅਤੇ ਤੋਹਫ਼ੇ, ਵਿਰੋਧੀ ਧਿਰ ਦੇ ਏਕੇ ਦਾ ਸਵਾਲ, ਆਦਰਸ਼ ਨੇਤਾ ਕਿੱਧਰ ਗੁਆਚ ਗਏ, ਲੋਕ ਸਭਾ ਦੀਆਂ 2024 ਦੀਆਂ ਚੋਣਾਂ ਵਿਚ ਤਿਕੋਣੀ ਟੱਕਰ ਦੀ ਸੰਭਾਵਨਾ ਆਦਿ। ਔਰਤਾਂ ਨਾਲ ਸੰਬੰਧਿਤ ਵਿਸ਼ੇ ਜਿਵੇਂ : ਔਰਤਾਂ 'ਤੇ ਹੋ ਰਹੇ ਜ਼ੁਲਮ, ਔਰਤਾਂ ਦੀ ਸੁਰੱਖਿਆ ਕਿਵੇਂ ਹੋਵੇ, ਔਰਤਾਂ ਲਈ ਨਿਆਂ ਅਤੇ ਔਰਤਾਂ ਲਈ ਰਾਖਵਾਂਕਰਨ ਆਦਿ। ਕੁਝ ਫੁਟਕਲ ਵਿਸ਼ਿਆਂ 'ਤੇ ਵੀ ਕਲਮ ਚਲਾਈ ਗਈ ਹੈ ਜਿਵੇਂ : ਅਰਾਜਕਤਾ ਵੱਲ ਵਧ ਰਿਹਾ ਪੰਜਾਬ, ਪੰਜਾਬ ਅਤੇ ਭਾਰਤ ਦੇ ਬਜਟ, ਪੰਜਾਬੀਆਂ ਦਾ ਪ੍ਰਵਾਸ, ਸਿਹਤ ਸਹੂਲਤਾਂ, ਪਰਿਵਾਰਕ ਝਗੜਿਆਂ ਦਾ ਬੱਚਿਆਂ 'ਤੇ ਪ੍ਰਭਾਵ, ਜੰਗਲਾਂ ਦੀ ਸੰਭਾਲ, ਜਾਨਲੇਵਾ ਫਾਸਟ ਫੂਡ, ਹਵਾ ਪ੍ਰਦੂਸ਼ਣ, ਸਿੱਖਿਆ ਸੰਬੰਧੀ ਚੁਣੌਤੀਆਂ, ਮਨੀਪੁਰ ਦੀਆਂ ਹਿਰਦੇਵੇਦਕ ਘਟਨਾਵਾਂ ਆਦਿ।
ਲੇਖਕ ਦੀ ਵਾਰਤਕ ਸ਼ੈਲੀ ਸਰਲ, ਸਪੱਸ਼ਟ ਅਤੇ ਰਵਾਨਗੀ ਭਰਪੂਰ ਹੈ। ਵਾਰਤਕ ਦਾ ਨਮੂਨਾ ਵੇਖੋ :
''...ਇਹ ਲੋਕ ਹਰ ਹੀਲਾ-ਵਸੀਲਾ ਵਰਤ ਕੇ, ਆਪਣੀ ਜਮ੍ਹਾਂ ਪੂੰਜੀ, ਆਪਣੀ ਛੋਟੀ-ਮੋਟੀ ਜਾਇਦਾਦ ਗਿਰਵੀ ਰੱਖ ਕੇ ਆਪਣੇ ਬੱਚਿਆਂ ਨੂੰ ਅਤੇ ਫਿਰ ਆਪ ਬਾਹਰ ਤੁਰ ਰਹੇ ਹਨ। ਮੁੱਖ ਤੌਰ 'ਤੇ ਪੰਜਾਬ ਦੀ ਨਪੀੜੀ ਜਾ ਰਹੀ ਛੋਟੀ ਕਿਸਾਨੀ ਆਰਥਿਕ ਤੰਗੀ ਕਾਰਨ ਵਧੇਰੇ ਕਰਕੇ ਇਸ ਰਾਹ ਪੈ ਰਹੀ ਹੈ।... ਫਿਰ ਲੋਕਾਂ ਲਈ ਇਹ ਦੇਸ਼ ਬੇਗਾਨਾ ਕਿਉਂ ਨਾ ਹੋਏਗਾ? ਪੰ. 82. ਲੇਖਕ ਦਾ ਗਿਆਨ ਭੰਡਾਰ ਉਸ ਦੇ ਵਿਚਾਰਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ: : vatish.dharamchand@gmail.com

-
ਡਾ. ਅਮਰ ਕੋਮਲ ਦੀ ਚੋਣਵੀਂ ਕਵਿਤਾ ਅਤੇ ਵਿਵਹਾਰਕ ਸਮਾਲੋਚਨਾ
ਸੰਪਾਦਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯ ਪਬਲਿਕੇਸ਼ਨਜ਼, ਦਿੱਲੀ
ਮੁੱਲ : 750 ਰੁਪਏ, ਸਫ਼ੇ : 562
ਸੰਪਰਕ : 099588-31357

'ਡਾ. ਅਮਰ ਕੋਮਲ ਦੀ ਚੋਣਵੀਂ ਕਵਿਤਾ ਅਤੇ ਵਿਵਹਾਰਕ ਸਮਾਲੋਚਨਾ' ਪੁਸਤਕ ਦਾ ਸੰਕਲਨ ਅਤੇ ਸੰਪਾਦਨ ਡਾ. ਬਲਦੇਵ ਸਿੰਘ ਬੱਦਨ ਨੇ ਕੀਤਾ ਹੈ। ਡਾ. ਬੱਦਨ ਨੇ ਬਹੁਤ ਸਾਰਾ ਸਾਹਿਤ ਰਚਿਆ ਅਤੇ ਅਨੁਵਾਦ ਕੀਤਾ ਹੈ। ਇਸ ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ਲਗਭਗ 233 ਕਵਿਤਾਵਾਂ ਅਤੇ ਦੂਜੇ ਭਾਗ 'ਵਿਵਹਾਰਕ ਸਮਾਲੋਚਨਾ' ਵਿਚ 24 ਖੋਜ-ਪੱਤਰ ਅਤੇ ਇਕ ਰੇਖਾ-ਚਿੱਤਰ ਸ਼ਾਮਿਲ ਕੀਤਾ ਗਿਆ ਹੈ, ਜਿਸ ਵਿਚ ਵੱਖ-ਵੱਖ ਲੇਖਕਾਂ ਦੇ ਲੇਖ ਲਿਖੇ ਗਏ ਹਨ। ਮੂਲ ਰੂਪ ਵਿਚ ਇਸ ਪੁਸਤਕ ਵਿਚ ਅਮਰ ਕੋਮਲ ਦੀ ਕਾਵਿ-ਪ੍ਰਕਿਰਤੀ, ਉਸ ਦੀ ਸ਼ਖ਼ਸੀਅਤ ਅਤੇ ਉਸ ਦੀ ਜੀਵਨ-ਨੀਤੀ ਨੂੰ ਪਹਿਚਾਨਣਾ ਹੈ, ਜਿਸ ਵਿਚ ਉਸ ਨੇ ਪ੍ਰਗਤੀਵਾਦੀ ਦ੍ਰਿਸ਼ਟੀ ਦੀ ਵਿਚਾਰਧਾਰਾ ਅਪਣਾਈ ਹੈ ਤੇ ਪੁਸਤਕ ਵਿਚ ਇਕ ਨਵੀਨਤਾ ਹੈ। ਸ਼ੁੱਧ-ਸਨਾਤਨੀ ਵਿਚਾਰ ਜਿਸ ਵਿਚ ਵਹਿਮਾਂ-ਭਰਮਾਂ ਨੂੰ ਨਕਾਰਿਆ ਹੈ ਅਤੇ ਸਮੁੱਚੀ ਪੁਸਤਕ ਵਿਚ ਹੀ ਅਮਰ ਕੋਮਲ ਦੀ ਜੀਵਨ ਭਰ ਦੀ ਕਮਾਈ ਨੂੰ ਸਮੋਇਆ ਗਿਆ ਹੈ ਜਿਵੇਂ ਉਸਦੀ ਇਕ ਕਵਿਤਾ ਹੈ:
'ਬਚਪਨ ਗਿਆ, ਜਵਾਨੀ ਆਈ
ਫੇਰ ਬੁਢਾਪਾ ਆਇਆ,
ਕਿਉਂ ਮਨ ਘਬਰਾਇਆ।'
ਇਸ ਤਰ੍ਹਾਂ ਕਵੀ ਨੇ ਅਨੇਕਾਂ ਹੀ ਕਵਿਤਾਵਾਂ ਇਕੱਠੀਆਂ ਕੀਤੀਆਂ ਹਨ ਜਿਵੇਂ, 'ਕੁੜੀ ਨਿਆਰੀ', 'ਕਾਸ਼', 'ਧਰਤੀ ਤੇ ਰੁੱਖ', 'ਸੁਪਨੇ', 'ਨੇਤਾ', 'ਚੁੰਨੀ', 'ਆਦਮੀ', 'ਕਾਲੇ ਨਾਗ', 'ਰੁੱਖ', 'ਨਵੇਂ ਸੁਨੇਹੜੇ', ਆਦਿ ਜਿਨ੍ਹਾਂ ਵਿਚ ਸਮਾਜ ਨੂੰ ਸੇਧ ਦੇਣ ਵਾਲੀਆਂ ਸਮਾਜਿਕ ਕਵਿਤਾਵਾਂ ਦੇ ਯਥਾਰਥ ਨੂੰ ਬਿਆਨ ਕੀਤਾ ਗਿਆ ਹੈ। ਪੁਸਤਕ ਦੇ ਦੂਜੇ ਭਾਗ ਵਿਚ ਵੱਖ-ਵੱਖ ਲੇਖਕਾਂ ਦੁਆਰਾ ਲਿਖੇ ਗਏ ਲੇਖਾਂ ਨੂੰ ਇਕੱਤਰ ਕੀਤਾ ਗਿਆ ਹੈ ਜਿਵੇਂ 'ਤਿੰਨ ਚਿੱਠੀਆਂ ਡਾ. ਅਮਰ ਕੋਮਲ ਦੇ ਨਾਂ' (ਪ੍ਰੋ. ਪ੍ਰੀਤਮ ਸਿੰਘ ਰਾਹੀ), 'ਪਿਆਰ ਤੇ ਸੰਗਰਾਮ ਦਾ ਕਵੀ'' (ਪ੍ਰੋ. ਗੁਰਚਰਨ ਸਿੰਘ), 'ਪ੍ਰਸੰਗ ਅਤੇ ਵਿਰੋਧ ਦੀ ਕਵਿਤਾ- ਤਥਾ ਅਸਤੂ' (ਸੁਲੱਖਣ ਸਰਹੱਦੀ), 'ਸਤਿਯਮ ਸ਼ਿਵਮ ਸੁੰਦਰਮ-ਚਾਨਣ ਵੰਡਦੇ ਦੀਵਿਆਂ ਦਾ ਥਾਲ' (ਮਨਮੋਹਨ ਸਿੰਘ ਦਾਊਂ), ਆਦਿ। ਇਹ ਪੁਸਤਕ ਡਾ. ਅਮਰ ਕੋਮਲ ਦੀ ਬਹੁਪੱਖੀ ਸੋਚ ਦਾ ਵਿਸ਼ਾਲ ਪਸਾਰਾ ਹੈ, ਜਿਸ ਵਿਚ ਉਨ੍ਹਾਂ ਦੀ ਵਿਚਾਰਧਾਰਾ ਵਿਚਲੀ ਵਿਗਿਆਨਕ ਸੋਚ ਬਾਰੇ ਪਤਾ ਲੱਗਦਾ ਹੈ। ਪੁਸਤਕ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

21-04-2024

ਵੀਹ ਗ੍ਰਾਮ ਜ਼ਿੰਦਗੀ
ਲੇਖਕ : ਗੁਰਪ੍ਰੀਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 158
ਸੰਪਰਕ : 98723-75898

ਗੁਰਪ੍ਰੀਤ ਪੰਜਾਬੀ ਕਵਿਤਾ ਵਿਚ ਵਿਲੱਖਣ ਹਸਤਾਖਰ ਹੈ। ਉਹ ਨਿਵੇਕਲੀ ਕਿਸਮ ਦਾ ਸ਼ਾਇਰ ਹੈ ਜਿਸ ਦੀਆਂ ਕਵਿਤਾਵਾਂ ਦੀ ਰਮਜ਼ ਵੱਖਰੀ ਹੈ। ਆਪਣੀ ਕਵਿਤਾ ਵਾਂਗ ਹੀ ਉਹ ਇਸ ਵਾਰਤਕ ਦੀ ਪੁਸਤਕ ਵਿਚ ਸਰਲ ਪਰ ਡੂੰਘੇ ਰਮਜ਼ਾਂ ਵਾਲੀਆਂ ਗੱਲਾਂ ਕਰਦਾ ਨਜ਼ਰ ਆਉਂਦਾ ਹੈ। ਡਾਇਰੀਨੁਮਾ ਸ਼ੈਲੀ ਵਿਚ ਲਿਖੀ ਇਸ ਵੀਹ ਗ੍ਰਾਮ ਜ਼ਿੰਦਗੀ ਵਿਚ ਉਹ ਸਹਿਜਤਾ, ਸਕੂਨ, ਅਹਿਸਾਸ ਅਤੇ ਸੰਵੇਦਨਾ ਨਾਲ ਗੁਜ਼ਾਰੇ ਪਲਾਂ ਨੂੰ ਆਪਣੇ ਲਫ਼ਜ਼ਾਂ ਵਿਚ ਬਿਆਨ ਕਰਦਾ ਹੈ। ਵੀਹ ਦਾ ਹਿੰਦਸਾ ਅਤੇ ਇਸ ਵਿਚ ਉਸ ਦੀ ਦਿਲਚਸਪੀ ਨੂੰ ਉਹ ਡਾਇਰੀ ਦੀ ਸ਼ੁਰੂਆਤ ਵਿਚ ਵੀਹ ਸੌ ਵੀਹ ਸਿਰਲੇਖ ਅਧੀਨ ਪੇਸ਼ ਕਰਦਾ ਹੈ। ਲੇਖਕ ਦੇ ਆਪਣੇ ਸ਼ਬਦਾਂ ਵਿਚ ਉਸ ਦੀ ਇਹ ਕਿਤਾਬ ਉਸ ਦੀ ਓਦਰੀ ਜਿੰਦ ਦਾ ਚਿੱਤ ਹੈ, ਜਿਸ ਵਿਚ ਉਹ ਖ਼ੁਦ ਨੂੰ ਜਾਨਣ ਦੇ ਰਾਹ ਤੁਰਦਾ ਹੈ। ਕੋਰੋਨਾ ਤੋਂ ਪਹਿਲਾਂ, ਕੋਰੋਨਾ ਕਾਲ ਦੌਰਾਨ ਅਤੇ ਕੋਰੋਨਾ ਤੋਂ ਬਾਅਦ ਦੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ, ਗੁਜ਼ਰੇ ਪਲ ਅਤੇ ਆਸ-ਪਾਸ ਵਾਪਰ ਰਹੇ ਸਧਾਰਨ ਵਰਤਾਰਿਆਂ ਵਿਚੋਂ ਅਸਧਾਰਨ ਨੂੰ ਭਾਲਣ ਦਾ ਉਸ ਦਾ ਆਪਣਾ ਇਕ ਨਜ਼ਰੀਆ ਇਸ ਪੁਸਤਕ ਵਿਚ ਨਜ਼ਰ ਆਉਂਦਾ ਹੈ। ਸ਼ਾਇਦ ਇਸੇ ਕਾਰਨ ਲੇਖਕ ਦਰਾਜਾਂ ਵਿਚ ਵੀ ਧੜਕਣ ਮਹਿਸੂਸ ਕਰਦਾ ਹੈ। ਉਸ ਦਾ ਕਾਵਿਕ ਲਹਿਜ਼ਾ ਵਾਰਤਕ ਵਿਚ ਵੀ ਕਵਿਤਾ ਦਾ ਅਹਿਸਾਸ ਕਰਾਉਂਦਾ ਹੈ। ਕੋਰੋਨਾ ਕਾਲ ਤੋਂ ਪਹਿਲਾਂ ਦੇ ਉਸ ਦੀ ਡਾਇਰੀ ਦੇ ਕੁਝ ਪੰਨੇ ਇਸ ਪੁਸਤਕ ਦਾ ਹਿੱਸਾ ਹਨ, ਜਿਨ੍ਹਾਂ ਵਿਚ ਉਹ ਆਪਣੀਆਂ ਪੜ੍ਹੀਆਂ ਕਵਿਤਾਵਾਂ, ਕਹਾਣੀਆਂ ਅਤੇ ਕਿਤਾਬਾਂ ਦਾ ਜ਼ਿਕਰ ਕਰਦਾ ਹੈ। ਮਾਰਚ 2020 ਤੋਂ ਬਾਅਦ ਦੀਆਂ ਘਟਨਾਵਾਂ ਨੂੰ ਆਪਣੀ ਡਾਇਰੀ ਵਿਚ ਉਸ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਪਲਾਂ ਨੂੰ ਬਿਆਨਿਆ ਹੈ, ਜਿਨ੍ਹਾਂ ਵਿਚ ਸਾਹਿਤ ਦਾ ਮਕਸਦ ਬਾਰੇ ਚਰਚਾ ਕਰਦਾ ਹੈ, ਕਈ ਵਾਰ ਮਨ ਦੀ ਉਦਾਸੀ ਉਸ ਨੂੰ ਉਦਾਸ ਕਰ ਦਿੰਦੀ ਹੈ ਅਤੇ ਆਪਣੀ ਬੇਬਸੀ ਤੇ ਉਹ ਖ਼ੁਦ ਨੂੰ ਸਹਿਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਇਨ੍ਹਾਂ ਦਿਨਾਂ ਵਿਚ ਪੜ੍ਹੀਆਂ ਚੰਗੀਆਂ ਕਿਤਾਬਾਂ ਅਤੇ ਕਵਿਤਾਵਾਂ ਕਿਸ ਤਰ੍ਹਾਂ ਉਸ ਦੀ ਚੁੱਪ ਦਾ ਵਿਸਤਾਰ ਕਰਦੀਆਂ ਹਨ, ਅਜਿਹੇ ਕਈ ਪਲ ਉਸ ਨੇ ਡਾਇਰੀ ਵਿਚ ਸਮੇਟੇ ਹਨ। ਮਾਂ ਦੀ ਇਸ ਦੁਨੀਆ ਤੋਂ ਰੁਖਸਤੀ ਅਤੇ ਉਸ ਨਾਲ ਜੁੜੀਆਂ ਯਾਦਾਂ ਵੀ ਡਾਇਰੀ ਦਾ ਹਿੱਸਾ ਬਣੇ ਹਨ। 100 ਦਿਨਾਂ ਦੀ ਪੇਂਟਿੰਗ ਦਾ ਤਜਰਬਾ ਵੀ ਸ਼ਾਮਿਲ ਹੈ। ਕੋਵਿਡ ਦਾ ਸਹਿਮ ਅਤੇ ਕਹਿਰ ਦੋਵੇਂ ਝੱਲਦਿਆਂ ਕਵਿਤਾ ਉਸ ਦੇ ਅੰਗ-ਸੰਗ ਵਿਚਰਦੀ ਹੈ ਅਤੇ ਇਸ ਗੱਲ ਦੀ ਗਵਾਹੀ ਉਸ ਦੀ ਡਾਇਰੀ ਦਾ ਹਰ ਪੰਨਾ ਭਰਦਾ ਹੈ। ਪੁਸਤਕ ਪੜ੍ਹਦਿਆਂ ਪਾਠਕ ਇਸ ਨੂੰ ਮਹਿਸੂਸ ਕਰ ਸਕਦੇ ਹਨ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਸੋਚ ਤੋਂ ਸੱਚ ਤੱਕ
ਲੇਖਿਕਾ : ਬਲਜਿੰਦਰ ਕੌਰ ਸ਼ੇਰਗਿੱਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 36
ਸੰਪਰਕ : 98785-19278

ਸਮਕਾਲੀਨ ਪੰਜਾਬੀ ਸਾਹਿਤ ਵਿਚ ਬਾਲ ਸਾਹਿਤ ਵਿਸ਼ੇਸ਼ ਮਹੱਤਵ ਦਾ ਧਾਰਣੀ ਹੈ ਅਤੇ ਬਾਲ ਸਾਹਿਤ ਦੀਆਂ ਅਹਿਮ ਵੰਨਗੀਆਂ ਵਿਚ 'ਕਵਿਤਾ' ਦਾ ਆਪਣਾ ਖ਼ਾਸ ਸਥਾਨ ਹੈ। ਬਲਜਿੰਦਰ ਕੌਰ ਸ਼ੇਰਗਿੱਲ ਨੇ ਆਪਣੀ ਤਾਜ਼ਾਤਰੀਨ ਬਾਲ ਪੁਸਤਕ 'ਸੋਚ ਤੋਂ ਸੱਚ ਤੱਕ' ਵਿਚ 26 ਬਾਲ-ਕਵਿਤਾਵਾਂ ਨੂੰ ਆਧਾਰ ਬਣਾਇਆ ਹੈ। ਇਨ੍ਹਾਂ ਬਾਲ-ਕਵਿਤਾਵਾਂ ਦਾ ਕੇਂਦਰ-ਬਿੰਦੂ ਸਮਾਜ ਦੀ ਅਹਿਮ ਕੜੀ ਬੱਚੇ ਹਨ। ਇਨ੍ਹਾਂ ਕਵਿਤਾਵਾਂ ਦੇ ਵਿਸ਼ਿਆਂ ਦੀ ਵਿਭਿੰਨਤਾ ਇਸ ਗੱਲ ਦੀ ਸੂਚਕ ਹੈ ਕਿ ਬਾਲ ਹਰ ਉਸ ਵਿਸ਼ੇ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਹਨ, ਜੋ ਉਨ੍ਹਾਂ ਦੀ ਮਾਨਸਿਕਤਾ ਅਤੇ ਸੋਚਣੀ ਦੇ ਬਹੁਤ ਨਜ਼ਦੀਕ ਹੁੰਦੇ ਹਨ।
ਬਲਜਿੰਦਰ ਕੌਰ ਸ਼ੇਰਗਿੱਲ ਦੀਆਂ ਇਨ੍ਹਾਂ ਵੰਨ-ਸੁਵੰਨੀਆਂ ਕਵਿਤਾਵਾਂ ਵਿਚੋਂ 'ਕਿਤਾਬਾਂ', 'ਪੰਜਾਬੀ ਮਾਂ ਬੋਲੀ ਬੋਲ ਰਹੀ ਹਾਂ', 'ਅੱਖਰ','ਮੇਰੀ ਬੋਲੀ', 'ਪੜ੍ਹਾਈ' ਅਤੇ 'ਬਸਤਾ' ਆਦਿ ਕਵਿਤਾਵਾਂ ਵਿਸ਼ੇਸ਼ ਤੌਰ 'ਤੇ ਅਜਿਹਾ ਉਸਾਰੂ ਵਿੱਦਿਅਕ ਵਾਤਾਵਰਨ ਸਿਰਜਣ ਲਈ ਪ੍ਰੇਰਿਤ ਕਰਦੀਆਂ ਹਨ, ਜਿਥੇ ਬਾਲ ਆਪਣੇ ਸੁਪਨਿਆਂ ਨੂੰ ਸਾਕਾਰ ਰੂਪ ਪ੍ਰਦਾਨ ਕਰ ਸਕਣ ਅਤੇ ਭਵਿੱਖ ਲਈ ਆਦਰਸ਼ ਕਾਇਮ ਕਰ ਸਕਣ। 'ਆਈ ਵਿਸਾਖੀ ਚੜ੍ਹਿਆ ਵੈਸਾਖ', 'ਬਸੰਤ ਰੁੱਤ', 'ਬੂਟਾ', 'ਪਿਆਸੇ ਪੰਛੀ', 'ਤਿੱਤਲੀ', 'ਭੰਬੀਰੀ' (ਫ਼ਿਰਕੀ), 'ਸੂਰਜ ਉਠਦਾ ਦੇਰੀ ਨਾਲ' ਆਦਿ ਕਵਿਤਾਵਾਂ ਪ੍ਰਕ੍ਰਿਤਕ-ਸੁੰਦਰਤਾ ਅਤੇ ਜੀਵ-ਜੰਤੂਆਂ ਪ੍ਰਤੀ ਸਨੇਹ ਅਤੇ ਸਾਂਝ ਮਜ਼ਬੂਤ ਕਰਨ ਦੇ ਸੁਨੇਹੇ ਦਿੰਦੀਆਂ ਹਨ। ਕੁਝ ਹੋਰ ਫੁਟਕਲ ਕਵਿਤਾਵਾਂ ਵਿਚੋਂ 'ਨੈੱਟ ਬੰਦ', 'ਮਿਲਾਵਟ', 'ਵੋਟ' ਅਤੇ 'ਯੋਗਾ' ਆਦਿ ਮਾਨਸਿਕ ਅਤੇ ਸਰੀਰਕ ਚੇਤਨਾ ਪ੍ਰਤੀ ਜਾਗ੍ਰਿਤੀ ਪੈਦਾ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ 'ਡੋਰ' ਅਤੇ 'ਸੋਸ਼ਲ ਮੀਡੀਆ' ਕਵਿਤਾਵਾਂ ਦੇ ਮਾਧਿਅਮ ਦੁਆਰਾ ਖ਼ਤਰਨਾਕ ਡੋਰ ਦੇ ਨੁਕਸਾਨ ਅਤੇ ਮੋਬਾਈਲ ਫ਼ੋਨ ਦੀ ਫ਼ਜ਼ੂਲ ਵਰਤੋਂ ਦੇ ਸਿੱਟਿਆਂ ਪ੍ਰਤੀ ਸੁਚੇਤ ਕੀਤਾ ਗਿਆ ਹੈ ਅਤੇ ਪਾਠਕਾਂ ਨੂੰ ਮੰਜ਼ਿਲ ਪ੍ਰਾਪਤੀ ਵੱਲ ਅਗਰਸਰ ਰਹਿਣ ਦੀ ਹੀ ਹੱਲਾਸ਼ੇਰੀ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਨੈਤਿਕ ਬਾਲ ਕਵਿਤਾਵਾਂ ਜਿੱਥੇ ਇਕ ਪਾਸੇ ਬਾਲ ਮਨਾਂ ਵਿਚ ਨਿਆਏਸ਼ੀਲ-ਸੋਚਣੀ ਪੈਦਾ ਕਰਦੀਆਂ ਹਨ, ਉੱਥੇ ਆਪਣੀ ਵਿਰਾਸਤ ਦੇ ਰੂਪ ਵਿਚ ਪਾਠਕਾਂ ਨੂੰ ਮੁੱਲਵਾਨ ਪਿੱਛੋਕੜ ਨਾਲ ਵੀ ਜੋੜਦੀਆਂ ਹਨ। ਹਰ ਕਵਿਤਾ ਨਾਲ ਢੁੱਕਵੇਂ ਚਿੱਤਰ ਕਵਿਤਾਵਾਂ ਦੀ ਸਾਰਥਿਕਤਾ ਵਿਚ ਵਾਧਾ ਕਰਦੇ ਹਨ। ਪੁਸਤਕ ਦੀ ਛਪਾਈ ਅਤੇ ਗੈਟਅਪ ਸੁੰਦਰ ਹਨ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਉੱਘੇ ਗ਼ਦਰੀ ਸੂਰਬੀਰ
ਲੇਖਕ : ਦਲਜੀਤ ਰਾਏ ਕਾਲੀਆ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨਾ, ਬਰਨਾਲਾ
ਮੁੱਲ : 300, ਸਫ਼ੇ 168
ਸੰਪਰਕ : 97812-00168

ਲੇਖਕ ਲੰਬੇ ਸਮੇਂ ਤੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਵਿਚ ਲੀਨ ਹੈ। ਸ਼ਹੀਦਾਂ ਤੇ ਉੱਘੇ ਸੁਤੰਤਰਤਾ ਸੈਨਾਨੀਆਂ ਬਾਰੇ ਲਿਖਣ ਵਿਚ ਉਸ ਦੀ ਰੁਚੀ ਹੈ। ਸਾਂਝੇ ਸੰਗ੍ਰਿਹਾਂ ਵਿਚ ਵੀ ਉਸ ਦੀਆਂ ਰਚਨਾਵਾਂ ਸ਼ਾਮਿਲ ਹਨ। ਕਵਿਤਾ ਨਾਲ ਵੀ ਉਹ ਬਰਾਬਰ ਜੁੜਿਆ ਹੋਇਆ ਹੈ। ਵਿਚਾਰ ਅਧੀਨ ਪੁਸਤਕ ਵਿਚ ਉਸ ਦੇ 20 ਲੇਖ ਸ਼ਾਮਿਲ ਕੀਤੇ ਹਨ। ਲਾਲਾ ਹਰਦਿਆਲ ਬਾਰੇ ਉਹ ਲਿਖਦਾ ਹੈ--ਹਰਦਿਆਲ ਦਾ ਵਿਆਹ 17 ਸਾਲ ਦੀ ਉਮਰ ਵਿਚ ਬਰਨਾਲਾ ਸ਼ਹਿਰ ਦੇ ਵਸਨੀਕ ਲਾਲਾ ਗੋਪਾਲ ਚੰਦ ਦੀ ਸਪੁੱਤਰੀ ਬੀਬੀ ਸੁੰਦਰ ਨਾਲ ਹੋਇਆ। ਅਗਸਤ 1908 ਵਿਚ ਲਾਲਾ ਹਰਦਿਆਲ ਨੇ ਵਤਨ ਛੱਡ ਦਿੱਤਾ ਅਤੇ ਫਿਰ ਵਿਦੇਸ਼ ਰਵਾਨਾ ਹੋ ਗਿਆ। 1909 ਵਿਚ ਪੈਰਿਸ ਵਸਦੇ ਦੇਸ਼ ਭਗਤਾਂ ਨੇ ਇਕ ਕ੍ਰਾਂਤੀਕਾਰੀ ਰਸਾਲਾ ਛਾਪਣ ਦੀ ਵਿਊਂਤ ਬਣਾਈ। ਪਰ ਅੱਗੇ ਚਲ ਕੇ ਲੇਖਕ ਲਿਖਦਾ ਹੈ--ਆਪਣੇ ਲੈਕਚਰਾਂ ਰਾਹੀਂ ਹਿੰਦੁਸਤਾਨੀਆਂ ਨੂੰ ਸਭ ਕੁਝ ਦਾਅ 'ਤੇ ਲਾ ਦੇਣ ਦੀ ਪ੍ਰੇਰਣਾ ਕਰਨ ਵਾਲੇ ਹਰਦਿਆਲ ਨੇ ਜੀਵਨ ਦੇ ਅੰਤਲੇ ਸਾਲਾਂ ਵਿਚ ਇਨਕਲਾਬੀ ਵਿਚਾਰਾਂ ਨੂੰ ਪੂਰੀ ਤਿਲਾਂਜਲੀ ਦੇ ਦਿੱਤੀ ਸੀ। ਬਾਬਾ ਸੋਹਣ ਸਿੰਘ ਭਕਨਾ ਬਾਰੇ ਗੱਲ ਕਰਦਿਆਂ ਲੇਖਕ ਲਿਖਦਾ ਹੈ ਕਿ ਸੋਹਣ ਸਿੰਘ ਭਕਨਾ ਉਨ੍ਹਾਂ ਇਨਕਲਾਬੀਆਂ ਵਿਚੋਂ ਸਨ, ਜਿਨ੍ਹਾਂ ਵੀਹਵੀਂ ਸਦੀ ਦੇ ਸ਼ੁਰੂ ਵਿਚ ਗਦਰ ਪਾਰਟੀ ਦੀ ਨੀਂਹ ਰੱਖੀ। ਹੋਰ ਆਜ਼ਾਦੀ ਘੁਲਾਟੀਆਂ ਬਾਰੇ ਵੀ ਢੁਕਵੀਂ ਜਾਣਕਾਰੀ ਇਸ ਪੁਸਤਕ ਵਿਚ ਮਿਲਦੀ ਹੈ, ਜਿਵੇਂ ਭਾਈ ਸੰਤੋਖ ਸਿੰਘ ਕਿਰਤੀ, ਬਾਬਾ ਹਰਨਾਮ ਸਿੰਘ ਟੁੰਡੀਲਾਟ, ਬਾਬਾ ਗੁਰਦਿੱਤ ਸਿੰਘ ਕਾਮਾਗਾਟਾ ਮਾਰੂ, ਗ਼ਦਰੀ ਗੁਲਾਬ ਕੌਰ, ਪੰਡਤ ਜਗਤ ਰਾਮ ਹਰਿਆਣਾ, ਮੁਣਸ਼ਾ ਰਾਮ ਦੁਖੀ, ਭਾਈ ਰਣਧੀਰ ਸਿੰਘ ਨਾਰੰਗਵਾਲ ਆਦਿ। ਸਾਰੇ ਹੀ ਘੁਲਾਟੀਏ ਸੱਚੇ ਭਾਰਤੀ ਸਨ ਤੇ ਉਨ੍ਹਾਂ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ। ਸਾਰੇ ਹੀ ਲੇਖ ਪੜ੍ਹਨਯੋਗ ਹਨ। ਇਹ ਜਿੱਥੇ ਵਿਦਿਆਰਥੀਆਂ ਲਈ ਲਾਹੇਵੰਦ ਹਨ ਉਥੇ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਦੀ ਨੇਕ ਦਿਲੀ ਤੇ ਦੇਸ਼ ਭਗਤੀ ਦੀ ਮਿਸਾਲ ਵੀ ਹਨ। ਲੇਖਕ ਦਲਜੀਤ ਸਿੰਘ ਕਾਲੀਆ ਦੇ ਸਿਰੜ ਨੂੰ ਸਲਾਮ ਕਰਨਾ ਬਣਦਾ ਹੈ।

-ਸੁਖਮਿੰਦਰ ਸਿੰਘ ਸੇਖੋਂ
ਮੋਬਾਈਲ : 98145-07693

ਜੜ੍ਹ-ਮੂਲ
ਲੇਖਕ : ਭੋਲਾ ਸਿੰਘ ਸੰਘੇੜਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 190 ਰੁਪਏ, ਸਫ਼ੇ : 112
ਸੰਪਰਕ : 98147-87506

ਭੋਲਾ ਸਿੰਘ ਸੰਘੇੜਾ ਕਹਾਣੀ, ਨਾਵਲ, ਵਾਰਤਕ, ਅਨੁਵਾਦ ਅਤੇ ਸੰਪਾਦਨਾ 'ਚ ਇਕ ਸਥਾਪਤ ਨਾਂਅ ਹੈ। ਵਿਚਾਰ ਅਧੀਨ ਕਹਾਣੀ-ਸੰਗ੍ਰਹਿ 'ਜੜ੍ਹ-ਮੂਲ' ਉਸ ਦੀਆਂ ਅੱਠ ਕਹਾਣੀਆਂ 'ਤੇ ਆਧਾਰਿਤ ਹੈ। ਇਹ ਕਹਾਣੀਆਂ ਲਿਖਣ ਲਈ ਉਸ ਦੁਆਰਾ ਚੁਣੇ ਗਏ ਵਿਸ਼ੇ ਉਸ ਦੀ ਸੋਚ, ਵਿਚਾਰਧਾਰਾ ਅਤੇ ਜੀਵਨ ਅਨੁਭਵਾਂ ਦੀ ਤਰਜਮਾਨੀ ਕਰਦੇ ਹਨ। ਇਨ੍ਹਾਂ ਅਨੁਭਵਾਂ ਦੀ ਬਦੌਲਤ ਉਹ ਜ਼ਿੰਦਗੀ ਦੇ ਕਈ ਸਰੋਕਾਰਾਂ ਨੂੰ ਆਪਣੀਆਂ ਕਹਾਣੀਆਂ ਵਿਚ ਨਾਲ ਲੈ ਕੇ ਚਲਦਾ ਹੈ। ਉਸ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਆਪਣੇ ਜ਼ਿਹਨ ਵਿਚਲੇ ਖਿਆਲਾਂ ਨੂੰ ਆਪਣੇ ਪਸੰਦ ਦੇ ਵਿਧਾ ਰੂਪ ਵਿਚ ਢਾਲਣ ਦੀ ਸਮਰੱਥਾ ਰੱਖਦਾ ਹੈ। ਕਹਾਣੀਆਂ 'ਸਰਹੱਦ' ਅਤੇ 'ਜੜ੍ਹ-ਮੂਲ' ਅਜੋਕੇ ਪੰਜਾਬੀ ਸਮਾਜ ਦੇ ਪ੍ਰਚਲਿਤ ਰੁਝਾਨਾਂ ਵਿਚੋਂ ਬਾਹਰਲੇ ਦੇਸ਼ਾਂ ਵੱਲ ਪਰਵਾਸ ਦੇ ਰੁਝਾਨ ਨੂੰ ਦਰਸਾਉਂਦੀਆਂ ਕਹਾਣੀਆਂ ਹਨ। ਬਾਹਰਲੇ ਦੇਸ਼ਾਂ ਵਿਚ ਜਾ ਵਸੀ ਜਵਾਨ ਪੀੜ੍ਹੀ ਇਕ ਵੱਖਰਾ ਦ੍ਰਿਸ਼ਟੀਕੋਣ ਰੱਖਦੀ ਹੈ, ਜਿਸ ਕਾਰਨ ਪੁਰਾਣੀ ਪੀੜ੍ਹੀ ਨਾਲ ਟਕਰਾਅ ਹਰ ਕਦਮ 'ਤੇ ਸਾਹਮਣੇ ਆਉਂਦਾ ਹੈ। ਉਨ੍ਹਾਂ ਨੂੰ ਪੁਰਾਣੇ ਪਿੰਡ ਅਤੇ ਘਰ ਨਾਲ ਕੋਈ ਭਾਵਨਾਤਮਕ ਲਗਾਅ ਨਹੀਂ। 'ਨਹੀਂ ਪਾਪਾ ਨਹੀਂ' ਵੀ ਆਰਥਿਕ ਬੋਝ ਥੱਲੇ ਦੱਬੇ ਇਕ ਅਜਿਹੇ ਹੀ ਬਾਪ ਦੀ ਕਹਾਣੀ ਹੈ, ਜੋ ਕਰਜ਼ੇ ਕਾਰਨ ਆਪਣੀ ਧੀ ਦੇ ਭਵਿੱਖ ਨੂੰ ਕੁਰਬਾਨ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ਪਰ ਉਸ ਦੀ ਧੀ ਆਪਣੀ ਕਮਾਈ ਨਾਲ ਉਸ ਕਰਜ਼ੇ ਨੂੰ ਮੋੜਦੀ ਹੈ ਅਤੇ ਆਪਣੇ ਬਾਪ ਨੂੰ ਬੋਝ ਤੋਂ ਮੁਕਤ ਵੀ ਕਰਦੀ ਹੈ। ਇਸੇ ਤਰ੍ਹਾਂ 'ਪਰਤ ਆਵਾਂਗਾ ਮੈਂ', 'ਧੁੰਦ', 'ਵਾਅਦਾ' ਅਤੇ 'ਬੰਦੇ ਦਾ ਪੁੱਤ' ਵੀ ਸ਼ਾਨਦਾਰ ਕਹਾਣੀਆਂ ਹਨ ਪਰ ਇਸ ਪੁਸਤਕ ਦੀ ਸ਼ਾਹਕਾਰ ਰਚਨਾ ਕਹਾਣੀ ਸ਼ਿਵ ਰਾਜ ਹੈ, ਜਿਸ ਵਿਚ 'ਸ਼ਹਿਰ ਵਿਚਲਾ ਇਕ ਰਾਹ-ਇਕ ਸੜਕ' ਕਹਾਣੀ ਦੀ ਸੂਤਰਧਾਰ ਹੈ, ਜੋ ਆਪਣੀ ਕਹਾਣੀ ਸੁਣਾਉਂਦੀ ਹੈ ਕਿ ਕਿਵੇਂ ਉਹ ਇਕ ਕੱਚੇ ਰਾਹ ਤੋਂ ਕਰਮ ਸਿੰਘ ਦੀਆਂ ਬੇਰੀਆਂ ਵਾਲਾ ਰਾਹ ਬਣੀ ਤੇ ਫਿਰ ਬਚਨ ਸਿੰਘ ਬਾਗ਼ੀ ਵਾਲੀ ਗਲੀ ਵਜੋਂ ਮਸ਼ਹੂਰ ਹੋਈ ਤੇ ਫਿਰ ਸ਼ਿਵ ਰਾਜ ਦੇ ਨਾਂਅ 'ਤੇ ਪੱਕੀ ਸੜਕ ਵਜੋਂ ਮਕਬੂਲ ਹੁੰਦੀ ਹੈ। ਉਸ ਦਾ ਅਜਿਹੇ ਬਿਰਤਾਂਤ ਸਿਰਜਣ ਦਾ ਢੰਗ ਬਾ-ਕਮਾਲ ਹੈ ਕਿ ਪਾਠਕ ਹਰ ਕਹਾਣੀ ਦੇ ਨਾਲ ਹੀ ਚਲਦਾ ਜਾਂਦਾ ਹੈ। ਉਸ ਦੀ ਭਾਸ਼ਾ ਸਰਲ ਅਤੇ ਸਾਦੀ ਹੈ ਜਿਸ ਵਿਚ ਉਸ ਨੇ ਖੇਤਰੀ ਭਾਸ਼ਾ ਦੇ ਵੀ ਲਫ਼ਜ਼ ਵੀ ਵਰਤੇ ਹਨ। ਉਸ ਦੀ ਸ਼ੈਲੀ ਵੀ ਵੰਨ-ਸੁਵੰਨਤਾ ਭਰੀ ਹੈ, ਜਿਸ ਕਾਰਨ ਉਸ ਦੀਆਂ ਕਹਾਣੀਆਂ ਹਰ ਵਰਗ ਨੂੰ ਪਸੰਦ ਆਉਂਦੀਆਂ ਹਨ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਬਿਰਹੋਂ ਦੀ ਰੜਕ
ਲੇਖਕ : ਅਬਦੁਲ ਕਰੀਮ ਕੁਦਸੀ
ਸੰਪਾਦਨ : ਕੁਲਵਿੰਦਰ, ਸਤੀਸ਼ ਗੁਲਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 98152-98459

ਅਬਦੁਲ ਕਰੀਮ ਕੁਦਸੀ ਲਹਿੰਦੇ ਪੰਜਾਬ ਦਾ ਵਿਦੇਸ਼ੀ ਧਰਤੀ 'ਤੇ ਵਸਦਾ ਪੰਜਾਬੀ ਅਤੇ ਉਰਦੂ ਦਾ ਉੱਘਾ ਸ਼ਾਇਰ ਹੈ। 'ਬਿਰਹੋਂ ਦੀ ਰੜਕ' ਗੀਤ-ਸੰਗ੍ਰਹਿ ਉਨ੍ਹਾਂ ਦਾ ਪਹਿਲੀ ਵਾਰ 2002 ਈਸਵੀ ਵਿਚ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੋਇਆ ਸੀ। ਗੁਰਮੁਖੀ ਲਿੱਪੀ ਵਿਚ ਇਸ ਨੂੰ ਜਨਾਬ ਫ਼ੈਸਲ ਮਕਸੂਦ ਹੁਰਾਂ ਉਲਥਾਇਆ ਹੈ। ਇਸ ਤੋਂ ਇਲਾਵਾ ਅਬਦੁਲ ਕਰੀਮ ਕੁਦਸੀ ਹੁਰਾਂ 'ਪੀੜ ਦੇ ਪੱਥਰ', 'ਹੰਗਾਲ' (ਟੱਪੇ, ਮਾਹੀਆ ਬੋਲੀਆਂ, ਚੌਮਿਸ਼ਰੇ), 'ਮਾਸਕੂ' (ਗ਼ਜ਼ਲਾਂ, ਨਜ਼ਮਾਂ, ਗੀਤ), 'ਲਫ਼ਜ਼ਾਂ ਦੀ ਸਰਿੰਜ' (ਕਹਾਣੀਆਂ), ਮਨਜ਼ੂਮ ਪੰਜਾਬੀ ਤਰਜੁਮਾ 'ਅਲਕਸੀਦਾ' (ਅਰਬੀ), 'ਕਲਮ ਕਬੂਤਰ' (ਦੋਸਤਾਂ ਨੂੰ ਲਿਖੇ ਮਨਜ਼ੂਮ ਖ਼ਤ) ਅਤੇ 'ਤ੍ਰੇਵੜ' (ਗ਼ਜ਼ਲਾਂ, ਨਜ਼ਮਾਂ, ਗੀਤ) ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਇਨ੍ਹਾਂ ਤੋਂ ਇਲਾਵਾ 'ਰੰਗ ਸੰਗ' (ਗ਼ਜ਼ਲਾਂ), 'ਰਿਜ਼ਕਿ ਖਿਆਲ' (ਗ਼ਜ਼ਲਾਂ, ਨਜ਼ਮਾਂ), 'ਅਦਾਬਿ ਹਿਜਰ', 'ਇਲਤਮਾਸ' (ਕੱਤਾਅ ਅਤੇ 'ਮਨਜ਼ੂਮ ਉਰਦੂ ਤਰਜੁਮਾ ਅਲਕਸੀਦਾ' (ਅਰਬੀ) ਆਦਿ ਪੁਸਤਕਾਂ ਉਰਦੂ ਅਦਬ ਨੂੰ ਪੇਸ਼-ਏ-ਖ਼ਿਤਮਤ ਹਨ। ਗੀਤ ਸੰਗ੍ਰਹਿ 'ਬਿਰਹੋਂ ਦੀ ਰੜਕ' 'ਚ 'ਅੱਲਾਹ ਵਾਲੀ ਤੇਰਾ ਮੇਰਾ' ਤੋਂ ਲੈ ਕੇ 'ਤੇਰੀ ਯਾਦ ਦੇ ਹਲੋਰੇ' ਤੱਕ 80 ਗੀਤ ਸੰਕਲਿਤ ਕੀਤੇ ਗਏ ਹਨ। ਗੀਤ ਦਾ ਸੰਬੰਧ ਮਨੁੱਖੀ ਜੀਵਨ ਦੇ ਆਤਮ-ਪਰਕ ਅਤੇ ਵਿਅਕਤੀਗਤ ਤਬੀਅਤ ਦਾ ਪ੍ਰਗਟਾ ਆਦਿਕਾਲ ਤੋਂ ਮੰਨਿਆ ਗਿਆ ਹੈ। ਤੀਬਰ ਵੇਗ ਇਸ ਦੀ ਮੰਜ਼ਰ-ਕਸ਼ੀ 'ਚ ਵਿਸ਼ੇਸ਼ ਥਾਂ ਰੱਖਦਾ ਹੈ। ਮਾਨਵੀ ਦੁੱਖਾਂ-ਸੁੱਖਾਂ, ਆਪਣੀ ਪਹਿਚਾਣ ਅਤੇ ਦੂਸਰਿਆਂ ਨਾਲ ਪ੍ਰਸਪਰ ਸੰਬੰਧਾਂ ਦੀ ਪੇਸ਼ਕਾਰੀ ਹੀ ਗੀਤ ਰਾਹੀਂ ਮਾਨਵੀ ਰੂਹ 'ਚ ਥਰਥਰਾਹਟ (ਕੰਪਨ) ਪੈਦਾ ਕਰਦੀ ਹੈ। ਸ਼ਿੰਗਾਰ ਰਸ 'ਚ ਗੀਤ ਬਿਰਹਾ ਜਾਂ ਮਿਲਾਪ ਦੀ ਅਨੁਭੂਤੀ ਮਾਨਵੀ ਸੁਭਾਅ ਦੀ ਵਿਸ਼ੇਸ਼ ਅਨੁਭੂਤੀ ਅਤੇ ਵਿਆਖਿਆ ਦਾ ਅਨੁਭਵ ਮਹਿਸੂਸ ਕਰਦਿਆਂ ਆਨੰਦਿਤ ਹੁੰਦਾ ਹੈ। ਉਪਰੋਕਤ ਵਰਣਿਤ ਰੰਗਾਂ ਨੂੰ ਕਾਵਿ-ਪਾਠਕ 'ਕੁਦਸੀ' ਹੁਰਾਂ ਦੇ ਗੀਤਾਂ 'ਚੋਂ ਮਹਿਸੂਸ ਕਰ ਸਕਦੇ ਹਨ। ਮੁਲਕੀ ਵੰਡ ਦੇ ਦੁਖਾਂਤ ਦਾ ਅਹਿਸਾਸ 'ਪੁਰੇ ਦੀਏ ਵਾਏ ਇਕ ਛਿੱਟ ਖ਼ੁਸ਼ਬੋਈ ਦੀ, ਸਾਡੇ ਜਹੇ ਥੁੜ੍ਹੇ ਤੇ ਨੁਮਾਣਿਆਂ ਤੇ ਸੁੱਟ ਨੀ, ਸਾਨੂੰ ਵੀ ਪਿਆਲੀ ਕੋਈ ਚਾਨਣੀ ਦਾ ਘੁੱਟ ਨੀ, ਪੁਰੇ ਦੀਏ ਵਾਏ' 'ਚੋਂ ਮਹਿਸੂਸਿਆ ਜਾ ਸਕਦਾ ਹੈ। ਇਹ ਵਿਛੋੜਾ ਆਤਮ-ਪਰਕ ਵੀ ਹੈ ਅਤੇ ਦੁਨਿਆਵੀ ਵੀ ਹੈ। ਵਸਲ ਦੀ ਤਾਂਘ 'ਚ ਰਾਂਝਣ ਦੀ ਯਾਦ ਮਨ ਨੂੰ ਧਰਵਾਸ ਦਿੰਦੀ ਹੈ :
ਤੇਰੀ ਯਾਦ ਦੇ ਹਲੋਰੇ
ਜਿਵੇਂ ਖੰਡ ਦੇ ਖਡੌਣੇ
ਜਿਵੇਂ ਦੁੱਧ ਦੇ ਕਟੋਰੇ
ਤੇਰੀ ਯਾਦ ਦੇ ਹਲੋਰੇ
ਇਨ੍ਹਾਂ ਗੀਤਾਂ 'ਚ ਰਾਗ ਹੈ, ਸੰਗੀਤ ਹੈ, ਇਸ ਲਈ ਗਾਉਣ ਲਈ ਗਾਇਕਾਂ ਵਾਸਤੇ ਹਨ। ਕੁਲਵਿੰਦਰ, ਸਤੀਸ਼ ਗੁਲਾਟੀ ਹੋਰੀਂ ਵਧਾਈ ਦੇ ਪਾਤਰ ਹਨ, ਜਿਨ੍ਹਾਂ 'ਕੁਦਸੀ' ਹੋਰਾਂ ਦੇ ਗੀਤ ਪੰਜਾਬੀ ਕਾਵਿ-ਅਦਬ ਨੂੰ ਭੇਟ ਕੀਤੇ ਹਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਕਿਸਾਨ ਘੋਲ
ਬਣ ਰਹੇ ਇਤਿਹਾਸ ਦੇ ਅੰਗ-ਸੰਗ
ਲੇਖਕ : ਸਰਦਾਰਾ ਸਿੰਘ ਮਾਹਿਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 200
ਸੰਪਰਕ : 98152-11079

ਪੰਜਾਬੀਆਂ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਇਹ ਇਤਿਹਾਸ ਸਿਰਜ ਤਾਂ ਸਕਦੇ ਹਨ ਪਰ ਉਸ ਨੂੰ ਸੰਭਾਲ ਨਹੀਂ ਸਕਦੇ। ਪੰਜਾਬੀਆਂ ਦਾ ਇਤਿਹਾਸ ਬਹੁਤ ਹੀ ਗੌਰਵਮਈ ਹੈ। ਇਨ੍ਹਾਂ ਹਰੇਕ ਖੇਤਰ ਵਿਚ ਮੱਲਾਂ ਮਾਰੀਆਂ ਹਨ। ਮੁਢ ਕਦੀਮ ਤੋਂ ਹੀ ਇਹ ਸੱਚ ਤੇ ਹੱਕ ਦੀ ਲੜਾਈ ਲੜਦੇ ਰਹੇ ਹਨ, ਪਰ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਕੁਰਬਾਨੀਆਂ ਨਾਲ ਇਤਿਹਾਸ ਨੇ ਕਦੇ ਇਨਸਾਫ਼ ਨਹੀਂ ਕੀਤੀ ਕਿਉਂਕਿ, ਇਤਿਹਾਸ ਲਿਖਣ ਵਾਲੇ ਉਹ ਲੋਕ ਸਨ ਜਿਨ੍ਹਾਂ ਵਿਰੁੱਧ ਜੱਦੋਜਹਿਦਾਂ ਕੀਤੀਆਂ ਗਈਆਂ ਸਨ। ਇਸ ਸਦੀ ਵਿਚ ਪੰਜਾਬੀਆਂ ਨੇ ਕਿਸਾਨ ਅੰਦੋਲਨ ਦੇ ਰੂਪ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਇਸ ਸਦੀ ਵਿਚ ਅਜਿਹਾ ਅੰਦੋਲਨ ਦੇਸ਼ ਵਿਚ ਤਾਂ ਕੀ ਸਾਰੇ ਸੰਸਾਰ ਵਿਚ ਨਹੀਂ ਹੋਇਆ। ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਇਸ ਸ਼ਾਂਤਮਈ ਅੰਦੋਲਨ ਨੇ ਆਖਿਰ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਤੇ ਉਸ ਤਿੰਨੇ ਕਾਲੇ ਕਾਨੂੰਨ ਵਾਪਸ ਲਏ। ਜੇਕਰ ਇਸ ਇਤਿਹਾਸ ਨੂੰ ਸੰਭਾਲਿਆ ਨਾ ਗਿਆ ਤਾਂ ਕੁਝ ਵਰ੍ਹਿਆਂ ਪਿਛੋਂ ਹੀ ਸ਼ਾਇਦ ਇਸ ਬਾਰੇ ਨਵੀਂ ਪੀੜ੍ਹੀ ਨੂੰ ਕੋਈ ਜਾਣਕਾਰੀ ਨਾ ਹੋਵੇ। ਇਸ ਅੰਦੋਲਨ ਦੇ ਇਤਿਹਾਸ ਨੂੰ ਸੰਭਾਲਣ ਦਾ ਸਰਦਾਰਾ ਸਿੰਘ ਮਾਹਿਲ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਆਪਣੀ ਪੁਸਤਕ, 'ਕਿਸਾਨ ਅੰਦੋਲਨ ਬਣ ਰਹੇ ਇਤਿਹਾਸ ਦੇ ਅੰਗ-ਸੰਗ' ਵਿਚ ਸੰਭਾਲਣ ਦਾ ਸਫ਼ਲ ਯਤਨ ਕੀਤਾ ਹੈ। ਇਨ੍ਹਾਂ ਦੋਵਾਂ ਨੇ ਕੇਵਲ ਅੰਦੋਲਨ ਨੂੰ ਨੇੜੇ ਹੋ ਕੇ ਵੇਖਿਆ ਹੀ ਨਹੀਂ, ਸਗੋਂ ਇਸ ਵਿਚ ਸਰਗਰਮ ਹਿੱਸਾ ਵੀ ਲਿਆ ਹੈ। ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਯੂਨੀਅਨ ਦਾ ਮੀਤ ਪ੍ਰਧਾਨ ਹੈ। ਸਰਦਾਰ ਸਿੰਘ ਮਾਹਿਲ ਇਸ ਅੰਦੋਲਨ ਨਾਲ ਨੇੜਿਉਂ ਜੁੜੇ ਹੋਏ ਹਨ। ਇਸ ਪੁਸਤਕ ਵਿਚ ਕਿਸਾਨ ਅੰਦੋਲਨ ਸਮੇਂ ਇਨ੍ਹਾਂ ਵਲੋਂ ਲਿਖੇ ਗਏ 25 ਲੇਖ ਸ਼ਾਮਿਲ ਹਨ ਜਿਨ੍ਹਾਂ ਵਿਚੋਂ 15 ਮਾਹਿਲ ਦੇ ਤੇ 10 ਦੀਪ ਸਿੰਘ ਵਾਲਾ ਦੇ ਲਿਖੇ ਹੋਏ ਹਨ। ਇਨ੍ਹਾਂ ਲੇਖਾਂ ਰਾਹੀਂ ਤਿੰਨੇ ਕਾਲੇ ਕਾਨੂੰਨਾਂ ਦੀ ਵਿਆਖਿਆ, ਕਿਸਾਨੀ ਉੱਤੇ ਪੈਣ ਵਾਲੇ ਮਾੜੇ ਪ੍ਰਭਾਵ, ਭੋਜਨ ਸੁਰੱਖਿਆ ਆਦਿ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਹੈ। ਕਿਸਾਨ ਸੰਘਰਸ਼ ਦਾ ਸਾਰਾ ਇਤਿਹਾਸ, ਜਿਵੇਂ ਕਿ ਕਿਵੇਂ ਸ਼ੁਰੂ ਹੋਇਆ, ਇਹ ਅੰਦੋਲਨ, ਆਈਆਂ ਔਕੜਾਂ, ਸਰਕਾਰ ਵਲੋਂ ਸਾਜ਼ਿਸ਼ਾਂ, ਅੰਦਰੂਨੀ ਖ਼ਤਰੇ ਆਦਿ ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਹਰੇਕ ਲੇਖ ਨਾਲ ਲਿਖਣ ਦਾ ਮਹੀਨਾ ਤੇ ਸਾਲ ਲਿਖਿਆ ਗਿਆ ਹੈ ਤਾਂ ਜੋ ਪਾਠਕ ਅੰਦੋਲਨ ਦਾ ਪੜਾਅ ਵਾਰ ਜਾਣਕਾਰੀ ਲੈ ਸਕੇ। ਕਿਸਾਨ ਅੰਦੋਲਨ ਬਾਰੇ ਸੱਚੋ ਸੱਚ ਬਚਨ ਬਿਆਨ ਕਰਦੀ ਇਹ ਪੁਸਤਕ ਇਕ ਸਾਂਭਣ ਯੋਗ ਦਸਤਾਵੇਜ਼ ਹੈ।

-ਰਣਜੀਤ ਸਿੰਘ
ਮੋਬਾਈਲ : 94170-87328

ਅਮਾਨਤ
ਲੇਖਕ : ਪਿਆਰਾ ਸਿੰਘ ਟਾਂਡਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 78
ਸੰਪਰਕ : 98880-79692

ਇਸ ਕਹਾਣੀ ਸੰਗ੍ਰਹਿ ਦੀ ਭੂਮਿਕਾ ਵਿਚ ਹੀ ਲੇਖਕ ਦੀ ਪੰਜਾਬੀ ਸਾਹਿਤ ਨੂੰ ਦੇਣ ਅਤੇ ਉਨ੍ਹਾਂ ਦੀ ਬਟਾਲਾ ਸਾਹਿਤ ਸਭਾ ਨਾਲ ਸਾਹਿਤਕ ਸਾਂਝ ਬਾਰੇ ਚਰਚਾ ਕੀਤੀ ਹੈ ਜਿਸ ਵਿਚ ਜੁੜ ਉਨ੍ਹਾਂ ਸਭਾ ਨੂੰ ਹੋਰ ਸ਼ਿੱਦਤ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ। ਲੇਖਕ ਦੁਆਰਾ ਲਿਖੀਆਂ 7 ਕਹਾਣੀਆਂ ਜੋ ਇਸ ਸੰਗ੍ਰਹਿ ਵਿਚ ਸ਼ਾਮਿਲ ਹਨ ਉਨ੍ਹਾਂ ਕਹਾਣੀਆਂ ਵਿਚ ਲੇਖਕ ਦੇ ਜੀਵਨ ਅਨੁਭਵਾਂ ਦੀ ਝਲਕ ਮਿਲਦੀ ਹੈ ਜਿਸ ਨੂੰ ਉਨ੍ਹਾਂ ਕਹਾਣੀ ਰੂਪ ਵਿਚ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਇਕ ਚਿੰਤਨਸ਼ੀਲ ਅਤੇ ਚੇਤੰਨ ਵਿਅਕਤੀ ਦੇ ਤੌਰ 'ਤੇ ਗ੍ਰਹਿਣ ਕੀਤੇ ਅਨੁਭਵ ਉਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ਿਆਂ ਵਜੋਂ ਸਾਹਮਣੇ ਆਉਂਦੇ ਹਨ। 'ਅਮਾਨਤ' ਕਹਾਣੀ ਸੰਵੇਦਨਾ ਅਤੇ ਜਜ਼ਬਤਾ ਨਾਲ ਭਰਪੂਰ ਕਹਾਣੀ ਹੈ ਜਿਸ ਵਿਚ ਵੰਡ ਦਾ ਰੌਲਾ, ਪਿਆਰ, ਵਿਛੋੜਾ ਅਤੇ ਮੁੜ-ਮਿਲਾਪ ਦਾ ਜ਼ਿਕਰ ਕਹਾਣੀ ਨੂੰ ਰੌਚਕ ਬਣਾਈ ਰੱਖਦਾ ਹੈ ਅਤੇ ਅੰਤ ਇਹ ਦਰਸਾਉਂਦਾ ਹੈ ਕਿ ਸੱਚ ਅਤੇ ਪਿਆਰ ਦੇ ਰਿਸ਼ਤੇ ਸਦੀਵੀ ਕਾਇਮ ਰਹਿੰਦੇ ਹਨ। ਕਹਾਣੀ 'ਸਲਫਾਸ' ਨਿਮਨ ਕਿਸਾਨੀ ਦੇ ਸੰਕਟ ਨੂੰ ਉਭਾਰਨ ਦੇ ਨਾਲ-ਨਾਲ ਕਈ ਹੋਰ ਸਮਾਜਿਕ ਸਮੱਸਿਆਵਾਂ ਨੂੰ ਵੀ ਪੇਸ਼ ਕਰਦੀ ਹੈ ਜਿਨ੍ਹਾਂ ਨਾਲ ਕਈ ਸਮਾਜਿਕ ਸਮੀਕਰਨਾਂ ਆਪਸ ਵਿਚ ਉਲਝਦੀਆਂ ਉੱਤੇ ਸੁਲਝਦੀਆਂ ਨਜ਼ਰ ਆਉਂਦੀਆਂ ਹਨ। ਕੀ ਜ਼ੋਰ ਗ਼ਰੀਬਾਂ ਦਾ ਅਤੇ ਲੁੱਡਣ ਦੁਨਿਆਵੀ ਰਿਸ਼ਤਿਆਂ ਤੋਂ ਉੱਪਰ ਸੱਚੇ ਸੁਚੇ ਰਿਸ਼ਤਿਆਂ ਨੂੰ ਨਿਭਾਉਣ ਦੀ ਗਾਥਾ ਹੈ ਜਿਸ ਵਿਚ ਸਤਿਕਾਰ ਅਤੇ ਪਿਆਰ ਨੂੰ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ। ਕੋਰੋਨਾ ਦੇ ਕਹਿਰ ਦੌਰਾਨ ਪਰਵਾਸੀ ਮਜ਼ਦੂਰਾਂ ਨੇ ਕਿਸ ਤਰ੍ਹਾਂ ਸਾਰੇ ਡਰ ਇਕ ਪਾਸੇ ਰੱਖ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਲੰਬੇ ਸਫ਼ਰ ਤੈਅ ਕੀਤੇ ਅਤੇ ਅੰਤ ਮੰਜ਼ਿਲ ਪ੍ਰਾਪਤੀ ਦੀ ਖ਼ੁਸ਼ੀ ਸਾਹਮਣੇ ਹੋਰ ਸਭ ਵਿਅਰਥ ਜਾਪਦਾ ਹੈ। ਨਸ਼ਿਆਂ ਦੀ ਹਨੇਰੀ ਕਿਸ ਕਦਰ ਸਭ ਕੁਝ ਉੜਾ ਲੈ ਜਾਂਦੀ ਅਤੇ ਇਸ ਹਨੇਰੀ ਖ਼ਿਲਾਫ਼ ਲੜਨ ਦਾ ਅਹਿਦ ਕਰਦੇ ਲੋਕ ਇਸ ਲਈ ਸੰਘਰਸ਼ਸ਼ੀਲ ਰਹਿੰਦੇ ਹਨ। ਗੁੰਝਲਾਂ ਵੀ ਅਜਿਹੇ ਹੀ ਸਮਾਜਿਕ ਸੰਘਰਸ਼ ਦੀ ਕਹਾਣੀ ਹੈ ਜਿਸ ਵਿਚ ਲੋਕ ਵਿਦਰੋਹ ਅੱਗੇ ਜ਼ਾਲਮ ਝੁਕਦਾ ਨਜ਼ਰ ਆਉਂਦਾ ਹੈ। ਕੁੱਲ ਮਿਲਾ ਕੇ ਲੰਮੀ ਕਹਾਣੀ ਦੇ ਰੂਪ ਵਿਚ ਲਿਖੀਆਂ ਇਹ ਕਹਾਣੀਆਂ ਸਰਲ ਭਾਸ਼ਾ ਵਿਚ ਆਪਣੀ ਗੱਲ ਕਹਿਣ ਵਿਚ ਕਾਮਯਾਬ ਰਹੀਆਂ ਹਨ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823
-

 

20-04-2024

ਹਜ਼ਰਤ ਪੀਰ ਬਾਬਾ
ਮੋਹਕਮਦੀਨ ਵਲੀ ਅੱਲ੍ਹਾ
(ਜਗਰਾਵਾਂ ਵਾਲੇ)
ਅਤੇ ਦਰਵੇਸ਼ੀ ਸਿਲਸਿਲਾ
ਲੇਖਕ : ਪ੍ਰਿੰ: ਗੁਰਚਰਨ ਸਿੰਘ ਤਲਵਾੜਾ
ਪ੍ਰਕਾਸ਼ਕ : ਕੇ.ਜੀ. ਗ੍ਰਾਫਿਕ ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 94634-63193

ਪ੍ਰਿੰਸੀਪਲ ਗੁਰਚਰਨ ਸਿੰਘ ਤਲਵਾੜਾ ਨੇ ਸੂਫ਼ੀਮਤ ਨਾਲ ਸੰਬੰਧਿਤ ਕੋਈ ਇਕ ਦਰਜਨ ਕਿਤਾਬਾਂ ਲਿਖੀਆਂ ਹਨ ਅਤੇ ਉਹ ਬਹੁਤ ਮਿਹਨਤੀ ਇਨਸਾਨ ਹਨ। ਹਥਲੀ ਕਿਤਾਬ ਨੂੰ ਲੇਖਕ ਨੇ 9 ਸਿਰਲੇਖਾਂ ਹੇਠ ਵੰਡਿਆ ਹੈ। ਪਹਿਲੇ ਅਧਿਆਇ ਵਿਚ ਸੂਫ਼ੀ ਦਰਵੇਸ਼ਾਂ ਦੀ ਵਿਚਾਰਧਾਰਾ, ਸੂਫ਼ੀਮਤ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਦੂਜਾ ਅਧਿਆਇ 'ਪੰਜਾਬ ਵਿਚ ਸੂਫ਼ੀਮਤ ਅਤੇ ਸਿਲਸਿਲੇ' ਨਾਲ ਸੰਬੰਧਿਤ ਹੈ। ਤੀਜੇ ਅਧਿਆਏ ਵਿਚ ਨਕਸ਼ਬੰਦੀ ਸੂਫ਼ੀ ਸਿਲਸਿਲੇ ਦੇ ਇਤਿਹਾਸ ਦਾ ਸੰਖੇਪ ਵਰਨਣ ਕੀਤਾ ਗਿਆ ਹੈ। ਚੌਥੇ ਅਧਿਆਇ ਵਿਚ ਨਕਸ਼ਬੰਦੀ ਸੂਫ਼ੀ ਸਿਲਸਿਲੇ ਦੇ ਸਾਧਨਾਂ ਮਾਰਗ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੰਜਵਾਂ ਅਧਿਆਇ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਜੀਵਨ ਨਾਲ ਸੰਬੰਧਿਤ ਹੈ, ਜਿਸ ਵਿਚ ਨਵੀਂ ਅਤੇ ਨਿਵੇਕਲੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਛੇਵਾਂ ਅਧਿਆਇ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਤੋਂ ਪ੍ਰਚਲਿਤ ਹੋਈ ਆਗਰੇ ਵਾਲੀ ਸ਼ਾਖ਼ਾ ਦੇ ਸੂਫ਼ੀ ਦਰਵੇਸ਼ਾਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਸੱਤਵਾਂ ਅਧਿਆਇ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਪੰਜਾਬ ਨਾਲ ਸੰਬੰਧਿਤ ਉੱਤਰਾਧਿਕਾਰੀ ਦਰਵੇਸ਼ਾਂ ਬਾਰੇ ਜਾਣਕਾਰੀ ਉਪਲਬਧ ਕਰਾਉਂਦਾ ਹੈ। ਇਸ ਅਧਿਆਇ ਵਿਚ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਉੱਤਰਾਧਿਕਾਰੀ ਹਜ਼ਰਤ ਭਾਈ ਸੁੰਦਰ ਅਨੂਪ ਪੋਨੇ ਵਾਲਿਆਂ ਤੋਂ ਪ੍ਰਚਲਿਤ ਹੋਏ 'ਦਰਵੇਸ਼ੀ ਸਿਲਸਿਲੇ' ਬਾਰੇ ਨਿਵੇਕਲੀ ਕਿਸਮ ਦੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਪੁਸਤਕ ਦੇ ਅੱਠਵੇਂ ਅਧਿਆਇ ਵਿਚ ਪ੍ਰਮਾਣ ਦੇ ਕੇ ਇਹ ਸਿੱਧ ਕਰਨ ਦੇ ਯਤਨ ਕੀਤੇ ਗਏ ਹਨ ਕਿ 'ਸੂਫ਼ੀਮਤ : ਸਰਬ ਸਾਂਝਾ ਪੰਥ' ਹੈ । ਉਨ੍ਹਾਂ ਵਿਦਵਾਨਾਂ ਦੇ ਵਿਚਾਰਾਂ ਦਾ ਬਾ-ਦਲੀਲ ਖੰਡਨ ਕੀਤਾ ਗਿਆ ਹੈ ਜਿਹੜੇ ਇਹ ਲਿਖਦੇ ਹਨ ਕਿ ਸੂਫ਼ੀ ਬਣਨ ਲਈ ਮੁਸਲਮਾਨ ਬਣਨਾ ਅਤੇ ਇਸਲਾਮ ਧਾਰਨ ਕਰਨਾ ਲਾਜ਼ਮੀ ਹੈ। ਨੌਵੇਂ ਅਧਿਆਇ ਵਿਚ ਸੂਫ਼ੀ ਦਰਵੇਸ਼ਾਂ ਦੇ ਪੈਗ਼ਾਮ ਦਾ ਵਰਨਣ ਕੀਤਾ ਗਿਆ ਹੈ ਤਾਂ ਕਿ ਜਨ-ਸਾਧਾਰਨ ਨੂੰ ਪਤਾ ਲੱਗੇ ਕਿ ਸੂਫ਼ੀਮਤ ਸਾਧਨਾ-ਬੰਦਗੀ ਦਾ ਮਾਰਗ ਹੈ। ਸਿਰਫ ਸੂਫ਼ੀ ਮਜ਼ਾਰਾਂ ਤੇ ਮੱਥਾ ਟੇਕਣ ਅਤੇ ਸੁੱਖਾਂ-ਨਿਆਜ਼ਾਂ, ਮੰਨਤਾਂ ਤੱਕ ਹੀ ਸੀਮਤ ਨਹੀਂ। ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਤੋਂ ਪ੍ਰਚਲਿਤ ਹੋਈ ਆਗਰੇ ਵਾਲੀ ਸ਼ਾਖ਼ਾ ਅਤੇ ਪੰਜਾਬ ਦੇ ਦਰਵੇਸ਼ੀ ਸਿਲਸਿਲੇ ਨਾਲ ਲੱਖਾਂ ਪੈਰੋਕਾਰ ਜੁੜੇ ਹੋਏ ਹਨ। ਲੇਖਕ ਨੇ ਇਸ ਪੁਸਤਕ ਵਿਚ ਯਥਾ ਸੰਭਵ ਦਰਵੇਸ਼ਾਂ ਅਤੇ ਪੈਰੋਕਾਰਾਂ ਬਾਰੇ ਜ਼ਿਕਰ ਕੀਤਾ ਹੈ। ਪੁਸਤਕ ਵਿਚ ਮੁੱਖ ਤੌਰ 'ਤੇ ਉਹ ਜਾਣਕਾਰੀ ਉਪਲਬਧ ਕਰਵਾਈ ਗਈ ਹੈ, ਜੋ ਜਗਰਾਵਾਂ ਸ਼ਰੀਫ਼ ਦੇ ਗੱਦੀਨਸ਼ੀਨ ਹਜ਼ਰਤ ਜਨਾਬ ਡਾ. ਮਹਿੰਦਰ ਸਿੰਘ ਦਰਵੇਸ਼ ਵਲੀ ਅੱਲ੍ਹਾ ਦੇ ਪ੍ਰਮੁੱਖ ਸੇਵਕਾਂ ਕੋਲੋਂ ਲਿਖਤੀ ਰੂਪ ਵਿਚ ਜਾਂ ਮੌਖਿਕ ਰੂਪ ਵਿਚ ਪ੍ਰਾਪਤ ਹੋਈ ਹੈ। ਆਗਰੇ ਵਾਲੀ ਸ਼ਾਖ਼ਾ ਬਾਰੇ ਪ੍ਰਸਿੱਧ ਸੂਫ਼ੀ ਸੰਤ ਹਜ਼ਰਤ ਜਨਾਬ ਖ਼ਵਾਜਾ ਗ਼ੁਲਾਮ ਹੈਦਰ ਸ਼ਾਹ ਅਤੇ ਖ਼ਲੀਫ਼ਾ ਹਜ਼ਰਤ ਜਨਾਬ ਹਾਜੀ ਡਾ. ਰਿਆਜ਼ਉੱਦੀਨ ਆਗਰੇ ਵਾਲਿਆਂ ਕੋਲੋਂ ਪ੍ਰਾਪਤ ਜਾਣਕਾਰੀ ਵੀ ਦਿੱਤੀ ਗਈ ਹੈ। ਹਜ਼ਰਤ ਪੀਰ ਬਾਬਾ ਮੋਹਕਮਦੀਨ ਵਲੀ ਅੱਲ੍ਹਾ ਆਧੁਨਿਕ ਕਾਲ ਦੇ ਨਕਸ਼ਬੰਦੀ ਸੂਫ਼ੀ ਸਿਲਸਿਲੇ ਦੇ ਬੁਲੰਦ ਮਰਤਬੇ ਵਾਲੇ ਸੂਫ਼ੀ ਦਰਵੇਸ਼ ਹੋ ਗੁਜ਼ਰੇ ਹਨ। ਜਗਰਾਵਾਂ ਹਜ਼ਰਤ ਪੀਰ ਮੋਹਕਮਦੀਨ ਵਲੀ ਅੱਲ੍ਹਾ ਦੇ ਨਾਂਅ ਜਗਰਾਵਾਂ ਸ਼ਰੀਫ਼ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਦੀ ਕਰਮ ਭੂਮੀ ਜਗਰਾਵਾਂ (ਪੰਜਾਬ, ਭਾਰਤ) ਬਣਿਆ। ਇਸ ਕਰਕੇ ਆਪ ਨੂੰ ਜਗਰਾਵਾਂ ਸਰਕਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਜ਼ਰਤ ਪੀਰ ਮੋਹਕਮਦੀਨ ਦਾ ਰੂਹਾਨੀ ਫ਼ੈਜ਼ ਸਭ ਕੌਮਾਂ, ਮਜ਼ਹਬਾਂ, ਧਰਮਾਂ, ਜਾਤੀਆਂ ਅਤੇ ਇਲਾਕਿਆਂ ਦੇ ਲੋਕਾਂ ਲਈ ਸਾਂਝਾ ਸੀ। ਇਸ ਪੁਸਤਕ ਵਿਚ ਸੂਫ਼ੀਮਤ ਅਤੇ ਪੰਜਾਬ ਦੇ ਪ੍ਰਮੁੱਖ ਸਿਲਸਿਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਨਕਸ਼ਬੰਦੀ ਸਿਲਸਿਲੇ ਅਤੇ ਹਜ਼ਰਤ ਪੀਰ ਮੋਹਕਮਦੀਨ ਦੇ ਜੀਵਨ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਦਰਵੇਸ਼ਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਹੈ। ਸੂਫ਼ੀਮਤ ਦੇ ਜਾਣਕਾਰਾਂ ਲਈ ਇਹ ਪੁਸਤਕ ਇਕ ਸੰਦ ਵਜੋਂ ਕਾਰਜ ਕਰੇਗੀ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਮੁਹੱਬਤੀ ਧਾਗੇ
ਲੇਖਿਕਾ : ਗੁਰਵੀਰ ਅਤਫ਼
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 128
ਸੰਪਰਕ : 87279-62914

'ਮੁਹੱਬਤੀ ਧਾਗੇ' ਉੱਭਰਦੀ ਲੇਖਿਕਾ ਗੁਰਵੀਰ ਅਤਫ਼ ਦੀ ਪਲੇਠੀ ਪੁਸਤਕ ਹੈ ਪਰ ਉਨ੍ਹਾਂ ਦੀ ਕਵਿਤਾ ਦੀ ਗਹਿਰਾਈ, ਗੰਭੀਰਤਾ ਅਤੇ ਸਹਿਜਤਾ ਦਾ ਪ੍ਰਵਾਹ ਉਨ੍ਹਾਂ ਨੂੰ ਇਕ ਸਮਰੱਥ ਕਵਿੱਤਰੀ ਦੇ ਰੂਪ ਵਿਚ ਪ੍ਰਗਟ ਕਰਦਾ ਹੈ। ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਕੋਲ ਕਹਿਣ ਲਈ ਬਹੁਤ ਕੁਝ ਹੈ ਅਤੇ ਗੱਲ ਕਹਿਣ ਦਾ ਹੁਨਰ ਵੀ ਹੈ। ਆਪਣੀ ਇਸ ਕਵਿਤਾ ਵਿਚ ਸਮਕਾਲੀ ਆਰਥਿਕ, ਸਮਾਜਿਕ, ਪਰਿਵਾਰਕ ਅਤੇ ਰਾਜਨੀਤਕ ਨੂੰ ਵਰਤਾਰੇ ਦਾ ਮੁੱਲਾਂਕਣ ਉਹ ਬੜੇ ਅਰਥਪੂਰਨ ਢੰਗ ਨਾਲ ਕਰਦੇ ਹਨ:
ਹੋ ਚੱਲੇ ਸੀ ਪੰਨੇ ਫਿੱਕੇ
ਸਾਡੇ ਇਤਿਹਾਸਾਂ ਦੇ।
ਲੈ ਲਈ ਸਿਆਹੀ ਸੁਨਹਿਰੀ,
ਨਵੀਆਂ ਪਰਵਾਜ਼ਾਂ ਨੇ।
ਔਰਤ ਵਰਗ ਸਾਡੇ ਸਮਾਜ ਦਾ ਲਗਭਗ ਅੱਧਾ ਹਿੱਸਾ ਹੈ ਅਤੇ ਸੰਸਾਰ ਦੇ ਸਮੁੱਚੇ ਵਜੂਦ ਦੀ ਉਸਾਰੀ ਵਿਚ ਵੀ ਉਸ ਦਾ ਹਿੱਸਾ ਮਰਦ ਨਾਲੋਂ ਕਿਸੇ ਪੱਖੋਂ ਘੱਟ ਨਹੀਂ ਹੈ ਪਰ ਆਦਿ ਕਾਲ ਤੋਂ ਹੀ ਮਰਦ ਪ੍ਰਧਾਨ ਸਮਾਜ ਵਲੋਂ ਹਰ ਹੀਲਾ-ਵਸੀਲਾ ਵਰਤ ਕੇ ਉਸ ਨੂੰ ਛੁਟਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਕੁੜੀਆਂ-ਚਿੜੀਆਂ ਲਈ ਤਿਆਰ ਕੀਤੇ ਤਰ੍ਹਾਂ-ਤਰ੍ਹਾਂ ਦੇ ਖ਼ੂਬਸੂਰਤ ਪਿੰਜਰਿਆਂ ਨੂੰ, ਉੱਚੇ ਅੰਬਰਾਂ ਵਿਚ ਉੱਡਣ ਦੇ ਉਨ੍ਹਾਂ ਦੇ ਵਿਦਰੋਹੀ ਅਰਮਾਨ ਉੱਕਾ ਹੀ ਪਰਵਾਨ ਨਹੀਂ ਕਰਦੇ:
ਮੇਰੇ ਮਨ ਦੀਏ ਚਿੜੀਏ ਨੀ,
ਆ ਪਾਵਾਂ ਸੋਨ ਤੜਾਗੀ।
ਸਰਘੀ ਵੇਲੇ ਅੜੀਏ ਨੀ,
ਕਿਉਂ ਕਰਦੀ ਚਿੱਤ ਬਾਗ਼ੀ।
ਗੁਰਵੀਰ ਅਤਫ਼ ਲਿਖਦੇ ਹਨ ਕਿ ਮਾਂ ਆਪਣੇ ਬੱਚੇ ਨਾਲ ਮੁਹੱਬਤ ਕਰਦੀ ਹੈ, ਪੰਛੀ ਕੁਦਰਤ ਨਾਲ, ਮਿੱਟੀ ਹਵਾ ਨਾਲ, ਪਾਣੀ ਢਲਾਣਾਂ ਨਾਲ ਅਤੇ ਹਾਣੀ ਆਪਣੇ ਹਾਣੀਆਂ ਨਾਲ ਪਰ ਕੁਝ ਲੋਕ ਪੰਛੀਆਂ ਵਰਗੇ ਵੀ ਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੁਹੱਬਤ ਕਰਨ ਲਈ ਬੰਦੇ ਨੂੰ ਕੇਵਲ ਬੰਦਾ ਹੀ ਨਹੀਂ ਚਾਹੀਦਾ ਹੁੰਦਾ ਕਿਉਂਕਿ ਕੁਦਰਤ ਹੀ ਰਚਦੀ ਹੈ ਸਾਰੀ ਜੀਵਨੀ ਨੂੰ। ਬੰਦੇ ਨੇ ਤਾਂ ਕੇਵਲ ਕੁਦਰਤ ਦੇ ਇਸ ਨਾਟਕ ਨਾਲ ਇੱਕਸੁਰ ਹੀ ਹੋਣਾ ਹੁੰਦਾ ਹੈ। ਉਨ੍ਹਾਂ ਦਾ ਇਹ ਸੂਫ਼ੀਆਨਾ ਖ਼ਿਆਲ ਪਾਠਕ ਦੇ ਮਨ ਨੂੰ ਵਿਸਮਾਦੀ ਰੰਗ ਵਿਚ ਰੰਗ ਦਿੰਦਾ ਹੈ। ਅਜਿਹੇ ਖ਼ੂਬਸੂਰਤ ਸੁਹਿਰਦ ਕਾਰਜ ਲਈ ਉਹ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਨਿੱਕ-ਸੁੱਕ
ਲੇਖਕ : ਇਕਵਾਕ ਸਿੰਘ ਪੱਟੀ
ਪ੍ਰਕਾਸ਼ਕ : ਮਾਝਾ ਵਰਲਡ ਵਾਈਡ ਅੰਮ੍ਰਿਤਸਰ
ਮੁੱਲ : 180 ਰੁਪਏ, ਸਫ਼ੇ : 95
ਸੰਪਰਕ : 98150-24920

ਲੇਖਕ ਨੇ ਪਹਿਲਾਂ ਵੀ ਅੱਠ ਪੁਸਤਕਾਂ ਪਾਠਕਾਂ ਦੀ ਝੌਲੀ ਪਾਈਆਂ ਹਨ। ਹਥਲੀ ਪੁਸਤਕ ਉਸ ਦੀ ਨੌਵੀਂ ਪੁਸਤਕ ਹੈ। ਇਸ ਪੁਸਤਕ ਨਾਲ ਲੇਖਕ ਨੇ ਨਵਾਂ ਤਜਰਬਾ ਕਰਕੇ ਨਵੇਂ ਦਿਸਹੱਦਿਆਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਇਸ ਪੁਸਤਕ ਵਿਚ ਲਗਭਗ 42 ਰਚਨਾਵਾਂ ਅੰਕਿਤ ਕੀਤੀਆਂ ਹਨ ਤੇ ਹਰ ਰਚਨਾ ਦੀ ਨਾਲ-ਨਾਲ ਪੜਚੋਲ ਵੀ ਕੀਤੀ ਹੈ ਤਾਂ ਕਿ ਪਾਠਕ ਨੂੰ ਰਚਨਾ ਦੀ ਪੜਚੋਲ ਪੜ੍ਹ ਕੇ ਅਸਾਨੀ ਨਾਲ ਉਸ ਮੁੱਦੇ ਦੇ ਅੰਤ ਤੱਕ ਪਹੁੰਚਣ 'ਚ ਕੋਈ ਔਖਿਆਈ ਨਾ ਆਵੇ।
ਉਸ ਦੀਆਂ ਕਹਾਣੀਆਂ ਬਾਰੇ ਜ਼ਿਕਰ ਕਰਨ ਲੱਗਿਆਂ ਦੇਖਿਆ ਜਾਵੇ ਤਾਂ ਪੰਨਾ 78 'ਤੇ ਉਸ ਦੀ ਕਹਾਣੀ 'ਚਪੇੜਾਂ' ਸਿਰਫ਼ ਇਕ ਲਾਈਨ ਦੀ ਹੈ, ਜੋ ਕਿ ਮਿੰਨੀ ਕਹਾਣੀ ਦੇ ਕੱਦ ਤੋਂ ਵੀ ਛੋਟੀ ਹੈ। ਇਸੇ ਤਰ੍ਹਾਂ ਪੰਨਾ 74 ਤੇ 'ਚੁੰਨੀ' ਮਿੰਨੀ ਕਹਾਣੀ ਹੀ ਆਖੀ ਜਾ ਸਕਦੀ ਹੈ। ਪੰਨਾ 68 'ਤੇ 'ਮਤੇ' ਵੀ ਮਿੰਨੀ ਕਹਾਣੀ ਨਾਲ ਮੇਲ ਖਾਂਦੀ ਹੈ। ਸਮਾਜਿਕ ਬੁਰਾਈਆਂ ਨੂੰ ਉਘਾੜਦੀ ਕਹਾਣੀ 'ਕਿਉਂ' ਹੈ। ਇਸ ਤਰ੍ਹਾਂ ਹੀ 'ਸੁਖਮਣੀ ਸਾਹਿਬ', '23 ਮਾਰਚ' ਤੇ ਅੰਮ੍ਰਿਤ ਕਹਾਣੀਆਂ ਹਨ, ਜੋ ਸਮਾਜ ਨੂੰ ਬਹੁਤ ਵੱਡਾ ਸੁਨੇਹਾ ਦਿੰਦੀਆਂ ਹਨ। ਉਸ ਦੀਆਂ ਸਾਰੀਆਂ ਹੀ ਕਹਾਣੀਆਂ ਬਹੁਤ ਵੱਡੇ ਲੇਖਕਾਂ ਵਾਂਗ ਕੋਈ ਨਾ ਕੋਈ ਸੇਧ ਜਾਂ ਸੁਨੇਹਾ ਦਿੰਦੀਆਂ ਹਨ। ਪਰ ਅੱਧੋ ਜ਼ਿਆਦਾ ਕਹਾਣੀਆਂ ਵਿਚ ਲੇਖਕ ਨੇ ਦੋ ਹੀ ਪਾਤਰ 'ਉਜਾਗਰ ਸਿੰਘ' ਤੇ 'ਬੰਤਾ ਸਿੰਹਾਂ' ਨੂੰ ਹੀ ਵਾਰ-ਵਾਰ ਦੁਹਰਾਇਆ ਹੈ। ਇਹ ਦੁਹਰਾਅ-ਪਾਠਕਾਂ ਨੂੰ ਥੋੜ੍ਹਾ ਰੜਕਦਾ ਹੈ। 'ਪਾਪ' ਕਹਾਣੀ ਮਿਲਾਵਟੀ ਦੁੱਧ ਦਾ ਜ਼ਿਕਰ ਵਪਾਰਕ ਬਿਰਤੀ ਵੱਲ ਧਿਆਨ ਖਿੱਚਦੀ ਹੈ। 'ਮਾਸਕ ਬਨਾਮ ਰਾਣੀਹਾਰ' ਤੇ 'ਮੁਫ਼ਤ ਮਾਸਕ' ਸਮਾਜ ਲਈ ਵਿਅੰਗ ਤੇ ਕਟਾਖ਼ਸ਼ ਕੱਸਦੀਆਂ ਕਹਾਣੀਆਂ ਹਨ। ਗੱਲ ਕੀ ਮਧਰੇ ਜਿਹੇ ਕੱਦ ਦੀ ਪੂਰੀ ਪੁਸਤਕ ਪਾਠਕਾਂ ਲਈ ਜਾਣਕਾਰੀ ਤੇ ਸਵਾਦਲੀ ਹੈ। ਲੇਖਕ ਦਾ ਨਿਵੇਕਲਾ ਉਪਰਾਲਾ ਹੈ, ਜਿਸ ਲਈ ਉਹ ਵਧਾਈ ਦਾ ਹੱਕਦਾਰ ਹੈ। ਉਸ ਤੋਂ ਅਜਿਹੀਆਂ ਪੁਸਤਕਾਂ ਦੀ ਉਮੀਦ ਕਰਨੀ ਬਣਦੀ ਹੈ।

-ਡਾ. ਆਰ. ਬੰਦਨਾ
ਮੋਬਾਈਲ : 94173-89003

ਆਪਣੇ-ਆਪਣੇ ਤਾਜਮਹਿਲ
ਸੰਪਾਦਨ ਅਤੇ ਅਨੁਵਾਦ : ਡਾ. ਅਮਰਜੀਤ ਕੌਂਕੇ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 195 ਰੁਪਏ, ਸਫ਼ੇ : 157
ਸੰਪਰਕ : 98142-31698

ਡਾ. ਅਮਰਜੀਤ ਕੌਂਕੇ ਇਕ ਬਹੁ-ਪੱਖੀ ਸਾਹਿਤਕ ਪ੍ਰਤਿਭਾ ਵਾਲਾ ਅਦੀਬ ਹੈ। ਉਹ ਬਹੁਤ ਮਿਆਰੀ ਕਵਿਤਾਵਾਂ ਦਾ ਕਰਤਾ ਹੈ। ਕੌਂਕੇ 'ਪ੍ਰਤਿਮਾਨ' ਨਾਂਅ ਦਾ ਪੰਜਾਬੀ ਰਸਾਲਾ ਵੀ ਕਈ ਵਰ੍ਹਿਆਂ ਤੋਂ ਨਿਰੰਤਰ ਸੰਪਾਦਿਤ ਕਰ ਰਿਹਾ ਹੈ ਤੇ ਹੁਣ ਉਸ ਨੇ 'ਆਪਣੇ-ਆਪਣੇ ਤਾਜ ਮਹਿਲ' ਨਾਂਅ ਦੀ ਇਸ ਪੁਸਤਕ ਵਿਚ ਉੱਚ ਪਾਏ ਦੀਆਂ 14 ਹਿੰਦੀ ਕਹਾਣੀਆਂ ਦਾ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੇ ਹੱਥਾਂ 'ਚ ਪੁੱਜਦਾ ਕੀਤਾ ਹੈ। ਇਨ੍ਹਾਂ ਕਹਾਣੀਆਂ ਵਿਚ ਕਥਾ ਰਸ ਬਹੁਤ ਹੈ। ਜਿਥੇ ਇਹ ਕਹਾਣੀਆਂ ਸਮੇਂ ਦਾ ਸੱਚ, ਬਲਕਿ ਸਾਹਿਤਕ ਸੱਚ ਦਰਸਾਉਂਦੀਆਂ ਹਨ, ਉਥੇ ਇਹ ਕਹਾਣੀਆਂ ਹਿੰਦੀ ਜਗਤ ਅੰਦਰ ਕਹਾਣੀ ਵਿਧਾ ਦੀ ਸਥਿਤੀ ਬਾਰੇ ਵੀ ਅਸਿੱਧੇ ਰੂਪ 'ਚ ਕੁਝ ਚਾਨਣਾ ਪਾ ਜਾਂਦੀਆਂ ਹਨ। ਡਾ. ਅਮਰਜੀਤ ਕੌਂਕੇ ਨੇ ਇਨ੍ਹਾਂ ਕਹਾਣੀਆਂ ਦਾ ਅਨੁਵਾਦ ਵੀ ਪੂਰਾ ਪੰਜਾਬੀ ਮੁਹਾਵਰੇ ਮੁਤਾਬਿਕ ਕੀਤਾ ਹੈ, ਜਿਸ ਸਦਕਾ ਪ੍ਰਭਾਵ ਮੌਲਿਕ ਕਹਾਣੀਆਂ ਦਾ ਬਣਿਆ ਹੈ। ਸੰਖਿਪਤ ਗੱਲ ਕਰੀਏ ਤਾਂ ਪਹਿਲੀ ਕਹਾਣੀ 'ਦੂਸਰਾ ਤਾਜ ਮਹਿਲ' ਨਾਸਿਰਾ ਖਾਨ ਦੀ ਹੈ, ਜਿਹੜੀ ਪੁਸਤਕ ਅੰਦਰਲੀਆਂ ਸਾਰੀਆਂ ਕਹਾਣੀਆਂ ਨਾਲੋਂ ਲੰਮੀ ਕਹਾਣੀ ਹੈ। ਮਨੋਵਿਗਿਆਨਕ ਧਰਾਤਲ 'ਤੇ ਲਿਖੀ ਗਈ, ਇਹ ਕਹਾਣੀ ਮਾਨਸਿਕ ਪੱਧਰ ਤੋਂ ਪਾਤਰਾਂ ਦੀ ਮਨੋਅਵਸਥਾ ਦਾ ਬੜਾ ਦਿਲਚਸਪ ਤੇ ਅਰਥ ਭਰਪੂਰ ਬਿਰਤਾਂਤ ਸਿਰਜਦੀ ਹੈ। ਐੱਸ. ਆਰ. ਹਰਨੋਟ ਦੀ ਕਹਾਣੀ 'ਆਭੀ' ਇਕ ਆਭੀ ਨਾਂਅ ਦੀ ਚਿੜੀ ਦੀ ਉਦਾਹਰਨ ਦੇ ਕੇ ਕੁਦਰਤੀ ਸੰਪਤੀ ਦੀ ਸੁਰੱਖਿਆ ਦੀ ਬਾਤ ਪਾਉਂਦੀ ਹੈ। ਡਾ. ਊਸ਼ਾ ਯਾਦਵ ਦੀ ਕਹਾਣੀ 'ਸੌਗਾਤ' ਵਿਚੋਂ ਕਾਮਗ੍ਰਸਤ ਬੰਦੇ ਨੂੰ ਨਾਡਾਇਜ਼ ਸਰੀਰਕ ਸੰਬੰਧ 'ਚੋਂ ਮਿਲਦੀ ਏਡਜ਼ ਰੂਪੀ 'ਸੌਗਾਤ' ਦਾ ਬੜਾ ਗੁੰਦਵਾਂ ਪਲਾਟ ਸਿਰਜਿਆ ਮਿਲਦਾ ਹੈ। ਸੁਭਾਸ਼ ਪੰਤ ਦੀ ਕਹਾਣੀ 'ਸੜਕ ਪਾਰ ਖੜ੍ਹਾ ਬੁੱਢਾ' ਬਿਰਧ ਆਦਮੀ ਦੇ ਜ਼ਰੀਏ ਸ਼ਹਿਰਾਂ ਦੀ ਦੁਰਦਸ਼ਾ 'ਤੇ ਝਾਤ ਪਵਾਉਂਦੀ ਹੈ। ਤੇਜੇਂਦਰ ਸ਼ਰਮਾ ਦੀ ਕਹਾਣੀ 'ਪਾਪਾਂ ਦੀ ਸਜ਼ਾ' ਵਿਚ ਮਨੁੱਕੀ ਮਨ ਦੇ ਮਾੜੇ ਪੱਖ ਨੂੰ ਉਜਾਗਰ ਕੀਤਾ ਗਿਆ ਹੈ, ਜਿਸ ਤਹਿਤ ਗੱਲ ਕਤਲ ਤੱਕ ਪੁੱਜ ਜਾਂਦੀ ਹੈ। ਮਨੀਸ਼ ਵੈਦਯ ਦੀ ਕਹਾਣੀ 'ਘੜੀਸਾਜ਼' ਵਿਚ ਲੰਘ ਗਏ ਵੇਲਿਆਂ ਤੋਂ ਅੱਜ ਤੱਕ ਪੁੱਜੇ ਕਿੱਤਿਆਂ 'ਤੇ ਕਿੱਤਾਕਾਰਾਂ ਦੀ ਬੇਕਦਰੀ ਦੀ ਵਿਥਿਆ ਹੈ। ਡਾ. ਰੰਜਨਾ ਜਾਇਸਵਾਲ ਦੀ ਕਹਾਣੀ 'ਅੰਤਿਮ ਇੱਛਾ' ਵਿਅਕਤੀ ਦੀ ਅੰਤਿਮ ਇੱਛਾ ਬਾਬਤ ਸਮਾਜ ਸਨਮੁੱਖ ਬੜਾ ਗੰਭੀਰ ਸੁਆਲ ਖੜ੍ਹਾ ਕਰਦੀ ਹੈ। ਇੰਝ ਹੀ ਮਹੇਸ਼ ਦਰਪਣ, ਭਾਲ ਚੰਦਰ ਜੋਸ਼ੀ, ਭੂਮਿਕਾ ਦਿਵੇਦੀ ਅਸ਼ਕ, ਡਾ. ਹੰਸਾ ਦੀਪ, ਵੰਦਨਾ ਗੁਪਤਾ ਤੇ ਸੁਧਾ ਓਮ ਢੀਂਗਰਾ ਦੀਆਂ ਕਹਾਣੀਆਂ ਵੀ ਕਮਾਲ ਦੀਆਂ ਹਨ। ਕੁੱਲ ਮਿਲਾ ਕੇ 'ਆਪਣੇ ਆਪਣੇ ਤਾਜ ਮਹਿਲ' ਦੀਆਂ ਕਹਾਣੀਆਂ ਸਚਮੁੱਚ ਆਪੋ-ਆਪਣੇ ਹਿੱਸੇ ਦਾ ਅਦਬੀ ਤਾਜ ਮਹਿਲ ਬਾਖੂਬੀ ਬਣਾਉਂਦੀਆਂ ਹਨ। ਹਿੰਦੀ ਭਾਸ਼ਾ 'ਚੋਂ ਪੰਜਾਬੀ 'ਚ ਆਈਆਂ ਇਨ੍ਹਾਂ ਕਹਾਣੀਆਂ ਨੂੰ ਪੜ੍ਹਨ, ਸਮਝਣ ਤੇ ਮਾਨਣ ਦਾ ਵੀ ਇਕ ਆਪਣਾ ਹੀ ਕਿਸਮ ਦਾ ਸਾਹਿਤਕ ਸੁਹਜ ਸੁਆਦ ਹੈ। ਨਿਰਸੰਦੇਹ ਡਾ. ਅਮਰਜੀਤ ਕੌਂਕੇ ਦਾ ਇਹ ਅਨੁਵਾਦੀ ਉੱਦਮ ਬਿਲਕੁਲ ਸਫ਼ਲ ਹੈ।

-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287

ਵਾਇਰਸ
ਲੇਖਕ : ਪਾਲੀ ਖਾਦਿਮ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ ਲੁਧਿਆਣਾ
ਮੁੱਲ : 120 ਰੁਪਏ, ਸਫ਼ੇ : 56
ਸੰਪਰਕ : 9914310063

'ਵਾਇਰਸ' ਪਾਲੀ ਖਾਦਿਮ ਦਾ ਬਹੁਤ ਹੀ ਪਿਆਰਾ ਅਤੇ ਨਿਆਰਾ ਬਾਲ ਨਾਵਲ ਹੈ। ਲੇਖਕ ਇਸ ਤੋਂ ਪਹਿਲਾਂ ਤਿੰਨ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਾ ਹੈ। ਇਹ ਬਾਲ ਨਾਵਲ ਕੰਪਿਊਟਰ ਦੀ ਦੁਨੀਆ ਬਾਰੇ ਵਿਸ਼ਾਲ ਜਾਣਕਾਰੀ ਪ੍ਰਦਾਨ ਕਰਨ ਵਾਲਾ ਨਾਵਲ ਹੈ। ਇਸ ਨਾਵਲ ਦੀ ਕਹਾਣੀ ਸਕੂਲ ਦੇ ਦੋ ਦੋਸਤ ਸਰਬਜੋਤ ਸਿੰਘ ਜਿਸ ਦਾ ਛੋਟਾ ਨਾਂਅ ਜੋਤ ਹੈ ਅਤੇ ਰਹਿਮਾਨ ਦੇ ਦੁਆਲੇ ਘੁੰਮਦੀ ਹੈ ਤੀਜੇ ਪਾਤਰ ਹਨ ਇਨ੍ਹਾਂ ਦੇ ਕੰਪਿਊਟਰ ਅਧਿਆਪਕ ਯਾਦਵਿੰਦਰ ਸਿੰਘ। ਇਹ ਤਿੰਨੇ ਬਹੁਤ ਹੀ ਰੌਚਕ ਕਹਾਣੀ ਰਾਹੀਂ ਕੰਪਿਊਟਰ ਦੀ ਅੰਦਰਲੀ ਦੁਨੀਆ ਬਾਰੇ ਸਮਝਾਉਂਦੇ ਹਨ ਕਿ ਕਰਸਰ ਕੀ ਹੈ, ਪ੍ਰੋਗਰਾਮ ਐਪਲੀਕੇਸ਼ਨ ਕੀ ਹੈ, ਫਾਈਲਾਂ ਫੋਲਡਰ ਕੀ ਹੁੰਦੀਆਂ ਹਨ, ਖ਼ਤਰਨਾਕ ਵਾਇਰਸ ਅਤੇ ਐਂਟੀਵਾਇਰਸ ਕੀ ਹੈ, ਮਾਊਸ, ਸੀ.ਯੂ. ਆਈ. ਕੀ ਹੈ, ਕਮਾਂਡ ਕਿਵੇਂ ਦਿੱਤੀ ਜਾਂਦੀ ਹੈ ਸਾਫਟਵੇਅਰ, ਟੂਲਜ਼ ਅਤੇ ਕੀ-ਬੋਰਡ ਕੀ ਹੈ? ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਫਾਈਲ ਬਣਾਉਣੀ ਹੈ ਅਤੇ ਕਿਵੇਂ ਸੇਵ ਕਰਨੀ ਹੈ, ਕੰਪਿਊਟਰ ਤੇ ਖੇਡਾਂ ਕਿਵੇਂ ਖੇਡਣੀਆਂ ਹਨ। ਗੱਲ ਕੀ ਇਸ ਛੋਟੇ ਜਿਹੇ ਨਾਵਲ ਵਿਚ ਕੰਪਿਊਟਰ ਬਾਰੇ ਜਿੰਨੀ ਵੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾ ਸਕਦੀ ਹੈ ਲੇਖਕ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕੁੱਲ ਮਿਲਾ ਕੇ ਬਹੁਤ ਹੀ ਮੁਸ਼ਕਿਲ ਵਿਸ਼ੇ ਨੂੰ ਬਹੁਤ ਹੀ ਸਰਲ, ਠੇਠ ਅਤੇ ਕਲਾਤਮਿਕ ਢੰਗ ਨਾਲ ਬਾਲਾਂ ਨੂੰ ਸਮਝਾਉਣ ਦਾ ਬਹੁਤ ਹੀ ਸਾਰਥਕ ਯਤਨ ਕੀਤਾ ਹੈ। ਢੁਕਵੀਆਂ ਤਸਵੀਰਾਂ ਵੀ ਬਣਾਈਆਂ ਗਈਆਂ ਹਨ। ਮੈਂ ਜਿੱਥੇ ਲੇਖਕ ਦੀ ਮਿਹਨਤ ਦੀ ਦਾਦ ਦਿੰਦਾ ਹਾਂ ਉਥੇ ਬਾਲਾਂ ਨੂੰ ਇਹ ਪਿਆਰੀ ਜਿਹੀ ਪੁਸਤਕ ਪੜ੍ਹ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਬੇਨਤੀ ਕਰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 94635-42896


ਡਾ. ਭੀਮਰਾਵ ਰਾਮਜੀ
ਅੰਬੇਡਕਰ ਯਾਤਰਾ ਦੇ ਪਦਚਿੰਨ੍ਹ
ਲੇਖਕ : ਡਾ. ਕੁਲਦੀਪ ਚੰਦ ਅਗਨੀਹੋਤਰੀ
ਅਨੁਵਾਦਕ : ਹਰਮੀਤ ਸਿੰਘ
ਪ੍ਰਕਾਸ਼ਕ : ਨੈਸ਼ਨਲ ਬੁੱਕ ਟਰੱਸਟ, ਇੰਡੀਆ
ਮੁੱਲ : 295 ਰੁਪਏ, ਸਫ਼ੇ : 196

''ਡਾ. ਭੀਮ ਰਾਓ ਰਾਮ ਜੀ ਅੰਬੇਡਕਰ ਯਾਤਰਾ ਦੇ ਪਦਚਿੰਨ੍ਹ'' ਜੋ ਕਿ ਕੁਲਦੀਪ ਚੰਦ ਅਗਨੀਹੋਤਰੀ ਨੇ ਹਿੰਦੀ ਵਿਚ ਪੁਸਤਕ ਲਿਖੀ ਸੀ, ਉਸ ਦਾ ਪੰਜਾਬੀ ਵਿਚ ਅਨੁਵਾਦ ਹਰਮੀਤ ਸਿੰਘ ਦੁਆਰਾ ਕੀਤਾ ਗਿਆ ਹੈ। ਇਸ ਪੁਸਤਕ ਨੂੰ ਕੁੱਲ ਸੱਤ ਪਾਠਾਂ ਵਿਚ ਵੰਡਿਆ ਗਿਆ ਹੈ ਜਿਵੇਂ ਜੀਵਨ ਯਾਤਰਾ, ਜਾਤੀ ਪ੍ਰਬੰਧ ਦੀ ਜਾਂਚ-ਪੜਤਾਲ, ਪੱਛਮ ਦਾ ਆਰੀਆ ਸਿਧਾਂਤ, ਭਾਰਤ ਵੰਡ ਅਤੇ ਪਾਕਿਸਤਾਨ ਦਾ ਪ੍ਰਸ਼ਨ, ਸਿੱਖਿਆ ਦਾ ਮਹੱਤਵ ਅਤੇ ਉਸ ਦਾ ਲਾਭ, ਜੰਮੂ-ਕਸ਼ਮੀਰ ਦਾ ਪ੍ਰਸ਼ਨ ਅਤੇ ਬੁੱਧ ਦੀ ਸ਼ਰਨ ਵਿਚ। ਇਨ੍ਹਾਂ ਸਾਰੇ ਪਾਠਾਂ ਵਿਚ ਲੇਖਕ ਨੇ ਡਾ. ਬੀ. ਆਰ. ਅੰਬੇਡਕਰ ਬਾਰੇ ਦੱਸਿਆ ਹੈ ਕਿ ਅੰਬੇਡਕਰ ਨੇ ਆਪਣੇ ਸਮਕਾਲੀਨ ਭਾਰਤੀ ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਵਿਚੋਂ ਸਭ ਤੋਂ ਵੱਧ ਵਿੱਦਿਅਕ ਉਪਲਬਧੀਆਂ ਹਾਸਲ ਕੀਤੀਆਂ ਸਨ। ਸਮੁੱਚੀ ਪੁਸਤਕ ਵਿਚ ਅੰਬੇਡਕਰ ਦੀਆਂ ਜੀਵਨ ਉਪਲਬਧੀਆਂ ਬਾਰੇ ਹੀ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਉਸ ਨੇ ਭਾਰਤ ਦੀ ਵੰਡ, ਸਿੱਖਿਆ ਦੀ ਮਹੱਤਤਾ, ਭਾਰਤੀ ਜਾਤੀ ਵਿਵਸਥਾ ਅਤੇ ਹੋਰ ਛੂਆ-ਛਾਤ ਜਿਹੀਆਂ ਸਮੱਸਿਆਵਾਂ ਦਾ ਅੰਤ ਕੀਤਾ ਹੈ। ਰਾਜਾ ਰਾਮ ਮੋਹਨ ਰਾਏ, ਦਵੇਂਦਰ ਨਾਥ ਠਾਕੁਰ, ਚੰਦਰ ਵਿੱਦਿਆ ਸਾਗਰ ਆਦਿ ਨੇ ਆਪਣਾ ਸਾਰਾ ਜੀਵਨ ਭਾਰਤ ਨੂੰ ਮੁੜ ਲੀਹ 'ਤੇ ਲਿਆਉਣ ਲਈ ਲਾ ਦਿੱਤਾ। ਅੰਬੇਡਕਰ ਜੀ ਨੇ ਜੋ ਵੀ ਕੀਤਾ ਅਤੇ ਲਿਖਿਆ ਉਹ ਸਭ ਤਰਕ 'ਤੇ ਆਧਾਰਿਤ ਹੈ। ਇਸ ਪੁਸਤਕ ਵਿਚ ਡਾ. ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ ਗਈ ਹੈ। ਬਾਬਾ ਸਾਹਿਬ ਦਾ ਨਜ਼ਰੀਆ ਨਾ ਤਾਂ ਤੰਗ ਸੀ ਅਤੇ ਨਾ ਹੀ ਪੱਖ-ਪਾਤੀ ਸੀ। ਬਾਬਾ ਸਾਹਿਬ ਰਾਜਨੀਤਕ ਬਰਾਬਰਤਾ ਦੇ ਨਾਲ ਨਾਲ ਆਰਥਿਕ ਅਤੇ ਸਮਾਜਿਕ ਸਬਰਾਬਰੀ ਦਾ ਹੋਣਾ ਵੀ ਲਾਜ਼ਮੀ ਸਮਝਦੇ ਸਨ। ਇਹ ਪੁਸਤਕ ਲੇਖਕ ਅਗਨੀਹੋਤਰੀ ਦੇ ਸਮਾਜਿਕ ਪਰਿਪੇਖ ਅਤੇ ਉਸ ਤੋਂ ਵਿਕਸਿਤ ਉਨ੍ਹਾਂ ਦੇ ਚਿੰਤਨ ਦਾ ਪ੍ਰਤੀਕ ਹੈ, ਜਿਨ੍ਹਾਂ ਨੇ ਡਾ. ਅੰਬੇਡਕਰ ਦੇ ਜੀਵਨ ਨੂੰ ਕੇਂਦਰ ਵਿਚ ਰੱਖ ਕੇ ਤੱਥਾਂ ਦੇ ਅਧਾਰ 'ਤੇ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ਅੰਬੇਡਕਰ ਦਾ ਮੰਨਣਾ ਹੈ ਕਿ 'ਭਾਰਤ ਵਿਚ ਆਰੀਆ ਦੁਆਰਾ ਹਮਲੇ ਦੇ ਸਿਧਾਂਤ ਨੂੰ ਜੋ ਏਨੀ ਜ਼ਿਆਦਾ ਮਾਨਤਾ ਮਿਲੀ ਉਸ ਦਾ ਇਕ ਕਾਰਨ ਇਹ ਹੈ ਕਿ ਇੱਥੋਂ ਦੇ ਬ੍ਰਾਹਮਣ ਵਿਦਵਾਨਾਂ ਨੇ ਉਸ ਦਾ ਸਮਰਥਨ ਕੀਤਾ, ਉਨ੍ਹਾਂ ਅਨੁਸਾਰ ਹਿੰਦੂ ਹੋਣ ਦੇ ਨਾਤੇ ਬ੍ਰਾਹਮਣਾਂ ਨੂੰ ਪੱਛਮੀ ਵਿਦਵਾਨਾਂ ਦੇ ਇਸ ਮੱਤ ਨੂੰ ਅਯੋਗ ਠਹਿਰਾਉਣਾ ਚਾਹੀਦਾ ਸੀ'। (ਪੰਨਾ ਨੰ. 92)। ਅਜਿਹੀ ਮੁੱਲਵਾਨ ਪੁਸਤਕ ਦਾ ਅਨੁਵਾਦ ਕਰਨ ਲਈ ਲੇਖਕ ਨੂੰ ਮੁਬਾਰਕਬਾਦ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 09855395161

14-04-2024

 ਅਣਗੌਲਿਆ ਆਜ਼ਾਦੀ ਘੁਲਾਟੀਆ
ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 87
ਸੰਪਰਕ : 94170-49417


ਡਾ. ਗੁਰਦੇਵ ਸਿੰਘ ਸਿੱਧੂ ਸਾਹਿਤਕ ਖੇਤਰ ਦਾ ਜਾਣਿਆ-ਪਛਾਣਿਆ ਨਾਂਅ ਹੈ। ਉਨ੍ਹਾਂ ਨੂੰ ਬਹੁ-ਵਿਧਾਈ ਲੇਖਕ ਤਸਲੀਮ ਕੀਤਾ ਜਾਂਦਾ ਹੈ। ਉਹ 35 ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਨਜ਼ਰ ਕਰ ਚੁੱਕੇ ਹਨ। ਸੱਜਰੀ ਪੁਸਤਕ ਆਜ਼ਾਦੀ ਅੰਦੋਲਨ ਵਿਚ ਉੱਘਾ ਹਿੱਸਾ ਪਾਉਣ ਵਾਲੇ ਪਰ ਅਣਗੌਲੇ ਆਜ਼ਾਦੀ ਘੁਲਾਟੀਏ ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਦੀ ਸੰਘਰਸ਼ਪੂਰਨ ਘਾਲਣਾ ਨੂੰ ਵਧੀਆ ਢੰਗ ਨਾਲ ਬਿਆਨ ਕਰਦੀ ਹੈ। ਵਿਚਾਰ-ਗੋਚਰੀ ਪੁਸਤਕ ਦੇ ਮੁੱਖ ਤੌਰ 'ਤੇ 10 ਅਧਿਆਇ ਹਨ। ਪਹਿਲੇ ਅਧਿਆਏ ਵਿਚ ਮਾਸਟਰ ਜੀ ਦੇ ਮੁਢਲੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਪ੍ਰੇਮ ਦਾ ਜਜ਼ਬਾ ਉਨ੍ਹਾਂ ਨੂੰ ਭਰ ਜਵਾਨੀ ਵੇਲੇ ਹੀ ਸ਼ੰਘਾਈ ਲੈ ਗਿਆ। ਦੂਜੇ ਅਧਿਆਏ ਵਿਚ ਸ਼ੰਘਾਈ ਦੇ ਇਨਕਲਾਬੀ ਵਿਰਸੇ ਬਾਰੇ ਚਰਚਾ ਕੀਤੀ ਗਈ ਹੈ। ਤੀਜੇ ਅਧਿਆਏ ਵਿਚ ਸ਼ੰਘਾਈ ਵਿਚ ਗੱਜਣ ਸਿੰਘ ਦੀਆਂ ਸਰਗਰਮੀਆਂ ਕਾਰਜਾਂ ਸੰਬੰਧੀ ਦਿਲਚਸਪ ਜਾਣਕਾਰੀ ਦਰਜ ਹੈ। ਉਥੇ ਹੀ ਉਨ੍ਹਾਂ ਦੀ ਪਤਨੀ ਦੀ ਮੌਤ ਹੋਈ। (ਪੰਨਾ 22). ਅਧਿਆਏ ਚੌਥਾ ਮਾਸਟਰ ਗੱਜਣ ਸਿੰਘ ਨੇ ਗ਼ਦਰ ਲਹਿਰ ਦੇ ਵੱਡੇ ਨੇਤਾਵਾਂ ਨਾਲ ਸੰਪਰਕ ਸਾਧਿਆ। ਅਧਿਆਏ ਪੰਜਵਾਂ ਇਸ ਅਧਿਆਏ ਵਿਚ ਸ਼ੰਘਾਈ ਪੁਲਿਸ ਦੇ ਜਮਾਂਦਾਰ ਬੁੱਢਾ ਸਿੰਘ ਦੇ ਕਤਲ ਦੇ ਦੋਸ਼ ਵਿਚ ਸਾਥੀਆਂ ਸਮੇਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਸਾਲ ਦੀ ਸਜ਼ਾ ਮਗਰੋਂ ਦੇਸ਼-ਨਿਕਾਲਾ ਦੇ ਦਿੱਤਾ ਗਿਆ। ਇਕ ਅਧਿਆਏ ਦਾ ਅਨੁਵਾਨ ਹੈ, 'ਕਿਰਤੀ ਰਸਾਲੇ ਵਿਚ ਅਦਾਲਤੀ ਕਾਰਵਾਈ ਦੀ ਰਿਪੋਰਟ। ''ਇਸ ਕਾਰਵਾਈ ਦਾ ਵੇਰਵਾ ਪੜ੍ਹਨਯੋਗ ਹੈ। ਜੱਜਾਂ ਤੇ ਕੈਦੀਆਂ ਵਿਚਾਲੇ ਸਵਾਲ-ਜਵਾਬ ਧਿਆਨ ਨਾਲ ਪੜ੍ਹਨ ਵਾਲੇ ਹਨ। ਪੂਰਕ ਅਨੁਵਾਨ ਹੇਠਲੇ ਚੈਪਟਰ ਵਿਚ ਸ਼ੰਘਾਈ ਦੇ ਗੁਰਦੁਆਰਾ ਸਾਹਿਬ ਨੂੰ ਕ੍ਰਾਂਤੀਕਾਰੀ ਸਰਗਰਮੀਆਂ ਦਾ ਕੇਂਦਰੀ ਅਸਥਾਨ ਦੱਸਿਆ ਗਿਆ ਹੈ। 6ਵਾਂ ਅਧਿਆਏ ਹਿੰਦੋਸਤਾਨ ਦੀਆਂ ਮੁਕਤਲਿਫ਼ ਜੇਲ੍ਹਾਂ ਵਿਚ ਆਜ਼ਾਦੀ ਘੁਲਾਟੀਆਂ ਦੀ ਦਸ਼ਾ, ਉਨ੍ਹਾਂ ਅੰਦਰੋਂ ਵੀ ਸਰਗਰਮੀਆਂ ਨੂੰ ਮੱਠਾ ਨਾ ਪੈਣ ਦੇਣ ਬਾਰੇ ਜ਼ਿਕਰ ਦੇ ਨਾਲ-ਨਾਲ ਗੱਜਣ ਸਿੰਘ ਦੇ 'ਵਾਰੰਟ' ਦੀ ਉਤਾਰਾ ਕਾਪੀ ਦਰਜ ਹੈ। ਉਨ੍ਹਾਂ ਦੀ ਰਿਹਾਈ ਦੇ ਹੁਕਮ ਦੀ ਨਕਲ ਵੀ ਸ਼ਾਇਆ ਕੀਤੀ ਗਈ ਹੈ, ਉਨ੍ਹਾਂ ਦੇ ਦਸਤਖ਼ਤਾਂ ਸਮੇਤ। 7ਵੇਂ ਅਧਿਆਏ ਰਾਹੀਂ ਕੁਝ ਦਸਤਾਵੇਜ਼ਾਂ ਜ਼ਰੀਏ ਇਹ ਚਰਚਾ ਕੀਤੀ ਗਈ ਹੈ ਕਿ 'ਕੀ ਮਾਸਟਰ ਗੱਜਣ ਸਿੰਘ ਮਾਸਕੋ ਗਿਆ?' ਲੇਖਕ ਅਨੁਸਾਰ, ਉਨ੍ਹਾਂ ਦੀ ਮਾਸਕੋ ਫੇਰੀ ਦੀ ਪੁਸ਼ਟੀ ਨਹੀਂ ਹੁੰਦੀ। (ਪੰਨਾ 48)
ਅੱਠਵਾਂ ਅਧਿਆਏ ਉਨ੍ਹਾਂ ਦੀ ਘਰ ਵਾਪਸੀ ਅਤੇ ਸਿਆਸੀ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕਰਦਾ ਹੈ। ਸਿੰਧ ਸੂਬੇ ਵਿਚ ਕਿਰਤੀ ਕੰਮ ਦੀ ਜ਼ਿੰਮੇਵਾਰੀ, ਇਸ ਜਥੇਬੰਦੀ ਨੂੰ ਗ਼ੈਰ-ਕਾਨੂੰਨੀ ਐਲਾਨਣਾ, ਯੂਨੀਅਨਿਸਟ ਪਾਰਟੀ ਸਰਕਾਰ ਦੀ ਕਿਰਤੀ ਪਾਰਟੀ ਉੱਤੇ ਕਰੋਪੀ, ਲਾਹੌਰ ਦਾ ਕਿਸਾਨ ਮੋਰਚਾ ਅਤੇ ਮੁਜ਼ਾਰਾ ਲਹਿਰ ਬਾਰੇ ਸਿੱਕੇਬੰਦ ਜਾਣਕਾਰੀ ਇਸ ਚੈਪਟਰ ਵਿਚ ਦਰਜ ਹੈ। ਨੌਵੇਂ ਅਧਿਆਏ ਵਿਚ ਦੂਜੀ ਆਲਮੀ ਜੰਗ ਸਮੇਂ ਜੇਲ੍ਹ ਯਾਤਰਾ ਅਤੇ ਮਗਰੋਂ ਦੀਆਂ ਸਰਗਰਮੀਆਂ ਦਾ ਮੁਕੰਮਲ ਵੇਰਵਾ ਹੈ। ਅੰਤਲੇ ਅਧਿਆਏ ਵਿਚ ਗ਼ੈਰ-ਸਰਗਰਮੀ ਦੇ ਤੀਹ ਵਰ੍ਹਿਆਂ, ਪਰਿਵਾਰਕ ਜੀਵਨ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਉਮਦਾ ਜ਼ਿਕਰ ਹੈ। ਉਨ੍ਹਾਂ ਦੀ ਪੱਤਰਕਾਰ ਪੋਤਰੀ ਪਰਮਜੀਤ ਕੌਰ ਦਾ ਉਨ੍ਹਾਂ ਬਾਰੇ ਇਕ ਲੇਖ ਵੀ ਸ਼ਾਮਿਲ ਕੀਤਾ ਗਿਆ ਹੈ। ਅੰਗਰੇਜ਼ੀ ਅਤੇ ਪੰਜਾਬੀ ਦੀਆਂ ਸਹਾਇਕ ਪੁਸਤਕਾਂ/ਅਖ਼ਬਾਰਾਂ ਦੇ ਹਵਾਲੇ ਦਰਜ ਹਨ। ਅੰਤਲੇ ਪੰਨਿਆਂ 'ਤੇ ਮਹਾਨ ਅਣਖੀ ਸੂਰਮੇ ਦੇ ਪਰਿਵਾਰਕ ਮੈਂਬਰ/ਸੰਗੀਆਂ ਦੀਆਂ 13 ਦੁਰਲੱਭ ਰੰਗੀਨ ਤਸਵੀਰਾਂ ਪੁਸਤਕ ਦਾ ਸ਼ਿੰਗਾਰ ਹਨ। ਡਾ. ਸਿੱਧੂ ਨੇ ਜਿਸ ਘਾਲਣਾ ਨਾਲ ਇਹ ਪੁਸਤਕ ਲਿਖੀ ਹੈ, ਪਾਠਕਾਂ ਨੂੰ ਉਸੇ ਸ਼ਿੱਦਤ ਨਾਲ ਇਸ ਨੂੰ ਪੜ੍ਹਨਾ ਚਾਹੀਦਾ ਹੈ। ਪੁਸਤਕ ਨਾਯਾਬ ਇਤਿਹਾਸਕ ਦਸਤਾਵੇਜ਼ ਹੋ ਨਿੱਬੜੀ ਹੈ।


-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710


ਸੰਤੋਖ ਸਿੰਘ ਧੀਰ : ਸ਼ਾਇਰੀ ਤੇ ਸੋਚ - ਸਾਹਿਤ ਚਿੰਤਨ
ਲੇਖਕ : ਪ੍ਰੋ. ਮੇਵਾ ਸਿੰਘ ਤੁੰਗ
ਸੰਕਲਨ ਤੇ ਸੰਪਾਦਨ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਲਕਸ਼ਯਾ ਪਬਲੀਕੇਸ਼ਨਜ਼, ਦਿੱਲੀ
ਮੁੱਲ : 200 ਰੁਪਏ, ਸਫ਼ੇ : 108
ਸੰਪਰਕ : 099588-31357


ਪੰਜਾਬੀ ਕਵਿਤਾ ਦੀ ਪ੍ਰਗਤੀਵਾਦੀ ਧਾਰਾ ਦੇ ਕਵੀ ਸੰਤੋਖ ਸਿੰਘ ਧੀਰ ਦੇ ਕਾਵਿ-ਪ੍ਰੇਮੀਆਂ ਨੂੰ ਸਮਰਪਿਤ ਇਹ ਕਿਤਾਬ ਪ੍ਰੋ. ਮੇਵਾ ਸਿੰਘ ਤੁੰਗ ਨੇ ਬਹੁਤ ਮਿਹਨਤ ਨਾਲ ਲਿਖੀ ਪ੍ਰਤੀਤ ਹੁੰਦੀ ਹੈ। ਇਸ ਵਿਲੱਖਣ ਕਿਤਾਬ ਦਾ ਸੰਕਲਨ ਅਤੇ ਸੰਪਾਦਨ ਡਾਕਟਰ ਬਲਦੇਵ ਸਿੰਘ 'ਬੱਦਨ' ਨੇ ਬੇਹੱਦ ਖ਼ੂਬਸੂਰਤੀ ਨਾਲ ਕੀਤਾ ਹੈ। ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਤਰ੍ਹਾਂ ਨਾਲ ਸੰਤੋਖ ਸਿੰਘ ਧੀਰ ਦੀ ਜੀਵਨੀ ਵੀ ਹੈ, ਉਸ ਦਾ ਸ਼ਬਦ ਚਿੱਤਰ ਵੀ ਹੈ ਅਤੇ ਉਸ ਦੀ ਸਮੁੱਚੀ ਸ਼ਾਇਰੀ ਅਤੇ ਉਸ ਦੀ ਜੀਵਨ ਸ਼ੈਲੀ ਦਾ ਮੁਲਾਂਕਣ ਵੀ ਹੈ। ਸੰਤੋਖ ਸਿੰਘ ਧੀਰ ਦੀ ਵਿਚਾਰਧਾਰਾ, ਉਸ ਦਾ ਬੌਧਿਕ ਵਿਕਾਸ, ਉਸ ਦੀ ਕਾਵਿ-ਸ਼ੈਲੀ, ਉਸ ਦੇ ਸਮਾਜਿਕ ਅਤੇ ਰਾਜਨੀਤਕ ਸਰੋਕਾਰ ਇਸ ਕਿਤਾਬ ਵਿਚੋਂ ਵਿਸਥਾਰ ਪੂਰਬਕ ਗ੍ਰਹਿਣ ਕੀਤੇ ਜਾ ਸਕਦੇ ਹਨ। ਪ੍ਰੋ. ਮੇਵਾ ਸਿੰਘ ਤੁੰਗ ਦੀ ਘਾਲਣਾ ਅਤੇ ਇਕ ਸਾਹਿਤਕ-ਸਮੀਖਿਅਕ ਵਜੋਂ ਉਸ ਦੀ ਦ੍ਰਿਸ਼ਟੀ ਨੂੰ ਦ੍ਰਿਸ਼ਮਾਨ ਕਰਦੀ ਇਸ ਕਿਤਾਬ ਦੀ ਭੂਮਿਕਾ ਸਮੇਤ ਇਹ ਕਿਤਾਬ ਪੰਜ ਭਾਗਾਂ ਵਿਚ ਵੰਡੀ ਹੋਈ ਹੈ। ਭੂਮਿਕਾ ਤੋਂ ਬਿਨਾਂ ਬਾਕੀ ਚਾਰ ਭਾਗ ਸੰਤੋਖ ਸਿੰਘ ਧੀਰ ਬਾਰੇ ਵੱਡੇ ਲੇਖਾਂ ਰਾਹੀਂ ਪ੍ਰਗਟ ਹੁੰਦੇ ਹਨ। ਇਹ ਚਾਰ ਲੇਖ ਹਨ (1) ਸੰਤੋਖ ਸਿੰਘ ਧੀਰ ਦਾ ਸਾਹਿਤਕ ਸਫ਼ਰ (2) ਸੰਤੋਖ ਸਿੰਘ ਧੀਰ ਦਾ ਲੇਖਕਾਂ ਵਿਚ ਵਿਚਰਨਾ (3) ਸੰਤੋਖ ਸਿੰਘ ਧੀਰ ਦੀ ਕਵਿਤਾ ਦਾ ਸਫ਼ਰ (4) ਜਦੋਂ ਅਸੀਂ ਆਵਾਂਗੇ : ਸੰਤੋਖ ਸਿੰਘ ਧੀਰ ਦਾ ਮੈਨੀਫੈਸਟੋ। ਵੱਖ-ਵੱਖ ਆਲੋਚਕਾਂ ਵਲੋਂ ਸੰਤੋਖ ਸਿੰਘ ਧੀਰ ਬਾਰੇ ਹੁਣ ਤੱਕ ਕੀਤੇ ਗਏ ਸਮੀਖਿਆ ਕਾਰਜਾਂ ਦੀ ਤੁਲਨਾ ਵਿਚ ਵੇਖੀਏ ਤਾਂ ਇਹ ਕਿਤਾਬ ਰਵਾਇਤੀ ਸਮੀਖਿਆ ਦੀਆਂ ਬੰਦਿਸ਼ਾਂ ਨੂੰ ਉਲੰਘ ਕੇ ਇਹ ਨਿਰੀ ਅਕਾਦਮਿਕ ਆਲੋਚਨਾ ਤੱਕ ਸੀਮਤ ਨਹੀਂ ਹੈ। ਸੰਤੋਖ ਸਿੰਘ ਧੀਰ ਦੇ ਵਿਚਾਰਧਾਰਕ ਇਕਹਿਰੇਪਨ ਨੂੰ ਕਾਟੇ ਹੇਠ ਲਿਆਉਣ ਦੀ ਜ਼ੁਰਅਤ ਕਰਦੀ ਹੋਈ ਇਹ ਸਮੀਖਿਆ, ਉਨ੍ਹਾਂ ਕੌੜੀਆਂ ਹਕੀਕਤਾਂ ਦਾ ਵੀ ਰਹੱਸ ਉਦਘਾਟਨ ਕਰਦੀ ਹੈ, ਜਿਨ੍ਹਾਂ ਉੱਤੇ ਰਵਾਇਤੀ ਸਮੀਖਿਆ ਅਕਸਰ ਪਰਦਾ ਪਾਉਣ ਦੇ ਯਤਨਾਂ ਵਿਚ ਰਹਿੰਦੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀਆਂ ਵਿਚਾਰਧਾਰਕ ਅਤੇ ਦਾਅਪੇਚਕ ਊਣਤਾਈਆਂ, ਸੋਵੀਅਤ ਯੂਨੀਅਨ ਅਤੇ ਭਾਰਤ ਦੇ ਸੰਬੰਧਾਂ ਦੀਆਂ ਬਾਰੀਕੀਆਂ ਦੇ ਨਾਲ-ਨਾਲ ਕਮਿਊਨਿਸਟਾਂ ਦੇ ਪ੍ਰਭਾਵ ਵਾਲੇ ਅਦਾਰਿਆਂ ਦੀਆਂ ਆਪਸੀ ਤ੍ਰੇੜਾਂ, 'ਪ੍ਰੀਤ ਲੜੀ' ਵਰਗੇ ਹਰਮਨ ਪਿਆਰੇ ਰਸਾਲਿਆਂ ਦੀਆਂ ਅੰਦਰੂਨੀ ਹਾਲਤਾਂ ਅਤੇ ਇਨ੍ਹਾਂ ਸਾਰੇ ਖਿਲਾਰਿਆਂ ਵਿਚ ਸੰਤੋਖ ਸਿੰਘ ਧੀਰ ਦੀ ਸਥਿਤੀ ਦਾ ਇਸ ਕਿਤਾਬ ਵਿੱਚ ਕੀਤਾ ਗਿਆ ਬੇਬਾਕ ਵਿਸ਼ਲੇਸ਼ਣ ਕਾਫ਼ੀ ਦਿਲਚਸਪ ਹੈ। ਸੰਤੋਖ ਸਿੰਘ ਧੀਰ ਦੀ ਕਵਿਤਾ ਦੇ ਸਫ਼ਰ ਨੂੰ ਕਿਤਾਬ-ਦਰ-ਕਿਤਾਬ ਨਿਹਾਰਨਾ ਅਤੇ ਹਰ ਕਿਤਾਬ ਵਿਚ ਪੇਸ਼ ਹੋਈ ਕਵਿਤਾ ਦੀ ਵਿਚਾਰਧਾਰਕ, ਰੂਪਾਤਮਿਕ ਅਤੇ ਰਚਨਾਤਮਿਕ ਵਿਆਖਿਆ ਕਰਨਾ, ਇਸ ਕਿਤਾਬ ਦਾ ਹਾਸਿਲ ਹੈ। ਸਮਕਾਲੀ ਸਮੀਖਿਅਕ ਸੰਤੋਖ ਸਿੰਘ ਧੀਰ ਬਾਰੇ ਕਿਸ ਤਰ੍ਹਾਂ ਦੀ ਰਾਇ ਰੱਖਦੇ ਸਨ। ਸਮਕਾਲੀ ਕਵੀਆਂ ਵਿਚ ਸੰਤੋਖ ਸਿੰਘ ਧੀਰ ਦਾ ਕੀ ਸਥਾਨ ਸੀ?, ਉਸ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਉਸ ਉੱਪਰ ਕਿਹੋ ਜਿਹੇ ਸਮਾਜਿਕ ਅਤੇ ਵਿਚਾਰਧਾਰਕ ਦਬਾਓ ਸਨ? ਸੰਤ ਸਿੰਘ ਸੇਖੋਂ ਵਰਗੇ ਵੱਡੇ ਪ੍ਰਗਤੀਵਾਦੀ ਆਲੋਚਕ ਸੰਤੋਖ ਸਿੰਘ ਧੀਰ ਬਾਰੇ ਕਿਵੇਂ ਸੋਚਦੇ ਸਨ? ਅਤੇ ਉਸ ਦਾ ਸਮਕਾਲੀ ਕਵਿਤਾ ਵਿਚ ਕੀ ਸਥਾਨ ਨਿਸਚਿਤ ਕਰਦੇ ਸਨ ਅਤੇ ਕਿਵੇਂ ਕਦੇ-ਕਦੇ ਉਸ ਨੂੰ ਨਜ਼ਰਅੰਦਾਜ਼ ਵੀ ਕਰਦੇ ਸਨ? ਇਹ ਸਭ ਕੁਝ ਇਸ ਕਿਤਾਬ ਵਿਚ ਅੰਕਿਤ ਹੈ।
''ਸਾਰੀ ਉਮਰ ਪਾਰਟੀ ਲਾਈਨ 'ਤੇ ਚੱਲਣ ਕਾਰਨ ਉਸ ਦੀ ਸੋਚ ਇਕ ਥਾਂ ਟਿਕ ਗਈ ਹੈ। ਉਸ ਦੀ ਜ਼ਿੰਦਗੀ ਦੇ ਪਿਛਲੇਰੇ ਤੀਹ ਵਰ੍ਹੇ ਇਸ ਤਰ੍ਹਾਂ ਹੀ ਲੰਘੇ ਹਨ।''
ਇਸ ਤਰ੍ਹਾਂ ਦੀਆਂ ਸਪਾਟ ਟਿੱਪਣੀਆਂ ਵਾਲੀ ਇਹ ਕਿਤਾਬ ਸੰਤੋਖ ਸਿੰਘ ਧੀਰ ਦੇ ਸਾਹਿਤ ਕਾਰਜਾਂ, ਵਿਚਾਰਧਾਰਾ ਅਤੇ ਜੀਵਨ ਸ਼ੈਲੀ ਦਾ ਦਿਲਚਸਪ ਅਤੇ ਮਹੱਤਵਪੂਰਨ ਦਸਤਾਵੇਜ਼ ਹੈ।


-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812


ਨੈਣਾਂ ਦੇ ਆਰ-ਪਾਰ
ਲੇਖਕ : ਕਰਨੈਲ ਸਿੰਘ ਵਜ਼ੀਰਾਬਾਦ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 320 ਰੁਪਏ, ਸਫ਼ੇ : 206
ਸੰਪਰਕ : 94649-61436


ਸਾਹਿਤਕਾਰ ਕਰਨੈਲ ਸਿੰਘ ਵਜ਼ੀਰਾਬਾਦ ਦੀ ਇਹ ਪੁਸਤਕ ਨਾਵਲ ਹੈ। ਬਿਨਾਂ ਭੂਮਿਕਾ ਦੇ ਨਾਵਲ ਵਿਚ ਕੁੱਲ 37 ਕਾਂਡ ਹਨ। ਨਾਵਲ ਦਾ ਪਲਾਟ ਗੁੰਦਵਾਂ ਹੈ। ਧੋਬੀ ਪਰਿਵਾਰ (ਬੁੱਧ ਰਾਮ ਤੇ ਕਰਮੋ) ਦੀ ਇਕੋ ਇਕ ਲੜਕੀ ਬੇਅੰਤ ਕੌਰ ਨੇਤਰਹੀਣ ਹੈ। ਬਰੇਲ ਸਕੂਲ ਅੰਮ੍ਰਿਤਸਰ ਵਿਚ ਪੜ੍ਹਦੀ ਹੈ। ਬੁਧੀ ਜ਼ਹੀਂਨ ਹੈ। ਮਿਹਨਤੀ ਹੈ। ਗੱਲਬਾਤ ਵਿਚ ਪ੍ਰਬੀਨ ਹੈ। ਹੋਸਟਲ ਵਿਚ ਰਹਿੰਦੀ ਹੈ। ਸਕੂਲ ਵਿਚ ਸੰਗੀਤ ਦੀ ਪੜ੍ਹਾਈ ਪੂਰੀ ਕਰਕੇ ਯੂਨੀਵਰਸਿਟੀ ਜਾਂਦੀ ਹੈ। ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਯੂਨੀਵਰਸਿਟੀ ਵਿਚ ਉਸ ਦੀ ਮੁਹਬੱਤ ਆਪਣੇ ਹੀ ਇਕ ਅਧਿਆਪਕ ਨਾਲ ਹੋ ਜਾਂਦੀ ਹੈ । ਨਾਵਲਕਾਰ ਨੇ ਬੇਅੰਤ ਬਾਰੇ ਬਚਪਨ ਤੋਂ ਵਿਆਹ ਤਕ ਬਹੁਤ ਕੁਝ ਲਿਖਿਆ ਹੈ।
ਇਸ ਪਰਿਵਾਰ ਦੇ ਨੇੜੇ ਹੀ ਇਕ ਹੋਰ ਪਰਿਵਾਰ ਹੈ। ਕੰਮ ਖੇਤੀ ਦਾ ਹੈ। ਦੋਵੇਂ ਪਰਿਵਾਰ ਮਿਹਨਤੀ ਹਨ। ਇਕ-ਦੂਸਰੇ ਦੇ ਸਹਿਯੋਗੀ ਹਨ। ਦੁਖਾਂਤ ਇਹ ਹੈ ਕਿ ਦੂਸਰੇ ਗੁਆਂਢੀ ਪਰਿਵਾਰ (ਪਾਖਰ ਸਿੰਘ ਨਛੱਤਰ ਕੌਰ) ਦਾ ਇਕ ਲੜਕਾ ਹੈ। ਉਹ ਜਨਮ ਤੋਂ ਦਿਮਾਗ਼ੀ ਤੌਰ 'ਤੇ ਠੀਕ ਨਹੀਂ ਹੈ। ਪਾਗਲਾਂ ਵਾਲੀਆਂ ਕੁਝ ਹਰਕਤਾਂ ਕਰਦਾ ਹੈ। ਮਾਪੇ ਪ੍ਰੇਸ਼ਾਨ ਹਨ। ਤਜਰਬੇਕਾਰ ਡਾਕਟਰ, ਮੁੰਡੇ (ਹਰਭਾਗ) ਦਾ ਇਲਾਜ ਕਰਦੇ ਹਨ। ਮੁੰਡਾ ਠੀਕ ਹੋ ਜਾਂਦਾ ਹੈ। ਪਰ ਡਾਕਟਰਾਂ ਦੀ ਹਿਦਾਇਤ ਹੈ ਕਿ ਇਸ ਨੂੰ ਸਕੂਲ ਨਾ ਭੇਜਿਆ ਜਾਵੇ। ਘਰ ਵਿਚ ਕਿਸੇ ਅਧਿਆਪਕਾ ਦਾ ਪ੍ਰਬੰਧ ਕਰ ਦਿੱਤਾ ਜਾਵੇ। ਉਸ ਨੂੰ ਘਰ ਵਿਚ ਹੀ ਪੜ੍ਹਾਇਆ ਜਾਂਦਾ ਹੈ। ਲੇਖਕ ਨਾਵਲ ਵਿਚ ਅਧਿਆਪਕਾਂ ਦੇ ਪਰਿਵਾਰਾਂ, ਮੁੰਡੇ ਦੇ ਹੋਰ ਰਿਸ਼ਤੇਦਾਰਾਂ ਦਾ ਖਿਲਾਰਾ ਪਾ ਕੇ ਪਾਤਰਾਂ ਦੀ ਭੀੜ ਇਕੱਠੀ ਕਰ ਲੈਂਦਾ ਹੈ। ਪਰ ਸਹਿਜੇ-ਸਹਿਜੇ ਸਾਰੀਆਂ ਘਟਨਾਵਾਂ ਨੂੰ ਸਮੇਟ ਲੈਂਦਾ ਹੈ। ਹਰੇਕ ਛੋਟੇ-ਛੋਟੇ ਪਲ ਨਾਵਲ ਵਿਚ ਸਸਪੈਂਸ ਪੈਦਾ ਕਰਦੇ ਹਨ। ਮੁੰਡੇ ਦੀ ਅਧਿਆਪਕਾ (ਪ੍ਰਵੀਜ਼ ਖਾਂ) ਕਾਲਜ ਲੈਕਚਰਾਰ ਬਣ ਜਾਂਦੀ ਹੈ। ਉਸ ਦੀਆਂ ਦੋ ਹੋਰ ਸਹੇਲੀਆ ਕਿਰਨ ਤੇ ਨਿਰਲੇਪ ਕੌਰ ਵੀ ਉਸ ਦੇ ਨਾਲ ਹਨ। ਨਿਰਲੇਪ ਕੌਰ ਰਿਸ਼ਤੇਦਾਰੀ ਵਿਚੋਂ ਹੈ। ਪਰ ਉਸ ਦਾ ਪਤੀ ਕਿਸੇ ਕੇਸ ਵਿਚ ਜੇਲ੍ਹ ਵਿਚ ਹੈ। ਜੇਲ੍ਹ ਵਿਚ ਹੀ ਉਸ ਦੀ ਮੌਤ ਹੁੰਦੀ ਹੈ।
ਅਖੀਰ ਵਿਚ ਬੇਅੰਤ ਕੌਰ ਨੂੰ ਅਪਰੇਸ਼ਨ ਪਿਛੋਂ ਅੱਖਾਂ ਮਿਲ ਜਾਂਦੀਆਂ ਹਨ। ਪਰ ਅੱਖਾਂ ਜਿਸ ਦੀਆਂ ਲਗਦੀਆਂ ਹਨ, ਉਹ ਮੁੰਡਾ ਹਾਦਸੇ ਵਿਚ ਮਰਦਾ ਹੈ ਤੇ ਬੇਅੰਤ ਦੇ ਪਿੰਡ ਦਾ ਹੈ ਜਿਸ ਬਾਰੇ ਨਾਵਲਕਾਰ ਸਪੱਸ਼ਟ ਨਹੀਂ ਕਰ ਸਕਿਆ। ਪਾਠਕ ਅੰਦਾਜ਼ਾ ਲਾਉਂਦਾ ਹੈ। ਪਰ ਮੁੰਡਾ ਨਾਵਲ ਦਾ ਹੀ ਇਕ ਪਾਤਰ ਹੈ। ਬੇਅੰਤ ਦਾ ਵਿਆਹ ਉਸ ਦੇ ਸੰਗੀਤ ਅਧਿਆਪਕ ਨਾਲ ਹੋ ਕੇ ਨਾਵਲ ਖ਼ਤਮ ਹੋ ਜਾਂਦਾ ਹੈ। ਨਾਵਲ ਮਿਹਨਤੀ ਪਰਿਵਾਰਾਂ ਦੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਦੀ ਦਿਲਚਸਪ ਦਾਸਤਾਨ ਹੈ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਜਪੁਜੀ ਸਾਹਿਬ ਜੀ ਤੇ ਸੋਹਿਲਾ ਸਾਹਿਬ ਜੀ
ਦੀ ਭਾਵ-ਅਰਥੀ ਕਾਵਿਕ ਵਿਆਖਿਆ
ਲੇਖਕ : ਗਿਆਨੀ ਕੇਵਲ ਸਿੰਘ 'ਨਿਰਦੋਸ਼'
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲਧਿਆਣਾ
ਮੁੱਲ : 200 ਰੁਪਏ, ਸਫ਼ੇ : 103
ਸੰਪਰਕ : 98157-39855


ਗਿਆਨੀ ਕੇਵਲ ਸਿੰਘ ਨਿਰਦੋਸ਼ ਨੇ ਹਥਲੀ ਕਿਤਾਬ ਵਿਚ ਜਪੁਜੀ ਸਾਹਿਬ ਤੇ ਸੋਹਿਲਾ ਸਾਹਿਬ ਦੇ ਭਾਵ ਅਰਥ ਕਾਵਿ ਵਿਆਖਿਆ ਰਾਹੀਂ ਪੇਸ਼ ਕੀਤੇ ਹਨ। ਗੁਰਬਾਣੀ ਨੂੰ ਸਮਝਣ ਸਮਝਾਉਣ ਲਈ ਇਹ ਇੱਕ ਚੰਗਾ ਉਪਰਾਲਾ ਹੈ। ਲੇਖਕ ਨੇ ਪਹਿਲਾਂ ਵੀ ਸਾਹਿਤਕ ਧਾਰਮਿਕ ਖੇਤਰ ਵਿਚ ਚੰਗਾ ਯੋਗਦਾਨ ਪਾਇਆ ਹੈ। ਤਿੰਨ ਦਰਜਨ ਪੁਸਤਕਾਂ ਛਪਵਾ ਕੇ ਪਾਠਕ ਜਗਤ ਨੂੰ ਗਿਆਨ ਵੰਡਣ ਦਾ ਕੰਮ ਕੀਤਾ ਹੈ। ਜਿਵੇਂ ਜਪੁਜੀ ਸਾਹਿਬ ਦੇ ਅਰੰਭਤਾ ਵਿਚ ਹੀ ੴ ਸਤਿਨਾਮੁ ਤੋਂ ਲੈ ਕੇ ''ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ ਤੀਕ ਬਹੁਤ ਵਧੀਆ ਕਾਵਿਕ ਰੂਪ 'ਚ ਵਿਆਖਿਆ ਕੀਤੀ ਹੈ। ਜਪੁਜੀ ਸਾਹਿਬ ਵਿਚ ਆਉਂਦਾ ਹੈ ਕਿ
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥
ਹੁਕਮੀ ਉਤਮ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥੨॥

ਦੀ ਕਾਵਿਕ ਵਿਆਖਿਆ ਏਵੇਂ ਕੀਤੀ ਹੈ।
ਵਾਹਿਗੁਰੂ ਦੇ ਹੁਕਮ 'ਚ ਹੁੰਦਾ, ਇਹ ਸਭ ਜਗਤ ਪਸਾਰਾ।
ਐਪਰ ਦੱਸਣਾ ਖਰਾ ਹੈ ਔਖਾ, ਉਸਦਾ ਖੇਲ੍ਹ ਨਿਆਰਾ।
ਆਪਣੇ ਹੁਕਮ ਦੇ ਵਿਚ ਹੀ ਸਿਰਜੀ, ਉਸਨੇ ਸਭ ਲੁਕਾਈ।
ਹੁਕਮ 'ਚ ਮਿਲਦੀ ਕਿਸੇ ਕਿਸੇ ਨੂੰ, ਇਸ ਦਰ ਤੋਂ ਵਡਿਆਈ।
ਹੁਕਮ 'ਚ ਉੱਚਾ ਨੀਵਾਂ ਬਣਦਾ, ਕਰਮ ਕਰਦਿਆਂ ਪ੍ਰਾਣੀ।
ਕਰਮਾਂ ਕਰਕੇ ਦੁੱਖ ਸੁੱਖ ਪਾਉਂਦਾ, ਕਹਿੰਦੀ ਹੈ ਗੁਰਬਾਣੀ।
ਹੁਕਮ 'ਚ ਮਿਹਰਾਂ ਹੋਣ ਜੀਵ ਤੇ, ਹੁਕਮ 'ਚ ਫਿਰਦਾ ਭਾਉਂਦਾ।
ਜਨਮ ਮਰਨ ਦੇ ਗੇੜ 'ਚ ਪੈਕੇ, ਜੂਨਾਂ ਅਨਿਕ ਹੰਢਾਉਂਦਾ।
ਸੂਤਰਧਾਰ ਨੇ ਹੁਕਮ 'ਚ ਸਾਰੀ, ਹੈ ਕਾਇਨਾਤ ਪਰੋਈ।
ਇਸ ਬ੍ਰਹਮੰਡੀ ਖੇਡ ਦੇ ਤਾਈਂ, ਵਿਰਲਾ ਸਮਝੇ ਕੋਈ।
ਜਿਸ ਤੇ ਉਹ ਮਿਹਰੰਮਤ ਕਰਦਾ, ਜਾਣੇ ਰੱਬੀ ਰਮਜ਼ਾਂ।
ਹੰਗਤਾ ਨੇੜ ਨਾ ਆਵੇ ਉਸਦੇ, ਜਿਸਨੂੰ ਆਈਆਂ ਸਮਝਾਂ।੨।

ਇਸੇ ਤਰ੍ਹਾਂ ਹਰੇਕ ਪਉੜੀ ਦੀ ਕਾਵਿਕ ਵਿਆਖਿਆ ਬਰਾਬਰ ਦੇ ਪੰਨੇ 'ਤੇ ਕੀਤੀ ਗਈ ਹੈ। ਇਸੇ ਤਰ੍ਹਾਂ ਸੋਹਿਲਾ ਰਾਗ ਗਾਉੜੀ ਦੀਪਕੀ ਮਹਲਾ (੧) ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ਤੋਂ ਲੈ ਕੇ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ॥ ਨਾਨਕ ਦਾਸੁ ਇਹੈ ਸੁਖ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ ਤੀਕ ਕਾਵਿਕ ਭਾਵ ਵਿਆਖਿਆ ਪਾਠਕ ਨੂੰ ਆਪਣੇ ਨਾਲ ਜੋੜਦੀ ਹੈ। ਲੇਖਕ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ, ਭੱਟਾਂ ਦੇ ਸਵੱਈਏ, ਕਬੀਰ ਜੀ ਦੇ ਸਲੋਕ ਤੇ ਵਾਰਾਂ ਤੇ ਵਧੀਕ ਬਾਣੀਆਂ ਦੀ ਵੀ ਇਸੇ ਤਰ੍ਹਾਂ ਕਾਵਿਕ ਵਿਆਖਿਆ ਕੀਤੀ ਹੈ। ਗੁਰਬਾਣੀ ਵਿਚਾਰਵਾਨਾਂ ਲਈ ਇਹ ਪੁਸਤਕ ਲਾਹੇਵੰਦੀ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਹਾਜ਼ਰ-ਗ਼ੈਰਹਾਜ਼ਰ
ਲੇਖਕ : ਲਖਵਿੰਦਰ ਸਿੰਘ ਜੌਹਲ
ਪ੍ਰਕਾਸ਼ਕ : ਰਾਈਵਰਜ਼ ਪ੍ਰੈੱਸ, ਨਵੀਂ ਦਿੱਲੀ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94171-94444


ਡਾ. ਲਖਵਿੰਦਰ ਸਿੰਘ ਜੌਹਲ ਨੇ ਆਪਣੇ ਜੀਵਨ ਦਾ ਲੰਮਾ ਅਰਸਾ ਮਾਸ-ਮੀਡੀਆ (ਪ੍ਰਿੰਟ ਅਤੇ ਇਲੈਕਟ੍ਰਾਨਿਕ) ਲਈ ਕੰਮ ਕੀਤਾ ਹੈ। 'ਨਵਾਂ ਜ਼ਮਾਨਾ' ਜਲੰਧਰ ਅਤੇ ਦੂਰਦਰਸ਼ਨ ਉਸ ਦੇ ਪ੍ਰਮੁੱਖ ਪਲੇਟਫਾਰਮ ਰਹੇ ਹਨ। ਇਹੀ ਕਾਰਨ ਹੈ ਕਿ ਉਸ ਦੀ ਲੇਖਣੀ ਸਪੱਸ਼ਟ ਅਤੇ ਸਾਦ੍ਰਿਸ਼ ਹੁੰਦੀ ਹੈ। ਇਸ ਨੂੰ ਸਮਝਣ ਅਤੇ ਵਾਚਣ ਵਿਚ ਕੋਈ ਕਠਿਨਾਈ ਨਹੀਂ ਆਉਂਦੀ। ਸੇਵਾਮੁਕਤੀ ਉਪਰੰਤ ਵੀ ਉਹ ਨਿਸ਼ਕਿਰਿਆ ਹੋ ਕੇ ਨਹੀਂ ਬੈਠਾ ਬਲਕਿ ਉਸ ਦੀ ਕਿਰਿਆਸ਼ੀਲਤਾ ਹੋਰ ਵਧ ਗਈ ਹੈ। ਉਹ ਪੰਜਾਬੀ ਸਮਾਜ ਅਤੇ ਸੱਭਿਆਚਾਰ ਦੀ ਚੜ੍ਹਦੀ ਕਲਾ ਦਾ ਮੁਤਲਾਸ਼ੀ ਹੈ।
ਇਸ ਪੁਸਤਕ ਵਿਚ ਉਸ ਦੇ 14 ਲੇਖਕਾਂ/ਪੱਤਰਕਾਰਾਂ ਬਾਰੇ ਲਿਖੇ ਸ਼ਬਦ-ਚਿੱਤਰ ਸੰਗ੍ਰਹਿਤ ਹਨ। ਬਹੁਤੇ ਸ਼ਬਦ-ਚਿੱਤਰ ਪੰਜਾਬੀ ਲੇਖਕਾਂ ਬਾਰੇ ਹਨ ਜਿਨ੍ਹਾਂ ਵਿਚ ਸ. ਜਸਵੰਤ ਸਿੰਘ ਕੰਵਲ, ਸ. ਸੰਤੋਖ ਸਿੰਘ ਧੀਰ, ਹਰਭਜਨ ਸਿੰਘ ਹੁੰਦਲ, ਸੋਹਣ ਸਿੰਘ ਮੀਸ਼ਾ, ਡਾ. ਜਗਤਾਰ, ਡਾ. ਰਣਧੀਰ ਸਿੰਘ ਚੰਦ, ਅਮਿਤੋਜ, ਪ੍ਰਮਿੰਦਰਜੀਤ, ਪ੍ਰੇਮ ਗੋਰਖੀ ਅਤੇ ਪਾਸ਼ (10 ਲੇਖ) ਬਾਰੇ ਹਨ। ਸ. ਜਗਜੀਤ ਸਿੰਘ ਅਨੰਦ, ਸ੍ਰੀ ਸੁਰਜਨ ਸਿੰਘ ਜ਼ੀਰਵੀ, ਡਾ. ਗੁਰਬਖ਼ਸ਼ ਸਿੰਘ ਫਰੈਂਕ ਅਤੇ ਜਗਦੀਸ਼ ਸਿੰਘ ਵਰਿਆਮ ਪੱਤਰਕਾਰ ਅਤੇ ਅਨੁਵਾਦਕ ਰਹੇ ਹਨ।
ਲਖਵਿੰਦਰ ਜੌਹਲ ਨੇ ਇਨ੍ਹਾਂ ਲੇਖਕਾਂ ਜਾਂ ਪੱਤਰਕਾਰਾਂ ਦੀ ਸ਼ਖ਼ਸੀਅਤ ਬਾਰੇ ਸੁਣ-ਸੁਣਾ ਕੇ ਨਹੀਂ ਲਿਖਿਆ ਬਲਕਿ ਆਪਣੇ ਨਿੱਜੀ ਅਨੁਭਵ ਦੇ ਆਧਾਰ ਉੱਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਪੁਨਰ-ਉਸਾਰ ਕੀਤਾ ਹੈ। ਹਰ ਵਿਅਕਤੀ ਦੇ ਜੀਵਨ ਵਿਚ ਕੋਈ ਕਮਜ਼ੋਰੀ ਜਾਂ ਦੋਸ਼ ਵੀ ਹੁੰਦਾ ਹੈ ਪਰ ਇਹ ਦੋਸ਼ ਜਾਂ ਕਮਜ਼ੋਰੀ ਹੀ ਉਸ ਦੀ ਤਾਕਤ ਬਣਦਾ ਹੈ। ਲੇਖਕ ਨੇ ਧੀਰ, ਅਨੰਦ, ਚੰਦ, ਜਗਤਾਰ ਅਤੇ ਅਮਿਤੋਜ ਦੇ ਜੀਵਨ ਵਿਚਲੀਆਂ ਕਮਜ਼ੋਰੀਆਂ ਵੱਲ ਸੰਕੇਤ ਕੀਤਾ ਹੈ। ਯੂਨਾਨੀ ਰੂਪਾਂਤਕਾਰ ਅਤੇ ਬਾਅਦ ਵਿਚ ਡਾ. ਫਰਾਇਡ ਕਿਸੇ ਕਮੀ-ਕਮਜ਼ੋਰੀ ਨੂੰ ਵਿਅਕਤੀ ਦੀਆਂ ਸਰਗਰਮੀਆਂ ਦੀ ਚੂਲ ਮੰਨਦਾ ਹੈ। ਜੌਹਲ ਵੀ ਇਸੇ ਪਰੰਪਰਾ ਦਾ ਨਿਰਵਾਹ ਕਰਦਾ ਹੈ।
c c c


A Game of Fire

(ਅੱਗ ਦੀ ਖੇਡ)
ਨਾਵਲਕਾਰ : ਸ. ਨਾਨਕ ਸਿੰਘ
ਅਨੁਵਾਦਕ : ਨਵਦੀਪ ਸੂਰੀ
ਪ੍ਰਕਾਸ਼ਕ : ਹਰਪਰ ਪਰਮੀਨਲ, ਗੁੁਰੂ ਗ੍ਰਾਮ
ਮੁੱਲ : 499 ਰੁਪਏ, ਸਫ਼ੇ : 326
ਸੰਪਰਕ :


ਸ. ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸ ਨੇ ਪੰਜਾਬੀ ਨਾਵਲ ਨੂੰ ਇਕ ਵਿਲੱਖਣ ਨੁਹਾਰ ਪ੍ਰਦਾਨ ਕੀਤੀ। ਉਸ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲਾਂ ਤੋਂ ਪ੍ਰੇਰਨਾ ਲੈ ਕੇ ਇਸ ਵਿਚ ਮਹੱਤਵਪੂਰਨ ਅਤੇ ਮੌਲਿਕ ਕਾਰਜ ਕੀਤਾ ਹੈ, ਵਰਨਾ ਨਾਵਲ ਲਿਖਣ ਤੋਂ ਪਹਿਲਾਂ ਉਹ ਇਕ 'ਕਵੀਸ਼ਰ' ਦੇ ਤੌਰ 'ਤੇ ਪ੍ਰਸਿੱਧ ਸੀ। ਉਸ ਨੇ ਅੱਧਾ ਸੈਂਕੜਾ ਤੋਂ ਵੀ ਵੱਧ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਅਤੇ ਕਿਹਾ ਜਾਂਦਾ ਹੈ ਕਿ ਉਸ ਦੇ ਯੁੱਗ (1897-1971) ਵਿਚ ਬਹੁਤੇ ਪਾਠਕਾਂ ਨੇ ਉਸ ਦੇ ਨਾਵਲ ਪੜ੍ਹਨ ਵਾਸਤੇ ਹੀ ਗੁਰਮੁਖੀ ਲਿੱਪੀ ਸਿੱਖੀ ਸੀ। ਉਹ ਇਕ ਮਾਨਵਵਾਦੀ ਲੇਖਕ ਸੀ ਅਤੇ ਉਸ ਨੇ ਆਪਣੇ ਸਮਕਾਲੀ ਸਮਾਜ ਦੀਆਂ ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਸਮੱਸਿਆਵਾਂ ਬਾਰੇ ਬੜਾ ਖੁੱਲ੍ਹ ਕੇ ਲਿਖਿਆ। ਉਸ ਦੇ ਪੋਤਰੇ ਨਵਦੀਪ ਸੂਰੀ ਨੇ 'ਅੱਗ ਦੀ ਖੇਡ' ਨਾਵਲ ਦਾ ਅੰਗਰੇਜ਼ੀ ਅਨੁਵਾਦ ਉਕਤ ਸਿਰਲੇਖ ਹੇਠ ਕੀਤਾ ਹੈ। ਨਵਦੀਪ ਸੂਰੀ ਭਾਰਤੀ ਵਿਦੇਸ਼ ਸੇਵਾਵਾਂ (ਆਈ.ਐਫ.ਐਸ.) ਵਿਚ ਇਕ ਪ੍ਰਮੁੱਖ ਡਿਪਲੋਮੈਟ ਰਿਹਾ ਹੈ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪੰਜ-ਛੇ ਮਹੀਨੇ ਬਹੁਤ ਗੜਬੜ ਅਤੇ ਅਰਾਜਕਤਾ ਵਾਲੇ ਰਹੇ। ਮਿਸਟਰ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਅਧੀਨ ਕਾਰਜਸ਼ੀਲ ਮੁਸਲਿਮ ਲੀਗ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਮੁਸਲਮਾਨਾਂ ਦਾ ਇਕ ਵੱਖਰਾ ਦੇਸ਼ ਚਾਹੁੰਦੇ ਹਾਂ, ਜਿਥੇ ਇਸਲਾਮਿਕ ਤਰਜ਼ ਦਾ ਰਾਜ ਹੋਵੇ। ਆਪਣੀ ਇਸ ਮੰਗ ਨੂੰ ਅਮਲੀ ਰੂਪ ਦੇਣ ਲਈ ਲੀਗ ਨੇ ਮੁਸਲਿਮ ਬਹੁਗਿਣਤੀ ਵਾਲੇ ਖੇਤਰਾਂ ਵਿਚੋਂ ਹਿੰਦੂ-ਸਿੱਖਾਂ ਦੇ ਘਰਾਂ ਦੀ ਸਾੜ-ਫੂਕ ਅਤੇ ਕਤਲੇਆਮ ਸ਼ੁਰੂ ਕਰ ਦਿੱਤਾ। ਇਸ ਘੱਲੂਘਾਰੇ ਵਿਚ ਲੱਖਾਂ ਹਿੰਦੂ-ਸਿੱਖ ਮਾਰੇ ਗਏ। ਕੁਝ ਜਾਨ ਬਚਾ ਕੇ ਹਿੰਦੂ-ਸਿੱਖ ਬਹੁਗਿਣਤੀ ਵਾਲੇ ਖੇਤਰਾਂ ਅੰਮ੍ਰਿਤਸਰ, ਪਟਿਆਲੇ, ਫ਼ਰੀਦਕੋਟ ਅਤੇ ਦਿੱਲੀ ਆਦਿ ਵਿਚ ਪਹੁੰਚ ਗਏ। ਫਿਰ ਏਧਰ ਵੀ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਹੋ ਗਿਆ। ਸ. ਨਾਨਕ ਸਿੰਘ ਨੇ ਇਸ ਵਰਤਾਰੇ ਨੂੰ 'ਅੱਗ ਦੀ ਖੇਡ' (1 7ame of 6}re) ਦਾ ਨਾਂਅ ਦਿੱਤਾ ਹੈ। ਇਹ ਨਾਵਲ ਪੁਤਲੀਘਰ ਅੰਮ੍ਰਿਤਸਰ ਅਤੇ ਖ਼ਾਲਸਾ ਕਾਲਜ ਦੇ ਦਰਮਿਆਨ ਵਸੀ ਆਬਾਦੀ ਦੇ ਇਕ ਘਰ ਵਿਚ ਘਟਿਤ ਹੁੰਦਾ ਹੈ। ਮਾਰਚ ਮਹੀਨੇ ਵਿਚ ਹੋਲੀ ਦੇ ਦਿਨ ਸਨ। ਪੰਜ-ਛੇ ਨੌਜਵਾਨਾਂ ਨੇ ਏਕਤਾ ਕੌਂਸਲ ਬਣਾ ਕੇ ਹਾਲਾਤ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੋਇਆ ਸੀ, ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ। 'ਖੂਨ ਦੀ ਹੋਲੀ' ਖੇਡੀ ਜਾਣ ਲੱਗੀ। ਸਤਨਾਮ ਦੇ ਕਿਰਦਾਰ ਦੁਆਲੇ ਘੁੰਮਦਾ ਇਹ ਨਾਵਲ ਦੇਸ਼ ਵੰਡ ਦੇ ਸੰਤਾਪ ਦਾ ਦਸਤਾਵੇਜ਼ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਨਾਬਰ
ਲੇਖਕ : ਜਰਨੈਲ ਸਿੰਘ ਸੇਖਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 147
ਸੰਪਰਕ : 95011-45039


'ਨਾਬਰ' ਨਾਵਲ ਜਰਨੈਲ ਸਿੰਘ ਸੇਖਾ ਦਾ ਪੰਜਵਾਂ ਨਾਵਲ ਹੈ। ਇਸ ਤੋਂ ਪਹਿਲਾਂ ਉਸ ਨੇ ਦੋ ਕਹਾਣੀ-ਸੰਗ੍ਰਹਿ, ਇਕ ਸਫ਼ਰਨਾਮਾ ਅਤੇ ਸਵੈ-ਜੀਵਨੀਆਂ ਤੇ ਵੀ ਹੱਥ ਅਜ਼ਮਾਈ ਕੀਤੀ ਹੈ। ਹਥਲਾ ਨਾਵਲ 'ਨਾਬਰ' ਚੌਵੀ ਕਾਂਡਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਇਕ ਔਰਤ ਦੀ ਜ਼ਿੰਦਗੀ ਦੀ ਤ੍ਰਾਸਦੀ ਨੂੰ ਬਿਆਨ ਕੀਤਾ ਗਿਆ ਹੈ। ਨਾਵਲ ਵਿਚ ਸ਼ਾਮ ਕੌਰ ਅਤੇ ਉਸ ਦੀ ਧੀ ਰਾਜਬੀਰ ਨੂੰ ਸ਼ਾਮ ਕੌਰ ਦਾ ਪਤੀ ਛੱਡ ਕੇ ਚਲਾ ਜਾਂਦਾ ਹੈ ਤੇ ਰਾਜਬੀਰ ਦੀ ਮਾਂ ਸ਼ਾਮ ਕੌਰ ਰਾਜਬੀਰ ਨੂੰ ਗੁਰਚੇਤ ਨਾਲ ਵਿਆਹ ਕਰਵਾਉਣ ਲਈ ਕਹਿੰਦੀ ਹੈ, ਪਰ ਰਾਜਬੀਰ ਗੁਆਂਢ ਵਿਚ ਰਹਿੰਦੇ ਸਤਿਆ ਦੇ ਮੁੰਡੇ ਚੰਦਨ ਨੂੰ ਪਿਆਰ ਕਰਦੀ ਹੈ, ਪਰ ਚੰਦਨ ਦੀ ਮਾਂ ਉਸ ਦਾ ਵਿਆਹ ਆਪਣੀ ਰਿਸ਼ਤੇਦਾਰ ਕੁੜੀ ਸੁਨੈਨਾ ਨਾਲ ਕਰਾਉਣਾ ਚਾਹੁੰਦੀ ਹੈ ਤੇ ਵਿਆਹ ਨਾ ਕਰਾਉਣ ਦੀ ਸੂਰਤ ਵਿਚ ਚੰਦਨ ਨੂੰ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੰਦੀ ਹੈ ਤੇ ਚੰਦਨ ਮਾਂ ਦੀ ਇਸ ਧਮਕੀ ਤੋਂ ਡਰਦਾ ਹੋਇਆ ਸੁਨੈਨਾ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਮਜਬੂਰ ਹੋਇਆ ਰਾਜਬੀਰ ਦਾ ਪਿਆਰ ਠੁਕਰਾ ਦਿੰਦਾ ਹੈ। ਜਿਸ ਕਰਕੇ ਰਾਜਬੀਰ ਬਹੁਤ ਦੁਖੀ ਹੁੰਦੀ ਹੈ ਅਤੇ ਦੂਜੇ ਪਾਸੇ ਰਾਜਬੀਰ ਦੀ ਮਾਂ 'ਤੇ ਫੈਕਟਰੀ ਵਿਚ ਕੰਮ ਕਰਨ ਸਮੇਂ ਫਲੈਟ ਡਿੱਗ ਪੈਂਦੇ ਹਨ, ਜਿਸ ਨਾਲ ਉਸ ਦੇ ਲੱਕ 'ਤੇ ਸੱਟ ਲੱਗ ਜਾਂਦੀ ਹੈ ਤੇ ਰਾਜਬੀਰ ਦੀ ਮਾਂ ਰਾਜਬੀਰ ਦੇ ਵਿਆਹ ਅਤੇ ਆਪਣੀ ਬਿਮਾਰੀ ਦੀ ਚਿੰਤਾ ਕਰਦੀ ਹੈ ਤਾਂ ਰਾਜਬੀਰ ਨੇ ਸੋਚਿਆ ਜੇਕਰ ਚੰਦਨ ਨੇ ਉਸ ਨੂੰ ਧੋਖਾ ਹੀ ਦੇ ਦਿੱਤਾ ਹੈ ਤਾਂ ਉਸ ਨੂੰ ਵੀ ਆਪਣੀ ਮਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਹ ਗੁਰਚੇਤ ਨਾਲ ਵਿਆਹ ਕਰਾਉਣ ਲਈ ਮੰਨ ਜਾਂਦੀ ਹੈ। ਇਸ ਤਰ੍ਹਾਂ ਸਮੁੱਚਾ ਨਾਵਲ ਮਾਵਾਂ-ਧੀਆਂ ਦੀ ਜ਼ਿੰਦਗੀ ਦੀ ਕਸ਼ਮਕਸ਼ ਦੇ ਗਲਪੀ ਪੈਰਾਡਾਈਮ ਦਾ ਬਿਰਤਾਂਤ ਸਿਰਜਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕਿੰਨੇ ਦੁੱਖ-ਤਕਲੀਫ ਆਉਂਦੇ ਹਨ। ਇਹ ਸਭ ਕੁਝ ਵਿਦੇਸ਼ ਦੀ ਧਰਤੀ 'ਤੇ ਹੁੰਦਾ ਹੈ। ਨਾਵਲਕਾਰ ਨੇ ਨਾਵਲ ਵਿਚ ਅਜਿਹੀਆਂ ਸਮਾਜਿਕ ਸਮੱਸਿਆ ਨੂੰ ਹੀ ਉਭਾਰਿਆ ਹੈ। ਨਾਵਲ ਪੜ੍ਹਣਯੋਗ ਹੈ। ਲੇਖਕ ਵਧਾਈ ਦਾ ਪਾਤਰ ਹੈ।


-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161


ਮੰਮਾ ਸਮਝਦੇ ਕਿਉਂ ਨਹੀਂ
(ਮਾਂ 'ਤੇ ਕੇਂਦਰਿਤ 31 ਕਹਾਣੀਆਂ)
ਸੰਪਾਦਕ : ਅਨੇਮਨ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 320
ਸੰਪਰਕ : 98720-92101


ਸੂਝਵਾਨ ਸੰਪਾਦਕ ਨੇ ਇਸ ਸੰਗ੍ਰਹਿ ਵਿਚ ਮਾਂ ਦੇ ਵਿਸ਼ੇ 'ਤੇ ਫੋਕਸੀਕ੍ਰਿਤ ਹੋ ਰਹੀਆਂ 31 ਕਹਾਣੀਆਂ ਸੰਕਲਿਤ ਕੀਤੀਆਂ ਹਨ। ਇਨ੍ਹਾਂ ਕਹਾਣੀਆਂ ਦਾ ਆਦਿ ਤੋਂ ਅੰਤ ਤੱਕ ਅਧਿਐਨ ਕਰਦਿਆਂ ਮਾਂ ਦੇ ਅਨੇਕਾਂ ਪਾਸਾਰਾਂ ਦੀਆਂ ਡੂੰਘੀਆਂ ਪਰਤਾਂ ਵਿਚ ਗੰਭੀਰ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਹੁੰਦੀ ਹੈ ਅਤੇ ਇਨ੍ਹਾਂ ਦੇ 'ਕੇਂਦਰੀ ਸੂਤਰ' ਵੀ ਪਛਾਣੇ ਜਾ ਸਕਦੇ ਨੇ। ਜਿਵੇਂ : ਮਾਂ ਤਾਂ ਮਾਂ ਹੁੰਦੀ ਐ, ਉਹ ਆਪਣੇ ਅਤੇ ਉਸ ਵਰਗੇ ਦੂਜੇ ਬੱਚਿਆਂ ਲਈ ਵੀ ਕੁਰਬਾਨੀ ਕਰ ਸਕਦੀ ਹੈ। ਪਰ ਉਸ ਦੀ ਠੀਕ ਸੰਭਾਲ ਨਾ ਹੋਣ ਕਾਰਨ ਬੁਢਾਪੇ ਵਿਚ ਬਿਰਧ ਆਸ਼ਰਮ 'ਚ ਬੈਠੀ ਵੀ ਆਪਣੇ ਬੇਟੇ ਲਈ ਚਿੰਤਤ ਰਹਿੰਦੀ ਹੈ। ਮਾਂ ਦਾ ਹਿਰਦਾ ਅਜਿਹਾ ਹੁੰਦਾ ਹੈ ਕਿ ਆਪਣੇ ਮਰ ਚੁੱਕੇ ਪੁੱਤਰ ਨੂੰ ਵੀ ਵਾਪਸ ਆਉਣ ਦੀ ਉਡੀਕ ਵਿਚ ਰਹਿੰਦੀ ਹੈ। ਮਾਂ ਸਮਝਦੀ ਹੈ ਕਿ ਪੁੱਤਰ ਲਈ ਬਾਪ ਦੀ ਲੋੜ ਹੈ। ਉਹ ਵਿਚਾਰੀ ਤਾਂ ਸੁਪਨਿਆਂ ਵਿਚ ਹੀ ਗੁਆਚੀ ਰਹਿੰਦੀ ਹੈ। ਕਈ ਮਾਵਾਂ ਪਰਿਵਾਰ ਲਈ ਚੰਗੇ ਦਿਨਾਂ ਦੀ ਆਸ ਵਿਚ ਸਖ਼ਤ ਪਰ ਘਟੀਆ ਸਮਝੀ ਜਾਂਦੀ ਕਿਰਤ (ਗੋਹਾ-ਕੂੜਾ ਢੋਣ ਵਰਗੇ) ਵੀ ਕਰ ਸਕਦੀਆਂ ਹਨ। ਧੀ ਜਾਂ ਪੁੱਤ ਦੇ ਜਨਮ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਦਰਅਸਲ ਔਰਤ ਦੀ ਕੁੱਖ ਵਿਚ ਐਕਸ ਗੁਣ-ਸੂਤਰ ਹੁੰਦਾ ਹੈ, ਜਦੋਂ ਕਿ ਮਰਦ ਵਿਚ ਐਕਸ ਅਤੇ ਵਾਈ ਦੋਵੇਂ ਸੂਤਰ ਹੁੰਦੇ ਹਨ। ਜੇ ਔਰਤ ਦੇ ਐਕਸ ਸੂਤਰ ਨਾਲ ਮਰਦ ਦਾ ਵਾਈ ਸੂਤਰ ਮਿਲ ਜਾਵੇ ਤਾਂ ਮੁੰਡਾ ਹੀ ਹੁੰਦਾ ਹੈ, ਕੁਦਰਤੀ ਪ੍ਰਕਿਰਿਆ ਰਾਹੀਂ ਅਜਿਹਾ ਹੁੰਦਾ ਹੈ, ਕਿਸੇ ਦੇ ਵੱਸ ਕੁਝ ਨਹੀਂ ਹੁੰਦਾ। ਮਾਵਾਂ ਦਾ ਵਿਆਹੀ ਹੋਈ ਧੀ ਪ੍ਰਤੀ ਵਿਸ਼ੇਸ਼ ਲਗਾਵ ਹੁੰਦਾ ਹੈ। ਮਾਂ ਦੀ ਹੋਂਦ ਅਤੇ ਨਿਰਹੋਂਦ ਦੋਵੇਂ ਪਰਿਸਥਿਤੀਆਂ ਪ੍ਰਭਾਵਿਤ ਕਰਿਆ ਕਰਦੀਆਂ ਹਨ। ਕਈ ਪਤੀਆਂ ਦੇ ਕਠੋਰ ਵਤੀਰੇ ਕਾਰਨ ਮਾਂ ਦੀ ਅੰਤਿਮ ਸਮੇਂ ਸੰਭਾਲ ਨਹੀਂ ਹੁੰਦੀ, ਨਾ ਹੀ ਸਾਰੀ ਉਮਰ ਉਸ ਨੂੰ ਕਿਸੇ ਰੀਝ ਨੂੰ ਪੂਰਾ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਕਈ ਵਾਰ ਮਾਵਾਂ ਸੋਚਦੀਆਂ ਹਨ, ਧੀ ਨੂੰ ਵੱਡੇ ਘਰ ਵਿਆਹ ਦੇਵਾਂ, ਉਹ ਰਾਜ ਕਰੇਗੀ, ਪਰ ਵੱਡੇ ਘਰ ਵਿਚ ਜਾ ਕੇ ਉਸ ਨੂੰ ਸੁਖ ਨਹੀਂ ਮਿਲਦਾ। ਇਹ ਵੀ ਸੱਚ ਹੈ ਕਿ ਕਿਰਤੀ ਦੀ ਮਾਂ ਵੀ ਠੰਢੀ ਛਾਂ ਪ੍ਰਦਾਨ ਕਰ ਸਕਦੀ ਹੈ। ਅਨੇਕਾਂ ਵਾਰ ਪਤੀ ਦਾ ਵਿਵਹਾਰ ਨਿਰਦਈ ਹੋ ਨਿਬੜਦਾ ਹੈ, ਵਿਧਵਾ ਔਰਤ ਨੂੰ ਵੀ ਧੀ-ਪੁੱਤ ਅਣਗੌਲਿਆਂ ਕਰ ਦਿੰਦੇ ਨੇ। ਆਰਥਿਕ ਤੰਗੀ ਕਾਰਨ ਮਾਂ ਨੂੰ ਲਾਵਾਰਿਸ ਸਮਝਣਾ ਠੀਕ ਨਹੀਂ। ਮਾਂ ਦੇ ਮਰਨ ਉਪਰੰਤ-ਭੂਆ, ਮਾਸੀ, ਭੈਣ ਆਦਿ ਕਦੇ ਮਿਲਣ ਨਹੀਂ ਆਉਂਦੀਆਂ, ਉਸ ਦੇ ਕਮਰੇ ਦਾ ਦਰਵਾਜ਼ਾ ਹਮੇਸ਼ਾ ਬੰਦ ਹੀ ਰਹਿੰਦਾ ਹੈ। ਜਾਨਵਰ ਵੀ ਮਾਂ ਦੀ ਮਮਤਾ ਲਈ ਤੜਪਦੇ ਵੇਖੇ ਜਾ ਸਕਦੇ ਨੇ। ਪਿਤਾ ਦੀ ਮੌਤ ਤੋਂ ਬਾਅਦ ਮਾਂ ਦਾ ਇਕਲੌਤੇ ਅੰਕਲ ਦੇ ਨੇੜੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਵਿਦੇਸ਼ ਵਿਚ ਮਰਨ ਕਿਨਾਰੇ ਪਈ ਮਾਂ ਦੀ ਅਵਸਥਾ ਤਰਸਯੋਗ ਹੋ ਸਕਦੀ ਹੈ। ਮਾਂ ਦਾ ਸਮੇਂ ਸਿਰ ਮਿਲਿਆ ਸਹਿਯੋਗ ਪੁੱਤਰ ਨੂੰ ਵੱਡਾ ਅਫ਼ਸਰ ਬਣਾਉਣ ਵਿਚ ਸਹਾਈ ਹੋ ਸਕਦਾ ਹੈ। ਪਾਲਕ ਮਾਂ ਵੀ ਸਕੀ ਮਾਂ ਦਾ ਰੋਲ ਨਿਭਾਅ ਸਕਦੀ ਹੈ। ਮਾਂ ਦੀ ਇਕੱਲਤਾ ਦਾ ਦੁਖਾਂਤ ਉਸ ਦਾ ਵਿਧਵਾ ਜੀਵਨ ਹੁੰਦਾ ਹੈ, ਮਾਂ-ਬਾਪ, ਵਡੇਰਿਆਂ ਦੀਆਂ ਯਾਦਾਂ ਹਮੇਸ਼ਾ ਸੁਰੱਖਿਅਤ ਰਹਿੰਦੀਆਂ ਹਨ। ਮਾਂ ਦਾ ਸ਼ਬਦ ਸੁਣਦਿਆਂ ਹੀ ਔਰਤ ਦੀਆਂ ਛਾਤੀਆਂ 'ਚੋਂ ਦੁੱਧ ਛਲਕ ਪੈਂਦਾ ਹੈ। ਮਾਂ ਬਣਨ ਲਈ ਕਿਰਾਏ ਦੀ ਕੁੱਖ ਵੀ ਉਪਲਬਧ ਹੋ ਸਕਦੀ ਹੈ। ਹਿਜੜੀਆਂ ਵਿਚ ਵੀ ਮਾਂ ਦੀ ਮਮਤਾ ਹੁੰਦੀ ਹੈ। ਕਿਸੇ ਵੀ ਮਾਂ ਨੂੰ ਆਪਣੇ ਬੱਚੇ ਦੀ ਮਾਨਸਿਕਤਾ ਨੂੰ ਸਮਝਣਾ ਚਾਹੀਦਾ ਹੈ। ਮਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚੇ ਕਿਵੇਂ ਟੀ.ਵੀ. ਸੀਰੀਅਲ ਦੇ ਪਾਤਰਾਂ ਦੀ ਰੀਸ ਕਰਦੇ ਹਨ। ਪੁਰਾਣੀਆਂ ਮਾਵਾਂ, ਨੂੰਹਾਂ ਦੇ ਨਵੇਂ ਕੰਮ ਧੰਦਿਆਂ ਵਿਚ ਪੈਣ ਤੋਂ ਦੁਖੀ ਹੁੰਦੀਆਂ ਹਨ। ਇਸ ਕਹਾਣੀ ਸੰਗ੍ਰਹਿ ਦੀਆਂ ਰਚਨਾਵਾਂ ਵਿਚੋਂ ਮਾਂ ਸੰਬੰਧੀ ਅਜਿਹੇ ਅਨੇਕਾਂ ਪਾਸਾਰ ਦ੍ਰਿਸ਼ਟੀਗੋਚਰ ਹੁੰਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹ ਇਕੱਤੀ ਕਹਾਣੀਆਂ ਦਾ ਸੰਗ੍ਰਹਿ ਮਾਂ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਵਾਲਾ ਦਸਤਾਵੇਜ਼ ਹੋ ਨਿਬੜਿਆ ਹੈ। ਸੰਪਾਦਕ ਅਜਿਹੀ ਚੋਣ ਲਈ ਪ੍ਰਸੰਸਾ ਦਾ ਅਧਿਕਾਰੀ ਹੈ।


-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਹਰਫ਼ ਹੁਲਾਰੇ
ਲੇਖਕ : ਚਰਨਜੀਤ ਜੋਗੀ
ਪ੍ਰਕਾਸ਼ਕ : ਜ਼ੀਨਤ ਪਬਲੀਕੇਸ਼ਨ, ਜਲੰਧਰ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 70876-79100


'ਹਰਫ਼ ਹੁਲਾਰੇ' (ਵਾਰਤਕ ਪੁਸਤਕ) ਲੋਕ-ਕਥਨਾਂ ਦਾ ਸੰਗ੍ਰਹਿ ਹੈ, ਜਿਸ ਨੂੰ ਚਰਨਜੀਤ ਜੋਗੀ ਹੁਰਾਂ ਹਰਫ਼ਾਂ ਨੂੰ ਸ਼ਬਦਾਂ ਅਤੇ ਸ਼ਬਦਾਂ ਨੂੰ ਵਾਕਾਂ 'ਚ ਬਦਲਦਿਆਂ ਕਾਵਿਕ ਲਹਿਜ਼ੇ 'ਚ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਕਚਹਿਰੀ 'ਚ ਪੱਖ ਪੇਸ਼ ਕੀਤਾ ਹੈ। ਇਸ ਦੇ ਸਮਰਪਣ ਬੋਲ 'ਉਨ੍ਹਾਂ ਧੱਕਿਆਂ ਨੂੰ/ਜੋ ਡੋਬਲ ਨਹੀਂ ਪਏ/ ਪਰ ਤੈਰਨਾ ਸਿਖਾ ਗਏ।' ਜ਼ਿੰਦਗੀ ਦੀ ਰਹੱਸਾਤਮਿਕਤਾ ਦਾ ਵਿਵਹਾਰਕ ਪੇਸ਼ ਕੀਤੇ ਹਨ। ਇਸ ਪੁਸਤਕ ਵਿਚ ਲਗਭਗ 453 ਲੋਕ-ਕਥਨਾਂ ਨੂੰ ਕਾਵਿਕ ਦਾ ਮਨੁੱਖੀ ਜ਼ਿੰਦਗੀ ਵਿਚ ਅਹਿਮ ਦਖ਼ਲ ਹੈ ਜਿਸ ਨਾਲ ਮਨੁੱਖੀ ਜ਼ਿੰਦਗੀ ਰਾਹੀਂ ਮਨੁੱਖਾਂ ਦੇ ਸਮੂਹ ਪਰਿਵਾਰਕ, ਭਾਈਚਾਰਿਆਂ ਅਤੇ ਕੌਮਾਂ ਦੇ ਵਰਤ-ਵਰਤਾਵਿਆਂ ਨੂੰ ਸਮਝਦਿਆਂ, ਆਤਮ-ਸਾਤ ਕਰਦਿਆਂ ਸੁਚੱਜੀ, ਸਾਂਵੀਂ ਸ਼ਖ਼ਸੀਅਤ ਨੂੰ ਉਸਾਰਿਆ ਜਾ ਸਕਦਾ ਹੈ। ਮਨੁੱਖ ਦੇ ਵਿਵਹਾਰਕ ਜੀਵਨ ਸਮਾਜਿਕ, ਆਰਥਿਕ, ਰਾਜਨੀਤਕ, ਸੱਭਿਆਚਾਰਕ, ਧਾਰਮਿਕ ਵਰਤ-ਵਰਤਾਰਿਆਂ ਦਾ ਅਹਿਮ ਦਖ਼ਲ ਅਤੇ ਯੋਗਦਾਨ ਰਿਹਾ ਹੈ। ਮਨੁੱਖੀ ਸ਼ਖ਼ਸੀਅਤ ਵਿਚ ਉਸ ਦਾ ਸੁਭਾਅ, ਵਿਵਹਾਰ, ਮਿਲਵਰਤਨ ਅਤੇ ਵਿਰੋਧ ਦੀਆਂ ਪ੍ਰਕਿਰਿਆਵਾਂ ਰਾਹੀਂ ਉਸ ਦੀ ਯੋਗਤਾ, ਬੁੱਧੀਮਤਾ, ਸਬਰ-ਸੰਤੋਖ ਅਤੇ ਸਹਿਣ-ਸ਼ੀਲਤਾ ਦੇ ਪੱਖ ਉਸਾਰਨ 'ਚ 'ਧੁਨੀ' ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਧੁਨੀਆਂ ਦਾ ਸੁਮੇਲ ਸ਼ਬਦ, ਵਾਕ, ਪੈਰ੍ਹੇ, ਅਤੇ ਰਚਨਾਵਾਂ ਦੀ ਸਿਰਜਣਾ ਕਰਦਾ ਹੈ। ਇਹ ਬੋਲ ਰੂਪ ਹੈ। ਇਸ ਨੂੰ ਲਿੱਪੀ ਰਾਹੀਂ ਦੂਸਰਿਆਂ ਲਈ ਪੜ੍ਹਨਯੋਗ ਬਣਾਇਆ ਜਾ ਸਕਦਾ ਹੈ। ਇਸ ਲਈ 'ਹਰਫ਼' ਦਾ ਸੰਕੇਤ 'ਧੁਨੀ' ਦਾ ਦਿਸਦਾ ਆਕਾਰ ਹੈ। ਇਸ ਲਈ ਚਰਨਜੀਤ ਜੋਗੀ ਹੁਰਾਂ ਦਾ ਇਹ ਯਤਨ ਸਲਾਹੁਣਯੋਗ ਹੈ ਕਿ ਉਹ ਮਨੁੱਖੀ ਰਿਸ਼ਤਿਆਂ ਦੀ ਬਣਤਰ, ਬੁਣਤਰ, ਸਾਰਥਕਿਤਾ, ਨਿਰਾਰਥਕਤਾ ਦੇ ਅਨੇਕਾਂ ਪੱਖਾਂ ਨੂੰ ਇਨ੍ਹਾਂ ਲੋਕ-ਕਥਨਾਂ ਰਾਹੀਂ ਮਹਿਸੂਸਣ ਅਤੇ ਪ੍ਰਗਟਾਉਣ ਦਾ ਸਾਰਥਕ ਉਪਰਾਲਾ ਕਰ ਰਿਹਾ ਹੈ। ਮਨੁੱਖ ਲਈ ਮਾਂ-ਬੋਲੀ ਦੀ 'ਤੁਸੀਂ ਕਿਹੜੀ ਬੋਲੀ ਬੋਲ ਰਹੇ ਓ/ ਮਸਲਾ ਇਸ ਗੱਲ ਦਾ ਨਹੀਂ/ ਮਸਲਾ ਇਹ ਹੈ/ ਕਿ ਤੁਸੀਂ ਮਾਂ-ਬੋਲੀ ਕਿਉਂ ਨਹੀਂ ਬੋਲ ਰਹੇ?' ਸਾਰਥਕਤਾ ਦੇ ਪ੍ਰਸ਼ਨ ਨੂੰ ਪਾਠਕਾਂ ਸਾਹਮਣੇ ਰੱਖਿਆ ਹੈ। ਰਿਸ਼ਤਿਆਂ ਦੀ ਵਿਆਕਰਨ 'ਰਿਸ਼ਤਿਆਂ ਤੇ ਕੰਧਾਂ ਵਿਚ/ ਤਰੇੜਾਂ ਨਾ ਪੈਣ ਦਿਓ / ਨਹੀਂ ਤਾਂ ਰਿਸ਼ਤਿਆਂ ਵਿਚ ਗ਼ੈਰ ਵੜਨਗੇ/ ਤੇ ਕੰਧਾਂ ਵਿਚ ਪਿੱਪਲ ਉੱਗਣਗੇ,' ਨੂੰ ਇਸ ਕਥਨ ਰਾਹੀਂ ਸਮਝਿਆ ਜਾ ਸਕਦਾ ਹੈ। ਤੁਸੀਂ ਆਪਣੀ ਮਿੱਟੀ ਨਾਲ 'ਪੰਜਾਬ 'ਚ ਰਹਿਣਾ ਚੰਗੀ ਗੱਲ ਹੈ,/ ਪਰ ਪੰਜਾਬ ਤੋਂ ਬਾਹਰ ਰਹਿ ਕੇ/ ਪੰਜਾਬੀ ਰਹਿਣਾ/ ਇਸ ਤੋਂ ਵੀ ਵਧੀਆ ਗੱਲ ਹੈ।' ਜੁੜੇ ਰਹਿਣ ਦੀ ਸ਼ਾਅਦੀ ਇਸ ਕਥਨ ਰਾਹੀਂ ਦੇਖ ਸਕਦੇ ਹੋ। ਮੈਂ ਸਮਝਦਾ ਹਾਂ ਕਿ ਇਹ ਪੁਸਤਕ ਹਰ ਪੰਜਾਬੀ ਦੇ ਘਰ ਦਾ ਸ਼ਿੰਗਾਰ ਬਣ ਸਕਦੀ ਹੈ।


-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096


ਕਲਮ ਦਾ ਸਫ਼ਰ

ਲੇਖਕ : ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਪ੍ਰਕਾਸ਼ਕ : ਮੰਨਤ ਤਨਵ ਪਰਮੀਤ ਪ੍ਰਕਾਸ਼ਨ, ਨਵੀਂ ਦਿੱਲੀ
ਮੁੱਲ : 170 ਰੁਪਏ, ਸਫ਼ੇ : 96
ਸੰਪਰਕ : 092105-88990


ਬਲਵਿੰਦਰ ਸਿੰਘ ਸੋਢੀ (ਮੀਰਹੇੜੀ) ਮੁਤਾਬਿਕ ਅਜੋਕੀ ਪਦਾਰਥਵਾਦੀ ਦੌੜ ਵਿਚ ਵਸਤੂਆਂ ਇਕੱਤਰ ਕਰਦਾ ਮਨੁੱਖ ਖ਼ੁਦ ਵੀ ਇਕ ਵਸਤੂ ਬਣ ਕੇ ਰਹਿ ਗਿਆ ਹੈ। ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਕਿਉਂਕਿ ਇਸ ਚਕਾਚੌਂਧ ਵਿਚ ਉਸ ਨੂੰ ਆਪਣੇ ਅੰਦਰਲੀ ਆਵਾਜ਼ ਸੁਣਨੀ ਉੱਕਾ ਹੀ ਬੰਦ ਹੋ ਚੁੱਕੀ ਹੈ। ਹੁਣ ਉਸ ਲਈ ਕੁਝ ਵੀ ਜਾਇਜ਼ ਜਾਂ ਨਾਜਾਇਜ਼ ਨਹੀਂ ਰਿਹਾ, ਬਲਕਿ ਆਪਣਾ ਉੱਲੂ ਸਿੱਧਾ ਕਰਨਾ ਹੀ ਉਸ ਦੇ ਜੀਵਨ ਦਾ ਟੀਚਾ ਬਣ ਗਿਆ ਹੈ:
ਕਦੇ ਆਪਣੀ ਜ਼ਮੀਰ ਨੂੰ ਵੀ ਵੇਖ ਲੈ ਤੂੰ,
ਕਾਹਨੂੰ ਭੇੜੀਆਂ ਅੰਦਰਲੀਆਂ ਤੂੰ ਬਾਰੀਆਂ ਨੇ।
ਲੇਖਕ ਜਿੰਨਾ ਮਰਜ਼ੀ ਲਿਖ ਲਵੇ, ਪਰ ਜੀਵਨ ਦੇ ਆਖਰੀ ਮੋੜ 'ਤੇ ਉਸ ਨੂੰ ਅਜਿਹਾ ਮਹਿਸੂਸ ਹੋਣਾ ਸੁਭਾਵਿਕ ਹੈ ਕਿ ਜੋ ਕੁਝ ਉਹ ਲਿਖਣਾ ਚਾਹੁੰਦਾ ਸੀ, ਉਹ ਅਜੇ ਉਸ ਤੋਂ ਲਿਖਿਆ ਨਹੀਂ ਜਾ ਸਕਿਆ। ਬਹੁਤ ਕੁਝ ਕਹਿਣ ਦੇ ਬਾਵਜੂਦ ਵੀ ਉਸ ਨੂੰ ਲਗਦਾ ਹੈ ਕਿ ਅਜੇ ਬਹੁਤ ਕੁਝ ਕਹਿਣਾ ਬਾਕੀ ਹੈ। ਤਕਰੀਬਨ ਹਰ ਲੇਖਕ ਕੁਝ ਨਾ ਕੁਝ ਅਧੂਰਾ ਛੱਡ ਕੇ ਹੀ ਮਰਦਾ ਹੈ। ਬਲਵਿੰਦਰ ਸਿੰਘ ਸੋਢੀ (ਮੀਰਹੇੜੀ) ਵੀ ਆਪਣੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿਚ ਕੁਝ ਅਜਿਹਾ ਹੀ ਕਹਿਣਾ ਚਾਹੁੰਦੇ ਹਨ:
ਜਿਊਣਾ ਚਾਹੁੰਦਾ ਹਾਂ ਅਜੇ ਹੋਰ ਲਿਖਣ ਦੇ ਲਈ,
ਬੰਨ੍ਹ ਦੇਵੇ ਮੇਰੀ ਮੌਤ ਦਾ ਕੋਈ ਕਾਲ ਮੀਆਂ।
ਹਥਲਾ ਕਾਵਿ-ਸੰਗ੍ਰਹਿ 'ਕਲਮ ਦਾ ਸਫ਼ਰ' ਬਲਵਿੰਦਰ ਸਿੰਘ ਸੋਢੀ (ਮੀਰਹੇੜੀ) ਦੀ 18ਵੀਂ ਮੌਲਿਕ ਪ੍ਰਕਾਸ਼ਿਤ ਪੁਸਤਕ ਹੈ ਅਤੇ ਨੈਸ਼ਨਲ ਬੁੱਕ ਟਰੱਸਟ ਦੀਆਂ ਚਾਰ ਪੁਸਤਕਾਂ ਉਨ੍ਹਾਂ ਨੇ ਅਨੁਵਾਦ ਵੀ ਕੀਤੀਆਂ ਹਨ। ਬੇਸ਼ੱਕ ਤੋਲ-ਤੁਕਾਂਤ ਪੱਖੋਂ ਕਿਸੇ ਹੱਦ ਤੱਕ ਕਚਿਆਈ ਵੀ ਰੜਕਦੀ ਹੈ, ਪਰ ਕਵਿਤਾ ਵਿਚ ਵਰਤੀ ਗਈ ਸ਼ਬਦਾਵਲੀ ਬੜੀ ਸਰਲ ਅਤੇ ਦਿਲਚਸਪ ਹੈ। ਉਨ੍ਹਾਂ ਦੀ ਕਾਮਨਾ ਹੈ ਕਿ ਸਾਡੀ ਇਹ ਧਰਤੀ ਹੀ ਏਨੀ ਸੋਹਣੀ ਬਣ ਜਾਵੇ ਕਿ ਮਨੁੱਖ ਦੇ ਮਨ ਵਿਚ ਕਿਸੇ ਸਵਰਗ ਦੀ ਇੱਛਾ ਹੀ ਬਾਕੀ ਨਾ ਰਹੇ। ਅਜਿਹੀ ਮਾਨਵਵਾਦੀ ਖ਼ੂਬਸੂਰਤ ਕਵਿਤਾ ਦੀ ਸਿਰਜਣਾ ਲਈ ਮੈਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਸ਼ਖ਼ਸੀਅਤ ਸੋਚ ਅਤੇ ਸਲੀਕਾ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 151
ਸੰਪਰਕ : 94179-49079


ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਨਾਲ ਭਰੀ ਪਈ ਇਹ ਪੁਸਤਕ ਵਿਅਕਤੀ ਦੀ ਸ਼ਖ਼ਸੀਅਤ ਦੇ ਗੁਣਾਤਮਿਕ ਵਿਕਾਸ ਵਿਚ ਬੇਹੱਦ ਸਹਾਈ ਹੋ ਸਕਦੀ ਹੈ। ਕੁੱਲ 41 ਲਘੂ ਨਿਬੰਧਾਂ 'ਚ ਸਮੁੱਚੇ ਵਿਸ਼ਾ ਵਸਤੂ ਨੂੰ ਬਾਖ਼ੂਬੀ ਨਿਭਾਇਆ ਗਿਆ ਹੈ। ਪੁਸਤਕ ਦਾ ਹਰ ਸ਼ਬਦ ਵਾਕ ਅਰਥ ਭਰਪੂਰ ਹੈ। ਇਸ ਵਿਚੋਂ ਸ਼ਖ਼ਸੀਅਤ, ਸੋਚ ਤੇ ਸਲੀਕੇ ਦੀ ਬਿਹਤਰੀ ਹਿੱਤ ਪ੍ਰਗਟਾਏ ਗਏ ਵਿਚਾਰਾਂ 'ਚੋਂ ਕੁਝ ਇਕ ਇਥੇ ਸਾਂਝੇ ਕੀਤੇ ਜਾਂਦੇ ਹਨ :
-ਆਪਣੇ ਔਗੁਣਾਂ ਦੇ ਪਰਦੇ ਕੱਜਣਾ ਅਸਲ ਵਿਚ ਸਮੇਂ ਦੀ ਬਰਬਾਦੀ ਹੈ।
-ਸਿਆਣਪ ਬੁੱਧੀ 'ਤੇ ਨਿਰਭਰ ਹੈ ਅਤੇ ਸਮਝਦਾਰੀ ਦਾ ਸੰਬੰਧ ਤੁਹਾਡੇ ਵਿਵਹਾਰ ਨਾਲ ਹੈ।
-ਜਦ ਅੰਦਰ ਰੌਣਕਾਂ ਲੱਗੀਆਂ ਹੋਣ ਤਾਂ ਫਿਰ ਬਾਹਰ ਦੇ ਸ਼ੋਰ ਕਦੇ ਵੀ ਪ੍ਰੇਸ਼ਾਨੀ ਦਾ ਸਬੱਬ ਨਹੀਂ ਬਣਦੇ।
-ਸਮੱਸਿਆ ਮੌਕੇ ਨੂੰ ਜਨਮ ਦਿੰਦੀ ਹੈ। ਰੁਕਾਵਟਾਂ ਰਫ਼ਤਾਰ ਨੂੰ ਜਨਮ ਦਿੰਦੀਆਂ ਹਨ ਤੇ ਹਰ ਮੁਸ਼ਕਿਲ ਇਕ ਨਵੀਂ ਸੋਚ ਨੂੰ ਜਨਮ ਦਿੰਦੀ ਹੈ।
-ਅਕਸਰ ਦੂਜਿਆਂ ਤੋਂ ਅੱਗੇ ਲੰਘਣ ਦੇ ਚੱਕਰ ਵਿਚ ਅਸੀਂ ਆਪਣੇ-ਆਪ ਤੋਂ ਵੀ ਪਿੱਛੇ ਰਹਿ ਜਾਂਦੇ ਹਾਂ।
-ਢੰਗ ਤੋਂ ਬਗ਼ੈਰ ਰੰਗ ਕਦੇ ਵੀ ਪ੍ਰਭਾਵਿਤ ਨਹੀਂ ਕਰਦਾ। ਕਿਰਦਾਰ ਤੋਂ ਬਗ਼ੈਰ ਕੱਦ ਦਾ ਕੋਈ ਮਹੱਤਵ ਨਹੀਂ।
-ਅਕਸਰ ਬੰਦਾ ਉਸ ਚੀਜ਼ ਦਾ ਗ਼ੁਲਾਮ ਹੁੰਦਾ ਹੈ ਜਿਸ ਨੂੰ ਉਹ ਸਭ ਤੋਂ ਵੱਧ ਚਾਹੁੰਦਾ ਹੈ।
-ਜਿਨ੍ਹਾਂ ਕੋਲ ਜ਼ਿੰਦਗੀ ਦੇ ਮਾਇਨੇ ਨਹੀਂ ਹੁੰਦੇ, ਉਨ੍ਹਾਂ ਕੋਲ ਤਾਅਨੇ ਤੇ ਬਹਾਨੇ ਹੀ ਹੁੰਦੇ ਹਨ।
-ਆਪਣੀ ਕਲਪਨਾ ਨੂੰ ਆਪਣੀ ਸਮਰੱਥਾ ਦੇ ਮੇਚ ਦੀ ਰੱਖੋ।
-ਸਾਦਗੀ ਵਿਚ ਹੀ ਸੁੰਦਰਤਾ ਹੈ। ਸਬਰ ਦੌੜਦਾ ਨਹੀਂ ਫਿਰ ਵੀ ਛੇਤੀ ਪਹੁੰਚਦਾ ਹੈ।
-ਫ਼ਸਲ ਲੈਣ ਲਈ ਬੀਜ ਬੀਜਣੇ ਪੈਂਦੇ ਹਨ, ਵਰਨਾ ਘਾਹ ਫ਼ੂਸ ਤਾਂ ਆਪਣੇ-ਆਪ ਹੀ ਬਹੁਤ ਉੱਗ ਪੈਂਦਾ ਹੈ।
-ਭੀੜਾਂ ਵਿਚ ਮਿਆਰ ਨਹੀਂ ਵੇਖੇ ਜਾਂਦੇ। ਤੱਕੜੀ ਨਾਲ ਭਾਰ ਤੋਲਿਆ ਜਾਂਦਾ ਹੈ, ਗੁਣਵੱਤਾ ਨਹੀਂ।
-ਜ਼ਿਆਦਾ ਜਜ਼ਬਾਤੀ ਲੋਕਾਂ ਦੇ ਫ਼ੈਸਲੇ ਦੁੱਧ ਦੇ ਉਬਾਲ ਦੀ ਤਰ੍ਹਾਂ ਹੁੰਦੇ ਹਨ।
ਇੰਝ ਸਾਰੀ ਪੁਸਤਕ ਵਿਚਾਰਧਾਰਕ ਅਮੀਰੀ ਨਾਲ ਭਰਪੂਰ ਹੈ। ਸਹੀ ਮਾਇਨਿਆਂ ਵਿਚ ਇਹ ਪੁਸਤਕ ਪੰਜਾਬ ਦੇ ਹਰ ਸਕੂਲ ਤੇ ਕਾਲਜ ਦੀ ਲਾਇਬ੍ਰੇਰੀ ਵਿਚ ਮੌਜੂਦ ਹੋਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਇਸ ਦਾ ਆਸਾਨੀ ਨਾਲ ਲਾਹਾ ਲੈ ਸਕਣ। ਅਮਰਜੀਤ ਬਰਾੜ ਦੀ ਕਲਮ ਇਕ ਸੁਚੱਜੇ ਵਾਰਤਕਕਾਰ ਦੀ ਕਲਮ ਹੈ। ਮਾਨਵੀ ਸ਼ਖ਼ਸੀਅਤ, ਸੋਚ ਤੇ ਸਲੀਕੇ ਬਾਰੇ ਉਸ ਦਾ ਦੀਰਘ ਅਧਿਐਨ ਉਸ ਦੀਆਂ ਲਿਖਤਾਂ ਵਿਚੋਂ ਸਪੱਸ਼ਟ ਨਜ਼ਰ ਆਉਂਦਾ ਹੈ।


-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287


ਸਾਡਾ ਪਿੰਡ ਜਟਾਣਾ
ਲੇਖਕ : ਹਰਪਾਲ ਸਿੰਘ ਮਾਂਗਟ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫੇ : 112
ਸੰਪਰਕ : 98724-77668


ਭਾਰਤ, ਪੰਜਾਬ ਵੀ, ਪਿੰਡਾਂ ਦਾ ਦੇਸ਼ ਹੈ। ਪੰਜਾਬ ਵਿਚ 12581 ਪਿੰਡ ਹਨ। ਪਰ ਅਫਸੋਸ! ਪਿੰਡਾਂ ਦਾ ਇਤਿਹਾਸ ਲਿਖਤ ਰੂਪ ਸਾਂਭਿਆ ਨਹੀਂ ਗਿਆ। ਕਿਸੇ-ਕਿਸੇ ਪਿੰਡ ਦਾ ਜ਼ਿਕਰ ਕੁਝ ਇਤਿਹਾਸ ਪੁਸਤਕਾਂ ਜਾਂ ਦਸਤਾਵੇਜ਼ਾਂ ਵਿਚ ਆਉਂਦਾ ਹੈ, ਪਰ ਉਹ ਵੀ ਓਨਾ ਨਹੀਂ ਹੁੰਦਾ ਕਿ ਸੰਬੰਧਿਤ ਪਿੰਡ ਦਾ ਇਤਿਹਾਸ ਮੁਕੰਮਲ ਰੂਪ ਵਿਚ ਕਲਮਬੱਧ ਕੀਤਾ ਜਾ ਸਕੇ। ਸੋ, ਪਿੰਡ ਦੇ ਇਤਿਹਾਸ ਲਈ ਦੰਦ-ਕਥਾਵਾਂ, ਪੀੜ੍ਹੀ-ਦਰ-ਪੀੜ੍ਹੀ ਤੁਰੀਆਂ ਆਉਂਦੀਆਂ ਗੱਲਾਂ, ਸੱਥ ਚਰਚਾਵਾਂ ਅਤੇ ਬਜ਼ੁਰਗਾਂ 'ਤੇ ਟੇਕ ਰੱਖਣੀ ਪੈਂਦੀ ਹੈ। ਇਹ, ਮੌਖਿਕ ਤਵਾਰੀਖ, ਵੀ ਕਈ ਵਾਰ ਐਨੀ ਆਪਾ-ਵਿਰੋਧੀ ਹੁੰਦੀ ਹੈ ਕਿ ਸੰਬੰਧਿਤ ਲੇਖਕ ਭੰਬਲ-ਭੂਸੇ ਵਿਚ ਪੈ ਜਾਂਦਾ ਹੈ। ਪਰ ਹਠੀ ਲੇਖਕ ਇਸ ਸਾਰੇ ਨੂੰ ਇਤਿਹਾਸਕ ਅਤੇ ਦਸਤਾਵੇਜ਼ੀ ਕਸਵੱਟੀ 'ਤੇ ਲਾ ਕੇ ਆਪਣੀ ਸਮਰੱਥਾ ਮੁਤਾਬਿਕ ਇਕ ਖ਼ਾਸ ਹੱਦ ਤੀਕ ਉਸ ਪਿੰਡ ਦੀ ਯਥਾ-ਸੰਭਵ ਤਵਾਰੀਖ ਨੂੰ ਕਿਸੇ ਹੋਰ ਪ੍ਰਬੁੱਧ ਲੇਖਕ ਜਾਂ ਭਵਿੱਖੀ ਲੇਖਣੀ ਹਿੱਤ ਇਕ ਅਧਾਰ ਚੌਖਟਾ ਮੁਹੱਈਆ ਕਰਵਾਉਣ ਵਿਚ ਕਾਮਯਾਬ ਹੋ ਜਾਂਦਾ ਹੈ। ਇਸ ਕਾਰਜ ਵਿਚ ਗੋਤਾਂ, ਜਾਤਾਂ, ਧਰਮਾਂ, ਕਬੀਲਿਆਂ ਦੀਆਂ ਗਾਥਾਵਾਂ ਅਤੇ ਮਰਾਸੀਆਂ ਦੀਆਂ ਉਚਾਰਨਾ, ਪਰਿਵਾਰਕ ਬੰਸਾਵਲੀਆਂ, ਹੋਰ ਪਿੰਡਾਂ ਦੀਆਂ ਤਵਾਰੀਖਾ ਅਤੇ ਹਰਦੁਆਰੀ ਕਲਮਬੰਧਤਾਂ ਵੀ ਇੱਕ ਹੱਦ ਤੀਕ ਸਹਾਈ ਹੁੰਦੀਆਂ ਹਨ। ਬੜਾ ਸਿਰੜੀ ਕਾਰਜ ਹੈ ਇਹ।
ਉਕਤ ਸਾਰੇ ਨੂੰ, ਹਥਲੀ ਪੁਸਤਕ ਦੇ ਲੇਖਕ ਸ. ਹਰਪਾਲ ਸਿੰਘ ਮਾਂਗਟ ਨੇ ਸੰਭਵ ਹੱਦ ਤੀਕ ਭਲੀ-ਭਾਂਤ ਵਰਤ-ਸਲੂਟ ਕੇ ਆਪਣੇ ਪਿਤਾ-ਪੁਰਖੀ ਪਿੰਡ 'ਜਟਾਣਾ', ਤਾਲੁਕਾ ਖੰਨਾ, ਜ਼ਿਲ੍ਹਾ ਲੁਧਿਆਣਾ ਬਾਰੇ 'ਸਾਡਾ ਪਿੰਡ ਜਟਾਣਾ' ਨਾਮੀ ਦਸਤਾਵੇਜ਼ ਲਿਖਣ ਦੀ ਸੁਹਿਰਦ ਕੋਸ਼ਿਸ਼ ਕੀਤੀ ਹੈ। ਪਿੰਡ ਦੇ ਮੋੜ੍ਹੀ ਗੱਡ ਕਰਮਯੋਗੀਆਂ ਸਮੇਤ, ਜਟਾਣਾ ਗੋਤ ਦੀ ਵਿਆਖਿਆ, ਪੁਰਖਿਆਂ ਅਤੇ ਹੋਰ ਨਾਮਵਰਾਂ ਦੇ ਰੇਖਾ ਚਿੱਤਰ, ਨਾਮੀ-ਗਰਾਮੀ ਸੰਸਥਾਵਾਂ, ਵਿਅਕਤੀਗਤ ਕਿੱਤਾਕਾਰਾਂ ਅਤੇ ਪਰਿਵਾਰਾਂ ਆਦਿ ਬਾਰੇ ਲਿਖ ਕੇ ਪਿੰਡ ਦਾ ਰਿਣ ਚੁਕਾਇਆ ਹੈ, ਜਿਹੜਾ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਜੜ੍ਹਾਂ ਫਰੋਲਣ ਹਿੱਤ ਬੇਹੱਦ ਸਹਾਈ ਦਸਤਾਵੇਜ਼ ਹੈ। ਪਿੰਡਾਂ ਦੇ ਇਤਿਹਾਸ ਵਿਚ ਦਿਲਚਪਸੀ ਰੱਖਣ ਵਾਲਿਆਂ ਅਤੇ ਖੋਜਾਰਥੀਆਂ ਲਈ ਇਹ ਮੁੱਲਵਾਨ ਲਿਖਤ ਹੈ।


-ਵਿਜੇ ਬੰਬੇਲੀ
ਮੋਬਾਈਲ : 94634 39075

13-04-2024

 ਚਿੰਤਾ ਦੀਰਘ ਰੋਗ ਹੈ
ਲੇਖਕ : ਪ੍ਰੋ. ਬਸੰਤ ਸਿੰਘ ਬਰਾੜ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 98149-41214

ਕਿਤਾਬਾਂ ਤਾਂ ਨਿੱਤ ਹੀ ਪੜ੍ਹਦੇ ਰਹੀਦੈ ਪਰ ਹਥਲੀ ਪੁਸਤਕ ਇਕੋ ਵਾਰੀ ਸਾਰੀ ਪੜ੍ਹੇ ਬਿਨਾਂ ਪਾਠਕ ਦਮ ਨਹੀਂ ਲੈ ਸਕਦਾ। ਇਹ ਪੁਸਤਕ ਲੇਖਕ ਦੇ ਨਿੱਜੀ ਅਨੁਭਵਾਂ (ਅੱਖੀਂ ਵੇਖੀਆਂ, ਹੱਡੀਂ ਹੰਢਾਈਆਂ, ਪੜ੍ਹੀਆਂ ਪੜ੍ਹਾਈਆਂ, ਸੁਣੀਆਂ-ਸੁਣਾਈਆਂ) ਅਤੇ ਯਾਦਾਂ 'ਤੇ ਆਧਾਰਿਤ ਅਨੂਠੀ ਕਿਸਮ ਦੀ ਸਵੈ-ਜੀਵਨੀ ਹੈ। ਭਾਵੇਂ ਲੇਖਕ ਨੇ ਰਸਮੀ ਤੌਰ 'ਤੇ ਆਤਮਕਥਾ ਨਹੀਂ ਲਿਖੀ। ਇਸ ਪੁਸਤਕ ਦੀ ਸਮੱਗਰੀ ਦੇ ਆਧਾਰ 'ਤੇ ਕੋਈ ਵੀ ਕਲਮ ਥੋੜ੍ਹੀ ਜਿਹੀ ਮਿਹਨਤ ਨਾਲ ਲੇਖਕ ਦੀ ਸ਼ਖ਼ਸੀਅਤ ਬਾਰੇ ਸ਼ਬਦ-ਚਿੱਤਰ ਉਲੀਕ ਸਕਦੀ ਹੈ। ਲੇਖਕ ਦਾ ਜਨਮ 25 ਅਕਤੂਬਰ, 1940 ਨੂੰ ਅਜੋਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚਲੇ ਪਿੰਡ ਰਘੂਆਣਾ ਵਿਚ ਹੋਇਆ। ਉਹ ਐੱਮ.ਏ. ਅੰਗਰੇਜ਼ੀ ਕਰ ਕੇ ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਵਿਚ ਪ੍ਰੋਫ਼ੈਸਰ ਵਲੋਂ ਕਾਰਜ ਕਰਦਾ ਰਿਹਾ ਅਤੇ 1998 ਅਕਤੂਬਰ ਵਿਚ ਸੇਵਾਮੁਕਤ ਹੋਇਆ। ਹਥਲੀ ਪੁਸਤਕ ਵਿਚ ਉਸ ਦੇ 30 ਨਿਬੰਧ ਸ਼ਾਮਿਲ ਹਨ ਜਿਹੜੇ ਦੇਸ਼ੀ, ਵਿਦੇਸ਼ੀ ਅਤੇ ਨਿੱਜ ਨਾਲ ਵਾਪਰੀਆਂ ਘਟਨਾਵਾਂ ਨਾਲ ਲਬਰੇਜ਼ ਹਨ। ਇਹ ਘਟਨਾਵਾਂ ਦਿਲਚਸਪ ਵੀ ਹਨ ਅਤੇ ਪਾਠਕਾਂ ਦਾ ਮਾਰਗ ਦਰਸ਼ਨ ਕਰਨ ਦੀ ਸਮਰੱਥਾ ਰੱਖਦੀਆਂ ਹਨ। ਪੁਰਾਤਨਤਾ, ਆਧੁਨਿਕਤਾ ਅਤੇ ਉੱਤਰ-ਆਧੁਨਿਕਤਾ ਦੀਆਂ ਸਮੱਸਿਆਵਾਂ ਨੂੰ ਆਪਣੇ ਕਲਾਵੇ ਵਿਚ ਲੈਂਦੀਆਂ ਹਨ। ਉਸ ਦਾ ਇਹ ਲਿਖਣਾ ਸਹੀ ਜਾਪਦਾ ਹੈ 'ਮੇਰੇ ਮਨ ਦੀ ਗੱਲ ਕਹਿਣ ਨਾਲ ਹਰ ਇਕ ਦੇ ਮਨ ਦੀ ਤਰਜਮਾਨੀ ਵੀ ਹੋ ਸਕਦੀ ਹੈ।' ਪੰਨਾ 87, ਕਿਉਂ ਜੋ ਸਮੁੱਚੀ ਮਾਨਵਤਾ ਦਾ ਮਨ ਇਕੋ ਕੱਖਾਂ-ਕਾਨਿਆਂ ਦਾ ਬਣਿਆ ਹੁੰਦਾ ਹੈ। ਨਿਬੰਧ ਪੀ.ਬੀ. ਸ਼ੈਲੀ ਦੇ ਵਿਚਾਰਾਂ ਅਨੁਸਾਰ ਮਾਣੇਂ ਜਾ ਸਕਦੇ ਹਨ 'ਵੀ ਲੁਕ ਬਿਫੋਰ ਐਂਡ ਆਫ਼ਟਰ ਐਂਡ ਪਾਇਨ ਫਾਰ ਵੋਟ ਇਜ਼ ਨੌਟ।' ਲੇਖਕ ਨੇ ਆਪਣੇ ਬਚਪਨ, ਜਵਾਨੀ ਅਤੇ ਸੇਵਾਮੁਕਤੀ ਤੋਂ ਬਾਅਦ ਤੱਕ ਦੇ ਜੀਵਨ 'ਤੇ ਫੋਕਸੀਕਰਨ ਕੀਤਾ ਹੈ। ਲੇਖਕ ਦੀ ਵਾਰਤਕ ਸਰਲ ਅਤੇ ਰਵਾਨਗੀ ਭਰਪੂਰ ਹੈ। ਪਾਠਕਾਂ ਨੂੰ ਅਨੇਕਾਂ ਮੁੱਲਵਾਨ ਜਾਣਕਾਰੀਆਂ ਉਪਲਬਧ ਕਰਵਾਈਆਂ ਗਈਆਂ ਹਨ। ਜਿਵੇਂ ਲੜਕੇ/ਲੜਕੀ ਦਾ ਪੈਦਾ ਹੋਣਾ ਔਰਤ ਦੇ ਵੱਸ ਨਹੀਂ ਹੁੰਦਾ। 'ਔਰਤ ਦੇ ਐਕਸ ਅਤੇ ਆਦਮੀ ਦੇ ਵਾਈ ਕਰੋਮੋਸੋਮ ਦੇ ਜੁੜਨ ਨਾਲ ਲੜਕੇ ਦੀ ਸਿਰਜਣਾ ਹੁੰਦੀ ਹੈ।' ਪੰਨਾ 74. ਲੇਖਕ ਦੀ ਸ਼ੈਲੀ ਵਿਚ ਅਨੇਕਾਂ ਹਾਸ-ਵਿਅੰਗ ਦੇ ਵਿਸ਼ੇ ਹਨ। ਜਿਵੇਂ 'ਟਰੱਕ ਵਿਚ ਚੋਣ-ਅਮਲੇ ਬਾਰੇ ਦ੍ਰਿਸ਼ ਵੇਖੋ 'ਅੱਗੇ ਡਰਾਈਵਰ ਦੇ ਨਾਲ ਪਹਿਲਾਂ ਹੀ ਪੁਲਿਸ ਵਾਲੇ ਚੜ੍ਹ ਜਾਂਦੇ ਹਨ। ਚੋਣ ਅਮਲਾ ਪਿੱਛੇ ਪੀਂਘ ਝੂਟਦਾ ਆਉਂਦਾ ਹੈ।' ਪੰਨਾ. 107.

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਕਦੇ ਕਦਾਈਂ
ਲੇਖਕ : ਦਰਸ਼ਨ ਬੁਲੰਦਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 785 ਰੁਪਏ, ਸਫ਼ੇ : 592
ਸੰਪਰਕ : 95011-45039

ਦਰਸ਼ਨ ਬੁਲੰਦਵੀ ਮੂਲ ਰੂਪ ਵਿਚ ਇਕ ਪਰਵਾਸੀ ਕਵੀ ਹੈ। ਹਾਲਾਂਕਿ ਉਸ ਨੇ ਆਪਣਾ ਕਾਵਿ ਸਫ਼ਰ ਪਰਵਾਸ ਧਾਰਨ ਕਰਨ ਤੋਂ ਪਹਿਲਾਂ ਹੀ ਆਰੰਭ ਦਿੱਤਾ ਸੀ। ਉਸ ਦੀ ਪਹਿਲੀ ਕਾਵਿ-ਪੁਸਤਕ 1973 ਵਿਚ ਉਦੋਂ ਹੀ ਛਪ ਗਈ ਸੀ, ਜਦੋਂ ਪੰਜਾਬ ਵਿਚ ਪ੍ਰਗਤੀਵਾਦੀ ਕਵਿਤਾ ਦਾ ਬੋਲਬਾਲਾ ਸੀ। ਹੁਣ ਉਸ ਨੇ ਅੱਧੀ ਸਦੀ ਦੇ ਸਮੇਂ ਵਿਚ ਵੱਖ-ਵੱਖ ਕਿਤਾਬਾਂ ਵਿਚ ਛਪੀਆਂ ਆਪਣੀਆਂ ਕਵਿਤਾਵਾਂ ਨੂੰ 'ਕਦੇ ਕਦਾਈਂ' ਸਿਰਲੇਖ ਹੇਠ ਇਕੋ ਜਿਲਦ ਵਿਚ ਬੰਨ੍ਹ ਕੇ ਪੰਜਾਬੀ ਕਵਿਤਾ ਦੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਪਹਿਲਾਂ ਛਪੀਆਂ ਕਿਤਾਬਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਸਮੇਤ ਫੇਰ ਛਾਪ ਕੇ ਉਸ ਨੇ ਆਪਣੀ ਕਵਿਤਾ ਦਾ ਇਕ ਬੱਝਵਾਂ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਹੈ। ਇਸ ਵੱਡ-ਅਕਾਰੀ ਕਿਤਾਬ ਦੀ ਆਪਣੀ ਕੋਈ ਭੂਮਿਕਾ ਨਹੀਂ ਲਿਖੀ ਜਾਂ ਲਿਖਵਾਈ ਗਈ, ਪਰ ਇਸ ਦੇ ਸਰਵਰਕ ਉੱਤੇ ਅੰਕਿਤ ਕੀਤੇ ਗਏ ਕੁਝ ਆਲੋਚਕਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਦੇ ਵਿਚਾਰ ਗਵਾਹੀ ਭਰਦੇ ਹਨ ਕਿ ਦਰਸ਼ਨ ਬੁਲੰਦਵੀ ਦਾ ਵਰਤਮਾਨ ਕਾਵਿ-ਸੰਸਾਰ ਵਿਚ ਕੀ ਸਥਾਨ ਹੈ। ਸਤਿੰਦਰ ਸਿੰਘ ਨੂਰ ਲਿਖਦਾ ਹੈ 'ਕਵਿਤਾ ਵਿਚ ਪ੍ਰਭਾਵਸ਼ਾਲੀ ਕਵਿਤਾ ਦੀ ਤਲਾਸ਼ ਕਰਦਿਆਂ ਅਸੀਂ ਇਸੇ ਕਿਸਮ ਦੀ ਕਵਿਤਾ ਦੀ ਤਲਾਸ਼ ਨਾਲ ਜੁੜੇ ਹੋਏ ਹਾਂ। ਇਹ ਕਵਿਤਾ ਇਸ ਪੱਖ ਤੋਂ ਸੰਤੁਸ਼ਟ ਕਰਦੀ ਹੈ।'
ਹਰਭਜਨ ਸਿੰਘ ਭਾਟੀਆ ਦਾ ਵਿਚਾਰ ਹੈ 'ਵਿਸ਼ਿਆਂ ਦੀ ਸਾਂਝ ਦੇ ਬਾਵਜੂਦ ਅੰਦਾਜ਼ ਦੀ ਵੱਖਰਤਾ ਅਤੇ ਦ੍ਰਿਸ਼ਟੀ ਦੇ ਤਰਕਸ਼ੀਲ ਤੇ ਵਿਗਿਆਨਕ ਹੋਣ ਨੇ ਇਸ ਸ਼ਾਇਰੀ ਨੂੰ ਆਧੁਨਿਕ ਮੁਹਾਂਦਰਾ ਪ੍ਰਦਾਨ ਕੀਤਾ ਹੈ।'
ਪੰਜਾਬੀ ਕਾਵਿ ਸਮੀਖਿਆ ਦੇ ਇਨ੍ਹਾਂ ਹਸਤਾਖਰ ਸਮੀਖਿਅਕਾਂ ਦੇ ਵਿਚਾਰਾਂ ਨੂੰ ਦਰਸ਼ਨ ਬੁਲੰਦਵੀ ਦੀ ਕਵਿਤਾ ਨਾਲ ਮੇਚ-ਮੇਚ ਕੇ ਵੇਖੀਏ ਤਾਂ ਸਪੱਸ਼ਟ ਦਿਸਦਾ ਹੈ ਕਿ ਦਰਸ਼ਨ ਬੁਲੰਦਵੀ ਸਾਡੇ ਸਮਿਆਂ ਦਾ ਸਮਰੱਥ ਕਵੀ ਹੈ। ਉਸ ਨੂੰ ਖੁੱਲ੍ਹੀ ਕਵਿਤਾ, ਗੀਤ ਅਤੇ ਗ਼ਜ਼ਲ ਉੱਤੇ ਇਕੋ ਜਿਹੀ ਮੁਹਾਰਤ ਹਾਸਿਲ ਹੈ। ਜਦੋਂ ਉਹ 'ਸਮੁੰਦਰ' ਵਰਗੀ ਲੰਮੀ ਕਵਿਤਾ ਸਿਰਜਦਾ ਹੈ ਤਾਂ ਉਸ ਦੀ ਕਾਵਿ-ਸਮਰੱਥਾ ਦਾ ਇਕ ਹੋਰ ਪਾਸਾਰ ਉਜਾਗਰ ਹੁੰਦਾ ਹੈ। ਅੱਠ ਖੰਡਾਂ ਵਿਚ ਫੈਲੀ ਹੋਈ ਇਹ ਕਵਿਤਾ 'ਸਮੁੰਦਰ ਨਾਲ ਗੱਲਾਂ' ਇਸ ਕਿਤਾਬ ਦੀ ਪਹਿਲੀ ਕਵਿਤਾ ਹੈ। 'ਸਮੁੰਦਰ ਤੇਰੇ ਨਾਲ ਗੱਲਾਂ', 'ਸਮੁੰਦਰ', 'ਅੱਜ ਉਹਦਾ ਖ਼ਤ ਆਇਆ', 'ਸਮੁੰਦਰ ਜਦੋਂ ਇਕ ਸਾਂ', 'ਸਮੁੰਦਰ ਲੈ ਸੁਣ ਦਿਲ ਦਾ ਰਾਜ਼', 'ਸਮੁੰਦਰ ਇਹ ਬੇਖ਼ਬਰ ਹੋਣਾ ਸੀ', 'ਸਮੁੰਦਰ ਅਸੀਂ ਬੜਾ ਚਿਰ ਤੁਰਦੇ ਰਹੇ' ਤੇ 'ਸਮੁੰਦਰ ਅਸੀਂ ਇਕ ਦੂਜੇ ਦੀ ਮੰਜ਼ਿਲ ਹਾਂ...' ਵੱਖ-ਵੱਖ ਖੰਡਾਂ ਨਾਲ ਤੁਰਦੀ ਹੋਈ ਇਹ ਕਵਿਤਾ ਇਕ ਦਿਲਚਸਪ ਅਤੇ ਜਟਲ ਪੈਟਰਨ ਸਿਰਜਦੀ ਹੈ। ਸਮੁੰਦਰ ਦੇ ਬਹਾਨੇ ਨਾਲ ਦਿਲ ਦੀ ਆਵਾਜ਼ ਨੂੰ ਬੋਲ ਬਖ਼ਸ਼ਣੇ ਇਸ ਕਵਿਤਾ ਦਾ ਕਮਾਲ ਹੈ:-
ਸਮੁੰਦਰ! ਤੇਰੇ ਨਾਲ ਗੱਲਾਂ
ਜਿਵੇਂ ਹਵਾਵਾਂ ਦੇ ਲੜ ਬੰਨ੍ਹ ਕੇ
ਪਾਰ ਸੁਨੇਹਾ ਘਲ ਰਿਹਾ ਹੋਵਾਂ
ਜਾਂ ਜਿਵੇਂ ਜਾਂਦੇ ਵਕਤ ਦੇ ਕੰਨੀਂ
ਆਪਣੀ ਦਾਸਤਾਨ ਕਹਿ ਰਿਹਾ ਹੋਵਾਂ
ਜਾਂ ਜਿਵੇਂ ਅੱਖਾਂ 'ਚ ਘੁੰਮਦੇ ਖਾਬ ਨੂੰ
ਹੱਥਾਂ ਵਿਚ ਥੰਮ੍ਹ ਰਿਹਾ ਹੋਵਾਂ
ਜਾਂ ਜਿਵੇਂ ਆਪਣੀ ਟੁੱਟ ਭੱਜ ਨੂੰ
ਆਪੇ ਗੰਢ ਤੁਪ ਰਿਹਾ ਹੋਵਾਂ...
ਕਿਸੇ ਪਰਵਾਸੀ ਕਵੀ ਦੀ ਆਪਣੇ ਸਮਾਜ, ਸੱਭਿਆਚਾਰ ਪ੍ਰਤੀ ਸੰਵੇਦਨਾ ਅਤੇ ਕਰਮ ਭੂਮੀ ਦਾ ਯਥਾਰਥ, ਜਦੋਂ ਕਵਿਤਾ ਵਿਚ ਢਲਦਾ ਹੈ ਤਾਂ ਜੀਵੰਤ ਕਵਿਤਾ ਰੂਪਮਾਨ ਹੁੰਦੀ ਹੈ। ਇਸ ਕਿਤਾਬ ਵਿਚ ਉਸ ਦੀਆਂ ਛੇ ਕਿਤਾਬਾਂ ਹਨ 'ਸਮੁੰਦਰ ਨਾਲ ਗੱਲਾਂ', 'ਧੁੱਪ 'ਚ ਜਗਦਾ ਦੀਵਾ', 'ਕਿਰਦੀ ਮਿੱਟੀ', 'ਮਹਿਕਾਂ ਦਾ ਸਿਰਨਾਵਾਂ', 'ਚਾਨਣ ਦੇ ਪਰਛਾਵੇਂ' ਅਤੇ 'ਪਾਰ ਦਾ ਸਫ਼ਰ' ਉਸ ਦੀਆਂ ਇਹ ਕਿਤਾਬਾਂ 1985 ਤੋਂ 2022 ਤੱਕ ਛਪੀਆਂ ਸਨ। ਉਸ ਦੀ ਸਮੁੱਚੀ ਕਵਿਤਾ ਸਹਿਜ ਤੋਰ ਵਾਲੀ ਕਵਿਤਾ ਹੈ, ਜਿਸ ਵਿਚ ਵੇਦਨਾ ਹੈ, ਤੜਫ਼ ਹੈ, ਨਸੀਹਤ ਹੈ, ਉਪਦੇਸ਼ ਹੈ, ਜ਼ਿੰਦਗੀ ਨੂੰ ਜਿਊਣ ਦਾ ਸੂਖ਼ਮ ਸੰਦੇਸ਼ ਹੈ।
ਪਰਦਿਆਂ 'ਚ ਰਹਿਣ ਨੂੰ
ਜੇ ਤੇਰਾ ਚਿਤ ਕਰਦਾ ਏ
ਸ਼ੀਸ਼ਿਆਂ ਦੇ ਘਰ ਕਿਉਂ
ਰਹਿਣ ਨੂੰ ਬਣਾਉਨਾ ਏਂ

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਦਿਲ ਦੇ ਹੇਠਲੇ ਰਖਨੇ 'ਚੋਂ
ਲੇਖਿਕਾ : ਗੁਰਪ੍ਰੀਤ ਗਿੱਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 78376-80367

'ਦਿਲ ਦੇ ਹੇਠਲੇ ਰਖਨੇ 'ਚੋਂ' ਨਾਂਅ ਦੀ (ਕਾਵਿ-ਸੰਗ੍ਰਹਿ) ਪੁਸਤਕ ਦੀ ਲੇਖਿਕਾ ਗੁਰਪ੍ਰੀਤ ਗਿੱਲ ਹੈ, ਜਿਨ੍ਹਾਂ ਨੇ ਇਸ ਪੁਸਤਕ ਵਿਚ 81 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਦੀ ਲੇਖਿਕਾ ਨੇ ਆਪਣੀ ਹਰ ਰਚਨਾ ਵਿਚ ਆਪਣੇ ਦਿਲ ਦੇ ਅੰਦਰਲਿਆਂ ਵਲਵਲਿਆਂ ਨੂੰ ਪੇਸ਼ ਕਰਕੇ ਆਪਣੀ ਅੰਦਰ ਰੱਖੀ ਹੂਕ ਨੂੰ ਪਾਠਕਾਂ ਦੇ ਨਾਲ ਸਾਂਝਾ ਕਰਕੇ ਆਪਣਾ ਦਿਲ ਹਲਕਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਕਈ ਗੱਲਾਂ, ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਦਿਲ ਵਿਚ ਬੈਠ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਤਾਂ ਕਿਸੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਪ੍ਰੰਤੂ ਲਿਖਣ ਵੇਲੇ ਉਸ ਘਟਨਾ ਦਾ, ਗੱਲ ਨੂੰ ਅੱਖਾਂ ਦੇ ਸਾਹਮਣੇ ਰੱਖ ਕੇ ਲਿਖਣ ਦਾ ਆਪਣਾ ਹੀ ਸਵਾਦ ਹੈ, ਜਿਸ ਨੂੰ ਲੇਖਿਕਾ ਨੇ ਪੂਰੀ ਤਰ੍ਹਾਂ ਨਾਲ ਅਜਮਾਇਆ ਲਗਦਾ ਹੈ। ਇਸ ਪੁਸਤਕ ਵਿਚ ਲੇਖਿਕਾ ਨੇ ਜ਼ਿੰਦਗੀ ਦੇ ਵੱਖ-ਵੱਖ ਮੌਕਿਆਂ, ਪੜਾਅ, ਦ੍ਰਿਸ਼, ਪਲ, ਅਹਿਸਾਸ, ਉਮੰਗ, ਵਲਵਲੇ ਨੂੰ ਕਵਿਤਾ ਦਾ ਰੂਪ ਦੇ ਕੇ ਬਿਮਾਨ ਕਰਨ ਵਿਚ ਕਸਰ ਨਹੀਂ ਛੱਡੀ। ਕੁਝ ਰਚਨਾਵਾਂ ਤਾਂ ਬਹੁਤ ਹੀ ਛੋਟੀਆਂ ਹਨ ਪ੍ਰੰਤੂ ਉਨ੍ਹਾਂ ਵਿਚ ਕਿਸੇ ਨਾ ਕਿਸੇ ਗੱਲ ਦੀ ਝਲਕ ਵਿਖਾਈ ਦਿੰਦੀ ਹੈ। ਲੇਖਿਕਾ ਦੀਆਂ ਕਵਿਤਾਵਾਂ ਵਿਚ ਕਚਿਆਈ ਨਜ਼ਰ ਆ ਰਹੀ ਹੈ। ਹੋ ਸਕਦਾ ਹੈ ਲੇਖਿਕਾ ਦਾ ਇਹ ਕਾਵਿ-ਸੰਗ੍ਰਹਿ ਪਲੇਠਾਂ ਹੋਵੇ ਪ੍ਰੰਤੂ ਕੋਸ਼ਿਸ਼ ਚੰਗੀ ਹੈ ਕਿ ਆਪਣੀ ਅੰਦਰਲੀ ਆਵਾਜ਼ ਨੂੰ ਸ਼ਬਦਾਂ ਦੀ ਮਾਲਾ ਵਿਚ ਪਰੋ ਕੇ ਪਾਠਕਾਂ ਦੇ ਨਾਲ ਸਾਂਝਾ ਕੀਤਾ ਹੈ, ਲੇਖਿਕਾ 'ਸੱਚ' ਨਾਂਅ ਦੀ ਕਵਿਤਾ ਵਿਚ ਲਿਖਦੀ ਹੈ :
'ਨੈਣਾਂ ਵਿਚ ਇਕ ਹੜ੍ਹ ਆਇਆ,
ਕੁਝ ਸੁਪਨੇ ਡੁੱਬ ਗਏ।
ਕੁਝ ਸੁਪਨੇ ਡੁੱਬਣ ਦੇ ਡਰੋਂ,
ਪਹਿਲਾਂ ਹੀ ਨੈਣਾਂ ਵਿਚੋਂ ਉਡ ਗਏ।
ਫਿਰ ਵੀ ਅਧੂਰੀ ਕਵਿਤਾ, ਸਮੇਂ ਸਮੇਂ ਦੀ ਗੱਲ, ਸੁੱਤੀ ਕਲਾ, ਸੱਚ, ਬੜੀ ਯਾਦ ਆਉਂਦੀ ਹੈ, ਇਕ ਨਦੀ ਦੀ ਕਹਾਣੀ, ਉਹਦਾ ਖਿਆਲ, ਇਹ ਕਵਿਤਾ ਕਿੱਥੋਂ ਆ ਗਈ, ਬਰਖਾਸਤ, ਕੌਮੇ ਵਰਗਾ ਦਿਨ, ਔਖੇ ਸਵਾਲ ਆਦਿ ਸ਼ਲਾਘਾਯੋਗ ਹਨ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਇਰਾਦੇ ਹੋਣ ਤਾਂ ਅਜਿਹੇ
ਲੇਖਕ : ਐੱਨ. ਰਘੁਰਾਮਨ
ਪ੍ਰਕਾਸ਼ਕ : ਦੀਪਕ ਪਬਲਿਸ਼ਰਜ਼, ਜਲੰਧਰ
ਮੁੱਲ : 275 ਰੁਪਏ, ਸਫ਼ੇ : 152
ਸੰਪਰਕ : 0181-2214196

ਉੱਘੇ ਪੱਤਰਕਾਰ ਸ੍ਰੀ ਐੱਨ. ਰਘੁਰਾਮਨ ਬਤੌਰ ਸੰਪਾਦਕ 'ਇੰਡੀਅਨ ਐਕਸਪ੍ਰੈੱਸ', 'ਡੀ.ਐੱਨ.ਏ.', ਅਤੇ 'ਦੈਨਿਕ ਭਾਸਕਰ' ਵਰਗੇ ਰੋਜ਼ਾਨਾ ਰਾਸ਼ਟਰੀ ਅਖ਼ਬਾਰਾਂ ਵਿਚ ਨਾਮਣਾ ਖੱਟ ਚੁੱਕੇ ਹਨ। ਇਨ੍ਹਾਂ ਦੀ ਪੰਜਾਬੀ ਵਿਚ 'ਇਰਾਦੇ ਹੋਣ ਤਾਂ ਅਜਿਹੇ' ਪੁਸਤਕ ਪਾਠਕ ਦਾ ਧਿਆਨ ਖਿੱਚਦੀ ਹੈ। ਅਪਰਾਧ ਤੋਂ ਲੈ ਕੇ ਰਾਜਨੀਤੀ ਅਤੇ ਵਪਾਰ-ਵਿਕਾਸ ਤੋਂ ਲੈ ਕੇ ਉਦਮਤਾ ਤੱਕ ਸਾਰੇ ਵਿਸ਼ਿਆਂ ਨੂੰ ਬੜੀ ਸਫ਼ਲਤਾ ਨਾਲ ਕਾਨੀਬੰਦ ਕੀਤਾ ਹੈ। ਅੱਜ ਦੇ ਸਮਿਆਂ ਵਿਚ ਜਦੋਂ ਮਨੁੱਖ ਬੇਚੈਨ ਅਤੇ ਉਦਾਸੀ ਦੇ ਆਲਮ 'ਚੋਂ ਲੰਘ ਰਿਹਾ ਹੈ, ਉਦੋਂ ਅਜਿਹੇ ਸਾਹਿਤ ਦੀ ਲੋੜ ਪੱਥ-ਪ੍ਰਦਸਤਕ ਸਿੱਧ ਹੋ ਸਕਦੀ ਹੈ। ਅਜਿਹੇ ਵਿਸ਼ਿਆਂ ਬਾਰੇ ਅੰਗਰੇਜ਼ੀ ਵਿਚ ਬਹੁਤ ਪੁਸਤਕਾਂ ਉਪਲਬਧ ਹਨ। ਇਸ ਪੁਸਤਕ ਦਾ ਸਾਰੰਸ਼ ਇਹ ਨਿਰਣਾ ਕਰਦਾ ਹੈ ਕਿ ਜੇਕਰ ਉਦੇਸ਼ ਸਹੀ ਹੋਣ, ਇਰਾਦਾ ਪੱਕਾ ਹੋਵੇ, ਦ੍ਰਿਸ਼ਟੀ ਤੇ ਸੋਚ ਸਪੱਸ਼ਟ ਹੋਵੇ ਤਾਂ ਘੱਟ ਗਿਣਤੀ ਦੇ ਬੰਦੇ ਅਤੇ ਆਮ-ਸਾਧਾਰਨ ਵਿਅਕਤੀ ਵੀ ਜੀਵਨ ਵਿਚ ਬਦਲਾਓ ਲਿਆਉਣ ਵਿਚ ਸਫਲ ਹੋ ਸਕਦੇ ਹਨ। ਮਨੁੱਖ ਦੀ ਸਮਰੱਥਾ ਸਭ ਕੁਝ ਹਾਸਿਲ ਕਰ ਸਕਦੀ ਹੈ। ਮਿਹਨਤ, ਸਬਰ, ਦ੍ਰਿੜ੍ਹਤਾ ਤੇ ਟੀਚਾ ਹਰ ਮੁਸ਼ਕਿਲ ਨੂੰ ਹੱਲ ਕਰ ਸਕਦੀ ਹੈ। ਪਹਿਲੇ ਲੇਖਕ 'ਹਰ ਕਿਸੇ ਨੂੰ ਉਸ ਦੀ ਮਰਜ਼ੀ ਦੇ ਅਨੁਸਾਰ ਸਿੱਖਣ ਦਾ ਅਧਿਕਾਰ' ਤੋਂ ਲੈ ਕੇ ਅੰਤਲੇ ਲੇਖ 'ਜ਼ਿੰਦਗੀ ਵਿਚ ਛਾਪ ਛੱਡਣੀ ਹੈ ਤਾਂ ਕਦੀ ਹਾਰ ਨਾ ਮੰਨੋ' ਲਗਭਗ ਦੋ ਪੰਨਿਆਂ 'ਚ ਸੰਪੂਰਨ 64 ਲੇਖ ਸ਼ਾਮਿਲ ਹਨ। ਨਿੱਕੇ-ਨਿੱਕੇ ਕੰਮ ਸ਼ੁਰੂ ਕਰ ਕੇ ਕਿਵੇਂ ਨਾਂਅ ਸਥਾਪਿਤ ਹੁੰਦੇ ਹਨ, ਕੰਪਨੀਆਂ ਆਪਣੇ ਉਤਪਾਦ ਵਧਾਉਣ ਲਈ ਗਾਹਕਾਂ ਪ੍ਰਤੀ ਕਿਵੇਂ ਸੁਚੇਤ ਹੋ ਕੇ ਲਾਭ ਉਠਾਉਂਦੀਆਂ ਹਨ, ਉਨ੍ਹਾਂ ਦਾ ਵਿਵਰਣ ਬੜਾ ਰੌਚਿਕ ਤੇ ਹੈਰਾਨ ਕਰਨ ਵਾਲਾ ਹੈ। ਲੇਖਕ ਨੇ ਸਮਾਜ 'ਚੋਂ ਆਮ ਪਾਤਰਾਂ ਦੀ ਸਫ਼ਲਤਾ ਦੇ ਰਾਜ ਬਹੁਤ ਨੇੜਿਓਂ ਹੋ ਕੇ ਵਰਣਨ ਕੀਤੇ ਹਨ। ਮੋਬਾਈਲ, ਸੰਚਾਰ ਸਾਧਨ, ਰੋਜ਼ਾਨਾ ਵਰਤਣ ਵਾਲੀਆਂ ਵਸਤਾਂ ਦੇ ਟ੍ਰੇਡ ਮਾਰਕ ਕਿਵੇਂ ਮਸ਼ਹੂਰ ਹੋਏ, ਉਨ੍ਹਾਂ ਬਾਰੇ ਜਾਣਕਾਰੀ ਪਾਠਕ ਨੂੰ ਅਚੰਭਤ ਅਤੇ ਉਤਸ਼ਾਹਿਤ ਕਰਦੀ ਹੈ। ਇਕ ਉਦਾਹਰਨ ਰਾਜਸਥਾਨ ਦੇ ਕਿਸਾਨ ਭਰਾਵਾਂ ਰਾਮ ਚਰਨ, ਓਮ ਪ੍ਰਕਾਸ਼ ਅਤੇ ਕੰਚਨ ਸਿੰਘ ਦੀ ਹੈ ਜੋ ਖੇਤੀ ਦੇ ਧੰਦੇ ਗੁਆਰ ਫਲੀ ਦੀ ਉਪਜ ਨਾਲ ਕਿਵੇਂ ਸਫ਼ਲਤਾ ਨਾਲ ਖ਼ੁਸ਼ਹਾਲ ਹੁੰਦੇ ਹਨ। ਗੁਆਰ ਫਲੀ ਲਈ ਰਾਜਸਥਾਨ ਦੁਨੀਆ 'ਚ ਨੰਬਰ ਇਕ ਹੈ। ਇਸ ਉਪਜ ਦੀ ਵਰਤੋਂ ਆਈਸਕ੍ਰੀਮ ਤੇ ਟੋਮੈਟੋ ਕੈਚਅਪ 'ਚ ਹੁੰਦੀ ਹੈ। ਸਿੱਟਾ ਇਹ ਕੱਢਿਆ ਗਿਆ ਕਿ ਯੋਜਨਾਬੱਧ ਖੇਤੀਬਾੜੀ, ਉਦਯੋਗਾਂ ਨੂੰ ਪਿੱਛੇ ਛੱਡ ਸਕਦੀ ਹੈ। ਇੰਝ ਹੀ ਜਸਲੀਨ ਰੋਇਆਲ ਲੁਧਿਆਣੇ ਦੀ ਜੰਮਪਲ ਕ੍ਰਿਕਟ ਨੂੰ ਛੱਡ ਉੱਘੀ ਸੰਗੀਤਕਾਰ ਕਿਵੇਂ ਬਣੀ ਦੀ ਕਹਾਣੀ ਪ੍ਰੇਰਨਾਦਾਇਕ ਹੈ। ਗਿਆਨ, ਮਿਹਨਤ ਤੇ ਤਜਰਬਾ ਜ਼ਿੰਦਗੀ ਦੀ ਸਫ਼ਲਤਾ ਦੇ ਭੇਦ ਹਨ। ਇਹ ਪੁਸਤਕ ਹਰ ਕਿਸੇ ਨੂੰ ਪੜ੍ਹਨ ਦਾ ਚਸਕਾ ਪ੍ਰਦਾਨ ਕਰਦੀ ਹੈ। ਜੇਕਰ ਤੁਹਾਡਾ ਇਰਾਦਾ ਪੱਕਾ ਹੈ ਤਾਂ ਤੁਸੀਂ ਆਪਣੇ ਹੁਨਰ ਦਾ ਸਿੱਕਾ ਜਮਾ ਸਕਦੇ ਹੋ। ਪਾਣੀ ਬਾਰੇ ਕਮਾਲ ਦੀ ਪ੍ਰੇਰਨਾ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਤਿਲਫੁਲ-2
ਲੇਖਕ : ਹਰਪਾਲ ਸਿੰਘ ਪੰਨੂੰ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 400 ਰੁਪਏ, ਸਫ਼ੇ : 288
ਸੰਪਰਕ : 094642-51454

ਡਾ. ਹਰਪਾਲ ਸਿੰਘ ਪੰਨੂੰ ਇਕ ਬਹੁਵਿਧਾਈ ਅਤੇ ਅਨੁਭਵੀ ਲੇਖਕ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਲੇਖਣ ਉਸ ਦਾ ਮੁੱਖ ਪ੍ਰਕਰਨ ਬਣਿਆ ਹੋਇਆ ਹੈ। ਲੇਖਣ-ਕਾਰਜ ਉਸ ਦੀ ਵਚਨਬੱਧਤਾ ਹੈ। ਉਹ ਆਪਣਾ ਫ਼ਰਜ਼ ਨਿਭਾਉਣ ਲਈ ਲਿਖ ਰਿਹਾ ਹੈ। ਬੇਸ਼ੱਕ ਉਸ ਦੀ ਮੁਢਲੀ ਵਚਨਬੱਧਤਾ ਧਰਮ-ਸ਼ਾਸਤਰ ਨਾਲ ਹੈ ਪਰ ਉਹ ਵਿਸ਼ਵ-ਸੱਭਿਆਚਾਰ ਦੇ ਹੋਰ ਪਹਿਲੂਆਂ ਬਾਰੇ ਵੀ ਲਿਖਦਾ ਰਹਿੰਦਾ ਹੈ। 'ਤਿਲਫੁਲ' ਸਿਰਲੇਖ ਅਧੀਨ ਉਹ ਜੀਵਨ ਦੇ ਬਹੁਤ ਸਾਰੇ ਪੱਖਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਾ ਰਿਹਾ ਹੈ। ਇਸ ਪੁਸਤਕ ਲੜੀ ਦੇ ਹਥਲੇ ਦੂਜੇ ਭਾਗ ਵਿਚ ਉਸ ਦੇ 52 ਲੇਖ ਸੰਗ੍ਰਹਿਤ ਹਨ। ਤਾਸ਼ ਦੇ ਪੱਤਿਆਂ ਅਤੇ ਵਰ੍ਹੇ ਦੇ ਹਫ਼ਤਿਆਂ ਦੀ ਗਿਣਤੀ ਵਾਂਗ 52 ਅੰਕ ਉਲਟਾ ਪਸੰਦੀਦਾ ਅੰਕ ਹੈ। ਇਸ ਪੁਸਤਕ ਵਿਚ ਕਹਾਣੀਆਂ, ਗ਼ੈਰ-ਕਹਾਣੀਆਂ, ਜੱਗਬੀਤੀਆਂ ਅਤੇ ਹੱਡਬੀਤੀਆਂ ਆਦਿ ਕਈ ਵੰਨਗੀਆਂ ਦੀਆਂ ਰਚਨਾਵਾਂ ਅੰਕਿਤ ਹੋਈਆਂ ਹਨ। ਕੁਝ ਹੋਰ ਵੱਡੇ ਲੇਖਕਾਂ ਦੀਆਂ ਰਚਨਾਵਾਂ ਵੀ ਆਭਾਰ ਸਹਿਤ ਪੁਸਤਕ ਦਾ ਅੰਗ ਬਣੀਆਂ ਹਨ। ਇਨ੍ਹਾਂ ਲੇਖਕਾਂ ਵਿਚ ਐਂਟੋਨ ਚੈਖਵ (ਵਾਨਕਾ) ਅਤੇ ਅਨੰਦ ਲਹਿਰ (ਬਟਵਾਰਾ) ਉਲੇਖਯੋਗ ਹਨ। ਸ. ਪੰਨੂੰ ਦਾ ਵਿਚਾਰ ਹੈ ਕਿ ਲਿਖ ਦਿੱਤੇ ਜਾਣ ਤੋਂ ਬਾਅਦ ਕੋਈ ਰਚਨਾ, ਮੂਲ ਲੇਖਕ ਦੀ ਨਹੀਂ ਰਹਿੰਦੀ ਬਲਕਿ ਪਾਠਕ ਦੀ ਬਣ ਜਾਂਦੀ ਹੈ। ਉਹ ਜਿਵੇਂ ਚਾਹੇ, ਇਸ ਨੂੰ ਵਰਤੇ, ਇਸ ਦਾ ਉਪਯੋਗ ਕਰੇ। ਗੰਗਾ ਦੇ ਪਾਣੀਆਂ ਵਾਂਗ ਗਿਆਨ-ਗੰਗਾ ਉੱਪਰ ਵੀ ਕਿਸੇ ਇਕ ਵਿਅਕਤੀ ਦਾ ਹੱਕ ਨਹੀਂ ਰਹਿੰਦਾ।
ਡਾ. ਪੰਨੂੰ ਵੱਖਰੀ ਕਿਸਮ ਦਾ ਲੇਖਕ ਹੈ। ਉਸ ਦੀਆਂ ਰਚਨਾਵਾਂ ਵਿਚ ਦਰਵੇਸ਼, ਫ਼ਕੀਰ, ਸਾਧੂ-ਸੰਤਦ, ਸਾਖੀਕਾਰ ਅਤੇ ਫਿਲਾਸਫ਼ਰ ਆਦਿ ਵਿਅਕਤੀ ਸੰਵਾਦ ਰਚਾਉਂਦੇ ਅਤੇ ਇਸ ਨੂੰ ਅੱਗੇ ਤੋਰਦੇ ਹਨ। ਉਹ ਪਟਿਆਲੇ ਦੇ ਭੂਤ-ਅਚਾਰਯ ਬਾਬਾ ਲਾਲੀ ਦੁਆਰਾ ਤੋਰੀ 'ਕਥਨ-ਪ੍ਰਾਕਥਨ' ਦੀ ਪਰੰਪਰਾ ਦਾ ਇਕ ਨਵਾਂ ਆਯਾਮ ਸਿਰਜਦਾ ਹੈ। ਉਹ ਹਾਜ਼ਰੀ ਦੇ ਨਾਲ-ਨਾਲ ਗ਼ੈਰ-ਹਾਜ਼ਰੀ ਦੇ ਪ੍ਰਵਚਨ ਨੂੰ ਵੀ ਜ਼ਬਾਨ ਦਿੰਦਾ ਹੈ। ਉਸ ਦੀਆਂ ਹੋਰ ਪੋਥੀਆਂ ਵਾਂਗ ਇਹ ਪੋਥੀ ਵੀ ਨਿੱਠ ਕੇ ਪੜ੍ਹਨ ਵਾਲੀ ਰਚਨਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

'ਧਰਤ ਪੁਆਧ' ਦਾ ਆਲੋਚਨਾਤਮਿਕ ਅਧਿਐਨ
ਲੇਖਿਕਾ : ਸੁਨੀਤਾ ਰਾਣੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 139
ਸੰਪਰਕ : 76529-40866

ਹਥਲੀ ਕਿਤਾਬ ਸੁਨੀਤਾ ਰਾਣੀ ਦਾ ਐਮ.ਫਿਲ. ਦਾ ਥੀਸਿਸ ਹੈ, ਜੋ ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਿਲ ਕੀਤੀ ਹੈ। ਇਸ ਕਿਤਾਬ ਵਿਚ ਸ. ਮਨਮੋਹਨ ਸਿੰਘ ਦਾਊਂ ਵਲੋਂ ਸੰਪਾਦਿਤ 'ਧਰਤ ਪੁਆਧ' ਦਾ ਮੁਲਾਂਕਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦਾਊਂ ਦੀ ਇਹ ਕਿਤਾਬ ਆਪਣੇ-ਆਪ ਵਿਚ ਇਕ ਵਡਮੁੱਲਾ ਖੋਜ ਕਾਰਜ ਹੈ, ਜਿਸ ਨੂੰ 2017 ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ 'ਪ੍ਰਿੰ. ਤੇਜਾ ਸਿੰਘ ਸਰਬੋਤਮ ਸੰਪਾਦਨ ਪੁਰਸਕਾਰ' ਪ੍ਰਦਾਨ ਕੀਤਾ ਜਾ ਚੁੱਕਾ ਹੈ। ਲੇਖਿਕਾ ਨੇ ਇਸ ਕਿਤਾਬ ਦੇ ਪੰਜ ਭਾਗ ਬਣਾਏ ਹਨ, ਜਿਨ੍ਹਾਂ ਵਿਚ ਕ੍ਰਮਵਾਰ 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦੀਆਂ ਭੂਗੋਲਿਕ ਸੀਮਾਵਾਂ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦੀ ਭਾਸ਼ਾ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦਾ ਇਤਿਹਾਸ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦਾ ਸੱਭਿਆਚਾਰ, 'ਧਰਤ ਪੁਆਧ' ਪੁਸਤਕ ਦੇ ਸੰਦਰਭ ਵਿਚ ਪੁਆਧ ਦੇ ਲੋਕ ਨਾਇਕ ਨਾਂਅ ਦੇ ਅਧਿਆਇ ਸ਼ਾਮਿਲ ਹਨ। ਇਸ ਤੋਂ ਇਲਾਵਾ ਮੁੱਢ ਵਿਚ ਸੁਨੀਤਾ ਰਾਣੀ ਵਲੋਂ ਲਿਖੀ ਭੂਮਿਕਾ ਅਤੇ ਅੰਤਕਾ ਵਜੋਂ ਪੁਸਤਕ ਸੂਚੀ ਦਰਜ ਹੈ। ਭਾਵੇਂ ਪੁਆਧ ਦੇ ਹੋਰ ਬਹੁਤ ਸਾਰੇ ਪੱਖਾਂ ਅਤੇ ਵਿਸ਼ਿਆਂ ਨੂੰ ਵੀ ਅਧਿਐਨ ਵਜੋਂ ਲਿਆ ਜਾ ਸਕਦਾ ਸੀ, ਪਰ ਲੇਖਿਕਾ ਨੇ ਇਸ ਕਾਰਜ ਨੂੰ 'ਧਰਤ ਪੁਆਧ' ਪੁਸਤਕ 'ਤੇ ਕੇਂਦਰਿਤ ਰੱਖਿਆ ਹੈ, ਹੋਰ ਵਿਸਤਾਰ ਵਿਚ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਆਪਣੀ ਇਸ ਪੁਸਤਕ ਦੀ ਭੂਮਿਕਾ ਵਿਚ ਸੁਨੀਤਾ ਰਾਣੀ ਨੇ ਕਿਤੇ ਵੀ ਇਹ ਸਪਸ਼ਟ ਨਹੀਂ ਕੀਤਾ ਕਿ 'ਧਰਤ ਪੁਆਧ' ਕਿਸ ਦੀ ਪੁਸਤਕ ਹੈ। ਉਸ ਨੇ ਕਿਤਾਬ ਦੇ ਲੇਖਕ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹਿਲੇ ਅਧਿਆਏ ਦੇ ਹਵਾਲੇ 'ਤੇ ਟਿੱਪਣੀਆਂ ਵਾਲੇ ਹਿੱਸੇ ਵਿਚ ਦਿੱਤੀ ਹੈ। ਪੁਸਤਕ ਦੀ ਅੰਤਕਾ (ਪੁਸਤਕ ਸੂਚੀ) ਵਿਚ ਇਸ ਕਿਤਾਬ ਦਾ ਕੋਈ ਵੇਰਵਾ ਨਹੀਂ ਮਿਲਦਾ। ਪਰੂਫ਼ ਰੀਡਿੰਗ ਦੀਆਂ ਗ਼ਲਤੀਆਂ (ਤਕਸ਼ਿਲਾ 10, ਬਲਬੀਰ 13, ਗ੍ਰੀਅਰਸਨ 15, ਡਿਸਕ੍ਰਿਪਟਿਵ ਗਰਾਮਰ ਆਗਫ ਪੰਜਾਬੀ 17, ਸੁਖਨਾ 19, ਲੋਪ 26, ਡਾ. ਪ੍ਰੇਮ ਪ੍ਰਕਾਸ਼ ਸਿੰਘ 31, ਰਾਓ 74, ਵਿਗਿਆਨੀ 77, ਪੁਆਧੀ ਸੱਥ 79, ਦੁਯੀ 94, ਸੁਤੰਤਰਤਾ 125, 112 ਆਦਿ) ਦੇ ਬਾਵਜੂਦ ਇਹ ਪੁਸਤਕ ਪੁਆਧ ਬਾਰੇ ਅਗਲੇਰੀ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਮੁੱਢਲੇ ਸਰੋਤ ਵਜੋਂ ਵਰਤੀ ਜਾ ਸਕਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

07-04-2024

ਬੌਰੀਆ ਕਬੀਲੇ ਦਾ ਸੱਭਿਆਚਾਰ
(ਅਤੀਤ ਅਤੇ ਵਰਤਮਾਨ)
ਲੇਖਕ : ਡਾ. ਮਨਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 151
ਸੰਪਰਕ : 98761-56679

ਸੱਭਿਆਚਾਰ 'ਸਭਯ' ਅਤੇ 'ਆਚਾਰ' ਦੇ ਸੁਮੇਲ ਤੋਂ ਬਣਿਆ ਸ਼ਬਦ ਹੈ, ਜਿਸ ਨੂੰ 'ਸੰਸਕ੍ਰਿਤੀ' ਅਤੇ 'ਕਲਚਰ' ਦੇ ਅਰਥ ਵਜੋਂ ਵਰਤਿਆ ਜਾਂਦਾ ਹੈ। ਕਬੀਲਾ ਸੱਭਿਆਚਾਰ ਵਿਚ ਕਬੀਲੇ ਦਾ ਇਕ ਸਾਂਝਾ ਇਲਾਕਾ, ਸਾਂਝੀ ਉਪਭਾਸ਼ਾ, ਸ਼ਾਸਨ ਤੇ ਨਿਆਂ ਪ੍ਰਬੰਧ ਹੁੰਦਾ ਹੈ ਅਤੇ ਇਸ ਵਿਚ ਅੰਤਰਰਾਜੀ ਵਿਆਹ, ਸਾਂਝੀਆਂ ਰੀਤਾਂ, ਰਸਮਾਂ, ਕਾਰਜ, ਵਿਰਸਾ ਅਤੇ ਮਨਾਹੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਵਿਚਾਰ ਅਧੀਨ ਪੁਸਤਕ ਡਾ. ਮਨਜੀਤ ਕੌਰ ਦਾ ਪੀ.ਐੱਚ.ਡੀ. ਪੱਧਰ ਦਾ ਖੋਜ-ਕਾਰਜ ਹੈ, ਜੋ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ ਹੈ। ਇਸ ਅਧਿਐਨ ਨੂੰ ਡਾ. ਮਨਜੀਤ ਕੌਰ ਨੇ 15 ਭਾਗਾਂ ਅਧੀਨ ਰੱਖ ਕੇ ਵਿਚਾਰਿਆ ਹੈ, ਜਿਸ ਦੇ ਅੰਤਰਗਤ ਕਬੀਲਾ ਸ਼ਬਦ ਦੀ ਪਰਿਭਾਸ਼ਾ ਤੇ ਸੱਭਿਆਚਾਰਕ ਪ੍ਰਬੰਧ, ਬੌਰੀਆ ਕਬੀਲੇ ਦਾ ਇਤਿਹਾਸਕ ਪਿਛੋਕੜ, ਵੱਖ-ਵੱਖ ਤਰ੍ਹਾਂ ਦੀਆਂ ਰੀਤਾਂ ਰਸਮਾਂ (ਜਨਮ, ਵਿਆਹ ਤੇ ਮੌਤ), ਧਰਮ ਪ੍ਰਬੰਧ, ਨਿਆਂ ਪ੍ਰਬੰਧ, ਰਿਸ਼ਤੇ-ਨਾਤੇ, ਭਾਸ਼ਾ ਪ੍ਰਬੰਧ, ਕੰਮ-ਧੰਦੇ, ਨਿਵਾਸ ਸਥਾਨ, ਪਹਿਰਾਵਾ ਤੇ ਖਾਣਪੀਣ, ਮਨੋਰੰਜਨ, ਲੋਕ ਕਲਾਵਾਂ, ਲੋਕ ਸਾਹਿਤ ਆਦਿ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਅੰਤ ਵਿਚ ਵਿਦੁਸ਼ੀ ਨੇ ਬੌਰੀਆ ਕਬੀਲੇ ਦੇ ਸਮਕਾਲੀ ਪਰਿਪੇਖ ਨੂੰ ਰੇਖਾਂਕਿਤ ਕੀਤਾ ਹੈ, ਜਿਸ ਵਿਚ ਉਸ ਨੇ ਸਿੱਟਾ ਕੱਢਿਆ ਹੈ ਕਿ ਪੰਜਾਬ ਦੇ ਬੌਰੀਆ ਕਬੀਲੇ ਦੇ ਸੱਭਿਆਚਾਰਕ ਜੀਵਨ ਧਰਾਤਲ ਦੇ ਵੱਖ-ਵੱਖ ਅੰਗਾਂ ਵਿਚ ਥੋੜ੍ਹੇ ਬਹੁਤ ਫ਼ਰਕ ਨਾਲ ਸੂਖਮ ਤਬਦੀਲੀ ਆਈ ਹੈ। ਸੁਚੇਤ ਪੱਧਰ 'ਤੇ ਇਹ ਤਬਦੀਲੀ ਸਮੇਂ ਦੇ ਬਦਲਣ ਨਾਲ ਆਈ ਹੈ, ਜਦ ਕਿ ਅਚੇਤ ਤੌਰ 'ਤੇ ਅਜੇ ਵੀ ਕਬੀਲਿਆਈ ਵਰਤਾਰਾ ਵਿਦਮਾਨ ਹੈ। ਸਮਕਾਲੀ ਦੌਰ ਵਿਚ ਬੌਰੀਆ ਕਬੀਲੇ ਦੇ ਸੱਭਿਆਚਾਰਕ ਜੀਵਨ ਵਿਚ ਆਈ ਤਬਦੀਲੀ ਪਿੱਛੇ ਸਮਾਜਿਕ, ਆਰਥਿਕ, ਰਾਜਨੀਤਕ, ਭੂਗੋਲਿਕ ਜੀਵਨ ਹਾਲਾਤਾਂ ਦੇ ਵਿਵਿਧ ਪਹਿਲੂਆਂ ਦੀ ਮਹੱਤਵਪੂਰਨ ਭੂਮਿਕਾ ਹੈ। ਬੌਰੀਆ ਕਬੀਲੇ ਦੇ ਸੱਭਿਆਚਾਰ ਨੂੰ ਅਤੀਤ ਤੇ ਵਰਤਮਾਨ ਪ੍ਰਸੰਗਾਂ ਵਿਚ ਸਮਝਣ, ਜਾਣਨ ਲਈ ਇਸ ਪੁਸਤਕ ਦਾ ਯੋਗਦਾਨ ਜ਼ਿਕਰਯੋਗ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਪੰਜਾਬ ਦੀ ਖੇਤੀ ਪ੍ਰਬੰਧਨ ਦੀ ਅੱਖ ਤੋਂ
ਲੇਖਕ : ਡਾ. ਅਮਨਪ੍ਰੀਤ ਸਿੰਘ ਬਰਾੜ
ਪ੍ਰਕਾਸ਼ਕ : ਸਪਤਰਿਸ਼ੀ ਪਬਲਿਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 131
ਸੰਪਰਕ : 96537-90000

ਖੇਤੀ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸੰਭਾਵਿਤ ਹੱਲ ਬਾਰੇ ਇਹ ਪੁਸਤਕ ਵਡਮੁੱਲੀ ਜਾਣਕਾਰੀ ਦਿੰਦੀ ਹੈ। ਇਸ ਦਾ ਲੇਖਕ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਅ ਰਿਹਾ ਹੈ। ਪਿੰਡਾਂ ਵਿਚ ਜਾ ਕੇ ਸੰਵਾਦ ਰਚਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਫੀਲਡ ਵਰਕ ਕਰ ਕੇ ਉਹ ਸਮੇਂ-ਸਮੇਂ 'ਤੇ ਇਨ੍ਹਾਂ ਸਮੱਸਿਆਵਾਂ ਬਾਰੇ ਆਪਣੇ ਖੋਜ ਭਰਪੂਰ ਲੇਖ ਪੰਜਾਬੀ ਦੇ ਪ੍ਰਸਿੱਧ ਅਖ਼ਬਾਰਾਂ ਨੂੰ ਭੇਜਦਾ ਰਹਿੰਦਾ ਹੈ। ਡਾ. ਸਤਿਬੀਰ ਸਿੰਘ ਗੋਸਲ ਵਾਇਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਪੁਸਤਕ ਦੀ ਭਰਪੂਰ ਪ੍ਰਸੰਸਾ ਕੀਤੀ ਹੈ। ਲੇਖਕ ਨੇ ਆਪਣੇ ਵਿਚਾਰਾਂ ਨੂੰ ਅੰਕੜੇ ਦੇ ਕੇ ਪ੍ਰਮਾਣਿਕ ਕੀਤਾ ਹੈ। ਇਸ ਪੁਸਤਕ ਵਿਚ ਅਨੇਕਾਂ ਸਮਕਾਲੀ ਸਮੱਸਿਆਵਾਂ 'ਤੇ ਬਰੀਕੀ ਵਿਚ ਫੋਕਸੀਕਰਨ ਕਰਨ ਕੀਤਾ ਗਿਆ ਹੈ, ਜਿਵੇਂ ਪੰਜਾਬ ਦੀ ਖੇਤੀ ਨੂੰ ਜਲ-ਸੰਕਟ, ਝੋਨੇ ਦੀ ਖੇਤੀ ਨਾਲ ਜੂਝ ਰਹੀ ਕਿਸਾਨੀ, ਕੀ ਫ਼ਸਲੀ ਚੱਕਰ ਨਾਲ ਮੁਸ਼ਕਿਲਾਂ ਹੱਲ ਹੋ ਸਕਦੀਆਂ ਨੇ, ਫ਼ਸਲਾਂ ਨਾਲ ਸੰਬੰਧਿਤ ਜੀ.ਐਮ. ਸਮੱਸਿਆਵਾਂ, ਭਾਰਤ ਦੀ ਅੰਨ ਸਥਿਤੀ ਵਿਚ ਪੰਜਾਬ ਦਾ ਅਹਿਮ ਯੋਗਦਾਨ, ਰਸਾਇਣਕ ਖਾਦਾਂ ਦਾ ਪ੍ਰਯੋਗ, ਮਿਲਟ ਸੰਬੰਧੀ ਚਿੰਤਨ, ਨੈਨੋ ਖਾਦਾਂ ਬਾਰੇ, ਸਿਹਤ ਬਨਾਮ ਪ੍ਰੋਸੈਸਡ ਫੂਡ, ਮਾਰਕੀਟਿੰਗ ਬਨਾਮ ਕੰਟਰੈਕਟ ਕਾਸ਼ਤ, ਲਾਭਦਾਇਕ ਮੰਡੀਕਰਨ ਕਿਵੇਂ ਕੀਤਾ ਜਾ ਸਕਦਾ ਹੈ? ਕਿਸਾਨ ਦਾ ਹੱਕ-ਐਮ.ਐਸ.ਪੀ.? ਖੇਤੀ ਰਿਸਰਚ ਵਿਚ ਨਿੱਜੀ ਕੰਪਨੀਆਂ ਦੀ ਭਾਈਵਾਲੀ? ਕਾਰਬਨ-ਕਿਸਾਨਾਂ ਲਈ ਦੁਖਦਾਇਕ ਜਾਂ ਸੁਖਦਾਇਕ ਇਤਿਆਦਿ। ਇਸ ਪੁਸਤਕ ਵਿਚ ਪੰਜਾਬ ਦੇ ਪਾਣੀ ਦੇ ਹੇਠਾਂ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਫ਼ਸਲਾਂ ਦੀ ਬਰਾਮਦ ਵਿਚ ਸਰਕਾਰੀ ਏਜੰਸੀਆਂ, ਮਾਰਕਫੈੱਡ, ਪੰਜਾਬ ਐਗਰੋ ਨੂੰ ਸਹਿਯੋਗ ਦੇਣ ਦਾ ਸੁਝਾਅ ਦਿੱਤਾ ਗਿਆ ਹੈ।
ਨਵਾਂ ਕਰਾਪਿੰਗ ਪੈਟਰਨ ਬਣਾਉਣ ਦੀ ਲੋੜ ਹੈ। ਇਸ ਵਿਚ ਸਵੈ-ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਸਲਾਹ ਕੀਤੀ ਜਾਣੀ ਚਾਹੀਦੀ ਹੈ। ਬਹੁਤਾ ਧਿਆਨ ਤਕਨੀਕੀ ਖੇਤੀ ਵੱਲ ਹੋਣਾ ਸਮੇਂ ਦੀ ਲੋੜ ਹੈ। ਜੀ.ਐਮ. ਖਾਧ ਪਦਾਰਥ (ਜਿਵੇਂ ਸੇਬ, ਚਾਵਲ) ਦੀ ਆਗਿਆ ਤਾਂ ਹੀ ਦਿੱਤੀ ਜਾਵੇ ਜੇਕਰ ਹਰ ਪਦਾਰਥ 'ਤੇ ਲਿਖਿਆ ਹੋਵੇ ਕਿ ਇਹ ਪਦਾਰਥ ਜੀ.ਐਮ. ਫ਼ਸਲ ਦੀ ਉਪਜ ਤੋਂ ਹੋਂਦ 'ਚ ਆਇਆ ਹੈ।
ਤਕਨੀਕੀ ਖੇਤੀ ਕਾਰਨ ਕੁਆਲਿਟੀ ਚੈੱਕ ਪ੍ਰਯੋਗਸ਼ਾਲਾਵਾਂ ਖੋਲ੍ਹੀਆਂ ਜਾਣ। ਮੋਟੇ ਅਨੇਜਾਂ ਦੀ ਵਰਤੋਂ ਆਟਾ, ਖਿਚੜੀ, ਦਲੀਆ ਬਣਾ ਕੇ ਕਰਨੀ ਚਾਹੀਦੀ ਹੈ। ਨੈਨੋ ਖਾਦਾਂ ਦੀ ਕੁਸ਼ਲਤਾ ਬਾਰੇ ਮਾਹਿਰਾਂ ਨੂੰ ਸੋਚਣਾ ਚਾਹੀਦਾ ਹੈ। ਪ੍ਰੋਸੈੱਸਡ ਫੂਡ ਦੀ ਘੋਖ ਕਰਨ ਦੀ ਲੋੜ ਹੈ। ਕਿਸਾਨ ਜੋ ਐਮ.ਐਸ.ਪੀ. ਦਾ ਕਾਨੂੰਨੀ ਹੱਕ ਮੰਗਦੇ ਹਨ, ਅਸਲ ਵਿਚ ਕੰਟ੍ਰੈਕਟ ਖੇਤੀ ਤੋਂ ਇਕ ਕਦਮ ਅਗੇਰਾ ਪ੍ਰਤੀਤ ਹੁੰਦਾ ਹੈ। ਅਜੋਕੇ ਬੀ.ਕਾਮ, ਬੀ.ਬੀ.ਏ., ਐਮ.ਬੀ.ਏ. ਦੇ ਵਿਦਿਆਰਥੀ ਬਿਜ਼ਨਸ ਪਲੈਨ ਬਣਾਉਣ ਤੋਂ ਅਸਮਰੱਥ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਫਲ਼ਾਂ ਅਤੇ ਸਬਜ਼ੀਆਂ ਵਾਲੇ ਕਿਸਾਨਾਂ ਨੂੰ ਓਨੇ ਪੈਸੇ ਨਹੀਂ ਮਿਲਦੇ ਜਿੰਨੇ ਵਪਾਰੀ ਨੂੰ ਮਿਲਦੇ ਹਨ। ਸਰਕਾਰ ਨੂੰ ਆਪਣਾ ਖੋਜ ਕੇਂਦਰ ਬਿਗਾਨੇ ਹੱਥਾਂ ਵਿਚ ਦੇਣ ਦੀ ਲੋੜ ਨਹੀਂ। ਵਾਤਾਵਰਨ ਦਾ ਸੰਤੁਲਨ ਰੱਖਣਾ ਸਮੇਂ ਦੀ ਸਖ਼ਤ ਲੋੜ ਹੈ। ਇਹ ਕਿਤਾਬ ਖੇਤੀ ਸੰਬੰਧੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਵਾਂ ਦਾ ਵਿਹਾਰਕ ਦਸਤਾਵੇਜ਼ ਹੋ ਨਿੱਬੜੀ ਹੈ। ਲੇਖਕ ਵਧਾਈ ਦਾ ਪਾਤਰ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਪੋਹਲੀ ਦੇ ਫੁੱਲ
ਲੇਖਕ : ਧਰਮ ਕੰਮੇਆਣਾ
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 175 ਰੁਪਏ, ਸਫ਼ੇ : 121
ਸੰਪਰਕ : 91158-72450

'ਪੋਹਲੀ ਦੇ ਫੁੱਲ' (ਗੀਤ ਸੰਗ੍ਰਹਿ) ਦੇ ਲੇਖਕ ਮੰਨੇ ਪ੍ਰਮੰਨੇ ਧਰਮ ਕੰਮੇਆਣਾ ਹਨ, ਜਿਨ੍ਹਾਂ ਨੇ ਕਾਵਿ-ਸੰਗ੍ਰਹਿ, ਗੀਤ-ਸੰਗ੍ਰਹਿ, ਕਾਵਿ-ਨਾਟਕ, ਵਾਰਤਕ, ਸਵੈ-ਜੀਵਨੀ, ਨਾਵਲ, ਬਾਲ ਸਾਹਿਤ, ਸਫ਼ਰਨਾਮਾ, ਮਿੰਨੀ ਕਹਾਣੀਆਂ, ਖੋਜ ਪੁਸਤਕਾਂ ਲਿਖੀਆਂ ਹਨ। ਪੰਜਾਬੀ ਸਾਹਿਤ ਦੇ ਖੇਤਰ ਵਿਚ ਧਰਮ ਕੰਮੇਆਣਾ ਨੇ ਹਰ ਵਿਧਾ 'ਤੇ ਹੱਥ ਅਜ਼ਮਾ ਕੇ ਲੇਖਕਾਂ ਦੀ ਪਹਿਲੀ ਕਤਾਰ ਵਿਚ ਖੜ੍ਹੇ ਹੋ ਜਾਣਾ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ। ਸਾਲ 1978 ਤੋਂ ਲੈ ਕੇ ਲਗਾਤਾਰ ਕਲਮ ਘਸਾਉਣਾ ਅਸਾਨ ਗੱਲ ਨਹੀਂ ਹੁੰਦੀ ਸੋ ਲੇਖਕ ਪ੍ਰਸੰਸਾ ਦਾ ਹੱਕਦਾਰ ਹਨ। ਇਸ ਪੁਸਤਕ ਵਿਚ ਲੇਖਕ ਨੇ 99 ਗੀਤ ਲਿਖੇ ਹਨ। ਧਰਮ ਕੰਮੇਆਣਾ ਦੇ ਲਿਖੇ ਗੀਤਾਂ ਨੂੰ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਵਿਚ ਗਾਇਆ ਵੀ ਹੈ। ਲੇਖਕ ਦੀ ਇਕ ਖਾਸੀਅਤ ਹੈ ਕਿ ਉਹ ਲੱਚਰ ਗੀਤਾਂ ਤੋਂ ਕੋਹਾਂ ਦੂਰ ਤਹਿ ਕੇ ਸੱਭਿਆਚਾਰਕ ਗੀਤ ਲਿਖੇ। ਇਸ ਦੇ ਗੀਤਾਂ ਦੇ ਵਿਚੋਂ ਪੰਜਾਬ ਦੇ ਵਿਰਸੇ ਦੀ ਝਲਕ ਵੀ ਵਿਖਾਈ ਦਿੰਦੀ ਹੈ। ਇਨ੍ਹਾਂ ਦੇ ਗੀਤਾਂ ਬਾਰੇ ਜਿੰਨਾ ਵੀ ਕਹਿ ਲਿਆ ਜਾਵੇ ਉਹ ਥੋੜ੍ਹਾ ਹੈ ਬਲਕਿ ਇਨ੍ਹਾਂ ਦੇ ਲਿਖੇ ਗੀਤ ਆਪਣੇ ਮੂੰਹੋਂ ਆਪ ਹੀ ਬੋਲਦੇ ਹਨ। ਇਨ੍ਹਾਂ ਦੇ 3 ਗੀਤ ਸੰਗ੍ਰਹਿ ਪਹਿਲਾਂ ਵੀ ਆ ਚੁੱਕੇ ਹਨ। ਇਨ੍ਹਾਂ ਨੇ ਸਵੈ-ਜੀਵਨੀ ਦੇ ਵਿਚ 'ਮੇਰੀ ਗੀਤਕਾਰੀ ਦਾ ਸਫ਼ਰ' ਵਿਚ ਬਹੁਤ ਕੁਝ ਦੱਸ ਕੇ ਆਪਣੀ ਬਣੀ ਪਛਾਣ ਦਰਸਾਈ ਹੈ। ਕਾਵਿ-ਸੰਗ੍ਰਹਿ ਦੀਆਂ 13 ਪੁਸਤਕਾਂ ਲਿਖ ਕੇ ਇਨ੍ਹਾਂ ਨੇ ਪਾਠਕਾਂ ਦੀ ਝੋਲੀ ਪਾਈਆਂ ਹਨ। ਬਾਲ ਸਾਹਿਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਪ੍ਰੰਤੂ ਇਸ 'ਤੇ ਵੀ ਉਨ੍ਹਾਂ ਨੇ 8 ਪੁਸਤਕਾਂ ਲਿਖੀਆਂ ਹਨ। ਜਦੋਂ ਗੱਲ ਇਨ੍ਹਾਂ ਦੀ ਗੀਤਕਾਰੀ ਦੀ ਕਰੀਏ ਤਾਂ ਇਹੀ ਕਹਿ ਸਕਦੇ ਹਾਂ ਕਿ ਧਰਮ ਕੰਮੇਆਣਾ ਕੋਲ ਸ਼ਬਦਾਂ ਦਾ ਭੰਡਾਰ ਹੈ ਅਤੇ ਉਸ ਦੇ ਕੰਨ ਤੇ ਅੱਖਾਂ ਪੂਰੀ ਤਰ੍ਹਾਂ ਖੁੱਲ੍ਹੀਆਂ ਹਨ, ਜਿਨ੍ਹਾਂ ਦੀ ਝਲਕ ਇਨ੍ਹਾਂ ਦੇ ਗੀਤਾਂ ਵਿਚੋਂ ਦੇਖਣ ਨੂੰ ਮਿਲਦੀ ਹੈ। ਵੰਨ-ਸੁਵੰਨੇ, ਵੱਖ-ਵੱਖ ਵਿਸ਼ੇ ਲੈ ਕੇ ਗੀਤ ਲਿਖ ਕੇ ਇਨ੍ਹਾਂ ਕਾਫ਼ੀ ਨਾਮਣਾ ਖੱਟਿਆ ਹੈ, ਗੀਤਾਂ ਦੇ ਵਿਚੋਂ ਨੀ ਜਿੰਦੇ, ਵਿਚ ਪ੍ਰਦੇਸਾਂ ਦੇ, ਪੰਜਾਬੀ (ਭਾਸ਼ਾ), ਸ਼ੀਸ਼ੇ ਨੂੰ, ਪੰਜਾਬ-92, ਕਬਰਾਂ ਦਾ ਸਿਰਨਾਵਾਂ, ਗਵਾਚੇ ਹੋਏ ਬੋਲ, ਸੁਣ ਵੇ ਪਿੱਪਲਾ, ਮਾਹੀ ਵੇ ਦਿਲ ਨੂੰ ਟੁੰਬਦੇ ਹਨ।

-ਬਲਵਿੰਦਰ ਸਿੰਘ ਸੋਢੀ (ਮਰੀਹੇੜੀ)
ਮੋਬਾਈਲ : 092105-88990

ੴ ਜਿਤੁ ਬਹਿ ਸਰਬ ਸਮਾਲੇ
ਲੇਖਕ : ਡਾ. ਸੁਰਜੀਤ ਸਿੰਘ ਕੁੰਜਾਹੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 450 ਰੁਪਏ, ਸਫ਼ੇ : 216
ਸੰਪਰਕ : 098105-80870

ਵਿਦਵਾਨ ਲੇਖਕ ਡਾ. ਸੁਰਜੀਤ ਸਿੰਘ ਕੁੰਜਾਹੀ, ਬਹੁ-ਵਿਧਾਈ ਲੇਖਕ ਹਨ। ਉਨ੍ਹਾਂ ਦੀ ਪੁਰਜ਼ੋਰ ਕਲਮ ਹੁਣ ਤੱਕ 12 ਨਾਯਾਬ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁੱਕੀ ਹੈ। ਇਹ ਪੁਸਤਕਾਂ ਵੱਖ-ਵੱਖ ਸਾਹਿਤਕ ਵਿਧਾਵਾਂ ਨਾਲ ਵਾਬਸਤਾ ਹਨ ਜਿਵੇਂ ਕਹਾਣੀਆਂ, ਨਾਵਲ ਅਤੇ ਅਦਬੀ ਲੇਖ। ਪੰਜਾਬੀ ਕਾਵਿ-ਕਲਾ ਦੇ ਖੇਤਰ ਵਿਚ ਵੀ ਉਨ੍ਹਾਂ ਕੰਮ ਕੀਤਾ ਹੈ। ਉਨ੍ਹਾਂ ਨੇ ਤਿੰਨ ਕਿਤਾਬਾਂ ਅੰਗਰੇਜ਼ੀ ਭਾਸ਼ਾ ਵਿਚ ਵੀ ਲਿਖੀਆਂ ਹਨ। ਵਿਚਾਰ ਹੇਠਲੀ ਪੁਸਤਕ, ਉਨ੍ਹਾਂ ਦੇ ਵਿਵਿਧ ਲੇਖਾਂ ਦਾ ਕੀਮਤੀ ਸੰਗ੍ਰਹਿ ਹੈ। ਪੁਸਤਕ ਵਿਚ ਕੁੱਲ 24 ਲੇਖ ਸ਼ਾਮਿਲ ਹਨ, ਜਦ ਕਿ ਅੰਤਲਾ ਲੇਖ ਉਨ੍ਹਾਂ ਦੇ ਮੁਢਲੇ ਜੀਵਨ ਬਾਰੇ ਹੈ। ਇਨ੍ਹਾਂ ਲੇਖਾਂ ਦੀ ਪੁਸਤਕ ਦੀ ਪ੍ਰਕਾਸ਼ਨਾ ਦਾ ਮੁੱਖ ਮਨੋਰਥ ਮਨੁੱਖੀ ਹਿਰਦਿਆਂ ਨੂੰ ਅਗੰਮੀ ਰਸ ਪ੍ਰਦਾਨ ਕਰਨਾ ਹੈ। ਪੁਸਤਕ ਦੇ ਪਹਿਲੇ ਲੇਖ ਰਾਹੀਂ ਕੋਰੋਨਾ ਕਾਲ ਦੀ ਤ੍ਰਾਸਦੀ ਦਾ ਵਰਨਣ ਕਰਦਿਆਂ ਅਜਿਹੀਆਂ ਆਫ਼ਤਾਂ ਤੋਂ ਬਚਾਓ, ਗੁਰਮਤਿ ਸਿਧਾਂਤਾਂ ਦੇ ਅਨੁਸਾਰੀ ਹੋ ਕੇ ਵਿਚਰਨ ਵਿਚ ਹੀ ਨਿਹਿਤ ਦੱਸਿਆ ਗਿਆ ਹੈ। ਦੂਜਾ ਲੇਖ ਹਵਾਈ ਫ਼ੌਜ ਦੇ ਅਧਿਕਾਰੀ ਡਾ. ਸੁਰਜੀਤ ਸਿੰਘ ਭਾਟੀਆ ਅਤੇ ਡਾ. ਕੁੰਜਾਹੀ ਦੀ ਸਾਂਝੀ ਰਚਨਾ ਹੈ। ਲੇਖ ਮਨੁੱਖੀ ਜੀਵਨ ਦੀ ਨਾਸ਼ਮਾਨਤਾ ਨੂੰ ਉਜਾਗਰ ਕਰਦਾ ਹੈ। ਚੁੱਪ-ਚੁਪੀਤੇ ਸਾਂਝ ਸਵੇਰੇ 'ਆਜ਼ਾਦ ਹਿੰਦ ਫ਼ੌਜ' ਦੀ ਆਜ਼ਾਦੀ ਸੰਗ੍ਰਾਮ ਦੌਰਾਨ ਦੇਣ ਦਾ ਉਲੇਖ ਕਰਦਾ ਹੋਇਆ ਮੌਜੂਦਾ ਆਪਾਧਾਪੀ ਦੇ ਦੌਰ 'ਚੋਂ ਨਿਜਾਤ ਪਾਉਣ ਦਾ ਸੁਨੇਹਾ ਹੈ। (ਪੰਨਾ 38), 'ਜੁਗ ਪਰਿਵਰਤਨ' ਲੇਖ ਮਨੁੱਖੀ ਰਿਸ਼ਤਿਆਂ ਦੀ ਟੁੱਟ-ਭੱਜ ਦੇ ਦੁਖਾਂਤ 'ਚੋਂ ਬਾਹਰ ਆਉਣ ਦਾ ਸੁਨੇਹੜਾ ਦਿੰਦਾ ਹੈ।
'ਧਰਤੀ ਤੋਂ ਸਾਰੀਆਂ ਵਲਗਣਾਂ ਤੇ ਲੱਗੀਆਂ ਤਾਰਾਂ ਬੁੱਤੀਆਂ ਤੋਂ ਛੁਟਕਾਰਾ ਬਖਸ਼।' (ਪੰਨਾ 42)
'ਕੁਝ ਖ਼ਾਸ ਮਾਨਵ-ਵੰਨਗੀਆਂ' ਸਿਰਲੇਖ ਵਾਲੇ ਲੇਖ ਰਾਹੀਂ ਮਨੁੱਖੀ ਜੀਵਨ ਦੀਆਂ ਵੱਖ-ਵੱਖ ਕਲਾਵਾਂ ਦਾ, ਭਾਵਪੂਰਤ ਬਿਰਤਾਂਤ ਹੈ।
ਕੁਝ ਲੇਖ ਨਿਰੋਲ ਗੁਰਮਤਿ ਵਿਚਾਰਧਾਰਾ ਨੂੰ ਰੂਪਮਾਨ ਕਰਨ ਵਾਲੇ ਹਨ ਜਿਵੇਂ 'ਗੁਰਮਤਿ ਸਿਧਾਂਤ ਤੇ ਮਾਨਵ ਜੀਵਨ', 'ਕਾਦਰੀ ਨਿਜ਼ਾਮ ਵਿਚ ਮਨੁੱਖ', 'ਕੂੜਿ ਕੂੜੈ ਨੇਹੁ ਲੱਗਾ ਵਿਸਰਿਆ ਕਰਤਾਰੁ', 'ਆਤਮ-ਸ਼ੀਸ਼ਾ', 'ਹਉਮੈ ਦੀਰਘ ਰੋਗੁ ਹੈ', 'ਕੂੜੁ ਫਿਰੈ ਪਰਧਾਨੁ ਵੇ ਲਾਲੋ', 'ਬਾਬਾ ਬਿਖੁ ਦੇਖਿਆ ਸੰਸਾਰੁ', 'ਨਾਵੈ ਕੈ ਰੰਗਿ' ਆਦਿ। ਦੂਜੇ ਭਾਗ ਦੇ ਸਾਰੇ ਦੇ ਸਾਰੇ 'ਲੇਖ ਗੁਰਮਤਿ ਗਿਆਨ ਦੀ ਵਿਆਖਿਆ ਕਰਦੇ ਹਨ, ਨਾਲ ਹੀ ਕੁਝ ਧਾਰਮਿਕ ਕਵਿਤਾਵਾਂ ਵੀ ਹਨ। ਪਹਿਲੇ ਭਾਗ ਵਿਚ ਵੀ ਕੁਝ ਮਿਆਰੀ ਕਾਵਿਕ ਵੰਨਗੀਆਂ ਸ਼ਾਮਿਲ ਹਨ। ਸਿੱਖੀ ਦੇ ਤਮਾਮਤਰ ਸਿਧਾਂਤਾਂ, ਸੰਸਕਾਰਾਂ, ਸੰਸਥਾਵਾਂ, ਮਰਿਆਦਾ, ਗੁਰੂਘਰਾਂ ਸੰਬੰਧੀ ਵਿਵਰਣ ਹੈ, ਨਾਲ ਹੀ ਕੁਝ ਸੁਝਾਓ ਵੀ ਹਨ ਜਿਵੇਂ ਨਗਰ ਕੀਰਤਨਾਂ ਲਈ ਗੇਟ ਬਣਾਉਣੇ ਬੰਦ ਹੋਣ। 'ਲਾਊਡ ਸਪੀਕਰਾਂ ਦੀ ਵਰਤੋਂ ਨਾ ਕੀਤੀ ਜਾਵੇ।' (ਪੰਨਾ 135)
ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਬਿਰਤਾਂਤ (ਸਮੇਤ ਕਾਵਿਕ ਰਚਨਾਵਾਂ) ਅੰਤਲੇ ਲੇਖਾਂ ਦੀ ਜ਼ੀਨਤ ਹਨ। ਲੇਖਕ ਅਨੁਸਾਰ ਸ੍ਰੀ ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ, ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਵੱਲ ਇਕ ਸਾਰਥਕ ਕਦਮ ਹੈ।
'ਗਰਭ ਵਿਚ ਜੀਵਨ ਪ੍ਰਵੇਸ਼' (ਪੰਨਾ 113) ਅਤੇ 'ਜਨੇਪਾ-ਮਮਤਾ ਅਤੇ ਆਂਦਰਾਂ' ਸ਼ਾਹਕਾਰ ਲੇਖ ਹਨ। ਗੁਰਬਾਣੀ ਦੇ ਅਨੇਕ ਢੁਕਵੇਂ ਪ੍ਰਮਾਣ ਦਿੱਤੇ ਗਏ ਹਨ।

ਪੁਸਤਕ ਹਰ ਪੱਖੋਂ ਪੜ੍ਹਨ ਅਤੇ ਵਿਚਾਰਨਯੋਗ ਤਖ਼ਲੀਕ ਹੈ।
-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਸਾਡਾ ਇਤਿਹਾਸ
ਲੇਖਿਕਾ : ਡਾ. ਇਕਬਾਲ ਕੌਰ ਸੌਂਦ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 84
ਸੰਪਰਕ : 96462-37373

ਡਾ. ਇਕਬਾਲ ਕੌਰ ਸੌਂਦ ਦੀ ਪੁਸਤਕ 'ਸਾਡਾ ਇਤਿਹਾਸ' ਸਮੁੱਚੇ ਲੇਖਕ ਭਾਈਚਾਰੇ ਨੂੰ ਅਖੌਤੀ ਨਿਰਪੱਖਤਾ ਤਿਆਗ ਕੇ ਇਕ ਧਿਰ ਨਾਲ ਖੜ੍ਹਨ ਲਈ ਵੰਗਾਰਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਗੁਰੂ ਨਾਨਕ ਦੇਵ ਜੀ ਵੀ ਨਿਰਪੱਖ ਹੁੰਦੇ ਤਾਂ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਦੇ ਘਰੇ ਦੋ ਰੋਟੀਆਂ ਖਾਧੀਆਂ ਸਨ, ਉੱਥੇ ਦੋ ਪੂਰੀਆਂ ਮਲਕ ਭਾਗੋ ਦੇ ਭੰਡਾਰੇ ਵਿਚ ਵੀ ਖਾ ਲੈਣੀਆਂ ਸਨ। ਜੇਕਰ ਉਨ੍ਹਾਂ ਨੇ ਇਕ ਪਾਸੇ ਖੜ੍ਹਨ ਨੂੰ ਤਰਜੀਹ ਦਿੱਤੀ ਤਾਂ ਸਾਨੂੰ ਵੀ ਇਸ ਤੋਂ ਘਬਰਾਹਟ ਨਹੀਂ ਹੋਣੀ ਚਾਹੀਦੀ:
ਭਾਗੋ ਮੁੜ ਮੁੜ ਸੱਦੇ ਦੇਵੇ,
ਮਹਿਲ ਮਾੜੀਆਂ ਸੱਜੇ ਜਿਹਦੇ,
ਉਹ ਲਾਲੋ ਦਾ ਬੂਹਾ ਖੋਲ੍ਹਦਾ।
ਧੰਨ ਬਾਬਾ ਨਾਨਕ...।
ਫੇਸਬੁੱਕ ਦੀ ਆਦਤ ਨੇ ਸਾਡੇ ਆਲੇ-ਦੁਆਲੇ ਨੂੰ ਜਿਸ ਹੱਦ ਤੱਕ ਪ੍ਰਭਾਵਿਤ ਕੀਤਾ ਹੈ, ਉਹ ਬਾਰੇ ਵੀ ਡਾ. ਇਕਬਾਲ ਕੌਰ ਪੂਰੀ ਤਰ੍ਹਾਂ ਸੁਚੇਤ ਹਨ। ਇਕ ਛੱਤ ਦੇ ਹੇਠਾਂ ਬੈਠੇ ਹੋਣ ਦੇ ਬਾਵਜੂਦ ਵੀ ਅਸੀਂ ਸਭ ਇਕੱਠੇ ਦਿਖਾਈ ਨਹੀਂ ਦਿੰਦੇ। ਸਾਰੇ ਕੰਮ-ਧੰਦੇ ਛੱਡ ਕੇ ਅਸੀਂ ਹੁਣ ਕੇਵਲ ਫੇਸਬੁੱਕ ਜੋਗੇ ਹੀ ਰਹਿ ਗਏ ਹਾਂ। ਪੁਸਤਕ ਸੱਭਿਆਚਾਰ ਲਈ ਵੀ ਇਹ ਬੜੀ ਵੱਡੀ ਚੁਣੌਤੀ ਬਣ ਚੁੱਕੀ ਹੈ, ਜਿਸ ਨੂੰ ਡਾ. ਸੌਂਦ ਭਲੀ-ਭਾਂਤ ਮਹਿਸੂਸ ਕਰਦੇ ਹਨ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ:
ਹਰ ਧਿਰ ਨੁੱਕਰੋ ਨੁੱਕਰੀ ਬਹਿ ਗਈ,
ਰੂਹ ਤਾਂ ਫੇਸਬੁੱਕ ਵਿਚ ਲਹਿ ਗਈ।
ਰੀਸੋ ਰੀਸੀ ਸਭ ਵਧ ਰਹੇ ਅੱਗੇ,
ਕੀ ਜਾਨਣ ਇਹ ਗਏ ਨੇ ਠੱਗੇ।
ਡਾ. ਇਕਬਾਲ ਕੌਰ ਸੌਂਦ ਦੀ ਇਸ ਪੁਸਤਕ ਵਿਚ ਸ਼ਾਮਿਲ ਅੰਤਰੀਵ ਲੰਗਾਰ, ਸੱਚ ਚੰਦਰਮਾ, ਜੰਗ, ਕਲਾ ਦੀ ਮੌਤ, ਕੁਦਰਤ, ਨਵੀਂ ਚੇਤਨਾ, ਲਖੀਮਪੁਰ, ਮਾਂ ਦਾ ਇਤਿਹਾਸ, ਮਾਂ ਬੋਲੀ, ਪੰਜਾਬੀ ਵਿਰਸਾ ਅਤੇ ਹਰ ਨਾਰੀ ਪਰਉਪਕਾਰੀ ਹੈ ਆਦਿ ਕਵਿਤਾਵਾਂ ਵੀ ਪਾਠਕ ਦੇ ਮਨ ਨੂੰ ਟੁੰਬਦੀਆਂ ਹਨ। ਕਾਵਿ ਨਾਟ 'ਧਰਤੀ ਦਾ ਸੱਚ' ਵੀ ਬੜਾ ਅਰਥਪੂਰਨ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀਆਂ ਦਸ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦਾ ਇਹ ਉਪਰਾਲਾ ਵੀ ਬੜਾ ਸ਼ਲਾਘਾਯੋਗ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ : 98146-28027

ਮੇਰੇ ਸਫ਼ਰਨਾਮੇ
ਲੇਖਕ : ਸੀ. ਮਾਰਕੰਡਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 650 ਰੁਪਏ, ਸਫ਼ੇ : 422
ਸੰਪਰਕ : 94172-72161

ਪੰਜਾਬੀ ਸਾਹਿਤ ਵਿਚ ਲੇਖਕ ਸੀ. ਮਾਰਕੰਡਾ ਇਕ ਗੂੜ੍ਹਾ ਹਸਤਾਖ਼ਰ ਹੈ। ਉਸ ਦੀ ਸਾਧਨਾ ਲੰਮੀ ਹੈ ਜਿਸ ਕਾਰਨ ਉਸ ਨੂੰ ਸਮਰਥ ਕਵੀ, ਸੰਪਾਦਕ, ਅਨੁਵਾਦਕ, ਅਧਿਆਪਕ, ਪੱਤਰਕਾਰ ਤੇ ਸਮੀਖਿਅਕ ਕਰਕੇ ਜਾਣਿਆ ਜਾਂਦਾ। ਉਹ ਪ੍ਰਗਤੀਵਾਦੀ ਹੈ, ਪਰੰਪਰਾ ਦੇ ਅਰਥ ਸਮਝਣ ਵਾਲਾ ਵਿਗਿਆਨਕ ਦ੍ਰਿਸ਼ਟੀ ਦਾ ਧਾਰਨੀ। ਇਸ ਸਫ਼ਰਨਾਮਾ ਗ੍ਰੰਥ ਤੋਂ ਪਹਿਲਾਂ 7 ਕਾਵਿ-ਸੰਗ੍ਰਹਿ, ਇਕ ਸ਼ਬਦ ਚਿੱਤਰ, ਦੋ ਆਲੋਚਨਾ ਪੁਸਤਕਾਂ, ਤਿੰਨ ਅਨੁਵਾਦ ਕਾਰਜ, ਸੰਪਾਦਨਾ ਦੀਆਂ ਦੋ ਪੁਸਤਕਾਂ ਅਤੇ ਹੋਰ ਰਚਨਾਵਾਂ ਰਾਹੀਂ ਨਿੱਗਰ ਸਾਹਿਤ-ਸਿਰਜਣਾ ਕੀਤੀ। ਪੰਜਾਬੀ ਸਾਹਿਤ ਵਿਚ ਸਫ਼ਰਨਾਮਾ ਵਿਧੀ ਨੂੰ ਬਹੁਤ ਮਾਨਤਾ ਮਿਲੀ। ਹਰ ਕੋਈ ਨਵੀਆਂ ਥਾਵਾਂ ਬਾਰੇ ਜਾਨਣ ਦੀ ਪ੍ਰਵਿਰਤੀ ਰੱਖਦਾ। ਇਹ ਨਵਾਂ ਜਾਨਣ ਦੀ ਇੱਛਾ ਹੀ ਮਨੁੱਖ ਨੂੰ ਨਵੇਂ-ਨਵੇਂ ਭੂ-ਖੰਡਾਂ ਦੀ ਯਾਤਰਾ ਕਰਨ ਲਈ ਤੋਰਦੀ। ਮਨੁੱਖ ਦੇ ਪੈਰ ਤੁਰਨ ਦਾ ਨਾਂਅ ਹੀ ਸਫ਼ਰਨਾਮਾ ਹੈ। ਲਾਲ ਸਿੰਘ ਕਮਲਾ ਅਕਾਲੀ ਦਾ 1930 'ਚ ਛਪਿਆ 'ਮੇਰਾ ਵਲੈਤੀ ਸਫ਼ਰਨਾਮਾ' ਇਸ ਵਿਧਾ ਦਾ ਮੁਢਲਾ ਉੱਦਮ ਮੰਨਿਆ ਜਾਂਦਾ ਹੈ, ਉਸ ਤੋਂ ਬਾਅਦ ਲਿਖੇ ਗਏ ਅਤੇ ਲਿਖੇ ਜਾ ਰਹੇ ਸਫ਼ਰਨਾਮਿਆਂ ਦੀ ਲੰਮੀ ਸੂਚੀ ਹੈ। ਸਫ਼ਰਨਾਮੇ ਨੇ ਜਿੱਥੇ ਭਾਸ਼ਾ ਨੂੰ ਅਮੀਰ ਕੀਤਾ, ਉਥੇ ਫੋਟੋਗ੍ਰਾਫ਼ੀ ਦੇ ਦਿਸਹੱਦਿਆਂ ਨੂੰ ਵੀ ਵਿਸਥਾਰਤ ਕੀਤਾ ਹੈ। ਫੋਟੋ ਹਰ ਕਿਸੇ ਨੂੰ ਇਕੋ ਝਲਕ 'ਚ ਬਹੁਤ ਕੁਝ ਵਿਖਾ ਦਿੰਦੀ ਹੈ। ਸੀ. ਮਾਰਕੰਡਾ ਨੇ ਕਿਸੇ ਕਾਰਨਵੱਸ ਇਸ ਪੁਸਤਕ ਵਿਚ ਫੋਟੋਆਂ/ਤਸਵੀਰਾਂ ਅੰਕਿਤ ਨਹੀਂ ਕੀਤੀਆਂ ਪਰੰਤੂ ਉਸ ਦੀ ਲਿਖਣ ਸ਼ੈਲੀ ਵਿਚ ਦ੍ਰਿਸ਼-ਚਿਤਰਣ ਦੀ ਕਲਾ ਕਮਾਲ ਹੈ। 'ਦਰਅਸਲ ਯਾਤਰਾ ਮਨੁੱਖੀ ਜੀਵਨ ਦੀ ਸਿੱਖਿਆ ਦਾ ਇਕ ਅਜਿਹਾ ਮਾਧਿਅਮ ਹੈ ਜੋ ਉਸ ਦੀ ਵਿਦਵਤਾ ਲਈ ਅਨੇਕਾਂ ਮਾਰਗ ਤੈਅ ਕਰਦਾ ਹੈ। ਉਨ੍ਹਾਂ ਮਾਰਗਾਂ 'ਚ ਉਸ ਨੇ ਕਿਸ ਦੀ ਚੋਣ ਕਰਨੀ ਹੈ, ਇਹ ਉਸ ਦੀ ਸੂਝ 'ਤੇ ਨਿਰਭਰ ਕਰਦਾ ਹੈ।' ਇਨ੍ਹਾਂ ਪੰਜ ਸਫ਼ਰਨਾਮਿਆਂ 'ਚ ਲੇਖਕ ਦੇ ਸਹਿ-ਯਾਤਰੀਆਂ ਦੇ ਵਿਅਕਤਿਤਵ ਵੀ ਉਘੜਦੇ ਹਨ ਤੇ ਸ਼ਖ਼ਸੀਅਤਾਂ ਬੋਲਦੀਆਂ ਹਨ। ਪਹਿਲਾਂ ਸਫ਼ਰਨਾਮਾ 'ਡੂਗਰ ਵਾਦਿ ਬਹੁਤ' ਕਸ਼ਮੀਰ 'ਚ ਸਥਿਤ ਅਮਰਨਾਥ ਤੀਰਥ ਦੇ ਦਰਸ਼ਨ ਬੜੀ ਰੌਚਿਕ ਤੇ ਕਾਵਿਕ ਅੰਦਾਜ਼ ਨਾਲ ਰੂਪਮਾਨ ਕੀਤਾ ਗਿਆ ਹੈ। ਪਹਾੜੀ ਯਾਤਰਾ ਤੇ ਬਰਫ਼ਾਨੀ ਮੌਸਮ ਕਿੰਜ ਦਰਪੇਸ਼ ਹੋਇਆ ਉਸ ਕਠਿਨਤਾ ਦੀ ਜਿੱਤ ਇਸ ਦਾ ਹਾਸਿਲ ਹੈ, ਦੂਜਾ ਸਫ਼ਰਨਾਮਾ 'ਮਾਈਸਰਖਾਨਾ ਤੋਂ ਚਾਂਦਨੀ ਚੌਕ' ਗੁਰਮਤਿ ਸਦਭਾਵਨਾ ਵਾਲਾ ਹਿੰਦੂ ਤੀਰਥ ਤੇ ਸਿੱਖ-ਜਗਤ ਦੀਆਂ ਭਾਵਨਾਵਾਂ ਦਾ ਸੁਮੇਲ ਹੈ। ਇਤਿਹਾਸ ਨੂੰ ਪੜ੍ਹਨ ਦਾ ਸੱਚ ਹੈ। ਤੀਜਾ ਸਫ਼ਰਨਾਮਾ 'ਕੁੰਭ ਦਾ ਨ੍ਹਾਉਣ' ਇਲਾਹਾਬਾਦ ਦੇ ਸੰਗਮ ਵਿਖੇ 12 ਵਰ੍ਹਿਆਂ ਬਾਅਦ ਕੁੰਭ ਇਸ਼ਨਾਨ ਦੇ ਦਰਸ਼ਨ ਕਰਵਾਉਂਦਾ। ਇਤਿਹਾਸ-ਮਿਥਿਹਾਸ ਦੀ ਗਾਥਾ। ਚੌਥਾ ਸਫ਼ਰਨਾਮਾ ਨੇਪਾਲ ਦੀ ਯਾਤਰਾ 'ਇਉਂ ਵੇਖਿਆ ਨੇਪਾਲ' ਨਾਲ ਸੰਬੰਧਿਤ ਹੈ। ਨੇਪਾਲ ਦੀ ਪੁਲਿਸ ਪੰਜਾਬ ਪੁਲਿਸ ਨਾਲੋਂ ਵਧੇਰੇ ਸੁਖਦਾਇਕ ਹੈ। ਨੇਪਾਲ ਦੇ ਹੋਟਲਾਂ ਦਾ ਕਾਮਕ ਮਾਹੌਲ ਤੇ ਨੰਗੇਜ਼ ਦ੍ਰਿਸ਼ ਚਿਤਰਨ ਕਰਦਿਆਂ ਲੇਖਕ ਨੇ ਕੋਈ ਓਹਲਾ ਨਹੀਂ ਰੱਖਿਆ। ਕਈ ਨਵੀਆਂ ਗੱਲਾਂ ਦੀ ਜਾਣਕਾਰੀ ਸ਼ਲਾਘਾਯੋਗ ਹੈ। ਪੰਜਵਾਂ ਸਫ਼ਰਨਾਮਾ 'ਪਰਿਕਰਮਾ ਵ੍ਰਿੰਦਾਵਨ' ਭਗਵਾਨ ਕ੍ਰਿਸ਼ਨ ਜੀ ਲੀਲ੍ਹਾ-ਸਥੱਲੀ ਬ੍ਰਿਜ ਭੂਮੀ ਤੇ ਮਥੁਰਾ ਦੀ ਯਾਤਰਾ ਦਾ ਸ਼ਾਨਦਾਰ ਪ੍ਰਕਰਨ ਹੈ। ਪੁਰਾਤਨ ਗ੍ਰੰਥਾਂ ਦੀ ਮਹੱਤਤਾ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ, ਮਿਹਨਤ ਤੇ ਲਗਨ ਦਾ ਪ੍ਰਮਾਣ ਸੀ. ਮਾਰਕੰਡਾ ਨੇ ਮਥੁਰਾ ਦੇ ਹਿੰਦੂ ਮੰਦਰਾਂ ਦੀ ਤਬਾਹੀ ਦਾ ਜ਼ਿਕਰ ਮੁਗ਼ਲ ਸੱਤਾ ਨੇ ਜੋ ਕੀਤਾ, ਉਹ ਬਹੁਤ ਖੋਜ ਵਾਲਾ ਹੈ। ਸਫ਼ਰਨਾਮਿਆਂ ਦੇ ਵੱਡ ਅਕਾਰੀ ਸੰਗ੍ਰਹਿ ਨੂੰ ਬੜੇ ਸਲੀਕੇ ਨਾਲ ਪ੍ਰਕਾਸ਼ਿਤ ਕਰ ਕੇ ਪਾਠਕ ਨੂੰ ਯਾਦਗਾਰੀ ਸਾਹਿਤ ਵਿਧਾ ਦੇ ਦਰਸ਼ਨ ਹੁੰਦੇ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

31-03-2024

 ਅਨੋਖੀਆਂ ਸ਼ਹਾਦਤਾਂ
ਲੇਖਕ : ਨਿਰਮਲ ਸਿੰਘ ਟਪਿਆਲਾ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ ਅੰਮ੍ਰਿਤਸਰ
ਮੁੱਲ : 400 ਰੁਪਏ, ਸਫ਼ੇ : 199
ਸੰਪਰਕ : 99153-15787

ਲੇਖਕ ਨਿਰਮਲ ਸਿੰਘ ਟਪਿਆਲਾ ਦੀ ਇਹ ਅੱਠਵੀਂ ਪੁਸਤਕ ਹੈ। ਉਸ ਦੀ ਲੇਖਣੀ, ਧਾਰਮਿਕ ਤੇ ਸਮਾਜੀ ਸਰੋਕਾਰਾਂ ਨੂੰ ਸਮਰਪਿਤ ਹੈ। ਉਸ ਅੰਦਰਲਾ ਕਵੀ, ਸ਼ਰਧਾ ਭਾਵਨਾ ਨਾਲ, ਸਿੱਖ ਇਤਿਹਾਸ ਅਤੇ ਗੌਰਵਮਈ ਇਤਿਹਾਸਕ ਵਿਰਸੇ ਨੂੰ ਬੜੀ ਸ਼ਿੱਦਤ ਨਾਲ, ਕਲਮਬੰਦ ਕਰਦਾ ਹੈ। ਵਿਚਾਰ ਗੋਚਰੀ ਪੁਸਤਕ ਦੇ ਮੁੱਖ ਤੌਰ 'ਤੇ ਤਿੰਨ ਭਾਗ ਹਨ, ਜਿਨ੍ਹਾਂ ਰਾਹੀਂ ਸਿੱਖ ਪੰਥ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਕਾਵਿਕ-ਵਿਧੀ ਰਾਹੀਂ, ਪਾਠਕਾਂ ਦੇ ਸਨਮੁੱਖ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਇਹ ਕਿਤਾਬ ਲੇਖਕ ਨੇ ਆਪਣੀ ਮਰਹੂਮ ਜੀਵਨ-ਸਾਥਣ ਦੀ ਯਾਦ ਨੂੰ ਸਮਰਪਿਤ ਕੀਤੀ ਹੈ। ਕਾਵਿ-ਪੁਸਤਕ ਦੇ ਪਹਿਲੇ ਭਾਗ ਵਿਚ ਅਮਰ ਸ਼ਹੀਦ ਅਤੇ ਖ਼ਾਲਸਾ ਰਾਜ ਦੇ ਉੱਸਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਅਜ਼ੀਮ ਸ਼ਹਾਦਤ ਨੂੰ ਭਾਵ-ਪੂਰਤ ਢੰਗ ਨਾਲ ਰੂਪਮਾਨ ਕੀਤਾ ਗਿਆ ਹੈ। ਅਰੰਭ ਵਿਚ ਗੁਰਦਾਸ ਨੰਗਲ ਦੀ ਜੰਗ-ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੀ ਰੰਗੀਨ ਤਸਵੀਰ ਹੈ। ਕਾਵਿਕ ਬਿਰਤਾਂਤ ਤੋਂ ਪਹਿਲਾਂ ਸੰਖੇਪ ਵਾਰਤਕ ਰਾਹੀਂ ਬਾਬਾ ਜੀ ਦੇ ਜੀਵਨ ਬਾਰੇ ਸੌਖੀ ਭਾਸ਼ਾ ਵਿਚ ਜਾਣਕਾਰੀ ਦਿੱਤੀ ਗਈ ਹੈ। ਬਾਬਾ ਜੀ ਨਾਲ ਸੰਬੰਧਿਤ ਹਰੇਕ ਘਟਨਾ ਨੂੰ ਸ਼ੇਅਰਾਂ ਅਤੇ ਬੈਂਤਾਂ ਰਾਹੀਂ ਪੇਸ਼ ਕੀਤਾ ਗਿਆ ਹੈ।
'ਮਨ ਦੇ ਹਉਕੇ ਨੇ ਏਦਾਂ ਮਹਿਸੂਸ ਕਰਦੇ,
ਜਿਵੇਂ ਦੁੱਖ ਅਵੱਲੜੇ ਸਹਿ ਰਹੇ ਨੇ।
ਇਤਿਹਾਸ ਲਿਖਦਿਆਂ ਮਨ ਨੂੰ ਲੱਗਾ ਝਟਕਾ,
ਨਿਰਮਲ ਕੇਲੇ ਕਰੀਰ ਜਿਉਂ ਖਹਿ ਰਹੇ ਨੇ।' (ਪੰਨਾ : 84)
ਇਸ ਪੁਸਤਕ ਦੇ ਦੂਜੇ ਅਧਿਆਏ ਰਾਹੀਂ ਛੋਟਾ ਘੱਲੂਘਾਰਾ, ਕਾਹਨੂੰਵਾਨ ਛੰਭ ਦੀ ਜੰਗ ਦੇ ਦਰਦ, ਪੀੜਾ ਅਤੇ ਦੁਸ਼ਟਾਂ ਵਲੋਂ ਢਾਹੇ ਕਹਿਰ ਨੂੰ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਸੰਖੇਪ ਵਾਰਤਕ ਜਾਣਕਾਰੀ ਹੈ। ਨਾਲ ਹੀ ਰੰਗਦਾਰ ਚਿੱਤਰ ਹਨ। ਲਖਪਤ ਰਾਏ, ਅਦੀਨਾ ਬੇਗ, ਫਰੁਖ਼ਲੀਅਰ, ਦੀਵਾਨ ਕੌੜਾ ਮੱਲ, ਜਸਪਤ ਰਾਏ ਵਰਗੇ ਪਾਤਰਾਂ ਦੇ ਕਿਰਦਾਰਾਂ ਦਾ ਜ਼ਿਕਰ ਹੈ।
'ਛੋਟਾ ਘੱਲੂਘਾਰਾ ਸਿੱਖਾਂ ਨੂੰ ਸਬਕ ਦਿੰਦਾ, ਭੁੱਖੇ ਰਹਿ ਕੇ ਵੀ ਮੰਨਣੀ ਹਾਰ ਨਹੀਓਂ।
ਜ਼ਬਰਦਸਤੀ ਕਰਨ ਵਾਲੇ ਨੂੰ ਕਦੇ ਬਖਸ਼ਣਾ ਨਹੀਂ, ਕੱਚੇ ਹੱਥੀਂ ਕਦੇ ਕਰਨਾ ਵਾਰ ਨਹੀਓਂ। (ਪੰਨਾ : 144)
ਤੀਜੇ ਤੇ ਆਖ਼ਰੀ ਭਾਗ ਵਿਚ ਜਾਣ-ਪਛਾਣ ਤੇ ਤਸਵੀਰ ਤੋਂ ਉਪਰੰਤ ਮਈ, ਜੂਨ 1748 ਵਿਚ ਲਾਹੌਰ ਵਿਖੇ ਜ਼ਾਲਮ ਮੀਰ ਮੰਨੂ ਦੀ ਜੇਲ੍ਹ ਅੰਦਰ ਮਾਸੂਮ ਬੱਚਿਆਂ ਅਤੇ ਸਿਦਕਵਾਨ ਸਿੰਘਣੀਆਂ ਵਲੋਂ ਅਸਹਿ ਅਤੇ ਅਕਹਿ ਤਸੀਹੇ ਝੱਲ ਕੇ ਵੀ ਸਿੱਖੀ ਸਿਦਕ ਨਿਭਾਉਣ ਦੀ ਲਾਸਾਨੀ ਦਾਸਤਾਨ ਨੂੰ ਵਰਣਿਤ ਕੀਤਾ ਗਿਆ ਹੈ।
ਪੁੱਤ ਸ਼ਹੀਦ ਕਰਵਾ ਲਏ ਇਨ੍ਹਾਂ ਬੀਬੀਆਂ ਨੇ, ਰੱਖਿਆ ਸਿੱਖੀ ਨਾਲ ਫਿਰ ਵੀ ਪਿਆਰ ਲੋਕੋ।
ਕਿਸੇ ਪਾਸਿਓਂ ਵੀ ਸੂਬੇ ਦੀ ਨਾ ਜਿੱਤ ਹੋਈ, 'ਨਿਰਮਲ' ਮੂੰਹ 'ਤੇ ਪਈ ਫਿਟਕਾਰ ਲੋਕੋ।' (ਪੰਨਾ : 197)
ਲੇਖਕ ਦੀ ਬੋਲੀ ਸਰਲ, ਭਾਵਪੂਰਨ ਅਤੇ ਠੁੱਕਦਾਰ ਹੈ। ਪੁਸਤਕ ਪੜ੍ਹਨ ਤੇ ਵਿਚਾਰਨਯੋਗ ਰਚਨਾ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਰੋਸ਼ਨਾਈ
ਲੇਖਕ : ਸੱਜਾਦ ਜ਼ਹੀਰ
ਅਨੁਵਾਦਕ : ਡਾ. ਨਰੇਸ਼
ਪਬਲਿਸ਼ਰ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 386
ਸੰਪਰਕ : 011-26802488

ਭਾਰਤ ਵਰਸ਼ ਵਿਚ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦਾ ਇਕ ਲੰਮਾ ਇਤਿਹਾਸ ਹੈ। ਸੱਜਾਦ ਜ਼ਹੀਰ ਉਨ੍ਹਾਂ ਲੇਖਕਾਂ ਵਿਚੋਂ ਹਨ, ਜਿਨ੍ਹਾਂ ਨੇ ਇਸ ਅੰਦੋਲਨ ਦੀ ਸਥਾਪਨਾ ਵਿਚ ਵੱਡੀ ਭੂਮਿਕਾ ਨਿਭਾਈ ਸੀ। ਇਸ ਅੰਦੋਲਨ ਦੀ ਸਥਾਪਨਾ ਦਾ ਮੁਢਲਾ ਵਿਚਾਰ ਲੰਡਨ ਤੋਂ ਪੈਰਿਸ ਰਾਹੀਂ ਹੁੰਦਾ ਹੋਇਆ ਭਾਰਤ ਵਿਚ ਪਹੁੰਚਿਆ ਸੀ। ਲੰਡਨ ਅਤੇ ਪੈਰਿਸ ਵਿਚ ਉਲੀਕੇ ਗਏ ਇਸ ਦੇ ਆਸ਼ਿਆਂ ਅਤੇ ਉਦੇਸ਼ਾਂ ਦੇ ਅਨੁਕੂਲ ਹੀ ਭਾਰਤ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਲੇਖਕਾਂ ਨੇ, ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਇਸ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ ਸੀ। ਇਸ ਵਿਚ ਮੁਣਸ਼ੀ ਪ੍ਰੇਮ ਚੰਦ ਦੀ ਵੀ ਵੱਡੀ ਭੂਮਿਕਾ ਸੀ।
'ਰੋਸ਼ਨਾਈ' ਇਸ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦਾ ਅਜਿਹਾ ਸਾਹਿਤਕ, ਸੱਭਿਆਚਾਰਕ ਅਤੇ ਇਤਿਹਾਸਕ ਦਸਤਾਵੇਜ਼ ਹੈ, ਜੋ ਇਸ ਅੰਦੋਲਨ ਦੇ ਵੱਖ-ਵੱਖ ਪਾਸਾਰਾਂ ਨੂੰ ਨਾ ਸਿਰਫ਼ ਰੂਪਮਾਨ ਕਰਦਾ ਹੈ, ਸਗੋਂ ਉਸ ਦੀਆਂ ਪ੍ਰਾਪਤੀਆਂ, ਊਣਤਾਈਆਂ ਅਤੇ ਉਸ ਦੇ ਸ਼ਬਦਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਇਸ ਪੁਸਤਕ ਦੇ ਆਰੰਭ ਵਿਚ ਹੀ ਲੇਖਕ ਨੇ ਲਿਖਿਆ ਹੈ, 'ਇਸ ਅੰਦੋਲਨ ਦੇ ਵਿਰੋਧੀ ਵੀ ਇਸ ਦੀ ਲੋਕਪ੍ਰਿਅਤਾ ਤੋਂ ਇਨਕਾਰ ਨਹੀਂ ਕਰ ਸਕਦੇ, ਪਰ ਉਹ ਇਸ ਲੋਕਪ੍ਰਿਅਤਾ ਦੇ ਅਦਭੁਤ ਕਾਰਨ ਬਿਆਨ ਕਰਦੇ ਹਨ... ਇਸ ਨੂੰ ਕੁਝ ਲੋਕਾਂ ਦੀ ਸਾਜਿਸ਼ ਜਾਂ ਚਲਾਕੀ ਦੱਸ ਕੇ ਆਖਦੇ ਹਨ ਕਿ ਅਸਲ ਵਿਚ ਇਹ ਅੰਦੋਲਨ ਕਮਿਊਨਿਸਟਾਂ ਦੀ ਇਕ ਡੂੰਘੀ ਚਾਲ ਤੋਂ ਵੱਧ ਕੁਝ ਨਹੀਂ ਹੈ।' ਸੱਜਾਦ ਜ਼ਹੀਰ ਦਾ ਆਪਣਾ ਕਥਨ ਹੈ ਕਿ ਇਸ ਪੁਸਤਕ ਨੂੰ ਲਿਖਣ ਦਾ ਮਕਸਦ ਇਸ ਸਾਹਿਤਕ ਅੰਦੋਲਨ ਦੇ ਵੱਖ-ਵੱਖ ਪੱਖਾਂ ਉੱਤੇ ਚਾਨਣਾ ਪਾਉਣਾ ਅਤੇ ਗ਼ਲਤ ਫ਼ਹਿਮੀਆਂ ਦਾ ਨਿਵਾਰਨ ਕਰਨਾ ਹੈ। 'ਇਸ ਨੂੰ ਪ੍ਰਗਤੀਸ਼ੀਲ ਲੇਖਕਾਂ ਦੇ ਅੰਦੋਲਨ ਦਾ ਸੰਪੂਰਨ ਇਤਿਹਾਸ ਨਹੀਂ ਸਮਝਿਆ ਜਾਣਾ ਚਾਹੀਦਾ' ਇਸ ਨਜ਼ਰੀਏ ਤੋਂ ਲਿਖੀ ਗਈ ਇਸ ਪੁਸਤਕ ਵਿਚ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦੇ 1935 ਵਿਚ ਪਹਿਲੇ ਪੂਰ ਦੇ ਗਠਨ ਸਮੇਂ ਨਿਰਧਾਰਿਤ ਕੀਤੇ ਗਏ ਦਿਸ਼ਾ ਨਿਰਦੇਸ਼ ਅਤੇ ਇਕ ਪੰਨੇ ਦੇ ਘੋਸ਼ਣਾ-ਪੱਤਰ ਨੂੰ ਬਣਾਉਣ ਲਈ ਇਕੱਠੇ ਹੋਏ ਲੇਖਕਾਂ ਦਾ ਜ਼ਿਕਰ ਹੈ। ਲੰਡਨ ਵਿਚ ਹੋਈ ਇਸ ਪਹਿਲੀ ਮੀਟਿੰਗ ਵਿਚ ਡਾਕਟਰ ਮੁਲਕ ਰਾਜ ਆਨੰਦ, ਡਾ. ਜਯੋਤੀ ਘੋਸ਼, ਪ੍ਰਮੋਦ ਸੇਨ ਗੁਪਤਾ, ਡਾ. ਮੁਹੰਮਦ ਦੀਨ ਤਾਸੀਰ ਅਤੇ ਸੱਜਾਦ ਜ਼ਹੀਰ ਸ਼ਾਮਿਲ ਸਨ। ਇਹ ਘੋਸ਼ਣਾ ਪੱਤਰ ਲੰਡਨ ਵਿਚੋਂ ਹੀ ਸਾਈਕਲੋਸਟਾਈਲ ਕਰਾ ਕੇ ਭਾਰਤ ਭੇਜਿਆ ਗਿਆ ਸੀ।
ਇਹ ਪੁਸਤਕ ਇਸ ਅੰਦੋਲਨ ਦੀ ਵਿਚਾਰਧਾਰਕ ਅਤੇ ਸੱਭਿਆਚਾਰਕ ਪਿੱਠਭੂਮੀ ਨੂੰ ਬਹੁਤ ਗਹਿਰੀ ਤਰ੍ਹਾਂ ਬਿਆਨ ਕਰਦੀ ਹੋਈ ਅੰਦੋਲਨ ਦੀਆਂ ਕਮਜ਼ੋਰੀਆਂ ਅਤੇ ਵਲਵਲੇ ਨੂੰ ਰੂਪਮਾਨ ਕਰਦੀ ਹੈ। ਸੰਨ 1936 ਤੋਂ 1942 ਤੱਕ ਹੋਏ ਚਾਰ ਸਰਬ ਭਾਰਤੀ ਸੰਮੇਲਨਾਂ ਦਾ ਉਲੇਖ ਕਰਦੀ ਹੋਈ ਹਿੰਦੀ, ਉਰਦੂ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਇਸ ਦੇ ਪਸਾਰਾਂ ਉੱਤੇ ਵੀ ਵਿਸਥਾਰ ਪੂਰਵਕ ਚਰਚਾ ਕਰਦੀ ਹੈ।
ਸੁਤੰਤਰਤਾ ਸੰਗਰਾਮ ਦੀ ਚੜ੍ਹਤ ਦੇ ਦਿਨਾਂ ਵਿਚ ਸ਼ੁਰੂ ਹੋਏ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਬਾਰੇ ਸੱਜਾਦ ਜ਼ਹੀਰ ਵਲੋਂ ਲਿਖੀ ਗਈ ਇਸ ਕਿਤਾਬ ਦੇ ਡਾ. ਨਰੇਸ਼ ਵਲੋਂ ਕੀਤੇ ਗਏ ਪੰਜਾਬੀ ਅਨੁਵਾਦ ਨੂੰ ਉਨ੍ਹਾਂ ਜਗਿਆਸੂਆਂ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ, ਜੋ ਪ੍ਰਗਤੀਸ਼ੀਲ ਸਾਹਿਤਕ ਅੰਦੋਲਨ ਦੀ ਵਰਤਮਾਨ ਪ੍ਰਸੰਗਿਕਤਾ ਨੂੰ ਸਮਝਣਾ ਜ਼ਰੂਰੀ ਸਮਝਦੇ ਹਨ।

-ਡਾ. ਲਖਵਿੰਦਰ ਸਿੰਘ ਜੌਹਲ
ਮੋਬਾਈਲ : 94171-94812

ਸਾਡੀ ਵੀ ਸੁਣ ਲਵੋ
ਲੇਖਕ : ਗੁਰਦੀਪ ਸਿੰਘ ਵੜੈਚ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 58
ਸੰਪਰਕ : 94630-23152

ਗੁਰਦੀਪ ਸਿੰਘ ਵੜੈਚ ਦੀਆਂ ਤਿੰਨ ਵਾਰਤਕ ਪੁਸਤਕਾਂ ਤੋਂ ਬਾਅਦ 'ਸਾਡੀ ਵੀ ਸੁਣ ਲਵੋ' ਚੌਥੀ ਪੁਸਤਕ ਹੈ। ਇਸ ਪੁਸਤਕ ਦੀਆਂ ਰਚਨਾਵਾਂ ਦੇ ਵਿਧਾ ਰੂਪ ਬਾਰੇ ਫ਼ੈਸਲਾ ਕਰਨਾ ਮੁਸ਼ਕਿਲ ਲਗਦਾ ਹੈ ਕਿਉਂਕਿ ਇਹ ਰਚਨਾਵਾਂ ਰੇਖਾ-ਚਿੱਤਰ ਰੂਪੀ ਕਹਾਣੀਆਂ ਹਨ। ਇਨ੍ਹਾਂ ਰਚਨਾਵਾਂ ਦੀ ਵਿਸ਼ੇਸ਼ਤਾ ਇਸ ਗੱਲ ਵਿਚ ਹੈ ਕਿ ਇਹ ਕਹਾਣੀਆਂ ਉਨ੍ਹਾਂ ਵਿਅਕਤੀਆਂ ਦੀਆਂ ਹਨ, ਜੋ ਉੱਚੀਆਂ ਜਾਤਾਂ ਨਾਲ ਸੰਬੰਧ ਰੱਖਦੇ ਹਨ, ਪਰ ਆਰਥਿਕ ਰੂਪ ਵਿਚ ਬਹੁਤ ਗ਼ਰੀਬ ਹਨ। ਉੱਚੀ ਜਾਤ ਦੇ ਹੋਣ ਕਾਰਨ ਉਨ੍ਹਾਂ ਨੂੰ ਕੋਈ ਸਰਕਾਰੀ ਮਦਦ ਜਾਂ ਸਹੂਲਤ ਨਹੀਂ ਮਿਲਦੀ, ਕਿਉਂਕਿ ਇਹ ਸਭ ਸਹੂਲਤਾਂ ਨੀਵੀਂ ਜਾਤ ਦੇ ਲੋਕਾਂ ਲਈ ਹੀ ਉਪਲਬਧ ਹਨ। ਲੇਖਕ ਦਾ ਸਾਰੇ ਸੱਤ ਵਿਅਕਤੀਆਂ ਦੇ ਰੇਖਾ-ਚਿੱਤਰ ਰੂਪੀ ਕਹਾਣੀਆਂ ਲਿਖਣ ਦਾ ਢੰਗ ਇਕੋ ਜਿਹਾ ਹੀ ਹੈ। ਇਨ੍ਹਾਂ ਰਚਨਾਵਾਂ ਵਿਚ ਉਹ ਉਨ੍ਹਾਂ ਵਿਅਕਤੀਆਂ ਨੂੰ ਇਕ ਅਰਸੇ ਬਾਅਦ ਮਿਲਦਾ ਹੈ, ਮੁਸ਼ਕਿਲ ਨਾਲ਼ ਪਰ ਪਛਾਣ ਲੈਂਦਾ ਹੈ ਅਤੇ ਫਿਰ ਉਨ੍ਹਾਂ ਦੀ ਗ਼ਰੀਬੀ ਦੀ ਹਾਲਤ ਦੀ ਕਹਾਣੀ ਸੁਣਦਾ ਹੈ। ਇਕ ਇੰਟਰਵਿਊ ਲੈ ਰਹੇ ਵਿਅਕਤੀ ਵਾਂਗ ਉਨ੍ਹਾਂ ਤੋਂ ਕਈ ਸੁਆਲ ਪੁੱਛਦਾ ਹੈ ਅਤੇ ਫਿਰ ਉਨ੍ਹਾਂ ਸੁਆਲਾਂ ਦੇ ਜਵਾਬਾਂ ਤੋਂ ਲਗਭਗ ਇਕ ਹੀ ਤਰ੍ਹਾਂ ਦੇ ਸਿੱਟਿਆਂ 'ਤੇ ਪੁੱਜਦਾ ਹੈ। ਇਹ ਸਿੱਟੇ ਉੱਚੀਆਂ ਜਾਤਾਂ ਦੇ ਲੋਕਾਂ ਦੀ ਗ਼ਰੀਬੀ ਨੂੰ ਚਿੱਤਰਤ ਕਰਦੇ ਹਨ ਅਤੇ ਸਰਕਾਰੀ ਮਦਦ ਨਾ ਮਿਲਣ ਕਾਰਨ ਉਨ੍ਹਾਂ ਪਾਤਰਾਂ ਦੀ ਤ੍ਰਾਸਦੀ ਹੰਢਾਉਣ ਦੀ ਜੱਦੋ-ਜਹਿਦ ਨੂੰ ਬਿਆਨ ਕਰਦੇ ਹਨ। ਲੇਖਕ ਨੇ ਇਨ੍ਹਾਂ ਰੇਖਾ-ਚਿੱਤਰ ਕਹਾਣੀਆਂ ਦੇ ਪਾਤਰਾਂ ਵਿਚ ਰੋੜੀ ਕੁੱਟ, ਨਰਾਤਾ ਬ੍ਰਾਹਮਣ ਅਤੇ ਦਸੌਂਧਾ ਸਿੰਘ ਨੂੰ ਆਪਣੇ ਜਮਾਤੀ ਵਜੋਂ ਅਤੇ ਰੁਲਦੂ ਬ੍ਰਾਹਮਣ, ਛੱਜੂ ਬਾਣੀਆਂ ਤੇ ਭਾਂਡੇ ਕਲੀ ਕਰਨ ਵਾਲਾ ਲੱਭੂ ਰਾਮ ਨੂੰ ਪਿੰਡ ਦੇ ਲੋਕਾਂ ਵਜੋਂ ਸਥਾਪਤ ਕੀਤਾ ਹੈ। ਉਸ ਨੇ ਦੋ ਰੇਖਾ-ਚਿੱਤਰ ਔਰਤ ਪਾਤਰਾਂ ਦੇ ਵੀ ਸ਼ਾਮਿਲ ਕੀਤੇ ਹਨ, ਜੋ ਅੰਤਾਂ ਦੀ ਗ਼ਰੀਬੀ ਅਤੇ ਸਮਾਜ ਦੇ ਰਵੱਈਏ ਕਾਰਨ ਦੁੱਖ ਝੱਲਦੀਆਂ ਹਨ। ਇਹ ਸਾਰੀਆਂ ਰਚਨਾਵਾਂ ਆਰਥਿਕ ਅਤੇ ਸਮਾਜਿਕ ਪੱਖੋਂ ਸਮਾਜ ਵਿਚ ਸਮਾਨਤਾ ਲੱਭਦੀਆਂ ਹਨ ਤੇ ਇਸ ਸੰਬੰਧ ਵਿਚ ਰਾਜਨੀਤਕ ਸੇਧ ਚਾਹੁੰਦੀਆਂ ਹਨ। ਆਸ ਹੈ ਕਿ ਵਿਲੱਖਣ ਵਿਸ਼ੇ ਵਾਲੀ ਇਸ ਪੁਸਤਕ ਦਾ ਪਾਠਕਾਂ ਵਲੋਂ ਸਵਾਗ਼ਤ ਕੀਤਾ ਜਾਵੇਗਾ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਮੇਰੀ ਗ਼ਜ਼ਲ ਦੇ
ਪੰਜ ਪਰਾਗੇ
ਲੇਖਕ : ਡਾ. ਸੁਰਜੀਤ ਸਿੰਘ ਕੁੰਜਾਹੀ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 360
ਸੰਪਰਕ : 098105-80870

ਗ਼ਜ਼ਲ ਸੰਗ੍ਰਹਿ ਦੀ ਵਿਚਾਰਾਧੀਨ ਪੁਸਤਕ ਵਾਯੂ ਸੈਨਾ ਵਿਚ ਡਾਕਟਰ ਰਹਿ ਚੁੱਕੇ ਡਾ. ਸੁਰਜੀਤ ਸਿੰਘ ਕੁੰਜਾਹੀ ਦੀ ਪੰਜਾਬੀ ਜਗਤ ਨੂੰ ਵੱਡਮੁੱਲੀ ਦੇਣ ਹੈ। ਇਸ ਕਿਤਾਬ ਨੂੰ ਮੁੱਖ ਤੌਰ 'ਤੇ ਪੰਜ ਪਰਾਗਿਆਂ ਵਿਚ ਵੰਡਿਆ ਗਿਆ ਹੈ। ਇਨ੍ਹਾਂ ਭਾਗਾਂ ਦੇ ਨਾਂਅ ਹਨ : ਕਾਦਰ ਨਗਰੀ, ਕੁਦਰਤੀ ਵਿਹੜਾ, ਮਾਨਵੀ ਕਦਰਾਂ, ਸੰਸਾਰ ਸਮੁੰਦਰ ਅਤੇ ਨਿੱਜ ਨਗਰੀ ਆਦਿ। ਇਨ੍ਹਾਂ ਗ਼ਜ਼ਲਾਂ ਦਾ ਅਧਿਐਨ ਕਰਦਿਆਂ ਜਿਹੜੇ ਸੂਤਰ ਪਾਠਕ ਦੀ ਪਕੜ ਵਿਚ ਆ ਸਕਦੇ ਨੇ, ਉਹ ਹਨ ਵਾਹਿਗੁਰੂ, ਪ੍ਰਾਕ੍ਰਿਤਕ ਵਾਤਾਵਰਨ, ਮਾਨਵੀ ਕਦਰਾਂ-ਕੀਮਤਾਂ, ਵਿਸ਼ਵ ਸਮੁੰਦਰ ਵਿਚੋਂ ਲੇਖਕ ਵਲੋਂ ਆਪਣੇ ਅਸਤਿਤਵ ਦੀ ਪਹਿਚਾਣ ਕਰਨਾ। ਦਰਅਸਲ ਹਰ ਗ਼ਜ਼ਲ ਪਿੱਛੇ ਲੇਖਕ ਦਾ ਵਜੂਦ ਖੜ੍ਹਾ ਵਿਖਾਈ ਦਿੰਦਾ ਹੈ। ਉਹ ਕਿਧਰੇ ਵੀ ਆਪਣੀ ਵਜੂਦੀਅਤ ਨੂੰ ਯਤਨ ਦੇ ਬਾਵਜੂਦ, ਛੁਪਾਉਂਦਾ ਪ੍ਰਤੀਤ ਨਹੀਂ ਹੁੰਦਾ। ਇਨ੍ਹਾਂ ਪੰਜਾਂ ਪਰਾਗਿਆਂ ਦੀ ਆਪਸ ਵਿਚ ਏਨੀ ਸਾਂਝ ਹੈ ਕਿ ਇਨ੍ਹਾਂ ਨੂੰ ਆਪਸ ਵਿਚ ਨਿਖੇੜਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਪ੍ਰਤੀਤ ਜ਼ਰੂਰ ਹੁੰਦਾ ਹੈ। ਅਕਸਰ ਹੀ ਘੁਲਮਿਲ ਜਾਂਦੇ ਨੇ। ਦਰਅਸਲ ਕਵੀ ਨੇ ਆਪਣੇ ਸ਼ੇਅਰਾਂ ਵਿਚ ਭਾਵਾਂ ਦਾ ਪ੍ਰਗਟਾਵਾ ਆਪਮੁਹਾਰਾ ਕੀਤਾ ਹੈ। ਉਸ ਦੀ ਸ਼ਾਇਰੀ ਦੇ ਸਾਰੇ ਪਰਾਗਿਆਂ ਵਿਚ ਵਿਚਰਦਿਆਂ ਮਾਨਵੀ ਦੁੱਖਾਂ-ਸੁੱਖਾਂ, ਆਸ਼ਾ-ਨਿਰਾਸ਼ਾ, ਸਬਰ-ਸੰਜਮ, ਬੇਸਬਰੀ ਤੇ ਸੰਤੋਖ-ਅਸੰਤੋਖ ਦਾ ਪ੍ਰਗਟਾਵਾ ਕਰਦੀ ਪ੍ਰਤੀਤ ਹੁੰਦੀ ਹੈ। ਉਹ ਮਾਨਵੀ ਜੀਵਨ ਤੋਂ ਬਿਨਾਂ ਦੋ ਸ਼ਖ਼ਸੀਅਤਾਂ (ਬੜੂ ਸਾਹਿਬ ਦੇ ਸੰਤ ਅਤਰ ਸਿੰਘ ਜੀ ਅਤੇ ਗਗਨ ਪਾਕਿਸਤਾਨੀ) ਦੇ ਗ਼ਜ਼ਲਨੁਮਾ ਸ਼ਬਦ-ਚਿੱਤਰ ਵੀ ਉਲੀਕਦਾ ਹੈ। ਕਵੀ ਨੂੰ ਗਿਲਾ ਹੈ ਕਿ ਆਦਮ-ਜਾਤ ਦੀ ਮੂਰਖਤਾ ਨੇ ਸਿਰਜਣਹਾਰ ਨੂੰ ਵੰਡ ਲਿਆ ਹੈ :
ਆਦਮਜਾਤ ਦੀ ਮੂਰਖਤਾ ਨੇ ਵੰਡ ਖ਼ੁਦਾ ਵੀ ਲੀਤਾ
ਨਾ ਮਹਿਫ਼ੂਜ਼ ਮਸੀਤ ਨਾ ਗਿਰਜਾ, ਗੁਰਦਵਾਰਾ ਮੰਦਰ। ਪੰਨਾ 26
ਗ਼ਜ਼ਲਾਂ ਵਿਚ ਪੰਜ ਤੱਤਾਂ ਪੌਣ, ਪਾਣੀ, ਧਰਤੀ, ਹਵਾ, ਆਕਾਸ਼ ਦੀ ਬਿੰਬਾਵਲੀ ਉਪਲਬਧ ਹੈ। ਅਸਲ ਵਿਚ ਇਹ ਸ਼ਾਇਰੀ ਪਰਬਤ, ਵਾਦੀਆਂ, ਜੰਗਲਾਂ, ਦਰੱਖਤਾਂ, ਨਦੀਆਂ, ਬੱਦਲ ਆਦਿ ਵਾਤਾਵਰਨੀ ਸ਼ਬਦਾਵਲੀ ਨਾਲ ਲਬਰੇਜ਼ ਹੈ।
ਪੰਜ ਤੱਤਾਂ ਦੇ ਸਾਰ ਨੇ ਗੁੰਦਿਆ ਗੁਲਦਸਤਾ
ਖ਼ੁਸ਼ਬੂ ਵਾਂਙਰ ਇਥੋਂ ਕਿਧਰੇ ਉੜ ਜਾਵਾਂ। ਪੰਨਾ 64
ਕਵੀ ਨੂੰ ਵਾਤਾਵਰਨ ਸੰਬੰਧੀ ਵਿਗਿਆਨਕ ਜਾਣਕਾਰੀ ਵੀ ਹੈ :
ਪਵਨ ਦੀਆਂ ਕਈ ਪਰਤਾਂ ਵਿਚੋਂ ਆਕਸੀਜਨ ਮੁੱਕਦੀ ਜਾਵੇ
ਸਮਾ ਜਾਵੇ ਓਜ਼ੋਨ ਦਵਾਰਾ ਟੁੱਟੇ ਚੁੰਬਕ ਦੀ ਪਕੜਾਈ। ਪੰਨਾ : 178
'ਕੁੰਜਾਹੀ' ਤਾਂ ਰੱਬ ਨੂੰ ਵੀ ਮਿਹਣਾ ਮਾਰਦਾ ਹੈ :
ਤੂੰ ਵੀ ਰੱਬਾ ਸਮਝ ਨਾ ਸਕਿਆ ਬੰਦਿਆਂ ਦੇ ਸੰਸਾਰ ਨੂੰ
ਏਸ ਕਸੂਤੇ ਕੂੜ ਕੁਫ਼ਰ ਦੇ ਖਿਲਰੇ ਹੋਏ ਵਾਪਾਰ ਨੂੰ। ਪੰਨਾ : 206
ਗੱਲ ਕੀ 7 ਸਮੁੰਦਰਾਂ, 7 ਅਸਮਾਨਾਂ, 9 ਖੰਡਾਂ ਨੂੰ ਕਲਾਵੇ ਵਿਚ ਲੈਣ ਦਾ ਯਤਨ ਕਰਦੀ ਪ੍ਰਤੀਤ ਹੁੰਦੀ ਹੈ ਇਹ ਸ਼ਾਇਰੀ। ਅਸਲ ਵਿਚ ਬੰਦੇ ਨੂੰ ਬੰਦਾ ਬਣਾਉਣ ਦਾ, ਸਮਝਣ ਦਾ ਪ੍ਰਗਟਾਵਾ ਕਰਦੀਆਂ ਨੇ ਇਹ ਗ਼ਜ਼ਲਾਂ।
'ਕੁੰਜਾਹੀ' ਆਪਣੇ ਉਪਨਾਮ ਦਾ ਪ੍ਰਯੋਗ ਅਨੇਕਾਂ ਮਕਤਿਆਂ ਵਿਚ ਕਰਦਾ ਹੈ, ਜਿਵੇਂ ਕਿ ਵੀਰ ਕੁੰਜਾਹੀ, ਯਾਰ ਕੁੰਜਾਹੀ ਆਦਿ। ਗ਼ਜ਼ਲਾਂ ਮੁਸਲਸੱਲ ਵੀ ਹਨ। ਗ਼ੈਰ-ਮੁਸਲਸੱਲ ਵੀ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com

ਮੁਹੱਬਤ ਇਕ ਮੁਸਾਫ਼ਰ
ਲੇਖਕ : ਅਰਮਿੰਦਰ ਸਿੰਘ ਸੰਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 180 ਰੁਪਏ, ਸਫ਼ੇ : 124
ਸੰਪਰਕ : 94655-64962

ਇਸ ਪੁਸਤਕ ਦੇ ਲੇਖਕ ਅਰਮਿੰਦਰ ਸਿੰਘ ਸੰਧੂ ਹਨ, ਜਿਨ੍ਹਾਂ ਨੇ ਇਸ ਕਾਵਿ-ਸੰਗ੍ਰਹਿ ਵਿਚ 62 ਕਵਿਤਾਵਾਂ ਦਿੱਤੀਆਂ ਹਨ। ਭਾਵੇਂ ਲੇਖਕ ਦਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ ਪ੍ਰੰਤੂ ਉਸ ਦੀ ਸ਼ਾਇਰੀ ਦਾ ਘੇਰਾ ਵਿਸ਼ਾਲ ਜਾਪਦਾ ਹੈ, ਜਿਨ੍ਹਾਂ ਦੀਆਂ ਉਦਾਹਰਨਾਂ ਉਨ੍ਹਾਂ ਦੀਆਂ ਕਵਿਤਾਵਾਂ ਵਿਚੋਂ ਵੇਖੀਆਂ ਜਾ ਸਕਦੀਆਂ ਹਨ। ਹਰ ਰਚਨਾ ਵਿਚ ਢੁਕਵੇਂ ਸ਼ਬਦਾਂ ਨੂੰ ਚੁਣ-ਚੁਣ ਕੇ ਰਚਨਾ ਨੂੰ ਜਿਸ ਤਰ੍ਹਾਂ ਪਰੋਇਆ ਗਿਆ ਹੈ, ਉਹ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ। ਲੇਖਕ ਦੇ ਅੰਦਰ ਅਥਾਹ ਸ਼ਬਦਾਂ ਦਾ ਜਿਸ ਤਰ੍ਹਾਂ ਭੰਡਾਰ ਜਮ੍ਹਾਂ ਕੀਤਾ ਹੋਇਆ ਹੈ, ਉਸ ਦੇ ਨਾਲ ਰਚਨਾ ਵਿਚ ਆਪ-ਮੁਹਾਰੇ ਹੀ ਜਾਨ ਪੈ ਜਾਂਦੀ ਹੈ। ਲੇਖਕ ਸ਼ਬਦਾਂ ਦੀ ਵਰਤੋਂ ਤੇ ਸੱਚ ਕਹਿਣ ਪ੍ਰਤੀ ਐਵੇਂ ਵਾਧੂ ਵਲੇਵੇਂ ਜਿਹੇ ਨਹੀਂ ਪਾਉਂਦਾ ਸਗੋਂ ਸਪੱਸ਼ਟ ਅਤੇ ਸਰਲ ਭਾਸ਼ਾ ਦੇ ਵਿਚ ਕਹਿ ਕੇ ਉਸ ਨੂੰ ਸ਼ਿੰਗਾਰਦਾ ਹੈ। ਕਈ ਕਵਿਤਾਵਾਂ ਦੇ ਡੂੰਘੇ ਅਰਥ ਵੀ ਵੇਖੇ ਜਾ ਸਕਦੇ ਹਨ। ਲੇਖਕ ਅੱਜ ਦੇ ਸਮਾਜ ਪ੍ਰਤੀ ਵੀ ਕਾਫ਼ੀ ਚਿੰਤਤ ਹੈ ਅਤੇ ਉਹ ਅੱਜ ਦੇ ਵਰਤੇਵੇਂ ਤੋਂ ਵੀ ਕਾਫ਼ੀ ਪ੍ਰੇਸ਼ਾਨ ਹੈ ਅਤੇ ਆਪਣੀ ਭੜਾਸ ਆਪਣੀਆਂ ਰਚਨਾਵਾਂ ਵਿਚ ਕੱਢ ਕੇ ਸਾਹ ਲੈਂਦਾ ਹੈ। ਲੇਖਕ ਦਾ ਆਪਣਾ ਹੀ ਅੰਦਾਜ਼ ਹੈ ਕਿ ਉਹ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿਚ ਕਹਿ ਜਾਂਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਵੰਨ-ਸੁਵੰਨੇ ਵਿਸ਼ੇ ਲਏ ਗਏ ਹਨ ਅਤੇ ਹਰ ਰਚਨਾ ਦੇ ਨਾਲ ਕੀਤਾ ਗਿਆ ਇਨਸਾਫ਼ ਵੀ ਸਾਫ਼ ਝਲਕਦਾ ਹੈ। ਲੇਖਕ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਆਪਣੀ ਲੇਖਣੀ ਦੇ ਪ੍ਰਤੀ ਡਰ ਦਾ ਭਓ ਨਹੀਂ ਰੱਖਦਾ ਅਤੇ ਜੋ ਕਹਿਣਾ ਹੁੰਦਾ ਹੈ, ਉਸ ਨੂੰ ਕਹਿ ਕੇ ਆਪਣਾ ਦਿਲ ਹਲਕਾ ਕਰ ਲੈਂਦਾ ਹੈ। ਵੈਸੇ ਤਾਂ ਸਾਰੀਆਂ ਹੀ ਕਵਿਤਾਵਾਂ ਵਧੀਆ ਹਨ ਪ੍ਰੰਤੂ ਧੀਆਂ, ਯਾਦਾਂ, ਮੁਸਕਾਨ, ਹੰਝੂ, ਮਹਿੰਦੀ, ਕੰਡਿਆਲੀਆਂ ਤਾਰਾਂ, ਦਿਲ ਦੇ ਸੌਦੇ, ਕਿਸਾਨ, ਇਮਾਨਦਾਰ ਹੋਵੇ ਜੇ ਬੰਦਾ, ਇਨਸਾਨੀਅਤ ਦਾ ਪਾਠ, ਯਾਦਾਂ ਦੇ ਸਹਾਰੇ, ਰੁੱਖ ਤੇ ਕੁੱਖ ਕਾਬਲੇ ਤਾਰੀਫ਼ ਹਨ। ਇਕ ਕਵਿਤਾ ਵਿਚ ਲੇਖਕ ਲਿਖਦਾ ਹੈ :-
ਇਨਸਾਨੀਅਤ ਦਾ ਪਾਠ,
ਧਰਮ ਸਿਖਾਉਂਦੇ ਸਾਰੇ ਨੇ,
ਫੇਰ ਕਾਹਤੋਂ ਹਰ ਵਾਰ,
ਜਾਨੋਂ ਕਈ ਬੇਦੋਸ਼ੇ ਮਾਰੇ।
ਜੇਕਰ ਲੇਖਕ ਇਸੇ ਤਰ੍ਹਾਂ ਨਿਰੰਤਰ ਲਿਖਦਾ ਗਿਆ ਤਾਂ ਹੋਰ ਵੀ ਪ੍ਰਪੱਕਤਾ ਆਵੇਗੀ।

-ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 092105-88990

ਹੱਡੀਂ ਹੰਢਾਏ ਸੱਚ
ਲੇਖਕ : ਬਲਬੀਰ ਪਰਵਾਨਾ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 95309-44345

ਬਲਬੀਰ ਪਰਵਾਨਾ ਰੋਜ਼ਾਨਾ 'ਨਵਾਂ ਜ਼ਮਾਨਾ' ਅਖ਼ਬਾਰ ਨਾਲ ਜੁੜਿਆ ਇਕ ਸਥਾਪਤ ਅਤੇ ਚਰਚਿਤ ਨਾਂਅ ਹੈ। ਉਸ ਨੇ ਹੁਣ ਤੱਕ 10 ਵਿਧਾਵਾਂ (ਨਾਵਲ, ਨਾਵਲੈੱਟ, ਕਹਾਣੀ, ਮਿੰਨੀ ਕਹਾਣੀ, ਕਵਿਤਾ, ਖੋਜ ਕਾਰਜ, ਮੁਲਾਕਾਤਾਂ, ਸੰਪਾਦਨ, ਅਨੁਵਾਦ ਆਦਿ) ਵਿਚ ਅੱਧੇ ਸੈਂਕੜੇ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ। ਰੀਵਿਊ ਅਧੀਨ ਕਿਤਾਬ ਨੂੰ ਓਪਰੀ ਨਜ਼ਰੇ ਵੇਖਿਆਂ ਲੱਗਦਾ ਹੈ ਕਿ ਇਹ ਲੇਖਕ ਦੀਆਂ ਯਾਦਾਂ ਨਾਲ ਸੰਬੰਧਤ ਹੈ, ਪਰ ਅਸਲ ਵਿਚ ਉਸ ਨੇ ਇਨ੍ਹਾਂ ਯਾਦਾਂ ਨੂੰ ਮਹਿਜ਼ ਯਾਦਾਂ ਵਜੋਂ ਹੀ ਪ੍ਰਸਤੁਤ ਨਹੀਂ ਕੀਤਾ, ਸਗੋਂ ਉਨ੍ਹਾਂ 'ਤੇ ਢੁਕਵਾਂ ਤਬਸਰਾ ਵੀ ਕੀਤਾ ਹੈ। ਇਸੇ ਲਈ ਇਸ ਨੂੰ 'ਚਿੰਤਨ' ਦੇ ਘੇਰੇ ਵਿਚ ਰੱਖਿਆ ਗਿਆ ਹੈ। ਇਸ ਕਿਤਾਬ ਦੇ ਤਿੰਨ ਭਾਗ ਬਣਾਏ ਗਏ ਹਨ- }) ਸਾਹਿਤ ਅਨੁਭਵ, }}) ਅਨੁਭਵ ਬਿੰਦੂ ਅਤੇ }}}) ਮੀਲ ਪੱਥਰ। ਇਨ੍ਹਾਂ ਵਿਚ ਕ੍ਰਮਵਾਰ 4, 63 ਅਤੇ 4 ਰਚਨਾਵਾਂ ਹਨ। ਜ਼ਿਆਦਾ ਰਚਨਾਵਾਂ ਦੂਜੇ ਭਾਗ ਦੀਆਂ ਹਨ, ਜਿਨ੍ਹਾਂ ਵਿਚ ਲੇਖਕ ਨੇ ਯਾਦਾਂ ਨੂੰ ਸਮੇਂ ਤੇ ਸਥਿਤੀ ਨਾਲ ਜੋੜ ਕੇ ਇਨ੍ਹਾਂ ਦੀ ਆਧੁਨਿਕ ਪ੍ਰਸੰਗ ਵਿਚ ਥਾਂ ਨਿਰਧਾਰਿਤ ਕੀਤੀ ਹੈ। ਪਹਿਲੇ ਭਾਗ ਵਿਚ ਸਾਹਿਤ ਦੀ ਭੂਮਿਕਾ, ਰਚਨਾ ਦੀਆਂ ਜੜ੍ਹਾਂ, ਸਿਰਜਣਾ 'ਚ ਸਮਕਾਲ, ਕੁਦਰਤ ਤੇ ਸ਼ਬਦ ਸਾਧਨਾ ਸਿਰਲੇਖ ਹੇਠ ਸਾਹਿਤਕ ਲੇਖ ਹਨ, ਅੰਤਿਮ ਭਾਗ ਵਿਚ ਪਾਸ਼, ਅਮਰ ਅਚਰਵਾਲ, ਕਾਮਰੇਡ ਗਿਆਨ ਸਿੰਘ ਸੰਘਾ ਤੇ ਸੁਖਦੇਵ ਪ੍ਰੀਤ ਜਿਹੇ ਪ੍ਰਗਤੀਵਾਦੀ, ਅਗਾਂਹਵਧੂ ਤੇ ਕ੍ਰਾਂਤੀਕਾਰੀ ਲੇਖਕਾਂ/ ਕਾਰਕੁਨਾਂ ਨਾਲ ਜੁੜੀਆਂ ਯਾਦਾਂ ਦੇ ਵਰਕੇ ਹਨ, ਜੋ ਕਿਸੇ 'ਕਾਜ' ਲਈ ਜਾਨਾਂ ਕੁਰਬਾਨ ਕਰ ਗਏ। ਵਿਚਕਾਰਲੇ ਭਾਗ ਦੀਆਂ ਸਾਰੀਆਂ ਹੀ ਰਚਨਾਵਾਂ ਸੰਖਿਪਤ ਅਤੇ ਦਿਲਚਸਪ ਹੋਣ ਦੇ ਨਾਲ-ਨਾਲ ਸਮਕਾਲੀ ਪ੍ਰਸੰਗਾਂ ਨਾਲ ਖਹਿੰਦੀਆਂ ਹਨ। ਇਸ ਭਾਗ ਦੀਆਂ ਲਿਖਤਾਂ ਲੇਖਕ ਦੇ ਬਚਪਨ ਤੋਂ ਹੁਣ ਤੱਕ ਦੇ ਸਮੇਂ ਨਾਲ ਵਾਬਸਤਾ ਹਨ। 'ਸ਼ਬਦ ਤੇ ਅਹਿਸਾਸ' (72) ਵਿਚ ਅੰਕੜਾ 143 ਅਤੇ 'ਅਗਾੜੀ' ਸ਼ਬਦ ਬਾਰੇ ਦਿਲਚਸਪ ਅੰਸ਼ ਹੈ। ਨੌਜਵਾਨ ਪੀੜ੍ਹੀ ਲਈ 143 ਦਾ ਅਰਥ ਹੈ-'ਆਈ ਲਵ ਯੂ'; ਇਸੇ ਤਰ੍ਹਾਂ ਜਦੋਂ ਲੇਖਕ ਆਪਣੇ ਦਫ਼ਤਰ ਵਿਚ ਆਪਣੇ ਖੇਤਰ ਦੀ ਬੋਲੀ ਮੁਤਾਬਕ 'ਅਗਾੜੀ' ਸ਼ਬਦ ਬੋਲਦਾ ਸੀ ਤਾਂ ਦਫ਼ਤਰ ਦੀਆਂ ਕੰਪਿਊਟਰ ਵਾਲੀਆਂ ਕੁੜੀਆਂ ਨੇ ਉਹਦੀ ਛੇੜ ਹੀ 'ਅਗਾੜੀ' ਰੱਖ ਲਈ। 'ਸੰਦਰਭ ਤੇ ਅਰਥ' (65) ਵਿਚ ਪਰਵਾਨਾ ਨੇ ਇਕ ਲੋਕ ਬੋਲੀ 'ਮੌਜ ਸੁਨਿਆਰਾ ਲੈ ਗਿਆ, ਜਿਹੜਾ ਲਾ ਗਿਆ ਦੰਦਾਂ ਨੂੰ ਮੇਖਾਂ' ਨੂੰ ਸੰਦਰਭ ਨਾਲ ਜੋੜ ਕੇ ਵੇਖਣ ਦੀ ਕੋਸ਼ਿਸ਼ ਕੀਤੀ ਹੈ। 'ਪੜ੍ਹਨ ਦੀ ਰੁਚੀ' (110) ਵਿਚ ਲੇਖਕ ਨੇ ਦੱਸਿਆ ਹੈ ਕਿ ਉਸ ਨੇ ਸਕੂਲ 'ਚ ਪੜ੍ਹਦਿਆਂ ਹੀ ਸਕੂਲ-ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ। ਕਿਤਾਬ ਵਿਚਲੇ ਇਨ੍ਹਾਂ ਸੰਸਮਰਣਾਂ ਦਾ ਮੁੱਢ 1965 (ਲੇਖਕ ਉਦੋਂ 10 ਸਾਲ ਦਾ ਸੀ) ਤੋਂ ਬੱਝਦਾ ਹੈ, ਜਦ ਕਿ ਇਨ੍ਹਾਂ ਦਾ ਰਚਨਾ-ਕਾਲ 1995-2000 ਦਾ ਹੈ। ਹੋਰ ਲਿਖਤਾਂ 'ਕਿਤਾਬਾਂ ਦੀ ਚੋਰੀ', 'ਡਾਇਰੀ ਤੇ ਵਿਆਹ', 'ਕਿੱਸਾ ਇਕ ਕਵਿਤਾ ਦਾ', 'ਸ਼ਬਦਾਂ 'ਚ ਢਲਦੇ ਅਹਿਸਾਸ', 'ਸ਼ਬਦਾਂ ਦੀ ਦਿਸ਼ਾ', 'ਪੀੜਾਂ ਬੋਲਦੀਆਂ' ਆਦਿ ਵਿਚ ਸਾਕਾਰਾਤਮਕ, ਉਸਾਰੂ, ਸੁਝਾਊ, ਸੇਧਪਰਕ ਟਿੱਪਣੀਆਂ ਹਨ, ਜਿਨ੍ਹਾਂ ਨੂੰ ਸਿੱਧੀ, ਸਰਲ ਤੇ ਸਪੱਸ਼ਟ ਭਾਸ਼ਾ ਵਿਚ ਸੰਭਾਲਿਆ ਗਿਆ ਹੈ। ਨਵੀਂ ਪੀੜ੍ਹੀ ਲਈ ਇਹ ਲਿਖਤਾਂ ਅਰਥ-ਭਰਪੂਰ ਤੇ ਉਪਯੋਗੀ ਹੋਣਗੀਆਂ, ਅਜਿਹਾ ਮੇਰਾ ਵਿਸ਼ਵਾਸ ਹੈ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

30-03-2024

 ਹੀਰ ਵਾਰਿਸ ਸ਼ਾਹ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 199 ਰੁਪਏ, ਸਫ਼ੇ : 192
ਸੰਪਰਕ : 78379-11000

ਪੰਜਾਬੀ ਸਾਹਿਤ ਦੇ ਕਿੱਸਾ ਕਾਵਿ ਵਿਚ ਹੀਰ ਵਾਰਿਸ ਇਕ ਸ਼ਾਹਕਾਰ ਰਚਨਾ ਹੈ। ਇਸ ਰਚਨਾ ਨੂੰ ਸੰਸਾਰ ਦੀਆਂ ਮਾਸਟਰ ਪੀਸ ਰਚਨਾਵਾਂ ਵਿਚ ਗਿਣਿਆ ਜਾਂਦਾ ਹੈ। ਇਸ ਦੀ ਰਚਨਾ ਲਗਭਗ 1766 ਈ. ਵਿਚ ਮੁਕੰਮਲ ਹੋ ਚੁੱਕੀ ਸੀ। ਇਸ ਦਾ ਅਧਿਐਨ ਕਰਦਿਆਂ ਅਜਿਹਾ ਪ੍ਰਤੀਤ ਹੁੰਦਾ ਹੈ, ਜਿਵੇਂ ਵਾਰਿਸ ਸ਼ਾਹ ਦਾ ਗਿਆਨ 'ਵਿਸ਼ਵਕੋਸ਼ੀ' ਹੋਵੇ। ਸੰਸਾਰ ਦੇ ਸਭ ਇਤਿਹਾਸਕ ਮਿਥਿਹਾਸਕ ਹਵਾਲੇ, ਕੀ ਪੂਰਬ, ਕੀ ਪੱਛਮ, ਇਸ ਵਿਚ ਉਪਲਬਧ ਹਨ। ਇਸ ਵਿਚ ਸਭ ਧਰਮਾਂ ਦੀਆਂ ਉਦਾਹਰਨਾਂ ਪ੍ਰਸੰਗ ਸਹਿਤ ਪੇਸ਼ ਕੀਤੀਆਂ ਗਈਆਂ ਹਨ। ਇਸ ਸ਼ਾਹਕਾਰ ਦੇ ਅਨੇਕਾਂ ਸੰਪਾਦਨ ਹੋ ਚੁੱਕੇ ਹਨ, ਜਿਸ ਕਾਰਨ ਸਮੇਂ-ਸਮੇਂ ਇਸ ਵਿਚ ਰਲਾਅ ਹੁੰਦਾ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਇਸ ਦਾ ਸ਼ੁੱਧ ਸੰਪਾਦਨ ਕੀਤਾ ਜਾਵੇ। ਇਸੇ ਲਈ ਵਿਦਵਾਨ 'ਭੰਗੂ' ਨੇ ਆਪਣੇ ਹਥਲੇ ਸੰਪਾਦਨ ਦਾ ਆਧਾਰ ਪਾਕਿਸਤਾਨ ਦੇ ਪ੍ਰਸਿੱਧ ਖੋਜੀ ਵਿਦਵਾਨ ਜਾਹਿਦ ਇਕਬਾਲ ਦੇ ਕੀਤੇ ਕਾਰਜ ਨੂੰ ਬਣਾਇਆ ਹੈ। ਸੰਪਾਦਕ ਨੇ ਕੁਝ ਮੁੱਲਵਾਨ ਗੱਲਾਂ ਆਪਣੇ ਵਲੋਂ ਫੁਟ ਨੋਟਾਂ ਵਿਚ ਦਿੱਤੀਆਂ ਹਨ। ਪਾਠਕਾਂ ਦੀ ਸਹੂਲਤ ਲਈ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਹਨ। ਹੀਰ ਵਾਰਿਸ ਪੰਜਾਬੀ ਸੱਭਿਆਚਾਰ ਦੀ ਚਿੱਤਰਾਵਲੀ ਹੈ। ਮਸਲਨ : ਪੰਜਾਬੀਆਂ ਦੇ ਰਹਿਣ-ਸਹਿਣ, ਜੀਵਨਸ਼ੈਲੀ, ਰਿਸ਼ਤੇ-ਨਾਤੇ, ਰਸਮ-ਰਿਵਾਜ, ਖਾਣ-ਪਹਿਨਣ, ਵਿਆਹ-ਸ਼ਾਦੀਆਂ, ਜਾਤਾਂ, ਵਸਤਾਂ, ਥਾਵਾਂ ਦਾ ਮਹੱਤਵ, ਬਿਮਾਰੀਆਂ-ਇਲਾਜ, ਓਹੜ-ਪੋਹੜ, ਚੁਸਤੀਆਂ-ਚਲਾਕੀਆਂ, ਝੂਠ-ਪਖੰਡ, ਚੁਗਲੀਆਂ, ਭੇਦ ਛੁਪਾਉਣੇ, ਬੇਲਿਆਂ, ਬਾਗਾਂ, ਤ੍ਰਿੰਝਣਾਂ' ਗੱਲ ਕੀ ਹੀਰ ਵਾਰਿਸ ਤਤਕਾਲੀਨ ਸਮਾਜ ਦਾ ਪ੍ਰਮਾਣਿਕ ਦਸਤਾਵੇਜ਼ ਹੋ ਨਿੱਬੜੀ ਹੈ।
ਵਾਰਿਸ ਸ਼ਾਹ ਨੇ ਆਪਣੀਆਂ ਸ਼ਾਇਰੀ ਟਿੱਪਣੀਆਂ ਅਤੇ ਸ਼ਾਇਰੀ ਖ਼ਿਆਲਾਂ ਸਮੇਤ ਮੁੱਖ ਤੌਰ 'ਤੇ ਸੰਵਾਦ ਦੀ ਜੁਗਤ ਅਪਣਾਈ ਹੈ। ਸੰਵਾਦ ਬੜੇ ਤਿੱਖੇ ਹਨ। ਪਾਠਕ ਕਿੱਸਾ ਪੜ੍ਹਦਿਆਂ ਸ਼ਬਦੀ-ਜੰਗ (ਵਰਡ ਵਾਰ) ਹੁੰਦੀ ਵੇਖ ਰਿਹਾ ਹੈ। ਇਕ ਧਿਰ ਦੂਜੀ ਧਿਰ 'ਤੇ ਸ਼ਬਦੀ-ਹਮਲੇ ਕਰਦੀ ਹੈ। ਸੰਵੇਦਨਸ਼ੀਲ ਅੰਗਾਂ ਦੀ ਪੇਸ਼ਕਾਰੀ ਨਿਰਸੰਕੋਚ ਕੀਤੀ ਮਿਲਦੀ ਹੈ। ਸਭ ਤੋਂ ਲੰਮਾ ਅਤੇ ਤਿੱਖਾ ਸੰਵਾਦ ਰਾਂਝੇ ਅਤੇ ਸਹਿਤੀ ਵਿਚਕਾਰ ਹੈ। ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਅਨੁਸਾਰ, ਪਾਠਕ ਨੋਟ ਕਰ ਸਕਦੇ ਹਨ, ਜਦੋਂ ਵੀ ਮੁੱਖ ਪਾਤਰਾਂ ਦੇ ਅਸਤਿਤਵ ਨੂੰ ਠੇਸ ਪਹੁੰਚਦੀ ਹੈ, ਉਦੋਂ ਉਹ ਕਠਿਨ ਕਾਰਜ ਲਈ ਤਤਪਰ ਹੁੰਦੇ ਹਨ। ਭੂਮੀ ਦੀ ਕਾਣੀ ਵੰਡ ਕਾਰਨ ਰਾਂਝੇ ਦਾ ਘਰ ਤਿਆਗਣਾ, ਭਾਬੀਆਂ ਦਾ ਮਿਹਣਾ, 'ਜਾਹ ਹੀਰ ਸਿਆਲ ਵਿਆਹਾ ਲਿਆਵੀਂ', 'ਰਾਂਝੇ ਵਲੋਂ ਬਾਲ ਨਾਥ ਤੋਂ ਕੰਨ ਪੜਵਾਉਣੇ-ਇਤਿਆਦਿ। ਕਿੱਸੇ ਦੇ ਆਰੰਭ ਵਿਚ ਜਿਹੜੀ ਹੀਰ ਰਾਂਝੇ ਨੂੰ ਉਧਾਲ ਕੇ ਲੈ ਜਾਣ ਦੀ ਪੇਸ਼ਕਸ਼ ਕਰਦੀ ਹੈ, ਉਹੀ ਹੀਰ (ਆਪਣੇ ਅਸਤਿਤਵ ਨੂੰ ਸਮਝਦੀ ਹੋਈ) ਸਿੱਧੀ ਤਖ਼ਤ-ਹਜ਼ਾਰੇ ਜਾਣ ਤੋਂ ਇਨ੍ਹਾਂ ਸ਼ਬਦਾਂ ਵਿਚ ਨਾਂਹ ਕਰਦੀ ਹੈ :
ਹੀਰ ਆਖਿਆ, / ਇਵੇਂ ਜੇ ਜਾਇ ਵੜਸਾਂ,
ਰੰਨਾਂ ਆਖਸਣ, / ਉੱਧਲੀ ਆਈ ਏਂ ਨੀ।
ਪੰ. 186
ਹੀਰ ਦੇ ਭਰਾ ਜੰਨ ਲਿਆਉਣ ਦਾ ਲਾਰਾ ਦੇ ਕੇ ਆਪਣੇ ਖਾਨਦਾਨ ਦੇ ਅਸਤਿਤਵ ਦੀ ਰਾਖੀ ਲਈ ਹੀਰ ਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਹਨ। ਇਸ ਲਈ ਹੀਰ ਦੀ ਮੌਤ ਕੁਦਰਤੀ ਮੌਤ ਨਹੀਂ, ਅਸਤਿਤਵੀ ਮੌਤ (ਐਗਜ਼ਿਸਟੈਂਸੀਅਨ ਡੈੱਥ) ਹੈ। ਇਹ 'ਆਨਰ ਕਿਲਿੰਗ' ਹੈ। ਭਾਸ਼ਾ ਦੀ ਦ੍ਰਿਸ਼ਟੀ ਤੋਂ ਕਈ ਵਿਦਵਾਨਾਂ ਦਾ ਵਿਚਾਰ ਕਿ ਜੇਕਰ ਵਾਰਿਸ ਦੀ ਹੀਰ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਇਕੱਤਰ ਕਰ ਲਿਆ ਜਾਵੇ ਤਾਂ ਲਗਭਗ ਪੰਜਾਬੀ ਦੀ ਡਿਕਸ਼ਨਰੀ ਨੇੜੇ-ਤੇੜੇ ਪਹੁੰਚ ਜਾਵੇਗੀ। ਅਜੋਕੇ ਸਮੇਂ ਪੰਜਾਬੀ ਦਾ ਵਿਕਾਸ ਤਾਂ ਹੋ ਰਿਹਾ ਹੈ, ਪਰ ਇਸ ਦੀ ਚੁੱਕ ਵਾਰਿਸ ਵਰਗੀ ਰਹਿਣੀ ਅਸੰਭਵ ਪ੍ਰਤੀਤ ਹੁੰਦੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com


ਮਹਾਰਾਣੀ ਜਿੰਦਾਂ
ਲੇਖਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬੀਲਕੇਸ਼ਨ, ਬਰਨਾਲਾ
ਮੁੱਲ : 160 ਰੁਪਏ, ਸਫ਼ੇ : 120
ਸੰਪਰਕ : 84277-12890


ਹਥਲੀ ਪੁਸਤਕ ਦਾ ਲੇਖਕ ਇਤਿਹਾਸ ਦਾ ਵਿਦਿਆਰਥੀ ਹੈ। ਉਸ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਤਿਹਾਸ ਨੂੰ ਲਿਖਣ ਤੇ ਸੋਧਣ 'ਤੇ ਲਗਾਇਆ ਹੈ। ਉਸ ਨੇ ਹੁਣ ਤੱਕ ਕਿਤਾਬਾਂ ਦੀ ਸੰਪਾਦਨਾ ਅਤੇ ਸਵੈ-ਜੀਵਨੀ ਪਾਠਕਾਂ ਦੇ ਸਨਮੁਖ ਭੇਟ ਕੀਤੀ ਹੈ। 'ਮਹਾਰਾਣੀ ਜਿੰਦਾਂ' ਇਕ ਅਜਿਹੀ ਖ਼ੁਸ਼-ਕਿਸਮਤ ਔਰਤ ਸੀ, ਜੋ ਕਦੇ 1,45,000 ਵਰਗ ਕਿੱਲੋਮੀਟਰ ਇਲਾਕੇ ਦੇ ਵੱਡੇ ਆਜ਼ਾਦ ਦੇਸ਼ ਪੰਜਾਬ ਦੀ ਮਹਾਰਾਣੀ ਸੀ। ਵਕਤ ਦਾ ਦੌਰ ਹੀ ਸੀ ਕਿ ਬਰਤਾਨਵੀ ਹਕੂਮਤ ਨੂੰ ਮਜਬੂਰੀ ਵੱਸ 1809 ਈ. ਵਿਚ ਖ਼ਾਲਸਾ ਰਾਜ ਨਾਲ ਸੰਧੀ ਕਰਨੀ ਪਈ ਸੀ। ਮਹਾਰਾਣੀ ਬਦ-ਕਿਸਮਤ ਵੀ ਏਨੀ ਕੁ ਸੀ ਕਿ ਉਸ ਨੂੰ ਅੰਗਰੇਜ਼ਾਂ, ਡੋਗਰਿਆਂ, ਮਿਸਰਾਂ ਅਤੇ ਕੁਝ ਸਿੱਖ ਦਰਬਾਰੀਆਂ ਨੇ ਇਸ ਤਰ੍ਹਾਂ ਬਦਨਾਮ ਕੀਤਾ, ਬੁਰੀ ਤਰ੍ਹਾਂ ਰੋਲਿਆ, ਦੇਸ਼ੋਂ ਬਾਹਰ ਕੱਢਿਆ ਕਿ ਮੁੜ ਆਪਣੇ ਦੇਸ਼ ਪੰਜਾਬ ਦੀ ਮਿੱਟੀ ਵੀ ਨਸੀਬ ਨਾ ਹੋਈ। ਲੇਖਕ ਮੁਤਾਬਿਕ ਉਸ ਦੇ 47 ਸਾਲਾ ਜੀਵਨ ਵਿਚ ਕੀਤੇ 23 ਸਾਲਾਂ ਦੇ ਸੰਘਰਸ਼ ਦੀ ਗਾਥਾ ਹੈ, ਜਿਸ ਨੂੰ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰਨ ਦਾ ਇਹ ਨਿਵੇਕਲਾ ਜਿਹਾ ਉੱਦਮ ਹੈ।
ਇਸ ਪੁਸਤਕ ਨੂੰ 46 ਵੱਖ-ਵੱਖ ਸਿਰਲੇਖਾਂ ਵਿਚ ਵੰਡ ਕੇ ਮਹਾਰਾਣੀ ਦੇ ਜੀਵਨ 'ਤੇ ਪੰਛੀ-ਝਾਤ ਪਾਈ ਗਈ ਹੈ। ਹਰ ਘਟਨਾ ਮਹਾਰਾਣੀ ਦੇ ਜੀਵਨ-ਸੰਘਰਸ਼ ਨੂੰ ਨੇੜਿਓਂ ਬਿਆਨ ਕਰਦੀ ਹੈ। ਇਨ੍ਹਾਂ ਸਿਰਲੇਖਾਂ ਵਿਚ 'ਮਹਾਰਾਣੀ ਜਿੰਦਾਂ ਤੇ ਉਸ ਦੇ ਮਾਪੇ', 'ਮਹਾਰਾਜੇ ਦੇ ਵਿਆਹ', 'ਜਿੰਦਾਂ ਦਾ ਮਹਾਰਾਜੇ ਨਾਲ ਵਿਆਹ', 'ਰਾਣੀ ਜਿੰਦਾਂ ਸ਼ਾਹੀ ਮਹਿਲ ਵਿਚ', 'ਸ਼ਹਿਜ਼ਾਦੇ ਦਲੀਪ ਸਿੰਘ ਦਾ ਜਨਮ', 'ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ', 'ਮਹਾਰਾਜੇ ਦਾ ਸਸਕਾਰ', 'ਮਹਾਰਾਣੀ ਦਾ ਇਕਾਂਤਵਾਸ', 'ਅੰਗਰੇਜ਼ਾਂ ਦਾ ਦਰਬਾਰ ਵੱਲ ਧਿਆਨ ਦੇਣਾ', 'ਦਰਬਾਰ ਵਿਚ ਖਾਨਾਜੰਗੀ', 'ਸ਼ਾਹੀ ਪਰਿਵਾਰ ਦੀ ਸੰਧਾਵਾਲੀਆ ਨਾਲ ਸਾਂਝ', 'ਮਹਾਰਾਜਾ ਸ਼ੇਰ ਸਿੰਘ ਦਾ ਕਤਲ', 'ਧਿਆਨ ਸਿੰਘ ਦੀ ਮੌਤ', 'ਦਲੀਪ ਸਿੰਘ ਦਾ ਮਹਾਰਾਜਾ ਬਣਨਾ', 'ਸੰਧਾਵਾਲੀਆਂ ਦੀ ਮੌਤ', 'ਹੀਰਾ ਸਿੰਘ ਦੀ ਜੁੰਡਲੀ ਦੀ ਮੌਤ', 'ਸ਼ਹਿਜ਼ਾਦੇ ਪਿਸ਼ੌਰਾ ਸਿੰਘ ਦਾ ਕਤਲ', 'ਜਵਾਹਰ ਸਿੰਘ ਦੀ ਮੌਤ', 'ਅੰਗਰੇਜ਼ਾਂ ਨਾਲ ਯੁੱਧ ਤੋਂ ਪਹਿਲਾਂ ਦੇ ਹਾਲਾਤ', 'ਅੰਗਰੇਜ਼ਾਂ ਤੇ ਖ਼ਾਲਸਾ ਫ਼ੌਜਾਂ ਦਾ ਪਹਿਲਾ ਯੁੱਧ', 'ਫੇਰੂ ਸ਼ਹਿਰ ਦੀ ਜੰਗ', 'ਬੱਦੋਵਾਲ ਦਾ ਯੁੱਧ', 'ਸਭਰਾਵਾਂ ਦੀ ਜੰਗ', 'ਪਾਬੰਦੀਆਂ ਦਾ ਦੌਰ', 'ਪਹਿਲੀ ਚਿੱਠੀ ਸੰਮਨ ਬੁਰਜ ਤੋਂ', 'ਜ਼ਿੰਦਾਂ ਨੂੰ ਲਾਹੌਰ ਤੋਂ ਸ਼ੇਖੂਪੁਰੇ ਲਿਜਾਣਾ', 'ਸ਼ੇਖੂਪੁਰੇ ਤੋਂ ਦੂਜੀ ਤੇ ਤੀਜੀ ਚਿੱਠੀ', 'ਮੁਲਤਾਨ ਦੀ ਬਗ਼ਾਵਤ', 'ਮਹਾਰਾਣੀ ਜਿੰਦਾਂ ਨੂੰ ਫ਼ਿਰੋਜ਼ਪੁਰ ਭੇਜਣਾ', 'ਮਹਾਰਾਣੀ ਨੂੰ ਬਨਾਰਸ ਦਾ ਦੇਸ਼ ਨਿਕਾਲਾ', 'ਦੂਜਾ ਐਂਗਲੋ-ਸਿੱਖ ਯੁੱਧ', 'ਚੇਲਿਆਂਵਾਲੀ ਦੀ ਲੜਾਈ', 'ਗੁਜਰਾਤ ਦੀ ਆਖਰੀ ਲੜਾਈ', 'ਸਿੱਖਾਂ ਦੀ ਹਾਰ', 'ਸਿੱਖ ਰਾਜ ਦਾ ਅੰਤਿਮ ਦਰਬਾਰ', 'ਮਹਾਰਾਣੀ ਚੁਨਾਰ ਦੇ ਕਿਲ੍ਹੇ ਵਿਚ, ਕਾਠਮੰਡੂ ਵਿਚ', 'ਮਹਾਰਾਜਾ ਦਲੀਪ ਸਿੰਘ ਦੇ ਲਾਹੌਰ ਦਾ ਹਾਲ', 'ਦੇਸ਼-ਨਿਕਾਲਾ', 'ਦਲੀਪ ਸਿੰਘ ਦਾ ਈਸਾਈ ਬਣਨਾ', 'ਲੰਡਨ ਰਵਾਨਗੀ', 'ਮਹਾਰਾਣੀ ਦਾ ਪੁੱਤਰ ਮਿਲਾਪ', 'ਮਹਾਰਾਣੀ ਦਾ ਇੰਗਲੈਂਡ ਨਿਵਾਸ', 'ਇੰਗਲੈਂਡ ਪਹੁੰਚਣਾ', 'ਅੰਤਿਮ ਸਮਾਂ', ਸਮੁੱਚੀ ਜੀਵਨੀ ਨੂੰ ਸਮੇਟਿਆ ਗਿਆ ਹੈ। ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਵੀ ਦਰਜ ਕੀਤੀ ਗਈ ਹੈ। ਅਸਲ ਵਿਚ ਮਹਾਰਾਣੀ ਜਿੰਦਾਂ ਦਾ ਸਾਰਾ ਜੀਵਨ ਖ਼ਾਲਸਾ ਰਾਜ ਦੇ ਚੜ੍ਹਦੇ ਸੂਰਜ ਤੋਂ ਸ਼ੁਰੂ ਹੋ ਕੇ ਸਿੱਖ ਰਾਜ ਦੇ ਡੁੱਬਦੇ ਸੂਰਜ ਦੀ ਉਹ ਗਾਥਾ ਹੈ, ਜਿਸ ਨੂੰ ਪੜ੍ਹ ਕੇੇ ਪਾਠਕਾਂ ਦਾ ਹਿਰਦਾ ਵੀ ਵਲੂੰਧਰਿਆ ਜਾਂਦਾ ਹੈ। ਮਹਾਰਾਜੇ ਦੇ ਅਕਾਲ ਚਲਾਣੇ ਤੋਂ ਬਾਅਦ ਖ਼ਾਲਸਾ ਰਾਜ ਵਿਚ ਮਚੀ ਹਫ਼ੜਾ-ਦਫ਼ੜੀ ਨੇ ਪੰੰਜਾਬ ਨੂੰ ਤਬਾਹੀ ਦੇੇ ਮੰਜ਼ਰ ਤੱਕ ਲੈ ਆਂਦਾ। ਲੇਖਕ ਦੀ ਘਾਲਣਾ ਅਤੇ ਇਤਿਹਾਸ ਨੂੰ ਵੱਖ-ਵੱਖ ਸਰੋਤਾਂ ਤੋਂ ਇਕੱਠਾ ਕਰਨ ਦੀ ਦਾਦ ਦੇਣੀ ਬਣਦੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

 


ਵਾਪਸੀ ਟਿਕਟ
ਲੇਖਕ : ਬਿੰਦਰ ਸਿੰਘ ਖੁੱਡੀ ਕਲਾਂ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98786-05965

'ਕੋਸੀ ਕੋਸੀ ਧੁੱਪ' ਮਿੰਨੀ ਕਹਾਣੀ ਸੰਗ੍ਰਹਿ ਤੋਂ ਬਾਅਦ ਬਿੰਦਰ ਸਿੰਘ ਖੁੱਡੀ ਕਲਾਂ ਦਾ ਪਲੇਠਾ ਕਹਾਣੀ-ਸੰਗ੍ਰਹਿ 'ਵਾਪਸੀ ਟਿਕਟ' 2023 'ਚ ਛਪਿਆ ਹੈ। ਕਹਾਣੀ ਖੇਤਰ 'ਚ ਨਵਾਂ ਨਾਂਅ ਹੈ, ਜਿਸ ਬਾਰੇ ਉਹ ਆਪ ਲਿਖਦਾ : ਮੇਰੀਆਂ ਕਹਾਣੀਆਂ ਮਹਿਜ਼ ਕਲਪਨਿਕ ਉਡਾਰੀਆਂ ਜਾਂ ਰੁਮਾਂਸ ਦੀਆਂ ਬਾਤਾਂ ਨਹੀਂ ਪਾਉਂਦੀਆਂ। ਮੇਰੀਆਂ ਕਹਾਣੀਆਂ ਤਾਂ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਲੋਕਾਂ ਨੂੰ ਸਮਰਪਿਤ ਹਨ। ਕਿਸੇ ਨਜ਼ਰੀਏ ਤੋਂ ਇਹ ਕਥਨ ਸੱਚ ਹੈ। ਪੰਜਾਬੀ ਕਹਾਣੀ ਨੇ ਆਪਣੀ ਪੈਂਠ ਸਾਹਿਤ ਦੇ ਹੋਰ ਰੂਪਾਂ ਨਾਲੋਂ ਵਧੇਰੇ ਪਰਪੱਕ ਕੀਤੀ ਹੈ। 'ਵਾਪਸੀ ਟਿਕਟ' ਕਹਾਣੀ ਸੰਗ੍ਰਹਿ 'ਚ 16 ਕਹਾਣੀਆਂ ਸ਼ਾਮਿਲ ਹਨ। ਲੇਖਕ ਦਾ ਪਿਛੋਕੜ ਪੇਂਡੂ ਹੋਣ ਕਾਰਨ ਇਨ੍ਹਾਂ ਕਹਾਣੀਆਂ ਦਾ ਧਰਾਤਲ ਵੀ ਪੇਂਡੂ ਜੀਵਨ-ਸ਼ੈਲੀ 'ਤੇ ਆਧਾਰਿਤ ਹੈ। ਕਹਾਣੀਕਾਰ ਇਨ੍ਹਾਂ ਕਹਾਣੀਆਂ ਨੂੰ ਯਥਾਰਥਕ ਸਮਾਜੀਕਰਨ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਾਡਾ ਪੰਜਾਬੀ ਸਮਾਜ ਬਹੁਤ ਸਾਰੀਆਂ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ, ਜਿਸ ਬਾਰੇ ਲੇਖਕ ਦੀ ਫ਼ਿਕਰਮੰਦੀ ਇਨ੍ਹਾਂ ਕਹਾਣੀਆਂ 'ਚੋਂ ਉਜਾਗਰ ਹੁੰਦੀ ਹੈ। ਪੁਸਤਕ ਦੇ ਨਾਂਅ ਕਰਨ ਵਾਲੀ ਕਹਾਣੀ 'ਵਾਪਸੀ ਟਿਕਟ' ਪੰਜਾਬ 'ਚੋਂ ਪ੍ਰਵਾਸ ਹੋ ਰਹੀ ਜਵਾਨੀ ਨਾਲ ਸੰਬੰਧਿਤ ਹੈ। ਕਿਸਾਨ ਪਿਤਾ ਦਾ ਪੁੱਤਰ ਕਰਮ ਸਿਹੁੰ ਵੈਨਕੂਵਰ 'ਚ ਪੀ.ਆਰ. ਪ੍ਰਾਪਤ ਕਰ ਲੈਂਦਾ ਹੈ। ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਪ੍ਰੰਤੂ ਮਾਪੇ ਉੱਥੇ ਰਹਿਣ ਤੋਂ ਮਜਬੂਰ ਆਪਣੇ ਪਿੰਡ 20 ਕੀਲੇ ਜ਼ਮੀਨ ਕਿਵੇਂ ਵੇਚ ਸਕਦੇ ਹਨ, ਸੋ ਕੈਨੇਡਾ ਮੁੜਨ ਲਈ ਵਾਪਸੀ ਟਿਕਟ ਨਹੀਂ ਲੈਂਦੇ। ਇਥੇ ਪੰਜਾਬ ਵਿਚ ਹੀ ਆਪਣੀ ਖੇਤੀ ਨੂੰ ਸਫ਼ਲ ਕਰਨ ਦੀ ਸੋਚ ਲੈਂਦੇ ਹਨ। ਇਹ ਕਹਾਣੀ ਕਈ ਨੁਕਤਿਆਂ ਤੋਂ ਅੱਜ ਦੇ ਸੰਕਟ ਨੂੰ ਹੱਲ ਕਰਨ ਲਈ ਪ੍ਰੇਰਨਾ ਦਿੰਦੀ। 'ਮੇਰੇ ਹਿੱਸੇ ਦਾ ਇਨਸਾਫ਼' ਪੂਜਾ ਬੇਦੀ ਨੂੰ ਸਹੁਰੇ ਘਰ ਵਾਲੇ ਧੀਆਂ ਜੰਮਣ ਕਾਰਨ ਮਾਰ ਦਿੰਦੇ ਹਨ ਜੋ ਆਪਣੇ ਪਿਤਾ ਪ੍ਰਸ਼ੋਤਮ ਦੀ ਬਹੁਤ ਨੇਕ ਤੇ ਲਾਡਲੀ ਸੀ। ਧੀਆਂ ਲਈ ਇਨਸਾਫ਼ ਕਿੱਥੇ? 'ਡਰਪੋਕ' ਕਹਾਣੀ 'ਚ ਇਕ ਪਤੀ ਆਪਣੀ ਅਪੰਗ ਪਤਨੀ ਲਈ ਇਕ ਆਦਰਸ਼ ਪਤੀ ਬਣ ਕੇ ਵਿਆਹ-ਸਮਾਗਮ 'ਚ ਲੋਕਾਂ ਨੂੰ ਹੈਰਾਨ ਕਰ ਦਿੰਦਾ ਹੈ। 'ਮੋਹ' ਕਹਾਣੀ ਪਦਾਰਥਕ-ਲਾਲਸਾ ਦਾ ਭਾਂਡਾ ਭੰਨਦੀ ਹੈ ਕਿ ਕਿਵੇਂ ਰਿਸ਼ਤਿਆਂ 'ਚ ਤ੍ਰੇੜਾਂ ਪੈਂਦੀਆਂ ਹਨ। 'ਚੀਕ' ਸਰਕਾਰ ਤੇ ਕੰਪਨੀਆਂ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੇ ਸੰਕਟ ਦੀ ਸਥਿਤੀ ਨੂੰ ਰੂਪਮਾਨ ਕਰਦੀ ਹੈ। 'ਤਾਜ' ਕਹਾਣੀ 'ਚ ਚਾਰ ਧੀਆਂ ਦੇ ਮਾਪਿਆਂ ਲਈ ਸਿਮਰਨ ਬੇਦੀ ਕੈਨੇਡਾ ਜਾ ਕੇ ਸਹਾਰਾ ਬਣ ਕੇ ਤਾਜ ਬਣ ਕੇ ਨਾਂਅ ਰੌਸ਼ਨ ਕਰਦੀ ਹੈ। 'ਦੁਖਦੀ ਰਗ' ਸੰਭਾਲੀ ਦੇ ਸੰਤਾਪ ਤੇ ਆਜ਼ਾਦੀ ਦੇ ਦੁਖਾਂਤ ਨੂੰ ਬੜੀ ਸੰਵੇਦਨਾ ਨਾਲ ਵਰਨਣ ਕਰਦੀ ਹੈ। 'ਉਦਾਸ ਕੋਠੀਆਂ' ਕਹਾਣੀ ਪੰਜਾਬ 'ਚੋਂ ਪਰਿਵਾਰਾਂ ਦਾ ਅਮਰੀਕਾ ਲਈ ਜਾਣ ਦਾ ਰੁਝਾਨ ਅਤੇ ਪਿੱਛੇ ਕੋਠੀਆਂ ਦਾ ਸੁੰਨਾਪਨ ਉਦਾਸ ਕਰਦਾ ਹੈ। ਇਹ ਸਮੱਸਿਆ ਬਹੁਤ ਗੰਭੀਰ ਬਣਦੀ ਜਾ ਰਹੀ। ਰਿਸ਼ਤੇ ਟੁੱਟ ਰਹੇ ਹਨ, ਘਰਾਂ ਦੇ ਵਜੂਦ ਅਲੋਪ ਹੋ ਰਹੇ ਹਨ। ਲੇਖਕ ਨੇ ਬੜੇ ਨੇੜਿਓਂ ਹੋ ਕੇ ਇਨ੍ਹਾਂ ਸਰੋਕਾਰਾਂ ਵੱਲ ਧਿਆਨ ਕੇਂਦਰਿਤ ਕੀਤਾ ਹੈ। 'ਮੈਂ ਚੋਰ ਨਹੀਂ' ਗ਼ਲਤ-ਫ਼ਹਿਮੀ ਦੇ ਵਿਸ਼ੇ ਨੂੰ ਪੇਸ਼ ਕਰਦੀ, ਪ੍ਰੀਤ ਪਾਤਰ ਦੀ ਸੰਵੇਦਨਾ ਬਾ-ਖ਼ੂਬੀ ਚਿੱਤਰੀ ਹੈ। 'ਝੂਟਾ' ਪ੍ਰਤੀਕਾਤਮਿਕ ਕਹਾਣੀ ਪੜ੍ਹਾਈ 'ਚ ਮਿਹਨਤ ਕਰਨ ਦਾ ਸੰਦੇਸ਼ ਦਿੰਦੀ ਹੈ। ਇੰਝ ਹੀ 'ਸਪੀਡ ਬ੍ਰੇਕਰ' ਈਰਖਾ ਕਰਨ ਵਾਲਿਆਂ ਦੇੇ ਕਿਰਦਾਰ ਨੂੰ ਨੰਗਾ ਕਰਦੀ ਹੈ। 'ਇੱਜ਼ਤ', 'ਝੂਠਾ ਸੱਚ' ਤੇ 'ਨਾਸੂਰ' ਕਹਾਣੀਆਂ ਆਪਣੇ ਥੀਮ ਅਨੁਸਾਰ ਸਫ਼ਲ ਕਹਾਣੀਆਂ ਹਨ। ਲੇਖਕ ਦੀ ਭਾਸ਼ਾ ਕਹਾਣੀ ਦੇ ਵਿਸ਼ਾ-ਵਸਤੂ ਅਨੁਸਾਰ ਢੁੱਕਵੀਂ ਅਤੇ ਸੰਜਮੀ ਹੈ। ਮੈਨੂੰ ਯਕੀਨ ਹੈ ਖੁੱਡੀ ਕਲਾਂ ਇਕ ਸਮਰੱਥ ਕਹਾਣੀਕਾਰ ਬਣਨ ਵਾਲੀ ਪ੍ਰਤਿਭਾ ਦਾ ਮਾਲਕ ਹੈ। ਉਸ ਕੋਲ ਲੋਕ ਦਰਦ ਲਈ ਸਹਾਨਭੂਤੀ ਕਥਾ ਕਹਿਣ ਵਾਲੀ ਜਾਚ ਹੈ।

c c c

 

ਮੰਗਵੇਂ ਕੋਟ ਦਾ ਨਿੱਘ
ਲੇਖਕ : ਅਵਤਾਰ ਐੱਸ. ਸੰਘਾ
ਪ੍ਰਕਾਸ਼ਕ : ਆਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 188
ਸੰਪਰਕ : 94631-70369

ਅਵਤਾਰ ਐੱਸ. ਸੰਘਾ ਅੰਗਰੇਜ਼ੀ ਭਾਸ਼ਾ ਦਾ ਪ੍ਰਬੀਨ ਪ੍ਰੋਫ਼ੈਸਰ ਹੁੰਦਿਆਂ ਪੰਜਾਬੀ ਭਾਸ਼ਾ ਨਾਲ ਪ੍ਰਤੀਬੱਧਤਾ ਰੱਖਣ ਵਾਲਾ ਭਲਾ ਪੁਰਸ਼ ਪੰਜਾਬੀ ਲੇਖਕ ਹੈ। ਹਥਲੇ ਕਹਾਣੀ-ਸੰਗ੍ਰਹਿ ਤੋਂ ਪਹਿਲਾਂ 'ਦਿਲਹੁ ਮੁਹੱਬਿਤ' (ਨਾਵਲ), ਘੋੜਾ ਡਾਕਟਰ (ਕਹਾਣੀ-ਸੰਗ੍ਰਹਿ), 'ਸਿਡਨੀ ਦੀਆਂ ਰੇਲ ਗੱਡੀਆਂ', 'ਬਿਲੌਰੀ ਅੱਖਾਂ' (ਕਹਾਣੀ ਸੰਗ੍ਰਹਿ) ਅਤੇ '... ਤੇ ਪ੍ਰੀਖਿਆ ਚਲਦੀ ਰਹੀ' (ਨਾਵਲ) ਰਚਨਾਵਾਂ ਨਾਲ ਆਪਣੀ ਵੱਖਰੀ ਪਛਾਣ ਸਥਾਪਿਤ ਕੀਤੀ ਹੈ। ਆਸਟ੍ਰੇਲੀਆ ਮਹਾਂਦੀਪ ਭੂ-ਖੰਡ ਬਾਰੇ ਜਿੰਨੀ ਜਾਣਕਾਰੀ ਸੰਘਾ ਦੀਆਂ ਰਚਨਾਵਾਂ 'ਚ ਉਪਬਲਬਧ ਹੈ, ਓਨੀ ਕਹਾਣੀਆਂ ਦੀ ਵਿਧਾ 'ਚ ਹੋਰ ਲੇਖਕਾਂ 'ਚ ਨਹੀਂ। ਭਾਵੇਂ ਆਸਟ੍ਰੇਲੀਆ ਬਾਰੇ ਲਿਖੇ ਸਫ਼ਰਨਾਮੇ ਜ਼ਰੂਰ ਮਿਲਦੇ ਹਨ। ਆਸਟ੍ਰੇਲੀਆ ਵਿਸ਼ੇਸ਼ ਕਰਕੇ ਸਿਡਨੀ ਤੇ ਮੈਲਬੋਰਨ ਦੀ ਜੀਵਨਸ਼ੈਲੀ ਤੇ ਲੋਕ ਵਰਤਾਰੇ ਦੇ ਸੱਚ ਨੂੰ ਸੰਘਾ ਨੇ ਕਹਾਣੀਆਂ ਰਾਹੀਂ ਵਰਣਨ ਕੀਤਾ ਹੈ, ਉਹ ਪੰਜਾਬ 'ਚੋਂ ਪ੍ਰਵਾਸ ਕਰਨ ਵਾਲਿਆਂ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ। ਬਹੁਤ ਸਰਲ ਤੇ ਸਪੱਸ਼ਟ ਭਾਸ਼ਾ ਦੇ ਲੋਕ-ਮੁਹਾਵਰੇ ਰਾਹੀਂ ਘਟਨਾਵਾਂ ਨੂੰ ਬਿਰਤਾਂਤਿਕ ਰੂਪ ਰਾਹੀਂ ਪੇਸ਼ ਕੀਤਾ ਗਿਆ ਹੈ, ਨਾਲ ਦੀ ਨਾਲ ਲੇਖਕ ਨੇ ਆਪਣੇ ਜੀਵਨ ਤਜਰਬੇ ਸਾਂਝੇ ਕਰਕੇ ਯਥਾਰਥਿਕ-ਦ੍ਰਿਸ਼ਟੀ ਅਭੀਵਿਅਕਤ ਕੀਤੀ ਹੈ। ਲੇਖਕ ਦੀ ਜੀਵਨੀ ਅੰਸ਼ ਦੇ ਝਲਕਾਰੇ ਵੀ ਕਹਾਣੀ ਨੂੰ ਰੌਚਿਕ ਬਣਾਉਣ ਵਿਚ ਸਹਾਈ ਹੁੰਦੇ ਹਨ। 'ਮੰਗਵੇਂ ਕੋਟ ਦਾ ਨਿੱਘ' ਕਹਾਣੀ-ਸੰਗ੍ਰਹਿ 'ਚ ਸੰਖੇਪ ਰੂਪ ਵਿਚ 26 ਕਹਾਣੀਆਂ ਹਨ ਜਿਹੜੀਆਂ ਪੰਜਾਬੀਆਂ ਨੂੰ ਪ੍ਰਵਾਸ ਕਰਨ ਦੇ ਹੇਜ ਤੋਂ ਹੋੜਦੀਆਂ ਹਨ ਅਤੇ ਆਪਣੇ ਵਿਰਸੇ ਦੀਆਂ ਜੜ੍ਹਾਂ ਨਾਲ ਜੁੜ ਕੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਚਿੰਤਾ ਪ੍ਰਗਟ ਕਰਦੀਆਂ ਹਨ। 'ਮੰਗਵੇ ਕੋਟ ਦਾ ਨਿੱਘ' 'ਚ ਰਿੰਪੀ ਪਿਤਾ ਦੀ ਮੌਤ ਤੋਂ ਬਾਅਦ ਕਿਵੇਂ ਦੋ ਨੰਬਰ ਦੇ ਧੰਦੇ ਰਾਹੀਂ ਪੈਸੇ ਕਮਾਉਣ ਲਈ ਕਰਮਜੀਤ ਨੂੰ ਆਸਟ੍ਰੇਲੀਆ ਸੈੱਟ ਕਰਾਉਣ ਲਈ ਆਪਣੇ ਫੰਦੇ 'ਚ ਫਸਾਉਂਦੀ ਤੇ ਆਖ਼ਰ ਉਸ ਦੀ ਮਾਂ ਸਿੱਖਿਆ ਦੇਣ ਲਈ ਕਹਿੰਦੀ ਤੇ ਆਖ਼ਰ ਮੌਤ ਦੀ ਲਪੇਟ ਆ ਜਾਂਦੀ ਹੈ। ਇਹ ਕਹਾਣੀ ਆਚਰਣਹੀਣ ਰਿੰਪੀ ਵਰਗੀਆਂ ਔਰਤਾਂ ਤੋਂ ਬਚਣ ਲਈ ਸੁਚੇਤ ਕਰਦੀ ਹੈ। ਵੀਜ਼ਾ ਲੈਣ ਲਈ ਨੌਜਵਾਨ ਕਿਵੇਂ ਫਸਾਏ ਜਾਂਦੇ ਹਨ। 'ਮੁਫ਼ਤ ਰੇਲ ਸਫ਼ਰ' 'ਚ ਵਸਦੇ ਦੋ ਬਜ਼ੁਰਗ ਕਿਵੇਂ ਮੁਫ਼ਤ ਰੇਲ ਸਫ਼ਰ ਦੇ ਲਾਲਚ 'ਚ ਘਿਰ ਜਾਂਦੇ ਹਨ। 'ਪਟਵਾਰੀ ਤੇ ਪ੍ਰੋਫ਼ੈਸਰ ਇੱਧਰ ਪੰਜਾਬ ਦੇ ਮੰਤਰੀ ਤੇ ਡੀ.ਸੀ. ਦੇ ਭ੍ਰਿਸ਼ਟਾਚਾਰ ਦੇ ਪਰਦੇ ਫੋਲਦੀ ਹੈ। 'ਓਵਰ ਟਾਇਮ' 'ਚ ਕਿਵੇਂ ਲਾਲਚ 'ਚ ਫਸ ਕੇ ਦੀਪਤੀ ਆਪਣੇ ਪਤੀ ਮੈਂਡੀ ਨੂੰ ਵਿਦਾਇਗੀ ਦੇ ਕੇ ਈਮਾਨ ਨਾਲ ਜਾ ਵਸਦੀ। ਆਸਟ੍ਰੇਲੀਆ 'ਚ ਸਥਾਪਿਤ ਹੋਣ ਲਈ ਘਿਣਾਉਣੇ ਕੰਮ ਕਰਨ ਦੀ ਤਸਵੀਰ ਮਨ ਨੂੰ ਝੰਜੋੜਨ ਵਾਲੀ ਹੈ। 'ਸ਼ਾਦੀਸ਼ੁਦਾ ਛੜਾ' ਡੀ ਫੈਕਟੋ ਮੈਰਜ ਦਾ ਨੰਗਾ ਨਾਚ ਪੇਸ਼ ਕਰਦੀ। 'ਸਰਾਪੀ ਖੁਸ਼ੀ' ਮਾਪਿਆਂ ਦੀ ਬੱਚਿਆਂ ਦੇ ਵਿਆਹ ਦੀ ਸਮੱਸਿਆ ਨੂੰ ਪੇਸ਼ ਕਰਦੀ ਹੈ। ਸਭ ਕੁਝ ਛਿੱਕੇ ਟੰਗ ਕੇ ਪੰਜਾਬੀ ਸੱਭਿਆਚਾਰ ਕਿਵੇਂ ਵਲੂੰਧਰਿਆ ਜਾ ਰਿਹਾ ਹੈ, ਇਨ੍ਹਾਂ ਕਹਾਣੀਆਂ ਦੀ ਚੇਤਨਾ ਪਾਠਕ ਨੂੰ ਚਿੰਤਨ ਕਰਨ ਲਈ ਸੁਚੇਤ ਕਰਦੀ ਹੈ। 'ਲਾਕਡਾਊਨ' ਬਹੁਤ ਸ਼ਰਮਿੰਦਗੀ ਵਾਲਾ ਦ੍ਰਿਸ਼ ਪੇਸ਼ ਕਰਦੀ ਹੈ ਜਦੋਂ ਸ਼੍ਰੋਮਣੀ ਰਾਗੀ ਨੂੰ ਦਲਿਤ ਹੋਣ ਕਾਰਨ ਸਸਕਾਰ ਕਰਨ ਲਈ ਸ਼ਮਸ਼ਾਨ ਭੂਮੀ ਵੀ ਨਸੀਬ ਨਹੀਂ ਹੁੰਦੀ। ਪੰਜਾਬ ਦੀ ਇਹ ਤ੍ਰਾਸਦੀ ਬਹੁਤ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। 'ਵਿਚਾਰੇ ਅਬਦੁਲ ਤੇ ਅਮੈਂਡਾ' ਇਕ ਬੰਗਾਲੀ ਦੀ ਤ੍ਰਾਸਦੀ ਨੂੰ ਪੇਸ਼ ਕਰਦੀ ਹੈ ਜਿਹੜਾ ਸਿਡਨੀ 'ਚ ਰੇਲ ਗੱਡੀਆਂ 'ਚ ਸਕਿਓਰਟੀ ਕਰਦਾ, ਗੋਰੀ ਕੈਥਰੀਨ ਦਾ ਸ਼ਿਕਾਰ ਹੋ ਜਾਂਦਾ। ਬਾਕੀ ਕਹਾਣੀਆਂ ਵੀ ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਦੀ ਤਰਸਯੋਗ ਹਾਲਤ ਨਾਲ ਹਮਦਰਦੀ ਪ੍ਰਗਟ ਕਰਦੀਆਂ ਹਨ। ਵਿਦੇਸ਼ਾਂ 'ਚ ਰੁਜ਼ਗਾਰ ਲਈ ਜੋ ਨੀਚਤਾ ਅਤੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ, ਉਸ ਗੰਭੀਰ ਸਮੱਸਿਆ ਨੂੰ ਇਹ ਕਹਾਣੀਆਂ ਰਾਹੀਂ ਸੱਚ ਨੂੰ ਜਿਸ ਦਲੇਰੀ ਨਾਲ ਸੰਘਾ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਹ ਪਾਠਕਾਂ ਲਈ ਸੋਚਣ ਸਮਝਣ ਲਈ ਸਾਰਥਿਕ ਭੂਮਿਕਾ ਨਿਭਾਉਂਦੀਆਂ ਹਨ। ਮੰਗਵੇਂ ਖੰਭ ਕਦੇ ਵੀ ਧੋਖਾ ਦੇ ਸਕਦੇ ਹਨ। ਆਪਣੀ ਮਿੱਟੀ ਹੀ ਪੂਜਣਯੋਗ ਹੁੰਦੀ ਹੈ। ਪੰਜਾਬ ਲਈ ਸੰਭਲਣ ਦਾ ਵੇਲਾ ਹੈ। ਅਣਖ ਤੇ ਇੱਜ਼ਤ ਹੀ ਕੌਮ ਨੂੰ ਜਿਊਂਦਾ ਰੱਖ ਸਕਦੀ ਹੈ। ਪ੍ਰਵਾਸ ਲਈ ਵੀਜ਼ਾ ਦੁਆਉਣ ਵਾਲੇ ਦਗੇਬਾਜ਼ ਏਜੰਟਾਂ ਤੋਂ ਬਚਣਾ ਜ਼ਰੂਰੀ ਹੈ। ਇਸ ਪੱਖੋਂ ਇਹ ਕਹਾਣੀਆਂ ਪੜ੍ਹਨਯੋਗ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

 

 

 

23-03-2024

 ਮਹਾਰਾਜੇ
ਪੰਜਾਬ ਦੇ ਮਹਾਰਾਜਿਆਂ ਦਾ 'ਰੋਮਾਂਚਿਕ' ਇਤਿਹਾਸ
ਲੇਖਕ : ਗੁਰਨਾਮ ਸਿੰਘ ਅਕੀਦਾ
ਸੰਪਾਦਕ : ਅਮਿੱਤ ਮਿੱਤਰ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 81460-01100

ਹਥਲੀ ਪੁਸਤਕ ਦਾ ਲੇਖਕ ਇਕ ਸਮੇਂ ਪਾਰਖੂ ਪੱਤਰਕਾਰ ਹੋਣ ਦੇ ਨਾਲ-ਨਾਲ ਨਾਵਲ ਅਤੇ ਕਹਾਣੀ ਦੀ ਵਿਧਾ ਉੱਪਰ ਵੀ ਕਲਮ ਚਲਾ ਚੁੱਕਾ ਹੈ। ਹੁਣ ਤੱਕ ਉਸ ਨੇ 10 ਦੇ ਕਰੀਬ ਪੁਸਤਕਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ। ਇਹ ਪੁਸਤਕ ਲੇਖਕ ਦੀ ਸਖ਼ਤ ਘਾਲਣਾ ਦਾ ਨਤੀਜਾ ਹੈ। ਸੰਪਾਦਕ ਮੁਤਾਬਿਕ ਇਹ ਪੁਸਤਕ ਮਹਾਰਾਜਿਆਂ ਦੇ ਜੀਵਨ-ਕਾਲ ਦੌਰਾਨ ਕੀਤੇ ਕਾਰਜਾਂ ਨੂੰ ਦਰਸਾਉਂਦੀ ਹੈ। ਮਹਾਰਾਜਿਆਂ ਦੇ ਸਮਾਂ-ਕਾਲ ਦੇ ਦੌਰਾਨ ਵਾਪਰਦੀਆਂ ਘਟਨਾਵਾਂ ਨੂੰ ਲੇਖਕ ਨੇ ਪਰਤ-ਦਰ-ਪਰਤ ਪਾਠਕਾਂ ਦੇ ਧਿਆਨ-ਗੋਚਰੇ ਕਰਨ ਲਈ ਮਹਾਰਾਜਿਆਂ ਦੇ ਦੌਰਾਨ ਉਨ੍ਹਾਂ ਦੇ ਸਮਕਾਲੀਆਂ ਵਲੋਂ ਲਿਖੀਆਂ ਪੁਸਤਕਾਂ ਵਿਚੋਂ ਹਵਾਲੇ ਦੇ ਕੇ ਇਸ ਕਾਰਜ ਨੂੰ ਸੰਪੂਰਨਤਾ ਦਿੱਤੀ ਹੈ। ਅਕਸਰ ਅਸੀਂ ਪੜ੍ਹਦੇ-ਸੁਣਦੇ ਰਹਿੰਦੇ ਹਾਂ ਕਿ ਮਹਾਰਾਜਿਆਂ ਦੇ ਮਹਿਲਾਂ ਦੇ ਅੰਦਰ ਬਹੁਤ ਘਟਨਾਵਾਂ ਜਨਮ ਵੀ ਲੈਂਦੀਆਂ ਹਨ, ਇਸ ਦੇ ਨਾਲ ਦਫ਼ਨ ਵੀ ਹੋ ਜਾਂਦੀਆਂ ਹਨ। ਮਹਿਲਾਂ ਵਿਚ ਰਹਿਣ ਵਾਲੇ ਅਹਿਲਕਾਰ ਤੇ ਟਹਿਲੀਏ ਇਨ੍ਹਾਂ ਘਟਨਾਵਾਂ ਨੂੰ ਆਪਣੇ ਮਨ-ਮੰਦਰ ਸਹਿਜ-ਸੁਭਾਅ ਹੀ ਟਿਕਾਅ ਲੈਂਦੇ ਹਨ, ਜਦੋਂ ਸਮੇਂ ਵਿਚ ਬਦਲਾਅ ਆਉਂਦਾ ਹੈ ਤਾਂ ਇਹ ਘਟਨਾਵਾਂ ਉਨ੍ਹਾਂ ਦੇ ਜ਼ਿਹਨ ਦੀ ਤਖ਼ਤੀ ਤੋਂ ਬਾਹਰ ਆਉਂਦੀਆਂ ਹਨ, ਮਹਾਰਾਜਿਆਂ ਦੀ ਜ਼ਿੰਦਗੀ ਦੇ ਦਰਸ਼ਨ ਹੁੰਦੇ ਹਨ। ਮਹਾਰਾਜਿਆਂ ਦੇ ਚਕਾਚੌਂਧ ਜੀਵਨ-ਕਾਲ ਵਿਚੋਂ ਆਮ ਲੋਕਾਂ ਨੂੰ ਝਾਕਣ ਦਾ ਮੌਕਾ ਵੀ ਮਿਲ ਜਾਂਦਾ ਹੈ। ਰਜਵਾੜਾ ਸ਼ਾਹੀ ਦੇ ਮਹਿਲਾਂ ਵਿਚ ਅਨੇਕਾਂ ਲੋਕਾਂ ਦੇ ਮਨ ਦੀ ਵੇਦਨਾ ਤੇ ਦਿਲ-ਕੰਬਾਊ ਚੀਕਾਂ ਦਫ਼ਨ ਹੋਈਆਂ ਮਿਲਦੀਆਂ ਹਨ। ਬਹੁ-ਗਿਣਤੀ ਬੇਗੁਨਾਹ ਲੋਕਾਂ ਦੇ ਦਫ਼ਨ ਹੋਏ ਹੌਕੇ ਤੇ ਹਾਵੇ ਲੋਕਾਈ ਦੇ ਸਾਹਮਣੇ ਆਉਂਦੇ ਹਨ। ਇਨ੍ਹਾਂ ਸਾਰੀਆਂ ਘਟਨਾਵਾਂ ਦੀਆਂ ਜੋ ਅੱਖਾਂ ਸ਼ਾਖ਼ਸ਼ਾਤ ਗਵਾਹ ਹਨ, ਉਨ੍ਹਾਂ ਅੱਖਾਂ ਵਿਚ ਸਮੋਇਆ ਹੋਇਆ ਸੱਚ, ਇਸ ਕਿਤਾਬ ਵਿਚੋਂ ਆਪ-ਮੁਹਾਰੇ ਪ੍ਰਗਟ ਹੁੰਦਾ ਹੈ। ਸੰਪਾਦਕ ਨੇ ਲੇਖਕ ਦੀ ਸਖ਼ਤ ਮਿਹਨਤ ਨੂੰ ਪਾਠਕਾਂ ਦੇ ਗੋਚਰ ਕਰਨ ਲਈ ਇਸ ਕਿਤਾਬ ਨੂੰ 13 ਅਧਿਆਏ ਵਿਚ ਵੰਡਿਆ ਹੈ, ਜਿਨ੍ਹਾਂ ਵਿਚ 'ਧੀਆਂ ਨੂੰ ਬਚਾਉਣ ਦਾ ਫ਼ੈਸਲਾ', 'ਲਿੰਗ ਵਿਗਿਆਨ', 'ਧੀਆਂ ਬਦਲੇ ਜਗੀਰਾਂ', 'ਲੜਾਕੇ ਰਾਜੇ-ਮਹਾਰਾਜੇ', 'ਸ਼ਾਨਦਾਰ ਮਹਾਰਾਜੇ', 'ਖ਼ੁਦਗਰਜ ਰਜਵਾੜੇ', 'ਪਟਿਆਲਾ ਸੰਗੀਤ ਘਰਾਣਾ', 'ਮਹਾਰਾਜਾ ਪਟਿਆਲਾ ਦਾ ਮੁੱਢ', 'ਜਨਰਲ ਰਾਣੀ' ("he Queen 7enera&) 'ਰੰਡੀ ਬਾਜ਼ਾਰ', 'ਮਹਿਲਾਂ ਦੀਆਂ ਔਰਤਾਂ', 'ਪਟਿਆਲੇ ਦੀਆਂ ਇਤਿਹਾਸਕ ਇਮਾਰਤਾਂ' ਅਤੇ 'ਭਾਰਤੀ ਰਿਆਸਤਾਂ' ਅਧਿਆਏ ਆਪਣੇ-ਆਪ ਵਿਚ ਹਜ਼ਾਰਾਂ ਸਫ਼ਿਆਂ ਦੀਆਂ ਕਿਤਾਬਾਂ ਦੇ ਸਾਰ ਕਿਹਾ ਜਾ ਸਕਦਾ ਹੈ। ਭਾਰਤ ਦੀਆਂ 78 ਰਿਆਸਤਾਂ ਦਾ ਵੇਰਵਾ, ਜਿਸ ਰਾਜ (ਸਟੇਟ) ਵਿਚ ਰਿਆਸਤਾਂ ਸਥਿਤ ਸਨ ਅਤੇ 'ਇਨ੍ਹਾਂ ਰਿਆਸਤਾਂ ਦਾ ਆਖ਼ਰੀ ਰਾਜਾ ਕੌਣ' ਸੀ।
ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ 584 ਛੋਟੀਆਂ-ਵੱਡੀਆਂ ਰਿਆਸਤਾਂ ਸਨ, ਜੋ ਪੂਰਨ ਰੂਪ ਵਿਚ ਅੰਗਰੇਜ਼ ਦੀ ਹਕੂਮਤ ਸਮੇਂ ਅਧੀਨ ਨਹੀਂ ਸਨ, ਪਰ ਸਮਾਂ ਆਉਣ 'ਤੇ ਇਹ ਜ਼ਿਆਦਾਤਰ ਬ੍ਰਿਟਿਸ਼ ਹਕੂਮਤ ਦਾ ਹੀ ਪੱਖ ਪੂਰਦੀਆਂ ਸਨ। ਲੇਖਕ ਨੇ ਸੁਖੈਲ ਭਾਸ਼ਾ ਸ਼ੈਲੀ ਵਿਚ ਪਾਠਕ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ ਹੈ। ਲੇਖਕ ਮੁਤਾਬਿਕ ਇਸ ਕਿਤਾਬ ਨੂੰ ਪੜ੍ਹਨ ਤੋਂ ਪਹਿਲਾਂ ਆਪਣੇ ਚੌਗਿਰਦੇ ਵਿਚੋਂ ਇਕੱਠੇ ਕੀਤੇ ਗਿਆਨ ਤੇ ਪੱਖਪਾਤ ਵਾਲੀ ਰੁਚੀ ਤੋਂ ਕਿਨਾਰਾਂ ਕਰਨਾ ਪਵੇਗਾ। ਲੇਖਕ ਇਸ ਘਾਲਣਾ ਲਈ ਸ਼ਾਬਾਸ਼ ਦਾ ਪਾਤਰ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਭ੍ਰਿਸ਼ਟਾਚਾਰ ਦਾ ਸੰਤਾਪ
ਕਵੀ : ਸੁਰਜੀਤ ਸਿੰਘ ਸੰਸਾਰਪੁਰੀ
ਪ੍ਰਕਾਸ਼ਕ : ਕਾਜਲ ਪਬਲੀਸ਼ਰਜ਼, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 62832-62331

ਸੁਰਜੀਤ ਸਿੰਘ ਸੰਸਾਰਪੁਰੀ ਦਾ ਇਹ ਭਾਵੇਂ ਪਹਿਲਾ ਪ੍ਰਕਾਸ਼ਿਤ ਕਾਵਿ-ਸੰਗ੍ਰਹਿ ਹੈ, ਪ੍ਰੰਤੂ ਇਹ ਮੰਝੇ ਹੱਥਾਂ ਦੀ ਕਿਰਤ-ਸਿਰਜਣਾ ਵਾਂਗ ਪੇਸ਼ ਹੈ। ਇਹ ਉਸ ਦੀ ਉਮਰ ਭਰ ਦੀ ਕਮਾਈ ਹੈ। ਜੋ ਉਸ ਨੇ ਜ਼ਿੰਦਗੀ ਦੇ ਵਰਤਾਰੇ ਵਿਚੋਂ ਮਹਿਸੂਸ ਕੀਤਾ, ਉਹ ਉਸ ਨੇ ਕਵਿਤਾ ਵਿਚ ਢਾਲਿਆ। ਮੁੱਖ ਰੂਪ ਵਿਚ ਸੁਰਜੀਤ ਸਿੰਘ ਨੇ ਦੇਸ਼ ਵਿਚ ਫੈਲ ਰਹੇ ਭ੍ਰਿਸ਼ਟਾਚਾਰ ਨੂੰ ਚੌਕ ਵਿਚ ਖਲ੍ਹਾਰਿਆ ਹੈ। ਭ੍ਰਿਸ਼ਟਾਚਾਰ ਦਾ ਭਾਵਅਰਥ ਕੇਵਲ ਵੱਢੀ ਖੋਰੀ ਨਹੀਂ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ 'ਸਚਹੁ ਉਰੇ ਸਭ ਕਉ ਊਪਰ ਸਚ ਆਚਾਰ' ਭਾਵ ਕਿ ਸੱਚ ਦਾ ਸਰੂਪ ਸਭ ਤੋਂ ਆਹਲਾ ਅਤੇ ਸਭ ਤੋਂ ਕੀਮਤੀ ਹੈ ਪਰ ਇਸ ਸੱਚ ਤੋਂ ਵੀ ਉੱਪਰ ਹੈ ਸੱਚ ਆਚਾਰ। ਭਾਵ ਸੱਚਾ ਆਚਰਣ। ਸੱਚਾ ਅਮਲ ਤੇ ਚਾਲ-ਚਲਣ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਆਮ ਲੋਕਾਂ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਅਤੇ ਦੇਸ਼ ਦਾ ਅਸਲ ਵਿਕਾਸ ਵੀ ਹੋਇਆ, ਪ੍ਰੰਤੂ ਸਮਾਂ ਪਾ ਕੇ ਰਾਜਸੀ ਪ੍ਰਭੂਸੱਤਾ ਦੇ ਮਾਲਕਾਂ ਵਿਚ ਗੱਦੀ ਨਾਲ ਚਿਪਕੇ ਰਹਿਣ ਦੀ ਲਾਲਸਾ ਨੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਚ ਲਿਪਤ ਕਰ ਦਿੱਤਾ। ਲੁੱਟ-ਘਸੁੱਟ, ਧੱਕੇਸ਼ਾਹੀ, ਘਪਲੇਬਾਜ਼ੀ ਅਤੇ ਵੋਟਾਂ ਖ਼ਾਤਿਰ ਰਿਸ਼ਵਤਖੋਰੀ, ਮਨਮਾਨੀ, ਗੁੰਡਾਗਰਦੀ, ਮੌਕਾਪ੍ਰਸਤੀ, ਫ਼ਿਰਕਾਪ੍ਰਸਤੀ, ਬਦਮਾਸ਼ੀ ਅਤੇ ਡਿਕਟੇਟਰਸ਼ਿਪ ਵੱਲ ਧਕੇਲ ਦਿੱਤਾ ਅਤੇ ਇਹ ਵਿਹਾਰ ਆਚਾਰ ਦੇਸ਼ ਦੀ ਆਮ ਜਨਤਾ ਲਈ ਇਕ ਸੰਤਾਪ ਬਣ ਗਿਆ। ਉਹ ਲਿਖਦਾ ਹੈ :
ਭ੍ਰਿਸ਼ਟਾਚਾਰ ਤੇਰਾ ਮੇਰਾ ਇੱਟ ਖੜਿੱਕਾ / ਤੇਰੇ ਸਿੰਗਾਂ ਨੂੰ ਹੱਥ ਮੈ ਪਾਵਾਂਗਾ
ਨਰੜ ਕੇ ਬੂਥੀ ਵਿਚ ਸ਼ਬਦ ਸ਼ਿਕੰਜੇ / ਤੀਰ ਵਿਅੰਗਾਂ ਦੇ ਵਿੰਨ੍ਹ ਵਿੰਨ੍ਹ ਮਾਰਾਂਗਾ
ਜਿਹੜਾ ਚਾਰ ਚੁਫੇਰੇ ਹਨੇਰ ਫੈਲਾਇਆ
ਹਰ ਨੁੱਕਰ ਰੌਸ਼ਨ ਕਰਕੇ ਛੱਡਾਂਗਾ.... (ਸਫ਼ਾ : 15)
ਸੰਸਾਰਪੁਰੀ ਦੀਆਂ ਇਸ ਪੁਸਤਕ ਵਿਚ 51 ਦੀਆਂ 51 ਕਵਿਤਾਵਾਂ ਹੀ ਸਮਾਜ ਵਿਚ ਅਤੇ ਰਾਜਨੀਤੀ ਵਿਚ ਫੈਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਕਾਵਿ-ਯੁੱਧ ਹਨ। ਉਸ ਨੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਜਾਨ ਅਤੇ ਪਰਿਵਾਰ ਵਾਰਨ ਵਾਲੇ ਗ਼ਦਰੀ ਬਾਬਿਆਂ ਨੂੰ ਸੰਬੋਧਨ ਹੋ ਕੇ ਉਨ੍ਹਾਂ ਨੂੰ ਸੁਆਲ ਕੀਤਾ ਹੈ ਕਿ ਤੁਸੀਂ ਜਿਸ ਆਜ਼ਾਦੀ ਵਾਸਤੇ ਜਾਨਾਂ ਹੂੰਝ ਦਿੱਤੀਆਂ ਸਨ, ਕੀ ਇਹ ਓਹੀ ਆਜ਼ਾਦੀ ਹੈ :
ਰਿਸ਼ਵਤਖੋਰੀ ਅਤੇ ਚੋਰ ਬਾਜ਼ਾਰੀ / ਲੀਡਰਾਂ ਦੇ ਹੱਡਾਂ ਵਿਚ ਬਹਿ ਗਈ।
ਰਲ ਮਿਲ ਇਨ੍ਹਾਂ ਧਨ ਹੂੰਝਿਆ ਸਾਰਾ / ਕੋਈ ਪਾਰਟੀ ਨਹੀਂ ਪਿੱਛੇ ਰਹਿ ਗਈ।
ਗਾਂਧੀ ਜੀ ਦੀ ਫੋਟੋ ਦੇ ਨੋਟਾਂ 'ਤੇ ਵੱਢੀ ਚਲਦੀ
ਭ੍ਰਿਸ਼ਟਾਚਾਰ ਦੀ ਲਿੱਦ ਲੋਕਾਂ ਨੂੰ ਚੁੱਕਣੀ ਪੈ ਗਈ। (17)
ਅੰਧੇਰੀ ਨਗਰੀ ਵਿਚ ਕਵੀ ਕਹਿੰਦਾ ਹੈ :
ਅਸੀਂ ਜਦ ਵੀ / ਛਿਟ ਚਾਨਣ ਦੀ / ਮੰਗਣ ਜਾਂਦੇ ਹਾਂ / ਤਾਂ ਝੋਲੀ / ਕੋਲੇ ਪਾ ਕੇ ਮੁੜਦੇ ਹਾਂ / ਫਨਾਹ ਹੋ ਜਾਂਦੇ ਹਾਂ ਅਸੀਂ / ਟੁੱਟ ਜਾਂਦੇ ਹਾਂ ਅੰਦਰੋਂ /... (ਸਫ਼ਾ 43)
ਨਾਦਰਸ਼ਾਹੀ ਲੁੱਟ ਵਿਚ ਕਵੀ ਹਰ ਪਾਸੇ ਨਾਦਰੀ ਲੁੱਟ ਦਾ ਜ਼ਿਕਰ ਕਰਦਾ ਹੈ ਕਿ ਕਿਧਰੇ ਵੀ ਇਨਸਾਫ਼ ਦੀ ਗੱਲ ਨਹੀਂ ਹੋ ਰਹੀ ਅਤੇ ਹਰ ਪਾਸੇ ਰਾਜੇ ਲੁੱਟ ਮਚਾ ਰਹੇ ਹਨ। ਕਵੀ ਨੇ ਆਪਣੇ ਅਕੀਦੇ ਸੰਤ ਬਾਬਾ ਬਹਾਦਰ ਸਿੰਘ ਸੰਸਾਰਪੁਰ ਵਾਲਿਆਂ ਦੇ ਸਨਮਾਨ ਵਿਚ ਵੱਡੀ ਕਵਿਤਾ ਰਚੀ ਹੈ। ਉਸ ਦਾ ਮੰਨਣਾ ਹੈ ਕਿ ਸਾਰੇ ਹੀ ਬਾਬੇ ਸਮਾਜ ਨੂੰ ਉਲਟ ਦਿਸ਼ਾ ਹੀ ਨਹੀਂ ਦਿਖਾਉਂਦੇ ਸਗੋਂ ਬਹੁਤੇ ਬਾਬੇ ਸਮਾਜ ਨੂੰ ਚੰਗੇ ਰਸਤੇ ਵੀ ਵਿਖਾਉਂਦੇ ਹਨ:
ਪਰ, ਉਪਕਾਰ ਕੀਤੇ ਸੰਤ ਬਾਬਾ ਜੀ ਦੇ ਗਿਣੇ ਨਹੀਂ ਜਾਂਦੇ
ਦੁਨੀਆ ਜਸ ਉਨ੍ਹਾਂ ਦਾ ਪਈ ਹੈ ਅੱਜ ਗਾਉਂਦੀ। (71)
ਪੁਸਤਕ ਆਪਣੇ ਮਕਸਦ ਵਿਚ ਸੰਪੂਰਨ ਹੈ। ਸਮਾਜ ਅਤੇ ਦੇਸ਼ ਵਿਚੋਂ ਭ੍ਰਿਸ਼ਟਾਚਾਰ ਮੁਕਾਉਣ ਲਈ ਇਹ ਕਵਿਤਾਵਾਂ ਇਕ ਹਥਿਆਰ ਵਾਂਗ ਹਨ।

-ਸੁਲੱਖਣ ਸਰਹੱਦੀ,
ਮੋਬਾਈਲ : 94174-84337

17-03-2024

ਦੁਨੀਆ ਦਾ ਮਹਾਨ ਸੇਲਜ਼ਮੈਨ
ਲੇਖਕ : ਆਗ ਮੈਂਡੀਨੋ
ਅਨੁਵਾਦਕ : ਬੂਟਾ ਸਿੰਘ ਸਿੱਧੂ
ਪ੍ਰਕਾਸ਼ਕ : ਵਾਈਟ ਕਰੋਅ ਪਬਲਿਸ਼ਰਜ਼, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 89680-67001

ਵਾਈਟ ਕਰੋਅ ਪਬਲਿਸ਼ਰਜ਼ ਦੀ ਹਥਲੀ 28ਵੀਂ ਪੁਸਤਕ ਹੈ, ਜਿਸ ਨੇ ਸੰਸਾਰ ਦੇ ਪ੍ਰਸਿੱਧ ਮਸਲਿਆਂ ਬਾਰੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। 'ਦੁਨੀਆ ਦਾ ਮਹਾਨ ਸੇਲਜ਼ਮੈਨ' ਪੰਜਾਬੀ ਅਨੁਵਾਦ ਬੂਟਾ ਸਿੰਘ ਸਿੱਧੂ ਦੀ ਉੱਤਮ ਕਿਰਤ ਹੈ। ਪੁਸਤਕ ਦੇ ਸਰਵਰਕ 'ਤੇ ਲਿਖਿਆ ਹੋਇਆ : ਇਸ ਕਿਤਾਬ ਦੀਆਂ ਸੰਸਾਰ ਭਰ ਵਿਚ ਦੋ ਕਰੋੜ ਕਾਪੀਆਂ ਵਿਚ ਚੁੱਕੀਆਂ ਹਨ। "he 7reatest Sa&esman }n the wor&d. ਇਹ ਕਿਤਾਬ ਇਕ ਮਜ਼ਬੂਤ ਭਾਵਨਾਤਮਕ ਪ੍ਰਤੀਕਿਰਿਆ ਪੈਦਾ ਕਰਨ ਦੀ ਤਾਕਤ ਰੱਖਦੀ ਹੈ। ਪ੍ਰੇਰਨਾ ਤੇ ਉਤਸ਼ਾਹ ਦਾ ਅਨੁਭਵ ਸਾਬਤ ਕਰਦੀ ਹੈ। ਸਫ਼ਲਤਾ ਅਤੇ ਖ਼ੁਸ਼ੀ ਦੇ ਅਰਥ ਸਮਝਾਉਣਾ ਇਸ ਦਾ ਉਦੇਸ਼ ਹੈ। ਦੁਨੀਆ ਦੀਆਂ 22 ਭਾਸ਼ਾਵਾਂ 'ਚ ਛਪਣਾ, ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ। ਅਜਿਹੀਆਂ ਪੁਸਤਕਾਂ ਦਾ ਪੰਜਾਬੀ ਮਾਂ-ਬੋਲੀ 'ਚ ਅਨੁਵਾਦ ਹੋਣਾ ਪਾਠਕਾਂ ਨੂੰ ਜਾਗਰੂਕ ਕਰਨਾ ਹੈ। ਸ਼ੁਰੂ 'ਚ ਅੱਠ-ਨੌਂ ਉੱਘੀਆਂ ਹਸਤੀਆਂ ਦੇ ਇਸ ਪੁਸਤਕ ਬਾਰੇ ਪ੍ਰਤੀਕਰਮ ਦਰਜ ਹਨ। ਜਾਣ-ਪਛਾਣ ਪਹਿਲ ਕਰਦਿਆਂ ਲੇਖਕ ਆਪਣੀ ਮਾਂ ਨੂੰ ਯਾਦ ਕਰਦਾ, ਉਸ ਦੇ ਸੁਪਨੇ ਬਾਰੇ ਲਿਖਦਾ ਹੈ : 'ਇਕ ਦਿਨ ਤੂੰ ਲੇਖਕ ਬਣੇਂਗਾ... ਸਿਰਫ਼ ਇਕ ਲੇਖਕ ਹੀ ਨਹੀਂ, ਇਕ ਮਹਾਨ ਲੇਖਕ।' ਸੋ ਸੁਪਨਾ ਸੱਚ ਕਰ ਵਿਖਾਇਆ ਆਗ ਮੈਂਡੀਨੋ ਨੇ ਪਹਿਲੇ ਸੱਤ ਅਧਿਆਏ ਇਕ ਲੰਮੀ ਕਹਾਣੀ ਦਾ ਬਿਰਤਾਂਤ ਹਨ, ਜਿਨ੍ਹਾਂ 'ਚ ਹਾਫ਼ਿਦ, ਇਰਾਜਮਸ ਅਤੇ ਬੁੱਢਾ ਆਦਮੀ ਜੀਵਨ ਦੀਆਂ ਹਾਰਾਂ ਅਤੇ ਜਿੱਤਾਂ ਨੂੰ ਰੌਚਿਕ ਕਹਾਣੀ ਨਾਲ ਸਿਰਜਦੇ ਜਾਂਦੇ ਹਨ। ਆਪਣੇ ਕੰਮ 'ਚ ਸਫ਼ਲ ਹੋਣ ਲਈ ਪੈਸੇ ਕਮਾਉਣ ਦੀ ਜੁਗਤ ਇਕ ਸੇਲਜ਼ਮੈਨ ਕਿਵੇਂ ਕਰ ਸਕਦਾ। ਮਾਯੂਸੀ ਤੇ ਖ਼ੁਦਕੁਸ਼ੀ ਵਰਗੇ ਪਲਾਂ 'ਚੋਂ ਕਿਵੇਂ ਨਿਕਲਣਾ ਹੈ, ਇਹ ਤਜਰਬਿਆਂ ਦੀ ਚਾਸ਼ਨੀ ਮਨੁੱਖ ਨੂੰ ਕਿਵੇਂ ਚੜ੍ਹਦੀ ਕਲਾ 'ਚ ਲੈ ਜਾਂਦੀ ਹੈ, ਅਜਿਹੇ ਘਟਨਾ-ਕ੍ਰਮ ਇਸ ਪੁਸਤਕ ਦੀ ਪ੍ਰਾਪਤੀ ਹੈ। ਇਸ ਪੁਸਤਕ 'ਚੋਂ ਕੁਝ ਪ੍ਰਵਚਨ ਜ਼ਿਕਰਯੋਗ ਹਨ : ਰੁੱਖਾਂ ਦਾ ਬਾਦਸ਼ਾਹ ਜੈਤੂਨ ਨੂੰ ਵਧਣ ਲਈ ਸੌ ਸਾਲ ਲਗਦੇ, ਪਿਆਜ਼ ਦਾ ਪੌਦਾ ਨੌਂ ਹਫ਼ਤਿਆਂ 'ਚ ਬੁੱਢਾ ਹੋ ਜਾਂਦਾ। ਯਾਰੀਆਂ ਸਫ਼ਲਤਾਵਾਂ ਦੀ ਕੁੰਜੀ ਹੈ ਚੰਗੀ ਆਦਤ। ਬੁਰੀਆਂ ਆਦਤਾਂ ਅਸਫ਼ਲਤਾ ਦਾ ਖੁੱਲ੍ਹਾ, ਦਰਵਾਜ਼ਾ ਹਨ। ਮਜ਼ਬੂਤ ਇਰਾਦਾ ਸਫ਼ਲਤਾ ਦਾ ਰਾਜ਼। ਸੱਚੀ ਦੌਲਤ ਦਿਲ ਦੀ ਹੁੰਦੀ, ਬਟੂਏ ਦੀ ਨਹੀਂ। ਲੋਕਾਂ ਦਾ ਦਿਲ ਖੋਲ੍ਹਣ ਲਈ ਪਿਆਰ ਇਕ ਹਥਿਆਰ ਹੈ। ਮੇਰਾ ਇਰਾਦਾ ਰੇਤ ਦਾ ਦਾਣਾ ਨਹੀਂ, ਸਗੋਂ ਪਹਾੜ ਬਣਨਾ ਹੈ। ਅਧਿਆਏ 8 ਤੋਂ 17 ਤੱਕ ਸੂਚੀ 1 ਤੋਂ 10 ਤੱਕ ਸਫ਼ਲਤਾ ਦੇ ਭੇਤ ਦੀਆਂ ਕੁੰਜੀਆਂ ਹਨ। ਜ਼ਿੰਦਗੀ ਦਾ ਇਨਾਮ ਹਰ ਸਫ਼ਰ ਦੇ ਅੰਤ 'ਤੇ ਮਿਲਦਾ। ਇਸ ਪੁਸਤਕ ਦਾ ਵੱਡਾ ਸੰਦੇਸ਼ ਹੈ : ਮੈਂ ਸਫ਼ਲਤਾ ਮਿਲਣ ਤੱਕ ਡਟਿਆ ਰਹਾਂਗਾ। ਕੁਦਰਤ ਹਾਰ ਨਹੀਂ ਮੰਨਦੀ, ਮੈਂ ਵੀ ਕਿਉਂ ਹਾਰ ਮੰਨਾਂ। ਦੂਜਿਆਂ ਤੋਂ ਅੱਗੇ ਨਿਕਲਣਾ ਜ਼ਰੂਰੀ ਨਹੀਂ, ਆਪਣੇ ਕੰਮਾਂ ਤੋਂ ਅੱਗੇ ਜਾਣਾ ਜ਼ਰੂਰੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਮਹਾਰਾਜਾ ਸ਼ੇਰ ਸਿੰਘ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 175 ਰੁਪਏ, ਸਫ਼ੇ : 136
ਸੰਪਰਕ : 84277-12890

ਇਸ ਪੁਸਤਕ ਦਾ ਲੇਖਕ ਸਿੱਖ ਇਤਿਹਾਸ ਦਾ ਉਹ ਸਫ਼ਲ ਲੇਖਕ ਹੈ, ਜੋ ਲਗਭਗ 70 ਕੁ ਸਾਲ ਪਹਿਲਾਂ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਸਰੀਰਕ ਵਿਛੋੜਾ ਦੇ ਚੁੱਕਾ ਹੈ। ਲੇਖਕ ਦਾ ਪਿਛੋਕੜ ਗੁਰਮਤਿ ਦੇ ਮਾਰਤੰਡ ਤੇ ਮਹਾਨ ਵਿਦਵਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਭਾਈ ਗੁਰਦਾਸ ਜੀ ਨਾਲ ਜੁੜਦਾ ਹੈ। ਇਸ ਪੁਸਤਕ ਦੇ ਸੰਪਾਦਕ ਨੇ ਮੌਜੂਦਾ ਸਮੇਂ ਦੀ ਪੀੜ੍ਹੀ ਦੇ ਪਾਠਕਾਂ ਨੂੰ ਉਨ੍ਹਾਂ ਦੀ ਵਿਰਾਸਤ ਨਾਲ ਜੋੜਨ ਲਈ ਇਸ ਪੁਸਤਕ ਨੂੰ ਮੁੜ ਪ੍ਰਕਾਸ਼ਿਤ ਕੀਤਾ ਹੈ। ਮਹਾਰਾਜਾ ਸ਼ੇਰ ਸਿੰਘ ਸ਼ੇਰ-ਏ-ਪੰਜਾਬ ਦਾ ਦੂਜਾ ਸ਼ਹਿਜ਼ਾਦਾ ਸੀ। ਇਸ ਸਿੱਖ ਰਾਜ ਦੇ ਇਤਿਹਾਸਕ ਮਹਾਰਾਜੇ ਦਾ ਜੀਵਨ ਅਜਿਹੀ ਮਹਾਨ ਘਟਨਾ ਹੈ, ਜਿਸ ਨੂੰ ਪੜ੍ਹ ਕੇ ਪਾਠਕ ਦਾ ਮਨ ਤੜਫ਼ ਉੱਠਦਾ ਹੈ। ਅੱਖਾਂ ਨੀਰ ਨਾਲ ਭਰ ਜਾਂਦੀਆਂ ਹਨ। ਇਸ ਸ਼ੇਰ ਮਰਦ ਦਾ ਸੀਸ ਉਸ ਦੇ ਚਚੇਰੇ ਭਰਾ ਨੇ ਧੜ ਤੋਂ ਅਲੱਗ ਕਰ ਦਿੱਤਾ ਸੀ, ਉਸ ਦੇ ਸਪੁੱਤਰ ਸ਼ਹਿਜ਼ਾਦੇ ਪ੍ਰਤਾਪ ਸਿੰਘ ਦਾ ਸਿਰ ਵੀ ਉਸ ਦੇ ਦਾਦੇ ਨੇ ਕੱਟਿਆ ਸੀ। ਇਸ ਘਰ ਫੂਕ ਤਮਾਸ਼ੇ ਵਿਚ ਦੋਪਾਸੀ ਤਬਾਹੀ ਖ਼ਾਲਸਾ ਰਾਜ ਤੇ ਖ਼ਾਲਸਾ ਕੌਮ ਦੀ ਹੀ ਹੋਈ ਸੀ। ਖ਼ਾਲਸਾ ਰਾਜ ਦਾ ਵਿਸਥਾਰ ਲੱਦਾਖ, ਤਿੱਬਤ ਤੇ ਚੀਨ ਤੱਕ ਪਹੁੰਚਾਉਣ ਤੋਂ ਬਾਅਦ ਦੀਆਂ ਭਰਾ ਮਾਰੂ ਜੰਗ ਦੀਆਂ ਘਟਨਾਵਾਂ ਨੇ ਖ਼ਾਲਸਾ ਰਾਜ ਨੂੰ ਨੇਸਤੋ-ਨਾਬੂਦ ਕਰ ਦਿੱਤਾ ਸੀ। ਲੇਖਕ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਦਾ ਇਹ ਸ਼ਹਿਜ਼ਾਦਾ ਧਾਰਮਿਕ ਰੁਚੀਆਂ ਦਾ ਮਾਲਕ ਸੀ, ਛੋਟੀ ਉਮਰ ਵਿਚ ਹੀ ਰਾਜਸੀ ਉਲਝਣਾਂ ਨੂੰ ਬੜੀ ਸੂਝ ਬੂਝ ਨਾਲ ਨਿਬੇੜਨ ਦੀ ਰਾਜਨੀਤੀ ਵਿਚ ਨਿਪੁੰਨ ਸੀ। ਹਰ ਮੈਦਾਨ ਦੀ ਫ਼ਤਹਿ ਲਈ ਰਣਤੱਤੇ ਵਿਚ ਖ਼ਾਲਸਾ ਫ਼ੌਜ ਦੇ ਅੱਗੇ ਹੋ ਕੇ ਲੜਨ ਵਲਾ ਯੋਧਾ ਸੀ। ਖ਼ਾਲਸਾ ਰਾਜ ਦੇ ਵਿਸਥਾਰ ਲਈ ਆਪਣੇ ਪਿਤਾ ਵਾਂਗ ਵੱਡੇ ਕਾਰਨਾਮੇ ਕੀਤੇ। ਲੱਦਾਖ ਨੂੰ ਖ਼ਾਲਸਾ ਰਾਜ ਵਿਚ ਮਿਲਾਉਣਾ ਇਸ ਦੀ ਰਾਜਨੀਤਕ ਸੋਚ ਸਦਕਾ ਹੀ ਹੋਇਆ ਸੀ। ਇਸ ਗੱਲ ਨੂੰ ਮੰਨਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਉਸ ਨੇ ਰਾਜਨੀਤਕ ਵੱਡੀਆਂ ਭੁੱਲਾਂ ਵੀ ਕੀਤੀਆਂ, ਜਿਸ ਦਾ ਉਸ ਦੇ ਰਾਜਸੀ ਜੀਵਨ ਅਤੇ ਖ਼ਾਲਸਾ ਰਾਜ ਨੂੰ ਵੱਡਾ ਨੁਕਸਾਨ ਹੋਇਆ।
ਸੰਪਾਦਕ ਨੇ ਇਸ ਪੁਸਤਕ ਨੂੰ ਦੋ ਦਰਜਨ ਤੋਂ ਵੱਧ ਲੇਖਾਂ ਵਿਚ ਵੰਡ ਕੇ ਇਸ ਜੀਵਨ-ਗਾਥਾ ਨੂੰ ਸੰਪੂਰਨਤਾ ਦਿੱਤੀ ਹੈ। ਇਸ ਲੇਖ ਲੜੀ ਵਿਚ 'ਮਹਾਰਾਜਾ ਸ਼ੇਰ ਸਿੰਘ', 'ਕੰਵਰ ਸ਼ੇਰ ਸਿੰਘ ਦੀ ਪਹਿਲੀ ਪ੍ਰੀਖਿਆ, ਸ਼ਹਿਜ਼ਾਦਾ ਸ਼ੇਰ ਸਿੰਘ ਦਾ ਵਿਆਹ', 'ਲਲੀ ਤੇ ਕੰਵਰ ਸ਼ੇਰ ਸਿੰਘ', 'ਦੂਜਾ ਵਿਆਹ', 'ਖਟਕਾਂ ਉੱਪਰ ਭਾਰੀ ਫ਼ਤਹਿ', 'ਸ਼ਹਿਜ਼ਾਦਾ ਸ਼ੇਰ ਸਿੰਘ ਦੀ ਅਦੁੱਤੀ ਪੁਲੀਟੀਕਲ ਸਫ਼ਲਤਾ ਹੋਰ ਸਫ਼ਲਤਾਵਾਂ', 'ਸੱਯਦ ਅਹਿਮਦ ਨੂੰ ਅੰਗਰੇਜ਼ਾਂ ਵਲੋਂ ਉਕਸਾਵੇ, ਸ਼ੇਰ-ਏ-ਪੰਜਾਬ ਦੀ ਦੂਰ-ਦ੍ਰਿਸ਼ਟੀ, ਸੱਯਦ ਅਹਿਮਦ, ਸ਼ਾਹ ਦੇ ਇਰਾਦੇ', 'ਸ਼ੇਰ-ਏ-ਪੰਜਾਬ ਦੀਆਂ ਖ਼ੁਸ਼ੀਆਂ', 'ਕਸ਼ਮੀਰ ਦੀ ਗਵਰਨਰੀ', 'ਲੱਦਾਖ ਨੂੰ ਖ਼ਾਲਸਾ ਰਾਜ ਵਿਚ ਮਿਲਾਉਣਾ', 'ਹੋਰ ਵੱਧ ਜ਼ਿੰਮੇਵਾਰੀ ਮਿਲਣੀ', 'ਖ਼ਾਲਸਾ ਰਾਜ ਉੱਨਤੀ ਦੀ ਟੀਸੀ ਪਰ', 'ਖ਼ਾਲਸਾ ਰਾਜ ਉੱਪਰ ਕਾਲੇ ਬੱਦਲ', 'ਕੰਵਰ ਸ਼ੇਰ ਸਿੰਘ ਦੀ ਉਦਾਰ-ਚਿੱਤੀ', 'ਮਹਾਰਾਜਾ ਸ਼ੇਰ ਸਿੰਘ ਦੀ ਤਖ਼ਤ ਨਸ਼ੀਨੀ ਤੇ ਅੱਖੀਂ ਡਿੱਠੇ ਹਾਲ', 'ਘਰੋਗੀ ਝਗੜੇ ਮੁਕਾਉਣ ਦਾ ਯਤਨ', 'ਸਿੱਕਾ ਚਲਾਉਣਾ', 'ਰਾਣੀ ਚੰਦ ਕੌਰ ਦੀ ਹੱਤਿਆ', 'ਭੇਦ ਖੁੱਲ੍ਹ ਜਾਣਾ', 'ਖ਼ਾਲਸੇ ਦੀ ਤਿੱਬਤ ਤੇ ਚੀਨੀਆਂ ਉੱਪਰ ਦੂਜੀ ਵਾਰ ਫ਼ਤਹਿ', 'ਮਹਾਰਾਜਾ ਸ਼ੇਰ ਸਿੰਘ ਦੇ ਸਮੁੱਚੇ ਜੀਵਨ 'ਤੇ ਝਾਤ', 'ਉਸ ਦੀਆਂ ਭੁੱਲਾਂ ਅਤੇ ਅੰਤ ਵਿਚ 'ਨਿਚੋੜ' ਨੂੰ ਸੁਖੈਨ ਭਾਸ਼ਾ ਵਿਚ ਪੇਸ਼ ਕਰਕੇ ਪਾਠਕਾਂ ਦੇ ਸਨਮੁੱਖ ਪੇਸ਼ ਕੀਤਾ ਹੈ।
ਸੰਪਾਦਕ ਦਾ ਖ਼ਾਲਸਾ ਰਾਜ ਦੇ ਉਸ ਸਮੇਂ ਦੇ ਹਾਲਾਤ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਜੀਵਨ ਬਿਰਤਾਂਤ ਨੂੰ ਪੇਸ਼ ਕਰਨਾ ਲੇਖਕ ਦੀ ਸਖ਼ਤ ਘਾਲਣਾ ਹੈ। ਸ਼ਲਾਘਾਯੋਗ ਉਪਰਾਲਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਕਿੰਨੇ ਸਾਰੇ ਡੈਡੀ
ਗੁਰਪਾਲ ਸਿੰਘ ਲਿੱਟ
ਦੀਆਂ 21 ਕਹਾਣੀਆਂ
ਸੰਪਾਦਕ : ਗੁਰਬਚਨ ਸਿੰਘ ਭੁੱਲਰ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 750 ਰੁਪਏ, ਸਫ਼ੇ : 471
ਸੰਪਰਕ : 080763-63058

ਗੁਰਪਾਲ ਸਿੰਘ ਲਿੱਟ ਇਕ ਪਰਿਪੱਕ ਅਤੇ ਪ੍ਰਮਾਣਿਕ ਕਹਾਣੀਕਾਰ ਸੀ। ਪੰਜਾਬੀ ਦੇ ਬਹੁਤ ਥੋੜ੍ਹੇ ਜਿਹੇ ਕਹਾਣੀਕਾਰਾਂ ਵਾਂਗ ਉਹ ਕਹਾਣੀ ਲਿਖਣ ਸਮੇਂ ਮਾਧਿਅਮ ਅਤੇ ਅਭਿਵਿਅਕਤੀ ਨਾਲ ਕਾਫ਼ੀ ਸੰਘਰਸ਼ ਕਰਦਾ ਸੀ, ਜਿਸ ਦੇ ਸਿੱਟੇ ਵਜੋਂ ਉਸ ਦੀਆਂ ਕਹਾਣੀਆਂ ਕਾਫ਼ੀ ਜਟਿਲ ਹੋ ਜਾਂਦੀਆਂ ਸਨ, ਜਿਨ੍ਹਾਂ ਨੂੰ ਉਠਾਉਣ ਲਈ ਪਾਠਕ ਨੂੰ ਵੀ ਸੰਘਰਸ਼ ਕਰਨਾ ਪੈਂਦਾ ਸੀ। ਸਾਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੁੰਦੀ ਹੈ ਕਿ ਸ. ਗੁਰਬਚਨ ਸਿੰਘ ਭੁੱਲਰ ਨੇ ਇਨ੍ਹਾਂ ਕਹਾਣੀਆਂ ਦੀ ਚੋਣ ਕੀਤੀ ਹੈ ਅਤੇ ਸ. ਬਲਵਿੰਦਰ ਸਿੰਘ ਗਰੇਵਾਲ ਨੇ ਲਿੱਟ ਸਾਹਿਬ ਦੀ ਸ਼ਖ਼ਸੀਅਤ ਬਾਰੇ ਇਕ ਭਾਵਪੂਰਤ ਨੋਟ ਲਿਖ ਕੇ ਇਸ ਪੁਸਤਕ ਨੂੰ ਮੁਕੰਮਲ ਕਰ ਦਿੱਤਾ ਹੈ।
ਕਹਾਣੀਕਾਰ ਲਿੱਟ, ਸੈਕਸ ਨੂੰ ਇਨਸਾਨੀ ਜੀਵਨ ਦਾ ਇਕ ਬੁਨਿਆਦੀ ਅੰਗ ਮੰਨਦਾ ਸੀ ਪਰ ਉਹ ਪੂੰਜੀਵਾਦੀ ਯੁੱਗ ਦੇ ਵਿਕ੍ਰਿਤ ਹੋ ਚੁੱਕੇ ਸੈਕਸ ਨਾਲ ਸੰਤੁਸ਼ਟ ਨਹੀਂ ਸੀ। ਵੀਹਵੀਂ ਸਦੀ ਦੇ ਮੁੱਢਲੇ ਦੋ-ਤਿੰਨ ਦਹਾਕਿਆਂ ਤੱਕ ਸੈਕਸ ਨੂੰ ਲੈ ਕੇ ਸਾਡੇ ਸਮਾਜ ਵਿਚ ਕੋਈ ਹੋ-ਹੱਲਾ ਨਹੀਂ ਸੀ ਮਚਦਾ। ਲੋੜਵੰਦ ਆਦਮੀ-ਔਰਤਾਂ ਇਕ-ਦੂਜੇ ਨਾਲ ਸੈਕਸ ਦੀ ਪੂਰਤੀ ਕਰ ਲੈਂਦੇ ਸਨ। ਜਬਰਜਨਾਹ ਵਰਗੀ ਕੋਈ ਘਟਨਾ ਘੱਟ ਹੀ ਵਾਪਰਦੀ ਸੀ, ਪਰ ਪਿਛਲੇਰੀ ਵੀਹਵੀਂ ਸਦੀ ਵਿਚ ਮਰਦ ਹਾਂਬੜ ਜਿਹਾ ਗਿਆ ਹੈ ਅਤੇ ਉਹ ਸੈਕਸ ਪੂਰਤੀ ਨੂੰ ਆਪਣੀ ਮਰਦਾਵੀਂ ਹੈਂਕੜ ਦੇ ਰੂਪ ਵਿਚ ਵੇਖ ਲੱਗ ਪਿਆ ਹੈ (ਕਿੰਨੇ ਸਾਰੇ ਡੈਡੀ!) ਅਜਿਹੇ ਸੰਬੰਧਾਂ ਨੂੰ ਲੇਖਕ ਇਤਰਾਜ਼ਯੋਗ ਦਰਸਾਉਂਦਾ ਹੈ।
ਸ. ਗੁਰਪਾਲ ਲਿੱਟ ਦੀਆਂ ਕਹਾਣੀਆਂ, ਬਿਰਤਾਂਤ ਦੀ ਕੜੀ ਨੂੰ, ਕਿਸੇ ਇਕ ਮੋੜ ਉੱਪਰ ਰੋਕ ਕੇ ਉਸ ਨੂੰ ਡੂੰਘਾਈ ਅਤੇ ਵਿਸਤਾਰ ਦਿੰਦੀਆਂ ਹਨ। ਉਹ ਮਨੁੱਖੀ ਜੀਵਨ ਨਾਲ ਸੰਬੰਧਿਤ ਕੜੀਆਂ ਦੀ ਅਭਿਵਿਅਕਤੀ ਦਾ ਕਹਾਣੀਕਾਰ ਹੈ। 'ਦੁਰਗ ਟੁੱਟਦੇ ਨੇ, ਰੇਪ ਕੇਸ, ਨਹੀਂ ਇਹ ਅੰਤ ਨਹੀਂ ਹੈ, ਗਿਰਝਾਂ, ਜੜ੍ਹਾਂ ਵਾਲੇ ਅਤੇ ਬਣਵਾਸ' ਉਸ ਦੀਆਂ ਕੁਝ ਹੋਰ ਪ੍ਰਤੀਨਿਧ ਕਹਾਣੀਆਂ ਹਨ। ਉਸ ਦੀਆਂ ਕਹਾਣੀਆਂ ਨੇ ਨਵੇਂ ਪੋਚ ਦੀਆਂ ਕਹਾਣੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਸੁਖਵਿੰਦਰ ਦੀ ਕਾਵਿ-ਸੰਵੇਦਨਾ
ਸੰਪਾਦਕ : ਸੁਖਿੰਦਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 403
ਸੰਪਰਕ : 94638-36591

ਪੰਜਾਬੀ ਕਾਵਿ ਦੇ ਆਧੁਨਿਕ ਦੌਰ ਦਾ ਕੈਨੇਡਾ ਨਿਵਾਸੀ, ਪਰਵਾਸੀ, ਪੰਜਾਬੀ ਕਵੀ ਆਪਣੀ ਸਮੁੱਚੀ ਕਵਿਤਾ, ਸੁਖਿਦੰਰ ਦੀ ਕਾਵਿ ਸੰਵੇਦਨਾ, ਆਪ ਹੀ ਸੰਪਾਦਕ ਬਣ ਕੇ ਪੇਸ਼ ਕਰ ਰਿਹਾ ਹੈ, ਜਿਸ ਵਿਚ ਉਸ ਨੇ ਆਪ ਬਕਲਮ-ਖ਼ੁਦ, ਆਪ ਆਪਣੀ, ਕਾਵਿ ਸੰਵੇਦਨਾ ਸੰਬੰਧੀ ਆਪ ਆਪਣੇ ਵਿਚਾਰ ਪੇਸ਼ ਕੀਤੇ ਹਨ, ਬਲਕਿ ਅੰਤਰਰਾਸ਼ਟਰੀ ਪੰਜਾਬੀ ਜ਼ਬਾਨ ਦੇ ਵੱਖ-ਵੱਖ ਦੇਸ਼ਾਂ ਦੇ ਪੰਜਾਬੀ ਦੇ ਲੇਖਕਾਂ ਨੇ ਉਸ ਦੀ ਕਾਵਿ-ਸੰਵੇਦਨਾ ਸੰਬੰਧੀ ਲਿਖਿਆ ਹੈ। ਸੁਖਿੰਦਰ ਨੇ ਕਵਿਤਾ ਤੋਂ ਇਲਾਵਾ ਤਿੰਨ ਪੁਸਤਕਾਂ ਵਿਗਿਆਨ ਸੰਬੰਧੀ ਚਾਰ ਪੁਸਤਕਾਂ ਆਲੋਚਨਾ, ਪੰਜ ਪੁਸਤਕਾਂ, ਵਾਰਤਕ ਦੀਆਂ 6 ਪੁਸਤਕਾਂ ਸੰਪਾਦਨਾ, ਦੋ ਨਾਵਲ, ਇਕ ਪੁਸਤਕ ਬੱਚਿਆਂ ਲਈ ਲਿਖੀ ਹੈ। ਆਪ ਨੇ ਹੁਣ ਤੱਕ ਦੋ ਦਰਜਨ ਦੇ ਲਗਭਗ ਪੰਜਾਬੀ ਕਵਿਤਾ ਦੀਆਂ ਪੁਸਤਕਾਂ ਦਾ ਪ੍ਰਕਾਸ਼ਨ ਕਰਵਾਇਆ ਹੈ, ਇਸ ਸਮੁੱਚੇ ਕਾਵਿ ਨੂੰ ਮੁੱਖ ਰੱਖਦਿਆਂ 'ਸੁਖਿੰਦਰ' ਨੇ ਆਪਣੀ ਸਮੁੱਚੇ-ਕਾਵਿ ਸੰਵੇਦਨਾ ਦਾ ਆਲੋਚਨਾਤਮਿਕ ਅਧਿਐਨ ਕਰਵਾਇਆ ਹੈ, ਜਿਸ ਦਾ ਸੰਪਾਦਨ ਵੀ ਆਪ ਹੀ ਕੀਤਾ ਹੈ, ਜਿਸ ਵਿਚ 73 ਆਲੋਚਕ ਮਰਦ+ਇਸਤਰੀਆਂ ਨੇ ਆਪਣੇ-ਆਪ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਵਿਚ ਡਾ. ਅਰਵਿੰਦ ਕੌਰ ਕਾਕੜਾ, ਡਾ. ਭੀਮ ਇੰਦਰ ਸਿੰਘ, ਡਾ. ਯੋਗਰਾਜ, ਡਾ. ਸਰਬਜੀਤ ਸਿੰਘ, ਡਾ. ਬਲਵਿੰਦਰ ਕੌਰ, ਡਾ. ਸੋਨੀਆ, ਇੰਡੀਆ, ਰਵਿੰਦਰ ਰਵੀ ਕੈਨੇਡਾ, ਡਾ. ਸਮੀਨਾ, ਡਾ. ਦੇਵਿੰਦਰ ਕੌਰ ਯੂ. ਕੇ., ਡਾ. ਗੁਰਬਖਸ਼ ਸਿੰਘ ਭੰਡਾਲ ਕੈਨੇਡਾ, ਡਾ. ਗੁਰਭਗਤ ਸਿੰਘ ਇੰਡੀਆ, ਪ੍ਰੋ. ਰਾਜਬੀਰ ਕੌਰ ਇੰਡੀਆ, ਡਾ. ਅਮਰਜੀਤ ਟਾਂਡਾ ਆਸਟ੍ਰੇਲੀਆ, ਸੁਰਜੀਤ ਕੈਨੇਡਾ, ਸਤਿੰਦਰ ਸਿੰਘ ਨੂਰ ਇੰਡੀਆ, ਡਾ. ਸੁਦਰਸ਼ਨ ਗਾਸ਼ਸ ਇੰਡੀਆ, ਡਾ. ਗੁਰਬਚਨ ਇੰਡੀਆ, ਸੁਖਿੰਦਰ ਇੰਡੀਆ, ਰਤਨ ਸਿੰਘ ਢਿੱਲੋਂ ਇੰਡੀਆ, ਡਾ. ਮੋਹਨ ਤਿਆਗੀ ਇੰਡੀਆ, ਕੇ.ਐਲ. ਗਰਗ ਯੂ. ਐੱਸ. ਏ., ਕੁੱਲ 73 ਲੇਖਕ ਹਨ, ਜਿਨ੍ਹਾਂ ਨੇ ਇਸ ਅਭਿਨੰਦਨ ਅਥਵਾ ਸੁਖਿੰਦਰ ਦੀ ਕਾਵਿ ਸੰਵੇਦਨਾ ਸੰਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਇਸ 'ਸੁਖਿੰਦਰ' ਦੀ ਕਾਵਿ ਸੰਵੇਦਨਾ ਨੂੰ ਅਸੀਂ ਉਸ ਦੀ ਕਾਵਿ ਕਲਾ ਦਾ, ਅਭਿਨੰਦਨ ਗ੍ਰੰਥ ਕਹਿ ਦੇਈਏ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ, ਹੇਠਾਂ ਕੁਝ ਟੂਕਾਂ ਦੇ ਰਿਹਾ ਹਾਂ, ਜੋ ਉਸ ਦੇ ਕਾਵਿ ਦਾ ਮੁਲਾਂਕਣ ਕਰਦੀਆਂ, ਉਸ ਦਾ ਅਭਿਨੰਦਨ ਹੀ ਹੈ, ਜਿਵੇਂ :
ਉਸ ਦੀ ਕਵਿਤਾ ਪੜ੍ਹਦਿਆਂ, ਕਾਵਿ ਵਸਤੂ ਉੱਪਰ ਭਾਸ਼ਾ ਦਾ ਮੁਹਾਂਦਰਾ, ਹਾਵੀ ਬਣ ਜਾਂਦਾ ਹੈ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਕਵਿਤਾ ਦੀਆਂ ਧੁਨੀਆਂ ਦੇ ਸ਼ਬਦ ਸ਼ਕਤੀਆਂ ਮਾਨਵ-ਵਿਰੋਧੀਆਂ, ਪ੍ਰਬੰਧ ਦਾ ਦਰਸ ਕਰਵਾ ਜਾਂਦੀਆਂ ਹਨ। ਸੁਖਿੰਦਰ ਅੰਦਰ ਹੋ ਰਿਹਾ ਰਾਜਸੀ, ਸਮਾਜਿਕ ਪ੍ਰਬੰਧ ਵਿਰੁੱਧ ਯੁੱਧ, ਸ਼ਬਦਾਂ ਰਾਹੀਂ ਵਿਚ ਚੋਟ ਕਰਦਾ ਹੋਇਆ, ਕਵਿਤਾ ਵਿਚ ਢਲਦਾ ਹੈ। ਸੁਹਜ ਸ਼ਾਸਤਰ ਦੀ ਲੀਕ ਤੋਂ ਅੰਦਰ ਉਬਾਲੇ ਨੂੰ, ਕਾਵਿ-ਵਸਤੂ ਵਿਚ ਢਾਲਣਾ ਹੀ ਸੁਖਿੰਦਰ ਦੀ ਕਵਿਤਾ ਦਾ ਹਾਸਿਲ ਹੈ।
ਅਜਿਹੀਆਂ ਪ੍ਰਸੰਸਾਯੋਗ ਟਿੱਪਣੀਆਂ ਇਸ ਅਭਿਨੰਦਨ ਗਰੰਥ ਵਿਚ ਅਸੀਂ ਸਹਿਜੇ ਲਈ ਹਰ ਥਾਂ ਦੇਖ ਸਕਦੇ ਹਾਂ। ਸਪੱਸ਼ਟ ਹੈ ਕਿ ਸੁਖਿੰਦਰ ਸਿਆਸੀ ਅਨੁਭਵ ਨੂੰ ਆਪਣੀ ਸਿਆਸੀ ਚੇਤਨਾ ਨਾਲ ਇਕ-ਸੁਰ ਕਰਕੇ ਆਪਣੀਆਂ ਕਵਿਤਾਵਾਂ ਵਿਚ ਢਾਲਦਾ ਹੈ। ਸਿਆਸੀ ਚੇਤਨਾ ਤੇ ਵਿਚਾਰਧਾਰਾ ਨਾਲ ਇਕ ਸੁਰ ਹੋਣ ਕਰਕੇ, ਉਸ ਦੀਆਂ ਕਵਿਤਾਵਾਂ ਬਾਕੀ ਕਵੀਆਂ ਨਾਲੋਂ ਵਿਧਾਗਤ, ਪੱਖ ਤੋਂ ਵੱਖਰੀਆਂ ਦ੍ਰਿਸ਼ਟੀਗੋਚਰ ਹੁੰਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਕਾਵਿ-ਸੁਹਜ ਤੇ ਸਿਆਸੀ ਸੂਝ ਇਨ੍ਹਾਂ ਦੀ ਵਿਅੰਗ ਵਿਧੀ ਵਿਚ ਹੈ।' ਅਜਿਹੀ ਟਿੱਪਣੀ ਪੰਜਾਬੀ ਦੇ ਨਾਮਵਰ ਆਲੋਚਕਾਂ ਵਲੋਂ ਇਸ ਪੁਸਤਕ ਵਿਚ ਪ੍ਰਾਪਤ ਹੈ। ਬਿਹਤਰ ਇਹੋ ਹੁੰਦਾ ਕਿ ਸੁਖਿੰਦਰ ਦੀ ਕਾਵਿ ਸੰਵੇਦਨਾ ਨਾਂਅ ਦਾ ਗ੍ਰੰਥ, ਸੁਖਿੰਦਰ ਅਭਿਨੰਦਰ ਗ੍ਰੰਥ ਹੀ ਪ੍ਰਕਾਸ਼ਤ ਕੀਤਾ ਜਾਂਦਾ। ਹੁਣ ਵੀ ਜੋ ਪ੍ਰਾਪਤ ਹੈ, ਆਲੋਚਨਾ ਦਾ ਰੂਪ ਸਰੂਪ ਅਤੇ ਕਵੀ ਦੇ ਕਾਵਿ ਦਾ ਚਿੰਤਨ, ਪ੍ਰਸੰਸਾ ਸੁਰ ਵਾਲਾ ਹੀ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਸੁਗੰਧੀਆਂ ਭਰੇ ਫੁੱਲ
ਲੇਖਕ : ਸੁਰਜੀਤ ਸਿੰਘ ਬਲਾੜ੍ਹੀ ਕਲਾਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 55.
ਸੰਪਰਕ : 80540-03315

ਹੱਥਲੀ ਪੁਸਤਕ 'ਸੁਗੰਧੀਆਂ ਭਰੇ ਫੁੱਲ' ਸੁਰਜੀਤ ਬਲਾੜ੍ਹੀ ਕਲਾਂ ਦੀ ਤੀਸਰੀ ਬਾਲ ਪੁਸਤਕ ਹੈ, ਜਿਸ ਵਿਚ 31 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭ ਰਚਨਾਵਾਂ ਸਰਲ ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ। ਜਿਵੇਂ : 'ਇਕ ਇਕ ਰੁੱਖ ਲਗਾਈਏ' ਕਵਿਤਾ ਵਿਚ ਬਾਲਾਂ ਨੂੰ ਮਨੁੱਖੀ ਜੀਵਨ ਲਈ ਰੁੱਖਾਂ ਦਾ ਹੋਣਾ ਕਿੰਨਾ ਜ਼ਰੂਰੀ ਹੈ ਸਮਝਾਇਆ ਗਿਆ ਹੈ:-
ਆਓ ਇਕ ਇਕ ਰੁੱਖ ਸਾਰੇ ਲਾਈਏ ਬੇਲੀਓ।
ਨਾਲੇ ਵਾਤਾਵਰਣ ਨੂੰ ਸਾਫ ਬਣਾਈਏ ਬੇਲੀਓ।
ਜਿਹੜੇ ਲਾਉਣੇ ਅੱਜ ਅਸੀਂ ਰੀਝਾਂ ਨਾਲ ਰੁੱਖ ਨੇ।
ਉਨ੍ਹਾਂ ਦੇਣੇ ਕੱਲ੍ਹ ਸਾਨੂੰ, ਢੇਰਾਂ ਸਾਰੇ ਸੁੱਖ ਨੇ।
ਚਾਰੇ ਪਾਸੇ ਹਰਿਆਲੀ ਨੂੰ ਲਿਆਈਏ ਬੇਲੀਓ।
ਆਓ ਇਕ ਇਕ ਰੁੱਖ ਸਾਰੇ ਲਾਈਏ ਬੇਲੀਓ।
ਏਵੇਂ ਹੀ 'ਲਾਇਬਰੇਰੀ' ਕਵਿਤਾ ਵਿਚ ਪੁਸਤਕਾਂ ਦਾ ਆਪਣੀ ਜ਼ਿੰਦਗੀ ਵਿਚ ਕੀ ਮਹੱਤਵ ਹੈ ਬਹੁਤ ਹੀ ਸੁੰਦਰ ਢੰਗ ਨਾਲ ਸਮਝਾਇਆ ਹੈ :-
ਸਕੂਲ ਸਾਡੇ ਦੀ ਲਾਇਬਰੇਰੀ।
ਸਜੀ ਕਿਤਾਬਾਂ ਨਾਲ ਬਥੇਰੀ।
ਜਦ ਵੀ ਸਾਨੂੰ ਮੌਕਾ ਲੱਗੇ।
ਪੜ੍ਹਨ ਕਿਤਾਬਾਂ ਜਾਈਏ ਭੱਜੇ।
ਬੈਠਣ ਲਈ ਕੁਰਸੀਆਂ ਲੱਗੀਆਂ ।
ਸਾਰੀਆਂ ਮੇਜ਼ਾਂ ਦੁਆਲੇ ਸਜੀਆਂ।
ਇਹਨਾਂ ਉੱਤੇ ਬਹਿ ਕੇ ਪੜ੍ਹੀਏ।
ਆਪਸ ਵਿਚ ਵਿਚਾਰਾਂ ਕਰੀਏ।
ਅਜੋਕੇ ਨਸ਼ਿਆਂ ਦੇ ਯੁੱਗ ਵਿਚ 'ਖੇਡਾਂ ਦਾ ਮਹੱਤਵ' ਗੀਤ ਰਾਹੀਂ ਬੱਚਿਆਂ ਨੂੰ ਖੇਡਾਂ ਦਾ ਮਹੱਤਵ ਸਮਝਾ ਕੇ ਖੇਡਾਂ ਖੇਡਣ ਲਈ ਪ੍ਰੇਰਿਆ ਗਿਆ ਹੈ।
ਖੇਡਾਂ ਜ਼ਿੰਦਗੀ ਦਾ ਹਨ ਇਕ ਅੰਗ ਬੇਲੀਓ।
ਹੁੰਦੇ ਖੇਡਣੇ ਦਾ ਵੱਖੋ-ਵੱਖ ਢੰਗ ਬੇਲੀਓ।
ਖੇਡਾਂ ਖੇਡਣ ਦੇ ਨਾਲ ਸਰੀਰ ਬਣੇ ਮਜ਼ਬੂਤ।
ਨੇੜੇ ਆਵੇ ਨਾ ਸਰੀਰ ਦੇ ਬਿਮਾਰੀਆਂ ਦਾ ਦੂਤ।
ਹੋਊ ਲਾਲ ਤੇ ਗੁਲਾਲ, ਥੋਡਾ ਰੰਗ ਬੱਚਿਓ।
ਖੇਡਾਂ ਜ਼ਿੰਦਗੀ ਦਾ ਹਨ ਇੱਕ ਅੰਗ ਬੱਚਿਓ।
ਇਸੇ ਤਰ੍ਹਾਂ ਹੀ ਪੁਰਾਣੇ ਰਿਸ਼ਤੇ, ਮਿਹਨਤ, ਬੱਲੇ ਨੀ ਪੰਜਾਬੀਏ, ਸਵੇਰ ਦੀ ਸਭਾ, ਘੜੀ, ਅਧਿਆਪਕ, ਮੇਰੇ ਦੇਸ਼ ਵਾਸੀਓ, ਵਿੱਦਿਆ ਦੇ ਫਾਇਦੇ ਆਦਿ ਸੱਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ ਅੰਤ ਵਿਚ ਬਾਲਾਂ ਅਤੇ ਵੱਡਿਆਂ ਦੀ ਜਾਣਕਾਰੀ ਲਈ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਨਾਂਅ ਅਤੇ ਸਮਾਂ ਵੀ ਲਿਖਿਆ ਹੋਇਆ ਹੈ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜਿੱਥੇ ਬਹੁਤ ਵਾਧਾ ਕਰੇਗੀ ਉੱਥੇ ਪੰਜਾਬ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਵੀ ਬਣੇਗੀ। ਲੇਖਕ ਨੂੰ ਮੈਂ ਸ਼ਾਬਾਸ਼ ਅਤੇ ਮੁਬਾਰਕਾਂ ਵੀ ਦਿੰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896

ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ
ਸੰਪਾਦਕ : ਤਰਸੇਮ ਸਿੰਘ ਭੰਗੂ ਅਤੇ ਸੁਭਾਸ਼ ਦੀਵਾਨਾ
ਪ੍ਰਕਾਸ਼ਕ : ਸੁਭਾਸ਼ ਦੀਵਾਨਾ, ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 94656-56214

ਇਹ ਪੁਸਤਕ ਪੰਜਾਬੀ ਦੇ ਮਹਾਨ ਲੇਖਕ/ਚਿੰਤਕ ਤੇ ਨੇਕਦਿਲ ਇਨਸਾਨ, ਪ੍ਰੋ. ਕਿਰਪਾਲ ਸਿੰਘ ਯੋਗੀ ਨੂੰ ਨਿੱਘੀ ਸ਼ਰਧਾਂਜਲੀ ਹੈ। ਪ੍ਰੋ. ਸਾਹਿਬ, ਕੁਝ ਵਰ੍ਹੇ ਪਹਿਲਾਂ, ਸਦੀਵੀ ਵਿਛੋੜਾ ਦੇ ਗਏ ਸਨ। ਉਹ ਜਿਥੇ ਇਕ ਕੁਸ਼ਲ ਅਧਿਆਪਕ ਸਨ, ਉਥੇ ਬਹੁ-ਵਿਧਾਈ ਲੇਖਕ ਤੇ ਸਿਰਜਕ ਸਨ। ਉਨ੍ਹਾਂ ਦੀ ਸੰਗਤ ਨੇ ਅਨੇਕ ਲੇਖਕ ਤੇ ਸਾਹਿਤਕਾਰ ਪੈਦਾ ਕੀਤੇ। ਵਿਚਾਰ-ਗੋਚਰੀ ਪੁਸਤਕ ਦੇ ਮੁੱਖ ਤੌਰ 'ਤੇ ਤਿੰਨ ਅਧਿਆਏ ਹਨ, ਜਿਨ੍ਹਾਂ ਰਾਹੀਂ ਪ੍ਰਮੁੱਖ ਲੇਖਕਾਂ/ਸਾਹਿਤਕਾਰਾਂ ਨੇ ਪ੍ਰੋ. ਯੋਗੀ ਦੀ ਵਿਲੱਖਣ ਸ਼ਖ਼ਸੀਅਤ ਦੇ ਵੱਖ-ਵੱਖ ਪੱਖਾਂ ਬਾਰੇ ਕੀਮਤੀ ਜਾਣਕਾਰੀ, ਪਾਠਕਾਂ ਨਾਲ ਸਾਂਝੀ ਕੀਤੀ ਹੈ। ਦੋਹਾਂ ਸੰਪਾਦਕਾਂ ਦੇ ਆਰੰਭਕ ਲੇਖਾਂ ਵਿਚ ਪ੍ਰੋ. ਸਾਹਿਬ ਦੀ ਸੰਘਰਸ਼ਮਈ ਜ਼ਿੰਦਗੀ ਬਾਰੇ ਵਡਮੁੱਲੀ ਜਾਣਕਾਰੀ ਮਿਲਦੀ ਹੈ। 'ਯਾਦਾਂ' ਸਿਰਲੇਖ ਹੇਠਲੇ ਅਧਿਆਏ ਵਿਚ 24 ਨਾਯਾਬ ਲੇਖ ਹਨ, ਜਿਨ੍ਹਾਂ ਰਾਹੀਂ ਪ੍ਰੋ. ਯੋਗੀ ਦੀ ਜੀਵਨੀ, ਸਾਹਿਤਕ ਸਿਰਜਣਾ, ਚਿੰਤਨ ਤੇ ਸਾਹਿਤਕ ਕਾਰਜਾਂ ਸੰਬੰਧੀ ਭਰਪੂਰ ਜਾਣਕਾਰੀ ਮਿਲਦੀ ਹੈ। 'ਕਿਰਤਾਂ' ਉਨਵਾਨ ਹੇਠਲੇ ਚੈਪਟਰ ਵਿਚ, ਪ੍ਰੋ. ਯੋਗੀ ਦੀਆਂ 6 ਕਹਾਣੀਆਂ ਦਰਜ ਹਨ। 'ਹਿੰਦੁਸਤਾਨ', 'ਕੰਮ ਦੀ ਭਾਲ ਵਿਚ', 'ਦੁਸ਼ਮਣੀ ਦੀ ਦਾਸਤਾਨ', 'ਜਦੋਂ ਇਕ ਮੁਸਲਮਾਨ ਔਰਤ ਨੇ ਸਿੱਖ ਮੁੰਡੇ ਦੀ ਜਾਨ ਬਚਾਈ', 'ਸ਼ੱਕੀ ਆਦਮੀ' ਅਤੇ 'ਇਹ ਪੈਰ ਥਿੜਕਣ ਵਾਲੇ ਨਹੀਂ' ਮੌਲਿਕ ਰੂਪ ਵਿਚ ਦਰਜ ਹਨ। 'ਓਏ ਮੁੰਡਿਓ, ਆਹ ਕਾਲੀਆਂ ਪੱਗਾਂ ਬੰਨ੍ਹ ਕੇ ਨਾ ਨੇਰ੍ਹੇ ਸਵੇਰੇ ਫਿਰਿਆ ਕਰੋ, ਕੋਈ ਹੋਰ ਰੰਗ ਬੰਨ੍ਹ ਲਿਆ ਕਰੋ।' ਨੇੜਿਓਂ ਹੌਲਦਾਰ ਸ਼ੰਗਾਰਾ ਸਿੰਘ ਨੇ ਨਸੀਹਤ ਕੀਤੀ (ਪੰਨਾ 74), ਇਹ ਸਭੇ ਕਹਾਣੀਆਂ ਕੋਈ ਨਾ ਕੋਈ ਸਾਰਥਕ ਸੰਦੇਸ਼/ਸੇਧ ਦੇਣ ਵਾਲੀਆਂ ਹਨ।
'ਲੇਖ ਤੇ ਯਾਤਰਾਵਾਂ' ਵਾਲੇ ਅਧਿਆਏ ਵਿਚ 13 ਆਰਟੀਕਲ ਹਨ। ਇਹ ਸਾਰੇ ਦੇ ਸਾਰੇ ਲੇਖ ਮਰਹੂਮ ਪ੍ਰੋ. ਯੋਗੀ ਦੀਆਂ ਉਕ੍ਰਿਸ਼ਟ ਰਚਨਾਵਾਂ ਹਨ। 'ਭਾਪਾ ਜੀ ਨਾਲ ਦਸ ਸਾਲ', 'ਦਾਤਾ ਜੀ ਦਾ ਹਾਸ-ਰਸ', 'ਹਿੰਦੀ ਸਾਹਿਤ ਵਿਚ ਗੁਰੂ ਨਾਨਕ ਸਾਹਿਬ', 'ਤਬ ਬਾਬੇ ਨਾਵਲ ਲਿਖਿਆ', 'ਮਾਜ਼ੀ ਦੇ ਝਰੋਖੇ 'ਚੋਂ ਅੰਮ੍ਰਿਤਸਰ', 'ਮਾਂ ਬੋਲੀ ਮੇਰੀ ਪਛਾਣ' ਆਦਿ ਲੇਖ, ਵਾਰਤਕ ਉੱਤੇ ਉਨ੍ਹਾਂ ਦੀ ਪੂਰੀ ਪਕੜ ਅਤੇ ਸਾਫ਼ਗੋਈ, ਅਨੂਠੀ ਲਿਖਣ ਸ਼ੈਲੀ ਦੀ ਮੂੰਹ ਬੋਲਦੀ ਮਿਸਾਲ ਹਨ। 'ਪੰਜਾਬੀ ਕਵੀ ਤੇ ਸ਼ਰਾਬ' ਲੇਖ, ਯੋਗੀ ਜੀ ਦੀ ਬੇਬਾਕੀ ਅਤੇ ਹਕੀਕਤ ਪਸੰਦੀ ਦੀ ਜ਼ਾਹਿਰਾ ਮਿਸਾਲ ਹੈ :-'ਅਜੇ ਸ਼ਾਇਦ ਉਨ੍ਹਾਂ ਨੇ ਕੁਝ ਹੋਰ ਵੀ ਆਖਣਾ ਸੀ ਕਿ ਏਨੇ ਨੂੰ ਉਨ੍ਹਾਂ ਦਾ ਦੂਜਾ ਕਵੀ ਸਾਥੀ ਆ ਪਹੁੰਚਾ, ਜਿਸ ਨੂੰ ਵੇਖਦਿਆਂ ਸਾਰ ਹੀ ਉਨ੍ਹਾਂ ਦੇ ਚਿਹਰੇ 'ਤੇ ਕੁਝ ਚਮਕ ਆ ਗਈ। ਮੈਨੂੰ ਗਲੋਂ ਲਾਹ ਕੇ ਉਹ ਦੋਵੇਂ ਜਣੇ ਫ਼ੌਰਨ ਲੋਇਰ ਬਾਜ਼ਾਰ ਜਾਣ ਵਾਲੀਆਂ ਉਹ ਪੌੜੀਆਂ ਉਤਰ ਗਏ, ਜੋ ਇਕ ਦੇਸੀ ਸ਼ਰਾਬ ਦੇ ਠੇਕੇ ਦੇ ਸਾਹਮਣੇ ਸਮਾਪਤ ਹੁੰਦੀਆਂ ਸਨ।' (ਸਫ਼ਾ 152)। ਯੋਗੀ ਜੀ, ਪਹਾੜਾਂ ਦੀ ਸੈਰ ਦੇ ਬੜੇ ਸ਼ੌਕੀਨ ਸਨ। ਜਦੋਂ ਸਮਾਂ ਮਿਲਦਾ ਉਹ ਦੋਸਤਾਂ-ਮਿੱਤਰਾਂ/ਪਰਿਵਾਰ ਜਨਾਂ ਨਾਲ ਪਹਾੜਾਂ ਦੀ ਸੈਰ ਲਈ ਜਾਂਦੇ। ਉੱਥੇ ਵੀ ਸਾਹਿਤ ਰਚਨਾ ਕਰਦੇ। ਉਨ੍ਹਾਂ ਨੂੰ ਗੁਰਦਾਸਪੁਰ ਦੇ ਅਦਬੀ ਹਲਕਿਆਂ ਦੀ ਜਿੰਦ-ਜਾਨ ਕਿਹਾ ਜਾਂਦਾ ਸੀ। ਉਹ ਉੱਥੋਂ ਦੀ ਸਾਹਿਤ ਸਭਾ ਦੇ ਮੁਖੀ ਵੀ ਰਹੇ। ਉਹ ਸੰਤ ਸੁਭਾਅ ਦੇ ਮਾਲਕ ਤੇ ਵਿਗਿਆਨਕ ਸੋਚ ਦੇ ਧਾਰਨੀ ਸਨ। ਉਨ੍ਹਾਂ ਨੂੰ ਕਰਮਯੋਗੀ ਤੇ ਕਲਮਯੋਗੀ ਵਜੋਂ ਸਤਿਕਾਰਿਆ ਜਾਂਦਾ ਹੈ। ਇਮਾਨਦਾਰੀ ਦੀ ਸਾਕਾਰ ਮੂਰਤ ਸਨ। ਉਨ੍ਹਾਂ ਸੰਘਰਸ਼ਮਈ ਜ਼ਿੰਦਗੀ ਜੀਵੀ। ਉਨ੍ਹਾਂ ਦਾ ਜੀਵਨ ਤਜਰਬਾ ਬੜਾ ਵਿਸ਼ਾਲ ਸੀ ਪਰ ਉਸ ਨੂੰ ਲਿਖਤ ਵਿਚ ਘੱਟ ਲੈ ਕੇ ਆਏ, ਪਰ ਉਨ੍ਹਾਂ ਜਿੰਨਾ ਵੀ ਲਿਖਿਆ, ਮੁੱਲਵਾਨ ਹੈ। (ਬੀਬਾ ਬਲਵੰਤ)। ਮੇਰੀ ਜਾਚੇ ਇਸ ਪੁਸਤਕ ਦੇ ਸਾਰੇ ਲੇਖ ਹਰੇਕ ਸਾਹਿਤ ਪ੍ਰੇਮੀ ਨੂੰ ਗਹੁ ਨਾਲ ਪੜ੍ਹਨੇ ਚਾਹੀਦੇ ਹਨ। ਇਹੋ ਯੋਗੀ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

15-03-2024

 ਭਲਵਾਨਾਂ ਦਾ ਸਕੂਲ ਅਤੇ ਮੇਰੇ ਵਿਦਿਆਰਥੀ
ਲੇਖਕ : ਦਇਆ ਸਿੰਘ ਸੰਧੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੋ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 224
ਸੰਪਰਕ : 95010-32057

ਦਇਆ ਸਿੰਘ ਸੰਧੂ ਇਕ ਵਧੀਆ ਅਧਿਆਪਕ, ਸਿਰੜੀ ਇਨਸਾਨ ਅਤੇ ਅਧਿਆਪਕੀ ਜਥੇਬੰਦੀ ਵਿਚ ਕਾਰਜ ਕਰਨ ਵਾਲਾ ਇਕ ਸੰਘਰਸ਼ੀ ਵਿਅਕਤੀ ਹੈ। 'ਭਲਵਾਨਾਂ ਦਾ ਸਕੂਲ ਅਤੇ ਮੇਰੇ ਵਿਦਿਆਰਥੀ' ਉਸ ਦੀ ਜ਼ਿੰਦਗੀ ਦੇ ਤਜਰਬਿਆਂ ਅਤੇ ਅਨੁਭਵ ਵਿਚੋਂ ਜਨਮ ਲੈਣ ਵਾਲੀ ਵਿਸ਼ੇਸ਼ ਪੁਸਤਕ ਹੈ, ਜਿਸ ਵਿਚ ਉਸ ਦੇ ਸਾਰੇ ਉਹ ਲੇਖ ਸ਼ਾਮਿਲ ਹਨ, ਜੋ ਵੱਖ-ਵੱਖ ਅਖ਼ਬਾਰਾਂ ਵਿਚ ਸਮੇਂ-ਸਮੇਂ ਪ੍ਰਕਾਸ਼ਿਤ ਹੁੰਦੇ ਰਹੇ ਹਨ। ਪਾਠਕ ਦੀ ਦਿਲਚਸਪੀ ਇਸ ਦੇ ਸਿਰਲੇਖ ਤੋਂ ਹੀ ਪੈਦਾ ਹੋ ਜਾਂਦੀ ਹੈ ਕਿ ਉਹ ਕਿਹੜਾ ਸਕੂਲ ਹੋਵੇਗਾ, ਜਿਸ ਨੂੰ ਭਲਵਾਨਾਂ ਦਾ ਸਕੂਲ ਆਖ ਕੇ ਸੰਬੋਧਨ ਕੀਤਾ ਗਿਆ ਹੋਵੇਗਾ ਜਾਂ ਫਿਰ ਸਾਰੀ ਪੁਸਤਕ ਹੀ ਇਸ ਸਿਰਲੇਖ ਦੁਆਲੇ ਲਿਖੀ ਗਈ ਹੋਵੇਗੀ। ਪਰ ਇਹ ਲੇਖ ਇਸ ਪੁਸਤਕ ਦਾ ਪਹਿਲਾ ਲੇਖ ਹੈ ਜੋ ਚੌਧਰੀ ਪ੍ਰਤਾਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਰਖੋਦਾ ਜ਼ਿਲ੍ਹਾ ਸੋਨੀਪਤ ਹਰਿਆਣਾ ਰਾਜ ਵਿਚ ਸਥਿਤ ਹੈ। ਚੌਧਰੀ ਪਰਤਾਪ ਸਿੰਘ ਖ਼ੁਦ ਪਹਿਲਵਾਨ ਸੀ ਅਤੇ ਉਸ ਦੇ ਪੁੱਤਰ ਵੀ ਕੌਮੀ ਪੱਧਰ ਦੇ ਪਹਿਲਵਾਨ ਅਤੇ ਕੋਚ ਹਨ ਉਨ੍ਹਾਂ ਨੇ ਆਪਣੇ ਪਿਤਾ ਦੇ ਨਾਂਅ 'ਤੇ ਸਕੂਲ ਬਣਾਇਆ ਜਿਥੇ ਲੜਕੀਆਂ ਅਤੇ ਲੜਕੇ ਜੋ ਨਾਮੀ ਖਿਡਾਰੀ ਹਨ, ਪੜ੍ਹਦੇ ਹਨ। ਇਸ ਤੋਂ ਇਲਾਵਾ ਪੁਸਤਕ ਵਿਚ ਲੇਖਕ ਨੇ ਜਿਥੇ ਬਹੁਤ ਸਾਰੇ ਸਮਾਜਿਕ ਵਰਤਾਰਿਆਂ ਬਾਰੇ ਲੋਕਧਾਰਾਈ ਪ੍ਰਸੰਗ ਵਿਚ ਚਰਚਾ ਕੀਤੀ ਹੈ। ਉਥੇ ਆਪਣੇ ਉਨ੍ਹਾਂ ਵਿਦਿਆਰਥੀਆਂ ਜਿਹੜੇ ਸਾਧਨਹੀਣ ਹੋਣ ਕਰਕੇ ਜਾਂ ਸਹੀ ਸੇਧ ਨਾ ਮਿਲਣ ਕਰਕੇ ਜ਼ਿੰਦਗੀ ਦੇ ਸੁਚੱਜੇ ਰਸਤੇ ਤੋਂ ਭਟਕ ਸਕਦੇ ਸਨ। ਉਨ੍ਹਾਂ ਨੂੰ ਸਹੀ ਰਸਤਾ ਦਿਖਾ ਕੇ ਜਾਂ ਮਦਦ ਕਰਕੇ ਉੱਚ ਅਹੁਦਿਆਂ 'ਤੇ ਪਹੁੰਚਾਇਆ। ਉਸ ਬਾਰੇ ਵੀ ਭਰਪੂਰ ਰੂਪ ਵਿਚ ਜ਼ਿਕਰ ਛੇੜਿਆ ਹੈ। ਆਪਣੇ ਖਾਨਦਾਨੀ ਵਿਰਸੇ ਅਤੇ ਆਪਣੀ ਮਾਂ ਬਾਰੇ ਵੀ ਲੇਖਕ ਨੇ ਪੁਸਤਕ ਵਿਚ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਹੈ। ਹਰੇਕ ਲੇਖ ਸੰਖੇਪ ਹੈ ਤੇ ਸ਼ੈਲੀ ਏਨੀ ਸਰਲ ਹੈ ਕਿ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਕਿਸੇ ਪਰਿਵਾਰ ਦਾ ਵਡੇਰਾ ਆਪਣੀਆਂ ਹੱਡਬੀਤੀਆਂ ਆਪਣੇ ਪਰਿਵਾਰ ਵਿਚ ਬੈਠ ਕੇ ਸੁਣਾ ਰਿਹਾ ਹੋਵੇ। ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਕਿਤੇ ਵੀ ਅਕੇਵਾਂ ਮਹਿਸੂਸ ਨਹੀਂ ਕਰਦਾ ਸਗੋਂ ਇਨ੍ਹਾਂ ਲੇਖਾਂ ਵਿਚਲੀ ਕਥਾ ਸ਼ੈਲੀ ਦਾ ਆਨੰਦ ਮਾਣਦਾ ਹੈ। ਇਹ ਲੇਖ ਹਰੇਕ ਉਸ ਵਿਅਕਤੀ ਲਈ ਪ੍ਰੇਰਨਾ ਸਰੋਤ ਹਨ, ਜਿਹੜਾ ਸਮਾਜ ਪ੍ਰਤੀ ਆਪਣੇ ਫ਼ਰਜ਼ ਅਤੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਪੁਸਤਕ ਪੜ੍ਹਨਯੋਗ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਦਰਬਾਰ ਸ੍ਰੀ ਪਾਉਂਟਾ ਸਾਹਿਬ
ਖ਼ੂਨੀ ਸ਼ਹੀਦੀ ਸਾਕਾ
ਲੇਖਕ : ਜ਼ਿੰਦਾ ਸ਼ਹੀਦ ਸਿੰਘ ਸਾਹਿਬ, ਬਾਬਾ ਨਿਹਾਲ ਸਿੰਘ
ਪ੍ਰਕਾਸ਼ਕ : ਮਾਤਾ ਯਸ਼ਪਾਲ ਕੌਰ ਜੀ ਹਰੀਆਂ ਬੇਲਾਂ ਸਰੀ, ਬੀ.ਸੀ. (ਕੈਨੇਡਾ), ਹੁਸ਼ਿਆਰਪੁਰ
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 01882-274227


ਸ੍ਰੀ ਪਾਉਂਟਾ ਸਾਹਿਬ, ਅਜੋਕੇ ਹਿਮਾਚਲ ਪ੍ਰਦੇਸ਼ ਦੇ ਰਮਣੀਕ ਇਲਾਕੇ ਵਿਚ ਸਥਿਤ ਉਹ ਇਤਿਹਾਸਕ ਅਤੇ ਪਾਵਨ ਅਸਥਾਨ ਹੈ, ਜਿਸ ਨੂੰ ਦਸਮ ਪਾਤਿਸ਼ਾਹ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਅਸਥਾਨ 'ਤੇ ਗੁਰੂ ਸਾਹਿਬ ਆਪਣੀ ਹਯਾਤੀ ਦੇ ਵਰ੍ਹਿਆਂ 'ਚੋਂ ਸਭ ਤੋਂ ਵੱਧ ਵਰ੍ਹੇ ਰਹੇ। ਏਥੇ ਹੀ ਉਨ੍ਹਾਂ ਬੇਸ਼ਕੀਮਤੀ ਸਾਹਿਤਕ ਗ੍ਰੰਥਾਂ ਦੀ ਰਚਨਾ ਕੀਤੀ। ਏਥੇ ਹੀ ਯਮਨਾ ਦੇ ਕੰਢੇ ਅਲੌਕਿਕ ਕਵੀ ਦਰਬਾਰਾਂ ਅੰਦਰ 52 ਕਵੀ ਆਪਣੀਆਂ ਰਚਨਾਵਾਂ ਸੁਣਾ ਕੇ ਗੁਰੂ ਸਾਹਿਬ ਦੀਆਂ ਅਨੰਤ ਅਸੀਸਾਂ ਬਖ਼ਸ਼ਿਸ਼ਾਂ ਦੇ ਪਾਤਰ ਬਣਦੇ।
1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਵੀ ਕਾਫ਼ੀ ਸਮਾਂ ਇਸ ਅਸਥਾਨ 'ਤੇ ਮਹੰਤ ਹੀ ਕਾਬਜ਼ ਸਨ। ਉਨ੍ਹਾਂ ਦਾ ਕਿਰਦਾਰ ਭ੍ਰਿਸ਼ਟ, ਬਦਇਖ਼ਲਾਕ ਅਤੇ ਮਨਮਤੀ ਸੀ। ਇਸ ਪਾਵਨ ਅਸਥਾਨ ਨੂੰ ਭ੍ਰਿਸ਼ਟ ਮਹੰਤਾਂ ਦੇ ਚੁੰਗਲ 'ਚੋਂ ਆਜ਼ਾਦ ਕਰਾਉਣ ਦਾ ਬੀੜਾ, ਮਿਸਲ ਸ਼ਹੀਦਾਂ ਤਰਨਾ ਤਲ, ਹਰੀਆਂ ਬੇਲਾਂ ਦੀ ਮਹਾਨ ਜਥੇਬੰਦੀ ਨੇ ਚੁੱਕਿਆ। ਗੱਲ 27 ਮਈ, 1964 ਦੀ ਹੈ। ਮਿਸਲ ਸ਼ਹੀਦਾਂ ਦੇ ਤਤਕਾਲੀ ਮੁਖੀ ਸਿੰਘ ਸਾਹਿਬ ਬਾਬਾ ਹਰਿਭਜਨ ਸਿੰਘ ਜੀ ਦੀ ਅਗਵਾਈ ਹੇਠ 11 ਸਿਰਲੱਥ ਨਿਹੰਗ ਸਿੰਘਾਂ ਦਾ ਜਥਾ, ਸ਼ਾਂਤਮਈ ਢੰਗ ਨਾਲ ਰਵਾਨਾ ਹੋਇਆ। ਇਸ ਜਥੇ ਵਿਚ ਜਥੇਬੰਦੀ ਦੇ ਮੌਜੂਦਾ ਮੁਖੀ, ਜ਼ਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਵੀ ਸ਼ਾਮਿਲ ਸਨ। ਉਸ ਵੇਲੇ ਉਹ ਭਰ-ਜਵਾਨ ਸਨ। ਮਹੰਤ ਦੀ ਪਿੱਠ ਸਰਕਾਰ ਪੂਰਦੀ ਸੀ। ਇਸ ਘਿਨਾਉਣੀ ਸਾਜਿਸ਼ ਤਹਿਤ ਜਥੇ ਦੇ ਸਿੰਘਾਂ ਉੱਤੇ ਪੁਲਿਸ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮਿਸਲ ਦੇ ਮੁਖੀ ਬਾਬਾ ਹਰਿਭਜਨ ਸਿੰਘ ਸਮੇਤ 11 ਸਿੰਘ ਸ਼ਹੀਦ ਹੋ ਗਏ ਅਤੇ ਇਸ ਪੁਸਤਕ ਦੇ ਲੇਖਕ ਚਸ਼ਮਦੀਦ ਗਵਾਹ ਅਤੇ ਮਹਾਨ ਜਥੇਬੰਦੀ ਦੇ ਮੌਜੂਦਾ ਰੂਹੇ-ਰਵਾਂ ਸਿੰਘ ਸਾਹਿਬ, ਬਾਬਾ ਨਿਹਾਲ ਸਿੰਘ ਸਮੇਤ 3 ਸੂਰਮੇ ਸਖ਼ਤ ਫੱਟੜ ਹੋਏ। ਪੰਥ ਦੇ ਜ਼ੋਰਦਾਰ ਵਿਰੋਧ ਤੇ ਰੋਹ ਕਾਰਨ ਓੜਕ, ਪ੍ਰਬੰਧ ਸਿੱਖ ਸੰਗਤਾਂ ਦੇ ਹੱਥ ਆਇਆ।
ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਨੇ ਇਸ ਬਾਰੇ ਸ਼ਹੀਦੀ ਸਾਕੇ ਨੂੰ ਬਿਆਨ ਕਰਨ ਹਿਤ ਇਸ ਪੁਸਤਕ ਦੀ ਰਚਨਾ ਕਰਕੇ ਵੱਡਾ ਇਤਿਹਾਸਕ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਵਿਚਾਰ ਗੋਚਰੀ ਪੁਸਤਕ ਵਿਚ ਪੰਥਕ ਸ਼ਖ਼ਸੀਅਤਾਂ ਦੇ ਸੰਦੇਸ਼ਾਂ ਤੋਂ ਇਲਾਵਾ, ਅੰਤਿਕਾ ਸਮੇਤ 29 ਲੇਖ ਹਨ। ਪੁਸਤਕ ਦੇ ਆਰੰਭਕ ਭਾਗ ਵਿਚ ਸ੍ਰੀ ਮੁੱਖ ਵਾਕ ਪਾਤਿਸ਼ਾਹੀ 10ਵੀਂ, ਸ੍ਰੀ ਗੁਰੂ ਹਰਿਰਾਇ ਜੀ, ਸ੍ਰੀ ਪਾਉਂਟਾ ਸਾਹਿਬ ਦੀ 1970 ਦੀ ਤਸਵੀਰ, ਗੁਰਦੁਆਰਾ ਹਰੀਆਂ ਬੇਲਾਂ ਪਾਤਿਸ਼ਾਹੀ 7ਵੀਂ ਪਿੰਡ ਬਜਰੌਰ (ਹੁਸ਼ਿਆਰਪੁਰ), ਸੱਚਖੰਡਵਾਸੀ ਬਾਬਾ ਹਰਿਭਜਨ ਸਿੰਘ (ਮਿਸਲ ਦੇ ਬਾਨੀ), ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਦੇ ਮਾਤਾ ਚੰਨਣ ਕੌਰ ਸਮੇਤ ਦੁਰਲੱਭ ਰੰਗੀਨ ਤਸਵੀਰਾਂ ਪੁਸਤਕ ਦੀ ਆਭਾ ਵਧਾਉਂਦੀਆਂ ਹਨ।
ਪਾਉਂਟਾ ਸਾਹਿਬ ਦੀ ਸੰਗਤ ਵਲੋਂ ਵਾਰ-ਵਾਰ ਬੇਨਤੀ ਕਰਨ 'ਤੇ ਬਾਬਾ ਹਰਿਭਜਨ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ ਤੋਂ ਪਾਉਂਟਾ ਸਾਹਿਬ ਪੁੱਜੇ। (ਸਫ਼ਾ 45). ਭ੍ਰਿਸ਼ਟ ਮਹੰਤ ਦੇ 80 ਦੇ ਕਰੀਬ ਸ਼ਰਾਬੀ ਮੁਸ਼ਟੰਡੇ, ਦਰਸ਼ਨੀ ਡਿਓੜੀ ਵਿਚ ਸਨ, ਤਿੰਨ ਹਜ਼ਾਰ ਹਥਿਆਰਬੰਦ ਪੁਲਸੀਏ ਮੌਜੂਦ ਸਨ। ਮਿਸਲ ਦੇ ਸਿੰਘਾਂ ਨੇ ਸਿਆਣਪ ਭਰਪੂਰ ਰਣਨੀਤੀ ਨਾਲ ਮਹੰਤ ਦੀਆਂ ਸਭੇ ਚਾਲਾਂ ਨੂੰ ਨਾਕਾਮ ਕਰਦਿਆਂ ਦਰਬਾਰ ਅੰਦਰ ਹਾਜ਼ਰ ਹੋ ਕੇ ਅਰਦਾਸ ਉਪਰੰਤ ਪ੍ਰਬੰਧ ਸੰਭਾਲ ਕੇ, ਸ੍ਰੀ ਅਖੰਡ ਪਾਠ ਆਰੰਭ ਕਰ ਦਿੱਤਾ। ਮਰਯਾਦਾ ਦੀ ਬਹਾਲੀ ਕਾਰਨ ਸੰਗਤਾਂ ਵਿਚ ਭਰਵਾਂ ਉਤਸ਼ਾਹ ਸੀ। ਪਰ ਮਹੰਤ ਨੇ ਪੁਲਿਸ ਦੀ ਸ਼ਹਿ ਨਾਲ ਸ੍ਰੀ ਦਰਬਾਰ ਅੰਦਰ ਸ਼ੁਰੂ ਕੀਤੀ 101 ਅਖੰਡ ਪਾਠਾਂ ਦੀ ਲੜੀ ਨੂੰ ਖੰਡਿਤ ਕਰਨ ਦੀਆਂ ਲੂੰਬੜ ਚਾਲਾਂ ਚੱਲੀਆਂ। ਪ੍ਰਸ਼ਾਸਨ ਤੇ ਮਹੰਤ, ਗੱਲਬਾਤ ਦਾ ਢੋਂਗ ਵੀ ਰਚਦੇ ਰਹੇ ਅਤੇ ਹਮਲੇ ਦੀ ਤਿਆਰੀ ਵੀ ਕਰਦੇ ਰਹੇ। ਬਾਬਾ ਨਿਹਾਲ ਸਿੰਘ ਜੀ ਨੇ ਇਸ ਮਹਾਨ ਸ਼ਹੀਦੀ ਸਾਕੇ ਦੀ ਹਰ ਘਟਨਾ ਨੂੰ ਬਹੁਤ ਬਾਰੀਕੀ ਨਾਲ ਸਰਲ ਭਾਸ਼ਾ ਵਿਚ ਕਲਮਬੱਧ ਕੀਤਾ ਹੈ।
'ਸਾਢੇ ਤਿੰਨ ਮਹੀਨੇ ਮਗਰੋਂ ਅੰਨ ਦੀ ਗਰਾਹੀ ਮੂੰਹ ਵਿਚ ਪਾਈ, ਸਹਿਜੇ ਸਹਿਜੇ ਕਮਰੇ ਦੀ ਕੰਧ ਨੂੰ ਹੱਥ ਲਾ ਕੇ ਤੁਰਨਾ ਸ਼ੁਰੂ ਕੀਤਾ। -ਸੱਤ ਡਾਕਟਰਾਂ ਨੇ ਮੇਰੇ ਸਰੀਰ ਦਾ ਮੁਆਇਨਾ ਕੀਤਾ। ਸਾਰੇ ਡਾਕਟਰ ਹੈਰਾਨ ਸਨ ਕਿ ਇਹ ਬੰਦਾ ਬਚ ਕਿਵੇਂ ਗਿਆ, ਇਹ ਤਾਂ ਕੋਈ ਕੁਦਰਤ ਦਾ ਹੀ ਕ੍ਰਿਸ਼ਮਾ ਹੈ।' (ਸਫ਼ਾ : 92).
ਮੋਰਚਾ ਫ਼ਤਹਿ ਕਰਕੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ, ਗੁਰਦੁਆਰਾ ਹਰੀਆਂ ਬੇਲਾਂ ਪੁੱਜੇ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਹ ਕਾਵਿਕ ਸਤਰਾਂ ਦਿਲਾਂ ਨੂੰ ਟੁੰਬਣ ਵਾਲੀਆਂ ਹਨ :
'ਜਦੋਂ ਤੇਰੇ ਸਤਿਕਾਰ ਨੂੰ ਕੋਈ ਰੋਲੇ,
ਮੈਂ ਇਕ ਤਬਾਹੀ ਵੀ ਹਾਂ।
ਬਿਖੜੇ ਪੈਂਡਿਆਂ ਵਿਚੋਂ ਲੰਘੀ,
ਭੇਦਾਂ ਭਰੀ ਸਚਾਈ ਵੀ ਹਾਂ।' (ਸਫ਼ਾ : 106)
ਦੋ ਹੋਰ ਕਾਵਿਕ ਰਚਨਾਵਾਂ ਸ਼ਹੀਦ ਸਿੰਘਾਂ ਦੇ ਨਾਵਾਂ ਦੀ ਸੂਚੀ, ਜ਼ਖਮੀਆਂ ਦਾ ਵੇਰਵਾ, ਕੁਝ ਹੋਰ ਦੁਰਲੱਭ ਰੰਗੀਨ ਤਸਵੀਰਾਂ ਪੁਸਤਕ ਦੀ ਜ਼ੀਨਤ ਹਨ। ਇਸ ਪੁਸਤਕ ਦੀ ਰਚਨਾ ਲਈ ਸਿੱਖ ਪੰਥ, ਬਾਬਾ ਨਿਹਾਲ ਸਿੰਘ ਜੀ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਸਰੀਰ ਉੱਤੇ ਹੰਢਾਏ ਅਤੇ ਅੱਖੀਂ ਡਿੱਠੇ ਸ਼ਹੀਦੀ ਸਾਕੇ ਨੂੰ ਪਾਠਕਾਂ ਤੱਕ ਪੁੱਜਦਾ ਕਰਕੇ ਵਿਲੱਖਣ ਤੇ ਤਾਰੀਖ਼ੀ ਕਾਰਜ ਕੀਤਾ ਹੈ। ਉਨ੍ਹਾਂ ਦੀ ਕਲਮ ਨੇ ਇਸ ਮੋਰਚੇ ਨੂੰ ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਦੇ ਮੋਰਿਚਆਂ ਦੀ ਪਾਲ ਵਿਚ ਲਿਆ ਖੜ੍ਹਾ ਕੀਤਾ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

 

 

 

 

 

 

10-03-2024

 ਤੀਲਾ ਤੀਲਾ ਸੱਚ
ਲੇਖਕ : ਅਸ਼ਵਨੀ ਆਹੂਜਾ
ਅਨੁਵਾਦ : ਹਰਪਿੰਦਰ ਰਾਣਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ :200 ਰੁਪਏ, ਸਫ਼ੇ : 128
ਸੰਪਰਕ : 94175-29703

ਦੋ ਭਾਸ਼ਾਵਾਂ ਹਿੰਦੀ ਅਤੇ ਅੰਗਰੇਜ਼ੀ ਵਿਚ ਸਾਹਿਤ ਰਚਣ ਵਾਲੇ ਸਾਹਿਤਕਾਰ ਅਸ਼ਵਨੀ ਆਹੂਜਾ ਦੇ ਹਿੰਦੀ ਮਿੰਨੀ ਕਹਾਣੀ-ਸੰਗ੍ਰਹਿ 'ਤਿਨਕਾ ਤਿਨਕਾ ਸੱਚ' ਦਾ ਪੰਜਾਬੀ ਤਰਜਮਾ ਹਰਪਿੰਦਰ ਰਾਣਾ ਨੇ ਕੀਤਾ ਹੈ। ਹੱਥਲੀ ਪੁਸਤਕਾਂ 'ਤੀਲਾ ਤੀਲਾ ਸੱਚ' 50 ਰਚਨਾਵਾਂ 'ਤੇ ਆਧਾਰਿਤ ਹੈ ਜਿਨ੍ਹਾਂ ਨੂੰ ਲੇਖਕ ਮਿੰਨੀ ਕਹਾਣੀਆਂ ਦਾ ਨਾਮ ਦਿੰਦਾ ਹੈ। ਇਹਨਾਂ ਕਹਾਣੀਆਂ ਵਿਚੋਂ ਜਿਥੇ ਕਥਾਕਾਰ ਦੀ ਨਿਵੇਕਲੀ ਸ਼ੈਲੀ ਦੇ ਦਰਸ਼ਨ ਹੁੰਦੇ ਹਨ ਉਥੇ ਸਮਾਜ ਵਿਚ ਪ੍ਰਚਲਿਤ ਸਰੋਕਾਰਾਂ ਦਾ ਪ੍ਰਤੱਖ ਚਿੱਤਰ ਵੀ ਇਹਨਾਂ ਵਿਚੋਂ ਦਿਸਦਾ ਹੈ। ਉਸ ਦੀਆਂ ਕਥਾਵਾਂ ਦੇ ਪਾਤਰ ਸਮਾਜ ਵਿਚ ਵਿਚਰ ਰਹੇ ਆਮ ਵਿਅਕਤੀ ਹਨ ਅਤੇ ਇਹ ਪਾਤਰ ਕਹਾਣੀਕਾਰ ਦੇ ਨਿੱਜੀ ਅਨੁਭਵਾਂ ਅਤੇ ਸਮਾਜਕ ਬਣਤਰ ਵਿਚਲੇ ਕਿਰਦਾਰਾਂ ਦੇ ਜੀਵਨਾਂ ਵਿਚੋਂ ਹੀ ਇਹਨਾਂ ਕਹਾਣੀਆਂ ਦਾ ਵਿਸ਼ਾ ਬਣਦੇ ਹਨ। ਇਹਨਾਂ ਵਿਸ਼ਿਆਂ ਨੂੰ ਸਰਲ ਅਤੇ ਸਿੱਧੇ ਘਟਨਾਕ੍ਰਮ ਦੀ ਮਦਦ ਨਾਲ ਪੇਸ਼ ਕਰਦਿਆਂ ਕਥਾਕਾਰ ਆਪਣੀ ਸਾਰੀ ਗੱਲ ਅਛੋਪਲੇ ਹੀ ਪਾਠਕ ਸਾਹਮਣੇ ਰੱਖ ਦਿੰਦਾ ਹੈ ਅਤੇ ਦਿਲਚਸਪੀ ਅਤੇ ਕਥਾ ਰਸ ਨਾਲ ਓਤਪੋਤ ਇਹ ਕਥਾਵਾਂ ਸਮਾਜਕ ਸਿੱਖਿਆਵਾਂ ਵੰਡਦੀਆਂ ਖ਼ਤਮ ਹੋ ਜਾਂਦੀਆਂ ਹਨ। ਦੀਵਾਲੀ, ਬੌਹਣੀ, ਲਿਫਾਫਾ, ਅਬਾਰਸ਼ਨ, ਹੈਪੀ ਬਰਥ ਡੇਅ ਮੈਡਮ, ਤੂੰ ਧੰਨ ਹੈਂ ਅਮਰੀਕਾ ਅਤੇ ਕਲਚਰ ਜ਼ਿਕਰਯੋਗ ਕਹਾਣੀਆਂ ਹਨ। ਕਥਾਵਾਂ ਦੀ ਭਾਸ਼ਾ ਵੀ ਸਰਲ ਹੈ ਅਤੇ ਲੋੜ ਅਨੁਸਾਰ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਵਰਤੇ ਗਏ ਹੋਣ ਕਾਰਨ ਹਰ ਉਮਰ ਦੇ ਪਾਠਕਾਂ ਦੀ ਪਸੰਦ ਬਣ ਜਾਂਦੀਆਂ ਹਨ। ਇਨ੍ਹਾਂ ਕਹਾਣੀਆਂ ਦਾ ਅਨੁਵਾਦ ਹਰਪਿੰਦਰ ਰਾਣਾ ਵੱਲੋਂ ਮੂਲ ਪਾਠ ਦੇ ਅਨੁਸਾਰ ਸਹੀ ਅਰਥਾਂ ਵਿਚ ਕੀਤਾ ਗਿਆ ਹੈ ਅਤੇ ਇਸ ਸਾਰੀ ਪ੍ਰਕ੍ਰਿਆ ਵਿਚ ਪਾਠ ਦਾ ਮੂਲ ਸੁਰ ਕਾਇਮ ਰਿਹਾ ਹੈ। ਹਿੰਦੀ ਤੋਂ ਅਨੁਵਾਦਿਤ ਇਸ ਪੁਸਤਕ ਦਾ ਪੰਜਾਬੀ ਮਿੰਨੀ ਕਹਾਣੀ ਜਗਤ ਵਿਚ ਭਰਪੂਰ ਸਵਾਗ਼ਤ ਹੋਣ ਦੀ ਸੰਭਾਵਨਾ ਅਤੇ ਭਵਿੱਖ ਵਿਚ ਇਸ ਕਲਮ ਤੋਂ ਹੋਰ ਪੁਖ਼ਤਾ ਰਚਨਾਵਾਂ ਦੀ ਆਸ ਕੀਤੀ ਜਾਂਦੀ ਹੈ।

-ਡਾ. ਸੰਦੀਪ ਰਾਣਾ
ਮੋਬਾਈਲ : 98728-87551

ਸ੍ਰੀ ਗੁਰੂ ਤੇਗ ਬਹਾਦਰ
ਦਾ ਸੋਵੀਨਾਰ ਔਫ਼ ਡੈਮੋਕ੍ਰੇਟਿਕ ਵੈਲਿਊਜ਼
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਯੂਨੀਸਟਾਰ, ਮੁਹਾਲੀ
ਮੁੱਲ : 495 ਰੁਪਏ, ਸਫ਼ੇ : 230
ਸੰਪਰਕ : 94630-62603

ਡਾ. ਅਰਵਿੰਦਰ ਸਿੰਘ ਮੂਲ ਰੂਪ ਵਿਚ ਬਹੁ-ਵਿਧਾਈ ਲੇਖਕ, ਚਿੰਤਕ ਤੇ ਵਿਦਵਾਨ ਹਨ ਅਤੇ ਉਨ੍ਹਾਂ ਅਮੂਮਨ ਅੰਗਰੇਜ਼ੀ ਭਾਸ਼ਾ ਨੂੰ ਆਪਣੀਆਂ ਲਿਖਤਾਂ ਦਾ ਮਾਧਿਅਮ ਬਣਾਇਆ ਹੈ। ਡਾ. ਸਾਹਿਬ ਹੁਣ ਤੱਕ 16 ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਸੱਜਰੀ ਪੁਸਤਕ ਉਨ੍ਹਾਂ ਦੀ 16ਵੀਂ ਤਖ਼ਲੀਕ ਹੈ। ਧਰਮ ਚਿੰਤਨ ਤੋਂ ਛੁੱਟ ਉਨ੍ਹਾਂ ਸਿੱਖਿਆ, ਸਮਾਜਿਕ ਸਰੋਕਾਰਾਂ, ਵਿਸ਼ਪ-ਵਿਆਪੀ ਮਸਲਿਆਂ ਅਤੇ ਵੰਗਾਰਾਂ, ਜਾਤੀ ਪ੍ਰਥਾ ਤੇ ਔਰਤਾਂ ਦੀ ਅਜੋਕੀ ਦਸ਼ਾ ਸਮੇਤ ਤਕਰੀਬਨ ਹਰੇਕ ਭਖਦੇ ਮਸਲੇ ਨੂੰ ਛੋਹਿਆ ਹੈ। ਉਨ੍ਹਾਂ ਮਾਤ ਭਾਸ਼ਾ ਪੰਜਾਬੀ ਵਿਚ ਵੀ ਚਾਰ ਪੁਸਤਕਾਂ ਲਿਖੀਆਂ ਹਨ। ਵਿਚਾਰ ਗੋਚਰੀ ਪੁਸਤਕ ਅਨੇਕ ਪੱਖਾਂ ਤੋਂ ਲੀਹ ਤੋਂ ਹਟ ਕੇ ਲਿਖੀ ਗਈ ਅਨੂਠੀ ਰਚਨਾ ਹੈ। ਨੌਵੇਂ ਪਾਤਿਸ਼ਾਹ ਦੇ ਜੀਵਨ ਦਰਸ਼ਨ, ਬਾਣੀ ਰਚਨਾ ਅਤੇ ਜੀਵਨ ਬਿਰਤਾਂਤ ਦੇ ਹਰੇਕ ਪੱਖ ਨੂੰ ਉਜਾਗਰ ਕਰਨ ਦੇ ਨਾਲ-ਨਾਲ ਉਨ੍ਹਾਂ ਗੁਰੂ ਸਾਹਿਬ ਨੂੰ ਕੌਮੀ ਏਕਤਾ ਅਤੇ ਅਖੰਡਤਾ, ਧਰਮ ਨਿਰਪੱਖਤਾ, ਲੋਕਰਾਜੀ ਕਦਰਾਂ-ਕੀਮਤਾਂ ਦੇ ਜੁਝਾਰੂ ਰਖਵਾਲੇ ਮਨੁੱਖੀ ਅਧਿਕਾਰਾਂ ਦੇ ਨਿਗਹੇਬਾਨ ਵਜੋਂ ਰੂਪਮਾਨ ਕੀਤਾ ਹੈ। ਉਨ੍ਹਾਂ ਇਕ ਵਿਲੱਖਣ ਸ਼ਬਦ 'ਸਿੱਖੋਕ੍ਰੇਸੀ' ਰਾਹੀਂ, ਇਸ ਤੱਥ ਨੂੰ ਵਧੀਆ ਢੰਗ ਨਾਲ ਉਜਾਗਰ ਕੀਤਾ ਹੈ ਕਿ ਸਿੱਖ ਮੱਤ (ਧਰਮ), ਕਿਉਂਕਿ ਸਿੱਧਾ, ਅਕਾਲ ਪੁਰਖ ਦੀ ਤਾਬਿਆ ਹੈ, ਇਸ ਲਈ ਇਹ ਮਨੁੱਖੀ ਹਕੂਕ ਦੀ ਰਾਖੀ ਉੱਤੇ ਜ਼ੋਰ ਦਿੰਦਾ ਹੈ। (ਪੰਨਾ23). ''S}khocrac਼ encoura{es the act}ve part}c}pat}on of the peop&e and protect the}r r}{hts (ਪੰਨਾ 23). ਗੁਰੂ ਤੇਗ ਬਹਾਦਰ ਜੀ ਮਨੁੱਖੀ ਹਕੂਕ ਦੀ ਆਜ਼ਾਦੀ ਅਤੇ ਧਾਕੜ ਰਾਜਾਸ਼ਾਹੀ ਦੇ ਵਿਰੋਧ ਵਿਚ ਨਿੱਤਰੇ ਅਤੇ ਮਿਸਾਲੀ ਰੋਲ ਅਦਾ ਕੀਤਾ। ਪੁਸਤਕ ਦੇ ਚਾਰ ਮੁੱਖ ਭਾਗਾਂ ਵਿਚ ਔਰੰਗਜ਼ੇਬ ਦੇ ਤਾਅਉਸਬਕੁੰਨ ਰਾਜ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਿਰਤਾਂਤ, ਕੌਤਕਾਂ, ਚਿੰਤਨ ਅਤੇ ਉਪਦੇਸ਼ਾਂ ਦੀ ਬੜੀ ਭਰਪੂਰ ਅਤੇ ਤੁਲਨਾਤਮਕ ਚਰਚਾ ਕੀਤੀ ਗਈ ਹੈ। ਗੁਰੂ ਸਾਹਿਬ ਨੇ ਯੂ.ਐਨ.ਓ. ਦੀ ਸਥਾਪਨਾ ਤੋਂ ਤਿੰਨ ਸੌ ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ 'ਧਰਮ ਹੇਤ ਸਾਕਾ' ਕਰਕੇ ਇਕ ਨਵਾਂ ਇਤਿਹਾਸ ਰਚਿਆ। ਧਾਰਮਿਕ ਇਕਸੁਰਤਾ ਲਈ ਉਨ੍ਹਾਂ ਪੂਰੇ ਦੇਸ਼ ਦਾ ਰਟਨ ਕੀਤਾ। ਗੁਰੂ ਸਾਹਿਬ ਤਪ, ਤਿਆਗ ਤੇ ਵੈਰਾਗ ਦੀ ਮੂਰਤ ਸਨ। ਉਨ੍ਹਾਂ 1664 ਤੋਂ 1675 ਈਸਵੀ ਦੌਰਾਨ ਬਾਣੀ ਰਚਨਾ ਕੀਤੀ। ਗੁਰੂ ਸਾਹਿਬ ਦੇ 15 ਰਾਗਾਂ ਵਿਚ 59 ਸ਼ਬਦ, 57 ਸਲੋਕ, ਦਸਮ ਪਾਤਿਸ਼ਾਹ ਨੇ ਦਮਦਮੀ ਬੀੜ ਵਿਚ ਦਰਜ ਕੀਤੇ। ਉਨ੍ਹਾਂ ਬਸੰਤ, ਜੈਜਾਵੰਤੀ, ਬਿਲਾਵਲ, ਸਾਰੰਗ, ਸੋਰਠ, ਧਨਾਸਰੀ, ਤਿਲੰਗ, ਟੋਡੀ ਅਤੇ ਮਾਰੂ ਰਾਗਾਂ ਦੀ ਵਰਤੋਂ ਕੀਤੀ। ਉਨ੍ਹਾਂ ਬਾਣੀ ਰਚਨਾ ਵਿਚ ਮਨ, ਸਾਧੋ, ਮਾਟੀ, ਸੰਤੋ ਆਦਿ ਸੰਬੋਧਨੀ ਸ਼ਬਦ ਵਰਤੇ। ਉਨ੍ਹਾਂ ਮਨੁੱਖ ਨੂੰ ਭੈ-ਮੁਕਤ ਕੀਤਾ। ਆਪ ਜੀ ਅਨੁਸਾਰ ਲੋਕਤੰਤਰ ਅਤੇ ਧਰਮ ਦਾ ਉਦੇਸ਼ ਆਤਮਿਕ ਸ਼ਕਤੀਆਂ ਰਾਹੀਂ ਸੰਪੂਰਨਤਾ ਹਸਿਲ ਕਰਨਾ ਹੈ। ਉਨ੍ਹਾਂ ਸਮਾਨਤਾ, ਸਮਾਜੀ ਨਿਆਂ ਅੰਤਰ-ਧਰਮ ਸੰਵਾਦ ਅਤੇ ਫ਼ੈਸਲਾ ਲੈਣ ਦੀ ਖੁੱਲ੍ਹ ਦਾ ਹੋਕਾ ਦਿੱਤਾ। ਵਿਚਾਰ ਅਤੇ ਭਰੋਸਾ ਵੱਡੇ ਸਾਧਨ ਹਨ। ਮਨੁੱਖੀ ਸਵੈਮਾਣ ਨੂੰ ਮਾਨਤਾ ਮਿਲਣੀ ਜ਼ਰੂਰੀ ਹੈ। ਡਾ. ਸਾਹਿਬ ਨੇ ਅੰਤਿਕਾ ਦੇ ਤੌਰ 'ਤੇ 5p}&o{ue ਅਤੇ ਹਵਾਲਾ ਸਮੱਗਰੀ ਦਾ ਵੇਰਵਾ ਦਿੱਤਾ ਹੈ। ਉਨ੍ਹਾਂ ਮੰਨੇ ਪ੍ਰਮੰਨੇ ਇਤਿਹਾਸਕਾਰਾਂ, ਚਿੰਤਕਾਂ, ਧਾਰਮਿਕ ਸ਼ਖ਼ਸੀਅਤਾਂ, ਆਲੋਚਕਾਂ ਅਤੇ ਖੋਜਾਰਥੀਆਂ ਦੇ ਵਿਚਾਰਾਂ ਨੂੰ ਵੀ ਇਸ ਪੁਸਤਕ ਦੀ ਰਚਨਾ ਵਿਚ ਥਾਂ ਦਿੱਤੀ ਹੈ। ਸਰਵਰਕ ਉੱਤੇ ਗੁਰੂ ਸਾਹਿਬ ਦੀ ਸੁੰਦਰ ਤਸਵੀਰ, ਦਸਮ ਗ੍ਰੰਥ ਦੀਆਂ ਤੁਕਾਂ, ਪਿਛਲੇ ਪੰਨੇ ਉੱਤੇ ਦਸਮ ਗ੍ਰੰਥ ਅਤੇ ਕੇਸ਼ਵ ਭੱਟ ਦੇ ਦੋਹਰੇ ਸਦਕਾ ਪੁਸਤਕ ਵਧੀਆ ਦਿੱਖ ਪ੍ਰਦਾਨ ਕਰਦੀ ਹੈ। ਪੁਸਤਕ ਬੇਸ਼ਕੀਮਤੀ ਖ਼ਜ਼ਾਨੇ ਦੇ ਤੁਲ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

 

ਇਸ਼ਕ ਤ੍ਰਾਸਦੀ
ਲੇਖਿਕਾ : ਸੁਰਿੰਦਰ ਕੌਰ ਸੈਣੀ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 300 ਰੁਪਏ, ਸਫ਼ੇ : 160
ਸੰਪਰਕ : 95010-73600

ਕਵਿਤਰੀ ਅਤੇ ਨਾਵਲਕਾਰਾ ਸੁਰਿੰਦਰ ਕੌਰ ਸੈਣੀ ਦਾ ਪੰਜਵਾਂ ਨਾਵਲ 'ਇਸ਼ਕ ਤ੍ਰਾਸਦੀ' ਆਪਣੇ ਸਿਰਲੇਖ ਮੁਤਾਬਕ ਇਸ਼ਕ ਦੇ ਦੁਖਾਂਤਕ ਅੰਤ ਦੀ ਦੁੱਖ ਭਰੀ ਗਾਥਾ ਹੈ। ਨਾਵਲਕਾਰਾ ਨੇ ਹਮੇਸ਼ਾ ਵਾਂਗ ਹੀ ਜਾਤ-ਪਾਤ-ਮਜ਼ਹਬ ਦੇ ਸਮਾਜਿਕ ਵਿਤਕਰੇ ਨੂੰ ਆਪਣੇ ਨਾਵਲ ਦਾ ਥੀਮ ਚੁਣਿਆ ਹੈ। ਨਾਵਲ ਵਿਚ ਸੁਖਦੀਪ ਅਤੇ ਫਰੀਹਾ ਮੁੱਖ ਪਾਤਰ ਹਨ। ਕਾਲਜ ਵਿਚ ਪੜ੍ਹਦਿਆਂ ਅਲੱਗ-ਅਲੱਗ ਮਜ਼ਹਬ ਦੇ ਹੁੰਦਿਆਂ ਹੋਇਆਂ ਵੀ ਉਨ੍ਹਾਂ ਵਿਚਕਾਰ ਪਿਆਰ ਹੋ ਜਾਂਦਾ ਹੈ। ਸੁਖਦੀਪ ਦੇ ਮਾਤਾ-ਪਿਤਾ ਪਾਸ਼ੋ ਅਤੇ ਸ਼ਿੰਗਾਰਾ, ਦੂਸਰੇ ਪਾਸੇ ਫ਼ਰੀਹਾ ਦੀ ਅੰਮਾ ਸ਼ਬਾਨਾ ਅਤੇ ਅੱਬੂ ਅਫਜ਼ਲ ਆਪਣੇ ਬੱਚਿਆਂ ਦੇ ਇਸ ਪ੍ਰੇਮ ਪ੍ਰਸੰਗ ਨੂੰ ਮਜ਼੍ਹਬਾਂ-ਧਰਮਾਂ ਦੀਆਂ ਵਲਗਣਾਂ ਤੋੜ ਕੇ ਵਿਆਹ ਬੰਧਨ ਵਿਚ ਬੰਨ੍ਹਣ ਲਈ ਤਿਆਰ ਵੀ ਹੋ ਜਾਂਦੇ ਹਨ। ਪਰ ਵਿਚਾਲੇ ਹੀ ਅਫ਼ਜ਼ਲ ਦਾ ਦੋਸਤ ਸੁਲਤਾਨ ਸਮਾਜਿਕ ਅਤੇ ਭਾਈਚਾਰਕ ਉਲਝਣਾ ਤੇ ਦੂਸਰੀਆਂ ਬੇਟੀਆਂ ਦੀ ਸ਼ਾਦੀ ਵਿਚ ਰੁਕਾਵਟ ਪੈਣ ਦਾ ਡਰ ਵਿਖਾ ਕੇ ਨਕਾਰਾਤਮਕ ਭੂਮਿਕਾ ਅਦਾ ਕਰਦਾ ਹੈ ਤੇ ਅਫ਼ਜ਼ਲ ਇਸ ਡਰੋਂ ਸੁਖਦੀਪ ਤੇ ਫਰੀਹਾ ਦੇ ਵਿਆਹ ਤੋਂ ਹੱਥਖਿੱਚ ਲੈਂਦਾ ਹੈ ਤੇ ਆਪਣੇ ਹੱਥੀਂ ਆਪਣੀ ਬੇਟੀ ਫਰੀਹਾ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਉਸ ਨੂੰ ਦੁੱਧ ਵਿਚ ਜ਼ਹਿਰ ਮਿਲਾ ਕੇ ਦੇ ਦਿੰਦਾ ਹੈ। ਨੌਜਵਾਨ ਸੁਖਦੀਪ ਇਸ ਹਾਦਸੇ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਸ਼ਰਾਬੀ ਹੋ ਜਾਂਦਾ ਹੈ ਅਤੇ ਦੇਵਦਾਸ ਵਰਗਾ ਜੀਵਨ ਗੁਜ਼ਾਰਨ ਲੱਗਦਾ ਹੈ। ਸੁਖਦੀਪ ਅਤੇ ਫਰੀਹਾ ਦੋਵਾਂ ਪ੍ਰੇਮੀਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਆਖ਼ਿਰ ਲੰਮੇ ਡਾਕਟਰੀ ਇਲਾਜ਼ ਮਗਰੋਂ ਦੋਵੇਂ ਇਸ ਮਜ਼੍ਹਬੀ ਕੱਟੜਤਾ ਅੱਗੇ ਆਪਣੀਆਂ ਜਾਨਾਂ ਵਾਰ ਦਿੰਦੇ ਹਨ। ਦੋ ਹੱਸਦੇ ਖੇਡਦੇ ਪਰਿਵਾਰਾਂ ਵਿਚ ਮਾਤਮ ਪਸਰ ਜਾਂਦਾ ਹੈ। ਇਕ ਤਰ੍ਹਾਂ ਨਾਲ ਅਣਖ਼ ਖ਼ਾਤਰ ਕਤਲ ਦੇ ਦੁਖਾਂਤ ਦੀ ਬੁਰਾਈ ਨੂੰ ਉਭਾਰਦਾ ਇਹ ਨਾਵਲ ਸਮਾਜ ਨੂੰ ਜਾਤਾਂ-ਪਾਤਾਂ- ਮਜ਼੍ਹਬਾਂ ਤੋਂ ਉਪਰ ਉੱਠਣ ਦਾ ਸੁਨੇਹਾ ਦਿੰਦਾ ਹੈ। ਸਮਾਜ ਸੁਧਾਰਕ ਥੀਮਕ ਪੱਖ ਤੋਂ ਇਲਾਵਾ ਨਾਵਲ ਸ਼ਿਲਪ ਦੀ ਦ੍ਰਿਸ਼ਟੀ ਤੋਂ ਸਧਾਰਨ ਪੱਧਰ ਦਾ ਹੈ। ਫਰੀਹਾ ਨੂੰ ਜ਼ਹਿਰ ਦੇਣ ਬਾਅਦ ਡਾਕਟਰਾਂ ਵਲੋਂ ਫਰੀਹਾ ਦੇ ਪੇਟ ਦਾ ਵਾਰ-ਵਾਰ ਅਪ੍ਰੇਸ਼ਨ ਕਰਨਾ ਸਾਬਿਤ ਕਰਦਾ ਹੈ ਕਿ ਜਾਂ ਤਾਂ ਉਹ ਡਾਕਟਰ ਹੀ ਅਨਾੜੀ ਹਨ ਜਾਂ ਨਾਵਲਕਾਰਾ ਇਸ ਮੈਡੀਕਲ ਪ੍ਰਕਿਰਿਆ ਤੋਂ ਅਨਜਾਣ ਹੈ ਕਿ ਅਜੋਕੀ ਮੈਡੀਕਲ ਸਾਇੰਸ ਵਿਚ ਜ਼ਹਿਰ ਖਾਧੇ ਵਿਅਕਤੀ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ। ਨਾਵਲ ਦੀ ਭਾਸ਼ਾ ਇਕਦਮ ਸਰਲ ਹੈ। ਪਾਤਰ ਸਹਿਜ ਸੁਭਾਅ ਵਿਚਰਦੇ ਹਨ। ਅਣਖ਼ ਖ਼ਾਤਰ ਕਤਲ ਸਮਾਜਿਕ ਕੋਹੜ ਹੈ ਪਰ ਇਸ ਪਿਛਲੀ ਮਾਨਸਿਕਤਾ, ਸਮਾਜਿਕ ਰੁਕਾਵਟਾਂ, ਮਧਕਾਲੀਨ ਸੋਚ ਅਤੇ ਪਿਤਾ ਪੁਰਖੀ ਵਰਤਾਰਿਆਂ ਨੂੰ ਵੀ ਸਪੱਸ਼ਟ ਕਰਨ ਨਾਲ ਨਾਵਲ ਦੀ ਗੋਂਦ ਹੋਰ ਸੰਘਣੀ ਤੇ ਬਹੁਪਰਤੀ ਹੋ ਸਕਦੀ ਸੀ। ਨਾਵਲਕਾਰਾ ਦੀ ਸਮਾਜਿਕ ਬੁਰਾਈਆਂ ਅਤੇ ਜਵਾਨੀ ਦੇ ਹੋ ਰਹੇ ਘਾਣ ਪ੍ਰਤੀ ਚਿੰਤਾ ਦਾ ਪ੍ਰਗਟਾਅ ਸਮੇਂ ਦੀ ਮੰਗ ਹੈ ਅਤੇ ਨਾਵਲ 'ਇਸ਼ਕ ਤ੍ਰਾਸਦੀ' ਦਾ ਸਕਾਰਾਤਮਕ ਪਹਿਲੂ ਵੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਖਰਗੋਸ਼ ਅਤੇ ਸ਼ੇਰ ਦੀ ਨਵੀਂ ਕਹਾਣੀ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 125 ਰੁਪਏ, ਸਫ਼ੇ : 32
ਸੰਪਰਕ : 98764 52223

ਹਥਲੀ ਪੁਸਤਕ 'ਖਰਗੋਸ਼ ਅਤੇ ਸ਼ੇਰ ਦੀ ਨਵੀਂ ਕਹਾਣੀ' ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਬਾਲ ਕਹਾਣੀਆਂ ਦੀ ਪੁਸਤਕ ਹੈ ਜਿਸ ਵਿਚ ਅੱਠ ਬਾਲ ਕਹਾਣੀਆਂ ਹਨ। ਪਹਿਲੀ ਕਹਾਣੀ 'ਦੂਜੇ ਟੋਏ ਦੀ ਤਿਆਰੀ' ਜੋ ਕਿ ਅਜੋਕੇ ਸਮੇਂ ਵਿਚ ਜਾਇਦਾਦਾਂ ਦੇ ਪਿੱਛੇ ਗੂੜ੍ਹੇ ਰਿਸ਼ਤੇ ਵੀ ਫਿੱਕੇ ਪੈ ਰਹੇ ਹਨ ਜਾਂ ਤਾਰ-ਤਾਰ ਹੋ ਰਹੇ ਹਨ, ਨੂੰ ਦਰਸਾਉਂਦੀ ਹੈ। ਬੁੱਢੇ ਬਾਪ ਨੂੰ ਉਸ ਦਾ ਬੇਟਾ ਘਰਵਾਲੀ ਪਿੱਛੇ ਲੱਗ ਲਾਲਚ-ਵੱਸ ਜਿਊਂਦੇ ਜੀਅ ਉਸ ਦਾ ਇਲਾਜ ਕਰਵਾਉਣ ਦੇ ਬਹਾਨੇ ਖੇਤ ਲਿਜਾ ਕੇ ਟੋਇਆ ਪੁੱਟ ਕੇ ਦੱਬਣ ਦੀ ਤਿਆਰੀ ਕਰਦਾ ਹੈ। ਪੋਤਰਾ ਨਾਲ ਸੀ ਜੋ ਕਿ ਆਪਣੇ ਦਾਦਾ ਜੀ ਨੂੰ ਅਥਾਹ ਪਿਆਰ ਸਤਿਕਾਰ ਕਰਦਾ ਸੀ ਉਸ ਨੇ ਉੱਥੇ ਪਈ ਕਹੀ ਨਾਲ ਇਕ ਟੋਇਆ ਹੋਰ ਪੁੱਟਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸ ਦੇ ਪਿਤਾ ਨੇ ਹੋਰ ਟੋਇਆ ਪੁੱਟਣ ਦਾ ਕਾਰਨ ਪੁੱਛਿਆ ਤਾਂ ਉਸ ਦਾ ਪੁੱਤਰ ਕਹਿੰਦਾ ਇਸ ਤੋਂ ਬਾਅਦ ਮੈਂ ਵੀ ਜਾਇਦਾਦ ਦੀ ਖਾਤਰ ਤੁਹਾਨੂੰ ਏਥੇ ਦੱਬ ਕੇ ਜਾਵਾਂਗਾ। ਏਨਾ ਕਹਿਣ ਦੀ ਦੇਰ ਸੀ ਕਿ ਉਸ ਦੇ ਪਿਤਾ ਨੇ ਮੱਥੇ ਉਤੇ ਹੱਥ ਮਾਰਿਆ ਅਤੇ ਆਪਣੀ ਬੱਜਰ ਗ਼ਲਤੀ ਦਾ ਅਹਸਿਾਸ ਕਰਦਿਆਂ ਹੋਇਆਂ ਟੋਇਆ ਝੱਟ ਬੰਦ ਕਰ ਦਿੱਤਾ ਸੀ ਅਤੇ ਆਪਣੇ ਬੇਟੇ ਨੂੰ ਬੁੱਕਲ ਵਿਚ ਲੈ ਕੇ ਆਖਿਆ ਕਿ ਪੁੱਤਰਾ ਤੂੰ ਤਾਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਬਜ਼ੁਰਗ ਘਰ ਦੀ ਰੌਣਕ ਅਤੇ ਸਰਮਾਇਆ ਹੁੰਦੇ ਹਨ ਇਨ੍ਹਾਂ ਦੀ ਸੇਵਾ ਸੰਭਾਲ ਕਰਨਾ ਆਪਣਾ ਫਰਜ਼ ਹੈ । ਇਵੇਂ 'ਗੁਰੂ ਦੀ ਸਿੱਖਿਆ' ਕਹਾਣੀ ਵਿਚ ਇਕ ਚੇਲਾ ਲਾਲਚ-ਵੱਸ ਹੋ ਕੇ ਮੰਗਣ ਗਿਆ ਦਿਆਲੂ ਰਾਜੇ ਦੇ ਇਹ ਕਹਿਣ ਤੇ 'ਬੋਲੋ ਤੁਹਾਨੂੰ ਕੀ ਚਾਹੀਦਾ ਹੈ' ਲਾਲਚ-ਵੱਸ ਰਾਜੇ ਕੋਲੋਂ ਉਸ ਦਾ ਤਾਜ ਤਖ਼ਤ ਸਾਰੀ ਜਾਇਦਾਦ ਮੰਗ ਲੈਂਦਾ ਹੈ। ਦਿਆਲੂ ਰਾਜੇ ਸਭ ਕੁਝ ਦੇ ਦਿੰਦਾ ਹੈ ਪਰ ਅੰਤ ਵਿਚ ਉਸ ਚੇਲੇ ਨੂੰ ਆਪਣੇ ਗੁਰੂ ਜੀ ਵੱਲੋਂ ਦਿੱਤੀ ਸਿੱਖਿਆ ਯਾਦ ਆ ਜਾਂਦੀ ਹੈ ਕਿ ਬੇਟਾ ਲਾਲਚ ਬਿਲਕੁਲ ਨਹੀਂ ਕਰਨਾ ਇਹ ਮਹਾਂ ਪਾਪ ਹੁੰਦਾ ਹੈ ਤਾਂ ਉਹ ਸਭ ਕੁੱਝ ਰਾਜੇ ਨੂੰ ਵਾਪਸ ਕਰ ਦਿੰਦਾ ਹੈ। ਇਵੇਂ ਹੀ 'ਟੀਸੀ ਦਾ ਬੇਰ' ਕਹਾਣੀ ਵਿਚ ਇਕ ਬਾਂਦਰ ਅਤੇ ਬਾਂਦਰੀ ਬੇਰਾਂ ਲੱਦੀ ਬੇਰੀ ਦੇ ਥੱਲੇ ਬੈਠੇ ਹਨ। ਬਾਂਦਰੀ ਨੇ ਟੀਸੀ ਵਾਲਾ ਬੇਰ ਖਾਣ ਦੀ ਬਾਂਦਰ ਕੋਲ ਇੱਛਾ ਪ੍ਰਗਟ ਕੀਤੀ ਤਾਂ ਬਾਂਦਰ ਝੱਟ ਬੇਰੀ ਉੱਤੇ ਚੜ੍ਹ ਕੇ ਆਪਣਾ ਜ਼ੋਰ ਲਗਵਾ ਰਿਹਾ ਸੀ ਕਿ ਪਤਲੀ ਟਾਹਣੀ ਹੋਣ ਕਰਕੇ ਉਪਰ ਜਾ ਨਹੀਂ ਸਕਦਾ ਸੀ। ਓਸੇ ਬੇਰੀ 'ਤੇ ਆਪਣੇ ਆਲ੍ਹਣੇ ਵਿਚ ਬੈਠੀ ਘੁੱਗੀ ਇਹ ਸਭ ਕੁਝ ਵੇਖ ਰਹੀ ਸੀ। ਉਸ ਨੇ ਬਾਂਦਰ ਨੂੰ ਸਲਾਹ ਦਿੱਤੀ ਕਿ ਟਾਹਣੀ ਖਿੱਚ ਕੇ ਆਪਣੇ ਕੋਲ ਕਰ ਲਵੋ, ਬੇਰ ਕੋਲ ਆ ਜਾਵੇਗਾ। ਬਾਂਦਰ ਨੇ ਏਸ ਤਰਾਂ ਹੀ ਕੀਤਾ। ਬੇਰ ਨੇੜੇ ਆ ਗਿਆ। ਬਾਂਦਰ ਨੇ ਬੇਰ ਤੋੜਿਆ ਅਤੇ ਘੁੱਗੀ ਦਾ ਜਦੋਂ ਧੰਨਵਾਦ ਕੀਤਾ ਤਾਂ ਘੁੱਗੀ ਅੱਗੋਂ ਬੋਲੀ ਔਖੇ ਕੰਮਾਂ ਲਈ ਅੰਨ੍ਹੇਵਾਹ ਜ਼ੋਰ ਹੀ ਨਹੀਂ ਲਾਈਦਾ ਸਗੋਂ ਆਪਣੀ ਅਕਲ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਸਾਰੀਆਂ ਕਹਾਣੀਆਂ ਬਾਲਾਂ ਦੇ ਮਨੋਰੰਜਨ ਦੇ ਨਾਲ-ਨਾਲ ਸੁਭਾਵਿਕ ਹੀ ਜਿੱਥੇ ਉਚੀ ਸਿੱਖਿਆਂ ਦਿੰਦੀਆਂ ਹਨ ਉੱਥੇ ਨੈਤਿਕਤਾ ਦਾ ਪਾਠ ਵੀ ਪੜ੍ਹਾਉਂਦੀਆਂ ਹਨ। ਪੰਛੀਆਂ ਅਤੇ ਜਾਨਵਰਾਂ ਨੂੰ ਬੱਚੇ ਬਹੁਤ ਪਿਆਰ ਕਰਦੇ ਹਨ ਇਸੇ ਕਰਕੇ ਲੇਖਕ ਨੇ ਜ਼ਿਆਦਾ ਪਾਤਰ ਜਾਨਵਰ ਅਤੇ ਪੰਛੀ ਹੀ ਲਏ ਹਨ। ਇਸ ਤੋਂ ਪਹਿਲਾਂ ਲੇਖਕ ਪੰਜ ਦਰਜਨ ਤੋਂ ਉੱਪਰ ਪੁਸਤਕਾਂ ਪੰਜਾਬੀ ਮਾਂ ਬੋਲੀ ਪਾ ਚੁੱਕਾ ਹੈ। ਮੈਂ ਇਸ ਬਹੁਤ ਹੀ ਪਿਆਰੀ ਅਤੇ ਨਿਆਰੀ ਪੁਸਤਕ ਦਾ ਜ਼ੋਰਦਾਰ ਸਵਾਗਤ ਕਰਦਾ ਹਾਂ।

-ਅਮਰੀਕ ਸਿੰਘ ਤਲਵੰਡੀ ਕਲਾਂ
ਮੋਬਾਈਲ : 94635-42896


ਵਾਤਾਵਰਣ ਚੇਤਨਾ ਦਿਹਾੜੇ
ਲੇਖਿਕਾ : ਅਮਰਿੰਦਰ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 75
ਸੰਪਰਕ : 94638-36591

ਨਿਰਸੰਦੇਹ ਜਦੋਂ ਵੀ ਕੋਈ ਵਿਅਕਤੀ ਮਨੁੱਖੀ ਜ਼ਿੰਦਗੀ ਨਾਲ ਜੁੜੇ ਮਸਲੇ ਬਾਰੇ ਗੱਲ ਕਰਦਾ ਹੈ ਤਾਂ ਇਹ ਗੱਲ ਮਹੱਤਵਪੂਰਨ ਹੁੰਦੀ ਹੈ ਤੇ ਜਦੋਂ ਇਹੋ ਜਿਹਾ ਜ਼ਿਕਰ ਮਨੁੱਖੀ ਹੋਂਦ ਨਾਲ ਹੀ ਜੁੜਿਆ ਹੋਇਆ ਹੋਵੇ ਤਾਂ ਇਸ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ। ਮਨੁੱਖ ਨੇ ਆਪਣੇ ਕਾਰਨਾਮਿਆਂ ਨਾਲ ਅਤੇ ਸੁੱਖ ਸਹੂਲਤਾਂ ਮਾਣਨ ਦੀ ਹੋੜ ਵਿਚ ਕੁਦਰਤ ਦਾ ਸੰਤੁਲਨ ਹੀ ਵਿਗਾੜ ਕੇ ਰੱਖ ਦਿੱਤਾ ਹੈ, ਜਿਸ ਦਾ ਖਮਿਆਜ਼ਾ ਪ੍ਰਦੂਸ਼ਿਤ ਹੋ ਰਹੇ ਹਵਾ-ਪਾਣੀ ਅਤੇ ਸਮੁੱਚੇ ਵਾਤਾਵਰਨ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਘਾਤਕ ਬਿਮਾਰੀਆਂ ਅਤੇ ਮਹਾਂਮਾਰੀਆਂ ਅੱਜ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੋ ਰਹੀਆਂ ਹਨ ਤੇ ਇਹ ਸਭ ਵਾਤਾਵਰਨ ਪ੍ਰਤੀ ਸਾਡੀ ਅਣਗਹਿਲੀ ਕਰਕੇ ਹੀ ਹੋ ਰਿਹਾ ਹੈ। ਅਮਰਿੰਦਰ ਕੌਰ ਦੀ ਪੁਸਤਕ 'ਵਾਤਾਵਰਨ ਚੇਤਨਾ ਦਿਹਾੜੇ' ਬਹੁਤ ਹੀ ਮਹੱਤਵਪੂਰਨ ਪੁਸਤਕ ਹੈ ਕਿਉਂਕਿ ਵਾਤਾਵਰਨ ਪ੍ਰਤੀ ਜਾਗਰੂਕਤਾ ਦਾ ਹੋਕਾ ਦੇਣ ਵਾਲੀ ਸਰਲ ਸ਼ੈਲੀ ਵਿਚ ਲਿਖੀ ਇਹ ਪੁਸਤਕ ਪਾਠਕਾਂ ਲਈ ਲਾਹੇਵੰਦੀ ਸਾਬਿਤ ਤਾਂ ਹੋਵੇਗੀ, ਨਾਲ ਹੀ ਵਾਤਾਵਰਨ ਪ੍ਰੇਮੀਆਂ ਲਈ ਵਾਤਾਵਰਨ ਦਿਹਾੜੇ ਮਨਾਉਣ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਅਸੀਂ ਬਹੁਤ ਸਾਰੇ ਦਿਨ ਮਨਾਉਂਦੇ ਹਾਂ ਇਥੋਂ ਤੱਕ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸੱਭਿਆਚਾਰਕ, ਧਾਰਮਿਕ ਅਤੇ ਆਰਥਿਕ ਪੱਖੋਂ ਇਹ ਦਿਹਾੜੇ ਮਨਾਉਣੇ ਵੀ ਬਣਦੇ ਹਨ ਪਰ ਵਾਤਾਵਰਨ ਨਾਲ ਜੁੜੇ ਦਿਨ ਮਨਾ ਕੇ ਅਸੀਂ ਆਪਣੀ ਹੋਂਦ ਨੂੰ ਬਚਾਉਣ ਲਈ ਵੀ ਸੁਚੇਤ ਹੋਵਾਂਗੇ।
ਲੇਖਿਕਾ ਨੇ ਵਾਤਾਵਰਨ ਨਾਲ ਇਨ੍ਹਾਂ ਚੇਤਨਾ ਦਿਹਾੜਿਆਂ ਵਿਚ 20 ਦਿਹਾੜੇ ਵੱਖ-ਵੱਖ ਸਿਰਲੇਖਾਂ ਤਹਿਤ ਇਨ੍ਹਾਂ ਦੀ ਅਹਿਮੀਅਤ ਦੱਸਦਿਆਂ ਪੇਸ਼ ਕੀਤੇ ਹਨ। ਇਨ੍ਹਾਂ ਵਿਚੋਂ ਕੁਝ ਕੁ ਜਿਵੇਂ ਵਿਸ਼ਵ ਧਰਤੀ ਦਿਵਸ, ਵਿਸ਼ਵ ਓਜ਼ੋਨ ਦਿਵਸ, ਵਿਸ਼ਵ ਕੁਦਰਤ ਬਚਾਓ ਦਿਵਸ, ਵਿਸ਼ਵ ਜੰਗਲੀ ਜੀਵ ਦਿਵਸ, ਵਣ ਮਹਾਂਉਤਸਵ, ਵਿਸ਼ਵ ਮੌਸਮ ਵਿਗਿਆਨ ਦਿਵਸ, ਰਾਸ਼ਟਰੀ ਪ੍ਰਦੂਸ਼ਣ ਰੋਕੋ ਦਿਵਸ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸ ਪੁਸਤਕ ਵਿਚ ਕੁੱਲ 20 ਦਿਨਾਂ ਬਾਰੇ ਉਨ੍ਹਾਂ ਦੀਆਂ ਮਨਾਏ ਜਾਣ ਦੀਆਂ ਮਿਤੀਆਂ ਸਮੇਤ ਜ਼ਿਕਰ ਕੀਤਾ ਹੈ ਅਤੇ ਇਨ੍ਹਾਂ ਦਾ ਇਤਿਹਾਸਕ ਕਾਲਕ੍ਰਮ ਵੀ ਪੇਸ਼ ਕੀਤਾ ਹੈ। ਲੇਖਿਕਾ ਨੇ ਲਿਖਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਾਵਿ-ਤੁਕਾਂ ਦਾ ਵੀ ਇਸਤੇਮਾਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਖਾਰਾ ਪਾਣੀ
ਲੇਖਕ : ਮਨਮੋਹਨ ਸਿੰਘ ਬਾਸਰਕੇ
ਪ੍ਰਕਾਸ਼ਕ : ਆਜ਼ਾਦ ਬੁੱਕ ਡਿੱਪੂ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 116
ਸੰਪਰਕ : 99147-16616

ਹਥਲੇ ਨਾਵਲ ਵਿਚ ਮਨਮੋਹਨ ਸਿੰਘ ਬਾਸਰਕੇ ਨੇ ਸਾਗਰ ਨੂੰ ਗਾਗਰ ਵਿਚ ਭਰਨ ਦਾ ਯਤਨ ਕੀਤਾ ਹੈ। ਨਾਵਲ ਦੀ ਕਹਾਣੀ ਦੀ ਓਟ ਲੈ ਕੇ ਲੇਖਕ ਨੇ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਬਿਆਨਣ ਦਾ ਯਤਨ ਕੀਤਾ ਹੈ। ਇਹ ਭਾਵੇਂ ਕਿਸਾਨ ਅੰਦੋਲਨ ਹੋਵੇ, ਪੰਚਾਇਤਾਂ ਦੀਆਂ ਚੋਣਾਂ ਹੋਣ, ਨਸ਼ਿਆਂ ਦਾ ਵਗਦਾ ਦਰਿਆ ਹੋਵੇ, ਗ਼ਰੀਬ ਕਿਰਸਾਣੀ ਦੀ ਸਥਿਤੀ, ਵਿਧਵਾ ਔਰਤਾਂ ਦੀਆਂ ਮੁਸ਼ਕਿਲਾਂ ਆੋਿਦ। ਉਸ ਨੇ ਕੇਰਲਾ ਨੂੰ ਇਕ ਮਾਡਲ ਸੂਬੇ ਦੇ ਰੂਪ ਵਿਚ ਵੀ ਪੇਸ਼ ਕੀਤਾ ਹੈ। ਭਾਰਤ-ਪਾਕਿ ਸੰਬੰਧ ਅਤੇ ਸਾਦੇ ਵਿਆਹਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਨਾਵਲ ਦੀ ਕਹਾਣੀ ਪੰਜਾਬ ਦੇ ਪਿੰਡਾਂ ਦੀ ਤਰਾਸਦੀ ਬਿਆਨ ਕਰਦੀ ਸ਼ੁਰੂ ਹੁੰਦੀ ਹੈ। ਇਹ ਕਹਾਣੀ ਇਕ ਗ਼ਰੀਬ ਪਰਿਵਾਰ ਦੀ ਹੈ ਜਿਸ ਦਾ ਮੁਖੀ ਨਸ਼ਿਆਂ ਕਾਰਨ ਇਸ ਸੰਸਾਰ ਨੂੰ ਛੱਡ ਜਾਂਦਾ ਹੈ। ਘਰ ਦਾ ਖਰਚਾ ਜੁਆਨ ਕੁੜੀ ਨੌਕਰੀ ਕਰਕੇ ਚਲਾਉਂਦੀ ਹੈ। ਮਾਂ ਨੂੰ ਉਸ ਦੇ ਵਿਆਹ ਦਾ ਫਿਕਰ ਹੈ ਪਰ ਉਹ ਦਾਜ ਦਹੇਜ ਦੇਣ ਤੋਂ ਅਸਮਰੱਥ ਹੈ। ਆਖਰ ਇਕ ਫੌਜੀ ਨਾਲ ਕੁੜੀ ਦਾ ਵਿਆਹ ਹੋ ਜਾਂਦਾ ਹੈ। ਦੋਵੇਂ ਜੀਅ ਪ੍ਰਸੰਨ ਹਨ। ਘਰ ਵਿਚ ਸੱਸ ਸਹੁਰਾ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ। ਉਹ ਆਪਣੇ ਘਰ ਨੂੰ ਫੁਲਾਂ ਦੀਆਂ ਕਿਆਰੀਆਂ ਨਾਲ ਸ਼ਿੰਗਾਰਦੀ ਹੈ। ਦੋ ਸਾਲ ਬਹੁਤ ਹੀ ਸੋਹਣੇ ਲੰਘ ਜਾਂਦੇ ਹਨ। ਘਰ ਵਿਚ ਇਕ ਮੁੰਡੇ ਦਾ ਜਨਮ ਹੋ ਜਾਂਦਾ ਹੈ ਤੇ ਫੌਜੀ ਆਪਣੀ ਛੋਟੀ ਭੈਣ ਦਾ ਵਿਆਹ ਵੀ ਰੱਖ ਦਿੰਦਾ ਹੈ। ਇਨ੍ਹਾਂ ਦਾ ਜਵਾਈ ਸਕੂਲ ਮਾਸਟਰ ਹੈ ਪਰ ਅਗਾਂਹਵਧੂ ਖਿਆਲਾਂ ਦਾ ਹੈ। ਉਹ ਸ਼ਰਤ ਲਗਾ ਦਿੰਦਾ ਹੈ ਕਿ ਅਸੀਂ ਪੰਜ ਆਦਮੀ ਹੀ ਆਵਾਂਗੇ ਤੇ ਗੁਰਦਵਾਰਾ ਸਾਹਿਬ ਤੋਂ ਅਨੰਦ ਕਾਰਜ ਪਿਛੋਂ ਵਿਦਾਈ ਹੋ ਜਾਵੇਗੀ। ਉਹ ਕੋਈ ਵੀ ਦਹੇਜ ਨਹੀਂ ਲਵੇਗਾ। ਇਸੇ ਦੌਰਾਨ ਸਾਰਾ ਟੱਬਰ ਬਾਸਰਕੇ ਦੇ ਨੇੜੇ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਜਾਂਦਾ ਹੈ ਤੇ ਲੇਖਕ ਗੱਡੀ ਦੇ ਡਰਾਈਵਰ ਰਾਹੀਂ ਇਨ੍ਹਾਂ ਗੁਰੂ ਘਰਾਂ ਦਾ ਇਤਿਹਾਸ ਦੱਸਦਾ ਹੈ। ਇਸ ਹੱਸਦੇ ਵਸਦੇ ਘਰ ਨੂੰ ਕਿਸੇ ਦੀ ਨਜ਼ਰ ਲਗ ਜਾਂਦੀ ਹੈ, ਜਦੋਂ ਫੌਜੀ ਕਾਰਗਿਲ ਦੀ ਜੰਗ ਵਿਚ ਸ਼ਹੀਦ ਹੋ ਜਾਂਦਾ ਹੈ। ਘਰ ਵਿਚ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਪਰ ਫੌਜਣ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਸਰਕਾਰੀ ਨੌਕਰੀ ਕਰ ਲੈਂਦੀ ਹੈ। ਆਪਣੇ ਬੇਟੇ ਦੀ ਵਧੀਆ ਪੜ੍ਹਾਈ ਲਈ ਉਹ ਪਿੰਡ ਛੱਡ ਕੇ ਸ਼ਹਿਰ ਇਕੱਲੀ ਰਹਿਣ ਲਗਦੀ ਹੈ। ਜੁਆਨ ਵਿਧਵਾ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਦਲੇਰੀ ਨਾਲ ਇਨ੍ਹਾਂ ਦਾ ਸਾਹਮਣਾ ਕਰਦੀ ਹੈ। ਬਦਕਿਸਮਤੀ ਨੂੰ ਉਸ ਦਾ ਪੜ੍ਹਾਈ ਕਰਦਾ ਹੋਇਆ ਮੁੰਡਾ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਇਕ ਦਿਨ ਫੜਿਆ ਜਾਂਦਾ ਹੈ ਅਤੇ ਸਜ਼ਾ ਹੋ ਜਾਂਦੀ ਹੈ। ਉਹ ਵਿਚਾਰੀ ਕਿਸਮਤ ਦੀ ਮਾਰੀ ਸ਼ਹਿਰ ਛੱਡ ਕੇ ਮੁੜ ਆਪਣੇ ਪਿੰਡ ਰਹਿਣ ਆ ਜਾਂਦੀ ਹੈ। ਇਸ ਸਮੇਂ ਉਸ ਦੀ ਸੱਸ ਦਾ ਸਵਰਗਵਾਸ ਹੋ ਜਾਂਦਾ ਹੈ ਤੇ ਉਹ ਇਕੱਲੀ ਸਮੇਂ ਦੀਆਂ ਦੁਸ਼ਵਾਰੀਆਂ ਦਾ ਮੁਕਾਬਲਾ ਕਰਦੀ ਹੈ। ਉਸ ਦਾ ਮੁੰਡਾ ਸਜ਼ਾ ਪੂਰੀ ਕਰਕੇ ਪਿੰਡ ਆ ਜਾਂਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਵਾਅਦਾ ਕਰਦਾ ਹੈ। ਪਰ ਇਹ ਕੇਵਲ ਆਪਣੀ ਮਾਂ ਨੂੰ ਧੋਖਾ ਹੀ ਦੇਣਾ ਸੀ ਤੇ ਉਹ ਨਸ਼ਿਆਂ ਦਾ ਵਿਉਪਾਰੀ ਬਣ ਜਾਂਦਾ ਹੈ ਅਤੇ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਜਾਂਦਾ ਹੈ ਤੇ ਮੁੜ ਉਹ ਘਰ ਵਿਚ ਇਕੱਲੀ ਰਹਿ ਜਾਂਦੀ ਹੈ। ਉਸ ਦੀਆਂ ਨਨਾਣਾਂ ਨੂੰ ਡਰ ਹੈ ਕਿ ਭਰਜਾਈ ਪਿੰਡ ਦਾ ਘਰ ਤੇ ਜ਼ਮੀਨ ਖੁਰਦ ਬੁਰਦ ਨਾ ਕਰ ਦੇਵੇ। ਉਹ ਉਸ ਉੱਤੇ ਦਬਾਅ ਪਾਉਣ ਲਗਦੀਆਂ ਹਨ। ਜਦੋਂ ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ ਕਿ ਭਰਜਾਈ ਪਿਛੋਂ ਘਰ ਜ਼ਮੀਨ ਉਨ੍ਹਾਂ ਦੀ ਹੀ ਹੋਵੇਗੀ ਤਾਂ ਉਹ ਆਪਣੀ ਭਰਜਾਈ ਨਾਲ ਮਿਲਣਾ ਵਰਤਣਾ ਸ਼ੁਰੂ ਕਰਦੀਆਂ ਹਨ। ਨਾਵਲ ਦੀ ਕਹਾਣੀ ਦੀ ਗਤੀ ਤੀਬਰ ਹੈ ਅਤੇ ਲੇਖਕ ਵਲੋਂ ਸਭੋ ਕੁਝ ਬਿਆਨ ਕਰਨ ਦਾ ਯਤਨ ਕੀਤਾ ਗਿਆ। ਪੰਜਾਬ ਦੀ ਮੌਜੂਦਾ ਸਥਿਤੀ ਨੂੰ ਜਾਨਣ ਲਈ ਇਸ ਨਾਵਲ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਅਕੇਵਾਂ ਰਹਿਤ ਦਿਲਚਸਪ ਪੇਸ਼ਕਾਰੀ ਹੈ ਇਹ ਨਾਵਲ।

-ਡਾ. ਰਣਜੀਤ ਸਿੰਘ
ਮੋਬਾਈਲ : 94170-87328

09-03-2024

ਝਾਂਜਰਾਂ ਵਾਲੇ ਪੈਰ
ਲੇਖਕ : ਅਰਵਿੰਦਰ ਕੌਰ ਧਾਲੀਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 120
ਸੰਪਰਕ : 99142-11422

ਅਰਵਿੰਦਰ ਕੌਰ ਧਾਲੀਵਾਲ ਕਿੱਤੇ ਵਜੋਂ ਕਾਲਜ ਅਧਿਆਪਕਾ ਹੈ। ਮੁੱਖ ਤੌਰ 'ਤੇ ਉਹ ਇਕ ਅਨੁਵਾਦਕ ਹੈ। ਉਸ ਦੀਆਂ ਅਨੁਵਾਦ ਦੀਆਂ 4 ਅਤੇ ਲਿਪੀਅੰਤਰਨ ਦੀਆਂ 3 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਉਸ ਦੀਆਂ ਮੁਲਾਂਕਣ ਅਤੇ ਆਲੋਚਨਾ ਦੀਆਂ ਕ੍ਰਮਵਾਰ 3 ਅਤੇ 2 ਕਿਤਾਬਾਂ ਵੀ ਛਪ ਚੁੱਕੀਆਂ ਹਨ। ਇਹ ਸਾਰੀਆਂ ਕਿਤਾਬਾਂ 'ਝਾਂਜਰਾਂ ਵਾਲੇ ਪੈਰ' ਤੋਂ ਪਹਿਲਾਂ ਦੀਆਂ ਹਨ।
'ਝਾਂਜਰਾਂ ਵਾਲੇ ਪੈਰ' ਉਸ ਦਾ ਇਕਲੌਤਾ ਕਹਾਣੀ ਸੰਗ੍ਰਹਿ ਹੈ ਤੇ ਇਸ ਲਈ ਉਸ ਨੂੰ 2022 ਦਾ 'ਢਾਹਾਂ ਇਨਾਮ' ਮਿਲ ਚੁੱਕਾ ਹੈ। ਇਸ ਪੁਸਤਕ ਨੂੰ 2021 ਦਾ 'ਦਲਬੀਰ ਚੇਤਨ ਯਾਦਗਾਰੀ ਪੁਰਸਕਾਰ' ਵੀ ਪ੍ਰਾਪਤ ਹੋ ਚੁੱਕਾ ਹੈ। ਇਸ ਕਥਾ-ਸੰਗ੍ਰਹਿ ਵਿਚ ਕੁੱਲ 10 ਕਹਾਣੀਆਂ ਸ਼ਾਮਿਲ ਹਨ, ਜੋ ਸਾਰੀਆਂ ਹੀ ਔਰਤ ਦੇ ਦ੍ਰਿਸ਼ਟੀਕੋਣ ਤੋਂ ਪ੍ਰਤੀਬਿੰਬਤ ਹੋਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਲੇਖਕਾ ਨੇ ਨਾਰੀ ਨੂੰ ਵੱਖਰੇ ਜ਼ਾਵੀਏ ਤੋਂ ਚਿਤਰਿਆ ਹੈ। ਨਿਵੇਕਲੇ ਵਿਸ਼ੇ ਅਤੇ ਵਿਲੱਖਣ ਨਿਭਾਅ ਵਾਲੀਆਂ ਇਨ੍ਹਾਂ ਕਹਾਣੀਆਂ ਵਿਚ ਪਾਤਰਾਂ ਦੀ ਕਸ਼ਮਕਸ਼, ਜ਼ਿੰਦਗੀ ਦੀ ਭੱਜ-ਦੌੜ, ਮਾਨਸਿਕ ਤੇ ਸਰੀਰਕ ਪੀੜਾ, ਮ੍ਰਿਗ-ਤ੍ਰਿਸ਼ਨਾ, ਭਟਕਣ, ਖਲਾਅ, ਮਰਦ-ਔਰਤ ਦਾ ਗੁੰਝਲਦਾਰ ਸੰਸਾਰ ਆਦਿ ਨੂੰ ਕੇਂਦਰ ਵਿਚ ਰੱਖ ਕੇ ਵਿਉਂਤਿਆ ਗਿਆ ਹੈ। ਔਰਤ ਦੇ ਕਿੰਨੇ ਹੀ ਰੂਪ ਇਨ੍ਹਾਂ ਕਹਾਣੀਆਂ ਵਿਚ ਉੱਭਰੇ ਹਨ-ਮਾਂ, ਭੈਣ, ਧੀ, ਪ੍ਰੇਮਿਕਾ, ਵੇਸਵਾ, ਪਤਨੀ, ਅੱਧਾ ਮਰਦ-ਅੱਧੀ ਔਰਤ ਆਦਿ। ਸਮਾਜਿਕ ਤੇ ਸੱਭਿਆਚਾਰਕ ਨੇਮਾਂ ਦੀਆਂ ਅਖੌਤੀ ਮਰਿਆਦਾਵਾਂ ਦੀ ਖੂਬ ਖਿੱਲੀ ਉਡਾਈ ਗਈ ਹੈ। ਸ਼ੀਰਸ਼ਕ ਕਹਾਣੀ ਸਮੁੱਚੀ ਸੰਵਾਦਾਤਮਿਕ ਜੁਗਤ ਵਾਲੀ ਹੈ। ਇਕ ਪਾਤਰ ਹੀ ਸਾਰੀ ਘਟਨਾ ਦਾ ਉਲੇਖ ਸੰਵਾਦ ਰਾਹੀਂ ਕਰਦਾ ਹੈ। ਇਹ ਕਹਾਣੀਆਂ ਔਰਤ-ਮਰਦ ਦੇ ਗੁੰਝਲਦਾਰ ਰਿਸ਼ਤਿਆਂ ਦੀ ਬੇਬਾਕੀ ਨਾਲ ਚੀਰਫਾੜ ਕਰਦੀਆਂ ਹਨ। ਅਰਵਿੰਦਰ ਕੌਰ ਧਾਲੀਵਾਲ ਨੇ ਜਿਸ ਨਿਸ਼ੰਗਤਾ ਅਤੇ ਕਲਾਤਮਕ ਜੁਗਤਾਂ ਨਾਲ ਇਨ੍ਹਾਂ ਕਹਾਣੀਆਂ ਨੂੰ ਸਿਰਜਿਆ ਹੈ, ਉਹ ਵਾਕਈ ਗੌਰਵਮਈ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਆਜ਼ਾਦੀ ਸੰਗਰਾਮ ਅਤੇ ਆਰ.ਐਸ.ਐਸ.
(ਇਕ ਦਾਸਤਾਨ ਗ਼ਦਾਰੀ ਦੀ)
ਲੇਖਕ : ਸ਼ਮਸੁਲ ਇਸਲਾਮ
ਪੰਜਾਬੀ ਅਨੁਵਾਦ : ਬਲਬੀਰ ਲੌਂਗੋਵਾਲ
ਮੁੱਲ : 50 ਰੁਪਏ, ਸਫ਼ੇ : 84
ਸੰਪਰਕ : ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.), ਬਰਨਾਲਾ

ਸਮਸ਼ਲ ਇਸਲਾਮ ਦਿੱਲੀ ਯੂਨੀਵਰਸਿਟੀ 'ਚ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਅਤੇ ਲੋਕ-ਨਾਟਕਕਾਰ ਰਹੇ। ਆਪ ਨੇ ਇਕ ਲੇਖਕ, ਪੱਤਰਕਾਰ ਅਤੇ ਕਾਲਮਨਵੀਸ ਦੇ ਤੌਰ 'ਤੇ ਧਾਰਮਿਕ ਕੱਟੜਤਾ, ਅਣਮਨੁੱਖੀਕਰਨ, ਸਾਮਰਾਜੀ ਜ਼ੁਲਮਾਂ, ਔਰਤਾਂ ਤੇ ਦਲਿਤਾਂ 'ਤੇ ਹੁੰਦੇ ਜਬਰ ਖ਼ਿਲਾਫ਼ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿਚ ਨਿੱਠ ਕੇ ਲਿਖਿਆ। ਉਸ ਨੇ ਰਾਸ਼ਟਰਵਾਦ ਦੇ ਮੌਲਿਕ ਖੋਜ ਕਾਰਜਾਂ ਬਾਰੇ ਦੁਨੀਆ 'ਚ ਨਾਮਣਾ ਖੱਟਿਆ। ਉਹ ਬੇਧੜਕ ਹੋ ਕੇ ਲਿਖਣ ਵਾਲਾ ਲੇਖਕ ਹੈ। ਬਲਬੀਰ ਲੌਂਗੋਵਾਲ ਨੇ ਮਿਹਨਤ ਨਾਲ ਢੁਕਵੀਂ ਸਰਲ ਵਾਰਤਕ ਵਿਚ ਅਨੁਵਾਦਿਤ ਰੀਵਿਊ ਅਧੀਨ ਕਿਤਾਬਚਾ ਬਹੁਤ ਅਹਿਮ ਵਿਸ਼ੇ ਨਾਲ ਸੰਬੰਧਿਤ ਹੈ। ਰਾਸ਼ਟਰੀ ਸਵੈ-ਸੇਵਕ ਸੰਘ ਭਾਵ ਆਰ.ਐਸ.ਐਸ. ਦਾ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਵਿਸ਼ਵਾਸਘਾਤੀ ਭੂਮਿਕਾ ਦਾ ਪਰਦਾਫਾਸ਼, ਲਿਖਤੀ ਸਬੂਤਾਂ 'ਤੇ ਆਧਾਰਿਤ ਕੀਤਾ ਗਿਆ। ਇਨ੍ਹਾਂ ਸਬੂਤਾਂ ਲਈ ਲੇਖਕ ਨੇ ਆਰ.ਐਸ.ਐਸ. ਦੇ ਰਹੇ ਕਾਰਕੁੰਨ ਡਾ. ਡੀ.ਆਰ. ਗੋਇਲ ਅਤੇ ਅਨਿਲ ਨੌਰਿਆ ਦੀ ਮਦਦ ਲੈ ਕੇ ਇਸ ਪੁਸਤਕ ਨੂੰ ਲਿਖਣ ਦਾ ਹੌਸਲਾ ਕੀਤਾ। ਸੰਘ ਦੇ ਸੰਸਥਾਪਕ ਡਾ. ਕੇ. ਬੀ. ਹੇਡਗੇਵਾਰ ਨੂੰ ਲੇਖਕ ਨੇ ਭਾਰਤ ਆਜ਼ਾਦੀ ਅੰਦੋਲਨ ਅਤੇ ਹਿੰਦੂਤਵ ਦੇ ਪਰਿਪੇਖ 'ਚ ਗ਼ਦਾਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। 1925 ਤੋਂ ਹੀ ਸੰਘ ਆਪਣੀ ਪਛਾਣ ਹਿੰਦੂ ਰਾਸ਼ਟਰਵਾਦੀ ਸੰਗਠਨ ਦੇ ਤੌਰ 'ਤੇ ਬਣਾਉਣ ਵਿਚ ਜੁਟਿਆ ਹੋਇਆ ਹੈ। ਮੁਸਲਿਮ ਲੀਗ ਨੂੰ ਵੀ ਆਜ਼ਾਦੀ ਅੰਦੋਲਨ ਤੋਂ ਨਿਰਲੇਪ ਰੱਖਣ ਦੀਆਂ ਕੂਟਨੀਤੀਆਂ ਵਰਤੀਆਂ ਗਈਆਂ। 1930 'ਚ ਮਹਾਤਮਾ ਗਾਂਧੀ ਵਲੋਂ ਅੰਗਰੇਜ਼ੀ ਹਕੂਮਤ ਵਿਰੁੱਧ ਕਾਨੂੰਨ ਤੋੜਨ ਅਤੇ ਡਾਂਡੀ ਯਾਤਰਾ ਦੌਰਾਨ ਵੀ ਸੰਘ ਦਾ ਰਵੱਈਆ ਉਲਟ ਰਿਹਾ। ਲੇਖਕ ਨੇ ਹਵਾਲਾ ਪੁਸਤਕਾਂ ਰਾਹੀਂ ਇਹ ਸਿੱਧ ਕਰ ਵਿਖਾਇਆ ਕਿ ਸੰਘ, ਹਿੰਦੂ ਰਾਸ਼ਟਰ ਦੀ ਉਸ ਫਿਰਕੂ ਅਤੇ ਤਬਾਹਕੁੰਨ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ। ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਵਿਚਾਰਾਂ ਅਤੇ ਸਰਗਰਮੀਆਂ ਨੂੰ ਨਿਕਾਰਿਆ ਜਾ ਰਿਹਾ ਸੀ। ਲੇਖਕ ਸੰਘ-ਸੰਸਥਾਪਕ ਡਾ. ਕੇ.ਬੀ. ਹੇਡਗੇਵਾਰ ਦੀਆਂ ਘਿਨਾਉਣੀਆਂ ਸਰਗਰਮੀਆਂ ਨੂੰ ਖੂਬ ਨੰਗਾ ਕੀਤਾ। ਲੇਖਕ ਵੀ.ਡੀ. ਸਾਵਰਕਰ ਦੀ ਪੁਸਤਕ 'ਹਿੰਦੂਤਵ' (1923) ਦੇ ਹਵਾਲੇ ਦਿੱਤੇ ਗਏ ਹਨ, ਤਾਂ ਜੋ ਸੰਘ ਦੀਆਂ ਸਰਗਰਮੀਆਂ ਦਾ ਸੱਚ ਸਾਹਮਣੇ ਆਵੇ। ਬ੍ਰਿਟਿਸ਼ ਹਕੂਮਤ ਵਿਰੁੱਧ ਕੋਈ ਸਬੂਤ ਨਹੀਂ ਮਿਲਦਾ। ਕਾਂਗਰਸ ਦੇ ਆਜ਼ਾਦੀ ਅੰਦੋਲਨ ਲਈ ਕੋਈ ਸਹਿਮਤੀ ਸੰਘ ਦੀ ਨਹੀਂ ਮਿਲਦੀ। ਸੰਘ ਦੀ 'ਪ੍ਰਾਰਥਨਾ' ਅਤੇ 'ਪ੍ਰਤਿੱਗਿਆ' ਵੀ ਔਖੀ ਗਈ ਹੈ, ਤਾਂ ਜੋ ਪਾਠਕਾਂ ਨੂੰ ਸੰਘ ਦੀਆਂ ਅੰਦਰਲੀਆਂ ਚਾਲਾਂ ਬਾਰੇ ਜਾਣਕਾਰੀ ਮਿਲ ਸਕੇ। ਸਪੱਸ਼ਟ ਹੋ ਜਾਂਦਾ ਹੈ ਕਿ ਆਰ.ਐਸ.ਐਸ. ਨੇ ਅੰਗਰੇਜ਼ ਸਾਸ਼ਕਾਂ ਦੇ ਪਿੱਠੂ ਹਿੰਦੂ ਰਜਵਾੜਿਆਂ ਦਾ ਪੱਖ ਲਿਆ। ਦੂਜਾ ਤੱਤ ਸੀ ਮੁਸਲਮਾਨਾਂ ਦੇ ਖ਼ਿਲਾਫ਼ ਸਖ਼ਤ ਨਫ਼ਰਤ ਜੋ ਬੰਕਿਮ ਚੰਦਰ ਚੈਟਰਜੀ ਤੋਂ ਵਿਰਾਸਤ 'ਚ ਮਿਲੀ। ਮਹਾਤਮਾ ਗਾਂਧੀ ਦੀ ਹੱਤਿਆ ਦਾ ਭਾਂਡਾ ਵੀ ਸੰਘ ਦੇ ਮੈਂਬਰਾਂ ਦੀ ਹੀ ਮਿਲੀਭੁਗਤ ਸਿੱਧ ਹੁੰਦੀ ਹੈ। ਪੰਡਿਤ ਨਹਿਰੂ ਨਾਲ ਵੀ ਮਤਭੇਦ ਅਤੇ ਸਰਦਾਰ ਪਟੇਲ ਦੀ ਰਿਆਸਤਾਂ ਤੋੜਨ ਦੀ ਮੁਹਿੰਮ ਨੂੰ ਵੀ ਸੰਘ ਬਰਦਾਸ਼ਤ ਨਹੀਂ ਸੀ ਕਰਦਾ। ਇਕ ਪਾਸੇ ਲੀਗ ਨੂੰ ਅੰਗਰੇਜ਼ ਸਰਕਾਰ ਚੁੱਕ ਰਹੀ ਸੀ ਤੇ ਦੂਜੇ ਪਾਸੇ ਸੰਘ ਨੂੰ 'ਪਾੜੋ ਤੇ ਰਾਜ ਕਰੋ' ਦੀ ਚਾਲ ਸਫਲ ਹੋ ਰਹੀ ਸੀ। ਉੱਤਰ ਪ੍ਰਦੇਸ਼ ਦੇ ਪਹਿਲੇ ਗ੍ਰਹਿ ਸਕੱਤਰ ਰਾਜੇਸ਼ਵਰ ਦਿਆਲ (ਆਈ.ਸੀ.ਐਸ.) ਦੀ ਜੀਵਨੀ ਦੇ ਕੁਝ ਅੰਸ਼ ਤੋਂ ਸੰਘ ਦੇ ਘਿਨਾਉਣੇ ਇਰਾਦਿਆਂ ਦਾ ਪਰਦਾਫਾਸ਼ ਹੁੰਦਾ। ਲੇਖਕ ਨੇ ਬਹੁਤ ਮਿਹਨਤ ਕਰਕੇ ਅੰਤ 'ਚ 73 ਹਵਾਲੇ ਦੇ ਕੇ ਆਪਣੇ ਵਿਸ਼ੇ ਨੂੰ ਪ੍ਰਮਾਣਿਕਤਾ ਦਿੱਤੀ ਹੈ। ਤਰਲ ਇਹ ਹੈ ਕਿ ਲੇਖਕ ਨੇ ਆਰ.ਐਸ.ਐਸ. ਦੇ ਦਸਤਾਵੇਜ਼ ਖੁਦ ਉਸ ਦੀ ਕਾਰਗੁਜ਼ਾਰੀ ਲਈ ਹੰਗਾਲੇ ਹਨ। ਅਜਿਹੀਆਂ ਪੁਸਤਕਾਂ ਬੀਤੇ ਇਹਿਾਸ ਦੇ ਸੱਚ ਨੂੰ ਉਜਾਗਰ ਕਰਦੀਆਂ, ਦੇਸ਼ ਵਾਸੀਆਂ ਨੂੰ ਫਿਰਕਾਪ੍ਰਸਤੀ ਦੀ ਹਨੇਰੀ ਤੋਂ ਸੁਚੇਤ ਕਰਨ ਲਈ ਮਹੱਤਤਾ ਰੱਖਦੀਆਂ ਹਨ। ਸ਼ਮਸੁਲ ਇਸਲਾਮ ਦੀਆਂ ਹਿੰਦੀ 'ਚ 12 ਕਿਤਾਬਾਂ ਵੀ ਉਪਲਬੱਧ ਹਨ, ਜੋ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਧੁੱਪਾਂ ਛਾਵਾਂ ਤੇ ਪਰਛਾਵੇਂ
ਲੇਖਕ : ਡਾ. ਸੁਰਜੀਤ ਸਿੰਘ ਕੁੰਜਾਹੀ
ਪ੍ਰਕਾਸ਼ਕ : ਆਰ.ਸੀ. ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 595 ਰੁਪਏ, ਸਫ਼ੇ : 296
ਸੰਪਰਕ : 098105-80870

ਸ. ਸੁਰਜੀਤ ਸਿੰਘ ਕੁੰਜਾਹੀ ਦਾ ਜਨਮ 1940 ਈ. ਵਿਚ ਕੁੰਜਾਹ (ਜ਼ਿਲ੍ਹਾ ਗੁਜਰਾਤ) ਵਿਚ ਹੋਇਆ। ਦੇਸ਼ ਵੰਡ ਉਪਰੰਤ ਉਹ ਜੰਮੂ ਅਤੇ ਸ੍ਰੀ ਅੰਮ੍ਰਿਤਸਰ ਹੁੰਦਾ ਹੋਇਆ ਕਾਨ੍ਹਪੁਰ ਜਾ ਪਹੁੰਚਾ। ਬੀ.ਐਸ-ਸੀ. ਅਤੇ ਐਮ.ਬੀ.ਬੀ.ਐਸ. ਕਰਨ ਉਪਰੰਤ ਤਿੰਨ ਦਹਾਕੇ ਭਾਰਤੀ ਏਅਰ ਫੋਰਸ ਵਿਚ ਮੈਡੀਕਲ ਅਫ਼ਸਰ (ਕੈਪਟਨ) ਦੀ ਭੂਮਿਕਾ ਨਿਭਾਈ ਅਤੇ ਸੇਵਾਮੁਕਤੀ ਉਪਰੰਤ ਉਸ ਨੇ ਫ਼ਰੀਦਾਬਾਦ (ਹਰਿਆਣਾ) ਨੂੰ ਆਪਣਾ ਟਿਕਾਣਾ ਬਣਾ ਲਿਆ ਹੈ। ਉਹ ਸੱਚੇ ਗੁਰੂ ਦੀ ਸਿੱਖ-ਮਤਿ ਉੱਪਰ ਚੱਲਣ ਵਾਲਾ ਇਕ ਆਦਰਸ਼ਕ ਵਿਅਕਤੀ ਹੈ। ਪਿਛਲੇ ਕੁਝ ਵਰ੍ਹਿਆਂ ਵਿਚ ਉਸ ਨੇ ਵੱਖ-ਵੱਖ ਸਿਨਫ਼ਾਂ ਅਤੇ ਭਾਸ਼ਾਵਾਂ ਵਿਚ 10-12 ਪੁਸਤਕਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਵਿਚੋਂ ਕੁਝ ਅਜੇ ਪ੍ਰਕਾਸ਼ਨ ਅਧੀਨ ਹਨ। ਹਥਲੀ ਪੁਸਤਕ ਉਸ ਅੰਦਰਲੇ ਕਾਵਿ ਸਿਰਜਣਾ ਦੇ ਇਕ ਬਹੁਤ ਵੱਡੇ ਤੇ ਅਮੀਰ ਖ਼ਜ਼ਾਨੇ ਨੂੰ ਸੰਭਾਲੀ ਬੈਠੀ ਹੈ। ਇਸ ਵਿਚ ਉਸ ਦੀਆਂ 222 ਕਵਿਤਾਵਾਂ (ਨਜ਼ਮਾਂ, ਗ਼ਜ਼ਲਾਂ ਅਤੇ ਪ੍ਰਗੀਤ) ਸ਼ਾਮਿਲ ਹਨ। ਉਸ ਦਾ ਆਗ੍ਰਹਿ ਹੈ ਕਿ ਹਰ ਕਵਿਤਾ ਵਿਚ ਮਨੁੱਖੀ ਜੀਵਨ ਦੀ ਕੋਈ ਡੂੰਘੀ ਰਮਜ਼ ਛਿਪੀ ਹੋਣੀ ਚਾਹੀਦੀ ਹੈ। ਸਿੱਧੀ ਤੇ ਉਪਦੇਸ਼ਾਤਮਕ ਕਵਿਤਾ ਨੂੰ ਉਹ ਬਹੁਤੀ ਤੂਲ ਨਹੀਂ ਦਿੰਦਾ। ਰਮਜ਼ ਭਰਪੂਰ ਸ਼ਾਇਰੀ ਕਰਨਾ ਹੀ ਉਸ ਦਾ ਅਕੀਦਾ ਰਿਹਾ ਹੈ। ਮੌਜੂਦਾ ਪੰਜਾਬੀ ਸਾਹਿਤ ਦੀ ਇਹ ਕੈਸੀ ਵਿਡੰਬਨਾ ਹੈ ਕਿ ਪੰਜਾਬੀ ਲੇਖਕਾਂ ਦੀ ਵੱਡੀ ਬਰਾਤ ਵਿਚੋਂ ਅਸੀਂ ਗਿਣਤੀ ਦੇ ਹੀ ਕੁਝ ਲੇਖਕਾਂ ਨੂੰ ਜਾਣਦੇ-ਪਹਿਚਾਣਦੇ ਹਾਂ, ਉਨ੍ਹਾਂ ਦੇ ਹੀ ਸੋਹਿਲੇ ਗਾਈ ਜਾਂਦੇ ਹਾਂ। ਅਸਲ ਵਿਚ ਪਹਿਚਾਣ ਵੀ ਕਈ ਢੰਗ-ਤਰੀਕਿਆਂ ਨਾਲ ਮਸਨੂਈ ਤੌਰ 'ਤੇ ਬਣਾਈ ਜਾਂਦੀ ਹੈ, ਇਸੇ ਲਈ ਇਹ ਸਥਾਈ ਨਹੀਂ ਹੁੰਦੀ। ਕਵੀ ਛੋਟੇ-ਵੱਡੇ ਬਹਿਰ, ਹਰ ਤਰ੍ਹਾਂ ਦੀ ਗ਼ਜ਼ਲ ਰਚਨਾ ਵਿਚ ਨਿਪੁੰਨ ਹੈ। ਦੇਖੋ : 'ਮੇਰਿਆ ਵੀਰਾ ਤੂੰ ਤੇ ਬੋਲ। ਕੋਈ ਨਾ ਆਪਣਾ ਬਚਿਆ ਕੋਲ' ਇਕ ਇਕ ਕਰ ਕੇ ਟੁਰੀ ਗਈ ਨੇ, ਲੈ ਗਈ ਮੌਤ ਵਜਾ ਕੇ ਢੋਲ। ਇਹ ਜਗ ਚਲੋ ਚਲੀ ਦਾ ਮੇਲਾ, ਕਿਸ ਲਈ ਬੈਠੈਂ ਦੁਖੜੇ ਫੋਲ।' (ਪੰਨਾ 31) ਇਹ ਪੋਥੀ ਇਕ ਹੀ ਬੈਠਕ ਵਿਚ ਪੜ੍ਹੀ ਜਾਣ ਵਾਲੀ ਟੈਕਸਟ ਨਹੀਂ ਹੈ। ਪੋਠੋਹਾਰੀ ਅਤੇ ਕੇਂਦਰੀ ਪੰਜਾਬੀ ਬੋਲੀ ਦੇ ਸੁਮੇਲ ਵਾਲੀ ਇਸ ਰਚਨਾ ਨੂੰ ਸਹਿਜ ਤੇ ਮਠਾਰ ਨਾਲ ਪੜ੍ਹਨ ਦੀ ਜ਼ਰੂਰਤ ਪਏਗੀ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਸਮਿਆਂ ਦੇ ਸਨਮੁੱਖ
ਲੇਖਕ : ਬਲਵੰਤ ਸਿੰਘ ਖੇੜਾ
ਸੰਪਾਦਕ : ਮਦਨ ਵੀਰਾ
ਪ੍ਰਕਾਸ਼ਕ : ਆਸ਼ਨਾਂ ਪਬਲੀਕੇਸ਼ਨ, ਹੁਸ਼ਿਆਰਪੁਰ
ਮੁੱਲ : 200 ਰੁਪਏ, ਸਫ਼ੇ : 106
ਸੰਪਰਕ : 94170-46112

ਬਲਵੰਤ ਸਿੰਘ ਖੇੜਾ ਨੂੰ ਪੰਜਾਬੀ ਦੇ ਪ੍ਰਗਤੀਸ਼ੀਲ ਵਿਚਾਰਧਾਰਾ ਦੀ ਲੜੀ ਦੇ ਲੇਖਕਾਂ ਵਿਚ ਸ਼ੁਮਾਰ ਕੀਤਾ ਜਾ ਸਕਦੈ, ਜਿਨ੍ਹਾਂ ਨੇ ਸਮਿਆਂ ਦੇ ਸਨਮੁੱਖ, ਪੁਸਤਕ ਰਾਹੀਂ ਜਿਨ੍ਹਾਂ ਸਮਾਜਿਕ ਆਰਥਿਕ, ਧਾਰਮਿਕ, ਨੈਤਿਕ ਖੇਤਰ ਵਿਚ ਸੁਧਾਰ ਭਾਵ ਤਬਦੀਲੀ ਹੋਣੀ ਚਾਹੀਦੀ ਹੈ, ਨਿਰਪੱਖ ਦ੍ਰਿਸ਼ਟੀਕੋਣ ਤੋਂ ਇਸ ਪੁਸਤਕ ਵਿਚ ਦੋ ਦਰਜਨ ਲੇਖਾਂ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਪੁਸਤਕ ਦੇ ਸੰਪਾਦਕ ਮਦਨ ਵੀਰਾ ਨੇ 'ਗੁੰਝਲਦਾਰ ਵਰਤਾਰਿਆਂ ਦੀ ਸਹਲ ਪੇਸ਼ਕਾਰੀ ਕਿਹਾ ਹੈ। ਲੇਖਕ ਬਲਵੰਤ ਸਿੰਘ ਖੇੜਾ ਦਾ ਸਮੁੱਚਾ ਜੀਵਨ - ਸਮਾਂ, ਸਮਾਜ-ਸੁਧਾਰ, ਲੋਕ ਕਲਿਆਣ ਅਤੇ ਗੁੰਝਲਦਾਰ ਵਰਤਾਰਿਆਂ ਨੂੰ, ਉਨ੍ਹਾਂ ਨੇ ਸੁਲਝਾਉਣ ਦੇ ਕਿਰਿਆਤਮਿਕ ਕਾਰਜਾਂ 'ਚ ਬੀਤਿਆ ਹੈ। ਸੁਚੇਤ ਭਾਵਨਾ ਨਾਲ, ਉਸ ਨੇ ਪੰਜਾਬੀਆਂ ਨੂੰ ਸਮਝਾਇਆ ਹੈ ਕਿ ਪੰਜਾਬ ਅੰਦਰ, ਪਾਣੀਆਂ ਦਾ ਸੰਕਟ, ਪੰਜਾਬੀਆਂ ਲਈ ਖ਼ਤਰੇ ਦੀ ਘੰਟੀ ਹੈ। ਭਾਰਤ ਦੇ ਸਿਆਸਤ, ਸੱਭਿਆਚਾਰ ਦਾ ਨਿਘਾਰ, ਸਾਡੇ ਸਾਹਮਣੇ ਹੈ, ਦੇਸ਼ ਨੂੰ ਸਿਆਸੀ, ਆਰਥਿਕ, ਸੱਭਿਆਚਾਰਕ ਸੰਕਟ 'ਚੋਂ ਕੱਢਣ ਦੀ ਲੋੜ ਹੈ। ਰਾਜਨੀਤਕ ਪਾਰਟੀਆਂ, ਫ਼ਿਰਕਾ ਪ੍ਰਸਤੀ ਦਾ ਸ਼ਿਕਾਰ ਹਨ। ਭਾਰਤ ਦੇ ਲੋਕਾਂ ਦੇ ਦੁੱਖਾਂ ਦਾ ਇਲਾਜ ਚੌਖੰਬਾ ਰਾਜ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਲੇਖਕ ਨੇ ਤਬਦੀਲੀਆਂ ਦੀਆਂ ਲੋੜਾਂ ਉੱਪਰ ਜ਼ੋਰ ਦਿੱਤਾ ਹੈ, ਜਿਵੇਂ ਸੂਚਨਾ ਦਾ ਅਧਿਕਾਰ, ਚੌ-ਖੰਭਾ ਰਾਜ, ਨਵੇਂ ਮਸੰਦਾਂ, ਮਹੰਤਾਂ ਤੋਂ ਗੁਰੂ ਘਰਾਂ ਨੂੰ ਮੁਕਤ ਕਰਵਾਉਣਾ, ਅਸਲੀ ਅਤੇ ਨਕਲੀ ਅਕਾਲੀਆਂ ਦੀ ਪਰਖ ਕਰਨੀ, ਕੰਢੀ ਇਲਾਕਿਆਂ ਦੀਆਂ ਸਮੱਸਿਆ ਨੂੰ ਹੱਲ ਕਰਨਾ, ਪੰਜਾਬੀ ਸੱਭਿਆਚਾਰ ਦਾ ਹੁਲੀਆ ਵਿਗਾੜਨ ਵਾਲੇ ਲੋਕਾਂ ਤੋਂ 'ਸੁਚੇਤ ਰਹਿਣ' ਦੀ ਲੋੜ, ਪੰਜਾਬ ਵਿਚ ਸਿੱਖਿਆ-ਖੇਤਰ ਵਿਚ ਸੁਧਾਰਾਂ ਅਤੇ ਤਬਦੀਲੀਆਂ ਸੰਬੰਧੀ ਆਪਣੇ ਸੁਧਾਰਾਂ ਤੋਂ ਸਾਨੂੰ ਜਾਣੂ ਕਰਵਾਇਆ। ਖੇੜਾ ਸਾਹਿਬ ਦੇ ਯਤਨਾਂ ਸਦਕੇ ਹੀ, ਸਕੂਲਾਂ ਦਾ ਪ੍ਰਾਇਮਰੀ ਵਿਭਾਗ, ਵੱਖਰਾ ਪ੍ਰਬੰਧਕ ਵਿਭਾਗ ਸਥਾਪਿਤ ਹੋਇਆ ਸੀ। ਇਹ ਸੁਧਾਰ ਅਸਲ ਵਿਚ ਦੇਸ਼, ਸਮਾਜ ਅਤੇ ਸਰਕਾਰੀ ਗ਼ੈਰ-ਸਰਕਾਰੀ ਅਦਾਰਿਆਂ ਲਈ, ਚੁੱਪ ਕੀਤਾ ਇਨਕਲਾਬ ਸਾਬਿਤ ਹੋਵੇਗਾ, ਜਿਸ ਨੂੰ ਅਸੀਂ 5vo&ut}on ਕਹਿੰਦੇ ਹਾਂ। ਭਾਰਤ ਦੀ ਆਜ਼ਾਦੀ ਦੇ 75-76 ਸਾਲ, ਅਸਲ ਵਿਚ ਖ਼ਾਮੋਸ਼ ਤਬਦੀਲੀ ਦੇ ਸਾਲ ਹਨ, ਜਿਨ੍ਹਾਂ ਦਾ ਜ਼ਿਕਰ ਖੇੜਾ ਸਾਹਿਬ ਨੇ ਆਪਣੀ ਪੁਸਤਕ ਵਿਚ ਕੀਤਾ ਹੈ। ਸੁਧਾਰ ਹੁੰਦੇ ਰਹਿਣੇ ਚਾਹੀਦੇ ਹਨ, ਇਨ੍ਹਾਂ ਰਾਹੀਂ ਹੁੰਦੀ ਤਬਦੀਲੀ, ਹੌਲੇ-ਹੌਲੇ ਖ਼ੁਸ਼ਹਾਲੀ ਦੀ ਸੂਚਕ ਬਣਦੀ ਹੈ।ਅਜਿਹੇ ਲੇਖਕ ਦੀ ਕਲਮ ਦਾ ਅਭਿਨੰਦਨ ਹੈ ਜਿਹੜਾ ਆਪਣੇ ਦੇਸ਼, ਲੋਕ ਸਮਾਜ ਦੇ ਹਰ ਖੇਤਰ ਦੀ ਖ਼ੁਸ਼ਹਾਲੀ ਚਾਹੁੰਦਾ ਸੀ।

-ਡਾ. ਅਮਰ ਕੋਮਲ
ਮੋਬਾਈਲ : 84378-73565

ਕੌਣ ਸਾਹਿਬ ਨੂੰ ਆਖੇ
ਸੰਪਾਦਕ : ਦਰਸ਼ਨ ਬੋਪਾਰਾਏ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 80 ਰੁਪਏ, ਸਫ਼ੇ : 47
ਸੰਪਰਕ : 98158-94856

ਨਿੱਕੇ ਆਕਾਰ ਦੀ ਇਹ ਬੇਹੱਦ ਮਹੱਤਵਪੂਰਨ ਪੁਸਤਕ ਹੈ, ਜਿਸ ਵਿਚ ਪ੍ਰਸਿੱਧ ਸੂਫ਼ੀ ਕਵੀ ਵਜੀਦ ਦੇ ਰਚੇ ਸਲੋਕਾਂ ਦੀ ਹੱਥ ਲਿਖਤ ਸ਼ਾਮਿਲ ਕੀਤੀ ਗਈ ਹੈ। ਪੁਸਤਕ ਦੇ ਸੰਗ੍ਰਹਿ ਕਰਤਾ ਤੇ ਸੰਪਾਦਕ ਦਰਸ਼ਨ ਬੋਪਾਰਾਏ ਮੁੱਲਾਂਪੁਰ ਦਾਖਾ ਨੇ ਪੁਸਤਕ ਦੇ ਆਰੰਭ ਵਿਚ ਦੱਸਿਆ ਕਿ ਉਨ੍ਹਾਂ ਲਾਹੌਰ ਤੋਂ ਆਪਣੇ ਫੇਸਬੁੱਕ ਮਿੱਤਰ ਐਮ.ਐਸ. ਆਸਿਫ ਦੇ ਕਹਿਣ 'ਤੇ ਸੂਫ਼ੀ ਕਵੀ ਵਜੀਦ ਦੇ ਹੱਥ ਲਿਖਤ ਸਲੋਕਾਂ ਨੂੰ ਇਸ ਪੁਸਤਕ ਵਿਚ ਪਦਛੇਦ ਕਰਕੇ ਛਾਪਿਆ ਹੈ। ਇਹ ਪੁਰਾਤਨ ਹੱਥ-ਲਿਖਤ ਮਈ 1888 ਵਿਚ ਨਜ਼ਰ ਆਈ ਸੀ। ਇਸ ਰੂਹਾਨੀ ਕਵੀ ਦੀ ਇਹ ਕਾਵਿ-ਸਤਰ 'ਕੌਣ ਸਾਹਿਬ ਨੂੰ ਆਖੇ' ਇਸੇ ਕਰਕੇ ਇਸ ਪੁਸਤਕ ਦਾ ਸਿਰਲੇਖ ਬਣੀ ਹੈ।
ਇਹ ਪੁਸਤਕ ਪੜ੍ਹ ਕੇ ਦਰਸ਼ਨ ਬੋਪਰਾਏ ਬੇਹੱਦ ਉੱਦਮੀ ਸਿੱਧ ਹੋਏ ਹਨ। ਉਨ੍ਹਾਂ ਦਾ ਕੇਵਲ ਹੱਥ ਲਿਖਤ ਸਲੋਕਾਂ ਨੂੰ ਪਦਛੇਦ ਕੀਤਾ ਨਾਲ ਹੀ ਇਨ੍ਹਾਂ ਸਲੋਕਾਂ ਵਿਚ ਦਰਜ ਔਖੇ ਸ਼ਬਦਾਂ ਦੇ ਅਰਥ ਵੀ ਲਿਖੇ ਹਨ ਜੋ ਕਿ ਪਾਠਕਾਂ ਲਈ ਬੇਹੱਦ ਲੋੜੀਂਦੇ ਹਨ।
ਉਨ੍ਹਾਂ ਨੇ ਇਸ ਪੁਸਤਕ ਵਿਚ ਜਿਥੇ ਸੂਫ਼ੀ ਕਵੀ ਵਜੀਦ ਦੀ ਹੱਥ ਲਿਖਤ ਮਹਿਫੂਜ਼ ਕੀਤੀ ਹੈ, ਉਥੇ ਉਨ੍ਹਾਂ ਇਸ ਪੁਸਤਕ ਵਿਚ ਆਪਣੇ ਲੇਖ 'ਦੌਲਤ ਦੀ ਕਾਣੀ ਵੰਡ', 'ਸੂਫ਼ੀ ਸ਼ਬਦ ਬਾਰੇ' ਅਤੇ 'ਬਾਬਾ ਵਜੀਦ ਜੀ ਬਾਰੇ' ਵਿਚ ਸੂਫੀ ਸਾਹਿਤ, ਸੂਫ਼ੀ ਵਿਚਾਰਧਾਰਾ ਅਤੇ ਸੂਫ਼ੀ ਕਵੀ ਵਜੀਦ ਬਾਰੇ ਬੇਹੱਦ ਮਹੱਤਵਪੂਰਨ ਅਤੇ ਲੋੜੀਂਦੀ ਖੋਜ ਭਰਪੂਰ ਜਾਣਕਾਰੀ ਦਰਜ ਕੀਤੀ ਹੈ। ਬੋਪਾਰਾਏ ਜੀ ਦਾ ਇਹ ਖੋਜ ਕਾਰਜ ਸਭ ਪਾਸਿਉਂ ਸਲਾਹਿਆ ਜਾਣਾ ਬਣਦਾ ਹੈ।

-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444

ਦੂਜਾ ਵਿਸ਼ਵ ਯੁੱਧ
ਅਨੁਵਾਦਕ ਤੇ ਸੰਪਾਦਕ : ਜਿੰਦਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 295 ਰੁਪਏ, ਸਫ਼ੇ : 240
ਸੰਪਰਕ : 98148-03254

ਪ੍ਰਸਿੱਧ ਕਹਾਣੀਕਾਰ ਤੇ ਅਨੁਵਾਦਕ ਜਿੰਦਰ ਨੇ ਇਸ ਕਿਤਾਬ ਵਿਚ ਹਿੰਦੀ ਦੇ ਵੱਖ-ਵੱਖ 12 ਕਹਾਣੀਕਾਰਾਂ ਦੀਆ 12 ਕਹਾਣੀਆਂ ਸੰਪਾਦਿਤ ਕੀਤੀਆਂ ਹਨ। ਆਕਾਰ ਵਲੋਂ ਕਹਾਣੀਆ 5 ਸਫ਼ਿਆਂ ਤੋਂ 33 ਸਫ਼ਿਆਂ ਤੱਕ ਹਨ । ਕਹਾਣੀਆਂ ਦੀ ਚੋਣ ਬਾਰੇ ਜਿੰਦਰ ਨੇ ਲਿਖਿਆ ਹੈ ਇਨ੍ਹਾਂ 12 ਕਹਾਣੀਆ ਵਿਚ 10 ਕਹਾਣੀਆਂ ਬਜ਼ੁਰਗਾਂ ਦੀ ਜ਼ਿੰਦਗੀ ਬਾਰੇ ਹਨ। ਕਹਾਣੀਆਂ ਵੀ ਉਹ ਹਨ ਜੋ ਸੰਪਾਦਕ ਨੂੰ ਹਿੰਦੀ ਮੈਗਜ਼ੀਨ ਪੜ੍ਹਦੇ ਸਮੇਂ ਚੰਗੀਆਂ ਲੱਗੀਆਂ ਤੇ ਜਿਨ੍ਹਾਂ ਪ੍ਰਭਾਵਿਤ ਕੀਤਾ। ਹਿੰਦੀ ਕਹਾਣੀ ਬਾਰੇ ਸੰਪਾਦਕ ਨੇ ਪ੍ਰਭਾਵਸ਼ਾਲੀ ਭੂਮਿਕਾ ਲਿਖੀ ਹੈ। ਹਿੰਦੀ ਕਹਾਣੀ ਦੇ ਆਕਾਰ ਬਾਰੇ ਲਿਖਿਆ ਹੈ- ਉਦਯ ਪ੍ਰਕਾਸ਼ ਨੇ ਕਹਾਣੀ ਮੋਹਨ ਲਾਲ 125 ਸਫ਼ਿਆਂ ਵਿਚ ਲਿਖੀ ਹੈ । 1980-90 ਤੋਂ ਪਿੱਛੋਂ ਹਿੰਦੀ ਕਹਾਣੀ ਵਿਚ ਨਵੇਂ ਚਿਹਰੇ ਆਉਣ ਲੱਗੇ। ਪੰਜਾਬੀ ਕਹਾਣੀ ਵਾਂਗ ਹਿੰਦੀ ਵਿਚ ਵੀ ਕਹਾਣੀ ਦੀ ਪੀੜ੍ਹੀ ਵੰਡ ਹੁੰਦੀ ਰਹੀ ਹੈ। ਹਿੰਦੀ ਕਹਾਣੀਕਾਰ ਭੀਸ਼ਮ ਸਾਹਨੀ ਦਾ ਹਵਾਲਾ ਹੈ। ਭਾਸ਼ਾ ਕੋਈ ਵੀ ਹੋਵੇ, ਕਹਾਣੀ ਸਮਕਾਲੀ ਸਮਾਜਿਕ ਮੁੱਦਿਆਂ ਨੂੰ ਆਧਾਰ ਬਣਾਉਂਦੀ ਹੈ । ਸੰਗ੍ਰਹਿ ਵਿਚ ਗੋਬਿੰਦ ਮਿਸ਼ਰ ਦੀ ਕਹਾਣੀ 'ਜ਼ਖਮੀ' ਦੇ ਪਾਤਰ ਦੇ ਬੋਲ ਹਨ... ਵੇਖ ਅਸੀਂ ਦੋਵੇਂ ਹੀ ਬੁੱਢੇ ਹਾਂ, ਬੇਵਸ। ਹੁਣ ਤੂੰ ਡਿਗ ਪਈ ਸੀ, ਕਿਸੇ ਨਾ ਕਿਸੇ ਤਰਾਂ ਤੈਨੂੰ ਚੁੱਕਿਆ ਮੈਂ...। ਪ੍ਰਿਯ ਵੰਦ ਦੀ ਕਹਾਣੀ 'ਬਿਲਕੁਲ ਨੰਗਾ' ਦੇ ਪਾਤਰ ਰੇਲ ਸਫ਼ਰ ਕਰਦਾ ਬਜ਼ੁਰਗ ਜੋੜਾ ਹੈ। ਉਹ ਕੁਦਰਤ ਦਾ ਅਨੰਦ ਮਾਣਦੇ ਹਨ। ਇਕ ਮੁਸਾਫਰ ਨੂੰ ਮਿਲਦੇ ਹਨ। ਉਹ ਬੇਟਿਕਟਾ ਹੈ। ਕਹਾਣੀਕਾਰ ਆਪਣੀ ਕਹਾਣੀ ਸਿਰਜਣਾ ਦੀ ਗੱਲ ਕਰਦਾ ਹੈ। ਬਜ਼ੁਰਗ ਪਾਤਰ ਜ਼ਿੰਦਗੀ ਜਿਉਣ ਦੇ ਸੁਪਨੇ ਲੈਂਦੇ ਹਨ। ਤੁਰਨ ਫਿਰਨ ਦੀ ਬੇਵਸੀ ਕਾਰਨ ਸੁਪਨਿਆਂ ਵਿਚ ਉਹ ਯਾਤਰਾ ਕਰਦੇ ਹਨ । ਯੋਗੇਂਦਰ ਆਹੂਜਾ ਦੀ ਕਹਾਣੀ 'ਕੁਸ਼ਤੀ' ਦਾ ਪਾਤਰ ਸੁਪਨੇ ਵਿਚ ਕੁਸ਼ਤੀ ਲੜਦਾ ਹੈ। ਪਾਤਰ ਆਪਣੇ ਅਤੀਤ ਨੂੰ ਯਾਦ ਕਰਦੇ ਹਨ। ਉਨ੍ਹਾਂ ਕੋਲ ਜ਼ਿੰਦਗੀ ਦਾ ਗਹਿਰਾ ਤਜ਼ਰਬਾ ਹੈ। ਪਾਤਰ ਜਨਕ ਤੇ ਅਹਿਲਿਆ (ਕਹਾਣੀ ਛੋਟੀ ਜਿਹੀ ਦੁਨੀਆ ਗਿਆਨ ਪ੍ਰਕਾਸ਼ ਵਿਵੇਕ) ਇਕ ਦੂਸਰੇ ਦੇ ਦੁੱਖ ਸੁੱਖ ਦੇ ਭਾਈਵਾਲ ਹਨ। ਉਨ੍ਹਾਂ ਦੇ ਬੱਚੇ ਪਰਿਵਾਰਾਂ ਵਾਲੇ ਹਨ ਤੇ ਦੂਰ ਰਹਿੰਦੇ ਹਨ। ਕਦੇ ਕਦੇ ਘਰ ਗੇੜਾ ਮਾਰਦੇ ਹਨ। ਪਰ ਬਜ਼ੁਰਗ ਫਿਰ ਵੀ ਸੰਤੁਸ਼ਟ ਹਨ। ਬਜ਼ੁਰਗਾਂ ਦੇ ਨਿੱਕੇ ਨਿੱਕੇ ਸੰਵਾਦ ਮਨ ਨੂੰ ਟੁੰਭਦੇ ਹਨ। (ਕਹਾਣੀ ਕੁੱਤਾ- ਬਿੱਲੀ ਮੋ ਆਰਿਫ ਸਫ਼ਾ 180) ਕਹਾਣੀਆਂ 'ਮੱਕੜੀ ਦੇ ਜਾਲੇ, ਸਨੀ ਲਿਓਨੀ, ਦੂਜਾ ਵਿਸ਼ਵ ਯੁੱਧ, ਇਕ ਨਕਸ਼ਾ ਇਕ ਸੁਪਨਾ ਤੇ ਕੁਝ ਤਿਤਲੀਆਂ, ਰੰਗਮੰਚ ਵਿਚ ਨੱਚੀ ਰਾਧਾ, ਸਾਜ਼ ਨਾਸਾਜ਼ ਵੱਖ-ਵੱਖ ਸਥਿਤੀਆਂ' ਦੀਆਂ ਭਾਵਪੂਰਤ ਕਹਾਣੀਆਂ ਹਨ। ਅਨੁਵਾਦਤ ਕਹਾਣੀ ਸੰਗ੍ਰਹਿ ਦਾ ਸਵਾਗਤ ਹੈ ।

-ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

04-03-2024

 ਜੁਗਨੂੰਆਂ ਦੇ ਅੰਗ ਸੰਗ
ਲੇਖਕ : ਜਗਜੀਤ ਸਿੰਘ ਲੋਹਟਬੱਧੀ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 89684-33500

ਹਥਲੀ ਪੁਸਤਕ ਵਿਚ ਪ੍ਰੋ. ਜਗਜੀਤ ਸਿੰਘ ਲੋਹਟਬੱਧੀ ਦੇ 22 ਲਲਿਤ ਅਤੇ ਸੱਭਿਆਚਾਰਕ ਨਿਬੰਧ ਸੰਕਲਿਤ ਹਨ। ਪ੍ਰੋ. ਲੋਹਟਬੱਧੀ ਪੰਜਾਬੀ ਅਤੇ ਵਿਸ਼ਵ ਸਾਹਿਤ ਦਾ ਇਕ ਗੰਭੀਰ ਪਾਠਕ ਹੈ ਅਤੇ ਉਸ ਨੇ ਆਪਣੇ ਜੀਵਨ ਦੇ ਤਿੰਨ-ਚਾਰ ਦਹਾਕੇ ਅੰਗਰੇਜ਼ੀ ਸਾਹਿਤ ਨੂੰ ਤੁਲਨਾਤਮਕ-ਸ਼ਾਸਤਰ ਦੀ ਦ੍ਰਿਸ਼ਟੀ ਨਾਲ ਪੜ੍ਹਾਇਆ ਹੈ। ਉਹ ਜਾਣਦਾ ਹੈ ਕਿ ਹਰ ਸਾਹਿਤਕ ਰਚਨਾ ਆਪਣੇ ਸਮਕਾਲੀ ਅਤੇ ਪੂਰਵਕਾਲੀ ਸਾਹਿਤ ਨਾਲ ਜੁੜੀ ਹੁੰਦੀ ਹੈ। ਇਹੀ ਕਾਰਨ ਹੈ ਕਿ ਇਸ ਪੁਸਤਕ ਵਿਚਲੇ ਕਈ ਲੇਖ ਗੁਰੂ ਨਾਨਕ ਸਾਹਿਬ, ਪਰਮਸੰਤ ਨਾਮਦੇਵ, ਵਾਰਿਸ ਸ਼ਾਹ, ਪ੍ਰਿੰ. ਤੇਜਾ ਸਿੰਘ ਅਤੇ ਪੰਜਾਬ ਦੇ ਲੋਕ-ਸਾਹਿਤਕ ਵਿਰਸੇ ਨਾਲ ਬੜਾ ਜੀਵੰਤ ਸੰਵਾਦ ਰਚਾਉਂਦੇ ਹਨ।
ਬੇਸ਼ੱਕ, ਪੂੰਜੀਵਾਦੀ ਯੁੱਗ ਦੇ ਅਮਾਨਵੀ ਚਰਿੱਤਰ ਨੇ ਆਧੁਨਿਕ ਕਾਲ ਦੇ ਬਹੁਤ ਸਾਰੇ ਲੇਖਕਾਂ ਦਾ ਲਹਿਜ਼ਾ ਤਲਖ਼ ਅਤੇ ਤੁਰਸ਼ ਕਰ ਦਿੱਤਾ ਹੈ, ਪ੍ਰੰਤੂ ਪ੍ਰੋ. ਸਾਹਿਬ ਨੇ ਆਪਣੇ ਸਹਿਜ-ਸੰਤੁਲਨ ਨੂੰ ਬੇਕਾਬੂ ਜਾਂ ਭਾਵੁਕ ਨਹੀਂ ਹੋਣ ਦਿੱਤਾ। ਉਹ ਮਨੁੱਖੀ ਜੀਵਨ ਨੂੰ ਰੱਬ ਦੀ ਕੁਦਰਤ ਦੀ ਇਕ ਅਨਮੋਲ ਦਾਤ ਸਮਝਦਾ ਹੈ। ਇਸੇ ਲਈ ਉਹ ਇਸ ਦੀ ਰੱਜ ਕੇ ਖ਼ੁਸ਼ੀ ਮਨਾਉਂਦਾ ਹੈ। ਦੇਖੋ : 'ਜ਼ਿੰਦਗੀ ਖ਼ੁਸ਼ਬੋਈ ਐ। ਰੀਝਾਂ ਅਤੇ ਸੁਪਨਿਆਂ ਦੇ ਧਾਗਿਆਂ ਵਿਚ ਪਰੋਈ ਮਾਲਾ! ਦਰਿਆਵਾਂ ਦੇ ਪਾਣੀਆਂ ਦੀ ਸਰਸਾਹਟ, ਪੌਣਾਂ ਦਾ ਸਿਰਨਾਵਾਂ, ਪੰਛੀਆਂ ਦੀ ਉਡਾਰੀ... ਜੀਅ ਭਰ ਕੇ ਜਿਊਣ ਦਾ ਤਸੱਵਰ!' (ਜ਼ਿੰਦਗੀ ਜ਼ਿੰਦਾਬਾਦ, ਪੰ. 25)
ਇਸ ਪੁਸਤਕ ਦੇ ਲੇਖਾਂ ਵਿਚ ਪ੍ਰੋ. ਤੇਜਾ ਸਿੰਘ ਵਾਲੀ ਸਹਿਜ-ਸੁਭਾਵਿਕਤਾ, ਪ੍ਰੋ. ਪੂਰਨ ਸਿੰਘ ਵਰਗੀ ਕਲਪਨਾਤਕਮਤਾ ਅਤੇ ਸ. ਲਾਲ ਸਿੰਘ ਕਮਲਾ ਅਕਾਲੀ ਵਰਗੀ ਤੁਲਨਾਤਮਿਕ ਦ੍ਰਿਸ਼ਟੀ ਨਜ਼ਰ ਆਉਂਦੀ ਹੈ। ਲੇਖਕ ਨੇ ਆਪਣੇ ਵਿਸ਼ਾਲ ਅਨੁਭਵ ਦਾ ਫਾਇਦਾ ਉਠਾਉਂਦਿਆਂ ਇਨ੍ਹਾਂ ਲੇਖਾਂ ਨੂੰ ਬਹੁਪੱਖੀ ਆਕਾਰ-ਪ੍ਰਕਾਰ ਪ੍ਰਦਾਨ ਕੀਤੇ ਹਨ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਪੰਜਾਬ ਅਤੇ ਵਿਸ਼ਵ ਦੇ ਪ੍ਰਮੁੱਖ ਲੇਖਕਾਂ ਦੀਆਂ ਉਦਾਹਰਨਾਂ (ਕੋਟੇਸ਼ਨਜ਼ ਸਮੇਤ) ਦਿੱਤੀਆਂ ਹਨ। ਲਾਲਿਤਯ (&਼r}ca&}sm) ਇਨ੍ਹਾਂ ਲੇਖਾਂ ਦਾ ਪਛਾਣ-ਚਿੰਨ੍ਹ ਹੈ। ਇਹ ਪੁਸਤਕ 'ਚੜ੍ਹਦੀ ਕਲਾ' ਦਾ ਇਕ ਬਹੁਮੁੱਲਾ ਦਸਤਾਵੇਜ਼ ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਸੁਰਵੰਤੀਆਂ
ਗ਼ਜ਼ਲਕਾਰ : ਮੇਜਰ ਸਿੰਘ ਰਾਜਗੜ੍ਹ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 155 ਰੁਪਏ, ਸਫ਼ੇ : 96
ਸੰਪਰਕ : 98766-64204

ਅਜੋਕੇ ਦੌਰ ਵਿਚ ਲਿਖੀ ਜਾ ਰਹੀ ਪੰਜਾਬੀ ਗ਼ਜ਼ਲ ਦਾ ਦਾਇਰਾ ਹੁਣ ਸੀਮਤ ਨਹੀਂ ਰਿਹਾ, ਇਸ ਦੇ ਰਚਨਹਾਰਿਆਂ ਵਿਚ ਨਵੇਂ ਦਿਨ ਸੰਭਾਵਨਾਵਾਂ ਭਰਪੂਰ ਨਵੇਂ ਚਿਹਰੇ ਸ਼ਾਮਿਲ ਹੋ ਰਹੇ ਹਨ। ਇਨ੍ਹਾਂ ਚਿਹਰਿਆਂ ਵਿਚ ਮੇਜਰ ਸਿੰਘ ਰਾਜਗੜ੍ਹ ਉੱਭਰਵਾਂ ਨਾਮ ਹੈ। ਉਸ ਦਾ ਗ਼ਜ਼ਲ ਸੰਗ੍ਰਹਿ 'ਸੁਰਵੰਤੀਆਂ' ਪੰਜਾਬੀ ਬੋਲੀ, ਸੂਫ਼ੀਆਂ ਤੇ ਕਿਰਤੀਆਂ ਨੂੰ ਸਮਰਪਿਤ ਹੈ। ਇਸ ਸੰਗ੍ਰਹਿ ਦੇ ਪੰਨੇ ਫਰੋਲਦਿਆਂ ਇਹ ਸਾਰਥਿਕ ਵੀ ਲਗਦਾ ਹੈ। ਗ਼ਜ਼ਲ ਭਾਵੇਂ ਮੁਹੱਬਤੀ ਪ੍ਰਵਚਨ ਦੀ ਅਭੀਵਿਅਕਤੀ ਸਮਝੀ ਜਾਂਦੀ ਰਹੀ ਹੈ ਪਰ ਸਮੇਂ ਦੇ ਨਾਲ-ਨਾਲ ਇਸ ਨੇ ਆਪਣੇ ਆਪ ਨੂੰ ਬਦਲ ਲਿਆ ਹੈ। ਇਹ ਮੇਜਰ ਸਿੰਘ ਰਾਜਗੜ੍ਹ ਦੀ ਗ਼ਜ਼ਲਕਾਰੀ ਵੀ ਦਰਸਾਉਂਦੀ ਹੈ। ਉਹ ਖ਼ੁਦ ਕਿਰਤੀ ਹੈ ਤੇ ਆਪਣੇ ਸ਼ਿਅਰਾਂ ਵਿਚ ਵੀ ਉਹ ਕਿਰਤ ਨਾਲ ਸੰਵਾਦ ਰਚਾਉਂਦਾ ਹੈ। ਇਸ ਕਿਤਾਬ ਵਿਚ ਰਾਜਗੜ੍ਹ ਨੇ ਗ਼ਜ਼ਲ ਨੂੰ ਆਪਣੇ ਸੰਘਰਸ਼ ਦਾ ਵਸੀਲਾ ਬਣਾਇਆ ਹੈ। ਉਹ ਨਿੱਤ ਦਿਨ ਕਿਰਤ ਖ਼ਿਲਾਫ਼ ਹੋ ਰਹੇ ਫ਼ੈਸਲਿਆਂ ਅਤੇ ਘੜੇ ਜਾਂਦੇ ਕਾਲੇ ਕਾਨੂੰਨਾਂ ਤੋਂ ਪ੍ਰੇਸ਼ਾਨ ਤੇ ਚਿੰਤਤ ਹੈ ਅਤੇ ਉਸ ਦਾ ਰੰਜ ਇਨ੍ਹਾਂ ਗ਼ਜ਼ਲਾਂ 'ਚੋਂ ਬੋਲਦਾ ਹੈ। ਉਹ ਹਨੇਰੀ ਰਾਤ ਵਿਚ ਦੀਵੇ ਜਗਾਉਣ ਦਾ ਹੋਕਾ ਦਿੰਦਾ ਹੈ ਤੇ ਪ੍ਰਾਪਤੀਆਂ ਲਈ ਇਕਜੁਟਤਾ ਨੂੰ ਬਹੁਤ ਜ਼ਰੂਰੀ ਸਮਝਦਾ ਹੈ। ਕਿਤੇ ਕਿਤੇ ਉਸ ਨੂੰ ਸੱਜਣ ਦੀ ਦੀਦ ਦੀ ਵੀ ਤਾਂਘ ਹੈ, ਕਿਉਂਕਿ ਸਾਥ ਬਿਨਾਂ ਕੋਈ ਵੀ ਜੰਗ ਜਿੱਤਣੀ ਆਸਾਨ ਨਹੀਂ ਹੁੰਦੀ। ਉਹ ਬਚਪਨ ਵਿਚ ਸਾਥੀਆਂ ਨਾਲ ਬਿਤਾਏ ਦਿਨਾਂ ਨੂੰ ਵੀ ਯਾਦ ਕਰਦਾ ਹੈ ਤੇ ਪੁਰਾਣੇ ਸਮੇਂ ਦੀਆਂ ਲਿਹਾਜ਼ਦਾਰੀਆਂ ਹੁਣ ਵੀ ਉਸ ਦੇ ਚੇਤੇ 'ਚ ਹਨ। ਪੁਰਾਤਨ ਪੰਜਾਬ ਦਾ ਮੁਹਾਂਦਰਾ ਹੁਣ ਵੀ ਉਸ ਦੇ ਅੰਦਰ ਵਸਿਆ ਹੋਇਆ ਹੈ। ਪੁਸਤਕ ਵਿਚ ਸ਼ਾਮਿਲ 74 ਗ਼ਜ਼ਲਾਂ ਉਸ ਦੀ ਉਸਾਰੂ ਤੇ ਅਗਾਂਹਵਧੂ ਵਿਚਾਰਧਾਰਾ ਦੀ ਪੁਸ਼ਟੀ ਕਰਦੀਆਂ ਹਨ। ਅਜਿਹੀ ਵਿਚਾਰਧਾਰਾ ਅਜੋਕੇ ਦੌਰੇ ਵਿਚ ਹੋਰ ਵੀ ਅਹਿਮ ਹੋ ਗਈ ਹੈ। ਤਮਾਮ ਗ਼ਜ਼ਲਾਂ ਵਿਚ ਵਧੇਰੇ ਕਰਕੇ ਗ਼ਜ਼ਲ ਦੇ ਅਸੂਲਾਂ ਨੂੰ ਨਿਭਾਇਆ ਗਿਆ ਹੈ ਤੇ ਸ਼ਿਅਰਾਂ ਨੂੰ ਸਰਲ ਰੱਖਿਆ ਗਿਆ ਹੈ। ਸੰਦੇਸ਼ ਵਾਹਕ ਰਚਨਾਵਾਂ ਨੂੰ ਮੁਸ਼ਕਿਲ ਸ਼ਬਦਾਵਲੀ ਰਾਸ ਵੀ ਨਹੀਂ ਆਉਂਦੀ। 'ਸੁਰਵੰਤੀਆਂ' ਗ਼ਜ਼ਲ ਸੰਗ੍ਰਹਿ ਨੂੰ ਪੜ੍ਹਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਭਵਿੱਖ ਵਿਚ ਗ਼ਜ਼ਲਕਾਰ ਹੋਰ ਵੀ ਸ਼ਿੱਦਤ ਨਾਲ ਨਿੱਖਰ ਕੇ ਸਾਹਮਣੇ ਆਵੇਗਾ। ਲੋਕਾਂ ਦੀ ਗੱਲ ਕਰਨ ਵਾਲੀ ਇਸ ਪੁਸਤਕ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਹਥੇਲੀ 'ਤੇ ਰੱਖਿਆ ਸੂਰਜ
ਸੰਪਾਦਕ : ਡਾ. ਮਨਜੀਤ ਸਿੰਘ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 320
ਸੰਪਰਕ : 96469-60600

ਵਿਚਾਰਧੀਨ ਕਹਾਣੀ ਸੰਗ੍ਰਹਿ ਵਿਚ ਮਨੋਵਿਗਿਆਨ/ਮਾਨਸਿਕ ਵਿਸ਼ਲੇਸ਼ਣ/ਪਾਤਰਾਂ ਦੇ ਅਸਤਿਤਵ ਅਨੁਸਾਰ ਬਿਰਤਾਂਤ ਸਿਰਜਣ ਵਾਲੀਆਂ ਕਥਾਵਾਂ ਸੰਕਲਿਤ ਕੀਤੀਆਂ ਗਈਆਂ ਹਨ, ਇਨ੍ਹਾਂ ਕਹਾਣੀਆਂ ਦਾ ਅਧਿਐਨ ਕਰਦਿਆਂ ਬਿਨਾਂ ਕਿਸੇ ਵਾਧੂ ਵਿਸਥਾਰ ਦੇ ਕੇਂਦਰੀ ਸੂਤਰ ਪਹਿਚਾਣੇ ਜਾ ਸਕਦੇ ਹਨ। ਭਾਵ : ਮਰਦਾਵੀਂ ਹਉਂ (ਵਿਪਿਨ ਗਿੱਲ) ਦੀ ਕਹਾਣੀ 'ਅਣਕਹੀ ਪੀੜ੍ਹ', ਗੇਅ : ਅਰਘ (ਜਤਿੰਦਰ ਹਾਂਸ), ਦੁਖੀ ਬੁਢਾਪਾ-ਇਕੱਲਤਾ ਦੀ ਮਾਨਸਿਕਤਾ, ਆਸ ਨਿਰਾਸ਼ (ਬਲਵੀਰ ਪਰਵਾਨਾ), ਪੰਜਾਬ ਬਨਾਮ ਕੈਨੇਡਾ ਦੀ ਅਣਖੀ ਮਾਨਸਿਕਤਾ, ਇਹ ਝਾਂਜਰ ਤੂੰ ਨਾ ਪਾਵੀਂ (ਅਜਮੇਰ ਸਿੱਧੂ), ਇਕੋ ਪਤਨੀ-ਇਕੋ ਦਰਵਾਜ਼ਾ (ਦਰਸ਼ਨ ਜੋਗਾ), ਸੁਪਨ ਅਰਧ ਸੁਪਨ ਅਵਸਤਾ ਊਟ-ਪਟਾਂਗ, ਇਬਾਰਤਾਂ (ਬਲੀਜੀਤ), ਇੱਛਾਧਾਰੀ' (ਕਿਰਪਾਲ ਕਜ਼ਾਕ), ਰੰਗਰੇਟਾ ਬਨਾਮ ਸਿੱਧੂ, ਸਿੱਧਾ ਬੰਦਾ, ਵੰਡੀ ਹੋਈ ਮਾਨਸਿਕਤਾ (ਗੁਰਮੀਤ ਕੜਿਆਲਵੀ), ਨਿਰਾਸ਼ਾ ਦਾ ਆਸ ਵਿਚ ਪਰਿਵਰਤਨ 'ਸੁਪਨਾ' (ਅਮਰਜੀਤ ਸਿੰਘ ਮਾਨ), ਰੇਪ ਬਨਾਮ ਹਊਆ-ਸੇਫਟੀ ਕਿੱਟ (ਜਿੰਦਰ), ਰੂਹ ਬਨਾਮ ਸਰੀਰਕ ਮਿਲਾਪ 'ਹਥੇਲੀ 'ਤੇ ਰੱਖਿਆ ਸੂਰਜ' (ਆਗਾਜ਼ਬੀਰ), 'ਹਾਰਸ ਪਾਵਰ'-ਹਿਣਕਦਾ ਹੋਇਆ ਘੋੜਾ (ਸਵਾਮੀ ਸਰਬਜੀਤ), ਕਰੋਨੇ ਦੇ ਦਿਨਾਂ ਵਿਚ ਘਰਾਂ ਨੂੰ ਜਾਂਦੇ ਬਿਹਾਰੀ ਮਜ਼ਦੂਰ, ਪੁਲਿਸ ਦੀ ਕੁੱਟ 'ਕਵਣੁ ਦੇਸ ਹੈ ਤੇਰਾ' (ਕੇਸਰਾ ਰਾਮ), ਵੱਖ-ਵੱਖ ਘਟਨਾਵਾਂ ਦੀ ਜਟਿਲ ਪੇਸ਼ਕਾਰੀ 'ਕੰਧ 'ਤੇ ਲਿਖਿਆ ਲਫ਼ਜ਼' (ਮਹਿੰਦਰ ਸਿੰਘ ਤਾਤਲਾ), 'ਗਤੀ' ਕੇਵਲ ਨਾਅਰੇ, ਕ੍ਰਾਂਤੀ ਨਹੀਂ (ਸੰਦੀਪ ਸਮਰਾਲਾ), ਮ੍ਰਿਤਕ ਪਤੀ ਪਰ ਪਤਨੀ ਦੀ ਮਾਨਸਿਕ ਦਸ਼ਾ 'ਛੱਲਾ' (ਦੀਪਤੀ ਬਬੂਦਾ), ਜ਼ੀਰੋ ਤੋਂ ਅਸਤਿਤਵ ਦਾ ਵਿਕਾਸ (ਜ਼ੀਰੋ) (ਗੁਰਮੀਤ ਆਰਿਫ਼), ਇਕੋ ਖ਼ਾਨਦਾਨ 'ਚ ਵਿਆਹ ਕਾਰਨ ਬਿਮਾਰੀਆਂ 'ਡੌਂਟ ਮਾਈਂਡ' (ਅਨਮਨ ਸਿੰਘ), ਸਪਰਮ ਤੋਂ ਬੱਚਾ ਪੈਦਾ ਕਰਕੇ ਇੱਜ਼ਤ ਦੀ ਰਾਖੀ 'ਤੁਖ਼ਮ' (ਭੂਪਿੰਦਰ ਸਿੰਘ ਮਾਨ), ਕੁਆਰ ਭੰਗ, ਪਤੀ ਨੂੰ ਦੱਸਣ 'ਚ ਦੁਬਿਧਾ 'ਤੂੰ ਇਜ ਨਾ ਕਰੀਂ' (ਨਿਰੰਜਣ ਬੋਹਾ), ਪਤੀ ਲੜ ਕੇ ਪਿਆਰ ਕਰੇ ਬਨਾਮ ਪਿਆਰ ਕਰਕੇ ਲੜੇ 'ਨਿਸ਼ਾਨ' (ਸਿਮਰਨ ਧਾਲੀਵਾਲ), ਸਿਜ਼ੋਫਰੇਨਿਆ 'ਪਲੇਟੀ' (ਜਸਵਿੰਦਰ ਧਰਮਕੋਟ), ਪੁੱਠੇ ਪੈਰੀਆਂ ਬਨਾਮ ਸਿੱਧੇ ਪੈਰੀਆਂ (ਅੰਜਨਾ ਸ਼ਿਵਦੀਪ), ਅੰਮ੍ਰਿਤਧਾਰੀ ਬਨਾਮ ਪਤਿਤ ਪਰਿਵਾਰ 'ਬੇਅਦਬੀ' (ਬਲਦੇਵ ਸਿੰਘ ਢੀਂਡਸਾ), ਨਾਮਰਦ ਪਤੀ ਬਨਾਮ ਮਰਦ ਬੰਦੇ 'ਬੰਜਰ' (ਜਗਰੂਪ ਸਿੰਘ ਦਾਤੇਵਾਸ), ਅਣਗੌਲੀ ਆਰਟਿਸਟ 'ਮਜਬੂਰੀ' (ਕੁਲਬੀਰ ਬਡੇਸਰੋਂ), ਚੰਦਨ ਦੇ ਬੂਟੇ ਲਾਗੇ ਅਰਹਰ ਦਾ ਮੁਰਝਾਉਣਾ ਮੈਦਾਫਰ 'ਰਹਿਣ ਦਿਓ ਪਾਪਾ' (ਬੂਟਾ ਸਿੰਘ), ਹਰ ਕਹਾਣੀ ਸ਼ੰਕਾ ਨਾਲ ਸ਼ੁਰੂ ਹੁੰਦੀ ਹੈ, ਅੱਗੋਂ ਕੀ ਹੋਇਆ? ਕਈ ਕਹਾਣੀਆਂ ਦੇ ਮੈਨਫਰ ਸੱਜਰੇ ਹਨ, ਕਈ ਵਾਰੀ ਸ਼ਬਦ ਢਕੇ ਰਹਿ ਜਾਂਦੇ ਹਨ, ਅਰਥ ਨੰਗੇ ਹੋ ਜਾਂਦੇ ਹਨ। ਅੰਤ ਪਾਤਰਾਂ ਦੇ ਹੱਥ ਰਹਿੰਦੇ ਹਨ। ਪਾਠਕ ਹੱਕਾ-ਬੱਕਾ ਰਹਿ ਜਾਂਦਾ ਹੈ। ਆਹ ਕੀ ਹੋ ਗਿਆ?

-ਡਾ. ਧਰਮ ਚੰਦ ਵਾਤਿਸ਼
vatishdharamchand@gmail.com

ਮਾਣਮੱਤਾ ਸੰਪਾਦਕ - ਸਾਹਿਤਕਾਰ ਕੰਵਰਜੀਤ ਭੱਠਲ
ਦਾ ਯਾਦਗਾਰੀ ਅਭਿਨੰਦਨ
ਮੁੱਖ ਸੰਪਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਭੱਠਲ ਪ੍ਰਕਾਸ਼ਨ, ਬਰਨਾਲਾ
ਮੁੱਲ : 400 ਰੁਪਏ, ਸਫ਼ੇ : 232
ਸੰਪਰਕ : 98766-36159

ਕੰਵਰਜੀਤ ਭੱਠਲ (ਜਨਮ 26.7.1943) ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਸ ਦਾ ਨਾਂਅ ਸੁਣਦਿਆਂ ਹੀ 'ਕਲਾਕਾਰ' ਅਤੇ 'ਭੱਠਲ ਪੁਰਸਕਾਰ' ਸਾਹਮਣੇ ਆ ਜਾਂਦੇ ਹਨ। ਉਹ ਇਕ ਸੁਹਿਰਦ ਕਵੀ ਅਤੇ ਸੂਝਵਾਨ ਸੰਪਾਦਕ ਹੈ। ਉਸ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉਸ ਨੇ ਜੋ ਕਾਰਜ ਕੀਤੇ ਹਨ, ਉਹ ਨਿਵੇਕਲੇ ਅਤੇ ਵਿਲੱਖਣ ਹਨ। 1993 ਤੋਂ ਸ਼ੁਰੂ ਹੋਈ ਪੱਤ੍ਰਿਕਾ 'ਕਲਾਕਾਰ' ਅੱਜ ਤੱਕ ਨਿਰਵਿਘਨ ਜਾਰੀ ਹੈ, ਜਿਸ ਦੇ ਉਸ ਨੇ 29 ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ ਹਨ। ਉਹ ਹੁਣ ਤੱਕ 20 ਸਾਹਿਤਕਾਰਾਂ (ਕਵੀ, ਕਹਾਣੀਕਾਰ, ਪੱਤਰਕਾਰ, ਆਲੋਚਕ, ਨਾਟਕਕਾਰ ਆਦਿ) ਨੂੰ 'ਭੱਠਲ ਸਾਹਿਤਕ ਪੁਰਸਕਾਰ' ਪ੍ਰਦਾਨ ਕਰ ਚੁੱਕਾ ਹੈ। ਉਸ ਨੇ 25 ਇਨਾਮੀ ਕਹਾਣੀ ਮੁਕਾਬਲੇ ਕਰਵਾਏ। ਉਸ ਦੇ 2 ਕਹਾਣੀ ਸੰਗ੍ਰਹਿ ਤੇ 32 ਸੰਪਾਦਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਤੇਜਾ ਸਿੰਘ ਤਿਲਕ ਵਲੋਂ ਸੰਪਾਦਿਤ ਇਸ ਪੁਸਤਕ ਵਿਚ ਬਣਾਏ ਵੱਖ-ਵੱਖ ਭਾਗਾਂ ਅਧੀਨ ਕਰੀਬ 60 ਵਿਦਵਾਨਾਂ ਵਲੋਂ ਲਿਖੇ ਰੇਖਾ ਚਿੱਤਰ, ਸ਼ਬਦ ਚਿੱਤਰ, ਮੁਲਾਕਾਤ, ਆਲੋਚਨਾਤਮਕ ਲੇਖ, ਵਿਸ਼ੇਸ਼ ਅੰਕਾਂ ਬਾਰੇ ਲੇਖ ਆਦਿ ਦੇ ਅੰਤਰਗਤ ਕੰਵਰਜੀਤ ਵਲੋਂ ਕੀਤੇ ਕਾਰਜਾਂ ਨੂੰ ਪੜ੍ਹਿਆ/ਮਾਣਿਆ ਜਾ ਸਕਦਾ ਹੈ। 1993 ਵਿਚ ਬੀਏ ਕਰਦਿਆਂ ਹੀ ਉਸ ਨੇ ਕਾਲਜ ਮੁਕਾਬਲੇ ਲਈ ਪਹਿਲੀ ਕਹਾਣੀ ਲਿਖੀ, ਜੋ ਪਹਿਲੇ ਸਥਾਨ 'ਤੇ ਰਹੀ। ਉਸ ਦੀਆਂ ਕਹਾਣੀਆਂ/ਕਵਿਤਾਵਾਂ 'ਪ੍ਰੀਤਲੜੀ' ਜਿਹੇ ਪ੍ਰਸਿੱਧ ਮੈਗਜ਼ੀਨ ਵਿਚ ਛਪੀਆਂ। ਉਸ ਨੇ ਵੱਖ-ਵੱਖ ਥਾਵਾਂ 'ਤੇ ਕਰੀਬ 40 ਸਾਲ ਅੱਡ-ਅੱਡ ਨੌਕਰੀਆਂ ਕੀਤੀਆਂ ਸਕੂਲ ਅਧਿਆਪਕ, ਕਾਪੀ ਹੋਲਡਰ, ਪਰੂਫ਼ ਰੀਡਰ, ਸੁਪਰਡੈਂਟ ਆਦਿ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 34 ਸਾਲ ਨੌਕਰੀ ਕਰਨ ਦੇ ਬਾਵਜੂਦ ਉਸ ਦੀ ਉਸ ਮਹਾਂਨਗਰ ਨਾਲ ਨਹੀਂ ਨਿਭ ਸਕੀ ਤੇ ਸੇਵਾਮੁਕਤੀ (30.9.2006) ਪਿੱਛੋਂ ਉਹ ਤੁਰੰਤ ਬਰਨਾਲੇ ਆ ਗਿਆ। ਚੰਡੀਗੜ੍ਹ ਉਸ ਦੇ ਲਈ 'ਚੰਡਾਲਗੜ੍ਹ' ਹੀ ਰਿਹਾ। ਉਸ ਦੀ ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਇਸ ਪੁਸਤਕ ਵਿਚੋਂ ਪੜ੍ਹੇ ਜਾ ਸਕਦੇ ਹਨ। ਪੁਸਤਕ ਵਿਚ ਸ਼ਾਮਿਲ ਵੱਖ-ਵੱਖ ਲੇਖਕਾਂ ਨੇ ਆਪੋ-ਆਪਣੇ ਨਜ਼ਰੀਏ ਤੋਂ ਭੱਠਲ ਦੀ ਸ਼ਖ਼ਸੀਅਤ ਅਤੇ ਜੀਵਨ ਨੂੰ ਅੰਕਿਆ ਹੈ। ਤੇਜਾ ਸਿੰਘ ਤਿਲਕ ਅਤੇ ਸੰਪਾਦਕੀ ਮੰਡਲ ਨੇ ਬੜੀ ਮਿਹਨਤ ਤੇ ਰੀਝ ਨਾਲ ਇਹ ਪੁਸਤਕ ਸਾਹਮਣੇ ਲਿਆਂਦੀ ਹੈ, ਜਿਸ ਵਿਚੋਂ ਇਕ ਸੁਹਿਰਦ, ਬੇਬਾਕ, ਪਰਉਪਕਾਰੀ, ਇਮਾਨਦਾਰ, ਮਿਹਨਤੀ ਤੇ ਅਨੁਸ਼ਾਸਨਬੱਧ ਇਨਸਾਨ ਦੇ ਦੀਦਾਰ ਹੁੰਦੇ ਹਨ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਸੰਤਾਲੀ ਤੋਂ ਚੁਰਾਸੀ
ਲੇਖਕ : ਅਸ਼ੋਕ ਵਸਿਸ਼ਠ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 224
ਸੰਪਰਕ : 098106-28570

ਗਲਪਕਾਰ ਮਰਹੂਮ ਅਸ਼ੋਕ ਵਾਸ਼ਿਸ਼ਠ ਦਾ ਨਾਂਅ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਸ ਨੇ ਕਹਾਣੀਆਂ ਅਤੇ ਨਾਵਲ ਰਚ ਕੇ ਪਾਠਕਾਂ ਅਤੇ ਆਲੋਚਕਾਂ ਵਿਚ ਆਪਣਾ ਆਦਰਯੋਗ ਸਥਾਨ ਬਣਾ ਲਿਆ ਹੋਇਆ ਸੀ। 'ਸੰਤਾਲੀ ਤੋਂ ਚੁਰਾਸੀ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਕੁੱਲ ਪੰਦਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਸ ਪੁਸਤਕ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚਲੀਆਂ ਸਾਰੀਆਂ ਕਹਾਣੀਆਂ ਚੁਰਾਸੀ ਦੇ ਸਿੱਖ ਕਤਲੇਆਮ ਅਤੇ ਪਿੱਠਭੂਮੀ ਵਿਚ ਸੰਤਾਲੀ ਦੀ ਦੇਸ਼ ਵੰਡ ਨਾਲ ਸੰਬੰਧਿਤ ਹਨ। ਸਭ ਕਹਾਣੀਆਂ ਦਿੱਲੀ ਵਿਚ ਵਾਪਰੇ ਹੌਲਨਾਕ ਭਾਣੇ ਬਾਰੇ ਹਨ ਅਤੇ ਉਨ੍ਹਾਂ ਪਾਤਰਾਂ ਬਾਰੇ ਨੇ ਜੋ ਸੰਤਾਲੀ ਵਿਚ ਦੇਸ਼-ਵੰਡ ਤੋਂ ਬਾਅਦ ਪਾਕਿਸਤਾਨੋਂ ਨਿਕਲ ਕੇ ਦਿੱਲੀ ਆ ਵਸੇ ਸਨ। ਇਨ੍ਹਾਂ ਪਾਤਰਾਂ ਨੂੰ ਦੋ ਵਾਰ ਉਜਾੜੇ ਦਾ ਦੁਖਾਂਤ ਝੱਲਣਾ ਪਿਆ ਸੀ। ਹਰ ਕਹਾਣੀ ਲੁੱਟ-ਮਾਰ, ਜਬਰ ਜਨਾਹ, ਕਤਲੇਆਮ ਅਤੇ ਔਰਤਾਂ ਨਾਲ ਕੀਤੀ ਬੇਹੁਰਮਤੀ ਬਿਆਨ ਕਰਦੀ ਹੈ। ਪਾਤਰ ਭਾਵੇਂ ਵੱਖਰੇ ਹਨ ਪਰ ਉਨ੍ਹਾਂ ਦੀ ਕਹਾਣੀ ਤੇ ਦੁਖਾਂਤ ਉਹੋ ਹੈ, ਜੋ ਗੁੰਡਾ ਰਾਜ ਵਿਚ ਨਿਮਾਣੇ ਅਤੇ ਲਿਤਾਣੇ ਲੋਕ ਝੱਲਦੇ ਹਨ।
'ਮੈਨੂੰ ਕੁਝ ਨਹੀਂ ਹੁੰਦਾ' ਦਾ ਪਾਤਰ ਕਾਮਰੇਡ ਜਗਜੀਤ ਸਿੰਘ ਆਪਣੇ ਇਸੇ ਭੁਲੇਖੇ ਨਾਲ ਦੰਗਾਈਆਂ ਹੱਥੋਂ ਮਾਰਿਆ ਜਾਂਦਾ ਹੈ ਕਿ ਇਹ ਤਾਂ ਆਪਣੇ ਹਿੰਦੂ ਲੋਕ ਹਨ। ਸਾਡੇ ਆਪਣੇ ਹਨ। ਇਹ ਮੈਨੂੰ ਕਿਉਂ ਮਾਰਨਗੇ। ਉਹ ਆਪਣੇ ਮਿੱਤਰ ਪੰਡਿਤ ਰਾਮ ਰੱਖਾ ਮੱਲ ਦੀ ਵੀ ਗੱਲ ਨਹੀਂ ਸੁਣਦਾ ਤੇ ਦੁਖਾਂਤ ਵਾਪਰ ਜਾਂਦਾ ਹੈ। 'ਤੈਂ ਕੀ ਦਰਦ ਨਾ ਆਇਆ' ਦਾ ਪਾਤਰ ਮਹਿੰਗਾ ਸਿੰਘ ਆਪਣੀ ਦਰਦ ਕਹਾਣੀ ਸਫ਼ਰ ਦੌਰਾਨ ਸਵਾਰੀਆਂ ਨੂੰ ਸੁਣਾਉਂਦਾ ਹੈ। 'ਦੇਵਦੂਤ' ਦੇ ਪਾਤਰ ਰਾਮ ਅਤੇ ਸ਼ਾਮ ਦੰਗਿਆਂ ਤੋਂ ਪੀੜਤ ਸਤਵਿੰਦਰ ਉਰਫ਼ ਸੱਤੀ ਦੀ ਰੱਖਿਆ ਹੀ ਨਹੀਂ ਕਰਦੇ, ਸਗੋਂ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਸੁਰੱਖਿਅਤ ਜੀਵਨ ਅਤੇ ਖੁਸ਼ੀਆਂ ਵੀ ਪ੍ਰਦਾਨ ਕਰਦੇ ਹਨ। 'ਖੋਲਾ' ਕਹਾਣੀ ਦੇ ਪਾਤਰਾਂ ਦੇ ਘਰ ਨੂੰ ਦੰਗਾਈ ਅੱਗ ਲਾ ਕੇ ਸਾੜ ਦਿੰਦੇ ਹਨ। ਪਰ ਰਮਾ ਨਾਂਅ ਦੀ ਕੁੜੀ ਬੁਰਛੇ ਦਾ ਪੂਰਾ ਮੁਕਾਬਲਾ ਕਰਦੀ ਹੈ ਤੇ ਉਸ ਨੂੰ ਸੱਟ-ਫੇਟ ਵੀ ਮਾਰ ਦਿੰਦੀ ਹੈ। ਇਸੇ ਤਰ੍ਹਾਂ ਕੁਝ ਕਹਾਣੀਆਂ ਦੀਆਂ ਇਸਤਰੀ ਪਾਤਰਾਂ ਵੀ ਈਨ ਨਾ ਮੰਨ ਕੇ ਗੁੰਡਿਆਂ ਦਾ ਡਟ ਕੇ ਮੁਕਾਬਲਾ ਕਰਦੀਆਂ ਹਨ। ਇਥੇ ਮਾਂ ਦੀ ਇਕ ਕਹਾਣੀ 'ਭਗਤ ਜੀ' ਦੇ ਗੁੰਡੇ ਪਾਤਰ ਨੂੰ ਸੰਧਿਆ ਨਾਂਅ ਦੀ ਕੁੜੀ ਲਹੂ-ਲੁਹਾਨ ਕਰ ਦਿੰਦੀ ਹੈ। 'ਅਗਨ-ਕੁੰਡ' ਕਹਾਣੀ ਦੀ ਇਸਤਰੀ ਪਾਤਰ ਤੇ ਉਸ ਦੇ ਘਰ ਵਾਲੇ ਗੁੰਡਿਆਂ ਦਾ ਮੁਕਾਬਲਾ ਕਰਕੇ ਉਨ੍ਹਾਂ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ ਤੇ ਨੱਸ ਜਾਣ ਲਈ ਵੀ ਮਜਬੂਰ ਕਰ ਦਿੰਦੇ ਹਨ। 'ਉਹ ਕੌਣ ਸੀ' ਦੀ ਇਸਤਰੀ ਪਾਤਰ ਵੀ ਇਸੇ ਤਰ੍ਹਾਂ ਦੀ ਤ੍ਰਾਸਦੀ 'ਚੋਂ ਲੰਘ ਕੇ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠਦੀ ਹੈ। 'ਸੰਤਾਲੀ ਤੋਂ ਚੁਰਾਸੀ' ਕਹਾਣੀ ਅਜਿਹੇ ਪਾਤਰ ਦਾ ਦਰਦ ਬਿਆਨ ਕਰਦੀ ਹੈ, ਜਿਸ ਦਾ ਪਿਉ ਨਾਰਾਇਣ ਸਿੰਘ ਸੰਤਾਲੀ ਦੀ ਵੱਢ-ਟੁੱਕ ਵੇਲੇ ਦੰਗਈਆਂ ਦਾ ਮੁਕਾਬਲਾ ਕਰਦਾ ਮਾਰਿਆ ਜਾਂਦਾ ਹੈ। ਉਸ ਦੇ ਪੁੱਤਰ ਬ੍ਰਹਮ ਸਿੰਘ ਨੂੰ ਗੰਡਾ ਸਿੰਘ ਅਤੇ ਧਰਮ ਸਿੰਘ ਦਾ ਟੱਬਰ ਬਚਾ ਕੇ ਦਿੱਲੀ ਲੈ ਆਉਂਦੇ ਹਨ। ਉਸ ਨੂੰ ਪੜ੍ਹਾਉਂਦੇ-ਲਿਖਾਉਂਦੇ ਤੇ ਉਸ ਦਾ ਪਾਲਣ-ਪੋਸ਼ਣ ਕਰਦੇ ਹਨ। ਉਹ ਵਪਾਰ ਵਿਚ ਵੀ ਕਾਮਯਾਬ ਹੁੰਦਾ ਹੈ ਤੇ ਬਚਪਨ ਵਿਚ ਮਿਲਿਆ ਦੁੱਖ ਅਤੇ ਪੀੜ ਭੁੱਲਣ ਲਗਦਾ ਹੈ। ਪਰ ਚੁਰਾਸੀ ਦਾ ਦੁਖਾਂਤ ਫਿਰ ਉਸ ਲਈ ਉਜਾੜਾ ਲੈ ਕੇ ਆਉਂਦਾ ਹੈ ਤੇ ਉਹ ਦੰਗਾਈਆਂ ਹੱਥੋਂ ਕੋਹ-ਕੋਹ ਕੇ ਮਾਰ ਦਿੱਤਾ ਜਾਂਦਾ ਹੈ। ਇੰਝ ਇਸ ਸੰਗ੍ਰਹਿ ਦੀਆਂ ਸਾਰੀਆਂ ਕਹਾਣੀਆਂ ਮਨੁੱਖੀ ਚੀਸ, ਚੀਖ਼ ਅਤੇ ਦਰਦ ਨਾਲ ਭਰਪੂਰ ਹਨ। ਇਕ ਪਾਸੇ ਹੱਤਿਆਰੇ ਹਨ ਤੇ ਦੂਸਰੇ ਪਾਸੇ ਦੇਵਦੂਤ ਹਨ ਜੋ ਬਿਪਤਾ ਮਾਰਿਆਂ ਲਈ ਸਹਾਰਾ ਬਣਦੇ ਹਨ। ਇਕੋ ਸੰਗ੍ਰਹਿ ਵਿਚ ਇਕੋ ਵਿਸ਼ੇ ਨਾਲ ਸੰਬੰਧਿਤ ਕਹਾਣੀਆਂ ਪ੍ਰਕਾਸ਼ਿਤ ਕਰਵਾ ਕੇ ਲੇਖਕ ਨੇ ਨਵੀਂ ਸ਼ੈਲੀ ਨੂੰ ਜਨਮ ਦਿੱਤਾ ਹੈ। ਕਹਾਣੀਆਂ ਦਿੱਲੀ ਦੇ ਦੁਖਾਂਤ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ।

-ਕੇ.ਐਲ. ਗਰਗ
ਮੋਬਾਈਲ : 94635-37050

ਰੰਗਾਵਲੀ
ਲੇਖਿਕਾ : ਪਵਿੱਤਰ ਕੌਰ ਮਾਟੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 104
ਸੰਪਰਕ : 98152-98459

ਸ਼ਾਇਰਾ ਪਵਿੱਤਰ ਕੌਰ ਮਾਟੀ ਕਿਸੇ ਰਸਮੀ ਜਾਣ-ਪਛਾਣ ਦੀ ਮੁਹਤਾਜ਼ ਨਹੀਂ ਤੇ ਹਥਲੀ ਕਾਵਿ-ਕਿਤਾਬ 'ਰੰਗਾਵਲੀ' ਤੋਂ ਪਹਿਲਾਂ ਹੀ ਆਪਣੇ ਦੋ ਕਹਾਣੀ ਸੰਗ੍ਰਹਿਆਂ 'ਰਿਸ਼ਤਿਆਂ ਦੇ ਮਾਰੂਥਲ' ਅਤੇ 'ਸਾਹ ਰਗ ਤੋਂ ਨੇੜੇ' ਰਾਹੀਂ ਪੰਜਾਬੀ ਅਦਬ ਵਿਚ ਵਕਤ ਦੇ ਵਰਤਾਰਿਆਂ ਦਾ ਤਬਸਰਾ ਕਰਕੇ ਸ਼ਾਬਦਿਕ ਗਲਪੀਕਰਨ ਨਾਲ ਆਪਣਾ ਸਿੱਕਾ ਮਨਵਾ ਚੁੱਕੀ ਹੈ। ਹੁਣ ਉਹ ਕਾਵਿ-ਸ਼ਿਲਪ ਰਾਹੀਂ ਪੰਜਾਬੀ ਅਦਬ ਵਿਚ ਡਵਿੱਢਾ ਖੂਹ ਗੇੜਨ ਜਾ ਰਹੀ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਰੰਗਾਵਲੀ' ਤੋਂ ਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ। ਸ਼ਾਇਰਾ ਤਰੰਗਤੀ ਮੁਹੱਬਤ ਤੱਕ ਪਹੁੰਚਣ ਲਈ ਵੱਖਰੇ-ਵੱਖਰੇ ਰੰਗਾਂ ਦਾ ਜ਼ਿਕਰ ਕਰਦੀ ਹੈ। ਕਦੇ ਇਸ ਰਸਤੇ ਵਿਚ ਗੂੜ੍ਹੇ, ਕਦੇ ਬਦਰੰਗ ਅਤੇ ਕਦੇ-ਕਦੇ ਰੂਹ ਦੇ ਕੌਲ ਫੁੱਲਾਂ ਦੇ ਰੰਗਾਂ ਤੱਕ ਦੀ ਪ੍ਰਕਰਮਾ ਕਰਾਉਂਦੀ ਹੈ। ਦਰਅਸਲ ਇਹ ਰਸਤਾ ਉਸ ਅੱਗ ਦੇ ਦਰਿਆ ਨੂੰ ਪਾਰ ਕਰਨ ਵਰਗੇ ਤਹੱਦਦ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਉਰਦੂ ਦਾ ਸ਼ਾਇਰ ਕਹਿੰਦਾ ਹੈ, 'ਯੇ ਇਸ਼ਕ ਨਹੀਂ ਆਸਾਂ, ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ' ਅਤੇ ਬਕੌਲ ਬਰਤੌਲਤ ਬ੍ਰੈਖਤ ਕਿ ਇਹ ਠੀਕ ਹੈ ਕਿ ਜਿਊਣ ਲਈ ਖਾਣਾ ਖਾਣਾ ਪੈਂਦਾ ਹੈ ਪਰ ਇਹ ਜ਼ਰੂਰੀ ਤਾਂ ਨਹੀਂ ਕਿ ਜਿਸ ਨੇ ਖਾਣਾ ਖਾ ਲਿਆ ਹੈ, ਉਹ ਜਿਊਂ ਵੀ ਰਿਹਾ ਹੈ। ਬਾਈਬਲ ਆਖਦੀ ਹੈ, 'ਬੰਦਾ ਸਿਰਫ਼ ਰੋਟੀ 'ਤੇ ਹੀ ਨਹੀਂ ਜਿਊਂਦਾ'। ਨਿਤਸ਼ੇ ਆਖਦਾ ਹੈ ਇਸ ਰਸਤੇ ਵਿਚ ਸਮਾਜਿਕ ਵਹਜਣਾਵਾਂ ਅਡਿੱਕੇ ਡਾਹੁੰਦੀਆਂ ਹਨ, ਜੋ ਪਲੇਗ ਤੋਂ ਵੀ ਵੱਧ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਵਹਜਣਾਵਾਂ ਦੀ ਹਾਮਕਾਰ ਉਲੰਘ ਕੇ ਹੀ ਜ਼ਿੰਦਗੀ ਦੇ ਤਰੰਗਤੀ ਪਲਾਂ ਦੇ ਰੰਗਾਂ ਨੂੰ ਮਾਣਿਆ ਜਾ ਸਕਦਾ ਹੈ।' ਪਰ ਇਹ ਸ਼ਾਇਰਾ ਬਾਬੇ ਫ਼ਰੀਦ ਦੇ ਦਰਸਾਏ ਰਾਹ 'ਦਿਲ ਹੋਂ ਮੁਹੱਬਤ ਜਿਨ ਸੇਈ ਸੋਚਿਆ' 'ਤੇ ਤੁਰਨ ਦੀ ਬੇਨਤੀ ਕਰਦੀ ਹੈ। ਉਪਰੋਕਤ ਕਥਨਾਵਲੀ ਇਸ ਸ਼ਾਇਰਾ ਦੀ ਸ਼ਾਇਰੀ ਦੇ ਹਾਣ ਦੀ ਬਣ ਰਹੀ ਹੈ। ਦੇਹੀ ਆਕਰਸ਼ਣ ਤੋਂ ਉਤਾਂਹ ਉੱਠ ਕੇ ਬੇਵਫ਼ਾ, ਵਫ਼ਾ, ਵਿਸ਼ਵਾਸ, ਅਵਿਸ਼ਵਾਸ ਅਤੇ ਸ਼ੰਕਿਆਂ ਦੀ ਵਾਇਰਸ ਨੂੰ ਤਲਾਂਜਲੀ ਦੇ ਕੇ ਤੇ ਵਰਕਣਾਵਾਂ ਦੇ ਪਿੰਜਰੇ ਤੋੜ ਕੇ ਅੰਬਰਾਂ ਦੇ ਉਕਾਬ ਬਣਨ ਤੋਂ ਇਲਾਵਾ ਚਾਚੀਆਂ, ਤਾਈਆਂ ਅਤੇ ਮਾਵਾਂ ਦੀਆਂ ਪਰੰਪਰਾਗਤ ਸਮਝਾਉਣੀਆਂ ਵੱਲ ਪਿੱਠ ਕਰਕੇ ਅਤੇ ਕਿਤਾਬਾਂ ਵਿਚ ਠਾਹਰ ਭਾਲ ਕੇ ਹੀ ਇਸ ਰੰਗਾਵਲੀ ਦੇ ਕੋਲਾਜ ਦੀ ਥਾਹ ਪਾਈ ਜਾ ਸਕਦੀ ਹੈ। ਸਮਾਜ ਦੇ ਗਿਰਗਿਟੀ ਮੁਖੌਟਿਆਂ ਨੂੰ ਦੋਰਾਹੇ ਵਿਚ ਨੰਗਿਆਂ ਹੁੰਦਿਆਂ ਦੇਖਣ ਲਈ ਇਸ ਪੁਸਤਕ ਦੀ ਪੜ੍ਹਤ ਜ਼ਰੂਰੀ ਹੋ ਜਾਂਦੀ ਹੈ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਬਾਈਕਾਟ
ਲੇਖਕ : ਰਾਜਿੰਦਰ ਸਿੰਘ ਢੱਡਾ
ਪ੍ਰਕਾਸ਼ਕ : ਪਰਵਾਜ਼ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 136
ਸੰਪਰਕ : 82849-16049

ਆਪਣੇ ਤੀਸਰੇ ਕਹਾਣੀ ਸੰਗ੍ਰਹਿ ਨਾਲ ਰਾਜਿੰਦਰ ਸਿੰਘ ਢੱਡਾ ਨੇ ਇਕ ਵਾਰ ਫਿਰ ਪੰਜਾਬੀ ਸਾਹਿਤ ਦੇ ਖੇਤਰ ਵਿਚ ਹਾਜ਼ਰੀ ਲਵਾਈ ਹੈ। ਨਿਰੰਤਰ ਆਪਣੇ ਵਿਸ਼ਿਆਂ ਵਿਚ ਸਮਾਜ ਸੁਧਾਰ ਅਤੇ ਯਥਾਰਥ ਦੀ ਗੱਲ ਕਰਦਿਆਂ ਉਸ ਨੇ ਇਸ ਸੰਗ੍ਰਹਿ ਵਿਚ ਵੀ ਇਹੀ ਸੁਨੇਹਾ ਦਿੱਤਾ ਹੈ। ਕਹਾਣੀਕਾਰ ਬਦਲਦੇ ਸਮਿਆਂ ਦੇ ਨਾਲ ਆਪਣੇ ਵਿਸ਼ਿਆਂ ਦੀ ਚੋਣ ਕਰਦਾ ਹੈ ਅਤੇ ਪੇਂਡੂ ਧਰਾਤਲ ਤੋਂ ਲਏ ਇਨ੍ਹਾਂ ਵਿਸ਼ਿਆਂ ਵਿਚ ਸਮਾਜ ਦੇ ਭਖਦੇ ਮਸਲਿਆਂ ਨੂੰ ਆਪਣੀਆਂ ਕਹਾਣੀਆਂ ਰਾਹੀਂ ਪਾਠਕਾਂ ਦੇ ਰੂ-ਬਰੂ ਕਰਦਾ ਹੈ। ਸ਼ਾਇਦ ਇਸੇ ਲਈ ਕਹਾਣੀ ਸੰਗ੍ਰਿਹ ਨੂੰ ਸਮਾਜਿਕ ਯਥਾਰਥ ਦਾ ਪੋਸਟ ਮਾਰਟਮ ਵੀ ਕਿਹਾ ਗਿਆ ਹੈ। ਭਾਵੇਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਇਸ ਵਿਚ ਵੀ ਜਾਤ-ਪਾਤ ਦਾ ਜ਼ਹਿਰ ਇਸ ਕਦਰ ਘੁਲਿਆ ਪਿਆ ਹੈ ਕਿ ਇਹ ਕਈ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਹੈ। ਹਾਲਾਤ ਭਾਵੇਂ ਬਦਲ ਰਹੇ ਹਨ ਪਰ ਅਜੇ ਵੀ ਉਨੇ ਸਾਜ਼ਗਾਰ ਨਹੀਂ ਕਿ ਨਿਰੋਲ ਮਾਨਵਵਾਦੀ ਸਮਾਜ ਦੀ ਸਿਰਜਣਾ ਹੋ ਸਕੇ। ਕਹਾਣੀਆਂ 'ਮਾਂ ਨੇ ਆਤਮ ਹੱਤਿਆ ਕਿਉਂ ਕੀਤੀ' ਅਤੇ 'ਚਾਹ ਦਾ ਕੱਪ' ਅਜਿਹੇ ਹੀ ਜਾਤੀ ਸੰਸਕਾਰਾਂ ਦੀ ਕਥਾ ਬਿਆਨਦੀਆਂ ਹਨ। ਫਰਜ਼ ਕਹਾਣੀ ਆਪਣੇ ਇਨਸਾਨੀ ਰਿਸ਼ਤਿਆਂ ਨੂੰ ਨਿਭਾਉਣ ਅਤੇ ਇਕ ਅਧਿਆਪਕ ਦੇ ਤੌਰ 'ਤੇ ਆਪਣੇ ਵਿਦਿਆਰਥੀਆਂ ਵਿਚ ਇਨਸਾਨੀਅਤ ਦਾ ਜਜ਼ਬਾ ਜਗਾਉਣ ਵਾਲੀ ਇਕ ਖ਼ੂਬਸੂਰਤ ਕਹਾਣੀ ਹੈ ਜਿਸ ਵਿਚ ਇਕ ਅਧਿਆਪਕ ਵਲੋਂ ਮਿਲੇ ਪਿਆਰ ਸਦਕਾ ਉਸ ਦਾ ਵਿਦਿਆਰਥੀ ਉਸ ਨੂੰ ਔਖੇ ਵੇਲੇ ਭੰਵਰ ਵਿਚੋਂ ਬਾਹਰ ਕੱਢ ਲੈਂਦਾ ਹੈ ਕਿਉਂਕਿ ਉਹ ਇਸ ਨੂੰ ਆਪਣਾ ਫਰਜ਼ ਸਮਝਦਾ ਹੈ। ਲਾਲਚ ਅਤੇ ਖਾਹਿਸ਼ਾਂ ਦੀ ਪੂਰਤੀ ਲਈ ਇਨਸਾਨੀ ਰਿਸ਼ਤਿਆਂ ਦੀ ਬਲੀ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ, ਇਸ ਬਿਰਤਾਂਤ ਨੂੰ ਬਾਈਕਾਟ ਵਿਚ ਗੰਭੀਰਤਾ ਨਾਲ ਪੇਸ਼ ਕੀਤਾ ਗਿਆ ਹੈ। ਕਹਾਣੀ 'ਚਿਹਰਾ' ਆਪਣੇ ਸਵਾਰਥ ਲਈ ਕਿਸੇ ਦੀ ਬਰਬਾਦ ਕੀਤੀ ਜ਼ਿੰਦਗੀ ਅਤੇ ਆਪਣੇ ਫਰਜ਼ਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦੋਵੇਂ ਹੀ ਪੱਖਾਂ ਨੂੰ ਬੜੀ ਡੂੰਘਾਈ ਨਾਲ ਪੇਸ਼ ਕਰਦੀ ਹੈ। ਜਿਥੇ ਡਾਕਟਰ ਆਪਣੇ ਅਤੀਤ ਦੀਆਂ ਕੁਸੈਲੀਆਂ ਯਾਦਾਂ ਨੂੰ ਇਕ ਪਾਸੇ ਰੱਖਦਿਆਂ ਆਪਣੇ ਮਰੀਜ਼ ਨੂੰ ਬਚਾਉਣ ਲਈ ਪਹਿਲ ਕਰਦੀ ਹੈ, ਉਥੇ ਹੀ ਮਰੀਜ਼ ਦਾ ਬਾਪ ਡਾਕਟਰ ਨਾਲ ਅਤੀਤ ਵਿਚ ਕੀਤੀ ਬਦਸਲੂਕੀ ਕਾਰਨ ਜਦੋਂ ਸਾਰਿਆਂ ਵਲੋਂ ਛੇਕਿਆ ਜਾਂਦਾ ਹੈ ਤਾਂ ਉਸ ਦੇ ਪੱਲੇ ਸਿਵਾਏ ਪਛਤਾਵੇ ਦੇ ਕੁਝ ਨਹੀਂ ਪੈਂਦਾ। 'ਉਹ ਝਿੜਕਾਂ' ਲੇਖਕ ਦਾ ਸਵੈ-ਕਥਨ ਹੈ ਜਿਸ ਵਿਚ ਉਹ ਆਪਣੇ ਹੈੱਡਮਾਸਟਰ ਦੀਆਂ ਝਿੜਕਾਂ ਕਰਕੇ ਆਪਣੇ ਜੀਵਨ ਵਿਚ ਆਏ ਬਦਲਾਅ ਅਤੇ ਸਫ਼ਲਤਾ ਦੀ ਕਹਾਣੀ ਨੂੰ ਪੇਸ਼ ਕਰਦਾ ਹੈ। 1947 ਦੀ ਵੰਡ ਨੇ ਭਾਵੇਂ ਦੇਸ਼ ਨੂੰ ਵੰਡ ਦਿੱਤਾ ਹੈ ਪਰ ਉਹ ਦਿਲਾਂ ਵਿਚੋਂ ਪਿਆਰ, ਅਹਿਸਾਸ ਅਤੇ ਸਨੇਹ ਨੂੰ ਨਹੀ ਵੰਡ ਸਕੇ। ਕਹਾਣੀ 'ਬਸ਼ੀਰਾ' ਦਾ ਭਾਵ ਕੁਝ ਅਜਿਹਾ ਹੀ ਹੈ ਜਿਸ ਵਿਚ ਵੰਡ ਵੇਲੇ ਪਿੰਡ ਛੱਡ ਕੇ ਗਏ ਬਸ਼ੀਰੇ ਦਾ ਪੋਤਾ ਆਪਣੇ ਦਾਦੇ ਦਾ ਪਿੰਡ ਦੇਖਣ ਭਾਰਤ ਆਉਂਦਾ ਹੈ। ਅਨਵਰ ਨੂੰ ਪਿੰਡ ਵਿਚ ਏਨਾ ਪਿਆਰ ਤੇ ਸਤਿਕਾਰ ਮਿਲਦਾ ਹੈ ਕਿ ਉਹ ਭਾਵੁਕ ਹੋ ਜਾਂਦਾ ਹੈ। ਲੋਕ ਮਨਾਂ ਅੰਦਰ ਇਸ ਵੰਡ ਦੀ ਪੀੜ ਅਜੇ ਵੀ ਕਿਸ ਕਦਰ ਝਲਕਦੀ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਇਸ ਕਹਾਣੀ ਰਾਹੀਂ ਹੁੰਦਾ ਹੈ। ਕਹਾਣੀ ਕਿਤੇ-ਕਿਤੇ ਉਲਾਰ ਹੋ ਜਾਂਦੀ ਹੈ ਪਰ ਲੋਕ ਮਨਾਂ ਨੂੰ ਬਿਆਨ ਕਰਨ ਵਿਚ ਮਾਰ ਨਹੀ ਖਾਂਦੀ। ਕਹਾਣੀਕਾਰ ਸਪੱਸ਼ਟਤਾ ਨਾਲ ਆਪਣੇ ਵਿਸ਼ਿਆਂ ਨੂੰ ਨਿਭਾਉਂਦਾ ਹੈ ਅਤੇ ਸਰਲ ਸਧਾਰਨ ਸ਼ੈਲੀ ਨਾਲ ਆਪਣੀਆਂ ਕਹਾਣੀਆਂ ਰਾਹੀਂ ਮਾਨਵਤਾ, ਸਮਾਜ ਸੁਧਾਰ ਅਤੇ ਜ਼ਿੰਦਗੀ ਨੂੰ ਪੇਸ਼ ਕਰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬਾਈਲ : 83606-83823

ਫੇਸਬੁੱਕ
ਕਵਿੱਤਰੀ : ਕੰਵਲਜੀਤ ਕੌਰ ਜੁਨੇਜਾ
ਪ੍ਰਕਾਸ਼ਕ : ਗੋਸਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 098120-32868

ਬਕੌਲ ਕਵਿੱਤਰੀ ਇਹ ਉਸ ਦੀ ਅੱਠਵੀਂ ਪੁਸਤਕ ਹੈ। ਕਵਿੱਤਰੀ ਦੀ ਹਥਲੀ ਕਾਵਿ-ਪੁਸਤਕ ਦੇ 112 ਸਫ਼ਿਆਂ ਵਿਚ ਕੁਝ ਛੋਟੀਆਂ ਅਤੇ ਕੁਝ ਦਰਮਿਆਨੇ ਆਕਾਰ ਦੀਆਂ ਨਵੀਨ ਭਾਵ ਦੀਆਂ ਕਾਵਿ-ਰਚਨਾਵਾਂ ਹਨ। ਕਵਿੱਤਰੀ ਸਮਝਦੀ ਹੈ ਕਿ ਕਵਿਤਾ, ਕਹਾਣੀ, ਆਹਮੋ-ਸਾਹਮਣੇ ਹਨ ਅਤੇ ਹਰ ਤਰ੍ਹਾਂ ਦੀਆਂ ਭਾਵਨਾਵਾਂ ਹੁਣ ਮੀਡੀਏ ਉੱਤੇ ਅਤੇ ਖ਼ਾਸ ਕਰ ਫੇਸ ਬੁੱਕ ਉੱਤੇ ਛਾ ਗਈਆਂ ਹਨ। ਕੋਈ ਜੋ ਵੀ ਲਿਖਦਾ ਹੈ, ਉਹ ਹਜ਼ਾਰਾਂ ਲੋਕਾਂ ਨਾਲ ਉਸੇ ਵੇਲੇ ਹੀ ਸਾਂਝਾ ਕਰ ਲੈਂਦਾ ਹੈ। ਕਦੇ ਹੁੰਦਾ ਸੀ ਕਿ ਲਿਖੀ ਸਾਹਿਤਕ ਰਚਨਾ ਨੂੰ ਕਿਸੇ ਮੈਗਜ਼ੀਨ ਜਾਂ ਅਖ਼ਬਾਰ ਵਿਚ ਛਪਦਿਆਂ ਮਹੀਨੇ ਲਗ ਜਾਂਦੇ ਸਨ ਅਤੇ ਬਹੁਤੀ ਵੇਰ ਤਾਂ ਉਹ ਰਚਨਾ ਮਹੀਨਿਆਂ ਬਾਅਦ ਮੁਆਫ਼ੀ ਸਹਿਤ ਵਾਪਸ ਵੀ ਆ ਜਾਂਦੀ ਸੀ। ਪਰ ਫੇਸ ਬੁੱਕ ਨੇ ਇਹ ਸਾਰੀ ਦੇਰੀ ਖ਼ਤਮ ਕਰ ਦਿੱਤੀ। ਹੁਣ ਜਿਸ ਦਿਨ ਕਵਿਤਾ ਦਾ ਫੁੱਲ ਖਿੜਦਾ ਹੈ, ਉਸੇ ਦਿਨ ਪਾਠਕਾਂ ਨੂੰ ਭੇਟ ਕਰ ਦਿੱਤਾ ਜਾਂਦਾ ਹੈ। ਮਜ਼ਾ ਇਹ ਕਿ ਤੁਹਾਡਾ ਸੁੰਦਰ/ਚਿਹਰਾ ਵੀ ਨਾਲ ਹੀ ਛਪ ਜਾਂਦਾ ਹੈ। ਇਹੀ ਕਾਰਨ ਹੈ ਕਿ ਕਵਿੱਤਰੀ ਨੇ ਕਿਤਾਬ ਦਾ ਨਾਂਅ ਹੀ 'ਫੇਸ ਬੁੱਕ' ਰੱਖ ਲਿਆ ਹੈ। ਇਸ ਤੋਂ ਪਹਿਲਾਂ ਕਵਿੱਤਰੀ ਨੇ 'ਚਿੱਠੀਆਂ ਦੇ ਮੌਸਮ' ਨਾਂਅ ਦਾ ਕਾਵਿ-ਸੰਗ੍ਰਹਿ ਵੀ ਦਿੱਤਾ। ਪਰ ਅਸਲ ਵਿਚ ਉਹ ਮੂਲ ਰੂਪ ਵਿਚ ਕਹਾਣੀਕਾਰਾ ਹੈ ਅਤੇ ਕਹਾਣੀ ਵਿਚ ਉਸ ਨੇ ਫੇਸ ਬੁੱਕ ਦੇ ਜ਼ਰੀਏ ਕਹਾਣੀ ਮੁਕਾਬਲਿਆਂ ਵਿਚੋਂ ਇਨਾਮ ਵੀ ਜਿੱਤੇ ਹਨ।
ਕਵਿੱਤਰੀ ਦੀਆਂ ਕਵਿਤਾਵਾਂ ਵਿਚ ਸਰਲਤਾ, ਸਹਿਜਤਾ ਅਤੇ ਸਪੱਸ਼ਟਤਾ ਹੈ। ਉਹ ਜੋ ਖਿਆਲ ਉਲੀਕਣਾ ਚਾਹੁੰਦੀ ਹੈ, ਉਸ ਨੂੰ ਪਾਠਕ-ਭਾਸ਼ਾ ਵਿਚ ਸਾਫਗੋਈ ਨਾਲ ਪੇਸ਼ ਕਰਦੀ ਹੈ। ਉਸ ਦੀ ਕਵਿਤਾ ਦਾ ਮੁੱਖ ਵਿਸ਼ਾ ਅਸਲ ਜੀਵਨ ਜਾਚ ਦੀ ਭਾਲ ਹੈ। ਉਹ ਹਰ ਮਨੁੱਖ ਦੀ ਚੜ੍ਹਦੀ ਕਲਾ ਦੀ ਚਾਹਤ ਕਰਦੀ ਸਰਬੱਤ ਦਾ ਭਲਾ ਲੋਚਦੀ ਹੈ। ਲੇਖਿਕਾ ਦੀਆਂ ਕਵਿਤਾਵਾਂ ਵਿਚ ਪਰਿਵਾਰ ਅਤੇ ਸਮਾਜ ਵਿਚ ਹੋ ਰਹੀ ਟੁੱਟ-ਭੱਜ, ਰਿਸ਼ਤਿਆਂ ਵਿਚੋਂ ਮੋਹ ਦੀ ਥਾਂ ਜ਼ਰੂਰਤਾਂ ਦਾ ਸ਼ਾਮਿਲ ਹੋਣਾ, ਧਰਮ ਦਾ ਅਧਰਮ ਵਿਚ ਬਦਲਣਾ, ਰਾਜਨੀਤੀ ਦਾ ਸਮਾਜ ਨਾਲ ਕੇਵਲ ਵੋਟ ਰਿਸ਼ਤਾ ਹੀ ਰਹਿ ਜਾਣਾ ਆਦਿ ਵਿਸ਼ੇ ਬਹੁਤ ਸਹਿਜ ਨਾਲ ਪੇਸ਼ ਹੋਏ ਹਨ। ਕਵਿੱਤਰੀ ਨੇ ਉਨ੍ਹਾਂ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਢਾਲਿਆ ਹੈ, ਜੋ ਮਨੁੱਖੀ ਰਿਸ਼ਤਿਆਂ ਵਿਚੋਂ ਸੱਜਰਾਪਨ ਘਟਾ ਰਹੇ ਹਨ। ਮਾਨਵੀ ਕਦਰਾਂ-ਕੀਮਤਾਂ ਦੀ ਤੰਦਰੁਸਤੀ ਉਸ ਦੀਆਂ ਕਵਿਤਾਵਾਂ ਦੀ ਮੁੱਖਧਾਰਾ ਹੈ। 'ਫੇਸ ਬੁੱਕ' ਕਾਵਿ-ਸੰਗ੍ਰਹਿ ਵਿਚੋਂ ਕੁਝ ਕਾਵਿ-ਟੋਟਕੇ ਲਿਖੇ ਜਾ ਰਹੇ ਹਨ :
'ਫੇਸ ਬੁੱਕ ਦਾ ਚਮਤਕਾਰ', 'ਕਿਹਦੀ ਫੋਟੋ/ਕਿਹਦੀ ਰਚਨਾ ਕੌਣ ਸੱਚਾ/ ਕੌਣ ਝੂਠਾ/ ਕੌਣ ਪਰਦੇ ਵਿਚ/ ਕੌਣ ਬੇਪਰਦਾ/ ਪ੍ਰਗਟ ਹੋਣ ਦੀ ਇੱਛਾ/ ਬੱਸ 'ਵੱਟਸਐਪ 'ਤੇ ਗਰੁੱਪ ਡੇ', 'ਵੱਟਸਐਪ ਗਰੁੱਪ ਡੇ ਦੀਆਂ/ ਸਭ ਨੂੰ ਬਹੁਤ ਬਹੁਤ ਵਧਾਈਆਂ/ ਸਭ ਨੂੰ ਆਹਰੇ ਦਿਹਨੇ ਲਾਇਆ/ ਤੁਰਦੇ ਫਿਰਦੇ ਬੰਦੇ ਨੂੰ/ ਬਾਹੋਂ ਫੜ ਇਹਨੇ ਬਿਠਾਇਆ...' (ਸਫ਼ਾ : 45)
'ਮਾਡਰਨ ਅਰਨਿੰਗ ਹੈਂਡ' 'ਪਤੀ-ਪਤਨੀ ਤਨਖਾਹ ਤਿੰਨ ਲੱਖ/ ਕਿਰਾਇਆ ਚਾਲੀ ਹਜ਼ਾਰ/ ਹਾਈ ਫਾਈ ਸਕੂਲ ਦੋ ਬੱਚੇ ਚਾਲੀ ਹਜ਼ਾਰ/ ਕੰਮ ਵਾਲੀ/ ਪੰਦਰਾਂ ਹਜ਼ਾਰ/ ਟਿਊਸ਼ਨ ਵੀਹ ਹਜ਼ਾਰ.../ ਆਮ ਸਕੂਲਾਂ ਵਿਚ ਬੱਚੇ/ ਪੜ੍ਹਨੇ ਪਾਉ/ ਮੋਬਾਈਲ ਕਾਰਟੂਨਾਂ ਦਾ ਖਹਿੜਾ ਛ੍ਰੁਡਾਓ...' (ਸਫ਼ਾ : 44)
'ਮੋਬਾਈਲ' 'ਕੱਖ ਨਾ ਰਹੇ ਮੋਬਾਈਲ ਤੇਰਾ/ ਤੂੰ ਸਭ ਨੂੰ ਗੁਲਾਮ ਬਣਾ ਲਿਆ/ ਤੇਰਾ ਹੀ ਆਲਮ ਹੈ ਸਭ ਪਾਸੇ/ ਤੂੰ ਸਭ ਨੂੰ ਘਰੀਂ ਬਿਠਾ ਲਿਆ/ ਸਭ ਡੁੱਬ ਗਏ ਇਸ ਨਿੱਕੇ ਟੋਬੇ ਵਿਚ/ ਨਿਕਲ ਕੇ ਬਾਹਰ ਆਉਣਾ ਨਾ ਮੁਮਕਿਨ ਰਿਹਾ'... (ਸਫ਼ਾ : 53)
'ਭਗਤ ਰਵੀ ਦਾਸ' 'ਸ਼ੁਕਰ ਹੈ/ਭਗਤ ਜੀ/ ਆਪ ਦੀ ਬਾਣੀ/ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ/ ਅਸੀਂ.../ ਸਿਰਫ਼ ਤੇ ਸਿਰਫ਼ ਪੜ੍ਹਨ ਵਾਲੇ ਤੋਤੇ ਹਾਂ/ ਪੜ੍ਹੀ ਜਾਂਦੇ ਹਾਂ/ ਪੜ੍ਹੀ ਜਾਂਦੇ ਹਾਂ/ ਬਸ.../ ਅਮਲ ਨਹੀਂ ਕਰਦੇ।
ਕਵਿੱਤਰੀ ਦੀ ਕਾਵਿ ਟੋਨ ਆਮ ਕਰਕੇ ਵਿਅੰਗਾਤਮਿਕ ਹੈ ਤੇ ਇਸ ਵਿਧੀ ਰਾਹੀਂ ਉਹ ਸਮਾਜ ਵਿਚ ਫੈਲੀਆਂ ਅਣਹੋਣੀਆਂ ਦਾ ਨੋਟਿਸ ਬੜੇ ਗੌਰਵ ਨਾਲ ਲੈਂਦੀ ਹੈ।

ਬਦਲਦੇ ਮੌਸਮਾਂ ਅੰਦਰ
ਗ਼ਜ਼ਲਕਾਰ : ਅਮਰਜੀਤ ਸਿੰਘ ਜੀਤ
ਪ੍ਰਕਾਸ਼ਕ : ਗੋਲਡ ਮਾਈਨ ਪਬਲੀਕੇਸ਼ਨ
ਮੁੱਲ : 175 ਰੁਪਏ, ਸਫ਼ੇ : 100
ਸੰਪਰਕ : 94172-87122

ਗ਼ਜ਼ਲਕਾਰ ਅਮਰਜੀਤ ਸਿੰਘ ਜੀਤ ਦਾ ਹਥਲਾ ਗ਼ਜ਼ਲ ਸੰਗ੍ਰਹਿ ਉਸ ਦਾ ਦੂਜਾ ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਜੀਤ 2014 ਵਿਚ 'ਚਾਨਣ ਦਾ ਛੱਟਾ' ਗ਼ਜ਼ਲ ਪੁਸਤਕ ਪਾਠਕਾਂ ਨੂੰ ਦੇ ਚੁੱਕਾ ਹੈ। ਜੀਤ ਪੰਜਾਬੀ ਗ਼ਜ਼ਲ ਨੂੰ ਸਮਰਪਿਤ ਗ਼ਜ਼ਲ ਲੇਖਕ ਹੈ। ਉਸ ਨੇ ਪਹਿਲੀ ਗ਼ਜ਼ਲ ਪੁਸਤਕ ਅਤੇ ਇਸ ਪੁਸਤਕ ਦਾ 9 ਸਾਲ ਦਾ ਅੰਤਰ ਰੱਖ ਕੇ ਛਪਣ ਦੀ ਕਾਹਲ ਨਹੀਂ ਕੀਤੀ। ਜੀਤ ਦੀਆਂ ਗ਼ਜ਼ਲਾਂ ਪਾਠਕਾਂ ਤੀਕ ਬੜੇ ਸੁਹਜ ਵਿਚ ਪਹੁੰਚਦੀਆਂ ਹਨ। ਫੇਸਬੁੱਕ ਉੱਤੇ ਉਹ ਕਾਫ਼ੀ ਚਰਚਾ ਵਿਚ ਰਹਿੰਦਾ ਹੈ। ਉਸ ਨੂੰ ਕਵਿਤਾ/ਸਾਹਿਤ ਦੀ ਜਾਗ ਆਪਣੇ ਘਰ ਤੋਂ ਹੀ ਲੱਗੀ, ਕਿਉਂਕਿ ਉਸ ਦੇ ਪਿਤਾ ਜੀ ਵੀ ਸਾਹਿਤਕਾਰ ਸਨ।
ਅਮਰਜੀਤ ਸਿੰਘ ਜੀਤ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੀ ਸ਼ਾਇਰੀ ਹੈ। ਉਸ ਦੇ ਸ਼ਿਅਰ ਕੁਰਾਹੇ ਪੈ ਰਹੀ ਰਾਜਨੀਤੀ, ਗ਼ਰੀਬੀ ਤੇ ਅਮੀਰੀ ਦਾ ਵਧ ਰਿਹਾ ਪਾੜਾ, ਰਿਸ਼ਤਿਆਂ ਵਿਚ ਲਾਲਚ ਅਤੇ ਪੰਜਾਬੀ ਸੱਭਿਆਚਾਰ ਵਿਚ ਨਿਘਾਰ ਦਾ ਮਸਲਾ ਬੜੀ ਅਹਿਮੀਅਤ ਨਾਲ ਪੇਸ਼ ਹੁੰਦਾ ਹੈ। ਪ੍ਰਸਿੱਧ ਗ਼ਜ਼ਲ ਸਮੀਖਿਅਕ ਕੁਲਦੀਪ ਸਿੰਘ ਬਾਂਗੀ ਅਨੁਸਾਰ 'ਅਮਰਜੀਤ ਸਿੰਘ ਜੀਤ ਸਮਾਜਿਕ ਅਤੇ ਮਾਨਵੀ ਵਿਵਾਦਿਤ ਮਸਲਿਆਂ 'ਤੇ ਬਹੁਤ ਸੁਹਣਾ ਸੰਵਾਦ ਰਚਾਉਂਦਾ ਹੈ' ਉਸ ਦੀ ਸ਼ਾਇਰੀ ਦਾ ਮੀਰੀ ਗੁਣ ਮਾਨਵੀ ਸੋਚ ਦੁਆਲੇ ਸੰਵਾਦ ਦੀ ਲੋਅ ਹੈ। ਕਿਸਾਨ ਬਾਰੇ ਜੀਤ ਕਹਿੰਦਾ ਹੈ :
ਠੰਢੀਆਂ ਰਾਤਾਂ ਖੁੱਲ੍ਹੇ ਅੰਬਰ ਹੇਠਾਂ ਹੈ ਕਿਰਸਾਨ ਵਤਨ ਦਾ,
ਦੱਸੋ ਯਾਰੋ ਕਿੱਦਾਂ ਕਰੀਏ ਝੂਠਾ ਹੀ ਗੁਣਗਾਨ ਵਤਨ ਦਾ?
ਨਸ਼ਿਆਂ ਦੇ ਕੋਹੜ ਬਾਰੇ ਅਮਰਜੀਤ ਦਾ ਸ਼ਿਅਰ ਵੇਖੋ :
ਕਿਤੇ ਚੋਰੀ ਕਿਤੇ ਜ਼ਹਿਰ ਨਸ਼ੇ ਖਾ ਲਈ ਜਵਾਨੀ ਹੈ,
ਜ਼ਰਾ ਸੋਚੋ ਅਕਲਦਾਨੇ ਕਿਧਰ ਜਾ ਰਹੀ ਜਵਾਨੀ ਹੈ?
ਅਜੋਕੀ ਪਰਵਾਸ ਦੀ ਧੜਾਧੜੀ ਬਾਰੇ :
ਵਿਦੇਸ਼ਾਂ ਨੂੰ ਕਈ ਤੁਰ ਗਏ, ਇਕ ਰੁਜ਼ਗਾਰ ਦੀ ਖ਼ਾਤਰ,
ਕਦੇ ਸ਼ੋਸ਼ਿਤ ਕਦੇ ਗੁਮਰਾਹ ਵੀ ਕੀਤੀ ਗਈ ਜਵਾਨੀ ਹੈ।
ਵਿੱਦਿਆ ਦੇ ਵਪਾਰੀਕਰਨ ਬਾਰੇ ਗ਼ਜ਼ਲਕਾਰ ਚਿੰਤਤ ਹੈ :
ਨਿੱਤ ਬਸਤਿਆਂ 'ਚ ਵਧਦਾ ਹੀ ਜਾਂਦਾ ਭਾਰ ਹੈ
ਵਿੱਦਿਆ ਪਸਾਰ ਹੈ ਜਾਂ ਵਧਿਆ ਵਪਾਰ ਹੈ?
ਅਮਰਜੀਤ ਸਿੰਘ ਜੀਤ ਕੋਲ ਪੰਜਾਬੀ ਗ਼ਜ਼ਲ ਦੀ ਰੂਹ ਬੋਲਦੀ ਹੈ। ਉਹ ਗ਼ਜ਼ਲ ਦੀ ਜ਼ੁਬਾਨ ਸਮਝਦਾ ਅਤੇ ਉਸੇ ਵਿਚ ਹੀ ਗੱਲ ਕਰਦਾ ਹੈ। ਵੱਡੀ ਤੋਂ ਵੱਡੀ ਗੱਲ ਨੂੰ ਵੀ ਉਹ ਸ਼ਿਅਰ ਵਿਚ ਸਹਿਜ ਨਾਲ ਵਿਅਕਤ ਕਰਦਾ ਹੈ : ਕੁਝ ਸ਼ਿਅਰ ਵੇਖੋ :
-ਜੇ ਅੱਖੀਂ ਹੰਝੂ ਤਕ ਲਈਏ ਜਾਂ ਕਿੱਧਰੇ ਸੁਣੀਦੇਂ ਆਹ ਅਸੀਂ,
ਮੇਰੇ ਮੌਲਾ ਬਖਸ਼ੀ ਬਲ ਦੇਨਾ ਬਣ ਸਕੀਏ ਧਰਵਾਸ ਅਸੀਂ।
-ਐਨਾ ਵਿਕਾਸ ਹੋਇਆ, ਵਧਿਆ ਵਪਾਰ ਦਿਉ
ਡੇਰਾ ਸੀ ਕਲ੍ਹ ਤੱਕ ਜੋ ਅੱਜ ਉਹ ਦੁਕਾਨ ਹੈ
-ਚੁੱਪ-ਚਾਪ ਜੁਲਮ ਸਹਿ ਕੇ ਜਾਪਣ ਜੋ ਪਥਰਾਏ ਲੋਕ,
ਜੀਤ ਇਨ੍ਹਾਂ ਦੀ ਚੁੱਪ 'ਚੋਂ ਇਕ ਦਿਨ ਉੱਠੇਗਾ ਤੂਫ਼ਾਨ।
-ਜਿਨ੍ਹਾਂ ਲਈ ਅਹਿਮ ਹੋਣਾ ਸੀ ਮੁਲਕ ਖ਼ੁਸ਼ਹਾਲ ਦਾ ਮਸਲਾ,
ਉਨ੍ਹਾਂ ਦੇ ਸਿਰ 'ਤੇ ਹੁਣ ਭਾਰੂ ਹੈ ਰੋਟੀ ਦਾਲ ਦਾ ਮਸਲਾ।
-ਜੂਝ ਰਹੇ ਨੇ ਲੋਕੀਂ ਹੱਕੀ ਘੋਲ ਹੈ ਲਮੇਰਾ
ਅੱਜ ਜੀਤ ਨੂੰ ਸੰਘਰਸ਼ਾਂ ਦਾ ਉਡੀਕਦਾ ਏ ਰਾਹ।
ਅਮਰਜੀਤ ਸਿੰਘ ਜੀਤ ਨਵੇਂ ਯੁੱਗ ਦਾ ਅਤੇ ਨਵੇਂ ਭਾਵਬੋਧ ਦਾ ਸ਼ਾਇਰ ਹੈ, ਜਿਥੇ ਉਹ ਵਿਸ਼ਿਆਂ ਪ੍ਰਤੀ ਮਾਨਵ ਹਿਤੈਸ਼ੀ ਹੈ ਉਥੇ ਉਹ ਗ਼ਜ਼ਲ ਵਿਆਕਰਨ ਵਿਚ ਵੀ ਪੂਰਾ ਸੂਰਾ ਹੈ। ਉਸ ਦੇ ਛੰਦ ਬਹਿਰ, ਕਾਫੀਏ, ਰਕੀਫ਼ ਦੇ ਗ਼ਜ਼ਲ ਦੇ ਹੋਰ ਅੰਗ ਗ਼ਜ਼ਲ ਤਕਨੀਕ ਵਿਚ ਪੂਰਨ ਹਨ। ਉਸ ਦਾ ਇਕ ਗ਼ਜ਼ਲ ਪ੍ਰਤੀ ਸ਼ਿਅਰ ਦੇ ਕੇ ਹੁਣ ਅਲਵਿਦਾ-
ਉੱਤਮ ਕਲਾ ਹੈ ਦੋਸਤੋ ਗ਼ਜ਼ਲਾਂ 'ਚ ਅੱਖਰ ਢਾਲਣੇ
ਝੱਖੜ 'ਚ ਦੀਵੇ ਬਾਲਣੇ ਸੂਲਾਂ 'ਤੇ ਪਾਉਣੇ ਆਲ੍ਹਣੇ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਅਣਗੌਲਿਆ ਆਜ਼ਾਦੀ ਘੁਲਾਟੀਆ
ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ
ਲੇਖਕ : ਡਾ. ਗੁਰਦੇਵ ਸਿੰਘ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 100
ਸੰਪਰਕ : 94170-49417

ਡਾ. ਗੁਰਦੇਵ ਸਿੰਘ ਸਿੱਧੂ ਨੇ ਦੋ ਆਜ਼ਾਦੀ ਸੰਗਰਾਮੀਆਂ ਬਾਰੇ ਹਾਲ ਹੀ ਵਿਚ ਦੋ ਨਾਯਾਬ ਪੁਸਤਕਾਂ ਲਿਖ ਕੇ ਵਡੇਰਾ ਕਾਰਜ ਕੀਤਾ ਹੈ। ਪਹਿਲੀ ਮਾਸਟਰ ਗੱਜਣ ਸਿੰਘ ਬਾਰੇ ਅਤੇ ਇਹ ਦੂਸਰੀ ਬਾਬਾ ਨਿਧਾਨ ਸਿੰਘ ਮਹੇਸਰੀ (ਗ਼ਦਰੀ ਬਾਬੇ) ਬਾਰੇ। ਇਨ੍ਹਾਂ ਦੇ ਮਹਾਨ ਯੋਗਦਾਨ ਬਾਰੇ, ਬਹੁਤੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ। ਬਾਬਾ ਨਿਧਾਨ ਸਿੰਘ ਮਹੇਸਰੀ ਨੇ ਵਿਦੇਸ਼ਾਂ ਵਿਚ, ਅਣਥੱਕ ਘਾਲਣਾ ਘਾਲਦਿਆਂ, ਆਜ਼ਾਦੀ ਦੇ ਘੋਲ ਵਿਚ ਵਡਮੁੱਲਾ ਯੋਗਾਦਨ ਪਾਇਆ। ਬਾਬਾ ਮਹੇਸਰੀ ਨੇ ਮਾਲਵੇ ਦੇ ਇਕ ਹੋਰ ਉੱਘੇ ਸੁੰਤਰਤਾ ਸੰਗਰਾਮੀਏ, ਬਾਬਾ ਬਚਨ ਸਿੰਘ ਘੋਲੀਆ ਨਾਲ ਮਿਲ ਕੇ ਲਾਲ ਝੰਡੇ ਹੇਠ ਸੰਘਰਸ਼ ਲੜਿਆ। ਬਾਬਾ ਨਿਧਾਨ ਸਿੰਘ, ਅਸੰਬਲੀ ਦੇ ਮੈਂਬਰ ਵਜੋਂ ਵੀ ਲੋਕ ਮਸਲਿਆਂ ਨੂੰ ਉਠਾਉਂਦੇ ਰਹੇ।
ਵਿਚਾਰ-ਗੋਚਰੀ ਪੁਸਤਕ ਦੇ ਕੁੱਲ 11 ਚੈਪਟਰ ਹਨ, ਜਿਨ੍ਹਾਂ ਰਾਹੀਂ ਬਾਬਾ ਜੀ ਦੇ ਮੁਢਲੇ ਜੀਵਨ ਤੋਂ ਲੈ ਕੇ ਸਮੁੱਚੀ ਘਾਲਣਾ ਨੂੰ ਬਾਖ਼ੂਬੀ ਬਿਆਨ ਕੀਤਾ ਗਿਆ ਹੈ। ਬਾਬਾ ਜੀ ਨੇ ਸੰਘਰਸ਼ ਦੌਰਾਨ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਆਜ਼ਾਦੀ ਪਰਵਾਨਿਆਂ ਨੂੰ ਜਥੇਬੰਦ ਕਰਨ ਲਈ ਅਣਥੱਕ ਕਾਰਜ ਕੀਤੇ। ਲੰਮੇਰੇ ਸੰਘਰਸ਼ ਉਪਰੰਤ ਉਹ ਵਤਨ ਵਾਪਸ ਆਏ। ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਬਾਬਾ ਨਿਧਾਨ ਸਿੰਘ ਗ਼ਦਰ ਪਾਰਟੀ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਉਪਰਾਲੇ ਸਦਕਾ 1935 ਤੱਕ ਗ਼ਦਰ ਪਾਰਟੀਆਂ ਦੀਆਂ ਵਿਦੇਸ਼ਾਂ ਵਿਚ 9 ਇਕਾਈਆਂ ਕਾਇਮ ਹੋ ਚੁੱਕੀਆਂ ਸਨ।' (ਪੰਨਾ 30) ਬਾਬਾ ਜੀ ਦੇ ਯਤਨਾਂ ਸਦਕਾ ਬੰਦ ਹੋ ਚੁੱਕਾ ਗ਼ਦਰ ਪਾਰਟੀ ਦਾ ਹਫ਼ਤਾਵਾਰੀ ਅਖ਼ਬਾਰ 'ਹਿੰਦੋਸਤਾਨ ਗ਼ਦਰ' ਮੁੜ ਕੇ ਛਪਣਾ ਸ਼ੁਰੂ ਹੋਇਆ। 'ਗ਼ਦਰ ਦੀ ਗੂੰਜ' ਅਤੇ 'ਆਜ਼ਾਦੀ ਦੀ ਗੂੰਜ' ਕਾਵਿ-ਲੜੀਆਂ ਵੀ ਸ਼ੁਰੂ ਹੋਈਆਂ। (ਪੰਨਾ 31) ਗ਼ਦਰ ਅਖ਼ਬਾਰ ਦੇ ਮੁੱਖ ਪੰਨੇ ਦੀ ਤਸਵੀਰ ਵੀ ਸਫ਼ਾ ਨੰਬਰ 30 'ਤੇ ਦਰਜ ਹੈ। ਉਨ੍ਹਾਂ ਦਾ ਵਿਆਹ ਬੀਬੀ ਹਰ ਕੌਰ ਨਾਲ ਹੋਇਆ। ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਉਨ੍ਹਾਂ ਦੇਸ਼ ਦੀ ਵੰਡ ਕਾਰਨ ਲਹਿੰਦੇ ਪੰਜਾਬੋਂ ਉੱਜੜ ਕੇ ਆਏ ਲੋਕਾਂ ਦੇ ਮੁੜ-ਵਸੇਬੇ ਲਈ ਡਟ ਕੇ ਕੰਮ ਕੀਤਾ। 1952 ਵਿਚ ਬਾਬਾ ਜੀ, ਪੰਜਾਬ ਅਸੰਬਲੀ ਦੇ ਮੈਂਬਰ ਚੁਣੇ ਗਏ/ਬਤੌਰ ਅਸੰਬਲੀ ਮੈਂਬਰ, ਉਨ੍ਹਾਂ ਲੋਕ-ਮਸਲੇ ਉਠਾਏ ਤੇ ਬਹੁਤ ਸਾਰੇ ਮਸਲੇ ਹੱਲ ਕਰਵਾਏ। ਇਹ ਨਿਧੜਕ ਅਤੇ ਅਣਖੀ ਸੂਰਮਾ ਅਧਰੰਗ ਕਾਰਨ 24 ਜੂਨ-1954 ਵਿਚ ਚਲਾਣਾ ਕਰ ਗਿਆ। ਪਿੰਡ ਵਿਚ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ। ਅਧਿਆਏ 11 ਵਿਚ ਬਾਬਾ ਜੀ ਵਲੋਂ ਪੰਜਾਬ ਵਿਧਾਨ ਸਭਾ ਵਿਚ ਪੁੱਛੇ ਪ੍ਰਸ਼ਨਾਂ ਦਾ ਵੇਰਵਾ ਦਰਜ ਹੈ।
ਨਛੱਤਰ ਸਿੰਘ ਗਿੱਲ ਮਾਣੂੰਕੇ ਦਾ ਲੇਖ 'ਮੇਰਾ ਪਥਪਰਦਰਸ਼ਕ' ਪੜ੍ਹਨਯੋਗ ਹੈ। ਸਹਿਯੋਗੀ ਸੱਜਣਾਂ ਦੇ ਨਾਵਾਂ ਦੇ ਨਾਲ-ਨਾਲ, ਸੂਚਨਾ ਸਰੋਤਾਂ ਬਾਰੇ ਵੇਰਵਾ ਵੀ ਦਿੱਤਾ ਹੈ। ਅੰਤਲੇ ਪੰਨਿਆਂ ਉੱਤੇ 26 ਰੰਗਦਾਰ ਤਸਵੀਰਾਂ, ਦੁਰਲੱਭ ਤਸਵੀਰਾਂ ਹਨ। ਪੁਸਤਕ ਦੀ ਬੋਲੀ ਸਰਲ, ਦਮਦਾਰ ਅਤੇ ਛਾਪੀ/ਦਿੱਖ, ਸੁੰਦਰ ਹੈ। ਹਰੇਕ ਪੰਜਾਬੀ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਸੰਘਰਸ਼ ਤੇ ਸਮਝੌਤਾ
ਲੇਖਿਕਾ : ਰਵੀਨਾ (ਖਿਆਲੀ)
ਪ੍ਰਕਾਸ਼ਕ : ਸੁਮਿਤ ਪ੍ਰਕਾਸ਼ਨ, ਲੁਧਿਆਣਾ
ਮੁੱਲ : 70 ਰੁਪਏ, ਸਫ਼ੇ : 32
ਸੰਪਰਕ : 98762-07774

ਬੇਹੱਦ ਨਿੱਕੀ ਜਿਹੀ ਇਸ ਨਾਵਲ ਰੂਪੀ ਮਹੱਤਵਪੂਰਨ ਪੁਸਤਕ ਵਿਚ ਕੈਨੇਡਾ ਪੜ੍ਹਨ ਗਈ ਸਿਫ਼ਤ ਨਾਂਅ ਦੀ ਇਕ ਪੰਜਾਬੀ ਵਿਦਿਆਰਥਣ ਦੀ ਆਪ-ਬੀਤੀ ਦਰਜ ਹੈ। ਜਿਹੜੀ ਬੇਹੱਦ ਮਿਹਨਤੀ ਅਤੇ ਜ਼ਹੀਨ ਹੈ। ਬੜੇ ਚਾਵਾਂ ਨਾਲ ਉਸ ਦੇ ਮਾਂ-ਬਾਪ ਅਤੇ ਹੋਰ ਪਰਿਵਾਰਕ ਮੈਂਬਰ ਉਸ ਨੂੰ ਕੈਨੇਡਾ ਭੇਜਦੇ ਹਨ। ਕੈਨੇਡਾ ਪਹੁੰਚ ਕੇ ਉਸ ਦੇ ਸੁਪਨੇ ਤੜੱਕ-ਤੜੱਕ ਕਰਕੇ ਟੁੱਟਣ ਲਗਦੇ ਹਨ। ਜਦੋਂ ਪੈਰ-ਪੈਰ 'ਤੇ ਤਿੱਖਾ ਸੰਘਰਸ਼ ਕਰਦਿਆਂ ਉਸ ਨੂੰ ਸਮਝੌਤੇ ਕਰਨੇ ਪੈਂਦੇ ਹਨ ਤਾਂ ਉਸ ਨੂੰ ਖ਼ੂਨ ਦੇ ਹੰਝੂ ਵਹਾਉਣ ਲਈ ਮਜਬੂਰ ਹੋਣਾ ਪੈਂਦਾ ਹੈ।
ਵਿਦੇਸ਼ਾਂ 'ਚ ਸੈੱਟ ਹੋਣ ਦੇ ਚੱਕਰ ਵਿਚ ਵਿਸ਼ੇਸ਼ ਤੌਰ 'ਤੇ ਲੜਕੀਆਂ ਨਾਲ ਜੋ ਭਿਆਨਕ ਹੋਣੀ ਵਾਪਰਦੀ ਹੈ ਦੀ ਇਹ ਪੁਸਤਕ ਸਪੱਸ਼ਟ ਤੇ ਪ੍ਰਤੱਖ ਗਵਾਹੀ ਹੈ। ਪੁਸਤਕ ਦੀ ਦੁਖਿਆਰੀ ਨਾਇਕਾ 'ਸਿਫ਼ਤ' ਦੇ ਇਸ ਅਕਹਿ ਦੁੱਖ ਕਰਕੇ ਪੁਸਤਕ ਦੇ ਆਰੰਭ ਵਿਚ ਦਰਜ 'ਮੁੱਢਲੇ ਸ਼ਬਦ' ਸਿਰਲੇਖ ਹੇਠ ਰੱਬ ਦੀ ਹੋਂਦ 'ਤੇ ਵੀ ਸਵਾਲ ਉਠਾਉਣ ਲਈ ਇਉਂ ਮਜਬੂਰ ਹੋਣਾ ਪਿਆ ਹੈ ਕਿ 'ਮੰਨਿਆ ਜਾਂਦਾ ਹੈ, ਜੋ ਮਿਹਨਤ ਤੇ ਇਮਾਨਦਾਰੀ ਨਾਲ ਕਰਮ ਕਰਦਾ ਹੈ ਰੱਬ ਉਸ ਨੂੰ ਬਣਦਾ ਹੱਕ ਦੇ ਦਿੰਦਾ ਹੈ ਪਰ ਇਸ ਕਿਤਾਬ 'ਚ ਸਵਾਲ ਇਹ ਹੈ ਕਿ, ਕੀ ਇਹ ਗੱਲ ਸੱਚ ਹੈ?' ਇਹ ਪੁਸਤਕ ਪੈਰ-ਪੈਰ 'ਤੇ ਸਮਾਜ ਨੂੰ ਇਸ ਸਭ ਕੁਝ ਬਾਰੇ ਸੋਚਣ ਲਈ ਜ਼ੋਰ ਪਾਉਂਦੀ ਹੈ। ਜੇਕਰ ਅਸੀਂ ਸਾਹਿਤਕ ਤਕਨੀਕ ਨੂੰ ਅਣਗੌਲਿਆ ਕਰਕੇ ਇਸ ਪੁਸਤਕ ਨੂੰ ਪਾਰਖੂ ਨਜ਼ਰ ਨਾਲ ਪੜ੍ਹੀਏ ਤਾਂ ਵਿਦੇਸ਼ 'ਚ ਪੜ੍ਹਨ ਜਾਂਦੀਆਂ ਕੁੜੀਆਂ ਦਾ ਦੁੱਖ ਹੀ ਜ਼ਿਹਨ 'ਤੇ ਭਾਰੂ ਹੁੰਦਾ ਮਹਿਸੂਸ ਕੀਤਾ ਜਾ ਸਕਦਾ ਹੈ।

-ਸੁਰਿੰਦਰ ਸਿੰਘ 'ਕਰਮ ਲਧਾਣਾ'
ਮੋਬਾਈਲ : 98146-81444

ਐਲਿਸ ਇਨ ਫੰਡਰਲੈਂਡ
ਲੇਖਕ : ਦਵਿੰਦਰ ਸਿੰਘ ਗਿੱਲ
ਪ੍ਰਕਾਸ਼ਕ : ਆਟਮ ਆਰਟਸ, ਪਟਿਆਲਾ
ਮੁੱਲ : 175 ਰੁਪਏ, ਸਫ਼ੇ : 92
ਸੰਪਰਕ : 98550-73018

ਨਾਟਕਕਾਰ ਅਤੇ ਵਿਅੰਗ ਲੇਖਕ ਦਵਿੰਦਰ ਸਿੰਘ ਗਿੱਲ ਦਾ ਹਥਲਾ ਨਾਵਲ 'ਐਲਿਸ ਇਨ ਫੰਡਰਲੈਂਡ' ਇਕ ਪੈਰੋਡੀਨੁਮਾ ਨਾਵਲ ਹੈ। ਲੇਖਕ ਨੇ ਖ਼ੁਦ ਹੀ ਸਵੀਕਾਰ ਕੀਤਾ ਹੈ ਕਿ ਇਹ ਨਾਵਲ 'ਅੰਗਰੇਜ਼ੀ ਦੇ ਪ੍ਰਸਿੱਧ ਨਾਵਲ 'ਐਲਿਸ ਐਡਵੈਂਚਰ ਇਨ ਵੰਡਰਲੈਂਡ' ਤੋਂ ਪ੍ਰੇਰਨਾ ਲੈ ਕੇ ਲਿਖਿਆ ਹੈ, ਜਿਸ ਵਿਚ ਨਾਵਲ ਦੀ ਨਾਇਕਾ ਐਲਿਸ ਇਕ ਕਲਪਿਤ ਦੇਸ਼ ਫੰਡਰਲੈਂਡ ਪੁੱਜ ਜਾਂਦੀ ਹੈ। ਨਾਵਲ ਦੇ ਕਥਾਨਕ ਅਨੁਸਾਰ ਸਥਾਨਕ ਪੱਪੂ ਨਾਂ ਦਾ ਪੇਂਡੂ ਮੁੰਡਾ ਤੇ ਵਿਦੇਸ਼ੀ ਗੋਰੀ ਐਲਿਸ ਦੋਸਤ ਹਨ। ਦੋਵੇਂ ਬੱਸ ਰਾਹੀਂ ਕਲਪਿਤ ਮੁਲਕ ਫੰਡਰਲੈਂਡ ਦੀ ਯਾਤਰਾ 'ਤੇ ਜਾਂਦੇ ਹਨ। ਸਾਰਾ ਕਥਾਨਕ ਬੱਸ ਵਿਚ ਹੀ ਬੁਣਿਆ ਗਿਆ ਹੈ। ਬੱਸ ਚਾਲਕ ਮੱਘਰ, ਪੱਪੂ ਅਤੇ ਐਲਿਸ ਇਸ ਕਥਾਨਕ ਦੇ ਮੁੱਖ ਪਾਤਰ ਹਨ। ਪੱਪੂ ਪੰਜਾਬ ਦੀ ਨੌਜਵਾਨੀ ਅਤੇ ਬੱਸ ਮੁਲਕ ਦਾ ਪ੍ਰਤੀਕ ਹਨ ਜੋ ਆਪਣੇ ਦੇਸ਼ ਅਤੇ ਪਰਦੇਸ ਦੇ ਬੌਧਿਕ, ਆਰਥਿਕ, ਸਭਿਆਚਾਰਕ, ਨੈਤਿਕ ਅਤੇ ਸਿਆਸੀ ਵਾਤਾਵਰਨ ਤੋਂ ਨਿਰਾਸ਼ ਹੈ ਅਤੇ ਉਹ ਕਿਸੇ ਆਈਲੈਟਸ ਪਾਸ ਲੜਕੀ ਦੇ ਸਹਾਰੇ ਵਿਦੇਸ਼ ਜਾਣ ਦੀ ਉਮੀਦ ਰੱਖਦਾ ਹੈ। ਚਲਦੀ ਬੱਸ ਦੌਰਾਨ ਹੀ ਪੱਪੂ, ਮੱਘਰ ਅਤੇ ਐਲਿਸ ਦੇ ਵਿਅੰਗਮਈ ਵਾਰਤਾਲਾਪ ਰਾਹੀਂ ਆਪਣੇ ਮੁਲਕ ਦੇ ਸਿਸਟਮ ਤੇ ਕਟਾਖਸ਼ ਕੀਤੇ ਗਏ ਹਨ। ਘੱਟ ਪੜ੍ਹਿਆਂ ਅਤੇ ਨਾਸਮਝ ਚਾਲਕਾਂ ਸਹਾਰੇ ਬੱਸ ਰੂਪੀ ਮੁਲਕ ਨੂੰ ਚਲਾਉਣ ਵਾਲਿਆਂ 'ਤੇ ਤਿੱਖੇ ਵਿਅੰਗ ਬਾਣ ਛੱਡੇ ਗਏ ਜਨ। ਐਲਿਸ ਦੇ ਸਵਾਲਾਂ ਦੇ ਜਵਾਬ ਪੱਪੂ ਨਾਟਕੀ ਢੰਗ ਨਾਲ ਦਿੰਦਾ ਹੈ। ਇੰਜ ਨਾਵਲ ਪੜ੍ਹਦਿਆਂ ਕਿਸੇ ਨਾਟਕ ਨੂੰ ਪੜ੍ਹਣ ਦਾ ਅਹਿਸਾਸ ਵੀ ਹੁੰਦਾ ਹੈ। ਜਿਥੇ ਮੂਲ ਨਾਵਲ ਵਿਚ ਐਲਿਸ ਫੰਡਰਲੈਂਡ ਦੀ ਚਮਤਕਾਰਕ ਦੁਨੀਆ ਵਿਚ ਪ੍ਰਵੇਸ਼ ਕਰਕੇ ਕਈ ਤਰ੍ਹਾਂ ਦੇ ਚਮਤਕਾਰਾਂ ਦੀ ਪ੍ਰਕ੍ਰਿਆ ਦਾ ਹਿੱਸਾ ਬਣਦੀ ਹੈ, ਉੱਥੇ ਨਾਵਲਕਾਰ ਆਪਣੇ ਇਸ ਨਾਵਲ ਵਿਚ ਆਪਣੇ ਮੁਲਕ ਦੀ ਤੁਲਨਾ ਕਿਸੇ ਫੰਡਰ ਗਾਂ-ਮੱਝ ਨਾਲ ਕਰਕੇ ਇਸ ਦਾ ਮਜ਼ਾਕ ਉਡਾਉਂਦਾ ਹੈ। ਉਸ ਨੂੰ ਬੌਧਿਕ, ਆਰਥਿਕ, ਸਿਆਸੀ, ਸੱਭਿਆਚਾਰਕ ਅਤੇ ਨੈਤਿਕ ਤੌਰ 'ਤੇ ਕੰਗਾਲ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੇਖਕ ਇਸ ਨਾਵਲ ਰਾਹੀਂ ਪਾਠਕਾਂ ਨੂੰ ਸਿਹਤਮੰਦ ਮਨੋਰੰਜਨ ਦੇਣ ਦੀ ਗੱਲ ਕਰਦਾ ਹੈ। ਭਾਸ਼ਾ ਮਲਵਈ ਹੈ। ਥਾਂ-ਥਾਂ 'ਤੇ ਡੰਗ-ਚੋਭਾਂ ਅਤੇ ਹਾਸੇ ਮਜ਼ਾਕ ਰਾਹੀਂ ਵਿਅੰਗ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ

03-03-2024

 ਸਾਖੀ ਪ੍ਰਥਾਇ
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ
ਅਤੇ ਉਨ੍ਹਾਂ ਦੀਆਂ ਵੰਸ਼ਜਾਂ ਦੀ
ਲੇਖਕ : ਡਾ. ਅਮਰਜੀਤ ਕੌਰ ਇੱਬਣ ਕਲਾਂ
ਪ੍ਰਕਾਸ਼ਕ : ਅਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 495 ਰੁਪਏ, ਸਫ਼ੇ : 339
ਸੰਪਰਕ : 97806-35197

ਮੌਖਿਕ ਤੌਰ 'ਤੇ ਪ੍ਰਚਲਤ ਸਾਖੀ ਸਾਹਿਤ ਦਾ ਆਪਣਾ ਇਤਿਹਾਸ ਹੈ, ਜੋ ਅੱਜ ਖੋਜ ਪ੍ਰਥਾਏ ਹੈ। ਹੁਣ ਡਾ. ਅਮਰਜੀਤ ਕੌਰ ਇੱਬਣ ਕਲਾਂ ਇਤਿਹਾਸ ਨੂੰ ਖੰਗਾਲਣ, ਪੜਚੋਲਣ, ਪ੍ਰਕਾਸ਼ਮਾਨ ਕਰਨ ਵਾਲੀ ਖੋਜੀ ਇਤਿਹਾਸਕਾਰਾਂ ਦੀ ਸ਼੍ਰੇਣੀ 'ਚ ਸ਼ਾਮਲ ਖੋਜੀ ਲੇਖਿਕਾ ਹੈ। ਉਸ ਦੀ ਕਲਮ ਤੋਂ ਪੰਜਾਬੀ ਵਿਚ 24 ਪੁਸਤਕਾਂ ਛਪ ਚੁੱਕੀਆਂ ਹਨ। ਇਸ ਕਿਤਾਬ ਵਿਚ ਲੇਖਿਕਾ ਨੇ ਛੱਜਰਾ/ਬੰਸਾਵਲੀ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੁੱਢਾ ਜੀ ਦਾ ਜਨਮ ਸਥਾਨ, ਬਾਬਾ ਬੁੱਢਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ, ਬਾਬਾ ਬੁੱਢਾ ਜੀ ਦੀ ਕਰਤਾਰਪੁਰ ਵਿਖੇ ਜ਼ਿੰਮੇਵਾਰੀ, ਬਾਬਾ ਬੁੱਢਾ ਜੀ ਦਾ ਵਿਆਹ, ਬਾਬਾ ਬੁੱਢਾ ਜੀ ਦੇ ਮਾਤਾ-ਪਿਤਾ ਦਾ ਚਲਾਣਾ, ਬਾਬਾ ਜੀ ਦਾ ਪਰਿਵਾਰ, ਬਾਬਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੇ ਅੰਤਲੇ ਦਿਨਾਂ ਵਿਚ ਸੇਵਾ ਵਿਚ ਰਹਿਣਾ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦਾ ਤਿਲਕ ਦੇਣਾ, ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣਾ, ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ ਸਮਾਧੀ ਲਾ ਕੇ ਬੈਠਣਾ, ਬਾਬਾ ਬੁੱਢਾ ਜੀ ਨੇ ਪ੍ਰਗਟ ਕਰਨਾ, ਰਬਾਬੀ ਰਜ਼ਾਦੇ ਨੇ ਬਾਬਾ ਜੀ ਨੂੰ ਸ਼ਬਦ ਸੁਣਾਉਣ ਤੋਂ ਨਾਂਹ ਕਰਨੀ, ਗੁਰੂ ਅੰਗਦ ਦੇਵ ਜੀ ਦੇ ਨਾਲ ਗੁਰੂ ਅਮਰਦਾਸ ਜੀ ਦਾ ਮਿਲਾਪ, ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਤੇ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਚਲੇ ਜਾਣ ਦਾ ਆਦੇਸ਼ ਦੇਣਾ, ਗੁਰੂ ਅਮਰਦਾਸ ਜੀ ਗੋਇੰਦਵਾਲ ਵਿਖੇ, ਸੰਨ੍ਹ ਸਾਹਿਬ ਦਾ ਪ੍ਰਸੰਗ, ਗੁਰੁ ਅਮਰਦਾਸ ਜੀ ਵਲੋਂ ਬਾਈ ਮੰਜੀਆਂ ਸਥਾਪਿਤ ਕਰਨੀਆਂ, ਮੰਜੀ ਪ੍ਰਥਾ, ਬਾਉਲੀ ਸਾਹਿਬ ਤਿਆਰ ਕਰਵਾਉਣੀ ਬਾਦਸ਼ਾਹ ਅਕਬਰ ਨੇ ਆਪਣੇ ਸਫੀਰ ਭੇਜਣੇ, ਬਾਦਸ਼ਾਹ ਅਕਬਰ ਨੇ ਗੋਇੰਦਵਾਲ ਵਿਖੇ ਗੁਰੂ ਦਰਬਾਰ ਵਿਚ ਨਤ-ਮਸਤਕ ਹੋਣਾ, ਬਾਬਾ ਬੁੱਢਾ ਜੀ ਨੇ ਬੀੜ ਸਾਹਿਬ ਆਉਣਾ, ਗੁਰੁ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਗੁਰਿਆਈ ਦੇਣੀ, ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ ਭਾਵ ਅੰਮ੍ਰਿਤਸਰ ਵਸਾਉਣਾ, ਬਾਬਾ ਬੁੱਢਾ ਜੀ ਨੇ ਝੰਡੇ ਰਾਮਦਾਸਪੁਰ ਨਗਰ ਬੰਨ੍ਹਣਾ, ਬਾਬਾ ਬੁੱਢਾ ਜੀ ਦੀ ਧਰਮ ਪਤਨੀ ਮਾਤਾ ਮਿਰੋਆ ਦਾ ਚਲਾਣਾ, ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਅਰਜਨ ਦੇਵ ਨੂੰ ਲਾਹੌਰ ਤੋਂ ਲਿਆਉਣ ਲਈ ਬਾਬਾ ਬੁੱਢਾ ਜੀ ਨੂੰ ਭੇਜਣਾ, ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਸਮਾਉਣਾ, ਗੁਰੁ ਅਰਜਨ ਦੇਵ ਜੀ ਦਾ ਮੁਢਲਾ ਜੀਵਨ, ਪ੍ਰਿਥੀਚੰਦ ਨੇ ਬਾਬਾ ਬੁੱਢਾ ਜੀ ਨੂੰ ਕੁਬੋਲ ਬਚਨ ਕਰਨੇ, ਭਾਈ ਗੁਰਦਾਸ ਜੀ ਨੇ ਬੀਬੀ ਭਾਨੀ ਜੀ ਪਾਸ ਮਾਤਮ-ਪਰਚਾਵੀ ਲਈ ਪੁੱਜਣਾ, ਸ੍ਰੀ ਅੰਮ੍ਰਿਤਸਰ ਦੀ ਸੇਵਾ ਹੋਣੀ, ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇ ਜੀ ਦੇ ਵਿਆਹ ਦੀ ਸੇਵਾ ਕਰਨੀ, ਗੁਰੂ ਅਰਜਨ ਦੇਵ ਜੀ ਨੇ ਸ੍ਰੀ ਤਰਨ ਤਾਰਨ ਦੀ ਨੀਂਹ ਬਾਬਾ ਬੁੱਢਾ ਜੀ ਦੇ ਹੱਥੋਂ ਰਖਵਾ ਕੇ ਨਗਰ ਬੰਨ੍ਹਣਾ, ਬਾਬਾ ਬੁੱਢਾ ਜੀ ਨੇ ਸਰਹਾਲੀ ਪਿੰਡ 'ਤੇ ਪਰਉਪਕਾਰ ਕਰਨਾ, ਮਾਤਾ ਗੰਗਾ ਜੀ ਨੇ ਪੁੱਤਰ ਦਾ ਵਰ ਲੈਣ ਲਈ ਬੀੜ ਸਾਹਿਬ ਜਾਣਾ, ਸ੍ਰੀ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖਣੀ, ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਅਤੇ ਬਾਬਾ ਬੁੱਢਾ ਜੀ ਨੇ ਦਰਸ਼ਨ ਕਰਨ ਪੁੱਜਣਾ, ਬਾਬਾ ਬੁੱਢਾ ਜੀ ਨੇ ਸਾਹਿਬਜ਼ਾਦੇ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਮੁਖੀ ਵਿੱਦਿਆ ਅਤੇ ਸ਼ਸਤਰ ਵਿੱਦਿਆ ਸਿਖਾਉਣੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਰੂ ਸਾਹਿਬਾਨ ਵਲੋਂ ਉਚਾਰਨ ਕੀਤੀ ਬਾਣੀ ਤੇ ਉਨ੍ਹਾਂ ਦੇ ਸਮੇਂ ਤੀਕ ਇਲਹਾਮ ਹੋਈ ਬਾਣੀ ਨੂੰ ਇਕੱਤਰ ਕਰਨ ਦਾ ਵਿਚਾਰ ਆਉਣਾ, ਗੋਇੰਦਵਾਲ ਤੋਂ ਸੈਂਚੀਆਂ ਅੰਮ੍ਰਿਤਸਰ ਪੁੱਜਣ ਦਾ ਪ੍ਰਸੰਗ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਲੋਂ ਰਾਮਸਰ ਦੇ ਸਥਾਨ ਦੀ ਚੋਣ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ, ਬਾਦਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨਾ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ, ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹਰਿਗੋਬਿੰਦ ਸਾਹਿਬ ਜੀ ਦੀ ਗੁਰਿਆਈ ਕਰਨ ਨੂੰ ਕਹਿਣਾ, ਬਾਦਸ਼ਾਹ ਨੇ ਗੁਰੂ ਜੀ ਨੂੰ ਲੈਣ ਵਾਸਤੇ ਅਹਿਦੀਏ ਭੇਜਣੇ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪ੍ਰਭਾਵ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਬਿਰਾਜਣਾ, ਸੈਨਿਕਾਂ ਦੀ ਭਰਤੀ, ਅੰਮ੍ਰਿਤਸਰ ਦੀ ਕਿਲ੍ਹਾ ਬੰਦੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦੀ, ਕਾਬਲ ਦੇ ਸਿੱਖ ਦਾ ਸੂਬੇ ਵਲੋਂ ਖੋਹਿਆ ਘੋੜਾ ਬਾਬਾ ਬੁੱਢਾ ਜੀ ਦੇ ਬਚਨਾ ਨਾਲ ਵਾਪਿਸ, ਪ੍ਰਸੰਗ ਬੀਬੀ ਕੌਲਾਂ ਜੀ, ਬਿਬੇਕ ਸਰ ਦੀ ਕਥਾ, ਪ੍ਰਥਾਏ ਸਾਖੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਉਨ੍ਹਾਂ ਦੀਆਂ ਵੰਸ਼ਜਾਂ ਦੀ, ਬਾਬਾ ਜੀ ਅੰਤਲੇ ਸਮੇਂ ਰਮਦਾਸ ਵਿਖੇ ਅਤੇ ਅਗਲੇ ਭਾਗ ਪ੍ਰਥਾਏ ਸਾਖੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਉਨ੍ਹਾਂ ਦੀਆਂ ਵੰਸ਼ਜਾਂ ਦੀ, ਵਿਚ 74 ਸਬ ਸਿਰਲੇਖਾਂ ਹੇਠ ਦਰਜ ਹੈ। ਬਾਬਾ ਬੁੱਢਾ ਜੀ ਦੇ ਵੰਸ਼ਜਾਂ ਸੰਬੰਧੀ 1506 ਤੋਂ 1923 ਤੀਕ ਮਹੱਤਵਪੂਰਨ ਜਾਣਕਾਰੀ ਡਾ. ਅਮਰਜੀਤ ਕੌਰ ਇੱਬਣ ਕਲਾਂ ਨੇ ਮੁਹੱਈਆ ਕੀਤੀ ਹੈ। ਇਹ ਪਹਿਲੀ ਵਾਰ ਹੋਇਆ ਹੈ। ਲੇਖਿਕਾ ਦੀ ਮਿਹਨਤ ਮੂੰਹ ਚੜ੍ਹ ਪ੍ਰਸ਼ੰਸਾ ਕਰਵਾਉਂਦੀ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਤਾਬੀਰ
ਲੇਖਕ : ਸ਼ਹਿਬਾਜ਼ ਖਾਨ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 127
ਸੰਪਰਕ : 70874-15886

ਸ਼ਾਇਰ ਸ਼ਹਿਬਾਜ਼ ਖਾਨ ਆਪਣੀ ਪਲੇਠੀ ਕਾਵਿ ਕਿਤਾਬ 'ਤਾਬੀਰ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਨੂੰ ਸ਼ਾਇਰੀ ਦੀ ਪਿਉਂਦ ਆਪਣੇ ਮਰਹੂਮ ਪਿਤਾ ਕੰਵਰ ਇਮਤਿਆਜ਼ ਤੋਂ ਲੱਗੀ ਪਰ ਸਿਤਮ ਜ਼ਰੀਫ਼ੀ ਇਹ ਕਿ ਆਪਣੇ ਪੁੱਤਰ ਦੀ ਛਪੀ ਹੋਈ ਕਿਤਾਬ ਦੇਖਣ ਤੋਂ ਪਹਿਲਾਂ ਹੀ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸ਼ਾਇਰ ਦੀ ਤਸਵੀਰ ਇਸ ਪੁਸਤਕ ਦੇ ਪਿੱਠਵਰਕ 'ਤੇ ਛਪੀ ਹੋਈ ਦੇਖ ਕੇ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਖ਼ੂਬਸੂਰਤ ਸ਼ਾਇਰ ਸੂਰਤ, ਸੀਰਤ ਤੇ ਸ਼ਬਦ ਦੀ ਤ੍ਰਿਵੈਣੀ ਨਾਲ ਮਾਲਾ-ਮਾਲ ਹੈ। ਸ਼ਾਇਰ ਦੀ ਸ਼ਾਇਰੀ ਦੀ ਤੰਦ ਸੂਤਰ ਕਾਵਿ-ਕਿਤਾਬ ਦੇ ਨਾਂਅ 'ਤਾਬੀਰ' ਤੋਂ ਅਸਾਡੇ ਹੱਥ ਸਹਿਜੇ ਹੀ ਆ ਜਾਂਦੀ ਹੈ ਕਿ ਤਾਬੀਰ ਸੁਪਨਿਆਂ ਨੂੰ ਪੂਰੇ ਹੁੰਦਿਆਂ ਦੇਖਣ ਦਾ ਨਾਂਅ ਹੈ ਤੇ ਇਸ ਤਾਬੀਰ ਤੱਕ ਪਹੁੰਚਣ ਲਈ ਉਹ ਸ਼ਬਦਾਂ ਦੀ ਠਾਹਰ ਤਾਂ ਭਾਲਦਾ ਹੀ ਹੈ ਪਰ ਨਾਲ ਦੀ ਨਾਲ ਕਸਤੂਰੀ ਮਿਰਗ ਦੀ ਅਉਧ ਵੀ ਹੰਢਾ ਰਿਹਾ ਹੈ। ਕਹਿੰਦੇ ਨੇ, 'ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਿਸੀ ਕੋ ਜ਼ਮੀਨ ਕਿਸੀ ਕੋ ਜਹਾਂ ਨਹੀਂ ਮਿਲਤਾ' ਅਤੇ ਗਾਲਿਬ ਦੀ ਆਤਿਸ਼ ਦਾ ਸੇਕ ਵੀ ਝੱਲਣਾ ਪੈਂਦਾ ਹੈ ਜਾਂ 'ਯੇ ਇਸ਼ਕ ਨਹੀਂ ਆਸਾਂ ਏਕ ਆਗ ਕਾ ਦਰਿਆ ਹੈ ਔਰ ਡੂਬ ਕੇ ਜਾਨਾ ਹੈ' ਤੱਕ ਦਾ ਕਿਨਾਰਾ ਪਾਰ ਕਰਨ ਲਈ ਮਹਿਬੂਬਾ ਦੀਆਂ ਬਰੂਹਾਂ ਤੱਕ ਜਾਣ ਦਾ ਤਰੱਦਦ ਕਰਨਾ ਪੈਂਦਾ ਹੈ। ਇੱਥੇ ਤੱਕ ਪਹੁੰਚਣ ਲਈ ਉਹ 'ਨਿੰਮ ਦੀ ਚੂਰੀ' ਖਾ ਰਿਹਾ ਹੈ। ਨਿੰਮ ਦੇ ਮੈਟਾਫ਼ਰ ਰਾਹੀਂ ਇਸ ਰਸਤੇ ਵਿਚ ਆਉਣ ਵਾਲੀਆਂ ਦੁਸ਼ਵਾਰੀਆਂ ਦੀ ਬਾਖ਼ੂਬੀ ਸਕੈਨਿੰਗ ਕਰਦਾ ਹੈ। ਤਰੰਗਤੀ ਮੁਹੱਬਤ ਤੱਕ ਪਹੁੰਚਣ ਲਈ ਉਹ ਰੱਬ ਅੱਗੇ ਅਰਦਾਸ ਕਰਦਿਆਂ ਕਹਿੰਦਾ ਹੈ ਕਿ ਆਪਣੇ ਪਿਆਰੇ ਦਾ ਦਰ ਹੀ ਉਸ ਲਈ 'ਜੰਨਤ' ਹੈ। ਸ਼ਾਇਰ ਮਾਂ-ਬੋਲੀ ਪੰਜਾਬੀ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦਾ ਹੈ ਤੇ ਇਸ ਵੱਲ ਪਿੱਠ ਕਰਨ ਵਾਲਿਆਂ ਨੂੰ ਹੀ ਲਾਹਣਤਾਂ ਦੇ ਨਿਹੋਰੇ ਵੀ ਮਾਰਦਾ ਹੈ। ਉਹ ਪਿੱਤਰੀ ਸੱਤਾ ਦੀਆਂ ਮਾਰੀਆਂ ਵੱਲ ਵੰਗਾਂ ਵੇਚਣ ਵਾਲੇ ਵਣਜਾਰਿਆਂ ਨੂੰ ਸਵਾਲ ਖੜ੍ਹੇ ਕਰਦਾ ਹੈ ਕਿ ਤੇਰੀਆਂ ਰੰਗ ਬਰੰਗੀਆਂ ਵੰਗਾਂ ਇਨ੍ਹਾਂ ਦੀ ਕਿਸਮਤ ਦੇ ਰੰਗ ਨਹੀਂ ਬਦਲ ਸਕਦੀਆਂ। ਭਾਵੇਂ ਉਸ ਦੀਆਂ ਨਜ਼ਮਾਂ ਵਿਚ ਉਦਾਸੀ ਦਾ ਰੰਗ ਭਾਰੀ ਹੈ ਪਰ ਅਵਚੇਤਨ ਵਿਚ ਖੁਸ਼ੀ ਛੁਪੀ ਹੋਈ ਹੈ। ਉਹ ਜੀਵਨ ਯਥਾਰਥ ਦੇ ਵੱਖ-ਵੱਖ ਸਰੋਕਾਰਾਂ ਨਾਲ ਦਸਤਪੰਜਾ ਲੈਂਦਾ ਹੋਇਆ ਗਿਰਗਿਟੀ ਕਿਰਦਾਰਾਂ ਦੇ ਬਖੀਏ ਉਧੇੜਦਾ ਹੈ :
'ਲੋਕਾਂ ਨੂੰ ਵੀ ਡਰ ਲੱਗਦਾ ਏ,
ਨੇਤਾ ਤੇ ਇਤਬਾਰ ਨਾ ਕੋਈ
ਝੂਠੇ ਵਾਅਦੇ ਲਾਰੇ ਲੱਪੇ,
ਨਾਲੋਂ ਵੱਧ ਹਥਿਆਰ ਨਾ ਕੋਈ।
ਵੋਟਾਂ ਨੇੜੇ ਆਵਣ ਤਾਂ ਫਿਰ,
ਘੁਰਨੇ ਵਿਚੋਂ ਬਾਹਰ ਆ ਜਾਂਦੇ।
ਸਾਲਾਂਬੱਧੀ ਲੋਕਾਂ ਦੀ ਇਹ,
ਪੁੱਛਣ ਆਉਂਦੇ ਸਾਰ ਨਾ ਕੋਈ।'

-ਭਗਵਾਨ ਢਿੱਲੋਂ
ਮੋਬਾਈਲ : 98143-78254

ਉਡੀਕ ਅਟਕ ਗਈ ਹੈ
ਕਵਿੱਤਰੀ : ਕੁਲਵੰਤ ਕੌਰ ਨਾਰੰਗ
ਪ੍ਰਕਾਸ਼ਕ : ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 275 ਰੁਪਏ, ਸਫ਼ੇ : 104
ਸੰਪਰਕ : 098112-25358

ਗੁਰੂਗ੍ਰਾਮ ਵਸਦੀ ਕਵਿੱਤਰੀ ਕੁਲਵੰਤ ਕੌਰ ਨਾਰੰਗ ਦਾ ਇਹ ਕਾਵਿ-ਸੰਗ੍ਰਹਿ ਉਸ ਦੀ ਛੇਵੀਂ ਸਾਹਿਤਕ ਦੇਣ ਹੈ। ਇਸ ਤੋਂ ਪਹਿਲਾਂ ਉਹ 'ਦਰਦ' ਕਾਵਿ-ਸੰਗ੍ਰਹਿ 1986 'ਪਰਛਾਵੇਂ' ਕਾਵਿ-ਸੰਗ੍ਰਹਿ 2005, 'ਮੇਰੀ ਉਡੀਕ ਰੱਖੀਂ' ਕਾਵਿ ਸੰਗ੍ਰਹਿ 2013 ਅਤੇ 'ਉਡੀਕ ਦੇ ਪਲ' ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਚੁੱਕੀ ਹੈ।
ਹਥਲੀ ਕਾਵਿ-ਪੁਸਤਕ ਵਿਚ 104 ਸਫ਼ਿਆਂ ਦੇ ਆਂਗਣ ਵਿਚ 70 ਕਵਿਤਾਵਾਂ ਦੇ ਮਹਿਕਦੇ ਫੁੱਲ ਬੂਟੇ ਹਨ। ਨਾਰੰਗ ਪਿਛਲੇ ਚਾਰ ਦਹਾਕਿਆਂ ਤੋਂ ਕਵਿਤਾ ਦੇ ਨਾਲ-ਨਾਲ ਜ਼ਿੰਦਗੀ ਦਾ ਸਫ਼ਰ ਕਰਦੀ ਆ ਰਹੀ ਹੈ। ਉਸ ਦੀ ਕਵਿਤਾ ਆਧੁਨਿਕ ਭਾਵ ਬੋਧ ਦੀ ਕਵਿਤਾ ਹੈ। ਜ਼ਿੰਦਗੀ ਸਫ਼ਰ ਕਰਦੀ ਹੈ, ਤਾਂ ਕਵਿਤਾ ਵੀ ਉਸ ਦੇ ਨਾਲ-ਨਾਲ ਆਪਣੇ-ਆਪ ਨੂੰ ਜ਼ਿੰਦਗੀ ਦੇ ਹਾਣ ਦੀ ਕਰਕੇ ਸਫ਼ਰ ਕਰਦੀ ਹੈ। ਰਿਸ਼ਤਿਆਂ ਦੀ ਟੁੱਟ-ਭੱਜ, ਬਦਲਦੇ ਅਹਿਸਾਸ, ਪੀੜ੍ਹੀ-ਦਰ-ਪੀੜ੍ਹੀ ਪੈਂਦਾ ਖੱਪਾ ਉਸ ਦੀਆਂ ਕਵਿਤਾਵਾਂ ਦੇ ਮੁੱਖ ਵਿਸ਼ੇ ਹਨ। ਉਸ ਨੇ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਸੰਦਰਭਾਂ ਨੂੰ ਕਵਿਤਾ ਦੀ ਜ਼ੁਬਾਨ ਵਿਚ ਸਹਿਜ ਸ਼ਬਦਾਂ ਵਿਚ ਪੇਸ਼ ਕੀਤਾ ਹੈ। ਮੁੱਖ ਤੌਰ ਉੱਤੇ ਕਵਿੱਤਰੀ ਚਾਹੁੰਦੀ ਹੈ ਕਿ ਜ਼ਿੰਦਗੀ ਦੀਆਂ ਕੁੜੱਤਣਾਂ ਦੂਰ ਹੋਣ, ਨਫ਼ਰਤਾਂ ਮਰਨ ਅਤੇ ਇਸ ਦੀ ਥਾਂ ਪਿਆਰ ਦੀ ਮਿਠਾਸ ਅਤੇ ਮੋਹ ਦਾ ਵਾਤਾਵਰਨ ਪੈਦਾ ਹੋਵੇ। 'ਬ੍ਰਿਹਾ ਤੂੰ ਸੁਲਤਾਨ' ਦਾ ਵਾਕ ਉਸ ਨੇ ਉਚੇਰੇ ਅਰਥਾਂ ਵਿਚ ਲਿਆ ਹੈ। ਉਹ ਬ੍ਰਿਹਾ ਜਾਂ ਹਿਜਰ ਹੀ ਹੈ, ਜੋ ਮਨੁੱਖੀ ਆਤਮਾ ਨੂੰ ਮੇਲ ਦੀ ਤਾਂਘ ਨਾਲ ਜੋੜਦਾ ਹੈ। ਇਹ ਵੀ ਸੱਚ ਹੈ ਕਿ 'ਜਿਸ ਤਨ ਬਿਰਹਾ ਨਾ ਉਪਜੇ, ਸੋ ਤਨ ਜਾਣ ਮਸਾਣ' ਉਹ ਸਰੀਰ ਉਹ ਆਤਮਾ ਪਥਰਾਈ ਹੋਈ ਹੀ ਹੁੰਦੀ ਹੈ, ਜਿਸ ਵਿਚ ਦਿਲ ਦੇ ਪਿਆਰ ਨੂੰ ਮਿਲਣ ਦੀ ਤਾਂਘ ਨਾ ਰਹਿ ਜਾਵੇ। ਪਰ ਕਾਵਿ ਧਰਮ ਵੀ ਹੁੰਦਾ ਹੈ। ਹਰ ਕਵੀ ਨੂੰ ਸਮਾਜ ਵਿਚ ਊਚ-ਨੀਚ, ਅਮੀਰੀ ਗ਼ਰੀਬੀ, ਮਹੱਲਾਂ-ਕੁਲੀਆਂ, ਮਾੜੇ-ਲਿਤਾੜੇ ਤੇ ਸ਼ਕਤੀਧਾਰਕ ਵੀ ਦਿਸਦੇ ਹਨ। ਸਾਡੇ ਕੋਲ ਬਾਬੇ ਨਾਨਕ ਅਤੇ ਦਸਮੇਸ਼ ਪਿਤਾ ਜੀ ਦਾ ਉਦਭਵ ਕੀਤਾ ਕਾਵਿ ਸੱਭਿਆਚਾਰ ਹੈ। ਕਵਿੱਤਰੀ ਨੇ ਉਸ ਦਾ ਵੀ ਪਾਲਣ ਕੀਤਾ ਹੈ। ਉਸ ਦੀ ਹਥਲੀ ਕਾਵਿ-ਪੁਸਤਕ ਵਿਚੋਂ ਕੁਝ ਟੂਕਾਂ ਪਾਠਕਾਂ 'ਆ ਨਫ਼ਰਤ ਦੇ/ ਬੀਜ ਨੂੰ ਜੜ੍ਹੋਂ ਪੁੱਟ/ ਮਿੱਟੀ ਪਾ/ ਖਾਲੀ ਹੋਈ ਥਾਂ/ ਵਿਚ ਪਿਆਰ ਦੇ ਬੀਜ ਪਾ/ ਪਿਆਰ ਮਹਿਕਾਂ/ ਪਿਆਰ ਵੰਡ... (ਸਫ਼ਾ 9)'
'ਰਾਤ ਦੇ ਵਿਚ ਹੈ ਕਾਲਖ ਪਸਰੀ/ ਜੀਵਨ ਘੁੱਪ ਹਨੇਰਾ ਹੈ/ ਅੱਜ ਤਕ ਤੇ/ ਮੈਂ ਸਮਝ ਨਾ ਪਾਈ/ ਕੀ ਤੇਰਾ ਕੀ ਮੇਰਾ ਹੈ.../ ਕਾਲੀ ਬੋਲੀ ਸਿਆਹੀ ਰਾਤ ਦੀ/ ਵਰ੍ਹਿਆਂ ਤੀਕ ਨਾ ਧੁਲ ਪਾਏਗੀ.../ ਚੰਦਰੀ ਰਾਤ ਫਿਰ ਮੁੱਕ ਜਾਵੇਗੀ/ ਹਨੇਰੇ ਸਾਰੇ ਛੱਟ ਜਾਵਣਗੇ'... (13)
'ਸਮੇਂ ਕਿਹਾ/ ਮੇਰੇ ਖੰਭ ਨੇ/ ਮੈਂ ਉੱਡ ਜਾਣੈ/ ਮੈਂ ਕਿਹਾ/ ਮੈਂ ਮੁੱਠੀ 'ਚ ਭਰ ਲਾਂਗੀ/ ਸਮਾਂ/ ਕਿੱਥੇ ਉੱਡ ਗਿਆ?/ ... ਹਰ ਕੰਮ/ ਹਰ ਰਿਸ਼ਤਾ/ ਹਰ ਸਾਕ/ ਸਮੇਂ ਅੰਦਰ ਗੁੰਮ ਗਿਆ' (49) ਕਵਿੱਤਰੀ ਦੀਆਂ ਕਵਿਤਾਵਾਂ ਵਿਚ ਵਕਤ ਨੂੰ ਨਿਹੋਰੇ ਹਨ, ਜੋ ਜ਼ਿੰਦਗੀ ਨੂੰ ਪਛਾੜ ਕੇ ਨਵੇਂ ਹੀ ਨਵੇਂ ਦਿਸਹੱਦੇ ਸਿਰਜਦਾ ਦੌੜੀ ਜਾ ਰਿਹਾ ਹੈ। ਬੀਤੇ ਕੱਲ੍ਹ ਅਤੇ ਆਉਂਦੇ ਕੱਲ੍ਹ ਵਿਚ ਵਰਤਮਾਨ ਵਿਚਾਰ ਹੋਇਆ ਖੜ੍ਹਾ ਹੈ। ਕਵਿਤਾ ਭਾਵੇਂ ਵਾਰਤਕ ਅੰਦਾਜ਼ ਵਿਚ ਹੈ ਪਰ ਪੜ੍ਹਦਿਆਂ ਪਾਠਕ ਨੂੰ ਕਾਵਿ ਸੁਆਦ ਦੀ ਘਾਟ ਨਹੀਂ ਪੈਂਦੀ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਮੈਂ ਕਿਤੇ ਵੀ ਨਹੀਂ
ਕਵਿੱਤਰੀ : 'ਕਾਰਿਆ' ਪ੍ਰਭਜੋਤ ਕੌਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 156
ਸੰਪਰਕ : 95011-45039

'ਮੈਂ ਕਿਤੇ ਨਹੀਂ' 'ਕਾਰਿਆ' ਪ੍ਰਭਜੋਤ ਕੌਰ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ 'ਮੈਂ ਤੇ ਸਮੁੰਦਰ' ਉਸ ਦਾ ਪਲੇਠਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਕਾਵਿ-ਸੰਗ੍ਰਹਿ ਵਿਚ 'ਹੂਕ' ਤੋਂ ਲੈ ਕੇ 'ਹਨੇਰੇ ਰਾਹ' ਤੱਕ 73 ਕਵਿਤਾਵਾਂ ਸੰਗ੍ਰਹਿਤ ਕੀਤੀਆਂ ਗਈਆਂ ਹਨ। ਕਾਵਿ-ਸੰਗ੍ਰਹਿ ਦੀ ਸਿਰਲੇਖ ਕਵਿਤਾ 'ਮੈਂ ਕਿਤੇ ਵੀ ਨਹੀਂ' ਕਵਿਤਾ ਦਾ ਸਮਾਜ ਵਿਚ ਵਿਚਰਦੇ 'ਪਿਤਰੀ' ਸਮਾਜਿਕ ਤਾਣੇ-ਬਾਣੇ 'ਚ 'ਔਰਤ' ਦੇ ਸਥਾਨ ਨੂੰ ਮਨਫ਼ੀ ਹੋਏ ਪਲਾਂ ਵਾਂਗ ਮਹਿਸੂਸਦੀ ਹੈ ਅਤੇ ਆਪਣੀ ਬਣਾਈ ਭੂਮਿਕਾ ਅਤੇ ਥਾਂ ਲਈ ਜ਼ਮੀਨ ਤਲਾਸ਼ਣ ਦਾ ਯਤਨ ਕਰਦੀ ਪ੍ਰਤੀਤ ਹੁੰਦੀ ਹੈ।
ਤੇ ਮੈਂ ਆਪਣੇ ਖ਼੍ਵਾਬਾਂ ਦੇ
ਰਾਹ ਜਾਣਦੀ ਹਾਂ
ਤਾਂ ਹੀ ਨਾ ਹੋ ਕੇ ਵੀ ਕਿਤੇ
ਹਰ ਥਾਂ ਰਹਿੰਦੀ ਹਾਂ ਮੌਜੂਦ
ਤੇਰੀ ਮਾਨਸਿਕਤਾ ਦੇ ਦਾਇਰੇ 'ਚ
ਜਾਂ ਫਿਰ....
ਇੰਝ ਮਿਲਾਂਗੀ ਤੈਨੂੰ
ਸਮੁੰਦਰ ਦੀ ਲਹਿਰ ਹੋ
ਘੋਗੇ-ਸਿੱਪੀਆਂ 'ਚ
ਸੰਖ ਦੀ ਆਵਾਜ਼ ਹੋ।
ਸਾਧਾਰਨ ਪੱਧਰ 'ਤੇ ਵਿਚਰਦੀ ਔਰਤ ਪਦਾਰਥਕ-ਵਸਤੂ 'ਚ ਗਲਤਾਨ ਆਪਣੇ ਬਾਰੇ ਘੱਟ ਹੀ ਸੋਚਦੀ ਹੈ। ਉਹ ਸਮਾਜਿਕ ਬੰਦਿਸ਼ਾਂ ਰਹਿੰਦੀ ਧੀ, ਪਤਨੀ, ਮਾਂ ਦਾ ਫ਼ਰਜ਼ ਨਿਭਾਉਂਦੀ-ਨਿਭਾਉਂਦੀ 'ਮੈਂ ਕਿਤੇ ਵੀ ਨਹੀਂ' ਦੀ ਸੀਮਾ 'ਚ ਗਰਕ ਹੋ ਆਪਣੇ ਵਜੂਦ ਨੂੰ ਤਿਲਾਂਜਲੀ ਦੇ ਦਿੰਦੀ ਹੈ। ਪ੍ਰੰਤੂ ਇਸ ਕਾਵਿ-ਸੰਗ੍ਰਹਿ ਦੀ ਕਰਤਾ ਰੂਹ ਦੀ ਸ਼ਿੱਦਤ ਮਹਿਸੂਸ ਕਰਦੀ ਸਮਰਪਣ ਭਾਵਾਂ 'ਚ ਆਪਣੀ ਸੋਚ, ਕਲਮ ਨੂੰ ਗਹਿਰੀ ਸੋਚ ਦੇ ਹਵਾਲੇ ਕਰ ਉਸ ਅੰਦਰਲੀ ਚਿਣਗ ਨੂੰ ਜੋ ਉਸ ਨੂੰ ਮਾਨਵੀ ਰੂਪ ਵਿਚ ਜ਼ਿੰਦਾ ਰੱਖਦੀ ਹੈ, ਅੰਦਰਲੀ ਆਵਾਜ਼ ਨੂੰ ਹਰ ਹਾਲਤ ਵਿਚ ਜਿਊਂਦਾ ਰੱਖਣ ਲਈ ਕਵਿਤਾ ਦਾ ਸ਼ਬਦਾਂ ਦਾ ਸਿਰਜਦੇ ਹਨ : 'ਜਾਂਦੀ ਹਾਂ... 'ਮੈਂ' ਕੱਢ ਬਾਹਰ/ ਦਹਿਲੀਜ਼ ਚੁੰਮ.../ ਹੋ ਜੋਗੀ.../ ਕੰਨੀਆਂ ਮੁੰਦਰਾ... ਹੱਥ ਫੜ ਕਾਸਾ/ ਹੇਕ ਮਾਰ (ਜਦ ਤੁਰ ਪਈਏ...'
ਇਹ ਅਧੂਰੇ ਮਨ ਦੀ ਕਵਿਤਾ ਹੈ ਜਸ਼ਨ ਦੀ ਨਹੀਂ। ਪਰ ਜਸ਼ਨ ਮਨਾਉਣ ਦੀ ਰੀਝ ਨੂੰ ਜ਼ਰੂਰ ਉਕਸਾਉਂਦੀ ਹੈ। ਉਕਸਾਉਣਾ ਹੀ ਕਵਿਤਾ ਦਾ ਧਰਮ ਹੈ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਚੰਡੀਗੜ੍ਹ ਲੋਪ ਕੀਤੇ ਪੁਆਧੀ ਪਿੰਡ
ਲੇਖਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 98151-23900

ਪੁਆਧੀ ਸਮਾਜ ਅਤੇ ਸੱਭਿਆਚਾਰ ਦੀ ਹੋਂਦ ਨੂੰ ਬਣਾਈ ਰੱਖਣ ਦੇ ਪਵਿੱਤਰ ਸੰਕਲਪ ਨਾਲ ਕਾਇਮ ਕੀਤੇ 'ਪੁਆਧੀ ਪੰਜਾਬੀ ਸੱਥ' ਦੇ ਮੁਖੀ ਸਨਮਾਨਿਤ ਸਾਹਿਤਕਾਰ ਸ. ਮਨਮੋਹਨ ਸਿੰਘ ਦਾਊਂ ਦੁਆਰਾ ਰਚਿਤ ਇਹ ਇਕ ਖੋਜ-ਪੁਸਤਕ ਹੈ, ਜਿਸ ਵਿਚ ਉਸ ਨੇ ਲਗਭਗ 30 ਪਿੰਡਾਂ ਦੇ ਲੋਪ ਹੋਣ ਦੀ ਦਰਦਨਾਕ ਗਾਥਾ ਨੂੰ ਇਕ ਕੁਸ਼ਲ ਸੱਭਿਆਚਾਰ ਸ਼ਾਸਤਰੀ ਵਾਂਗ ਅੰਕਿਤ ਕੀਤਾ ਹੈ। ਸਾਡਾ ਪ੍ਰਾਚੀਨ ਭਾਰਤ ਪਿੰਡਾਂ ਵਿਚ ਵੱਸਦਾ ਸੀ। ਸ਼ਹਿਰ ਤਾਂ ਕੇਵਲ ਮੰਡੀਆਂ ਸਨ, ਜਿਨ੍ਹਾਂ ਵਿਚ ਪੂੰਜੀਵਾਦੀ ਅਰਥਚਾਰੇ ਦੀ ਸਥਾਪਨਾ ਉਪਰੰਤ ਜਿਨਸਾਂ ਵਿਕਦੀਆਂ ਅਤੇ ਖ਼ਰੀਦੀਆਂ ਜਾਂਦੀਆਂ ਸਨ। ਪੰਜਾਬ ਵਿਚ ਇਹ ਮੰਡੀਆਂ ਵੀਹਵੀਂ ਸਦੀ ਦੇ ਆਰੰਭ ਵਿਚ ਬਣੀਆਂ ਸਨ ਅਤੇ ਇਨ੍ਹਾਂ ਨੂੰ ਚਲਾਉਣ ਵਾਲੇ ਲੋਕ ਰਾਜਸਥਾਨ ਅਤੇ ਗੁਜਰਾਤ ਵਰਗੇ ਪ੍ਰਦੇਸ਼ਾਂ ਤੋਂ ਇਥੇ ਆ ਕੇ ਵੱਸੇ ਸਨ। ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਿਤ ਕਰਨ ਦਾ ਸਿਹਰਾ ਸ. ਪ੍ਰਤਾਪ ਸਿੰਘ ਕੈਰੋਂ ਨੂੰ ਜਾਂਦਾ ਹੈ, ਜਿਸ ਨੇ ਲਾਹੌਰ ਸ਼ਹਿਰ ਨੂੰ ਅਣਵੰਡੇ ਪੰਜਾਬ ਦੀ ਰਾਜਧਾਨੀ ਵਜੋਂ ਮਾਤ ਦੇਣ ਦੇ ਇਰਾਦੇ ਨਾਲ ਲੇ-ਕਾਰਬੂਜ਼ੀਅਰ ਵਰਗੇ ਕੁਸ਼ਲ ਨਗਰ-ਨਿਰਮਾਤਾਵਾਂ ਦੀ ਸਹਾਇਤਾ ਨਾਲ ਇਸ ਨਗਰ ਦਾ ਨਿਰਮਾਣ ਕੀਤਾ ਸੀ। ਚਾਹੀਦਾ ਤਾਂ ਇਹ ਸੀ ਕਿ ਇਸ ਨਵੇਂ ਸ਼ਹਿਰ ਦੇ ਖ਼ੁਸ਼ਕ ਅਤੇ ਪਥਰੀਲੇ ਚੌਗਿਰਦੇ ਵਿਚ ਨਗਲਾ, ਸ਼ਾਹਜ਼ਾਦਪੁਰ, ਭੰਗੀ ਮਾਜਰਾ, ਰੁੜਕੀ ਪੜ੍ਹਾਓ, ਦਲਹੇੜੀ, ਨਵਾਂ ਗਾਓਂ, ਦਤਾਰਪੁਰ ਅਤੇ ਬਖਤਾ ਬਜਵਾੜੀ ਵਰਗੇ ਪਿੰਡ, ਨਖਲਸਤਾਨਾਂ ਵਾਂਗ ਮਹਿਕਦੇ-ਟਹਿਕਦੇ ਰਹਿੰਦੇ ਪਰ ਪੂੰਜੀਵਾਦ ਕਦੋਂ ਕਿਸੇ ਭੂਪਵਾਦੀ ਨਿਸ਼ਾਨ ਨੂੰ ਬਾਕੀ ਰਹਿਮ ਦਿੰਦਾ ਹੈ? ਇਸ ਨੇ ਉਕਤ ਸਾਰੇ ਪਿੰਡ ਖਾ ਲਏ।
ਇਸ ਪੁਸਤਕ ਦੀ ਲਿਖਤ ਟੈਕਸਟ ਨੂੰ ਸਜਾਉਣ-ਸ਼ਿੰਗਾਰਨ ਲਈ ਦਾਊਂ ਸਾਹਿਬ ਨੇ ਬਹੁਤ ਸਾਰੀਆਂ ਦੁਰਲੱਭ ਤਸਵੀਰਾਂ ਵੀ ਮੁਹੱਈਆ ਕਰਵਾਈਆਂ ਹਨ। ਉਜੜੇ ਪਿੰਡਾਂ ਦੀ ਸੱਭਿਆਚਾਰਕ ਵੱਥ ਉੱਪਰ ਹੇਰਵਾ ਪ੍ਰਗਟ ਕਰਦਾ ਹੋਇਆ ਉਹ ਲਿਖਦਾ ਹੈ, 'ਪਿੰਡਾਂ ਦੇ ਉੱਜੜਨ ਦੇ ਉਸ ਮੰਜ਼ਰ ਨੂੰ ਯਾਦ ਕਰੀਏ ਤਾਂ ਲੋਕਾਂ ਦੇ ਹੰਝੂ ਅਜੇ ਵੀ ਗਿੱਲੇ ਲਗਦੇ ਹਨ। ਔਰਤਾਂ ਦੇ ਵੈਣ ਹਵਾਵਾਂ 'ਚ ਘੁਲ ਰਹੇ ਹਨ। ... ਇਕ ਜਿਊਂਦੇ ਪਿੰਡ ਦੀ ਮੌਤ ਹੋ ਗਈ ਹੈ। ਮਰਗਤ ਲਈ ਮੜ੍ਹੀਆਂ ਵੀ ਨਹੀਂ ਰਹੀਆਂ...।' ਸ. ਮਨਮੋਹਨ ਸਿੰਘ ਦਾਊਂ ਦੀ ਇਹ ਪੁਸਤਕ ਇਕ ਜੀਂਦਾ-ਧੜਕਦਾ ਦਸਤਾਵੇਜ਼ ਹੈ। ਇਹ ਪੁਸਤਕ ਇਕ ਸਰੋਤ-ਗ੍ਰੰਥ ਦਾ ਦਰਜਾ ਰੱਖਦੀ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

25-02-2024

 ਗ਼ਦਰੀ ਕਿਰਪਾ ਸਿੰਘ ਲੰਗ ਮਜਾਰੀ ਮੀਰਪੁਰ ਜਿਹੜੇ ਝੁਕੇ ਨਹੀਂ
ਲੇਖਕ : ਰਾਕੇਸ਼ ਕੁਮਾਰ
ਪ੍ਰਕਾਸ਼ਕ : ਚਿੰਤਨ ਪ੍ਰਕਾਸ਼ਨ, ਲੁਧਿਆਣਾ
ਮੁੱਲ : 250, ਸਫ਼ੇ : 136
ਸੰਪਰਕ : 95305-03412

ਹਥਲੀ ਪੁਸਤਕ ਦਾ ਲੇਖਕ ਰਾਕੇਸ਼ ਕੁਮਾਰ ਬਹੁਪੱਖੀ ਸ਼ਖ਼ਸੀਅਤ ਦਾ ਸਵਾਮੀ ਹੈ। ਉਹ ਰੇਲਵੇ ਵਿਭਾਗ ਦੇ ਉੱਚ-ਅਧਿਕਾਰੀ ਵਜੋਂ ਸੇਵਾਮੁਕਤ ਹੈ। ਉਹ ਗ਼ਦਰੀ ਲਹਿਰਾਂ ਅਤੇ ਕ੍ਰਾਂਤੀਕਾਰ ਲਹਿਰਾਂ ਦੇ ਪੁਸਤਕ ਲੇਖਕ ਵਜੋਂ ਵਿਸ਼ੇਸ਼ ਮਾਹਿਰ ਹੈ। ਇਸੇ ਕਰਕੇ ਉਹ ਅਨੇਕਾਂ ਵਿਭਿੰਨ ਸੰਸਥਾਵਾਂ ਵਲੋਂ ਸਨਮਾਨ ਹਾਸਿਲ ਕਰ ਚੁੱਕਾ ਹੈ। ਗ਼ਦਰੀਆਂ ਬਾਰੇ ਆਪਣੀ ਨਿਰੰਤਰ ਪੁਸਤਕ ਲੜੀ ਨੂੰ ਜਾਰੀ ਰੱਖਦਿਆਂ ਹੋਇਆਂ ਉਸ ਨੇ 2023 ਵਿਚ ਵਿਚਾਰਾਧੀਨ ਪੁਸਤਕ ਸਿਰਜੀ ਹੈ। ਇਹ ਜੀਵਨੀ ਸਾਹਿਤ ਬਾਰੇ ਇਕ ਖੋਜ ਭਰਪੂਰ ਪੁਸਤਕ ਹੈ। ਇਸ ਵਿਚ ਗ਼ਦਰੀ ਕਿਰਪਾ ਸਿੰਘ ਲੰਗ ਮਜਾਰੀ ਦੀ ਜੀਵਨੀ 'ਤੇ ਕੇਂਦਰਿਤ ਰਹਿੰਦਿਆਂ ਹੋਇਆਂ ਗ਼ਦਰੀ ਬਾਬਿਆਂ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਇਸ ਵਿਚ ਕਿਰਪਾ ਸਿੰਘ ਦੇ ਗ਼ਦਰ ਪਾਰਟੀ ਨਾਲ ਸੰਪਰਕ ਬਾਰੇ ਦੱਸਿਆ ਗਿਆ ਹੈ। ਇਸ ਗ਼ਦਰੀ ਨਾਇਕ ਦਾ ਜਨਮ 1888 ਦੇ ਲਾਗੇ ਪਿੰਡ ਲੰਗ ਮਜਾਰੀ ਨੇੜੇ ਅਨੰਦਪੁਰ ਸਾਹਿਬ ਵਿਖੇ ਪਿਤਾ ਜਵਾਹਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਅੱਠਵੀਂ ਪਾਸ ਕਰਕੇ ਪਟਵਾਰੀ ਲੱਗਿਆ, ਫਿਰ ਫ਼ੌਜ ਵਿਚ ਭਰਤੀ ਹੋਇਆ। ਹਾਂਗਕਾਂਗ ਵੀ ਰਿਹਾ। ਕਰਾਚੀ ਵੀ ਰਿਹਾ। ਕਰਤਾਰ ਸਿੰਘ ਸਰਾਭੇ ਦੇ ਸੰਪਰਕ ਵਿਚ ਆਇਆ। ਫ਼ਿਰੋਜ਼ਪੁਰ ਛਾਉਣੀ 'ਤੇ ਕਬਜ਼ੇ ਦੀ ਕੋਸ਼ਿਸ਼ ਵੀ ਕੀਤੀ ਪਰ ਮੁਖ਼ਬਰਾਂ ਵਲੋਂ ਸਰਕਾਰ ਨੂੰ ਪੂਰਨ ਜਾਣਕਾਰੀ ਮੁਹੱਈਆ ਕਰਵਾਉਣ ਕਾਰਨ ਅਜਿਹੀ ਕੋਸ਼ਿਸ਼ ਅਸਫ਼ਲ ਰਹੀ। ਕਿਰਪਾ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ। ਉਸ ਨੂੰ ਪਿੰਡ ਵਿਚ 'ਹੱਦ-ਬੰਦ' ਕਰ ਦਿੱਤਾ ਗਿਆ। ਫਿਰ 27 ਸਾਲ ਦੀ ਉਮਰ ਵਿਚ ਅਦਾਲਤੀ ਫ਼ੈਸਲੇ ਅਨੁਸਾਰ ਉਮਰ ਕੈਦ ਦੀ ਸਜ਼ਾ ਅਤੇ ਜਾਇਦਾਦ ਕੁਰਕ ਕੀਤੀ ਗਈ। ਜੇਲ੍ਹਾਂ ਵਿਚ ਨਰਕ ਦਾ ਜੀਵਨ ਭੋਗਿਆ। ਲਗਭਗ 17 ਸਾਲ ਵੱਖ-ਵੱਖ ਜੇਲ੍ਹਾਂ ਵਿਚ ਤਸੀਹੇ ਸਹਿਣ ਉਪਰੰਤ 1932 ਵਿਚ ਰਿਹਾਅ ਕੀਤਾ ਗਿਆ। 1972 ਵਿਚ ਭਾਰਤ ਸਰਕਾਰ ਨੇ 'ਤਾਮਰ ਪੱਤਰ' ਨਾਲ ਸਨਮਾਨਿਤ ਕੀਤਾ। 24 ਜੁਲਾਈ, 1974 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਲੇਖਕ ਨੇ ਇਸ ਪੁਸਤਕ ਨੂੰ ਲਿਖਣ ਲਈ ਬੜੀ ਮਿਹਨਤ ਕੀਤੀ ਹੈ। ਇੰਜ ਇਹ ਪੁਸਤਕ ਨਾ ਕੇਵਲ ਕਿਰਪਾ ਸਿੰਘ ਲੰਗ ਮਜਾਰੀ ਬਾਰੇ ਹੀ, ਸਗੋਂ ਗ਼ਦਰੀ ਬਾਬਿਆਂ ਦੇ ਆਜ਼ਾਦੀ ਲਈ ਸੰਘਰਸ਼ ਦਾ ਮੁੱਲਵਾਨ ਦਸਤਾਵੇਜ਼ ਹੋ ਨਿਬੜਦੀ ਹੈ। ਗ਼ਦਰ ਸੰਬੰਧੀ ਬੀਰ-ਰਸੀ ਕਵਿਤਾਵਾਂ ਇਸ ਪੁਸਤਕ ਦਾ ਇਕ ਹੋਰ ਹਾਸਿਲ ਹੈ।

-ਡਾ. ਸੀ. ਸੀ. ਵਾਤਿਸ਼
ਈਮੇਲ : vat}sh.dharamchand0{ma}&.com

ਹਰੀ ਸਿੰਘ ਨਲੂਆ
ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ
ਸੰਪਾਦਕ : ਜਗਤਾਰ ਸਿੰਘ ਭੰਗੂ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 84277-12890

ਹਥਲੀ ਪੁਸਤਕ ਲੇਖਕ ਨੇ ਅੱਠ ਨੌਂ ਦਹਾਕੇ ਪਹਿਲਾਂ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀ ਸੀ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਗੁਰਮਤਿ ਦੇ ਮਹਾਨ ਲੇਖਕ ਡਾ. ਭਾਈ ਵੀਰ ਸਿੰਘ ਤੋਂ ਪ੍ਰੇਰਨਾ ਮਿਲਣ ਤੋਂ ਬਾਅਦ ਇਤਿਹਾਸਕ ਸਿੱਖ ਨਾਇਕਾਂ ਸੰਬੰਧੀ ਲਿਖਣਾ ਸ਼ੁਰੂ ਕੀਤਾ ਸੀ। ਹਥਲੀ ਪੁਸਤਕ ਨੂੰ ਮੁੜ ਪਾਠਕਾਂ ਦੀ ਚਿਰੋਕਣੀ ਮੰਗ ਨੂੰ ਪੂਰਿਆਂ ਕਰਨ ਦੀ ਖ਼ਾਤਰ ਸੰਪਾਦਕ ਜਗਤਾਰ ਸਿੰਘ ਭੰਗੂ ਨੇ ਸੰਪਾਦਿਤ ਕੀਤੀ ਹੈ। ਸੰਸਾਰ ਵਿਚ ਸਭ ਤੋਂ ਵੱਧ ਸੂਰਬੀਰ, ਯੋਧੇ ਤੇ ਸ਼ਹੀਦ ਪੈਦਾ ਕਰਨ ਦਾ ਮਾਣ ਖ਼ਾਲਸਾ ਪੰਥ ਨੂੰ ਮਿਲਿਆ ਹੈ। ਸਿੱਖ ਧਰਮ ਦੇ ਇਨ੍ਹਾਂ ਮਹਾਨ ਸੂਰਬੀਰ, ਜਰਨੈਲਾਂ ਦੀਆਂ ਜੀਵਨ ਗਾਥਾਵਾਂ ਨੂੰ ਪੜ੍ਹਨ, ਸੁਣਨ ਨਾਲ ਮੁਰਦਾਂ ਦਿਲਾਂ ਵਿਚ ਜਾਨ ਪੈ ਜਾਂਦੀ ਹੈ। ਪਰ ਇਹ ਕੌਮੀ ਦੁਖਾਂਤ ਹੈ ਕਿ ਅਸੀਂ ਇਨ੍ਹਾਂ ਮਹਾਨ ਸੂਰਬੀਰ, ਯੋਧਿਆਂ ਦੀ ਇਤਿਹਾਸਕ ਦੇਣ ਵੱਲ ਧਿਆਨ ਹੀ ਨਹੀਂ ਦਿੱਤਾ। ਲੇਖਕ ਮੁਤਾਬਿਕ ਕਈ ਸਾਲਾਂ ਦੀ ਲੰਮੀ ਖੋਜ, ਬਹੁਮੁੱਲੀਆਂ ਤੇ ਬੇਸ਼-ਕੀਮਤੀ ਪੁਰਾਣੀਆਂ ਤੇ ਨਵੀਆਂ ਕਿਤਾਬਾਂ ਨੂੰ ਵਾਚਣ ਤੋਂ ਬਾਅਦ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਦੇ ਜੀਵਨ-ਗਾਥਾ ਨੂੰ ਲਿਖਣ ਦਾ ਹੀ ਕੀਤਾ ਹੈ। ਸ. ਹਰੀ ਸਿੰਘ ਨਲੂਆ ਇਤਿਹਾਸ ਦਾ ਅਜਿਹਾ ਪਾਤਰ ਹੈ, ਜਿਸ ਤੋਂ ਅੱਜ ਵੀ ਸੰਸਾਰ ਦੇ ਵੱਡੇ-ਵੱਡੇ ਜਰਨੈਲ ਪ੍ਰੇਰਨਾ ਲੈਂਦੇ ਹਨ। ਸੁਯੋਗ ਸੰਪਾਦਕ ਨੇ ਇਸ ਪੁਸਤਕ ਨੂੰ 104 ਸਿਰਲੇਖਾਂ ਹੇਠ ਵੰਡ ਕੇ ਇਸ ਮਹਾਨ ਜਰਨੈਲ ਦੀ ਜੀਵਨ ਨੂੰ ਸੰਪੂਰਨਤਾ ਦਿੱਤੀ ਹੈ।
ਵੱਖ-ਵੱਖ ਸਿਰਲੇਖਾਂ ਵਿਚੋਂ ਕੁਝ-ਕੁ ਚੋਣਵੇਂ ਸਿਰਲੇਖ ਇਸ ਮਹਾਨ ਜਰਨੈਲ ਦੇ ਕਾਰਨਾਮਿਆਂ ਦੇ ਬਹਾਦਰੀ ਦੀ ਗਾਥਾ ਨੂੰ ਬਿਆਨ ਕਰਦੇ ਹਨ। ਇਨ੍ਹਾਂ ਵਿਚੋਂ 'ਮਹਾਰਾਜਾ ਰਣਜੀਤ ਸਿੰਘ ਦਰਬਾਰ', 'ਸ਼ੇਰ ਦਾ ਸ਼ਿਕਾਰ ਕਰਨਾ', 'ਸਰਦਾਰੀ ਮਿਲਣੀ' ਪਹਿਲਾ ਯੁੱਧ ਕਸੂਰ ਦੀ ਫ਼ਤਹਿ', 'ਮੁਲਤਾਨ ਦਾ ਜੰਗ ਤੇ ਸ. ਹਰੀ ਸਿੰਘ ਦਾ ਫੱਟੜ ਹੋਣਾ, 'ਨਵਾਬ ਬਹਾਵਲਪੁਰ ਦਾ ਖ਼ਾਲਸੇ ਦੇ ਤਹਿਤ ਆਉਣਾ', 'ਨਲੂਏ ਸਰਦਾਰ ਦੀ ਪਹਿਲੀ ਕੁਰਬਾਨੀ', 'ਮਿੱਠੇ ਟਿਵਾਣੇ ਦਾ ਇਲਾਕਾ ਫ਼ਤਹਿ ਕਰਨਾ', 'ਕਿਲ੍ਹਾ ਅਟਲ 'ਤੇ ਕਬਜ਼ਾ', ਬਾਬਾ ਫੂਲਾ ਸਿੰਘ ਅਕਾਲੀ ਦੀ ਮੁਲਤਾਨ ਦੀ ਲੜਾਈ', 'ਕਸ਼ਮੀਰ ਦੀ ਫ਼ਤਹਿ', 'ਖ਼ਾਲਸਾ ਫ਼ੌਜਾਂ ਦਾ ਸ੍ਰੀਨਗਰ ਵਿਚ ਦਾਖ਼ਲਾ', 'ਸ. ਹਰੀ ਸਿੰਘ ਦੀ ਗਵਰਨੀ ਦਾ ਪਹਿਲਾ ਹਾਲ', 'ਕਸ਼ਮੀਰ ਵਿਚ ਸ. ਹਰੀ ਸਿੰਘ ਦੇ ਨਾਂਅ ਦਾ ਸਿੱਕਾ', 'ਮੁੰਘੇਰ ਨੂੰ ਖ਼ਾਲਸਾ ਰਾਜ ਵਿਚ ਮਿਲਾਉਣ ਸਮੇਂ ਸ਼ੇਰ-ਏ-ਪੰਜਾਬ', ਸ. ਹਰੀ ਦਾ ਹਜ਼ਾਰੇ ਦਾ ਗਵਰਨਰ ਬਣਨਾ', 'ਸ. ਹਰੀ ਸਿੰਘ ਨੌਸ਼ਹਿਰੇ ਦੇ ਮੈਦਾਨ ਵਿਚ', 'ਸ. ਹਰੀ ਦਾ ਸ਼ਿਮਲੇ ਜਾਣਾ', 'ਪੰਜਾ ਸਾਹਿਬ ਅੱਜ ਤੋਂ 130 ਸਾਲ ਪਹਿਲਾਂ', 'ਪਿਸ਼ਾਵਰ ਵਿਚ ਚੀਨੀ ਯਾਤਰੂਆਂ ਦੀ ਆਮਦ', 'ਪਿਸ਼ਾਵਰ ਦਾ ਮੌਜੂਦਾ ਨਾਮ ਕਦ ਪਿਆ', 'ਪਿਸ਼ਾਵਰ ਵਿਚ ਖ਼ਾਲਸੇ ਦੀ ਚੜ੍ਹਾਈ', 'ਕਿਲ੍ਹਾ ਜਮਰੌਦ 'ਤੇ ਚੜ੍ਹਾਈ', 'ਸ. ਹਰੀ ਸਿੰਘ ਨੇ ਅਫ਼ਗਾਨਾਂ ਦੀਆਂ 14 ਤੋਪਾਂ ਖੋਹ ਲਈਆਂ', 'ਸ. ਹਰੀ ਸਿੰਘ ਦੇ ਵਿਛੋੜੇ ਦਾ ਅਸਰ ਮਹਾਰਾਜਾ ਰਣਜੀਤ ਸਿੰਘ ਉੱਪਰ', 'ਨਲੂਏ ਸਰਦਾਰ ਦੇ ਫ਼ੌਜੀ ਗੁਣ', 'ਕੀ ਉਹ ਮੁਲਕੀ ਪ੍ਰਬੰਧ ਵਿਚ ਨਾਕਾਮਯਾਬ ਰਿਹਾ ਸੀ?', 'ਇਮਾਰਤਾਂ ਦਾ ਸ਼ੌਕ ਤੇ ਇੰਜੀਨੀਅਰੀ ਵਿਚ ਕਮਾਲ' ਤੋਂ ਇਲਾਵਾ ਸ. ਹਰੀ ਸਿੰਘ ਨਲੂਆ ਇਕ ਅੰਗਰੇਜ਼ ਦੀ ਨਜ਼ਰ ਵਿਚ, ਲਿਖੇ ਵੱਖ-ਵੱਖ ਸਿਰਲੇਖਾਂ ਅਧੀਨ ਵਿਚਾਰਾਂ ਦੀ ਲੜੀ ਨੂੰ ਬਾਖ਼ੂਬੀ ਬਿਆਨ ਕਰਦੇ ਹਨ।
ਪੁਸਤਕ ਦੇ ਅੰਤ ਵਿਚ ਨਲੂਏ ਸਰਦਾਰ ਦੀ ਯਾਦ ਵਿਚ ਸਰਹੱਦੀ ਸੂਬੇ ਅਤੇ ਪਾਕਿਸਤਾਨੀ ਲਹਿੰਦੇ ਪੰਜਾਬ ਅਤੇ ਭਾਰਤ ਵਿਚ ਬਣੀਆਂ ਹੋਈਆਂ 4 ਦਰਜਨਾਂ ਯਾਦਗਾਰਾਂ ਤੇ ਕਿਲ੍ਹਿਆਂ ਦਾ ਵਰੇਵਾ ਵੀ ਦਿੱਤਾ ਗਿਆ ਹੈ। ਸਾਡੇ ਇਤਿਹਾਸ ਦੇ ਅਲੋਪ ਹੋ ਰਹੇ ਖ਼ਜ਼ਾਨੇ ਨੂੰ ਸੰਭਾਲਣ ਲਈ ਸੰਪਾਦਕ ਨੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਸੁਖੈਨ ਭਾਸ਼ਾ ਸ਼ੈਲੀ ਵਿਚ ਲਿਖੀ ਇਹ ਪੁਸਤਕ, ਹਰ ਪਾਠਕ ਲਈ ਸਾਂਭਣਯੋਗ ਸੌਗਾਤ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਕੱਚ ਦਾ ਵਪਾਰੀ
ਗ਼ਜ਼ਲਕਾਰ : ਜ਼ੋਰਾਵਰ ਸਿੰਘ ਪੰਛੀ
ਪ੍ਰਕਾਸ਼ਕ : ਏਸ਼ੀਆ ਵਿਜ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 94173-12003

ਕਈ ਮੁਸ਼ਕਿਲਾਂ ਪਾਰ ਕਰਕੇ ਹੁਣ ਪੰਜਾਬੀ ਗ਼ਜ਼ਲ ਕਾਵਿ ਸਾਹਿਤ ਵਿਚ ਸਭ ਨਾਲੋਂ ਵੱਧ ਪੜ੍ਹੀ ਜਾਣ ਵਾਲੀ ਸਿਨਫ਼ ਬਣ ਗਈ ਹੈ। ਇਸ ਦੀ ਲੋਕਪ੍ਰਿਅਤਾ ਦਾ ਪ੍ਰਮਾਣ ਇਹ ਵੀ ਹੈ ਕਿ ਦਿਨ ਪ੍ਰਤੀ ਦਿਨ ਇਹ ਕਾਫਿਲਾ ਵੱਡਾ ਹੋ ਰਿਹਾ ਹੈ। ਪੰਜਾਬੀ ਕਾਵਿ ਸਾਹਿਤ ਵਿਚ ਬਹੁਤੇ ਸੰਗ੍ਰਹਿ ਗ਼ਜ਼ਲਾਂ ਦੇ ਛਪ ਰਹੇ ਹਨ। ਜ਼ੋਰਾਵਰ ਸਿੰਘ ਪੰਛੀ ਉਤਸ਼ਾਹੀ ਗ਼ਜ਼ਲਕਾਰ ਹੈ, ਜਿਸ ਨੇ ਜ਼ਿੰਦਗੀ ਦੇ ਕਈ ਰੰਗ ਦੇਖੇ ਹਨ। ਉਹ ਗ਼ਜ਼ਲ ਦੇ ਕਈ ਮਹਾਂਰਥੀਆਂ ਨਾਲ ਜੁੜਿਆ ਹੋਇਆ ਹੈ। ਇਹ ਗ਼ਜ਼ਲ ਦੀਆਂ ਰਵਾਇਤਾਂ ਹਨ, ਜਿਹੜੀਆਂ ਕਈਆਂ ਨੂੰ ਰਾਸ ਨਹੀਂ ਆਉਂਦੀਆਂ। ਇਹ ਵੀ ਨਹੀਂ ਕਿ 'ਕੱਚ ਦੇ ਵਪਾਰੀ' ਦੀਆਂ ਗ਼ਜ਼ਲਾਂ ਸਮਰੱਥ ਹੱਥਾਂ 'ਚੋਂ ਗੁਜ਼ਰਨ ਕਾਰਨ ਪ੍ਰਭਾਵੀ ਹਨ, ਬਲਕਿ ਇਨ੍ਹਾਂ ਦੀ ਪੇਸ਼ਕਾਰੀ ਵਿਚ ਗ਼ਜ਼ਲਕਾਰ ਦੀ ਆਪਣੀ ਯੋਗਤਾ ਵੀ ਬੋਲਦੀ ਹੈ। ਇਸ ਸੰਗ੍ਰਹਿ ਵਿਚ ਕੁੱਲ ਨੱਬੇ ਗ਼ਜ਼ਲਾਂ ਛਪੀਆਂ ਮਿਲਦੀਆਂ ਹਨ ਤੇ ਇਨ੍ਹਾਂ ਗ਼ਜ਼ਲਾਂ ਦੀ ਮੁੱਖ ਸੁਰ ਮੁਹੱਬਤ ਹੈ, ਜੋ ਮਨੁੱਖੀ ਜੀਵਨ ਦੀ ਲੋੜ ਅਤੇ ਆਧਾਰ ਹੈ। ਮੁਹੱਬਤ ਦੇ ਨਾਲ ਨਾਲ ਸ਼ਿਅਰਾਂ ਵਿਚ ਸਮਾਜਿਕ ਰਿਸ਼ਤਿਆਂ ਦਾ ਵੀ ਭਰਪੂਰ ਵਰਨਣ ਮਿਲਦਾ ਹੈ। ਤਮਾਮ ਗ਼ਜ਼ਲਾਂ ਆਮ ਫ਼ਹਿਮ ਜ਼ੁਬਾਨ ਵਿਚ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਪਾਠਕ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ। ਸਰਲਤਾ ਤੇ ਸਹਿਜਤਾ ਪਾਠਕ ਤਕ ਪਹੁੰਚ ਨੂੰ ਆਸਾਨ ਕਰਦੀ ਹੈ। ਆਪਣੇ ਸ਼ਿਅਰਾਂ ਵਿਚ ਗ਼ਜ਼ਲਕਾਰ ਆਪਣੇ ਪਿਆਰੇ ਦੀ ਦੂਰੀ ਤੋਂ ਪ੍ਰੇਸ਼ਾਨ ਹੈ ਤੇ ਉਸ ਦੀਆਂ ਅੱਖਾਂ ਵਿਚਲੀ ਨਮੀ ਇਬਾਰਤ ਦਾ ਰੂਪ ਲੈਂਦੀ ਮਹਿਸੂਸ ਹੁੰਦੀ ਹੈ। ਉਸ ਦੇ ਦਿਨ ਤੇ ਰਾਤ ਯਾਦ ਕਰਦਿਆਂ ਬਤੀਤ ਹੁੰਦੇ ਹਨ। ਕੁਝ ਹੋਰ ਵਿਸ਼ਿਆਂ 'ਤੇ ਵੀ ਗ਼ਜ਼ਲਾਂ ਕਹੀਆਂ ਗਈਆਂ ਹਨ। ਇਨ੍ਹਾਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਮਾਂ ਦੇ ਰਿਸ਼ਤੇ ਨੂੰ ਖ਼ਾਸਕਰ ਮਹੱਤਵ ਦਿੱਤਾ ਗਿਆ ਹੈ। ਗ਼ਜ਼ਲਕਾਰ ਸਮਝਦਾ ਹੈ ਖ਼ੁਦਾ ਨੂੰ ਯਾਦ ਕਰਨ ਤੋਂ ਪਹਿਲਾਂ ਮਾਂ ਦੀ ਇਬਾਦਤ ਜ਼ਰੂਰੀ ਹੈ। ਜ਼ੋਰਾਵਰ ਸਿੰਘ ਪੰਛੀ ਦਾ ਇਹ ਪਹਿਲਾ ਗ਼ਜ਼ਲ ਸੰਗ੍ਰਹਿ ਹੋਣ ਕਾਰਨ ਇਸ ਵਿਚ ਕਿਤੇ ਕਿਤੇ ਵੇਗ ਦੀ ਤੀਬਰਤਾ ਕਾਰਨ ਕਾਹਲ ਹੋਈ ਹੈ, ਭਵਿੱਖ ਵਿਚ ਇਸ ਗ਼ਜ਼ਲਕਾਰ ਤੋਂ ਹੋਰ ਬਿਹਤਰ ਗ਼ਜ਼ਲ ਸਿਰਜਣਾ ਦੀ ਆਸ ਹੈ। ਜ਼ੋਰਾਵਰ ਸਿੰਘ ਪੰਛੀ ਦੇ ਪਹਿਲੇ ਗ਼ਜ਼ਲ ਸੰਗ੍ਰਹਿ 'ਕੱਚ ਦੇ ਵਪਾਰੀ' ਦੀ ਹੌਸਲਾ ਅਫ਼ਜ਼ਾਈ ਕੀਤੀ ਜਾਣੀ ਚਾਹੀਦੀ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਭਾਈ ਸੰਗਤ ਸਿੰਘ ਜੀ
ਲੇਖਕ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 94178-55876

ਸ਼੍ਰੋਮਣੀ ਸ਼ਹੀਦ, ਭਾਈ ਸੰਗਤ ਸਿੰਘ ਜੀ, ਸਿੱਖ ਇਤਿਹਾਸ ਦੇ ਬਹੁਤ ਮਾਣਮੱਤੇ ਪਾਤਰ ਹਨ। ਉਨ੍ਹਾਂ ਦੇ ਪਰਿਵਾਰ/ਕੁਨਬੇ ਨੇ ਅਨਿਆਂ ਵਿਰੁੱਧ ਸੰਘਰਸ਼ ਵਿਚ, ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਭਾਈ ਸੰਗਤ ਸਿੰਘ ਜੀ ਦੀ ਜੀਵਨੀ ਅਤੇ ਅਜ਼ੀਮ ਸ਼ਹੀਦੀ ਬਾਰੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਨਾਵਲ ਸ਼ਾਇਦ ਪਹਿਲੀ ਵਾਰ ਲਿਖਿਆ ਗਿਆ ਹੈ। ਵਿਚਾਰ-ਗੋਚਰੇ ਨਾਵਲ ਦੇ 30 ਚੈਪਟਰ ਹਨ। ਪਹਿਲੇ ਚੈਪਟਰ ਵਿਚ ਸੰਗਤ ਸਿੰਘ ਜੀ ਦੇ ਬਾਲਪਨ ਨੂੰ ਬਹੁਤ ਰੌਚਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਮਿਸਾਲ ਵਜੋਂ :-'ਪਟਨਾ ਸ਼ਹਿਰ ਦੇ ਲਾਗੇ ਵਗਦੀ ਗੰਗਾ ਨਦੀ/ ਨਦੀ ਕਿਨਾਰੇ ਇਕ ਮੈਦਾਨ/ ਆਸੇ ਪਾਸੇ ਕਾਫ਼ੀ ਦਰੱਖਤ/ ਖਿੜੀ ਹੋਈ ਦੁਪਹਿਰ/ ਮਿੱਠੀ-ਮਿੱਠੀ ਰੁਮਕਦੀ ਹਵਾ/ ਨਿੱਕੇ-ਨਿੱਕੇ ਬਾਲਕਾਂ ਦੀਆਂ ਦੋ ਟੋਲੀਆਂ ਆਹਮੋ-ਸਾਹਮਣੇ/ ਦੋਹਾਂ ਟੋਲੀਆਂ ਵਿਚ ਸੱਤ-ਸੱਤ ਬਾਲਕ।.... ਬਾਲਕਾਂ ਦੀਆਂ ਦੋਵੇਂ ਟੋਲੀਆਂ ਯੁੱਧ ਕਰਨ ਲਈ ਪੂਰੀ ਤਰ੍ਹਾਂ ਤਿਆਰ' (ਪੰਨਾ 5)। ਪਟਨੇ ਵਿਚ ਬਾਲਕ ਗੋਬਿੰਦ ਰਾਏ ਦੇ ਪੱਕੇ ਬੇਲੀ ਨੂੰ ਉਦੋਂ (ਸੰਗਤਾਂ) ਆਖਿਆ ਜਾਂਦਾ ਸੀ। ਅਗਲੇ ਚੈਪਟਰਾਂ ਵਿਚ ਪਟਨੇ ਅੰਦਰ ਹੋਈਆਂ ਸਾਰੀਆਂ ਘਟਨਾਵਾਂ/ਕੌਤਕਾਂ ਨੂੰ, ਸੂਖਮ ਤੇ ਸਰਲ ਢੰਗ ਨਾਲ ਕਲਮਬੱਧ ਕੀਤਾ ਗਿਆ ਹੈ। 44ਵੇਂ ਪੰਨੇ ਤੋਂ ਗੁਰੂ ਤੇਗ ਬਹਾਦਰ ਜੀ ਵਲੋਂ ਸ਼ਹੀਦੀ ਦੇਣ ਜਾਂਦਿਆਂ, ਆਗਰੇ ਵਿਖੇ ਪੜਾਓ ਬਿਰਤਾਂਤ ਹੈ। ਦਿੱਲੀ ਵਿਚ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਜੀ ਦੀਆਂ ਲਾਸਾਨੀ ਸ਼ਹਾਦਤਾਂ ਦਾ ਬਿਰਤਾਂਤ ਦਿਲਾਂ ਨੂੰ ਟੁੰਬਣ ਵਾਲਾ ਹੈ। (ਪੰਨਾ 36 ਤੋਂ) 14ਵੇਂ ਅਧਿਆਇ ਵਿਚ ਨੌਵੇਂ ਪਾਤਿਸ਼ਾਹ ਦੀ ਸ਼ਹੀਦੀ ਉਪਰੰਤ ਬਾਲਕ ਗੋਬਿੰਦ ਰਾਇ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਗੱਦੀ ਦਾ ਤਿਲਕ ਲਗਾਉਣ ਦਾ ਪ੍ਰਸੰਗ ਹੈ। ਬਾਬਾ ਬੁੱਢਾ ਜੀ ਦੇ ਵੰਸ਼ ਵਿਚੋਂ ਭਾਈ ਰਾਮ ਕੋਇਰ ਪਾਸੋਂ ਤਿਲਕ ਲਗਵਾਇਆ ਗਿਆ। (ਪੰਨਾ 63)। ਮਸੰਦਾਂ ਨੂੰ ਸੋਧਣ ਦਾ ਚੈਪਟਰ ਪੜ੍ਹਨਯੋਗ ਹੈ। ਇਹ ਮਸੰਦ ਭ੍ਰਿਸ਼ਟ ਹੋ ਗਏ ਸਨ। ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਗੁਰੂ ਜੀ ਪ੍ਰਤੀ ਅੰਤਰੀਵ ਪ੍ਰੇਮ ਦਾ ਬਿਰਤਾਂਤ ਵੀ ਧਿਆਨ ਮੰਗਦਾ ਹੈ। (ਭਾਗ 19)। ਭੰਗਾਣੀ ਦੇ ਯੁੱਧ ਦੌਰਾਨ ਗੁਰੂ ਕੀਆਂ ਫ਼ੌਜਾਂ ਦੀ ਜਿੱਤ ਦੇ ਬਿਰਤਾਂਤ ਦੇ ਨਾਲ-ਨਾਲ ਗੁਰੂ ਜੀ ਦੀ ਕੀਰਤਪੁਰ ਫੇਰੀ ਦਾ ਬਿਰਤਾਂਤ ਪੜ੍ਹਨਯੋਗ ਹੈ। (ਭਾਗ 21)
24ਵੇਂ ਅਧਿਆਇ ਵਿਚ ਖ਼ਾਲਸਾ ਪੰਥ ਸਾਜਣ ਦੇ ਪ੍ਰਸੰਗ ਨੂੰ ਬਹੁਤ ਬਾਰੀਕਬੀਨੀ ਅਤੇ ਸੁਰੁੱਚੀ ਪੂਰਨ ਢੰਗ ਨਾਲ ਬਿਆਨਿਆ ਗਿਆ ਹੈ। ਗੁਰੂ ਕਲਗੀਧਰ ਜੀ ਨੇ ਪੰਜ ਸਿੰਘਾਂ ਦੇ ਗੁਰਮਤੇ ਨੂੰ ਮੰਨਦਿਆਂ ਚਮਕੌਰ ਦੀ ਗੜ੍ਹੀ ਛੱਡਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਦੀ ਦਸਤਾਰ ਉੱਪਰ ਆਪਣੀ 'ਜਿਗਾਹ ਕਲਗੀ', ਆਪ ਸਜਾਈ ਅਤੇ ਗੜ੍ਹੀ ਦੀ ਮਮਟੀ ਉੱਤੇ ਬੈਠ ਕੇ ਜੰਗੀ ਪ੍ਰਬੰਧਾਂ ਨੂੰ ਵੇਖਣ ਦਾ ਹੁਕਮ ਕੀਤਾ, ਜਿਸ ਨੂੰ ਉਨ੍ਹਾਂ ਤੋੜ ਨਿਭਾਇਆ।
ਸ਼ਹੀਦੀ ਭਾਈ ਸੰਗਤ ਸਿੰਘ ਜੀ : ਅੰਤਲੇ ਕਾਂਡ ਵਿਚ, ਜਿਸ ਤਰੀਕੇ ਨਾਲ ਭਾਈ ਸੰਗਤ ਸਿੰਘ ਜੀ ਦੀ ਸ਼ਹੀਦੀ ਦਾ ਵਰਣਨ ਕੀਤਾ ਗਿਆ ਹੈ। ਉਸ ਨੂੰ ਪੜ੍ਹ ਕੇ, ਹਰੇਕ ਪਾਠਕ ਦਾ ਸੀਨਾ ਸਤਿਕਾਰ ਨਾਲ ਝੁਕ ਜਾਵੇਗਾ। 'ਭਾਈ ਸੰਗਤ ਸਿੰਘ ਕੋਲ ਹੁਣ ਤੀਰ ਵੀ ਮੁੱਕ ਗਏ। ਉਸ ਨੇ ਸੱਚੇ ਪਾਤਿਸ਼ਾਹ ਨੂੰ ਯਾਦ ਕੀਤਾ ਤੇ ਉੱਚੀ ਆਵਾਜ਼ ਵਿਚ ਜੈਕਾਰਾ ਛੱਡਦੇ ਹੋਏ ਤਲਵਾਰ ਲੈ ਕੇ ਗੜ੍ਹੀ ਦੇ ਬਾਹਰ ਗਏ। ਵੈਰੀ ਦਲ ਨੂੰ ਇਹ ਪੱਕਾ ਯਕੀਨ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਹੈ, ਕਿਉਂਕਿ ਗੁਰੂ ਜੀ ਅਤੇ ਭਾਈ ਸੰਗਤ ਸਿੰਘ ਹਮਉਮਰ ਤੇ ਹਮਸ਼ਕਲ ਸਨ। ਉਨ੍ਹਾਂ ਦੇ ਸੀਸ ਉੱਤੇ ਚਮਕ ਰਹੀ ਕਲਗੀ ਹੋਰ ਵੀ ਵੱਡਾ ਭੁਲੇਖਾ ਪਾ ਰਹੀ ਸੀ। ...ਭਾਈ ਸੰਗਤ ਸਿੰਘ, ਬਹੁਤ ਜ਼ਿਆਦਾ ਫੱਟੜ ਹੋ ਗਿਆ ਅਤੇ ਆਖ਼ਰ ਜੈਕਾਰੇ ਛੱਡਦਾ ਹੋਇਆ ਜੰਗ ਦੇ ਮੈਦਾਨ ਵਿਚ ਲੜਦਾ-ਲੜਦਾ ਸ਼ਹੀਦ ਹੋ ਗਿਆ। ਉਹ ਹੁਣ ਜੰਗ ਦੇ ਮੈਦਾਨ ਵਿਚ ਗੁਰੂ ਜੀ ਨਾਲ ਕੀਤੇ ਕੌਲ ਨਿਭਾਅ ਕੇ ਸ਼ਾਂਤ ਪਿਆ ਸੀ।' (ਪੰਨਾ 141)। ਹਰੀ ਸਿੰਘ ਢੁੱਡੀਕੇ ਦਾ ਇਹ ਨਾਵਲ, ਉਤਕ੍ਰਿਸ਼ਟ ਇਤਿਹਾਸਕ ਦਸਤਾਵੇਜ਼ ਹੈ। ਪਟਨਾ ਸਾਹਿਬ ਤੋਂ ਲੈ ਕੇ, ਚਮਕੌਰ ਦੀ ਗੜ੍ਹੀ ਦੀ ਅਸਾਵੀਂ ਜੰਗ ਵਿਚ ਲਾਸਾਨੀ ਸ਼ਹਾਦਤ ਤੱਕ ਪਾਠਕ ਦੀ ਉਤਸੁਕਤਾ ਕਾਇਮ ਹੀ ਨਹੀਂ, ਸਗੋਂ ਵਧਦੀ ਜਾਂਦੀ ਹੈ। ਮਹੰਤ ਕਿਰਪਾਲ ਦਾਸ, ਦੀਵਾਨ ਨੰਦ ਚੰਦ, ਦੀਵਾਨ ਨੰਦ ਲਾਲ ਗੋਯਾ, ਰਾਜਾ ਰਤਨ ਰਾਇ, ਭਰਾ ਭਾਈ ਜੈਤਾ ਜੀ, ਭਾਈ ਸੰਤਾ, ਪੀਰ ਬੁੱਧੂ ਸ਼ਾਹ ਸਮੇਤ ਸਾਰੇ ਅਹਿਮ ਪਾਤਰਾਂ ਦਾ ਜ਼ਿਕਰ ਹੈ। ਲੇਖਕ ਦਾ ਬਿਆਨੀਆ ਢੰਗ ਪ੍ਰਭਾਵਸ਼ਾਲੀ ਤੇ ਬੋਲੀ ਸਰਲ ਹੈ। ਪੁਸਤਕ ਉੱਤਮ ਰਚਨਾ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

-
ਹੁਕਮ ਸਿਧਾਂਤ
ਲੇਖਕ : ਡਾ. ਟੀ.ਆਰ. ਸ਼ੰਗਾਰੀ
ਪ੍ਰਕਾਸ਼ਕ : ਰਾਧਾ ਸੁਆਮੀ ਸਤਿਸੰਗ, ਬਿਆਸ
ਮੁੱਲ : ਪ੍ਰਕਾਸ਼ਿਤ ਨਹੀਂ, ਸਫ਼ੇ : 176

'ਹੁਕਮ' ਦਾ ਸਿਧਾਂਤ ਦਾਰਸ਼ਨਿਕ ਖੇਤਰ ਵਿਚ ਬਹੁਤ ਹੀ ਮਹੱਤਵਪੂਰਨਤਾ ਦਾ ਧਾਰਨੀ ਸਿਧਾਂਤ ਹੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਵਿਚ ਬੱਝੀ ਹੋਈ ਹੈ। ਜੀਵ ਪਰਮਾਤਮਾ ਦੇ ਹੁਕਮ ਵਿਚ ਇਸ ਸੰਸਾਰ ਵਿਚ ਆਉਂਦਾ ਹੈ ਅਤੇ ਆਪਣੇ ਕਰਮ ਕਰਦਾ ਹੋਇਆ ਹੁਕਮ ਵਿਚ ਹੀ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਧਰਤੀ, ਸੂਰਜ, ਚੰਦ, ਆਕਾਸ਼, ਰੁੱਤਾਂ ਸਭ ਪਰਮਾਤਮਾ ਦੇ ਹੁਕਮ ਦੇ ਗੇੜ ਵਿਚ ਹੀ ਆਪਣਾ ਸਫ਼ਰ ਅਦਾ ਕਰ ਰਹੇ ਹਨ। ਗੁਰਬਾਣੀ ਵਿਚ ਤਾਂ ਹੁਕਮ ਸਿਧਾਂਤ ਬਾਰੇ ਵਿਆਪਕ ਰੂਪ ਵਿਚ ਜ਼ਿਕਰ ਹੋਇਆ ਮਿਲਦਾ ਹੈ। ਡਾ. ਟੀ. ਆਰ. ਸ਼ੰਗਾਰੀ ਲੰਮਾ ਸਮਾਂ ਅਧਿਆਪਕ ਦੇ ਖੇਤਰ ਨਾਲ ਜੁੜੇ ਰਹੇ, ਜਿਸ ਕਰਕੇ ਉਨ੍ਹਾਂ ਕੋਲ ਅਧਿਐਨ ਦਾ ਵੀ ਲੰਮਾ ਤਜਰਬਾ ਹੈ। ਉਨ੍ਹਾਂ ਦੀ ਵਿਚਾਰ ਅਧੀਨ ਪੁਸਤਕ 'ਹੁਕਮ ਸਿਧਾਂਤ' ਹੁਕਮ ਦੇ ਸਿਧਾਂਤ ਬਾਰੇ ਦਾਰਸ਼ਨਿਕ ਸੰਵਾਦ ਰਚਾਉਂਦੀ ਪੁਸਤਕ ਹੈ। ਲੇਖਕ ਨੇ ਹੁਕਮ ਦੇ ਸਿਧਾਂਤ ਦੇ ਅਧਿਐਨ ਲਈ ਆਪਣੀ ਪੁਸਤਕ ਨੂੰ ਛੇ ਪਾਠਾਂ ਵਿਚ ਵੰਡ ਕੇ ਪੇਸ਼ ਕੀਤਾ ਹੈ, ਜਿਸ ਦੇ ਤਹਿਤ ਲੇਖਕ ਨੇ ਜਿਥੇ ਗੁਰਬਾਣੀ ਦੇ ਹਵਾਲਿਆਂ ਨਾਲ ਹੁਕਮ ਸਿਧਾਂਤ ਬਾਰੇ ਵਿਚਾਰ ਪੇਸ਼ ਕੀਤੇ ਹਨ, ਉਥੇ ਭਾਰਤੀ ਦਰਸ਼ਨ ਦੇ ਪ੍ਰਸੰਗ ਵਿਚ ਵੇਦਾਂ-ਸ਼ਾਸਤਰਾਂ ਦੇ ਜ਼ਿਕਰ ਨਾਲ ਵੀ ਸੰਵਾਦ ਰਚਾਇਆ ਹੈ। ਸ੍ਰਿਸ਼ਟੀ ਰਚਨਾ ਵੀ ਪਰਮਾਮਤਾ ਦੇ ਹੁਕਮ ਅਨੁਸਾਰ ਹੀ ਹੋਈ ਹੈ, ਇਸ ਸੰਬੰਧੀ ਵੱਖ-ਵੱਖ ਧਰਮਾਂ ਅਤੇ ਮੱਤ-ਮਤਾਂਤਰਾਂ ਦੀ ਫ਼ਿਲਾਸਫ਼ੀ ਜਾਂ ਦਰਸ਼ਨ ਕਿਸ ਤਰ੍ਹਾਂ ਦੀ ਦ੍ਰਿਸ਼ਟੀ ਅਖ਼ਤਿਆਰ ਕਰਦਾ ਹੈ, ਉਸ ਬਾਰੇ ਵੀ ਲੇਖਕ ਨੇ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਅਸਲ ਵਿਚ ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਵੀ ਕਰਦਾ ਹੈ ਅਤੇ ਸਾਰੀ ਸ੍ਰਿਸ਼ਟੀ ਦਾ ਨਿਯੰਤਰਨ ਵੀ ਉਸ ਦੇ ਹੁਕਮ ਵਿਚ ਹੀ ਹੈ। 'ਜਪੁਜੀ ਸਾਹਿਬ' ਅਤੇ 'ਆਸਾ ਦੀ ਵਾਰ' ਵਿਚ ਗੁਰੂ ਨਾਨਕ ਦੇਵ ਜੀ ਨੇ ਇਸ ਦਾ ਜ਼ਿਕਰ ਕਰਦਿਆਂ ਜਿਥੇ ਸ੍ਰਿਸ਼ਟੀ ਰਚਨਾ ਦੇ ਸਿਧਾਂਤ ਦੀ ਗੱਲ ਕੀਤੀ ਹੈ, ਉਥੇ ਪਰਮਾਤਮਾ ਦੀ ਵਿਸ਼ਾਲਤਾ ਅਤੇ ਸਮਰੱਥਾ ਦਾ ਜ਼ਿਕਰ ਵੀ ਕੀਤਾ ਹੈ ਜੋ ਪੈਦਾ ਵੀ ਕਰਦਾ ਹੈ ਅਤੇ ਹੁਕਮ ਅਨੁਸਾਰ ਚਲਾਉਂਦਾ ਵੀ ਹੈ ਅਤੇ ਸੰਘਾਰ ਵੀ ਕਰਦਾ ਹੈ। ਦਾਰਸ਼ਨਿਕ ਅਤੇ ਧਾਰਮਿਕ ਖੇਤਰ ਦੇ ਜਗਿਆਸੂਆਂ ਲਈ ਇਹ ਪੁਸਤਕ ਲਾਹੇਵੰਦੀ ਹੈ। ਖੋਜ ਵਿਦਿਆਰਥੀ ਵੀ ਇਸ ਪੁਸਤਕ ਦਾ ਲਾਹਾ ਲੈ ਸਕਦੇ ਹਨ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਝੀਥਾਂ 'ਚੋਂ ਝਾਕਦਿਆਂ
ਲੇਖਕ : ਦੇਵਿੰਦਰ ਦੀਦਾਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 130
ਸੰਪਰਕ : 98142-45911

ਦੇਵਿੰਦਰ ਦੀਦਾਰ ਕੇਵਲ ਕਹਾਣੀਆਂ ਅਤੇ ਨਿਬੰਧ ਹੀ ਲਿਖਦਾ ਹੈ। 1974 ਈ. ਤੋਂ ਲੈ ਕੇ ਹੁਣ ਦਸੰਬਰ, 2023 ਈ. ਤੱਕ ਉਸ ਦੀਆਂ ਕੇਵਲ ਅੱਠ ਪੁਸਤਕਾਂ ਦਾ ਪ੍ਰਕਾਸ਼ਨ ਪਹਿਲਾਂ ਹੋ ਚੁੱਕਾ ਹੈ। ਉਸ ਦੀ ਨਵੀਂ ਪ੍ਰਕਾਸ਼ਨ 'ਝੀਥਾਂ 'ਚੋਂ ਝਾਕਦਿਆਂ' ਨਿਬੰਧ ਸੰਗ੍ਰਹਿ ਉਸ ਦਾ ਨਵਾਂ ਨਿਬੰਧ ਸੰਗ੍ਰਹਿ ਹੈ। ਮੈਨੂੰ ਉਸ ਦੇ ਪਿਛਲੇ ਨਿਬੰਧ ਸੰਗ੍ਰਹਿ ਵਾਂਗ ਇਹ ਨਵਾਂ ਨਿਬੰਧ-ਸੰਗ੍ਰਹਿ 'ਝੀਥਾਂ 'ਚੋਂ ਝਾਕਦਿਆਂ' ਦੇ ਨਿਬੰਧ, ਇੰਜ ਅਨੁਭਵ ਹੁੰਦੇ ਹਨ ਜਿਵੇਂ ਕੋਈ ਆਪਣਾ, ਘਰ ਦਾ ਬਜ਼ੁਰਗ, ਆਪਣੇ ਬੱਚਿਆਂ ਨੂੰ ਸਹਿਜ-ਸਿਆਣਪਾਂ ਦਾ ਪਾਠ ਸਮਝਾ ਰਿਹਾ ਹੋਵੇ। ਉਂਝ ਵੀ ਉਸ ਦੇ ਨਿਬੰਧਾਂ ਦੇ ਵਿਸ਼ੇ ਸਹਿਜਮਈ, ਨਵੀਆਂ ਸੋਚਾਂ ਦੀ ਸਿੱਖਿਆ ਦਿੰਦੇ, ਪਾਠਕਾਂ ਦੀ ਉਂਗਲ ਫੜ ਕੇ, ਤੋਰਨ ਵਾਲੇ ਸਹਿਜ-ਸਿੱਖਿਆ ਦੇ ਰਹੇ, ਸੱਚਿਆਰੀਆਂ ਨਸੀਹਤਾਂ ਵੰਡਦੇ ਜਾਪਦੇ ਹਨ। ਕੋਈ ਨਿਬੰਧ ਲੈ ਲਵੋ, ਜਾਪਦੈ ਜਿਵੇਂ ਕੋਈ ਬਜ਼ੁਰਗ, ਸਹਿਜ ਸਿਆਣਪਾਂ ਦੇ ਮਿੱਠੇ ਪਤਾਸੇ ਵੰਡ ਰਿਹਾ ਹੋਵੇ। ਪਾਠਕ, ਲੇਖਕ ਦੇ ਕਿਸੇ ਨਿਬੰਧ ਨੂੰ ਪੜ੍ਹ ਰਿਹਾ ਹੋਵੇ, ਸਹਿਜ ਸਿਆਣਪਾਂ ਦੀਆਂ ਨਸੀਹਤਾਂ ਉਨ੍ਹਾਂ ਲਈ ਅਕਸ਼ੀਰ ਦਵਾਈ, ਉਨ੍ਹਾਂ ਅੰਦਰ ਨਵਾਂ ਚਾਨਣ ਸੰਚਾਰ ਰਹੀ ਹੈ। ਨਿਬੰਧਾਂ ਦੇ ਵਰਕੇ ਫਰੋਲਦਿਆਂ ਮੈਨੂੰ ਜੋ ਪ੍ਰਾਪਤ ਹੋਇਆ ਹੈ, ਝੀਥਾਂ 'ਚ ਝਾਕਦਿਆਂ ਹੀ ਮਿਲਿਆ ਹੈ : ਜਿਵੇਂ- 'ਕੋਈ ਵੀ ਕੰਮ ਕਰਨ ਲੱਗਿਆਂ ਆਪਣੇ ਉੱਪਰ ਯਕੀਨ ਕਰਨਾ ਬਹੁਤ ਜ਼ਰੂਰੀ ਹੈ। ਵਿਸ਼ਵਾਸ ਭਰਪੂਰ ਬੰਦਾ ਹੀ ਜ਼ਿਆਦਾਤਰ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਧੋਖਾ ਦੇਣ ਵਾਲੇ ਨਾਲੋਂ, ਧੋਖਾ ਖਾਣ ਵਾਲੇ, ਛੇਤੀ ਕਾਮਯਾਬ ਹੁੰਦੇ ਹਨ, ਕਿਉਂਕਿ ਧੋਖਾ ਦੇਣ ਵਾਲੇ ਦਾ ਵਿਸ਼ਵਾਸ ਖਿੰਡਿਆ ਹੁੰਦਾ ਹੈ ਅਤੇ ਉਸ ਨੂੰ ਆਪਣੀ ਸਫ਼ਲਤਾ ਦਾ ਪੂਰਾ ਯਕੀਨ ਵੀ ਨਹੀਂ ਹੁੰਦਾ, ਤਰੱਕੀ ਕਰਨੀ ਹੈ ਤਾਂ ਗੁੱਸਾ ਆਉਣ 'ਤੇ ਵੀ ਸ਼ਾਂਤ ਰਹਿਣ ਦੀ ਕਲਾ ਸਿੱਖੋ। ਮਾੜੇ ਦਿਨ ਆਉਣ 'ਤੇ ਵੀ ਇਮਾਨਦਾਰੀ ਦਾ ਪੱਲਾ ਨਾ ਛੱਡੋ। (ਪੰਨਾ-25) 'ਲੋਕ-ਧਾਰਾ ਅਨੁਸਾਰ ਬੰਦੇ ਦੇ 'ਤੁਸ਼ਟੀ-ਗੁਣਾਂ' ਬਾਰੇ ਇਸ ਤਰ੍ਹਾਂ ਦੱਸਿਆ ਗਿਆ ਹੈ। ਕੋਈ ਵੀ ਚੀਜ਼ ਅਸੀਂ ਜ਼ਰੂਰਤ ਤੋਂ ਵਧ ਹਜ਼ਮ ਨਹੀਂ ਕਰ ਸਕਦੇ, ਜਿਵੇਂ ਖਾਣਾ ਵੀ ਅਸੀਂ ਭੁੱਖ ਤੋਂ ਵੱਧ ਨਹੀਂ ਖਾ ਸਕਦੇ। ਪਾਣੀ ਵੀ ਇਕ ਹੱਦ ਤੱਕ ਪੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਮਨੁੱਖ ਲਈ ਹਰ ਖਾਣ ਵਾਲੀ ਚੀਜ਼ ਦੀ ਆਪਣੇ ਜੁੱਸੇ ਮੁਤਾਬਕ ਇਕ ਹੱਦ ਮੁਕਰਰ ਹੁੰਦੀ ਹੈ, ਪਰ ਦੁਨੀਆ ਵਿਚ ਤਿੰਨ ਚੀਜ਼ਾਂ ਇਸ ਤਰ੍ਹਾਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਦੀ ਮਾਤਰਾ, ਜਿੰਨੀ ਵਧਦੀ ਜਾਵੇਗੀ ਓਨੀ ਬੰਦੇ ਦੀ ਲਾਲਸਾ ਵਧਦੀ ਜਾਵੇਗੀ, ਜਿਵੇਂ ਮਾਇਆ, ਸ਼ਰਾਬ ਤੇ ਕਾਮ। ਇਥੇ ਆ ਕੇ ਆਦਮੀ ਦੀ ਸੰਤੁਸ਼ਟੀ ਜਵਾਬ ਦੇ ਦਿੰਦੀ ਹੈ।' ਅਜਿਹੀਆਂ ਅਟੱਲ ਸੱਚਾਈਆਂ ਲੇਖਕ ਦੇ ਨਿਬੰਧਾਂ ਵਿਚ ਅਸੀਂ ਹਰ ਪੰਨੇ ਉੱਪਰ ਪੜ੍ਹ ਸਕਦੇ ਹਾਂ। ਸਹਿਜ ਸਿਆਣਪਾਂ ਲੱਭਣ ਦੀ ਲੋੜ ਨਹੀਂ, ਭੈੜਾ ਕੰਮ ਕਰਨ ਤੋਂ ਪਹਿਲਾਂ ਸਾਡੇ ਅੰਦਰੋਂ ਆਵਾਜ਼ ਤਾਂ ਆਉਂਦੀ ਹੈ, ਪਰ ਵਿਕਾਰੂ ਸ਼ਕਤੀਆਂ ਦਾ ਤੂਫ਼ਾਨ ਮਚਲਦਾ ਰਹਿੰਦਾ ਹੈ 'ਚੜ੍ਹ ਜਾ ਬੱਚਾ ਸੂਲੀ,... ਰੱਬ ਭਲੀ ਕਰੇਗਾ।' 'ਝੀਥਾਂ 'ਚੋਂ ਝਾਕਦਿਆਂ' ਸਧਾਰਨ ਪੁਸਤਕ ਨਹੀਂ, ਜ਼ਿੰਦਗੀ, ਸਮਾਜ ਅਤੇ ਸੰਸਾਰ ਅੰਦਰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਸਥਾਪਤੀ ਲਈ ਇਕ 'ਹਦਾਇਤਨਾਮਾ' ਹੈ। ਪੁਸਤਕ ਵਿਚ ਹਰ ਵਿਅਕਤੀ ਨੂੰ ਜ਼ਿੰਦਗੀ ਦੇ ਖ਼ਤਰਿਆਂ ਤੋਂ ਸੁਚੇਤ ਕੀਤਾ ਗਿਆ ਹੈ। ਦੇਵਿੰਦਰ ਦੀਦਾਰ ਨੇ ਭਾਵੇਂ ਥੋੜ੍ਹਾ ਲਿਖਿਆ ਹੈ, ਪਰ ਜੋ ਨਿਬੰਧ ਲਿਖੇ ਹਨ, ਉਹ ਕਿਸੇ ਨਾ ਕਿਸੇ ਉਦੇਸ਼ ਪੂਰਤੀ ਲਈ ਲਿਖੇ ਹਨ। ਉਸ ਦੀ ਸ਼ਬਦ ਸ਼ੈਲੀ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਆਕਰਸ਼ਣ ਹੈ। ਉੱਚੇ-ਸੁੱਚੇ ਸਨੇਹੜਿਆਂ ਦੇ ਠੰਢੇ-ਮਿੱਠੇ ਬੁੱਲ੍ਹਿਆਂ ਦੀਆਂ ਮਹਿਕਾਂ ਹਨ। ਪਾਠਕ ਪੜ੍ਹਨਗੇ, ਹੋਰ ਪੜ੍ਹਨਣਗੇ, ਮਨਾਂ ਅੰਦਰ ਸੰਤੁਸ਼ਟੀ ਦੀਆਂ ਮਹਿਕਾਂ ਪ੍ਰਾਪਤ ਕਰਨਗੇ। ਇਹ ਪੁਸਤਕ ਸਿਰਹਾਣੇ ਰੱਖ ਕੇ, ਹਰ ਰੋਜ਼ ਪੜ੍ਹਨ ਵਾਲੀ ਪੁਸਤਕ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

24-02-2024

 ਦੱਬੇ-ਕੁਚਲਿਆਂ ਦਾ ਸਿੱਖਿਆ ਸ਼ਾਸਤਰ
ਅਨੁਵਾਦ : ਕੁਮਾਰ ਸੁਸ਼ੀਲ, ਅਮਰਦੀਪ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 183
ਸੰਪਰਕ : 94174-05636

ਇਹ ਪੁਸਤਕ ਵਿਸ਼ਵ ਪ੍ਰਸਿੱਧ ਦਾਰਸ਼ਨਿਕ/ਲੇਖਕ, ਪਾਓਲੇ ਫਰੇਰੇ ਦੀ ਮੌਲਿਕ ਰਚਨਾ ਹੈ, ਪੰਜਾਬੀ ਤਰਜਮਾ ਹੈ। ਪੁਸਤਕ ਦਾ ਮੌਲਿਕ ਨਾਂਅ 'ਪੈਰਾਗੋਜੀ ਆਫ਼ ਆਪਰੈੱਸਡ' ਹੈ। ਇਸ ਪੁਸਤਕ ਦੇ ਭੂਮਿਕਾ ਤੋਂ ਇਲਾਵਾ, ਚਾਰ ਅਧਿਆਇ ਹਨ। ਪਹਿਲੇ ਅਧਿਆਇ ਵਿਚ ਕਦਰਾਂ-ਕੀਮਤਾਂ ਦੇ ਪੱਖ ਤੋਂ ਮਨੁੱਖੀਕਰਨ ਤੇ ਅਣ-ਮਨੁੱਖੀਕਰਨ ਦੇ ਅਹਿਮ ਨੁਕਤੇ ਵਿਚਾਰੇ ਗਏ ਹਨ। ਅਣ-ਮਨੁੱਖੀਕਰਨ ਮਨੁੱਖ ਨੂੰ ਵਧੇਰੇ ਮਨੁੱਖ ਬਣਨ ਦੇ ਰਾਹ ਤੋਂ ਭਟਕਾਉਂਦਾ ਹੈ। ਇਹ ਨਾ ਸਿਰਫ਼ ਉਨ੍ਹਾਂ ਨੂੰ, ਜਿਨ੍ਹਾਂ ਦੀ ਮਨੁੱਖਤਾ ਨੂੰ ਕੁਚਲਿਆ ਗਿਆ ਹੈ, ਸਗੋਂ ਜਿਨ੍ਹਾਂ ਨੇ ਇਹ ਕਾਰਾ ਕੀਤਾ ਹੈ, ਨੂੰ ਵੀ ਚਿੰਨ੍ਹਤ ਕਰਦਾ ਹੈ।' (ਪੰਨਾ 9) ਜ਼ੁਲਮ ਵਿਚ ਸੰਘਰਸ਼, ਮਨੁੱਖੀ ਸਮਝ 'ਚੋਂ ਉਪਜਦਾ ਹੈ। ਲੇਖਕ ਨਾ ਕਿਸਾਨਾਂ ਵਲੋਂ ਕੀਤੀ ਗੱਲਬਾਤ ਦੇ ਅੰਸ਼ ਵੀ, ਇਸ ਅਧਿਆਏ ਵਿਚ ਦਰਜ ਹਨ। ਅੰਤ ਵਿਚ 18 ਟਿੱਪਣੀਆਂ ਹਨ।
ਦੂਜੇ ਅਧਿਆਇ ਰਾਹੀਂ ਆਪਣੇ ਹਕੂਕ ਪ੍ਰਤੀ ਜਾਗਰੂਕ ਹੋ ਕੇ, ਸੰਘਰਸ਼ ਕਰਨ ਲਈ, ਸਿੱਖਿਅਤ ਹੋਣ ਦੀ ਲੋੜ, ਨੂੰ ਉਜਾਗਰ ਕੀਤਾ ਗਿਆ ਹੈ। ਸਿੱਖਿਆ, ਇਨਕਲਾਬੀ ਢੰਗ ਨਾਲ ਪੱਧਤੀ ਰਾਹੀਂ ਦਿੱਤੀ ਜਾਵੇ ਨਾ ਕਿ ਬੈਂਕਿੰਗ ਪੱਧਤੀ ਦੇ ਛਲਾਵੇ ਭਰੇ ਤੌਰ-ਤਰੀਕਿਆਂ ਰਾਹੀਂ।
ਤੀਜੇ ਅਧਿਆਇ ਦਾ ਆਰੰਭ, ਸੰਵਾਦ ਦੀ ਲੋੜ 'ਤੇ ਜ਼ੋਰ ਦੇਣ ਨਾਲ ਸ਼ੁਰੂ ਹੁੰਦਾ ਹੈ। ਪ੍ਰੋ. ਅਮਾਰਨੀ ਮਾਰੀਆ ਫਿਓਰੀ ਨਾਲ ਸੰਵਾਦ ਵੀ ਇਸੇ ਅਧਿਆਇ ਦਾ ਅਹਿਮ ਭਾਗ ਹੈ। ਇਸੇ ਤਰ੍ਹਾਂ ਆਂਦਰੇ ਮਾਰਲੋ, ਮਾਓ ਜੇ ਤੁੰਗ, ਪ੍ਰੋ. ਅਲਵਾਰੀ ਵਾਇਰਾ, ਕਾਰੇਲ ਕੋਸਿਕ, ਫਰਾਂਸੀਸੀ ਸਮਾਜ ਵਿਗਿਆਨੀ ਮਾਰੀਆ ਐਂਡੀ ਫਰੇਰਾ, ਬ੍ਰਾਜ਼ੀਲੀ ਨਾਵਲਕਾਰ ਗਿਮਾਰੋਜ ਹੇਜਾ, ਅਰਥ ਸ਼ਾਸਤਰੀ ਜੈਕਸ ਚੋਚੋਲ ਅਤੇ ਮਨੋਵਿਗਿਆਨੀ ਪੈਰਿਸਸਿਓ ਲੋਪੇਜ ਦੇ ਵਿਚਾਰਾਂ ਦੇ ਹਵਾਲੇ ਵੀ ਦਿੱਤੇ ਗਏ ਹਨ। 'ਹਰੇਕ ਅਧਿਐਨ ਬੋਰਡ ਵਿਚ ਘੱਟੋ-ਘੱਟ ਵੀਹ-ਵੀਹ ਬੰਦੇ ਹੋਣੇ ਚਾਹੀਦੇ ਹਨ। ਅਧਿਅਨ ਵਿਚ ਸ਼ਾਮਿਲ ਖੇਤਰ ਜਾਂ ਉਪ-ਖੇਤਰ ਦੀ ਜਨਸੰਖਿਆ ਦੇ 10 ਫ਼ੀਸਦੀ ਲੋਕਾਂ ਨੂੰ ਭਾਗੀਦਾਰ ਬਣਾਉਣ ਦੇ ਲਈ ਜਿੰਨੇ ਅਧਿਐਨ ਬੋਰਡਾਂ ਦੀ ਲੋੜ ਪਵੇ, ਬਣਾਉਣੇ ਚਾਹੀਦੇ ਹਨ।' (ਪੰਨਾ : 108)
ਚੌਥੇ ਅਤੇ ਅੰਤਿਮ ਅਧਿਆਇ ਵਿਚ, ਸੱਭਿਆਚਾਰਕ ਕਾਰਜ ਦੇ ਸਿਧਾਂਤ ਦਾ ਖੁੱਲ੍ਹ ਕੇ ਵਿਸ਼ਲੇਸ਼ਣ ਕੀਤਾ ਗਿਆ ਹੈ। ਮਨੁੱਖੀ ਸਰਗਰਮੀ, ਕਾਰਜ ਅਤੇ ਚਿੰਤਨ ਦੇ ਸੁਮੇਲ ਨਾਲ ਬਣਦੀ ਹੈ। ਇਹ, ਸੰਸਾਰ ਵਿਚ ਪਰਿਵਰਤਨ ਦਾ ਸੂਤਰਧਾਰ ਹੋ ਨਿਬੜਦਾ ਹੈ। 'ਇਨਕਲਾਬੀ ਅਮਲ, ਦਾਬਾ ਪਾਉਣ ਵਾਲਿਆਂ ਦੇ ਅਮਲ ਤੋਂ ਉਲਟ ਖੜ੍ਹਨਾ ਚਾਹੀਦਾ ਹੈ।' (ਪੰਨਾ 111, ਪੈਰਾ ਤੀਜਾ)। ਲਿਤਾੜੇ ਹੋਏ ਲੋਕ, ਤਬਦੀਲੀ ਦੇ ਕਰਤਾ ਹੋਣਾ। ਸੰਵਾਦ ਨਾਲ, ਕ੍ਰਾਂਤੀਕਾਰੀ ਧਿਰਾਂ ਵਿਚਾਲੇ ਸਾਂਝ ਪੈਦਾ ਹੁੰਦੀ ਹੈ। ਅਧਿਆਇ ਵਿਚ ਗਾਜਪੈਟਰੋਵਿਕ, ਰੋਇਲ ਸੁਸਾਇਟੀ ਦੇ ਮੁਖੀ ਮਿਸਟਰ ਗਿੱਡੀ, ਫ੍ਰਾਂਸਿਸਕੋ ਵਫਰਟ, ਗੇਟਿਲਿਊ ਵਰਗਸ ਵਰਗੇ ਵਿਦਵਾਨਾਂ ਦੇ ਵਿਚਾਰ, ਇਸ ਅਧਿਆਇ ਵਿਚ ਦਰਜ ਕੀਤੇ ਗਏ ਹਨ। ਸੱਭਿਆਚਾਰਕ ਇਨਕਲਾਬ, ਸਹਿਯੋਗ, ਮੁਕਤੀ ਦੇ ਲਈ ਏਕਾ, ਜਥੇਬੰਦੀ, ਸੱਭਿਆਚਾਰਕ ਸੁਮੇਲ ਵਰਗੇ, ਮਹੱਤਵਪੂਰਨ ਮੁੱਦੇ, ਵਿਸਥਾਰ ਨਾਲ ਛੋਹੇ ਗਏ ਹਨ। ਪਾਓਲੇ ਫਰੇਰੇ ਦੀ ਵਿਚਾਰ-ਗੋਚਰੀ ਇਹ ਪੁਸਤਕ, ਦਲਿਤਾਂ ਦਾ ਸਿੱਖਿਆ ਸ਼ਾਸਤਰ, ਵਿਦਵਤਾ, ਰਾਜਨੀਤੀ ਅਤੇ ਸਿੱਖਿਆ ਵਰਗੇ ਸਿਧਾਂਤਾਂ ਦਾ, ਸੁੰਦਰ ਸੁਮੇਲ ਹੈ। ਸਮਾਜ ਦੇ ਦੱਬੇ-ਕੁਚਲੇ ਅਵਾਮ ਲਈ, ਇਹ ਪੁਸਤਕ, ਮਾਨੋਂ, ਮੁਕਤੀ ਦਾ ਮਾਰਗ ਹੈ।

-ਤੀਰਥ ਸਿੰਘ ਢਿੱਲੋਂ
ਮੋਬਾਈਲ : 98154-61710

ਮੈਲ਼ੇ ਮੰਜ਼ਰ
ਗ਼ਜ਼ਲਕਾਰ : ਹਰਮਿੰਦਰ ਸਿੰਘ ਕੋਹਾਰਵਾਲਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 98768-73735

ਹਰਮਿੰਦਰ ਸਿੰਘ ਕੋਹਾਰਵਾਲਾ ਪੁਰਾਣਾ ਕਲਮਕਾਰ ਹੈ, ਜਿਸ ਨੇ ਪੰਜਾਬੀ ਵਿਚ ਗ਼ਜ਼ਲ ਨੂੰ ਤਰਜੀਹੀ ਤੌਰ 'ਤੇ ਲਿਖਿਆ ਹੈ। ਉਸ ਨੇ ਦੋਹੇ ਤੇ ਕਾਵਿ ਚਿੱਤਰ ਵੀ ਲਿਖੇ ਹਨ। 'ਮੈਲ਼ੇ ਮੰਜ਼ਰ' ਉਸ ਦਾ ਤਾਜ਼ਾ ਗ਼ਜ਼ਲ ਸੰਗ੍ਰਹਿ ਹੈ ਤੇ ਉਸ ਦੀ ਅੱਠਵੀਂ ਮੌਲਿਕ ਪੁਸਤਕ ਹੈ, ਜਿਸ ਵਿਚ ਤਿਰਆਸੀ ਗ਼ਜ਼ਲਾਂ ਛਾਪੀਆਂ ਗਈਆਂ ਹਨ। ਕੋਹਾਰਵਾਲਾ ਦੀ ਗ਼ਜ਼ਲਕਾਰੀ ਪੰਜਾਬ ਦੀ ਮਿੱਟੀ ਨਾਲ ਜੁੜੀ ਹੈ ਤੇ ਉਸ ਦੀਆਂ ਗ਼ਜ਼ਲਾਂ ਵਿਚ ਸਮਾਜ ਦੀਆਂ ਤੰਗੀਆਂ-ਤੁਰਸ਼ੀਆਂ ਦਾ ਪ੍ਰਵਚਨ ਨੁਮਾਇਆ ਹੈ। ਕੋਹਾਰਵਾਲਾ ਦੀਆਂ ਗ਼ਜ਼ਲਾਂ ਨਿਰੋਲ ਪੰਜਾਬੀ ਜਨ ਜੀਵਨ, ਪੇਂਡੂ ਸੱਭਿਆਚਾਰ ਤੇ ਸਿਧ-ਪੱਧਰੀ ਭਾਸ਼ਾ ਨਾਲ ਓਤ-ਪੋਤ ਹਨ। ਉਸ ਨੇ ਕਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਵੀ ਕੀਤਾ ਹੈ ਜੋ ਹੁਣ ਵਿਸਰ ਗਏ ਹਨ ਤੇ ਕਿਸੇ ਲੁਗਾਤ ਵਿਚ ਵੀ ਨਹੀਂ ਲੱਭਦੇ। ਉਹ ਲੰਬਾ ਸਮਾਂ ਅਧਿਆਪਕ ਰਿਹਾ ਹੈ, ਇਸ ਲਈ ਇਨ੍ਹਾਂ ਤੰਗੀਆਂ ਤੁਰਸ਼ੀਆਂ ਪਿਛਲਾ ਸੱਚ ਚੰਗੀ ਤਰ੍ਹਾਂ ਸਮਝਦਾ ਹੈ। ਰਾਜਨੀਤੀ ਦੀ ਗਹਿਰ ਵਿਚ ਕੀ ਹੋ ਰਿਹਾ ਹੈ, ਇਹ ਤਾਂ ਉਹ ਜਾਣਦਾ ਹੀ ਹੈ, ਸਮਾਜ ਵਿਚ ਵਿਚ ਕੀ ਵਾਪਰ ਰਿਹਾ ਹੈ ਇਸ ਤੋਂ ਵੀ ਅਨਜਾਣ ਨਹੀਂ ਹੈ। ਉਹ ਜਾਣਦਾ ਹੈ ਅਜਿਹੇ ਵਿਸ਼ਿਆਂ 'ਤੇ ਲਿਖੀਆਂ ਗ਼ਜ਼ਲਾਂ ਬੋਝਲ ਸ਼ਬਦਾਬਲੀ ਨਾਲ ਆਪਣੇ ਉਦੇਸ਼ ਪੂਰੇ ਨਹੀਂ ਕਰ ਸਕਦੀਆਂ, ਇਸੇ ਕਾਰਨ ਉਸ ਨੇ ਆਪਣੇ ਸ਼ਿਅਰਾਂ ਨੂੰ ਸਾਦਾ, ਬੇਬਾਕ ਤੇ ਸੰਬੋਧਨੀ ਰੱਖਿਆ ਹੈ। ਕੋਹਾਰਵਾਲਾ ਲਈ ਮੁੜ੍ਹਕਾ ਮਿਹਨਤ ਦਾ ਤਗ਼ਮਾ ਹੈ। ਉਸ ਅਨੁਸਾਰ ਜੇ ਸਮਾਜ ਦਾ ਤੀਸਰਾ ਨੇਤਰ ਬੰਦ ਰਿਹਾ ਤਾਂ ਕਾਣੀ ਵੰਡ ਕਦੇ ਵੀ ਰੁਕ ਨਹੀਂ ਸਕਦੀ। ਉਹ ਸਿਰਫ਼ ਬਿਆਨ ਤੱਕ ਸੀਮਤ ਨਹੀਂ ਹੈ, ਹਕੀਕਤ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਉਹ ਆਪਣੇ ਸ਼ਿਅਰਾਂ ਵਿਚ ਢੁੱਕਵੇਂ ਢੰਗ ਤਰੀਕੇ ਵੀ ਦੱਸਦਾ ਹੈ। ਗ਼ਜ਼ਲਕਾਰ ਆਪਣੇ ਇਕ ਮਤਲੇ ਵਿਚ ਲਿਖਦਾ ਹੈ ਜ਼ੁਲਫ਼ਾਂ, ਜਾਮ ਤੇ ਪੈਮਾਨੇ ਇਸ ਦੌਰ ਦੀ ਪੰਜਾਬੀ ਗ਼ਜ਼ਲ ਵਿਚ ਹੁਣ ਬੀਤੇ ਦੀ ਗੱਲ ਹੋ ਗਏ ਹਨ, ਜੋ ਬਿਲਕੁਲ ਠੀਕ ਹੈ। ਪੰਜਾਬੀ ਗ਼ਜ਼ਲ ਹੁਣ ਮਾਨਵ ਨੂੰ ਦਰਪੇਸ਼ ਦੁੱਖਾਂ ਤੇ ਤਕਲੀਫ਼ਾਂ ਦੀ ਗੱਲ ਕਰਦੀ ਹੈ ਤੇ ਇਹ ਕੁਝ ਇਨ੍ਹਾਂ ਗ਼ਜ਼ਲਾਂ ਵਿਚ ਵੀ ਮੌਜੂਦ ਹੈ। ਗ਼ਜ਼ਲਾਂ ਨੂੰ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗ਼ਜ਼ਲਕਾਰ ਨੂੰ ਗ਼ਜ਼ਲ ਦੀਆਂ ਬੰਦਿਸ਼ਾਂ ਬਾਰੇ ਕਾਫ਼ੀ ਗਿਆਨ ਹੈ ਤੇ ਉਹ ਗ਼ਜ਼ਲ ਦੀ ਰੂਹ ਨੂੰ ਸਮਝਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਸਾਰੀਆਂ ਗ਼ਜ਼ਲਾਂ ਮਨੁੱਖੀ ਜੀਵਨ ਦੀ ਬਿਹਤਰੀ ਲਈ ਪਾਕਿ ਸ਼ਫ਼ਾਫ਼ ਇਰਾਦੇ ਨਾਲ ਲਿਖੀਆਂ ਜਾਪਦੀਆਂ ਹਨ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਰੰਗਮੰਚ ਵੱਲ ਖੁੱਲ੍ਹਦੀ ਖਿੜਕੀ!
ਲੇਖਕ : ਡਾ. ਸਾਹਿਬ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 260 ਰੁਪਏ, ਸਫ਼ੇ : 234
ਸੰਪਰਕ : 98880-11096

ਡਾ. ਸਾਹਿਬ ਸਿੰਘ ਮੌਜੂਦਾ ਸਮੇਂ ਨਾਟਕ ਤੇ ਰੰਗਮੰਚ ਨਾਲ ਜੁੜਿਆ ਚਰਚਿਤ ਨਾਂਅ ਹੈ। ਉਸ ਨੇ ਹੁਣ ਤੱਕ ਪੰਜਾਬੀ ਤੇ ਹਿੰਦੀ ਵਿਚ 35 ਕਿਤਾਬਾਂ ਲਿਖੀਆਂ ਹਨ। ਵਿਚਾਰ ਅਧੀਨ ਪੁਸਤਕ ਵਿਚ ਸੰਕਲਿਤ ਲੇਖ ਪਹਿਲਾਂ ਇਕ ਪੰਜਾਬੀ ਅਖ਼ਬਾਰ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ, ਜਿਨ੍ਹਾਂ ਨੂੰ ਉਸ ਨੇ ਕਿਤਾਬੀ ਰੂਪ ਦੇ ਕੇ ਬੜਾ ਮੁੱਲਵਾਨ ਕਾਰਜ ਕੀਤਾ ਹੈ। ਇਸ ਪੁਸਤਕ ਵਿਚ ਛੋਟੇ-ਛੋਟੇ 61 ਲੇਖ ਸ਼ਾਮਿਲ ਹਨ, ਜਿਨ੍ਹਾਂ 'ਚੋਂ ਕੁਝ ਨਾਟਕ ਤੇ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਬਾਰੇ ਹਨ। ਇਨ੍ਹਾਂ ਵਿਚ ਚਰਨ ਦਾਸ ਸਿੱਧੂ, ਨਰਿੰਦਰ ਜੱਟੂ, ਨਿਰਮਲ ਰਿਸ਼ੀ, ਰਵਿੰਦਰ ਰਵੀ, ਗੁਰਸ਼ਰਨ ਸਿੰਘ, ਰਵੀ ਨੰਦਨ, ਸ਼ਹਰਯਾਰ, ਗੁਰਵਿੰਦਰ ਸਿੰਘ ਇਤਿਆਦਿ ਪੇਸ਼ ਹਨ। ਬਾਕੀ ਲੇਖ ਰੰਗਮੰਚ ਨਾਲ ਸੰਬੰਧਿਤ ਹਨ। ਇਨ੍ਹਾਂ ਸਾਰੇ ਲੇਖਾਂ ਵਿਚ ਸਾਹਿਬ ਸਿੰਘ ਆਪ ਹਾਜ਼ਰ ਹੈ ਤੇ ਉਸ ਨੇ ਇਸ ਵਾਰਤਕ ਨੂੰ ਬੌਧਿਕ ਜੁਗਾਲੀ ਨਹੀਂ ਬਣਨ ਦਿੱਤਾ, ਸਗੋਂ ਰੰਗਮੰਚੀ ਪ੍ਰਕਿਰਿਆ ਵਾਂਗ ਸੁਆਦਲੀ, ਆਕਰਸ਼ਕ, ਧਮਾਕੇਦਾਰ, ਜ਼ਾਇਕੇਦਾਰ ਬਣਾ ਕੇ ਪਾਠਕ ਦੇ ਮਨ-ਮਸਤਕ ਨੂੰ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦਾ ਇਕ ਲੇਖ (ਅਵੱਲੇ ਰੰਗਕਰਮੀਆਂ ਦੇ ਅਵੱਲੇ ਦਰਸ਼ਕ) ਰੰਗਕਰਮੀਆਂ ਵਲੋਂ ਨਿਭਾਏ ਕਿਰਦਾਰ ਦੀ ਦਰਸ਼ਕਾਂ ਵਲੋਂ ਪੁਣਛਾਣ ਨੂੰ ਪ੍ਰਗਟ ਕਰਦਾ ਹੈ। ਰੰਗਮੰਚੀ ਪ੍ਰਕਿਰਿਆਵਾਂ ਨੂੰ ਲੇਖਕ ਨੇ ਸਮਕਾਲ ਨਾਲ ਜੋੜ ਕੇ ਪਰਿਭਾਸ਼ਿਤ ਕੀਤਾ ਹੈ। ਜਿਵੇਂ ਸਾਲ ਭਰ ਚੱਲੇ ਕਿਸਾਨ ਅੰਦੋਲਨ ਨੂੰ ਉਹਨੇ 'ਤਿੰਨ ਘੰਟੀਆਂ ਵੱਜਦੀਆਂ ਰਹਿਣਗੀਆਂ' ਵਿਚ ਬੜੀ ਸਹਿਜਤਾ ਨਾਲ ਰੇਖਾਂਕਿਤ ਕੀਤਾ ਹੈ। ਪੁਸਤਕ ਵਿਚਲੇ ਸਾਰੇ ਲੇਖ ਸਮਕਾਲੀ ਰੰਗਮੰਚੀ ਪੇਸ਼ਕਾਰੀਆਂ, ਰੰਗਮੰਚੀ ਸਿਧਾਂਤਾਂ ਤੇ ਰੰਗਮੰਚ ਨਾਲ ਡੂੰਘੀ ਤਰ੍ਹਾਂ ਜੁੜੀਆਂ ਸ਼ਖ਼ਸੀਅਤਾਂ ਨੂੰ ਨੇੜਿਓਂ ਵਾਚਦੇ ਹਨ। ਪੰਜਾਬੀ ਰੰਗਮੰਚ ਤੇ ਇਸ ਦੀਆਂ ਪਰਤਾਂ ਨੂੰ ਜਾਣਨ ਦੇ ਜਗਿਆਸੂਆਂ ਲਈ ਇਹ ਕਿਤਾਬ ਨਵੇਂ ਦਿੱਸਹੱਦੇ ਖੋਲ੍ਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਉਮਰ ਤੇ ਬੁਢਾਪਾ
ਮੂਲ ਲੇਖਕ : ਸੁਰੇਸ਼ ਰਤਨ
ਅਨੁਵਾਦ : ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 94176-42785

ਪ੍ਰੋ. ਸਰੇਸ਼ ਰਤਨ ਇਕ ਵਿਸ਼ਵ ਪ੍ਰਸਿੱਧ ਵਿਗਿਆਨੀ ਹਨ। ਉਹ ਇਕ ਬਾਇਓਰੋਂਟਾਲਿਸਟ ਹਨ ਅਤੇ ਲੰਮੇ ਸਮੇਂ ਤੋਂ ਉਮਰ ਅਤੇ ਬੁਢਾਪੇ ਤੇ ਖੋਜ ਕਰ ਰਹੇ ਹਨ। ਵੀਹ ਕੁ ਪੁਸਤਕਾਂ ਦੇ ਰਚੇਤਾ ਡਾ. ਸੁਰੇਸ਼ ਰਤਨ ਦੇ ਇਸ ਵਿਸ਼ੇ 'ਤੇ ਸੈਂਕੜੇ ਖੋਜ ਪੱਤਰ ਵਿਸ਼ਵ ਦੀਆਂ ਕਈ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਏ ਹਨ, ਜਿਨ੍ਹਾਂ ਨੇ ਵਿਸ਼ਵ ਵਿਗਿਆਨੀਆਂ ਅਤੇ ਬੁੱਧੀਜੀਵੀਆਂ ਦਾ ਧਿਆਨ ਖਿੱਚਿਆ ਹੈ। ਹਥਲੀ ਪੁਸਤਕ 'ਉਮਰ ਤੇ ਬੁਢਾਪਾ' ਛੇ ਵੱਖੋ-ਵੱਖਰੇ ਆਧਿਆਇਆਂ ਵਿਚ ਵੰਡੀ ਗਈ ਹੈ। ਸਿਰਫ਼ ਇਕ ਨੰਬਰ, ਜੀਵਨ ਦੀ ਉਤਪਤੀ, ਜ਼ਿੰਦਗੀ ਦਾ ਸਿਲਸਿਲਾ, ਜ਼ਿੰਦਗੀ ਭਰ ਦੀ ਰੀਝ, ਸਦੀਵੀ ਜ਼ਿੰਦਗੀ ਦਾ ਫਾਰਮੂਲਾ, ਮੈਂ ਤੇ ਮੇਰੀਆਂ ਉਮਰਾਂ। ਇਨ੍ਹਾਂ ਲੇਖਾਂ ਵਿਚ ਡਾ. ਸੁਰੇਸ਼ ਰਤਨ ਨੇ ਸਵੈ-ਅਨੁਭਵ ਦੇ ਆਧਾਰ 'ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਮਰ ਕੀ ਹੁੰਦੀ ਹੈ। ਇਸ ਦੇ ਵੱਖੋ-ਵਖਰੇ ਪੜਾਅ ਕਿਹੜੇ ਹੁੰਦੇ ਹਨ। ਅਸੀਂ ਇਨ੍ਹਾਂ ਪੜਾਵਾਂ ਨੂੰ ਕਿਵੇਂ ਮਹਿਸੂਸ ਕਰਦੇ ਹਾਂ। ਬੁਢਾਪਾ ਹੈ ਕੀ? ਇਸ ਨੂੰ ਹਰੇਕ ਵਿਅਕਤੀ ਕਿਸ ਰੂਪ ਵਿਚ ਸਮਝਦਾ ਹੈ। ਇਨ੍ਹਾਂ ਹਾਲਤਾਂ ਵਿਚ ਕਿਹੜੇ-ਕਿਹੜੇ ਸਰੀਰਕ ਤੇ ਮਾਨਸਿਕ ਬਦਲਾਅ ਹੁੰਦੇ ਹਨ। ਇਨ੍ਹਾਂ ਮੁਤਾਬਕ ਅਸੀਂ ਪਰਿਵਾਰ ਤੇ ਸਮਾਜ ਵਿਚ ਕਿਵੇਂ ਵਿਚਰਦੇ ਹਾਂ। ਕੀ ਲੰਮੀ ਉਮਰ ਭੋਗਣਾ ਹੀ ਜ਼ਿੰਦਗੀ ਦੀ ਸਫਲਤਾ ਦਾ ਰਾਜ਼ ਹੈ? ਮੌਤ ਦਾ ਵਿਗਿਆਨਕ ਕਨਸੈਪਟ ਕੀ ਹੈ? ਲੰਮੀ ਤੇ ਸਿਹਤਮੰਦ ਉਮਰ ਭੋਗਣ ਦੇ ਰਹੱਸ ਕਿਹੜੇ ਹਨ। ਇਸ ਲਈ ਕਿਹੜੇ ਢੰਗ-ਤਰੀਕੇ ਅਪਣਾਏ ਜਾ ਸਕਦੇ ਹਨ। ਆਮ ਮਨੁੱਖ ਦਰਅਸਲ ਕਿੰਨੀ ਉਮਰ ਜਿਊਂਦਾ ਹੈ। ਜੀਵਨ ਦੇ ਕਈ ਰਹੱਸਾਂ ਤੋਂ ਪਰਦਾ ਉਠਾਉਂਦੀ ਇਹ ਪੁਸਤਕ ਜ਼ਿੰਦਗੀ ਦੇ ਗੁੱਝੇ ਭੇਦਾਂ ਨੂੰ ਸਮਝਣ, ਘੋਖਣ , ਪਰਖਣ ਅਤੇ ਵਿਚਾਰਨ ਲਈ ਖੋਜੀ ਪਰਵਿਰਤੀ ਵਾਲੇ ਪਾਠਕਾਂ ਦਾ ਮਾਰਗਦਰਸ਼ਨ ਵੀ ਕਰਦੀ ਹੈ। ਸਰਲ ਅਤੇ ਆਮ ਜ਼ਿੰਦਗੀ ਦੀਆਂ ਉਦਾਹਰਣਾਵਾਂ ਦੇ ਕੇ ਡਾ. ਸੁਰੇਸ਼ ਰਤਨ ਨੇ ਇਸ ਨੂੰ ਹਰ ਆਮ ਖਾਸ ਪਾਠਕ ਦੀ ਸਮਝ ਦੇ ਹਾਣ ਦਾ ਬਣਾ ਦਿੱਤਾ ਹੈ। ਕਈ ਵਿਗਿਆਨਕ ਨੁਕਤੇ ਵੀ ਆਸਾਨੀ ਨਾਲ ਸਮਝੇ ਜਾ ਸਕਦੇ ਹਨ। ਮੌਤ ਦੀ ਸਹੀ ਉਮਰ, ਡਾਰਵਿਨ ਜਾਣਦਾ ਹੈ, ਬੇਚਾਰਾ ਹਾਈਡਰਾ, ਬੁਢਾਪੇ ਦੀਆਂ ਨਿਸ਼ਾਨੀਆਂ, ਬਚਪਨ ਦੀਆਂ ਕਈ ਉਮਰਾਂ, ਸਾਡਾ ਚੜ੍ਹਦੀ ਜਵਾਨੀ ਵਾਲਾ ਮਨ ਅਤੇ ਮੇਰਾ ਅਮਰ ਹੋਣ ਦਾ ਫਾਰਮੂਲਾ ਆਦਿ ਸਬ ਟਾਈਟਲ ਹੇਠ ਲੇਖਕ ਵਲੋਂ ਬਹੁਤ ਹੀ ਰੌਚਕ ਜਾਣਕਾਰੀ ਦਿੱਤੀ ਗਈ ਹੈ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਵਲੋਂ ਪੁਸਤਕ ਦਾ ਅੰਗਰੇਜ਼ੀ ਤੋਂ ਪੰਜਾਬੀ ਵਿਚ ਕੀਤਾ ਗਿਆ ਅਨੁਵਾਦ ਪੁਸਤਕ ਦੇ ਮੂਲ ਪੰਜਾਬੀ ਵਿਚ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਇਹ ਅਨੁਵਾਦਕ ਦੀ ਪ੍ਰਾਪਤੀ ਹੈ। ਇਹ ਪੁਸਤਕ ਛੋਟੀ ਪਰ ਬਹੁਤ ਜਾਣਕਾਰੀ ਅਤੇ ਅਰਥ ਭਰਪੂਰ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਦ ਸਟੋਰੀ ਆਫ਼ ਮੈਂਗਲ ਸਿੰਘ
ਲੇਖਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 380 ਰੁਪਏ, ਸਫ਼ੇ : 143
ਸੰਪਰਕ : 98156-59220

ਜਸਵੀਰ ਸਿੰਘ ਰਾਣਾ ਪੰਜਾਬੀ ਸਾਹਿਤ ਖੇਤਰ ਦਾ ਜਾਣਿਆ-ਪਛਾਣਿਆ ਨਾਂਅ ਹੈ। ਵਿਸ਼ੇਸ਼ ਕਰਕੇ ਪੰਜਾਬੀ ਗਲਪ ਦੇ ਖੇਤਰ ਵਿਚ ਪਾਠਕ ਅਕਸਰ ਹੀ ਉਸ ਦੀਆਂ ਰਚਨਾਵਾਂ ਨੂੰ ਮਾਣਦੇ ਹਨ। 'ਦ ਸਟੋਰੀ ਆਫ਼ ਮੈਂਗਲ ਸਿੰਘ' ਉਸ ਦੁਆਰਾ ਲਿਖੀ ਨਵੀਂ ਜੀਵਨੀ ਸਾਹਿਤ ਨਾਲ ਸੰਬੰਧਿਤ ਪੁਸਤਕ ਹੈ, ਜਿਸ ਵਿਚ ਉਸ ਨੇ ਆਪਣੇ ਅਧਿਆਪਕ ਅਤੇ ਵਾਲੀਬਾਲ ਦੇ ਮੰਨੇ-ਪ੍ਰਮੰਨੇ ਕੋਚ ਮੈਂਗਲ ਸਿੰਘ ਦੇ ਜੀਵਨ ਸਮਾਚਾਰਾਂ ਨੂੰ ਦਰਜ ਕੀਤਾ ਹੈ। ਭਾਵੇਂ ਕਿ ਜੀਵਨੀ ਆਮ ਤੌਰ 'ਤੇ ਕਿਸੇ ਮਹਾਨ ਵਿਅਕਤੀ ਦੇ ਜਨਮ ਅਤੇ ਪ੍ਰਾਪਤੀਆਂ ਬਾਰੇ ਵੇਰਵਾ ਪ੍ਰਸਤੁਤ ਕਰਦੀ ਹੋਈ ਉਸ ਦੀ ਜ਼ਿੰਦਗੀ ਦੇ ਅੰਤ ਅਥਵਾ ਮੌਤ 'ਤੇ ਜਾ ਕੇ ਖ਼ਤਮ ਹੋ ਜਾਂਦੀ ਹੈ ਪਰ ਲੇਖਕ ਦਾ ਲਿਖਣ ਢੰਗ ਉਸ ਵਿਚ ਵੱਖਰੀ ਜਾਨ ਪਾ ਦਿੰਦਾ ਹੈ ਤੇ ਉਹ ਪਾਠਕਾਂ ਦੇ ਮਨਾਂ 'ਤੇ ਦੁੱਗਣਾ ਅਸਰ ਕਰਦੀ ਹੈ। ਇਸ ਪੁਸਤਕ ਵਿਚ ਜਸਵੀਰ ਰਾਣਾ ਨੇ ਮੈਂਗਲ ਸਿੰਘ ਦੇ ਜੀਵਨ ਨੂੰ ਨਿੱਕੇ-ਨਿੱਕੇ ਪਾਠਾਂ ਵਿਚ ਵੰਡ ਕੇ ਅਤੇ ਫਿਰ ਪਾਠਾਂ ਵਿਚ ਵੀ ਨਿੱਕੇ ਵਾਕਾਂ ਵਿਚ ਵੰਡ ਕੇ ਬੜੀ ਰਸਮਈ ਅਤੇ ਭਾਵੁਕ ਸ਼ੈਲੀ ਵਿਚ ਆਪਣੇ ਅਧਿਆਪਕ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਹਨ। ਮੈਂਗਲ ਸਿੰਘ ਦੇ ਜੀਵਨ ਦੀਆਂ ਪ੍ਰਾਪਤੀਆਂ, ਅਨੁਸ਼ਾਸਨਮਈ ਜੀਵਨ ਅਤੇ ਆਪਣੇ ਸਾਥੀ ਅਧਿਆਪਕਾਂ ਲਛਮਣ ਸਿੰਘ ਅਤੇ ਹਰਨਾਮ ਸਿੰਘ ਨਾਲ ਰਲ ਕੇ ਕੀਤੇ ਕਾਰਜਾਂ ਨੂੰ ਜਸਵੀਰ ਰਾਣਾ ਨੇ ਬਾਖ਼ੂਬੀ ਪੇਸ਼ ਕਰਨ ਦਾ ਯਤਨ ਕੀਤਾ ਹੈ। ਆਈ.ਟੀ.ਆਈ. ਦਾ ਡਿਪਲੋਮਾ ਪਾਸ ਕਰਨ ਤੋਂ ਬਾਅਦ ਐਮ. ਪੀ. ਐੱਡ ਕਰਨ ਤੋਂ ਬਾਅਦ ਖੇਡ ਜਗਤ ਨੂੰ ਸਮਰਪਿਤ ਹੋ ਕੇ ਚੰਗੇ ਖਿਡਾਰੀ ਪੈਦਾ ਕਰਨਾ ਮੈਂਗਲ ਸਿੰਘ ਦੇ ਸੁਭਾਅ ਦਾ ਹਿੱਸਾ ਸੀ। ਪੁਸਤਕ ਵਿਚ ਉਸ ਦੇ ਪਰਿਵਾਰਕ ਮੈਂਬਰਾਂ ਦਾ ਵੀ ਜ਼ਿਕਰ ਹੈ ਅਤੇ ਉਸ ਦੇ ਸ਼ਾਗਿਰਦਾਂ ਅਤੇ ਸਮਕਾਲੀਆਂ ਦੇ ਵਿਚਾਰ ਵੀ ਦਰਜ ਕੀਤੇ ਗਏ ਹਨ। ਉਸ ਦੀ ਯਾਦ ਵਿਚ ਬਣੇ ਟਰੱਸਟ ਦੇ ਮੈਂਬਰਾਂ ਬਾਰੇ ਵੇਰਵੇ ਤੋਂ ਇਲਾਵਾ ਪੁਸਤਕ ਵਿਚ ਉਸ ਦੀਆਂ ਚਿੱਠੀਆਂ ਅਤੇ ਤਸਵੀਰਾਂ ਵੀ ਦਰਜ ਕੀਤੀਆਂ ਗਈਆਂ ਹਨ। ਪੁਸਤਕ ਪ੍ਰੇਰਨਾ ਸਰੋਤ ਪੁਸਤਕ ਦੇ ਰੂਪ ਵਿਚ ਪਾਠਕਾਂ ਦੇ ਪਸੰਦ ਆਵੇਗੀ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਮਿੱਤਰਾਂ ਨਾਲ ਬਹਾਰਾਂ
ਲੇਖਕ : ਬਲਵਿੰਦਰ ਸਿੰਘ ਜੰਮੂ
ਪ੍ਰਕਾਸ਼ਕ : ਆਜ਼ਾਦ ਬੁੱਕ ਡਿਪੂ, ਅੰਮ੍ਰਿਤਸਰ
ਮੁੱਲ : 160 ਰੁਪਏ ਸਫ਼ੇ : 64
ਸੰਪਰਕ : 094196-36562

ਬਾਲ ਸਾਹਿਤਕਾਰ ਬਲਵਿੰਦਰ ਸਿੰਘ ਜੰਮੂ ਦੀ ਹਥਲੀ ਪੁਸਤਕ 'ਮਿੱਤਰਾਂ ਨਾਲ ਬਹਾਰਾਂ' ਬਹੁਤ ਹੀ ਪਿਆਰੀ ਅਤੇ ਨਿਆਰੀ ਬਾਲ ਕਵਿਤਾਵਾਂ ਦੀ ਬਹੁਤ ਹੀ ਸੁੰਦਰ ਪੁਸਤਕ ਹੈ, ਜਿਸ ਵਿਚ 31 ਬਾਲ ਕਵਿਤਾਵਾਂ ਹਨ, ਸਾਰੀਆਂ ਕਵਿਤਾਵਾਂ ਦੇ ਨਾਲ-ਨਾਲ ਬਹੁਤ ਹੀ ਪਿਆਰੀਆਂ ਸ਼ਾਨਦਾਰ ਢੁਕਵੀਆਂ ਤਸਵੀਰਾਂ ਵੀ ਬਣੀਆਂ ਹੋਈਆਂ ਹਨ, ਜੋ ਰਚਨਾਵਾਂ ਨੂੰ ਚਾਰ ਚੰਨ ਲਾ ਰਹੀਆਂ ਹਨ। ਇਸ ਤੋਂ ਪਹਿਲਾਂ ਲੇਖਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ ਦੋ ਸ਼ਾਨਦਾਰ ਬਾਲ ਪੁਸਤਕਾਂ ਪਾ ਚੁੱਕਿਆ ਹੈ। ਕਵਿਤਾਵਾਂ ਸਿੱਖਿਆਦਾਇਕ ਹੋਣ ਦੇ ਨਾਲ-ਨਾਲ ਬਹੁਤ ਹੀ ਰੌਚਿਕ ਵੀ ਹਨ। ਬਲਵਿੰਦਰ ਸਿੰਘ ਜੰਮੂ ਨੇ ਬਾਲ ਕਵਿਤਾਵਾਂ ਦਾ ਅਧਾਰ ਮੁੱਖ ਰੂਪ ਵਿਚ ਸਮਾਜਿਕ ਸਮੱਸਿਆਵਾਂ, ਭਵਿੱਖ ਦੇ ਮਸਲੇ ਤੋਂ ਇਲਾਵਾ ਕੁਦਰਤੀ ਪੂੰਜੀ ਨੂੰ ਬਚਾਉਣ ਵਾਲਾ ਰੱਖਿਆ ਹੈ। ਭਾਰਤ ਦੀਆਂ ਵੰਨ-ਸੁਵੰਨੀਆਂ ਰੁੱਤਾਂ ਦਿਨ ਤਿਉਹਾਰਾਂ ਅਤੇ ਰਿਸ਼ਤੇ ਨਾਤਿਆਂ ਬਾਰੇ ਵੀ ਜਿੱਥੇ ਇਹ ਜਾਣਕਾਰੀ ਪ੍ਰਦਾਨ ਕਰਦੀਆਂ ਹਨ, ਉੱਥੇ ਬਾਲਾਂ ਨੂੰ ਟੈਲੀਫੂਨ ਦੀ ਅੰਨ੍ਹੇਵਾਹ ਵਰਤੋਂ ਤੋਂ ਵੀ ਵਰਜਦੀਆਂ ਹਨ। ਪੱਛਮੀ ਸੱਭਿਅਤਾ ਦੀ ਵਰਤਮਾਨ ਹਨੇਰੀ ਜੋ ਸਾਡੇ ਬੱਚਿਆਂ ਕੋਲੋਂ ਮੁੱਲਵਾਨ ਕਦਰਾਂ ਕੀਮਤਾਂ ਖੋਹ ਕੇ ਉਨ੍ਹਾਂ ਨੂੰ ਅਸੱਭਿਅਕ ਕਿਸਮ ਦੇ ਮਾਹੌਲ ਵਿਚ ਵਿਚਰਣ ਦਾ ਆਦੀ ਬਣਾ ਰਹੀ ਹੈ ਬਾਰੇ ਲੇਖਕ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਆਪਣੇ ਦੇਸ਼ ਦੇ ਬੱਚਿਆਂ ਨੂੰ ਵੀ ਸੁਚੇਤ ਕਰਨਾ ਚਾਹੁੰਦਾ ਹੈ। ਮਿਆਰੀ ਬਾਲ ਸਾਹਿਤ ਦਾ ਕੰਮ ਬੱਚੇ ਦਾ ਕੇਵਲ ਮਨੋਰੰਜਨ ਹੀ ਨਹੀਂ ਕਰਨਾ, ਸਗੋਂ ਬੱਚੇ ਨੂੰ ਚੰਗੇ ਗੁਣਾਂ ਦਾ ਧਾਰਨੀ ਵੀ ਬਣਾਉਣਾ ਹੁੰਦਾ ਹੈ। ਇਸ ਸੰਦਰਭ ਵਿਚ ਲੇਖਕ ਦੀਆਂ ਕੁਝ ਵਿਸ਼ੇਸ਼ ਕਵਿਤਾਵਾਂ ਜਿਵੇਂ ਅੱਧੀ ਛੁੱਟੀ ਸਾਰੀ, ਪਾਪਾ ਮੈਨੂੰ ਪੜ੍ਹਾਇਆ ਕਰੋ, ਹਾੜ੍ਹ ਦੀਆਂ ਧੁੱਪਾਂ, ਪਿਕਨਿਕ 'ਤੇ ਜਾਵਾਂਗੇ, ਪਾਪਾ ਆਉਣਗੇ, ਖੇਡਾਂਗੇ ਦਿਨ ਚਾਰ ਆਦਿ ਜ਼ਿਕਰਯੋਗ ਹਨ। ਸਭ ਕਵਿਤਾਵਾਂ ਬਹੁਤ ਹੀ ਦਿਲਚਸਪ ਅਤੇ ਸਿੱਖਿਆਦਾਇਕ ਹਨ। ਵੈਸੇ ਤਾਂ ਹਰ ਸਾਹਿਤਕਾਰ ਦਾ ਹੀ ਮਨੋਵਿਗਿਆਨੀ ਹੋਣਾ ਜ਼ਰੂਰੀ ਹੈ ਪਰ ਬਾਲਾਂ ਦੇ ਲੇਖਕ ਦਾ ਮਨੋਵਿਗਿਆਨੀ ਹੋਣਾ ਬਹੁਤ ਜ਼ਰੂਰੀ ਹੈ। ਕਿਤੇ ਕਿਤੇ ਪਰੂਫ ਰੀਡਿੰਗ ਵਿਚ ਕਾਹਲੀ ਕੀਤੀ ਸਾਫ ਵਿਖਾਈ ਦਿੰਦੀ ਹੈ। ਲੇਖਕ ਬਲਵਿੰਦਰ ਸਿੰਘ ਸ਼ਬਦ ਸਰਲ, ਠੇਠ ਅਤੇ ਬਾਲਾਂ ਦੇ ਹਾਣ ਦੇ ਵਰਤ ਰਹੇ ਹਨ। ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਬਾਲਾਂ ਲਈ ਬਹੁਤ ਹੀ ਸ਼ਾਨਦਾਰ ਪੁਸਤਕ ਪਾਉਣ ਤੇ ਬਲਵਿੰਦਰ ਸਿੰਘ ਜੰਮੂ ਮੁਬਾਰਕਬਾਦ ਦਾ ਹੱਕਦਾਰ ਹੈ।

-ਅਮਰੀਕ ਸਿੰਘ ਤਲਵੰਡੀ ਕਲਾਂ,
ਮੋਬਾਈਲ : 9463542896.

18-02-2024

 ਪਾਣੀਆਂ ਦੀ ਗਾਥਾ
ਲੇਖਕ : ਪਾਲ ਸਿੰਘ ਢਿੱਲੋਂ
ਅਨੁਵਾਦ : ਹਰਜੋਤ
ਪ੍ਰਕਾਸ਼ਕ : ਵ੍ਹਾਈਟ ਕਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 299 ਰੁਪਏ, ਸਫ਼ੇ : 216
ਸੰਪਰਕ : 98769-22503

ਇਹ ਪੁਸਤਕ ਪੰਜਾਬੀ ਦੇ ਇਕ ਸ਼੍ਰੋਮਣੀ ਕਵੀ ਡਾ. ਕੁਲਵੰਤ ਗਰੇਵਾਲ ਦੇ ਇਕ ਟੱਪੇ ਨਾਲ ਸ਼ੁਰੂ ਹੁੰਦੀ ਹੈ : 'ਦਿਲ ਟੁੱਟਦੇ ਹਵਾਵਾਂ ਦੇ! ਬੂੰਦ-ਬੂੰਦ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ।' ਅੰਗਰੇਜ਼ਾਂ ਦੀਆਂ ਬਸਤੀਵਾਦੀ ਨੀਤੀਆਂ ਅਤੇ ਬਾਅਦ ਵਿਚ ਭਾਰਤ ਸਰਕਾਰ ਦੇ ਪੰਜਾਬ ਵਿਰੋਧੀ ਵਤੀਰੇ ਦੇ ਕਾਰਨ ਪੰਜਾਬ ਦੇ ਦੋ ਵੱਡੇ ਦਰਿਆਵਾਂ ਸਤਲੁਜ ਅਤੇ ਬਿਆਸ ਦਾ ਪਾਣੀ, ਧੱਕੇ ਨਾਲ ਖੋਹ ਕੇ ਹਰਿਆਣਾ ਤੇ ਰਾਜਸਥਾਨ ਨੂੰ ਦੇ ਦਿੱਤਾ ਗਿਆ, ਹਾਲਾਂਕਿ ਰਿਪੇਰੀਅਨ ਕਾਨੂੰਨ ਦੇ ਮੁਤਾਬਿਕ ਇਨ੍ਹਾਂ ਦੋਹਾਂ ਰਾਜਾਂ ਦਾ ਇਸ ਪਾਣੀ ਉੱਪਰ ਕੋਈ ਹੱਕ ਨਹੀਂ ਸੀ ਬਣਦਾ। ਪਰ ਕਿਉਂਕਿ ਅਣਖੀਲੀ ਅਤੇ ਪ੍ਰਤੀਰੋਧੀ ਪੰਜਾਬੀ ਕੌਮ ਨੂੰ 'ਸਬਕ' ਸਿਖਾਉਣਾ ਸੀ। ਇਸ ਕਾਰਨ ਪੰਜਾਬ ਨਾਲ 'ਧੱਕੇ ਤੇ ਧੱਕਾ' ਹੁੰਦਾ ਰਿਹਾ। ਸ. ਪਾਲ ਸਿੰਘ ਢਿੱਲੋਂ ਜੋ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਵਿਚੋਂ ਮੁੱਖ ਇੰਜੀਨੀਅਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਉਹ ਇਸ ਧੱਕੇਸ਼ਾਹੀ ਦੇ ਚਸ਼ਮਦੀਦ ਤੇ ਚੇਤੰਨ ਗਵਾਹ ਰਹੇ ਸਨ, ਨੇ ਇਹ ਪੁਸਤਕ ਅਨੇਕ ਹਵਾਲਿਆਂ ਅਤੇ ਕਾਨੂੰਨਾਂ ਦੀ ਰੌਸ਼ਨੀ ਵਿਚ ਲਿਖ ਦਿੱਤੀ ਸੀ ਤਾਂ ਜੋ 'ਧੱਕੇ ਦਾ ਦਸਤਾਵੇਜ਼' ਪੜ੍ਹਿਆ ਜਾ ਸਕੇ।
ਪੁਸਤਕ ਦਾ ਆਰੰਭ ਡਾ. ਪਿਆਰੇ ਲਾਲ ਗਰਗ ਦੀ ਇਕ ਸੰਖੇਪ ਟਿੱਪਣੀ ਨਾਲ ਸ਼ੁਰੂ ਹੁੰਦਾ ਹੈ ਕਿ ਕਿਵੇਂ ਪੰਜਾਬ ਨੂੰ ਇਕ ਸੋਚੀ-ਸਮਝੀ ਸਾਜਿਸ਼ ਦੇ ਅਧੀਨ ਉਜਾੜਿਆ ਜਾ ਰਿਹਾ ਹੈ। ਸ. ਹਮੀਰ ਸਿੰਘ ਨੇ ਆਪਣੇ ਕੁੰਜੀਵਤ ਲੇਖ ਦੁਆਰਾ ਸਪੱਸ਼ਟ ਕੀਤਾ ਹੈ ਕਿ ਪਾਣੀਆਂ ਦੀ ਅਨੁਚਿਤ ਵੰਡ ਉੱਪਰ 'ਵੋਟ ਬੈਂਕ' ਦੀ ਸਿਆਸਤ ਭਾਰੀ ਪੈਂਦੀ ਰਹੀ ਹੈ (ਪੰਨੇ 12-47)
ਮੁਢਲੇ ਸ਼ਬਦ (99-104) ਸਰਦਾਰ ਆਰ. ਐਸ. ਗਿੱਲ ਨੇ ਲਿਖੇ ਹਨ ਅਤੇ ਦੱਸਿਆ ਹੈ ਕਿ 1952, 1955, 1973, 1975 ਅਤੇ ਦਸੰਬਰ 1981 ਵਿਚ ਕੀਤੇ ਗਏ ਸਮਝੌਤੇ ਕੋਈ ਨਿਆਂਪੂਰਨ ਵੰਡ ਨਹੀਂ ਸਨ। ਇਹ ਪੰਜਾਬ ਦੀ ਆਰਥਿਕਤਾ ਉੱਪਰ ਪੈਣ ਵਾਲੇ ਹਾਨੀਕਾਰਕ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਨਾਲ ਅਣਦੇਖਿਆ ਕਰਕੇ ਕੀਤੇ ਗਏ ਸਨ। ਇਹ ਪੁਸਤਕ ਕਾਰਪੋਰੇਟ ਦੇ ਪੂੰਜੀਵਾਦੀ ਮਾਡਲ ਦੇ ਵਿਰੋਧ ਵਿਚ ਗੁਰੂ ਨਾਨਕ ਸਾਹਿਬ ਦੇ 'ਕਿਰਤ-ਮਾਡਲ' ਦੀ ਪੁਨਰ-ਪ੍ਰਤਿਸ਼ਠਾ ਕਰਦੀ ਹੈ। ਸ. ਪਾਲ ਸਿੰਘ ਢਿੱਲੋਂ ਦਾ ਇਹ ਅਧਿਐਨ ਸਮੁੱਚੇ ਪੰਜਾਬ ਲਈ 'ਰਾਹ ਦਸੇਰੇ' ਦਾ ਕੰਮ ਕਰਦਾ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਇਨਕਲਾਬ
ਲੇਖਕ : ਮਹਿੰਦਰ ਸਿੰਘ ਤਤਲਾ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 127
ਸੰਪਰਕ : 98726-53150

'ਇਨਕਲਾਬ' ਕਹਾਣੀ-ਸੰਗ੍ਰਹਿ ਮਹਿੰਦਰ ਸਿੰਘ ਤਤਲਾ ਦਾ ਸੱਜਰਾ ਕਹਾਣੀ-ਸੰਗ੍ਰਹਿ ਹੈ। ਮਹਿੰਦਰ ਸਿੰਘ ਤਤਲਾ ਦਾ ਇਹ ਕਹਾਣੀ-ਸੰਗ੍ਰਹਿ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਹੈ। ਪੰਜਾਬੀ ਸਾਹਿਤ ਖੇਤਰ ਵਿਚ ਇਸ ਤੋਂ ਪਹਿਲਾਂ ਦੋ ਕਹਾਣੀ ਸੰਗ੍ਰਹਿ ਅਤੇ ਨਾਵਲ 'ਹੱਦ ਤੋਂ ਪਰੇ' (2020) ਮਹਿੰਦਰ ਸਿੰਘ ਤਤਲਾ ਦੁਆਰਾ ਲਿਖੇ ਮਿਲਦੇ ਹਨ। ਇਸ ਵਿਚ ਕੁਲ 9 ਕਹਾਣੀਆਂ ਸ਼ਾਮਿਲ ਹਨ। ਮਹਿੰਦਰ ਸਿੰਘ ਤਤਲਾ ਦੀ ਇਹ ਰਚਨਾ ਕਿਸਾਨੀ ਜੀਵਨ ਦਾ ਦ੍ਰਿਸ਼ ਚਿਤਰਣ ਪਾਠਕਾਂ ਅੱਗੇ ਪੇਸ਼ ਕਰਦੀ ਹੈ। 'ਇਨਕਲਾਬ' ਕਹਾਣੀ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਪੰਜਾਬ ਦੇ ਕਿਸਾਨੀ ਜੀਵਨ ਦੀ ਦਸ਼ਾ ਪੇਸ਼ ਕਰਦੀਆਂ ਹਨ। ਕਹਾਣੀ 'ਇਨਕਲਾਬ' ਵਿਚਲਾ ਬਜ਼ੁਰਗ ਪਾਤਰ ਸ਼ਾਹੂਕਾਰਾਂ ਦੁਆਰਾ ਕੀਤੀ ਜਾ ਰਹੀ ਲੁੱਟ-ਖਸੁੱਟ ਦੀ ਹਾਮੀ ਭਰਦਾ ਹੈ ਅਤੇ ਨੌਜਵਾਨ ਪਾਤਰ ਇਸ ਲੁੱਟ ਖ਼ਿਲਾਫ਼ ਇਨਕਲਾਬ ਕਰਨ ਲਈ ਪ੍ਰੇਰਿਤ ਕਰਦਾ ਹੈ। ਜੀਤ, ਇਸ ਕਹਾਣੀ ਦਾ ਮੁੱਖ ਪਾਤਰ, 'ਚੁੰਨੀ ਲਾਲਾ ਤੂੰ ਚੂਨਾ ਲਾਉਣ ਦੀ ਭੋਰਾ ਕਸਰ ਨੀ ਛੱਡੀ। ਪਰ ਮੇਰਾ ਬਾਪੂ ਸ. ਬਚਨ ਸਿੰਘ ਹਮੇਸ਼ਾ ਹੀ ਬਚਨਾਂ ਦਾ ਪੱਕਾ ਰਿਹਾ। 'ਬੋਝ' ਕਹਾਣੀ ਵਿਚ ਰਿਸ਼ਤਿਆਂ ਦੀ ਪੀੜ੍ਹੀ ਦਰ ਪੀੜ੍ਹੀ ਚਲਦੀ ਆਪਸੀ ਰੰਜਿਸ਼ ਇਸ ਤਰ੍ਹਾਂ ਪਾਠਕਾਂ ਅੱਗੇ ਪੇਸ਼ ਹੈ, ਜਿਸ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਕਹਾਣੀਕਾਰ ਜਿਵੇਂ ਇਸ ਕਹਾਣੀ ਰਾਹੀਂ ਆਪਣੇ ਆਪਸੀ ਰਿਸ਼ਤਿਆਂ ਦੀ ਗੱਲ ਕਰ ਰਿਹਾ ਹੋਵੇ। ਰਿਸ਼ਤੇ ਟੁੱਟਣ ਦਾ ਬੋਝ ਪਾਠਕਾਂ ਨੂੰ ਇਸ ਕਹਾਣੀ ਰਾਹੀਂ ਸੋਚਣ ਲਈ ਮਜਬੂਰ ਕਰ ਰਿਹਾ ਹੈ। ਕਹਾਣੀਕਾਰ ਦੀਆਂ ਸਾਰੀਆਂ ਕਹਾਣੀਆਂ ਵਿਚ ਦ੍ਰਿਸ਼ ਚਿਤਰਣ ਬਾ-ਕਮਾਲ ਹੈ। ਇਸ ਕਹਾਣੀ ਸੰਗ੍ਰਹਿ ਵਿਚਲੀ 'ਬਾਪੂ' ਕਹਾਣੀ ਮਾਪਿਆਂ ਦਾ ਬੱਚਿਆਂ ਦੇ ਵਿਆਹ-ਕਾਰਜ ਕਰਾਉਣ ਦੀ ਫ਼ਿਕਰਮੰਦੀ ਬਿਆਨ ਕਰਦੀ ਹੈ। ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਕਹਾਣੀਆਂ ਵਿਚਲਾ ਵਾਰਤਾਲਾਪ ਪੇਂਡੂ ਧਰਾਤਲ ਵਾਲਾ ਹੈ। ਤਸੱਲੀਬਖਸ਼ ਗੱਲ ਇਹ ਕਿ ਲੇਖਕ ਦੀ ਦ੍ਰਿਸ਼ਟੀ ਮਾਨਵਵਾਦੀ ਹੈ ਅਤੇ ਸਮਾਜਿਕ ਸਮੱਸਿਆ ਵੱਲ ਸਾਰੀਆਂ ਕਹਾਣੀਆਂ ਆਪਣਾ ਧਿਆਨ ਕੇਂਦਰਿਤ ਕਰਾਉਂਦੀਆਂ ਹਨ। 'ਸ਼ੀਸ਼ਾ ਬੋਲਦਾ ਹੈ', 'ਦਾਗ', 'ਵਾਰਸ', 'ਜਿੱਤ' ਆਦਿ ਕਹਾਣੀਆਂ ਆਪਣੇ ਸਿਰਲੇਖਾਂ ਰਾਹੀਂ ਵਿਸ਼ੇ ਦੀ ਪੂਰਤੀ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਨੇ ਲੇਖਕਾਂ ਨੂੰ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਪ੍ਰੇਰਨਾ ਦੇ ਕੇ ਪੰਜਾਬ ਦੀ ਕਿਸਾਨੀ ਨੂੰ ਇਕ ਸੇਧ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਲੋਕ ਸੰਪਰਕ ਪੰਜਾਬ ਦੇ 52 ਰਤਨ
ਲੇਖਕ : ਉਜਾਗਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 300 ਰੁਪਏ, ਸਫ਼ੇ : 148
ਸੰਪਰਕ : 94178-13072

ਵਿਦਵਾਨ ਲੇਖਕ ਨੇ ਪੁਸਤਕ ਦੇ ਆਰੰਭ ਵਿਚ ਲੋਕ ਸੰਪਰਕ ਵਿਭਾਗ ਦੇ ਨਿਕਾਸ ਅਤੇ ਵਿਕਾਸ ਦੀ ਚਰਚਾ ਕੀਤੀ ਹੈ। ਦੱਸਿਆ ਗਿਆ ਹੈ ਕਿ ਪੈਪਸੂ ਵਿਚ 1948 ਅਤੇ ਪੰਜਾਬ ਵਿਚ ਇਸ ਵਿਭਾਗ ਦੀ ਸਥਾਪਨਾ 1949 ਵਿਚ ਕੀਤੀ ਗਈ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਵੱਖ-ਵੱਖ ਮੰਤਰੀਆਂ ਸਮੇਂ ਇਸ ਵਿਭਾਗ ਦੀ ਕਾਰਜ-ਸ਼ੈਲੀ ਅਤੇ ਮਹੱਤਵ ਦੀ ਚਰਚਾ ਕੀਤੀ ਗਈ ਹੈ। ਲੇਖਕ ਨੇ ਇਸ ਵਿਭਾਗ ਵਿਚ 33 ਸਾਲ ਦੀ ਨੌਕਰੀ ਵਿਚ ਜੋ ਅਨੁਭਵ ਪ੍ਰਾਪਤ ਕੀਤੇ ਉਨ੍ਹਾਂ ਬਾਰੇ ਵਿਸਤ੍ਰਿਤ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਲੇਖਕ ਨੇ ਇਨ੍ਹਾਂ ਬਵੰਜਾ ਸ਼ਖ਼ਸੀਅਤਾਂ ਬਾਰੇ ਲਿਖਣ ਤੋਂ ਪਹਿਲਾਂ ਉਨ੍ਹਾਂ ਦਾ ਜੀਵਨ-ਬਿਊਰਾ ਮੰਗਵਾਇਆ ਹੋਣਾ ਹੈ। ਇੰਝ ਮਿਹਨਤ ਨਾਲ ਸਮੱਗਰੀ ਇਕੱਤਰ ਕਰ ਕੇ 'ਸ਼ਬਦ-ਚਿੱਤਰਾਂ' ਨੂੰ ਅੰਤਿਮ ਰੂਪ ਦਿੱਤਾ ਹੈ। ਇਹ ਲੇਖਕ ਦਾ ਮੌਲਿਕ ਕਾਰਜ ਹੈ। ਨਿਰਸੰਦੇਹ ਲੋਕ ਸੰਪਰਕ ਵਿਭਾਗ ਸਰਕਾਰ ਅਤੇ ਪਬਲਿਕ ਦਰਮਿਆਨ ਪੁਲ ਦਾ ਕੰਮ ਕਰਦਾ ਹੈ। ਲੇਖਕ ਨੇ ਗ਼ਰੀਬ ਪਿਛੋਕੜ ਵਾਲੇ, ਮੱਧ-ਵਰਗੀ ਅਤੇ ਖਾਂਦੇ-ਪੀਂਦੇ ਸਭ ਪ੍ਰਕਾਰ ਦੀਆਂ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਅਨੇਕਾਂ ਔਕੜਾਂ ਦੇ ਬਾਵਜੂਦ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਸਿਰੇ ਚੜ੍ਹਾ ਕੇ ਆਪਣਾ ਅਤੇ ਵਿਭਾਗ ਦਾ ਨਾਂਅ ਰੌਸ਼ਨ ਕੀਤਾ। ਅਨੇਕਾਂ ਕਰਮਚਾਰੀਆਂ/ਅਧਿਕਾਰੀਆਂ ਦੇ ਉੱਚ ਅਧਿਕਾਰੀਆਂ, ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਆਦਿ ਨਾਲ ਸੁਖਾਵੇਂ ਸੰਬੰਧ ਰਹੇ। ਅਜਿਹੀਆਂ ਸ਼ਖ਼ਸੀਅਤਾਂ ਦੇ 'ਸ਼ਬਦ ਚਿੱਤਰ' ਵੀ ਉਲੀਕੇ ਨੇ ਜਿਨ੍ਹਾਂ ਆਪਣੀਆਂ ਵਿਭਾਗੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਸਾਹਿਤ ਅਤੇ ਹੋਰ ਕਲਾਵਾਂ ਵਿਚ ਆਪਣਾ ਯੋਗਦਾਨ ਪਾਇਆ, ਅਨੇਕਾਂ ਮਾਣ-ਸਨਮਾਨ ਪ੍ਰਾਪਤ ਕੀਤੇ। ਵਿਦੇਸ਼ੀ ਯਾਤਰਾਵਾਂ ਕੀਤੀਆਂ। ਇਸ ਪੁਸਤਕ ਦਾ ਸੰਪਾਦਨ ਅੱਖਰ-ਕ੍ਰਮ ਅਨੁਸਾਰ ਕੀਤਾ ਗਿਆ ਹੈ ਪਰ ਲੇਖਕ ਨੇ ਆਪਣੇ ਬਾਰੇ ਨਿਮਰਤਾ ਸਹਿਤ ਕਿਤਾਬ ਦੇ ਅੰਤ 'ਤੇ ਜਾਣਕਾਰੀ ਦਿੱਤੀ ਹੈ। ਹਰ ਸ਼ਖ਼ਸੀਅਤ ਦਾ ਬਿਆਨ ਕਰਦਿਆਂ ਵਿਸ਼ੇਸ਼ ਜੁਗਤ ਅਪਣਾਈ ਗਈ ਹੈ। ਪਹਿਲਾਂ ਸੰਬੰਧਿਤ ਸ਼ਖ਼ਸੀਅਤ ਦੀ ਦੇਣ ਨੂੰ ਲਾਈਮ-ਲਾਈਟ ਕਰਕੇ ਪਾਠਕਾਂ ਨੂੰ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ ਹੈ। ਬਾਅਦ ਵਿਚ ਜਨਮ, ਪਰਿਵਾਰ, ਵਿੱਦਿਆ, ਕਿੱਤੇ ਲਈ ਸੰਬੰਧਿਤ ਡਿਗਰੀਆਂ ਦੀ ਪ੍ਰਾਪਤੀ ਆਦਿ ਦਾ ਜ਼ਿਕਰ ਕੀਤਾ ਹੈ। ਪਰਿਵਾਰ ਦੇ ਧੀਆਂ, ਪੁੱਤਰ ਕਿੱਥੇ ਕਿੱਥੇ ਸੈਟਲ ਨੇ? ਕਈਆਂ ਦੀ ਸੇਵਾਮੁਕਤੀ ਤੱਕ 'ਸ਼ਬਦ ਚਿੱਤਰ' ਨੂੰ ਅੰਤਿਮ ਛੋਹ ਦਿੱਤੀ ਹੈ। ਦੱਸਿਆ ਗਿਆ ਹੈ ਕਿ ਸ਼ਖ਼ਸੀਅਤਾਂ ਨੇ ਆਪਣੇ ਅਸਤਿਤਵ ਨੂੰ ਕਿਵੇਂ ਬੁਲੰਦ ਕੀਤਾ ਹੈ। ਲੇਖਕ ਨੇ ਵਾਅਦਾ ਕੀਤਾ ਹੈ, ਬਾਕੀ ਰਹਿ ਗਿਆਂ ਬਾਰੇ ਵੀ ਕਲਮ ਚਲਾਵੇਗਾ। ਇਹ ਪੁਸਤਕ ਇਕ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand@gmail.com

ਬਿਖੁ ਮਹਿ ਅੰਮ੍ਰਿਤੁ
ਲੇਖਕ : ਸਿਰਦਾਰ ਕਪੂਰ ਸਿੰਘ
ਸੰਪਾਦਕ : ਬਲਦੇਵ ਸਿੰਘ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98151-20919

ਸਿਰਦਾਰ ਕਪੂਰ ਸਿੰਘ ਦੇ ਬਹੁਅਰਥੀ, ਬਹੁਖੇਤਰੀ, ਬਹੁਮੁੱਲੇ, ਬਹੁਅਨੁਭਵੀ ਵੱਖ ਵੱਖ ਲੇਖਾਂ ਨੂੰ ਸ. ਬਲਦੇਵ ਸਿੰਘ ਨੇ ਸੰਗ੍ਰਹਿ ਕਰਕੇ ਹਥਲੀ ਪੁਸਤਕ 'ਬਿਖੁ ਮਹਿ ਅੰਮ੍ਰਿਤੁ' ਵਿਚ ਸ਼ਾਮਿਲ ਕੀਤਾ ਹੈ, ਜਿਸ ਵਿਚ ਸਿੱਖ ਅਤੇ ਅਕਾਲੀ, ਬਿਖੁ ਮਹਿ ਅੰਮ੍ਰਿਤੁ, ਸਿੱਖ ਹੋਮਲੈਂਡ ਦੀ ਰੂਪ-ਰੇਖਾ, ਸਿੱਖਾਂ ਨਾਲ ਵਿਸਾਹਘਾਤ, ਸ. ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ, ਪੰਜਾਬ ਦਾ ਬਟਵਾਰਾ ਤੇ ਸਿੱਖ ਨੇਤਾ, ਸਿੱਖਾਂ ਦਾ ਸਰਵਨਾਸ਼, ਅਨੰਦਪੁਰ ਸਾਹਿਬ ਦਾ ਮਤਾ ਅਤੇ ਅੰਤਿਕਾਵਾਂ ਵਿਚ ਬੁਰਛਾ ਸੋਧਕ ਭੁਜੰਗੀ ਦਲ, ਸ਼ਹੀਦ ਭਗਤ ਸਿੰਘ ਅਤੇ ਸਿਰਦਾਰ ਕਪੂਰ ਸਿੰਘ, ਕੀ ਅਮਰ ਸ਼ਹੀਦ ਲਾਲਾ ਜੀ ਦੇ ਡਾਂਗਾਂ ਮਾਰੀਆਂ ਸੀ?, ਸਰਦਾਰ ਸਾਹਿਬ ਤੁਸੀਂ ਸਿੱਖ ਨਹੀਂ?, ਪੰਜਾਬੀਆਂ ਦੀ ਵੰਡ, ਉਜਾੜਾ ਅਤੇ ਕਤਲੇਆਮ-1947, ਵੀਟੋ-ਵੋਟ, ਸਿਰਦਾਰ ਕਪੂਰ ਸਿੰਘ ਨੂੰ ਆਈ.ਸੀ.ਐਸ ਵਿਚੋਂ ਕਿਉਂ ਕੱਢਿਆ ਸੀ?, ਮਾਸਟਰ ਤਾਰਾ ਸਿੰਘ ਸਿੱਖਾਂ ਨਾਲ ਸਿਆਸੀ ਚਾਲ ਖੇਡ ਗਿਆ। ਸਿਰਦਾਰ ਕਪੂਰ ਸਿੰਘ ਇਕ ਚਲਦਾ-ਫਿਰਦਾ ਵਿਸ਼ਵ ਵਿਦਿਆਲਾ ਸਨ। ਉਹ ਸਿੱਖਾਂ ਨੂੰ ਬੜਾ ਸਿਆਣਾ, ਪੜ੍ਹਿਆ-ਲਿਖਿਆ ਵੇਖਣਾ ਚਾਹੁੰਦੇ ਸਨ। ਉਹ ਮੂਰਖਤਾ ਅਤੇ ਅਨਪੜ੍ਹਤਾ ਨੂੰ ਨਫ਼ਰਤ ਕਰਦੇ ਸਨ। ਸਿਰਦਾਰ ਕਪੂਰ ਸਿੰਘ ਦੀ ਕਲਮ ਤੋਂ ਪੰਜਾਬੀ ਵਿਚ ਸਪਤ ਸ੍ਰਿੰਗ (ਸੱਤ ਮਹਾਨ ਪੁਰਸ਼ਾਂ ਦੇ ਜੀਵਨ ਚਰਿੱਤਰ), ਗੁਰੂ ਗੋਬਿੰਦ ਸਿੰਘ ਦੀ ਵੈਸਾਖੀ, ਰਾਜ ਕਰੇਗਾ ਖ਼ਾਲਸਾ, ਹਸ਼ੀਸ (ਕਵਿਤਾ), ਸਾਚੀ ਸਾਖੀ (1979), ਬਹੁ ਵਿਸਥਾਰ (ਇਤਿਹਾਸਕ ਤੇ ਧਾਰਮਿਕ ਨਿਬੰਧ), ਪੁੰਦ੍ਰੀਕ (ਸੰਸਕ੍ਰਿਤਕ ਨਿਬੰਧ ਸੰਗ੍ਰਹਿ) ਅਤੇ ਅੰਗਰੇਜ਼ੀ ਵਿਚ 10 ਪੁਸਤਕਾਂ ਹਨ। ਸੰਨ 1925 ਦੇ ਲਗਭਗ ਪੰਜਾਬੀ ਮੁਸਲਮਾਨ ਨੀਤੀਵਾਨ ਸਰ ਫ਼ਜ਼ਲ ਹੁਸੈਨ ਨੇ ਇਕ ਗੁਪਤ ਕਿਤਾਬਚਾ, ਕੇਵਲ ਚੋਣਵੇਂ ਮੁਸਲਮਾਨਾਂ ਦੇ ਪੜ੍ਹਨ ਵਿਚਾਰਨ ਲਈ ਲਿਖਿਆ ਸੀ, ਜਿਸ ਵਿਚ ਇਹ ਸ਼ਬਦ ਅੰਕਤ ਸਨ : 'ਹਿੰਦੂ ਬੜਾ ਦੂਰਦਰਸ਼ਕ ਹੈ, ਆਉਣ ਵਾਲੀ ਸਥਿਤੀ ਨੂੰ ਬਹੁਤ ਸਮਾਂ ਪਹਿਲਾਂ ਹੀ ਭਾਂਪ ਲੈਂਦਾ ਹੈ ਅਤੇ ਉਸ ਅਨੁਸਾਰ ਉਪਾਏ ਸੋਚ ਰੱਖਦਾ ਹੈ। ਮੁਸਲਮਾਨ, ਜਦੋਂ ਕੋਈ ਸਥਿਤੀ ਸਿਰ ਉਪਰ ਆ ਜਾਵੇ ਤਾਂ ਚੌਕੰਨਾ ਹੋ ਜਾਂਦਾ ਹੈ ਅਤੇ ਉਸ ਨਾਲ ਸਿੱਝਣ ਦਾ ਰਾਹ ਢੂੰਡਦਾ ਹੈ। ਪਰ ਸਿੱਖ, ਜਿਤਨਾ ਚਿਰ ਵੇਲਾ ਲੰਘ ਨਾ ਜਾਵੇ, ਨਾ ਕੁਝ ਸੋਚਦਾ ਹੈ ਅਤੇ ਨਾ ਹੀ ਕਿਸੇ ਸੋਚਵਾਨ ਦੀ ਗੱਲ ਸੁਣਦਾ ਹੈ । ਫੜ੍ਹਾਂ ਮਾਰੀ ਜਾਂਦਾ ਹੈ ਅਤੇ ਦਮਗਜੇ, ਫੋਕੇ ਦਮਗਜੇ ਮਾਰਨ ਵਾਲੇ ਹੀ ਸਿੱਖਾਂ ਵਿਚ ਪ੍ਰਧਾਨ ਹਨ।' ਅਨੰਦਪੁਰ ਸਾਹਿਬ ਦਾ ਮਤਾ ਲਿਖਣ ਬਾਰੇ ਵੀ ਉਨ੍ਹਾਂ ਦੀ ਪਹਿਚਾਣ ਬਣੀ ਹੋਈ ਹੈ। ਸਿੱਖ ਹੋਮਲੈਂਡ ਦੇ ਕੱਟੜ ਮੁੱਦਈ ਹੋਣ ਨਾਤੇ ਵੀ ਹੈ। ਬੜੇ ਇਤਿਹਾਸਕਾਰ ਉਨ੍ਹਾਂ ਤੱਥਾਂ ਨੂੰ ਹੀ ਆਧਾਰ ਮੰਨ ਕੇ ਸਿੱਖਾਂ ਦੇ ਹੱਕ ਦੀ ਗੱਲ ਅਤੇ ਉਨ੍ਹਾਂ ਨਾਲ ਬੇਇਨਸਾਫ਼ੀ ਦੀ ਗੱਲ ਲਿਖਦੇ ਹਨ। ਸੱਚ ਹੀ ਉਨ੍ਹਾਂ ਦੀ ਤਾਕਤ ਸੀ। ਸ. ਬਲਦੇਵ ਸਿੰਘ ਨੇ ਹਥਲੀ ਪੁਸਤਕ ਵਿਚ ਉਨ੍ਹਾਂ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰਵਾ ਕੇ ਉਨ੍ਹਾਂ ਦੇ ਪਾਠਕਾਂ/ਚਾਹਵਾਨਾਂ ਲਈ ਪਰਉਪਕਾਰੀ ਵੱਡਾ ਹਮਲਾ ਮਾਰਿਆ ਹੈ। ਇਹ ਕਿਤਾਬ ਰਾਜਨੀਤਕ, ਸਮਾਜਿਕ ਅਤੇ ਇਤਿਹਾਸ ਦੇ ਖੋਜਾਰਥੀਆਂ ਲਈ ਇਕ ਤੋਹਫ਼ਾ ਹੈ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਅੱਗ ਤੋਂ ਅੱਗ ਤੀਕਰ
ਲੇਖਿਕਾ : ਡਾ. ਵੰਦਨਾ ਗੁਪਤਾ
ਅਨੁਵਾਦ : ਡਾ. ਰਾਜਿੰਦਰ ਸਾਹਿਲ
ਪ੍ਰਕਾਸ਼ਕ : ਰੂਪ ਕੰਵਲ ਪ੍ਰਕਾਸ਼ਨ, ਲੁਧਿਆਣਾ
ਮੁੱਲ : 199 ਰੁਪਏ, ਸਫ਼ੇ : 140
ਸੰਪਰਕ : 0161-2878015

ਸ਼ਾਇਰਾ ਡਾ. ਵੰਦਨਾ ਗੁਪਤਾ ਹਿੰਦੀ ਦੀ ਪ੍ਰਬੀਨ ਸ਼ਾਇਰਾ ਹੈ, ਜੋ ਔਰਤ ਦੇ ਸਸ਼ਕਤੀਕਰਨ ਲਈ ਜਨੂੰਨ ਦੀ ਹੱਦ ਤੱਕ ਹੱਕ 'ਚ ਖਲੋਣ ਦਾ ਅਹਿਦ ਕਰ ਚੁੱਕੀ ਹੈ ਜੋ ਔਰਤ ਦੀ ਵੇਦਨਾ, ਪਿੱਤਰੀ ਸੱਤਾ ਤੇ ਸਮਾਜਿਕ ਵਰਣਾਵਾਂ ਜੋ ਨਿਤਸ਼ੇ ਅਨੁਸਾਰ ਪਲੇਗ ਤੋਂ ਵੀ ਘਾਤਕ ਹੁੰਦੀਆਂ, ਦੇ ਚੱਕਰਵਿਊ 'ਚ ਘਿਰੀ ਹੋਈ ਔਰਤ ਨੂੰ ਖੁੱਲ੍ਹੇ ਅੰਬਰ ਤੱਕ ਉਕਾਬ ਵਾਂਗ ਉੱਡਣ ਲਈ ਪਿੱਠ ਥਾਪੜਦਿਆਂ ਔਰਤ ਦੇ ਅੰਦਰ ਨੂੰ ਕਵਿਤਾਉਂਦੀ ਹੈ। ਸ਼ਾਇਰਾ ਇਕ ਅਧਿਆਪਕਾ ਹੈ ਜੋ ਅੱਜਕਲ੍ਹ ਗਰਲਜ਼ ਹਾਈ ਸਕੂਲ ਸਿਲੀਗੁੜੀ ਵਿਖੇ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੀ ਹੈ। ਹਥਲੀ ਕਾਵਿ-ਪੁਸਤਕ 'ਅੱਗ ਤੋਂ ਅੱਗ ਤੀਕਰ' ਡਾ. ਵੰਦਨਾ ਗੁਪਤਾ ਦੇ ਛੇ ਕਾਵਿ-ਸੰਗ੍ਰਹਿਆਂ ਵਿਚੋਂ ਪ੍ਰਤੀਨਿਧ ਕਵਿਤਾਵਾਂ ਚੁਣ ਕੇ ਉਨ੍ਹਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਅਤੇ ਅਨੁਵਾਦਕ ਕਵਿਤਾਵਾਂ ਨੂੰ ਇਕੋ ਜਿਲਦ ਵਿਚ ਪੰਜਾਬੀ ਅਤੇ ਹਿੰਦੀ ਵਿਚ ਲਿਪੀਆਂਤਰ ਕਰਕੇ ਛਾਪਿਆ ਗਿਆ ਹੈ ਤੇ ਇਹ ਕਾਵਿ-ਕਿਤਾਬ ਪੰਜਾਬੀ ਅਤੇ ਹਿੰਦੀ ਵਿਚ ਇਕ ਪੁਲ ਦਾ ਕੰਮ ਕਰੇਗੀ। ਕਿਤਾਬ ਦੇ ਅਨੁਵਾਦਕ ਡਾ. ਰਾਜਿੰਦਰ ਸਾਹਿਲ ਦੇ ਪਾਰਦਰਸ਼ੀ ਉਦਮ ਦੇ ਸਿਰੜ ਨੂੰ ਤਾਂ ਸਲਾਮ ਕਰਨਾ ਬਣਦਾ ਹੀ ਬਣਦਾ ਹੈ। ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਸ਼ਾਇਰਾ ਦੀ ਨਜ਼ਮ 'ਲੜਾਈ ਹੈ ਉਹ ਘਰੋਂ ਬਾਹਰ ਜੰਗ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ, ਜਿਸ ਨੂੰ ਵਾਈ-ਬੀ : ਯੀਟਸ ਆਖਦਾ ਹੈ ਕਿ ਜਦੋਂ ਅਸੀਂ ਦੂਸਰਿਆਂ ਨਾਲ ਲੜਦੇ ਝਗੜਦੇ ਹਾਂ ਤਾਂ ਅਸਾਡੇ ਹੱਥ ਕੁਝ ਨਹੀਂ ਆਉਂਦਾ ਪਰ ਜਦੋਂ ਅਸੀਂ ਆਪਣੇ ਆਪ ਨਾਲ ਲੜਦੇ ਹਾਂ ਤਾਂ ਕਵਿਤਾ ਪੈਦਾ ਹੁੰਦੀ ਹੈ। ਸੋ ਸ਼ਾਇਰਾ ਘਰੋਂ ਬਾਹਰ ਵੀ ਲੜਦੀ ਹੈ ਤੇ ਆਪਣੇ ਆਪ ਨਾਲ ਵੀ ਲੜਦਿਆਂ ਕਦੇ ਮਨ ਬਚਨੀ ਕਰਦੀ ਹੈ ਤੇ ਕਦੇ ਸਵਾਲ 'ਅੱਗ' ਦੇ ਮੈਟਾਫ਼ਰ ਨਾਲ ਔਰਤ ਦੀ ਹੋਣੀ ਨੂੰ ਕਵਿਤਾਉਂਦੀ ਹੈ ਕਿ, ਕੀ ਚੁੱਲ੍ਹੇ ਦੀ ਅੱਗ ਤੋਂ ਲੈ ਕੇ ਸਮਸ਼ਾਨਘਾਟ ਤੱਕ ਦੀ ਅੱਗ ਤੱਕ ਦਾ ਸਫ਼ਰ ਹੀ ਉਸ ਦੀ ਅਉਧ ਦਾ ਸਫ਼ਰ ਹੈ? ਉਸ ਨੂੰ ਸੁਪਨੇ ਸੌਣ ਨਹੀਂ ਦੇ ਰਹੇ ਤੇ ਉਸ ਦੀਆਂ ਇੱਛਾਵਾਂ ਵਿਚ ਜ਼ਹਿਰ ਘੋਲਿਆ ਜਾ ਰਿਹਾ ਹੈ ਤੇ ਸੁਪਨਿਆਂ ਨੂੰ ਤਾਬੀਰ ਦਾ ਜਾਮਾ ਪਹਿਨਾਉਣ ਲਈ ਉਹ ਸ਼ਬਦਾਂ ਵਿਚ ਠਾਹਰ ਭਾਲਦੀ ਹੈ ਤੇ ਬੁਲੰਦ ਵਿਚ ਬੇਬਾਕੀ ਨਾਲ ਆਖਦੀ ਹੈ ਕਿ ਉਹ ਕਿਸੇ ਗੌਤਮ ਰਿਸ਼ੀ ਵਲੋਂ ਸਰਾਪੀ ਅਹਿਲਿਆ ਵਾਂਗ ਦੁਆਪਰ ਯੁੱਗ ਤੱਕ ਉਡੀਕ ਨਹੀਂ ਕਰੇਗੀ ਤੇ ਪਰਸ਼ੋਤਮੀ ਮਰਯਾਦਾ ਨੂੰ ਠੁੱਠ ਦਿਖਾਉਂਦੀ ਹੈ। ਉਹ ਆਪਣੇ ਹਮਸਫ਼ਰ ਦੀ ਚੁੱਪ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ ਤੇ ਬਹੁਤ ਕੁਝ ਆਪਣੀ ਸ਼ਾਇਰੀ ਵਿਚ ਅਣਕਿਹਾ ਛੱਡ ਦਿੰਦੀ ਹੈ ਤੇ ਇਸ ਅਣਕਹੇ 'ਰਹੱਸ' ਦੀ ਥਾਹ ਪਾਉਣ ਲਈ ਇਸ ਕਿਤਾਬ ਦੇ ਪੜ੍ਹੇ ਜਾਣਾ ਹੀ ਨਹੀਂ ਸਗੋਂ ਗੁੜ੍ਹੇ ਜਾਣਾ ਤਾਂ ਬਣਦਾ ਹੀ ਬਣਦਾ ਹੈ। ਹਿੰਦੀ ਤੇ ਪੰਜਾਬੀ ਦਾ ਪੁਲ ਬਣਾਉਣ ਲਈ ਡਾ. ਸਾਹਿਲ ਨੂੰ ਸਲਾਮ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਹਮੇਸ਼ਾ ਦੇਰ
ਕਰ ਦੇਤਾ ਹੂੰ
ਸ਼ਾਇਰ : ਮੁਨੀਰ ਨਿਆਜ਼ੀ
ਲਿਪੀਅੰਤਰ : ਅਨੁਪਿੰਦਰ ਸਿੰਘ 'ਅਨੂਪ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :225 ਰੁਪਏ, ਸਫ਼ੇ : 127
ਸੰਪਰਕ : 098136-46608

ਮੁਨੀਰ ਨਿਆਜ਼ੀ ਉਰਦੂ ਤੇ ਪੰਜਾਬੀ ਦੇ ਮਸ਼ਹੂਰ ਪਾਕਿਸਤਾਨੀ ਸ਼ਾਇਰ ਸਨ, ਜੋ 2006 ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦਾ ਪਿਛੋਕੜ ਹੁਸ਼ਿਆਰਪੁਰ ਦਾ ਸੀ ਤੇ ਬਟਵਾਰੇ ਬਾਅਦ ਉਹ ਲਾਹੌਰ ਜਾ ਵਸੇ। ਮੁਨੀਰ ਦੀ ਸ਼ਾਇਰੀ ਦੇ ਮੁਰੀਦ ਜਿੰਨੇ ਓਧਰ ਹਨ ਉਸ ਤੋਂ ਵੱਧ ਏਧਰ ਹਨ। ਮੁਨੀਰ ਨਿਆਜ਼ੀ ਰੇਡੀਓ ਤੇ ਟੀ. ਵੀ. ਨਾਲ ਵੀ ਜੁੜੇ ਰਹੇ ਤੇ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਫ਼ਿਲਮਾਂ ਲਈ ਗੀਤ ਵੀ ਲਿਖੇ, ਜਿਨ੍ਹਾਂ ਨੂੰ ਮਹਿਦੀ ਹਸਨ ਤੇ ਨੂਰਜਹਾਂ ਵਰਗੇ ਵੱਡੇ ਮਹਾਂਰਥੀਆਂ ਨੇ ਆਵਾਜ਼ ਦਿੱਤੀ। ਉਨ੍ਹਾਂ ਦਾ ਆਪਣਾ ਪ੍ਰਕਾਸ਼ਨ ਵੀ ਸੀ। ਇਹ ਜਾਣਕਾਰੀਆਂ ਪੁਸਤਕ ਵਿਚ ਹੋਣੀਆਂ ਚਾਹੀਦੀਆਂ ਸਨ ਪਰ ਉਨ੍ਹਾਂ ਸੰਬੰਧੀ ਬੈਕ ਕਵਰ ਦੇ ਇਕ ਪਹਿਰੇ ਬਿਨਾਂ ਕੋਈ ਤੁਆਰਫ਼ੀ ਲੇਖ ਨਹੀਂ ਛਾਪਿਆ ਗਿਆ। ਇਸ ਪੁਸਤਕ ਦਾ ਨਾਮਕਰਨ ਉਨ੍ਹਾਂ ਦੀ ਪ੍ਰਸਿੱਧ ਨਜ਼ਮ ਦੇ ਆਧਾਰ 'ਤੇ ਰੱਖਿਆ ਗਿਆ ਹੈ। 'ਹਮੇਸ਼ਾ ਦੇਰ ਕਰ ਦੇਤਾ ਹੂੰ' ਉਨ੍ਹਾਂ ਦੀਆਂ ਮਿਸ਼ਰਤ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਵਿਚ ਵਧੇਰੇ ਗਿਣਤੀ ਗ਼ਜ਼ਲਾਂ ਦੀ ਹੈ। ਇਸ ਸੰਗ੍ਰਹਿ ਨੂੰ ਅਨੁਪਿੰਦਰ ਸਿੰਘ 'ਅਨੂਪ' ਨੇ ਲਿਪੀਅੰਤਰ ਕੀਤਾ ਹੈ। ਗ਼ਜ਼ਲਾਂ ਦੇ ਸ਼ਿਅਰ ਛੇ ਤੋਂ ਜ਼ਿਆਦਾ ਨਹੀਂ ਹਨ ਕਈ ਗ਼ਜ਼ਲਾਂ ਤਾਂ ਮਹਿਜ਼ ਤਿੰਨ-ਤਿੰਨ ਸ਼ਿਅਰਾਂ ਦੀਆਂ ਹਨ। ਮੁਨੀਰ ਨਿਆਜ਼ੀ ਰੋਮਾਂਸ ਦੇ ਸ਼ਾਇਰ ਸਨ, ਜਿਨ੍ਹਾਂ ਨੇ ਗ਼ਜ਼ਲ ਦੇ ਨਾਲ-ਨਾਲ ਸ਼ਾਇਰੀ ਦੀਆਂ ਹੋਰ ਵਿਧਾਵਾਂ ਵਿਚ ਵੀ ਲਿਖਿਆ ਹੈ। 'ਕਿਸੀ ਕੋ ਅਪਨੇ ਅਮਲ ਕਾ ਹਿਸਾਬ ਕਯਾ ਦੇਤੇ, ਸਵਾਲ ਸਾਰੇ ਗ਼ਲਤ ਥੇ ਜਵਾਬ ਕਯਾ ਦੇਤੇ' ਉਨ੍ਹਾਂ ਦੀ ਬਹੁਤ ਪਿਆਰੀ ਗ਼ਜ਼ਲ ਹੈ ਜੋ ਇਸ ਸੰਗ੍ਰਹਿ ਦਾ ਹਾਸਲ ਹੈ। ਨਿਆਜ਼ੀ ਸਾਹਿਬ ਮਹਿਬੂਬ ਦੀ ਤਾਰੀਫ਼ ਕਰਦਿਆਂ ਸਾਰੇ ਹੱਦਾਂ ਬੰਨੇ ਤੋੜ ਦਿੰਦੇ ਹਨ ਤੇ ਉਸ ਦੀਆਂ ਗੁਸਤਾਖ਼ੀਆਂ ਦਾ ਵੀ ਹਲਕਾ ਜਿਹਾ ਰੰਜ ਕਰਦੇ ਹਨ। ਉਰਦੂ ਖ਼ਾਸਕਰ ਪਾਕਿਸਤਾਨੀ ਗ਼ਜ਼ਲ ਨੂੰ ਜਾਨਣ ਤੇ ਇਸ ਦੀ ਸਮੀਖਿਆ ਲਈ ਇਹ ਪੁਸਤਕ ਲਾਹੇਵੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਇਧਰਲੇ ਪੰਜਾਬ ਵਿਚ ਪਾਕਿਸਤਾਨੀ ਸ਼ਾਇਰਾਂ ਨੂੰ ਗੁਰਮੁਖੀ ਵਿਚ ਲਿਪੀਅੰਤਰ ਕਰਨ ਦਾ ਰਿਵਾਜ ਵਧਿਆ ਹੈ ਪਰ ਓਧਰ ਇਧਰਲਿਆਂ ਨੂੰ ਆਪਣੇ ਤੌਰ 'ਤੇ ਬਹੁਤ ਘੱਟ ਲਿਪੀਅੰਤਰ ਕੀਤਾ ਗਿਆ ਹੈ। ਇਹ ਅਦਾਨ-ਪ੍ਰਦਾਨ ਚਲਦਾ ਰਹਿਣਾ ਚਾਹੀਦਾ ਹੈ। 'ਹਮੇਸ਼ਾ ਦੇਰ ਕਰ ਦੇਤਾ ਹੂੰ' ਉਰਦੂ ਸ਼ਾਇਰੀ ਨੂੰ ਜਾਨਣ ਤੇ ਮਾਨਣ ਲਈ ਵਧੀਆ ਯਤਨ ਹੈ, ਪ੍ਰਯੋਜਕ ਵਧਾਈ ਦਾ ਹੱਕਦਾਰ ਹੈ।

-ਗੁਰਦਿਆਲ ਰੌਸ਼ਨ
ਮੋਬਾਈਲ : 99884-44002

ਬੰਦਾ ਕਿੱਥੇ ਹੈ?
ਲੇਖਕ : ਗੁਰਮੀਤ ਸਿੰਘ ਮਰਾੜ੍ਹ
ਪ੍ਰਕਾਸ਼ਕ : ਸ਼ਹੀਦ ਭਗਤ ਸਿੰਘ ਪ੍ਰਕਾਸ਼ਨਾ, ਫ਼ਰੀਦਕੋਟ
ਮੁੱਲ : 120 ਰੁਪਏ, ਸਫ਼ੇ : 60
ਸੰਪਰਕ : 95014-00397

ਬੰਦਾ ਕਿੱਥੇ ਹੈ, ਗੁਰਮੀਤ ਸਿੰਘ ਮਰਾੜ੍ਹ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ, ਜਿਸ ਵਿਚ ਉਸ ਦੀਆਂ 14 ਨਿੱਕੀਆਂ ਕਹਾਣੀਆਂ ਹਨ। ਅੱਜਕਲ੍ਹ ਪੰਜਾਬੀ ਸਾਹਿਤ-ਧਾਰਾ ਵਿਚ ਜਾਂ ਤਾਂ ਮਿੰਨੀ ਕਹਾਣੀਆਂ ਦੇ ਲੇਖਕਾਂ ਦੀ ਭਰਮਾਰ ਹੈ ਜਾਂ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਲੰਮੀਆਂ ਕਹਾਣੀਆਂ ਲਿਖਣ ਵਾਲੇ ਰਹਿ ਗਏ ਹਨ। ਪ੍ਰੰਤੂ ਨਿੱਕੀਆਂ ਕਹਾਣੀਆਂ ਲਿਖਣ ਵਾਲੇ ਕਹਾਣੀਕਾਰ ਤਾਂ ਉਂਗਲੀਆਂ 'ਤੇ ਗਿਣੇ ਜਾ ਸਕਦੇ ਹਨ। ਜਿਥੋਂ ਤੱਕ ਗੁਰਮੀਤ ਸਿੰਘ ਮਰਾੜ੍ਹ ਦੀਆਂ 'ਬੰਦਾ ਕਿੱਥੇ ਹੈ?' ਦੀਆਂ ਕਹਾਣੀਆਂ ਦਾ ਸੰਬੰਧ ਹੈ, ਇਨ੍ਹਾਂ ਨੂੰ ਅਸੀਂ ਨਿੱਕੀਆਂ ਕਹਾਣੀਆਂ ਕਹਿ ਸਕਦੇ ਹਾਂ। ਇਨ੍ਹਾਂ ਕਹਾਣੀਆਂ ਵਿਚ ਜਿਥੇ ਸਮਾਜ ਦੇ ਵਰਤਮਾਨ ਸਮੇਂ ਦੇ ਹਾਲਾਤ ਦੀਆਂ ਝਲਕਾਂ ਤਾਂ ਪੇਸ਼ ਹਨ, ਕਹਾਣੀਕਾਰ, ਉਨ੍ਹਾਂ ਪਾਤਰਾਂ ਦੀ ਸੰਰਚਨਾ ਕਰਦਾ ਹੈ, ਜਿਹੜੇ ਆਪਣੇ ਨਾਲ ਹੋਈਆਂ ਵਧੀਕੀਆਂ ਕਾਰਨ ਮਾਨਸਿਕ ਸੰਤਾਪ ਭੋਗ ਰਹੇ ਹਨ, ਜਿਵੇਂ 'ਜਦੋਂ ਬਰਫ਼ ਪੰਘਰੀਦਾ ਬਾਬਾ ਹਾਜੀ' ਦੀ ਵੇਦਨਾ-ਸੰਵਦਨਾ ਨੂੰ ਕਹਾਣੀਕਾਰ ਕਿਵੇਂ ਨੰਗਾ ਕਰਦਾ ਹੈ। 'ਬਾਬਾ ਹਾਜ਼ੀ' ਦਾ ਸ਼ਿਕਾਰ 'ਅਮਨ ਕਾਲ ਦਾ ਪ੍ਰਸਿੱਧ ਸ਼ਿਕਾਰ' ਮੰਨਿਆ ਜਾਂਦਾ ਸੀ। ਪਰ ਜਦੋਂ ਦੇ ਕਸ਼ਮੀਰ ਦੇ ਕਾਲੇ ਦਿਨ ਆਏ, ਉਸ ਦਿਨ ਬਾਬਾ ਹਾਜ਼ੀ ਦਾ ਸ਼ਿਕਾਰਾ ਹੀ ਨਹੀਂ, ਬਲਕਿ ਉਸ ਦਾ ਪਰਿਵਾਰ ਵੀ ਕਾਲੇ ਦਿਨਾਂ ਦਾ ਸ਼ਿਕਾਰ ਹੋ ਗਿਆ ਹੈ। ਪੁਲਿਸ ਵਧੀਕੀਆਂ ਕਾਰਨ, ਉਸ ਦੇ ਪਰਿਵਾਰ ਨੂੰ ਸੂਰਜ ਗ੍ਰਹਿਣ ਲੱਗ ਗਿਆ ਹੈ। ਕਹਾਣੀਕਾਰ ਹਾਜ਼ੀ ਬਾਬਾ ਦੀ ਵੇਦਨ-ਸੰਵੇਦਨਾ ਨੂੰ ਅਭਿਵਿਅਕਤ ਕਰਨ ਵਿਚ ਸਫ਼ਲ ਹੈ।
ਇਸ ਤਰ੍ਹਾਂ ਉਸ ਦੀਆਂ ਹੋਰ ਕਹਾਣੀਆਂ, 'ਦਿਨ ਕਦੋਂ ਚੜ੍ਹ' ਇਕ ਸਾਲ ਹੋਰ, ਨਾਮ ਕੱਟਿਆ ਗਿਆ, ਬੰਦਾ ਕਿੱਥੇ ਹੈ? ਤਰਸਦੇ ਨੈਣ, ਨਿੱਕੀਆਂ ਕਹਾਣੀਆਂ ਸਫਲ ਕਹਾਣੀਆਂ ਹਨ। ਅਸੀਂ ਅੱਜ ਦੇ ਹਕੀਕਤ ਪੰਸਦ ਲੋਕਾਂ ਦੀ ਵੇਦਨਾ ਸੰਵੇਦਨਾ ਨੂੰ ਕਹਾਣੀਕਾਰ ਸਮਝ ਕੇ ਉਨ੍ਹਾਂ ਦੇ ਨਿੱਕੇ-ਨਿੱਕੇ ਦੁੱਖ ਦਰਦ ਪੇਸ਼ ਕਰਦਾ ਹੈ, ਪੜ੍ਹੋਗੇ, ਆਪਣੇ ਵਰਤਮਾਨ ਸਮਾਜ ਦੀ ਹਕੀਕਤ ਹੋਰ ਵਧੇਰੇ ਸਮਝ ਸਕੋਗੇ।

-ਡਾ. ਅਮਰ ਕੋਮਲ
ਮੋਬਾਈਲ : 84378-73565

ਪੰਜਾਬ ਉੱਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ
ਮੂਲ ਲੇਖਕ : ਨੰਦ ਕੁਮਾਰ ਦੇਵ ਸ਼ਰਮਾ
ਅਨੁਵਾਦਕ : ਤੇਜਾ ਸਿੰਘ ਤਿਲਕ
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250, ਸਫ਼ੇ : 184
ਸੰਪਰਕ : 98766-36159

ਹਥਲੀ ਕਿਤਾਬ ਦੇ ਮੂਲ ਲੇਖਕ ਨੰਦ ਕੁਮਾਰ ਦੇਵ ਸ਼ਰਮਾ ਕੋਲਕਾਤਾ (ਬੰਗਾਲ) ਦੇ ਨਿਵਾਸੀ ਹਨ। ਪੁਸਤਕ ਵਿਚ ਦਰਜ ਸਾਰੀ ਗਾਥਾ ਸ਼ੇਰ-ਏ-ਪੰਜਾਬ ਦੇ 1839 ਈ: ਵਿਚ ਸਵਰਗਵਾਸ ਹੋਣ ਤੋਂ ਪਿੱਛੋਂ ਸ਼ੁਰੂ ਹੁੰਦੀ ਹੈ। ਅਨੁਵਾਦਕ ਮੁਤਾਬਿਕ ਖ਼ਾਲਸਾ ਦਰਬਾਰ ਦੇ ਡੁੱਬਦੇ ਸੂਰਜ ਦੀ ਗਾਥਾ ਗਦਾਰੀਆਂ, ਕਤਲੋਗਾਰਤ, ਅੰਗਰੇਜ਼ ਹਕੂਮਤ ਦੀਆਂ ਕੂਟਨੀਤਕ ਚਾਲਾਂ, ਮਹਾਰਾਜੇ ਦੇ ਪਰਿਵਾਰ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਉਸ ਦੀ ਮਾਂ ਮਹਾਰਾਣੀ ਜਿੰਦਾਂ, ਰਾਜਾ ਸ਼ੇਰ ਸਿੰਘ, ਉਸ ਦੇ ਪੁੱਤਰ ਵਲੋਂ ਨਿੰਦਣਯੋਗ ਗ਼ੈਰ-ਮਨੁੱਖੀ ਵਿਹਾਰ ਦੀ ਅਸਲ ਤਸਵੀਰ ਨੂੰ ਲੇਖਕ ਵਲੋਂ ਦਰਸਾਉਣ ਦਾ ਸਫ਼ਲ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਖ਼ਾਲਸਾ ਰਾਜ ਦੀ ਅਧੋਗਤੀ ਬਾਰੇ ਸਾਡੇ ਸਾਰੇ ਇਤਿਹਾਸਕਾਰਾਂ ਵਿਸ਼ੇਸ਼ ਕਰਕੇ ਸਿੱਖ ਇਤਿਹਾਸਕਾਰ ਸੋਹਣ ਸਿੰਘ ਸੀਤਲ ਨੇ ਵੱਡਾ ਮਿਸਾਲੀ ਕੰਮ ਕੀਤਾ ਹੈ। ਪੁਸਤਕ ਦੇ ਬੰਗਾਲੀ ਲੇਖਕ ਨੇ ਅੰਗਰੇਜ਼ ਇਤਿਹਾਸਕਾਰ ਜੇ.ਡੀ. ਕਨਿੰਘਮ ਤੇ ਲਤੀਫ਼ ਵਰਗੇ ਲੇਖਕਾਂ ਨੂੰ ਵੀ ਬੜੀ ਨੀਝ ਨਾਲ ਵਾਚਿਆ, ਪਿੱਛੋਂ ਅੰਗਰੇਜ਼ ਅਫ਼ਸਰਾਂ ਦੀਆਂ ਲਿਖਤਾਂ ਨੂੰ ਵੀ ਘੋਖਿਆ/ਲੇਖਕ ਨੇ ਅੰਗਰੇਜ਼ ਦੀਆਂ ਕੂਟਨੀਤਕ ਨੀਤੀਆਂ ਤੋਂ ਵੀ ਪਰਦਾ ਚੁੱਕਣ ਦਾ ਯਤਨ ਵੀ ਕੀਤਾ ਹੈ। ਪੁਸਤਕ ਦੇ ਸੁਯੋਗ ਅਨੁਵਾਦਕ ਨੇ ਵੱਖ-ਵੱਖ ਵਿਧਾਵਾਂ ਵਿਚ ਇਕ ਦਰਜਨ ਪੁਸਤਕਾਂ ਪਾਠਕਾਂ ਦੀ ਝੌਲੀ ਪਾਈਆਂ ਹਨ, ਜਿਨ੍ਹਾਂ ਵਿਚ ਉਸ ਦੀਆਂ ਮੌਲਿਕ ਅਤੇ ਸੰਪਾਦਿਤ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਪੁਸਤਕ ਇਸ ਗੱਲ ਨੂੰ ਸਪੱਸ਼ਟ ਕਰਦੀ ਹੈ, ਪੰਜਾਬ ਤੇ ਬੰਗਾਲ ਦੋ ਅਜਿਹੇ ਆਜ਼ਾਦ ਦੇਸ਼ ਸਨ, ਜੋ ਅੰਗਰੇਜ਼ ਹਕੂਮਤ ਦੀਆਂ ਅੱਖਾਂ ਵਿਚ ਹਮੇਸ਼ਾ ਰੜਕਦੇ ਰਹੇ, ਇਹ ਅੰਗਰੇਜ਼ਾਂ ਦੇ ਅਧੀਨ ਹੋ ਕੇ ਵੀ ਉਸ ਦੀ ਈਨ ਮੰਨਣ ਤੋਂ ਹਮੇਸ਼ਾ ਇਨਕਾਰੀ ਹੀ ਰਹੇ। ਇਸੇ ਕਰਕੇ ਜਾਣ ਵੇਲੇ ਫਰੰਗੀ ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਦੋ ਟੁਕੜਿਆਂ ਵਿਚ ਵੰਡਣ ਵਾਲਾ ਗ਼ੈਰ-ਮਨੁੱਖੀ ਜ਼ੁਲਮ ਅਤੇ ਅਨਿਆਂ ਕਰ ਗਏ। ਲੇਖਕ ਮੁਤਾਬਿਕ 1849 ਈ: ਤੱਕ ਸਿੱਖ ਆਜ਼ਾਦ ਹਸਤੀ ਵਿਚ ਵਿਚਰਦੇ ਸਨ। ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਆਜ਼ਾਦੀ ਲਈ ਜਿਹੜੇ ਯੁੱਧ ਹੋਏ, ਉਹ ਪੰਜਾਬ ਦੇ ਲੋਕ ਵਿਰਸੇ ਦਾ ਹਿੱਸਾ ਬਣ ਚੁੱਕੇ ਹਨ। ਲੇਖਕ ਨੇ ਇਸ ਪੁਸਤਕ ਨੂੰ ਵੱਖ-ਵੱਖ ਅਠਾਰਾਂ ਅਧਿਆਇਆਂ ਵਿਚ ਵੰਡਿਆ ਹੈ, ਜਿਨ੍ਹਾਂ ਵਿਚ 'ਪੰਜਾਬ ਦੀ ਦਿਸ਼ਾ', 'ਯੁੱਧ ਦਾ ਭੈਅ', 'ਅੰਗਰੇਜ਼ਾਂ ਨਾਲ ਯੁੱਧ : ਸੰਧੀ ਅਤੇ ਨਵੇਂ ਪ੍ਰਬੰਧ', 'ਬੇਚੈਨੀ ਦਾ ਮੁੱਢ', 'ਮੁਲਤਾਨ ਵਿਦਰੋਹ', 'ਮਹਾਰਾਣੀ ਦਾ ਦੇਸ਼ ਨਿਕਾਲਾ', 'ਅਸ਼ਾਂਤੀ ਦੀ ਭੜਕਦੀ ਅੱਗ', 'ਮੁਲਤਾਨ 'ਤੇ ਹਮਲਾ', 'ਸ਼ੇਰ ਸਿੰਘ ਤੇ ਮੂਲਰਾਜ', 'ਦੂਜਾ ਸਿੱਖ ਯੁੱਧ', 'ਪੰਜਾਬ ਹਰਣ', 'ਪੰਜਾਬ ਛੱਡਣਾ', 'ਇੰਗਲੈਂਡ ਵਿਚ ਪਰਵਾਸ ਅਤੇ ਹੋਰ ਘਟਨਾਵਾਂ', 'ਮਾਤਾ ਅਤੇ ਪੁੱਤਰ', 'ਸ੍ਰੀਮਤੀ ਬੰਬਾ ਨਾਲ ਵਿਆਹ', 'ਮਹਾਰਾਜਾ ਦਲੀਪ ਸਿੰਘ ਤੇ ਸਰਕਾਰ', 'ਇੰਗਲੈਂਡ ਛੱਡਣਾ' ਅਤੇ ਹੋਰ ਘਟਨਾਵਾਂ ਅਤੇ 'ਮਹਾਰਾਜਾ ਦਲੀਪ ਸਿੰਘ ਦਾ ਆਖਰੀ ਸਮਾਂ' ਸ਼ਾਮਿਲ ਹਨ। ਪੁਸਤਕ ਦੀਆਂ ਅੰਤਕਾਵਾਂ ਵਿਚ ਕੋਹਿਨੂਰ ਹੀਰਾ', 'ਕੁਰਗ ਦੀ ਰਾਜ ਕੁਮਾਰੀ, 'ਮਹਾਰਾਜਾ ਸ਼ੇਰ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਨਿੱਜੀ ਜਾਇਦਾਦ' ਦਾ ਵਰਣਨ ਵੀ ਬੜੇ ਭਾਵ-ਪੂਰਤ ਸ਼ਬਦਾਂ ਵਿਚ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਅੰਗਰੇਜ਼ੀ, ਹਿੰਦੀ ਅਤੇ ਬੰਗਾਲੀ ਸਹਾਇਕ ਪੁਸਤਕਾਂ ਦੀ ਸੂਚੀ ਦਿੱਤੀ ਗਈ। ਲੇਖਕ ਨੇ ਇਸ ਪੁਸਤਕ ਦੇ ਆਰੰਭ ਵਿਚ ਕਸ਼ਮੀਰ ਬਾਰੇ ਲਿਖਦਿਆਂ ਇਸ ਗੱਲ ਦਾ ਭੇਦ ਵੀ ਸਾਂਝਾ ਕੀਤਾ ਹੈ ਕਿ ਕਸ਼ਮੀਰ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹੀ ਹਿੱਸਾ ਸੀ, ਜਿਸ ਨੂੰ ਦੁਨੀਆ ਦਾ ਸਵਰਗ ਮੰਨਿਆ ਜਾਂਦਾ ਹੈ, ਸ਼ਾਇਦ ਇਸੇ ਕਰਕੇ ਹੀ ਕਸ਼ਮੀਰ ਦੋ ਹਿੱਸਿਆਂ ਵਿਚ ਵੰਡਣ ਵਾਲੀ ਦੁਰਦਸ਼ਾ ਵੀ ਕੀਤੀ ਗਈ ਹੈ। ਇਤਿਹਾਸ ਦੇ ਪਾਠਕਾਂ ਲਈ ਪੁਸਤਕ ਨੂੰ ਵਾਚਣਾ ਜ਼ਰੂਰੀ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਖੱਡ
ਲੇਖਕ : ਪਾਲੀ ਭੁਪਿੰਦਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 88
ਸੰਪਰਕ : 95011-45039

ਪ੍ਰਸਿੱਧ ਰੰਗਕਰਮੀ ਪਾਲੀ ਭੁਪਿੰਦਰ ਸਿੰਘ ਦਾ ਇਹ ਪੂਰਾ ਨਾਟਕ ਪ੍ਰਤੀਕਮਈ ਸ਼ੈਲੀ ਵਿਚ ਹੈ। ਨਾਟਕਕਾਰ ਦੇ ਇਸ ਤੋਂ ਪਹਿਲਾਂ 7 ਨਾਟਕ, ਇਕ ਨਾਵਲ ਤੇ ਇਕ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਇਸ ਨਾਟਕ ਵਿਚ ਡੇਰਾ ਹੈ। ਡੇਰੇ ਵਿਚ ਇਕ ਵਿੱਦਿਅਕ ਅਦਾਰਾ ਹੈ ਅਦਾਰੇ ਵਿਚ ਜ਼ਿਆਦਾ ਸਟਾਫ਼ ਔਰਤਾਂ ਹਨ। ਇਕ ਇਸਤਰੀ ਡਾਕਟਰ ਹੈ। ਡੇਰੇ ਵਿਚ ਇਕ ਥਾਂ ਸਮਾਧੀ ਹੈ। ਪਿਛਲੇ 12 ਸਾਲਾਂ ਤੋਂ ਸਾਧ ਪੂਰਨ ਦਾਸ ਡੇਰੇ ਵਿਚ ਸਮਾਧੀ ਲਾਈ ਬੈਠਾ ਹੈ। ਉਸ ਦੀ ਸਮਾਧੀ ਵਾਲੀ ਥਾਂ 'ਤੇ ਪਿਛਲੇ ਪਾਸੇ ਕੰਧ ਹੈ। ਕੰਧ ਦੇ ਪਿਛੇ ਇਕ ਖੱਡ ਹੈ। ਇਹ ਖੱਡ ਕੀ ਹੈ। ਇਸ ਵਿਚ ਕੀ ਕੁਝ ਹੈ। ਸਾਰਾ ਨਾਟਕ ਇਸ ਖੱਡ ਦੁਆਲੇ ਘੁੰਮਦਾ ਹੈ। ਇਹ ਖੱਡ ਭੇਤ ਖੋਲ੍ਹਦੀ ਹੈ ਕਿ ਇਸ ਡੇਰੇ ਵਿਚ ਕੀ ਕੁਝ ਅਨੈਤਿਕ ਹੋ ਰਿਹਾ ਹੈ। ਕਤਲ ਕਰ ਕੇ ਲਾਸ਼ਾਂ ਇਸ ਖੱਡ ਵਿਚ ਪੂਰ ਦਿੱਤੀਆਂ ਗਈਆਂ ਹਨ। ਪੂਰਨ ਦਾਸ ਔਰਤਾਂ ਦੀਆਂ ਆਵਾਜ਼ਾਂ ਸੁਣਦਾ ਹੈ। ਇਹ ਆਵਾਜ਼ਾਂ ਉਸ ਦੀ ਸਮਾਧੀ ਵਿਚ ਵੱਡਾ ਵਿਘਨ ਪਾ ਰਹੀਆਂ ਹਨ। ਇਹ ਆਵਾਜ਼ਾਂ ਉਨ੍ਹਾਂ ਤੀਵੀਆਂ ਦੀਆਂ ਹਨ, ਜੋ ਕਿਸੇ ਸਮੇਂ ਕਤਲ ਕਰਕੇ ਲਾਸ਼ਾਂ ਖੱਡ ਵਿਚ ਸੁੱਟ ਦਿੱਤੀਆਂ ਗਈਆਂ ਸਨ। ਕਤਲ ਹੋਈਆਂ ਔਰਤਾਂ ਪੂਰਨ ਦਾਸ ਨੂੰ ਚੈਨ ਨਹੀਂ ਲੈਣ ਦੇ ਰਹੀਆਂ। ਉਹ ਵੇਖਣਾ ਚਾਹੁੰਦਾ ਹੈ ਕਿ ਇਹ ਔਰਤਾਂ ਕੌਣ ਹਨ। ਉਸ ਦੀ ਦੁਚਿੱਤੀ ਨਾਟਕ ਦਾ ਵਿਸ਼ੇਸ਼ ਅੰਗ ਹੈ। ਅਖੀਰ ਉਹ ਕੰਧ ਟੱਪ ਜਾਂਦਾ ਹੈ। ਇਕ ਔਰਤ ਪੂਰਨ ਦਾਸ ਨਾਲ ਗੱਲਾਂ ਕਰਦੀ ਹੈ। ਉਹ ਮਾਨਸਿਕ ਰੋਗੀ ਬਣ ਜਾਂਦਾ ਹੈ। ਡੇਰੇ ਦੀ ਇਕ ਲੇਡੀ ਡਾਕਟਰ ਪੂਰਨ ਦਾਸ ਦੇ ਇਲਾਜ ਲਈ ਆਉਂਦੀ ਹੈ। ਡਾਕਟਰ ਖ਼ੁਦ ਆਪਣੇ ਪਤੀ ਤੋਂ ਵੱਖ ਰਹਿੰਦੀ ਹੈ। ਪੂਰਨ ਦਾਸ ਦਾ ਮਨੋਵਿਗਿਆਨਕ ਤਰੀਕੇ ਨਾਲ ਇਲਾਜ ਕਰਨ ਦਾ ਯਤਨ ਕਰਦੀ ਹੈ, ਪਰ ਪੂਰਨ ਦਾਸ ਡਾਕਟਰ ਕੋਲੋਂ ਪਿਛੇ ਹਟਦਾ ਹੈ। ਲੇਡੀ ਡਾਕਟਰ ਉਸ ਦੀ ਕਾਮੁਕ ਇੱਛਾ ਨੂੰ ਉਭਾਰਦੀ ਹੈ, ਜੋ ਬਿਮਾਰੀ ਦਾ ਅਸਲ ਕਾਰਨ ਹੈ। ਨਾਟਕ ਵਿਚ ਭੀਖਾ ਸੇਵਾਦਾਰ, ਮੈਨੇਜਰ ਬਚਨ ਲਾਲ, ਪਿਛਲਾ ਡੇਰੇਦਾਰ ਨਿਰੰਜਨ ਦਾਸ ਹੋਰ ਪਾਤਰ ਹਨ। ਇਕ ਦ੍ਰਿਸ਼ ਵਿਚ ਪਤਾ ਲਗਦਾ ਹੈ ਕਿ ਪੂਰਨ ਦਾਸ ਵੀ ਨਿਰਜਨ ਦਾਸ ਦਾ ਨਾਜਾਇਜ਼ ਪੁੱਤਰ ਹੈ। ਨਾਟਕ ਵਿਚ ਪਾਤਰਾਂ ਦੇ ਸੰਵਾਦ ਦਰਸ਼ਕ ਨੂੰ ਕੀਲ ਕੇ ਰੱਖਦੇ ਹਨ। ਅਖੀਰ ਪੂਰਨ ਦਾਸ ਦੇ ਬੋਲ ਉਸਾਰੂ ਹਨ। ਅਸਲ ਜ਼ਿੰਦਗੀ ਵਲ ਪੂਰਨ ਦਾਸ ਮੁੜਦਾ ਹੈ-ਨਾ ਮੈਂ ਦੇਹ ਜਿੱਤ ਸਕਿਆ ਨਾ ਮੈ ਮਨ ਜਿੱਤ ਸਕਿਆ ਮੈਂ ਕੋਈ ਸੰਤ ਨਹੀਂ। ਅਤ੍ਰਿਪਤੀ ਦਾ ਮਾਰਿਆ ਇਕ ਆਮ ਜਿਹਾ ਆਦਮੀ ਹਾਂ। ਮੇਰੇ ਜਿਸਮ ਤੇ ਬਾਣਾ ਨਹੀਂ ਝੂਠ ਹੈ....(ਪੰਨਾ 83)। ਨਾਟਕ ਅਖੌਤੀ ਡੇਰੇ ਦਾ ਅੰਦਰਲਾ ਸੱਚ ਸਾਹਮਣੇ ਲਿਆਉਂਦਾ ਹੈ। ਸਮਾਜ ਨੂੰ ਸੇਧ ਦੇਣ ਵਾਲੇ ਨਾਟਕ ਦਾ ਸਵਾਗਤ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

ਲੋਕ ਕਾਵਿ-ਰੂਪ : ਰੰਗ
ਲੇਖਕ : ਡਾ. ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁੱਲ : 286, ਸਫ਼ੇ : 176
ਸੰਪਾਦਕ : 94171-40380

ਡਾ. ਹਰਨੇਕ ਸਿੰਘ ਦੀ ਜਦੋਂ ਪਹਿਲੀ ਪੁਸਤਕ ਲੋਕ ਕਾਵਿ-ਰੂਪ : ਰੰਗ ਸੰਪਾਦਕ ਤੇ ਸਮੀਖਿਆ ਜਿਲਦ ਪਹਿਲੀ ਦੀ ਪ੍ਰਕਾਸ਼ਨਾ ਹੋਈ ਸੀ ਤਾਂ ਉਸ ਤੋਂ ਹੀ ਅੰਦਾਜ਼ਾ ਹੋ ਚੁੱਕਾ ਸੀ ਕਿ ਇਸ ਖੋਜ ਕਾਰਜ ਦੀ ਦੂਜੀ ਜਿਲਦ ਵੀ ਜ਼ਰੂਰ ਹੀ ਪ੍ਰਕਾਸ਼ਿਤ ਹੋਵੇਗੀ। ਪਹਿਲੀ ਪੁਸਤਕ ਵਿਚ ਡਾ. ਹੇਅਰ ਨੇ ਲੋਕ ਕਾਵਿ-ਰੂਪ ਰੰਗ ਦੇ ਵਿਧਾਗਤ ਪਾਸਾਰਾਂ ਬਾਰੇ ਚਰਚਾ ਕਰਦਿਆਂ ਇਸ ਕਾਵਿ-ਰੂਪ ਦੀਆਂ ਵੰਨਗੀਆਂ ਦੀ ਇਕੱਤਰਤਾ ਕਰਕੇ ਪਾਠਕਾਂ ਦੇ ਸਨਮੁੱਖ ਕੀਤਾ ਸੀ। ਨਾਲ ਦੀ ਨਾਲ ਲੋਕ-ਕਾਵਿ ਦੇ ਗਾਇਕਾਂ ਦੀਆਂ ਤਸਵੀਰਾਂ ਅਤੇ ਇਨ੍ਹਾਂ ਗੀਤਾਂ ਦੀ ਅਰਥਾਵਲੀ ਵੀ ਪੇਸ਼ ਕੀਤੀ ਸੀ ਪਰ ਇਸ ਪੁਸਤਕ ਵਿਚ ਵਾਧਾ ਇਹ ਕੀਤਾ ਗਿਆ ਹੈ ਕਿ ਇਕ ਤਾਂ ਉਸ ਨੇ ਨਵੇਂ ਕਾਵਿ-ਰੂਪ 'ਰੰਗ' ਦੀਆਂ ਵੰਨਗੀਆਂ ਵਿਚ ਵਾਧਾ ਕੀਤਾ ਹੈ, ਨਾਲ ਦੀ ਨਾਲ ਹਰੇਕ ਇਨ੍ਹਾਂ ਰੰਗਾਂ ਦੀ ਪੁਸਤਕ ਦੇ ਪਹਿਲੇ ਭਾਗ ਵਿਚ ਵਿਹਾਰਕ ਸਮੀਖਿਆ ਵੀ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਡਾ. ਹਰਨੇਕ ਸਿੰਘ ਹੇਅਰ ਖੋਜੀ ਵਿਦਵਾਨ ਹੈ, ਇਸ ਕਰਕੇ ਵੱਖ-ਵੱਖ ਚਿੰਤਕਾਂ ਜਿਨ੍ਹਾਂ ਨੇ ਲੋਕਧਾਰਾ ਦੇ ਖੇਤਰ ਵਿਚ ਕਾਰਜ ਕੀਤਾ ਹੈ, ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲਿਆਂ ਦੀ ਰੌਸ਼ਨੀ ਵਿਚ ਇਹ ਕਾਰਜ ਨੇਪਰੇ ਚਾੜ੍ਹਿਆ ਹੈ। ਪਾਠਕ ਇਸ ਕਾਵਿ-ਰੂਪ ਨੂੰ ਅਖਾੜਿਆਂ ਵਿਚ ਮਾਣਦੇ ਤਾਂ ਰਹੇ ਹਨ ਪਰ ਇਸ ਦੀ ਸੰਰਚਨਾ ਤੋਂ ਅਭਿੱਜ ਹੀ ਰਹਿੰਦੇ ਸਨ, ਜਿਸ ਦਾ ਜ਼ਿਕਰ ਡਾ. ਹੇਅਰ ਦੀ ਇਸ ਪੁਸਤਕ ਵਿਚ ਹੋਇਆ ਹੈ। ਇਸ ਪੁਸਤਕ ਦੀ ਪਹਿਲੀ ਪੁਸਤਕ ਵਾਂਗ ਹੀ ਵਿਸ਼ੇਸ਼ਤਾ ਇਹ ਵੀ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਉਹ ਗਾਇਕ ਜਿਨ੍ਹਾਂ ਨੇ ਇਸ ਕਾਵਿ-ਰੂਪ 'ਰੰਗ' ਨੂੰ ਗਾਇਆ, ਉਨ੍ਹਾਂ ਦੇ ਨਾਂਅ ਅਤੇ ਤਸਵੀਰਾਂ ਇਸ ਪੁਸਤਕ ਵਿਚ ਵੀ ਦਰਜ ਕੀਤੀਆਂ ਗਈਆਂ ਹਨ। ਸਾਡੀਆਂ ਲੋਕ-ਗਾਥਾਵਾਂ ਦੇ ਉਹ ਪਾਤਰ ਜੋ ਲੋਕ ਚੇਤਿਆਂ ਦੀ ਚੰਗੇਰ ਵਿਚੋਂ ਲਗਭਗ ਕਿਰ ਹੀ ਚੁੱਕੇ ਹਨ, ਇਸ ਪੁਸਤਕ ਨੂੰ ਪੜ੍ਹ ਕੇ ਮੁੜ ਪੁਨਰ ਸੁਰਜੀਤ ਹੁੰਦੇ ਦਿਖਾਈ ਦਿੰਦੇ ਹਨ। ਅਸਲ ਵਿਚ ਲੋਕਧਾਰਾ ਦੀ ਇਹ ਖੋਜ ਇਕ ਸੇਵਾ ਦਾ ਕਾਰਜ ਹੈ, ਜਿਸ ਨੂੰ ਡਾ. ਹਰਨੇਕ ਸਿੰਘ ਹੇਅਰ ਨੇ ਬੜੀ ਸ਼ਿੱਦਤ, ਹੌਸਲੇ ਅਤੇ ਦ੍ਰਿੜ੍ਹਤਾ ਨਾਲ ਕੀਤਾ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਕਾਲਾ ਟਿੱਕਾ
ਲੇਖਕ : ਸੁਖਜਿੰਦਰ ਸਿੰਘ ਭੰਗੜਚੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 220 ਰੁਪਏ, ਸਫ਼ੇ : 128
ਸੰਪਰਕ : 78884-45783

'ਕਾਲਾ ਟਿੱਕਾ' ਕਾਵਿ-ਸੰਗ੍ਰਹਿ ਸੁਖਜਿੰਦਰ ਸਿੰਘ ਭੰਗੜਚੀ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ 'ਗੁਰੂ ਗ੍ਰੰਥ ਸਾਹਿਬ ਜੀ' ਤੋਂ ਲੈ ਕੇ 'ਸਤਿ ਸ੍ਰੀ ਅਕਾਲ' ਤੱਕ ਦੀਆਂ ਲਗਭਗ 105 ਕਵਿਤਾਵਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਮਸਲਿਆਂ ਨੂੰ ਮੌਜੂਦਾ ਦੌਰ 'ਚ ਵਾਪਰਦੀ ਗੰਧਲੀ ਸਿਆਸਤ ਨਾਲ ਜੋੜ ਕੇ ਗੰਭੀਰ ਮਾਨਵੀ ਸਰੋਕਾਰਾਂ ਨਾਲੋਂ ਪਾਸਾ ਵੱਟਦਿਆਂ ਭਰਮ-ਭੁਲੇਖੇ ਸਿਰਜਦੀਆਂ ਧਿਰਾਂ ਦੇ ਅੰਦਰਲੇ ਕੋਹਜ ਨੂੰ ਨੰਗਿਆਂ ਕਰਨ ਦਾ ਸ਼ਾਬਦਿਕ ਪ੍ਰਵਚਨ ਸਿਰਜਣ ਦਾ ਯਤਨ ਕਰਦੀਆਂ ਹਨ। ਇਸ ਕਾਵਿ-ਪੁਸਤਕ ਦੇ ਸਮਰਪਣ ਸ਼ਬਦ ਪੜ੍ਹਦਿਆਂ ਹੀ ਕਾਵਿ-ਪਾਠਕ ਚੁੰਧਿਆ ਜਾਵੇਗਾ, ਜਿਸ ਵਿਚ ਮਾਂ ਦੀ ਮਿਹਨਤ ਦਾ ਪਸੀਨਾ, ਪਿਓ ਦੀ ਮੁਸ਼ੱਕਤ, ਰੋਟੀਆਂ ਪਕਾਉਂਦੀ ਦੀ ਪੰਜ ਸਾਲਾਂ ਦੀ ਭੈਣ, ਛੇ ਸਾਲਾਂ ਦਾ ਭਰਾ, ਨਾਨਾ-ਨਾਨੀ, ਦਾਦਾ-ਦਾਦੀ, ਮਾਮਾ-ਮਾਮੀ, ਮਾਸੀਆਂ ਅਤੇ ਹੋਰ ਅਨੇਕਾਂ 'ਲਹੂ' ਅਤੇ 'ਅਲਹੂ' ਦੇ ਰਿਸ਼ਤਿਆਂ ਦੀ ਮਹਿਕ, ਮੌਜੂਦਗੀ, ਸ਼ੁਭ-ਇਛਾਵਾਂ ਦੀ ਰਲੀ-ਮਿਲੀ ਆਸੀਸ ਅਤੇ ਮੌਜੂਦਾ ਦੌਰ 'ਚ ਰਾਜਨੀਤੀ ਦੀਆਂ ਭੇਟ ਚੜ੍ਹੀਆਂ ਗਲੀਆਂ ਨੂੰ ਤੱਕ ਕੇ ਪਾਠਕ ਧੁਰ ਅੰਦਰ ਤੱਕ ਕੰਬ ਜਾਵੇਗਾ। ਇਸੇ ਲਈ 'ਕਵੀ' ਕਵਿਤਾ 'ਚ ਜਿਥੇ ਕਵੀ-ਧਰਮ ਦੀ ਬਾਤ ਛੂੰਹਦਾ ਹੈ, ਉਥੇ ਉਸ ਥਾਂ ਦੀ ਵੀ ਨਿਸ਼ਾਨ-ਦੇਹੀ ਕਰਦਾ ਹੈ, ਜਿਥੇ ਕਵੀ ਵਸਦੇ ਹਨ:
ਜਿਥੇ ਝੂਠ ਅਪਾਹਜ / ਸੱਚ ਨਰੋਏ ਹੋਣਗੇ
ਜ਼ਰੂਰ ਉਥੇ / ਕਵੀ ਹੋਣਗੇ।
ਕਵੀ ਦਾ ਧਰਮ ਹੀ 'ਸਤਿਅਮ, ਸ਼ਿਵਮ, ਸੁੰਦਰਮ' ਦੇ ਲੋਕ-ਬੋਲੇ ਨੂੰ ਹੀ ਬੁਲੰਦ ਕਰਨਾ ਹੈ। ਕਵੀ ਗੁਰਮਤਿ-ਆਸ਼ੇ ਨਾਲ ਜੁੜਿਆ ਹੋਣ ਕਰਕੇ ਗੁਰੂਆਂ, ਪੀਰਾਂ, ਫ਼ਕੀਰਾਂ, ਸੰਤਾਂ ਆਦਿ ਦੇ ਵਿਸ਼ਾਲ ਜੀਵਨ ਦ੍ਰਿਸ਼ਟੀ ਨੂੰ ਅਪਣਾਉਂਦਿਆਂ, ਕਿਰਤ, ਮਾਨਵੀ ਕਦਰਾਂ-ਕੀਮਤਾਂ, ਸੁਹਿਰਦਤਾ, ਦਿਆਨਤਦਾਰੀ, ਇਮਾਨਦਾਰੀ ਵਰਗੇ ਦਾਰਸ਼ਨਿਕ ਪ੍ਰਸ਼ਨਾਂ ਦੇ ਉੱਤਰ ਆਪਣੀਆਂ ਕਵਿਤਾਵਾਂ ਵਿਚੋਂ ਤਲਾਸ਼ਣ ਲਈ ਤੱਤਪਰ ਹੈ। 'ਕਾਲਾ ਟਿੱਕਾ' ਨਾਲ ਸੰਬੰਧਿਤ ਕਵਿਤਾਵਾਂ ਵੀ ਪ੍ਰਸੰਗਿਕ ਸੁੰਦਰਤਾ ਨੂੰ ਨਿਹਾਰਨ ਦਾ ਵਸੀਲਾ ਹਨ। ਕਾਦਰ ਦੀ ਕੁਦਰਤ 'ਚ ਕੋਈ ਵੀ ਰਚਨਾ ਬੇ-ਢੱਬੀ ਜਾਂ ਫਜ਼ੂਲ (ਫਾਲਤੂ) ਨਹੀਂ ਹੈ। 'ਪੰਜਾਬ' ਕਵਿਤਾ ਦੀਆਂ ਇਹ ਸਤਰਾਂ ਵਿਸ਼ੇਸ਼ ਧਿਆਨ ਦੀ ਮੰਗ ਕਰਦੀਆਂ ਹਨ : 'ਐਨਾ ਵੀ/ਕਾਲਾ ਨਹੀਂ/ ਰੰਗ ਮੇਰਾ / ਕਿ ਤੁਸੀਂ / ਮੈਨੂੰ / ਚਿੱਟੇ ਲੀੜੇ / ਪਹਿਨਾ /ਦਿਓ' ਇਸ ਕਾਵਿ-ਸੰਗ੍ਰਹਿ ਦੇ ਕਾਵਿ-ਪਾਤਰ, ਬੋਲੀ, ਸ਼ੈਲੀ ਪੰਜਾਬੀ ਜਨ-ਜੀਵਨ ਦੀ ਦਰਿਆ ਵਰਗੀ ਵਿਸ਼ਾਲਤਾ ਨੂੰ ਮੱਦ-ਏ-ਨਜ਼ਰ ਰੱਖਦਿਆਂ ਉਮੀਦ ਦਾ ਪੱਲਾ ਫੜੀ ਰੱਖਣ ਦੀ ਪ੍ਰੇਰਨਾ ਦਿੰਦੇ ਹਨ।

-ਪ੍ਰੋ. ਸੰਧੂ ਵਰਿਆਣਵੀ
ਮੋਬਾਈਲ : 98786-14096

ਛੱਜੂ ਖੁਰੀਆਂ ਵਾਲਾ
ਲੇਖਕ : ਡਾ. ਮਨਜੀਤ ਸਿੰਘ ਮਝੈਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 112
ਸੰਪਰਕ : 98144-07940

ਕਵਿਤਾ ਤੋਂ ਕਹਾਣੀ ਦੇ ਖੇਤਰ ਵੱਲ ਆਏ ਕਹਾਣੀਕਾਰ ਮਨਜੀਤ ਸਿੰਘ ਦੇ 10 ਕਹਾਣੀਆਂ ਵਾਲੇ ਇਸ ਕਹਾਣੀ-ਸੰਗ੍ਰਹਿ ਨੂੰ ਆਦਰਸ਼ ਸਮਾਜ ਅਤੇ ਆਦਰਸ਼ ਜ਼ਿੰਦਗੀ ਨੂੰ ਸਿਰਜਣ ਵਾਲੀ ਕਹਾਣੀ ਦੀ ਪੇਸ਼ਕਾਰੀ ਕਰਨ ਵਾਲਾ ਕਿਹਾ ਜਾ ਸਕਦਾ ਹੈ, ਕਿਉਂਕਿ ਇਸ ਵਿਚ ਸ਼ਾਮਿਲ ਕਹਾਣੀਆਂ ਕਿਸੇ ਨਾ ਕਿਸੇ ਆਦਰਸ਼ ਨੂੰ ਲੈ ਕੇ ਨਿਭਦੀਆਂ ਨਜ਼ਰ ਆਉਂਦੀਆਂ ਹਨ। ਭਾਵੇਂ ਉਹ ਆਦਰਸ਼ ਸਮਾਜ ਸੁਧਾਰ ਦਾ ਹੋਵੇ, ਸਮਾਜਿਕ ਅਨਿਆਂ ਦੇ ਖਿਲਾਫ਼ ਹੋਵੇ ਜਾਂ ਫਿਰ ਜਾਨਵਰਾਂ ਵਿਚ ਵੀ ਸੰਵੇਦਨਾਂ ਨੂੰ ਸਮਝਣ ਸਮਝਾਉਣ ਦਾ। ਬਾਹਰੀ ਧਰਾਤਲ 'ਤੇ ਵਿਚਰਦੀਆਂ ਇਨ੍ਹਾਂ ਕਹਾਣੀਆਂ ਦੇ ਪਾਤਰ ਜਦੋ-ਜਹਿਦ ਕਰਦੇ ਹਨ, ਅਨਿਆਂ ਦੇ ਖਿਲਾਫ਼ ਲੜਨਾ ਚਾਹੁੰਦੇ ਹਨ ਪਰ ਚੁੱਪ ਰਹਿ ਜਾਂਦੇ ਹਨ ਮਾਨਸਿਕ ਦਵੰਦ ਵੀ ਭੋਗਦੇ ਹਨ ਪਰ ਕੋਈ ਆਵਾਜ਼ ਨਹੀਂ ਉਠਾਉਂਦੇ। ਹਾਲਾਤ ਅਤੇ ਪ੍ਰਸਥਿਤੀਆਂ ਉਨ੍ਹਾਂ ਨੂੰ ਇਸ ਕਦਰ ਆਪਣੀ ਲਪੇਟ ਵਿਚ ਲੈਂਦੀਆਂ ਹਨ ਕਿ ਉਹ ਚਾਹ ਕੇ ਵੀ ਆਪਣਾ ਆਪ ਨਹੀਂ ਪ੍ਰਗਟਾ ਪਾਉਂਦੇ। ਕਹਾਣੀਕਾਰ ਦੇ ਆਪਣੇ ਸ਼ਬਦਾਂ ਵਿਚ ਉਸ ਦੀਆਂ ਕਹਾਣੀਆਂ ਵਿਸ਼ਿਆਂ ਦਾ ਯਥਾਰਥ ਚਿਤਰਨ ਦੀ ਕੋਸ਼ਿਸ਼ ਕਰਦੀਆਂ ਹਨ ਪਰ ਇਸ ਯਥਾਰਥ ਵਿਚ ਆਦਰਸ਼ਕ ਸੁਰ ਵਧੇਰੇ ਭਾਰੂ ਨਜ਼ਰ ਆਉਂਦਾ ਹੈ। ਜਿਵੇਂ ਕਿ ਕਹਾਣੀ ਭੰਗੜ, ਫਾਇਰਮੈਨ, ਕੁੱਤਿਆਂ ਵਾਲੇ ਦੇ ਨਾਇਕ ਆਦਰਸ਼ਕ ਹਨ, ਆਪਣੇ ਕੰਮ ਪ੍ਰਤੀ ਜ਼ਿੰਮੇਵਾਰ, ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰਨ ਵਾਲੇ ਅਤੇ ਸੰਵੇਦਨਾ ਭਰਪੂਰ। ਪਰ ਉਹ ਸਾਰੇ ਕਿਤੇ ਵੀ ਸੰਘਰਸ਼ ਕਰਦੇ ਨਜ਼ਰ ਨਹੀ ਆਉਂਦੇ ਮਾਨਸਕ ਜਦੋ-ਜਹਿਦ ਕਾਫ਼ੀ ਕਰਦੇ ਹਨ। ਜਿਵੇਂ ਭੰਗੜ ਦੇ ਅੰਦਰੋਂ ਕੰਮ ਕਰਨ ਦਾ ਚਾਅ ਅਤੇ ਪਰਮਜੀਤ ਦੇ ਅੰਦਰੋਂ ਰੇਲ ਦਾ ਚਾਅ ਪੂਰੀ ਤਰ੍ਹਾਂ ਮੁੱਕ ਜਾਂਦਾ ਹੈ। ਛੱਜੂ ਖੁਰੀਆਂ ਵਾਲਾ ਦਾ ਛੱਜੂ ਆਪਣਾ ਪਰਿਵਾਰ ਗਵਾਉਣ ਤੋਂ ਬਾਅਦ ਨਜ਼ਮਾਂ ਦੇ ਸਾਥ ਨਾਲ ਫਿਰ ਤੋਂ ਜਿਊਣਾ ਸ਼ੁਰੂ ਕਰਦਾ ਹੈ ਪਰ ਨਜ਼ਮਾਂ ਨੂੰ ਗੁਆਉਣ ਤੋਂ ਬਾਅਦ ਉਹ ਆਪਣੇ ਘਰ ਨੂੰ ਇਕ ਆਸ਼ਰਮ ਵਿਚ ਬਦਲ ਦਿੰਦਾ ਹੈ ਅਤੇ ਉਸ ਦਾ ਵਿਦੇਸ਼ੋਂ ਪਰਤਿਆ ਪੁੱਤਰ ਪੱਕੇ ਘਰ ਨੂੰ ਦੇਖ ਕੇ ਖੁਸ਼ ਹੁੰਦਾ ਹੈ। ਕਹਾਣੀ ਸਵਾਰਥ ਰਹਿਤ ਮੋਹ, ਪਿਆਰ ਦੇ ਰਿਸ਼ਤਿਆਂ ਨੂੰ ਪੇਸ਼ ਕਰਦੀ ਹੈ। ਸਟੇਟਸ ਕਹਾਣੀ ਬਹੁਤ ਸਾਰੇ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਜਿਸ ਵਿਚ ਆਧੁਨਿਕਤਾ ਦਾ ਅਜੋਕੇ ਜੀਵਨ 'ਤੇ ਅਸਰ, ਮਾਂ-ਬਾਪ ਅਤੇ ਬੱਚਿਆਂ ਵਿਚਕਾਰ ਪਾੜਾ, ਝੂਠੀ ਸ਼ਾਨੋ ਸ਼ੌਕਤ, ਸਾਦਾ ਜੀਵਨ ਦੀ ਇਬਾਰਤ ਨੂੰ ਲਾਲਾ ਜੀ ਦੀ ਮਨਬਚਨੀ ਰਾਹੀਂ ਬਹੁਤ ਖ਼ੂਬਸੂਰਤੀ ਨਾਲ ਬਿਆਨਿਆ ਗਿਆ ਹੈ। ਪੰਜ ਦਿਨਾਂ ਦਾ ਸਫਰ ਇਕ ਵੱਖਰੇ ਅਹਿਸਾਸ ਵਾਲੀ ਕਹਾਣੀ ਹੈ, ਜਿਸ ਵਿਚ ਅਧਿਆਤਮਕਤਾ ਦਾ ਸੁਰ ਭਾਰੂ ਹੈ। ਕਿਤੇ-ਕਿਤੇ ਕਹਾਣੀ ਥੋੜ੍ਹੀ ਰੜਕਦੀ ਹੈ ਪਰ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦਾ ਸਫਰ ਬਿਆਨਦੀ ਇਸ ਕਹਾਣੀ ਦਾ ਰੰਗ ਅਨੋਖਾ ਹੈ। ਅਤੀਤ ਦੇ ਜ਼ਖਮ ਜਦੋਂ ਗ਼ਲਤੀ ਨਾਲ ਵੀ ਕਦੇ ਛਿੱਲੇ ਜਾਣ ਤਾਂ ਇਨਸਾਨ ਨੂੰ ਆਪਣੇ ਪਿੰਡੇ 'ਤੇ ਹੰਢਾਏ ਸਾਰੇ ਅਹਿਸਾਸ ਦੁਬਾਰਾ ਹੰਢਾਉਣੇ ਪੈ ਜਾਂਦੇ ਹਨ। ਕੌਣ ਬੰਧਾਵੇ ਧੀਰ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ ਜਿਸ ਦਾ ਮੁੱਖ ਪਾਤਰ ਟੀ. ਵੀ. 'ਤੇ ਖ਼ਬਰਾਂ ਦੇਖ 84 ਦੇ ਆਪਣੇ ਜ਼ਖਮਾਂ ਵਿਚ ਫਿਰ ਤੋਂ ਟੀਸ ਉੱਠਦੀ ਮਹਿਸੂਸ ਕਰਦਾ ਹੈ। ਕਹਾਣੀਕਾਰ ਦੀ ਸ਼ੈਲੀ ਸਰਲ ਹੈ, ਜਿਸ ਵਿਚ ਉਹ ਆਪਣੇ ਪਾਤਰਾਂ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ।

-ਡਾ. ਸੁਖਪਾਲ ਕੌਰ ਸਮਰਾਲਾ
ਮੋਬੀਲ : 83606-83823

 

11-02-2024

 ਮੋਰ ਪੈਲ ਕਿਉਂ ਨਹੀਂ ਪਾਉਂਦੇ
ਲੇਖਕ : ਗੁਰਮੀਤ ਕੜਿਆਲਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 196
ਸੰਪਰਕ : 81461-00994

ਗੁਰਮੀਤ ਕੜਿਆਲਵੀ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸ ਦੀਆਂ ਕਹਾਣੀਆਂ ਦੀ ਸਾਹਿਤਕ ਸੱਥਾਂ ਵਿਚ ਵਿਚਾਰ-ਚਰਚਾ ਚਲਦੀ ਰਹਿੰਦੀ ਹੈ। ਉਸ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ 2023 ਦਾ 'ਬਾਲ ਸਾਹਿਤ ਪੁਰਸਕਾਰ' ਪੁਸਤਕ 'ਸੱਚੀ ਦੀ ਕਹਾਣੀ' ਨੂੰ ਮਿਲ ਚੁੱਕਾ ਹੈ। ਪ੍ਰਿੰਸੀਪਲ ਸੁਜਾਨ ਸਿੰਘ ਤੇ ਪ੍ਰੀਤਲੜੀ ਪੁਰਸਕਾਰ ਸਮੇਤ ਕਈ ਸਨਮਾਨ ਮਿਲ ਚੁੱਕੇ ਹਨ। ਉਸ ਦੀਆਂ ਰਚਨਾਵਾਂ ਹਿੰਦੀ, ਮਰਾਠੀ, ਗੁਜਰਾਤੀ, ਸ਼ਾਹਮੁਖੀ ਵਿਚ ਲਿਪੀਅੰਤਰ ਹੋ ਚੁੱਕੀਆਂ ਹਨ। 'ਆਤੂ ਖੋਜੀ' ਉਤੇ ਲਘੂ ਫ਼ਿਲਮ ਬਣ ਚੁੱਕੀ ਹੈ। ਬਹੁਤ ਸਾਰੀਆਂ ਕਹਾਣੀਆਂ ਦਾ ਨਾਟਕੀਕਰਨ ਵੀ ਹੋ ਚੁੱਕਾ ਹੈ। 5 ਕਹਾਣੀ ਸੰਗ੍ਰਹਿ, ਇਕ ਨਾਵਲ, 4 ਵਾਰਤਿਕ ਪੁਸਤਕਾਂ, 8 ਬਾਲ ਸਾਹਿਤ ਪੁਸਤਕਾਂ, ਕਵਿਤਾ ਅਤੇ ਅਨੁਵਾਦ ਪ੍ਰਾਪਤ ਹੁੰਦਾ ਹੈ।
ਕਹਾਣੀ ਸੰਗ੍ਰਹਿ 'ਮੋਰ ਪੈਲ ਕਿਉਂ ਨਹੀਂ ਪਾਉਂਦੇ' ਵਿਚ 12 ਕਹਾਣੀਆਂ ਨਿੱਕੇ ਅੰਬਰ 'ਤੇ ਵੱਡੀ ਉਡਾਰੀ, ਚੱਲ ਟਿਮ ਹੌਰਟਨ ਚੱਲੀਏ, ਅਜਿਹਾ, ਬਸੰਤ, ਰੱਬ ਜੀ, ਜਿਊਂਦਾ ਰਹਿ ਵੇ ਬੱਚੜਿਆ, ਮੋਰ ਪੈਲ ਕਿਉਂ ਨਹੀਂ ਪਾਉਂਦੇ, ਧੂੰਆਂ, ਪਿੰਡ ਆਏ ਨ੍ਹੀਂ ਮਰਦਾ, ਓਅਨਾ ਓਤਵਾਇਰ, ਸਿੱਧਾ ਬੰਦਾ ਤੇ ਦਰੌਣਾਚਾਰੀਆ ਆਦਿ ਹਨ। ਕਹਾਣੀਆਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ, ਮਿਥਿਹਾਸਕ ਤੇ ਇਤਿਹਾਸਕਤਾ ਅਧੀਨ ਮਨੁੱਖੀ ਜੀਵਨ ਸ਼ੈਲੀ ਦੇ ਵਰਤਾਰਿਆਂ ਉਤੋਂ ਪੈਂਦੇ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦੇ ਹਨ। ਕਹਾਣੀ 'ਮੋਰ ਪੈਲ ਕਿਉਂ ਨਹੀਂ ਪਾਉਂਦੇ' ਵਿਚ ਦਲਿਤ ਸਮਾਜ ਪੀੜ੍ਹੀ-ਦਰ-ਪੀੜ੍ਹੀ ਹੋ ਰਹੇ ਸ਼ੋਸ਼ਣ ਨੂੰ ਰੂਪਮਾਨ ਕੀਤਾ ਗਿਆ ਹੈ। ਪਿੰਡ ਤੋਂ ਦੂਰ ਜਾ ਕੇ ਸ਼ਹਿਰ ਰਹਿਣ ਦਾ ਸੰਤਾਪ, ਪਛਾਣ ਦਾ ਮਸਲਾ, ਜਾਤ-ਪ੍ਰਣਾਲੀ ਦੀ ਕੱਟੜਤਾ, ਸਮਾਜਿਕ ਬਣਤਰ, ਦਲਿਤਾਂ ਦੀ ਹੋਣੀ, ਔਰਤਾਂ ਦੀਆਂ ਦਮਿਤ ਭਾਵਨਾਵਾਂ, ਪੜ੍ਹੀ-ਲਿਖੀ ਸ਼੍ਰੇਣੀ ਦਾ ਮੂਕ ਦਰਸ਼ਕ ਬਣੇ ਰਹਿਣ ਬਾਰੇ ਤੱਥ ਪ੍ਰਾਪਤ ਹੁੰਦੇ ਹਨ। ਪਾਤਰ ਪਾਰੋ ਦਲਿਤ ਸਮਾਜ ਦੀਆਂ ਕੁੜੀਆਂ ਦੀ ਹੋਣੀ ਨੂੰ ਰੂਪਮਾਨ ਕਰਦੀ ਹੈ।
'ਬਸ ਸਾਡੀਆਂ ਗ਼ਰੀਬਾਂ ਦੀਆਂ ਐਮੇਂ ਰੀਝਾਂ ਈ ਹੁੰਦੀਆਂ, ਹੋਰ ਏਹਨਾਂ ਵਿਚਾਰਿਆਂ ਕਿਹੜਾ ਸਾਡੇ ਲਈ ਪੈਲਾਂ ਪਾਉਣੀਆਂ।' ਜਾਤ ਪ੍ਰਣਾਲੀ ਦੀ ਕੱਟੜਤਾ ਹਰੇਕ ਸਮਾਜ ਵਿਚ ਮੌਜੂਦ ਰਹੀ ਹੈ। ਅਨਪੜ੍ਹਤਾ ਕਾਰਨ ਇਸ ਨੇ ਵਿਕਰਾਲ ਰੂਪ ਧਾਰਨ ਕੀਤਾ ਪਰ ਕਹਾਣੀ ਵਿਚ ਜਾਤ ਪ੍ਰਣਾਲੀ ਦੀ ਸਮੱਸਿਆ ਉਦੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਹੈ, ਜਦ ਉੱਚ-ਸਿੱਖਿਆ ਪ੍ਰਾਪਤ ਤੇ ਪ੍ਰਿੰਸੀਪਲ ਦੇ ਅਹੁਦੇ ਉਥੋਂ ਬਿਰਾਜਮਾਨ ਜਗਦੇਵ ਸਿੰਘ ਵਰਗੇ ਜਿਨ੍ਹਾਂ ਸਿੱਖਿਆ ਰਾਹੀਂ ਵਿਦਿਆਰਥੀਆਂ ਦੇ ਜੀਵਨ ਵਿਚੋਂ ਜਾਤ-ਪ੍ਰਣਾਲੀ ਨੂੰ ਖ਼ਤਮ ਕਰਨਾ ਸੀ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਮਨੁੱਖਤਾ ਨੂੰ ਜੋੜਨਾ ਸੀ, ਉਹ ਵੀ ਮੂਕ ਦਰਸ਼ਕ ਬਣ ਜਾਂਦੇ ਹਨ। ਜਗਦੇਵ ਸਿੰਘ ਨੂੰ ਜਾਤ ਪ੍ਰਣਾਲੀ ਤੋਂ ਉੱਪਰ ਉੱਠ ਕੇ ਭਣੇਵੀਂ ਵਜੋਂ ਦਲਿਤ ਭਾਈਚਾਰੇ ਨਾਲ ਸੰਬੰਧਿਤ ਲੜਕੇ ਨਾਲ ਵਿਆਹ ਕਰਵਾਉਣ ਦੇ ਹੱਕ ਵਿਚ ਖੜ੍ਹਨਾ ਚਾਹੀਦਾ ਸੀ, ਪਰ ਉਹ ਵੀ ਆਪਣੇ ਕਰਤੱਵ ਤੋਂ ਕੰਨੀ ਕਤਰਾਉਂਦਾ ਹੈ। ਪਤਨੀ ਦੇ ਬੋਲ:
'ਫੇਰ ਵੀ ਸ਼ੁਕਰ ਐ ਮੈਂ ਤਾਂ ਡਰਦੀ ਰਹੀ ਕਿਤੇ ਰਵਨੀਤ ਦੇ ਹੱਕ ਵਿਚ ਭਾਸ਼ਨ ਨਾ ਦੇਣ ਲੱਗ ਪਵੋ।'
ਪੜ੍ਹੀ-ਲਿਖੀ ਸ਼੍ਰੇਣੀ ਵੀ ਹੱਕ-ਸੱਚ ਲਈ ਆਵਾਜ਼ ਨਹੀਂ ਉਠਾਉਂਦੀ ਤਾਂ ਆਮ ਮਨੁੱਖ ਦੀ ਹਾਲਤ ਤਾਂ ਇਸ ਤੋਂ ਵੀ ਬਦਤਰ ਹੈ। ਕਹਾਣੀ 'ਨਿੱਕੇ ਅੰਬਰ 'ਤੇ ਵੱਡੀ ਉਡਾਰੀ' ਵਿਚ ਵੇਸ਼ਵਾਗਮਨੀ ਵਿਚ ਵੀ ਆਸ ਦੀ ਕਿਰਨ ਤੇ ਸਾਕਾਰਾਤਮਿਕ ਦ੍ਰਿਸ਼ਟੀਕੋਣ ਰੂਪਮਾਨ ਹੁੰਦਾ ਹੈ। ਚਿੱਕੜ ਵਿਚ ਕਮਲ ਫੁੱਲ ਵਾਂਗ ਜੈਸਿਕਾ ਦੀ ਜੀਵਨ ਸ਼ੈਲੀ ਦਾ ਬਿਰਤਾਂਤ:
'ਅੰਬਰ ਨਿੱਕਾ ਹੋਵੇ ਜਾਂ ਵੱਡਾ, ਕੋਈ ਫ਼ਰਕ ਨਹੀਂ ਪੈਂਦਾ, ਜੇ ਮਨ ਵਿਚ ਉੱਡਣ ਦਾ ਚਾਅ ਹੋਵੇ ਨਿੱਕੇ ਅੰਬਰ 'ਤੇ ਵੀ ਉੱਚੀ ਉਡਾਰੀ ਭਰੀ ਜਾ ਸਕਦੀ ਹੈ।'
ਗੁਰਮੀਤ ਕੜਿਆਲਵੀ ਦੀਆਂ ਕਹਾਣੀਆਂ ਵਿਚ ਉਸ ਦੇ ਜੀਵਨ ਤਜਰਬਿਆਂ ਦੀ ਛੋਹ ਤੇ ਸਮਾਜ ਵਿਚ ਘਟਿਤ ਘਟਨਾਵਾਂ ਦੀ ਥਾਹ ਪ੍ਰਾਪਤ ਹੁੰਦੀ ਹੈ। ਪੁਸਤਕ ਦੀਆਂ ਕਹਾਣੀਆਂ ਗ੍ਰਹਿਣ ਅਧਿਐਨ ਦੀ ਮੰਗ ਕਰਦੀਆਂ ਹਨ, ਤਾਂ ਜੋ ਸਿਸਟਮ ਦੀਆਂ ਪੇਚਦੀਗੀਆਂ ਨੂੰ ਸਮਝਿਆ ਜਾ ਸਕੇ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਫੇਸਬੁੱਕ ਬਨਾਮ ਕਲੇਸ਼ ਬੁੱਕ
ਲੇਖਕ : ਤਰਸੇਮ ਸਿੰਘ ਭੰਗੂ
ਪ੍ਰਕਾਸ਼ਕ : ਤਕਦੀਰ ਪ੍ਰਕਾਸ਼ਨ, ਗੁਰਦਾਸਪੁਰ
ਮੁੱਲ : 200 ਰੁਪਏ, ਸਫ਼ੇ : 107
ਸੰਪਰਕ : 94656-56214

ਤਰਸੇਮ ਸਿੰਘ ਭੰਗੂ ਮੂਲ ਰੂਪ ਵਿਚ ਕਹਾਣੀਕਾਰ ਹੈ। ਉਸ ਨੇ ਚਾਰ-ਪੰਜ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ਆਲੋਚਕਾਂ ਵਿਚ ਚੰਗੀ ਥਾਂ ਬਣਾ ਲਈ ਹੋਈ ਹੈ। ਪਿਛਲੇ ਕੁਝ ਅਰਸੇ ਤੋਂ ਉਹ ਪੰਜਾਬੀ ਹਾਸ-ਵਿਅੰਗ ਵੱਲ ਵੀ ਰੁਚਿਤ ਹੋਇਆ ਹੈ। ਉਸ ਦੇ ਵਿਅੰਗ ਲੇਖ ਅਕਸਰ ਹੀ ਐਤਵਾਰੀ ਪਰਚਿਆਂ 'ਚ ਛਪਦੇ ਰਹਿੰਦੇ ਹਨ।
'ਫੇਸਬੁੱਕ ਬਨਾਮ ਕਲੇਸ਼ ਬੁੱਕ' ਉਸ ਦਾ ਪਲੇਠਾ ਹਾਸ-ਵਿਅੰਗ ਸੰਗ੍ਰਹਿ ਹੈ, ਜਿਸ ਵਿਚ ਉਸ ਨੇ ਆਪਣੇ ਰੰਗ-ਬਿਰੰਗੇ 28 ਲੇਖ ਸ਼ਾਮਿਲ ਕੀਤੇ ਹਨ।
ਪਹਿਲੀ ਗੱਲ ਤਾਂ ਉਸ ਨੇ ਆਪਣੇ ਲੇਖਾਂ ਵਿਚ ਅੱਜ ਦੇ ਯਥਾਰਥ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹ ਰੋਜ਼ਮਰ੍ਹਾ ਦੀਆਂ ਕਦਰਾਂ-ਕੀਮਤਾਂ 'ਤੇ ਪੈਦਾ ਹੋ ਰਹੀ ਵਿਸੰਗਤੀਆਂ ਨੂੰ ਫੜਨ ਦਾ ਯਤਨ ਕਰਦਾ ਹੈ। ਉਸ ਦੇ ਵਿਸ਼ੇ ਬਿਲਕੁਲ ਨਵੇਂ ਨਕੋਰ ਹਨ। ਘਿਸੇ-ਪਿਟੇ ਵਿਸ਼ਿਆਂ ਨੂੰ ਉਹ ਆਪਣੇ ਲੇਖਾਂ ਦੇ ਨੇੜੇ ਨਹੀਂ ਲੱਗਣ ਦਿੰਦਾ।
ਨਾਵਾਂ-ਕੁਨਾਵਾਂ ਦੀ ਇਕ ਪੂਰੀ ਗੈਲਰੀ ਦੀ ਗੈਲਰੀ ਉਸ ਦੇ ਵਿਅੰਗ ਲੇਖਾਂ ਵਿਚ ਉਸਾਰੀ ਗਈ ਹੈ। ਭਾਨਾ ਭੁੱਖੜ, ਘੁੱਦਾ ਘੁੰਨਤਰੀ, ਚਤਰਾ ਚੂੰਢੀ, ਜੀਤਾ ਜੁਗਾੜੀ ਅਜਿਹੇ ਕੁ ਨਾਂਅ ਹਨ ਜਿਨ੍ਹਾਂ ਨੂੰ ਪੜ੍ਹਦਿਆਂ-ਸੁਣਦਿਆਂ ਹੀ ਹਾਸਾ ਛੁੱਟ-ਛੁੱਟ ਪੈਂਦਾ ਹੈ। ਅੱਜਕਲ੍ਹ ਇੰਟਰਨੈੱਟ ਤੇ ਫੇਸਬੁੱਕ ਦਾ ਜ਼ਮਾਨਾ ਹੈ। ਆਪਣੇ ਨਵੇਂ-ਨਕੋਰ ਵਿਸ਼ਿਆਂ ਵਿਚ ਉਹ 'ਫੇਸਬੁੱਕੀ ਜਿਊਂਦਾ', 'ਫੇਸਬੁੱਕ ਬਨਾਮ ਕਲੇਸ਼ ਬੁੱਕ' ਆਦਿ ਨੂੰ ਵੀ ਸ਼ਾਮਿਲ ਕਰਦਾ ਹੈ। ਕੋਰੋਨਾ ਬਾਰੇ ਵੀ ਉਹ 'ਜਦੋਂ ਕੋਰੋਨਾ ਸਿਰ ਚੜ੍ਹ ਬੋਲਿਆ' ਜਿਹੇ ਲੇਖ ਸ਼ਾਮਿਲ ਕਰਦਾ ਹੈ।
ਉਸ ਦੇ ਲੇਖਾਂ ਵਿਚ ਪੰਜਾਬੀ ਮੁਹਾਵਰੇ, ਅਖਾਣਾਂ, ਟੋਟਕੇ ਅਤੇ ਤਸਬੀਹਾਂ ਦੀ ਭਰਮਾਰ ਹੈ। ਇਹ ਅਖਾਣਾਂ ਅਤੇ ਮੁਹਾਵਰੇ ਉਸ ਦੇ ਲੇਖਾਂ ਵਿਚ ਰੌਚਿਕਤਾ ਪੈਦਾ ਕਰਦੇ ਹਨ। ਉਹ ਸਮਾਜ ਤੋਂ ਰਾਜਨੀਤੀ ਵੱਲ ਸਫ਼ਰ ਕਰਨ ਵਾਲਾ ਵਿਅੰਗਕਾਰ ਹੈ। ਉਸ ਦੇ ਲੇਖਾਂ ਦੀ ਭਾਸ਼ਾ ਚਟਪਟੀ ਹੈ, ਬੋਲਚਾਲ ਵਾਲੀ ਹੈ ਤੇ ਵਿਅੰਗ ਪਾਤਰ ਦੇ ਸਿਰ ਚੜ੍ਹ ਬੋਲਦਾ ਹੈ। ਉਸ ਤੋਂ ਹੋਰ ਵਧੇਰੇ ਚੰਗੇ ਵਿਅੰਗਾਂ ਦੀ ਉਮੀਦ ਕੀਤੀ ਜਾ ਸਕਦੀ ਹੈ। ਪੁਸਤਕ ਰੌਚਕ ਤੇ ਪੜ੍ਹਨਯੋਗ ਹੈ।

-ਕੇ.ਐਲ. ਗਰਗ
ਮੋਬਾਈਲ : 94635-37050

ਸਿਆਣੇ ਕਹਿੰਦੇ ਨੇ
ਸੰਪਾਦਕ : ਜਰਨੈਲ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 199, ਸਫ਼ੇ : 72
ਸੰਪਰਕ : 98152-98459

ਹਥਲੀ ਪੁਸਤਕ ਵਾਰਤਕ ਨਹੀਂ ਅਤੇ ਨਾ ਹੀ ਕਵਿਤਾ ਹੈ ਪਰ ਇਹ ਖੁੱਲ੍ਹੀ ਕਵਿਤਾ ਵਰਗਾ ਅਹਿਸਾਸ ਪੈਦਾ ਕਰਦੀ ਹੈ। ਪੰਜਾਬੀ ਸਾਹਿਤ ਵਿਚ ਸਿਆਣਪਾਂ ਦਾ ਲੇਖਨ ਵੀ ਇਕ ਵਿਧਾ ਵਾਂਗ ਸਾਹਮਣੇ ਆਇਆ ਹੈ। ਸ. ਨਰਿੰਦਰ ਸਿੰਘ ਕਪੂਰ ਨੇ ਇਸ ਵਿਧਾ ਨੂੰ ਚਰਮ ਸੀਮਾ ਤੱਕ ਪਹੁੰਚਾਇਆ ਹੈ। ਇਹ ਸਿਆਣਪਾਂ ਇਕ ਵਾਕ ਤੋਂ ਲੈ ਕੇ ਤਿੰਨ ਚਾਰ ਵਾਕਾਂ ਤੱਕ ਹੀ ਆਕਾਰ ਦੀਆਂ ਹਨ। ਜ਼ਿੰਦਗੀ ਵਿਚ ਸੁਕਰਾਤ ਨੇ ਬਹੁਤ ਸਾਰੀਆਂ ਸਿਆਣਪਾਂ ਲੋਕਾਂ ਨੂੰ ਦਿੱਤੀਆਂ। ਕਹਿੰਦੇ ਨੇ ਕਿ ਜਦ ਰਾਵਣ ਮਰਨ ਲੱਗਾ ਤਾਂ ਲਕਛਮਣ ਨੇ ਉਸ ਤੋਂ ਸਿੱਖਿਆ ਲਈ ਕੁਝ ਸ਼ਬਦ ਮੰਗੇ। ਰਾਵਨ ਕਿਉਂਕਿ ਚਾਰ ਵੇਦ ਪੜ੍ਹਿਆ ਪੰਡਿਤ ਸੀ। ਉਸ ਨੇ ਇਹ ਸਿਆਣਪ ਲਕਛਮਣ ਨੂੰ ਦਿੱਤੀ ਕਿ ਜੋ ਤੁਸੀਂ ਕੰਮ ਕਰਨਾ ਧਾਰ ਲਿਆ, ਉਸ ਨੂੰ ਕਰਨ ਸਮੇਂ 'ਸੱਜੇ ਨੂੰ ਖੱਬਾ ਨਾ ਉਡੀਕੇ', ਭਾਵ ਕਈ ਕਾਰਜ ਐਸੇ ਹੁੰਦੇ ਹਨ ਜੋ ਸਲਾਹੀਂ ਪੈ ਕੇ ਵਿਗੜ ਜਾਂਦੇ ਹਨ। 'ਇਕ ਅਤੇ ਇਕ ਗਿਆਰਾਂ ਹੁੰਦੇ ਹਨ' ਇਹ ਵੀ ਸਿਆਣਪ ਹੈ ਕਿਉਂਕਿ ਦੋ ਏਕੇ ਹੇਠ ਉੱਪਰ (ਲੜਦੇ) ਨਾ ਹੋਣ ਅਤੇ ਨਾਲ-ਨਾਲ ਖਲੋਣ ਤਾਂ 11 ਹੋ ਜਾਂਦੇ ਹਨ।
ਇਹ ਸਿਆਣਪਾਂ ਲੋਕ ਗੀਤਾਂ ਵਾਂਗ ਜਾਂ ਕਹਾਵਤਾਂ ਵਾਂਗ ਕਿਸੇ ਇਕ ਸਿਆਣੇ ਦੀ ਸਿਰਜਣਾ ਨਹੀਂ ਹੁੰਦੀਆਂ ਸਗੋਂ ਪੀੜ੍ਹੀ-ਦਰ-ਪੀੜ੍ਹੀ ਅਤੇ ਹਿੱਕ-ਦਰ-ਹਿਕ ਤੁਰ ਕੇ ਇਹ ਸਿਆਣਪਾਂ ਕੁੰਦਨ ਰੂਪ ਅਖ਼ਤਿਆਰ ਕਰਦੀਆਂ ਹਨ। ਸੰਪਾਦਕ ਜਰਨੈਲ ਸਿੰਘ ਨੇ ਬਹੁਤ ਸਾਰੀਆਂ ਸਿਆਣਪਾਂ ਤਾਂ ਬਾਲ ਉਪੇਦਸ਼ ਵਾਂਗ ਹੀ 'ਸਿਆਣੇ ਕਹਿੰਦੇ ਨੇ' ਦੇ ਸਟਾਈਲ ਵਿਚ ਕਹੀਆਂ ਨੇ ਪਰ ਬਹੁਤ ਹੋਰ ਸਿੱਧੀਆਂ ਹੀ ਲਿਖ ਦਿੱਤੀਆਂ ਹਨ। ਉਸ ਨੇ ਇਨ੍ਹਾਂ ਸਿਆਣਪਾਂ ਦੇ ਕਿਸੇ ਵੀ ਸਿਰਜਕ ਦਾ ਨਾਂਅ ਨਹੀਂ ਦਿੱਤਾ। ਆਓ ਇਸ ਪੁਸਤਕ ਦੀਆਂ ਸੰਸਾਰ ਪੱਧਰੀ ਸਿੱਖਿਆ ਪ੍ਰਦਾਨ ਕਰਦੀਆਂ ਕੁਝ ਸਿਆਣਪਾਂ ਪੜ੍ਹਦੇ ਹਾਂ:
-ਕੋਸ਼ਿਸ਼ ਏਹੋ ਜਿਹੀ ਚੀਜ਼ ਹੈ ਜੋ ਤੁਹਾਨੂੰ ਕਾਮਯਾਬੀ ਦਾ ਰਾਹ ਦਿਖਾਉਂਦੀ ਹੈ।
-ਆਪਣੇ ਆਪ ਨੂੰ ਸ਼ਾਂਤ ਰੱਖਣਾ ਸਿੱਖੋ। ਅੱਧੀ ਲੜਾਈ ਤਾਂ ਸ਼ਾਂਤ ਰਹਿਆਂ ਮੁੱਕ ਜਾਂਦੀ ਹੈ।
-ਕੀ ਕਰਨਾ ਉਨ੍ਹਾਂ ਕਮਾਈਆਂ ਨੂੰ ਜਿਸ ਨਾਲ ਸੁਖ ਹੀ ਨਹੀਂ ਖਰੀਦੇ ਜਾ ਸਕਦੇ।
-ਜਿਨ੍ਹਾਂ ਲੋਕਾਂ ਨੇ ਜ਼ਿੰਦਗੀ ਵਿਚ ਕਾਮਯਾਬ ਹੋਣਾ ਹੁੰਦਾ, ਉਹ ਲੋਕ ਸੂਰਜ ਚੜ੍ਹਨ ਦਾ ਇੰਤਜ਼ਾਰ ਨਹੀਂ ਕਰਦੇ।
-ਖਾਮੋਸ਼ ਦਾ ਮਤਲਬ ਲਿਹਾਜ਼ ਹੁੰਦੈ ਪਰ ਕਈ ਲੋਕ ਇਸ ਨੂੰ ਤੁਹਾਡੀ ਕਮਜ਼ੋਰੀ ਸਮਝ ਲੈਂਦੇ ਨੇ।
-ਰਿਸ਼ਤੇ ਤੋੜਦਿਆਂ ਮਿੰਟ ਲਗਦੈ ਪਰ ਬਣਾਉਂਦਿਆਂ ਉਮਰਾਂ ਲੱਗ ਜਾਂਦੀਆਂ।
-ਜਦੋਂ ਤੁਹਾਡੀ ਜੇਬ੍ਹ ਵਿਚ ਮੋਰੀ ਹੋ ਜਾਏ ਤਾਂ ਉਸ ਵਿਚ ਦੀ ਕੇਵਲ ਪੈਸੇ ਨਹੀਂ, ਰਿਸ਼ਤੇ ਵੀ ਕਿਰ ਜਾਂਦੇ ਨੇ। ਪੁਸਤਕ ਪੜ੍ਹਨ ਵਾਲੀ ਹੈ ਖ਼ਾਸ ਕਰ ਬਚਪਨ ਤਿਆਗਦਿਆਂ ਲਈ।

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਪੰਜਾਬੀ ਗੀਤਕਾਰੀ ਸੰਦਰਭ ਅਤੇ ਸਰੋਕਾਰ
ਲੇਖਕ : ਡਾ. ਜਸਪਾਲ ਸਿੰਘ ਜੱਸੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 350 ਰੁਪਏ, ਸਫ਼ੇ : 208
ਸੰਪਰਕ : 98159-15898

ਪੰਜਾਬੀ ਗੀਤਕਾਰੀ ਨੇ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ। ਲੋਕ-ਗੀਤਾਂ ਦੀ ਹਰਮਨ ਪਿਆਰਤਾ ਨੇ ਪੰਜਾਬੀ ਗੀਤਕਾਰੀ ਨੂੰ ਬੁਲੰਦੀਆਂ ਪ੍ਰਦਾਨ ਕੀਤੀਆਂ ਹਨ। ਪੰਜਾਬੀਅਤ ਦਾ ਅਸਲ ਮੁਹਾਂਦਰਾ ਲੋਕ-ਗੀਤਾਂ 'ਚੋਂ ਪੜ੍ਹਿਆ ਜਾ ਸਕਦਾ ਹੈ। ਵਿਚਾਰ ਅਧੀਨ ਪੁਸਤਕ ਇਨ੍ਹਾਂ ਸੰਕਲਪਾਂ ਦੀ ਤਰਜਮਾਨੀ ਕਰਦੀ ਹੈ। ਡਾ. ਜਸਪਾਲ ਸਿੰਘ ਜੱਸੀ ਪੁਆਧ ਦਾ ਮਾਣ-ਮੱਤਾ ਗਾਇਕ, ਲੇਖਕ ਤੇ ਅਧਿਆਪਕ ਹੈ, ਜਿਸ ਨੂੰ ਵਿਰਸੇ 'ਚੋਂ ਗਾਇਕੀ ਦੀ ਗੁੜ੍ਹਤੀ ਮਿਲੀ। ਆਲੋਚਨਾ ਦੀ ਇਹ ਪੁਸਤਕ ਕਈ ਪੱਖੋਂ ਤੋਂ ਨਿਵੇਕਲੀ ਅਤੇ ਗੰਭੀਰ ਸਮੀਖਿਆ 'ਤੇ ਆਧਾਰਿਤ ਹੈ। ਇਸ ਪੁਸਤਕ ਤੋਂ ਪਹਿਲਾਂ ਡਾ. ਜੱਸੀ ਦੀਆਂ ਪੁਸਤਕਾਂ ਦਿਲਜਾਨੀਆਂ (ਗੀਤ-ਸੰਗ੍ਰਹਿ), ਇੰਦਰਜੀਤ ਹਸਨਪੁਰੀ ਦੀ ਗੀਤ-ਕਲਾ ਅਤੇ ਪੰਜਾਬੀ ਗੀਤਕਾਰੀ ਅਤੇ ਗਾਇਕੀ ਸਿਧਾਂਤਕ ਪਰਿਪੇਖ ਆਪਣੀ ਖੋਜ ਵਿਧੀ ਕਾਰਨ ਧਿਆਨ ਕੇਂਦਰਤ ਹੋਈਆਂ। ਗੀਤ ਕਦੇ ਮਰਦਾ ਨਹੀਂ, ਮਨੁੱਖ ਤੇ ਗੀਤ ਦਾ ਰਿਸ਼ਤਾ ਆਦਿ-ਕਾਲ ਤੋਂ ਨਾਲ-ਨਾਲ ਤੁਰਦਾ ਆ ਰਿਹਾ ਹੈ। ਇਸ ਸੰਕਲਪ ਨੂੰ ਡਾ. ਜੱਸੀ ਨੇ ਬਹੁਤ ਸੰਜੀਦਗੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਦੇ ਚਾਰ ਅਧਿਆਇ ਹਨ। ਅਧਿਆਇ ਪਹਿਲਾ ਪੰਜਾਬੀ ਗੀਤਕਾਰੀ ਅਤੇ ਗਾਇਕੀ : ਸਿਧਾਂਤਕ ਪਰਿਪੇਖ ਦੀ ਗੱਲ ਕਰਦਾ, ਜਿਸ 'ਚ ਗੀਤ ਤੇ ਪ੍ਰਗੀਤ, ਗ਼ਜ਼ਲ, ਰੁਬਾਈ, ਕਾਫ਼ੀ ਆਦਿ ਨਾਲ ਸਾਂਝ ਅਤੇ ਨਿਖੇੜਾ ਬਾਰੇ ਖੋਜ-ਵਿਧੀ ਨਾਲ ਪੱਛਮੀ ਅਤੇ ਪੰਜਾਬੀ ਵਿਦਵਾਨਾਂ ਦੇ ਵਿਚਾਰਾਂ ਰਾਹੀਂ ਵਿਆਖਿਆ ਕੀਤੀ ਗਈ ਹੈ। ਤੱਤ ਇਹ ਹੈ ਕਿ ਗੀਤ ਸਾਹਿਤ ਦਾ ਪੁਰਾਤਨ ਰੂਪ ਹੈ, ਜਿਸ ਦਾ ਸੰਗੀਤ ਅਤੇ ਗਾਇਨ ਨਾਲ ਗੂੜ੍ਹਾ ਸੰਬੰਧ ਹੈ। ਗੀਤਾਂ ਦਾ ਆਰੰਭ ਮਨੁੱਖੀ ਜੀਵਨ ਦੇ ਆਰੰਭ ਤੋਂ ਹੈ। ਗੁਰਬਾਣੀ ਅਤੇ ਭਗਤੀ ਕਾਵਿ ਆਪਣੇ-ਆਪ ਵਿਚ ਗਿਆਨ ਗੀਤ ਹੈ, ਜੋ ਰਾਗਾਂ ਅਤੇ ਸਾਜ਼ਾਂ ਦੇ ਸੁਮੇਲ ਦਾ ਪ੍ਰਗਟਾਵਾ ਹਨ। ਡਾ. ਜੱਸੀ ਨੇ ਇਸ ਅਧਿਆਇ ਵਿਚ ਗੀਤਕਾਰੀ ਦੇ ਸੁਭਾਅ ਅਤੇ ਸਰੂਪ ਨੂੰ ਗਾਇਨ, ਸਰੋਤਾ, ਸੰਗੀਤ ਤੇ ਗਾਇਕੀ ਦੇ ਲੋਕ-ਗਾਇਕੀ ਤੇ ਸ਼ਾਸਤਰੀ ਗਾਇਨ ਦੇ ਸਰੂਪ ਬੜੀ ਬਾਰੀਕੀ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਧਿਆਇ ਦੂਜਾ 'ਚ ਪੰਜਾਬੀ ਗੀਤਕਾਰੀ ਅਤੇ ਗਾਇਕੀ ਦਾ ਆਰੰਭ ਅਤੇ ਵਿਕਾਸ ਨੂੰ ਕਿੱਸਾਕਾਰੀ, ਧਾਰਮਿਕ-ਇਤਿਹਾਸਕ ਪ੍ਰਸੰਗ, ਪੌਰਾਣਿਕ ਪ੍ਰਸੰਗ, ਵਿਅੰਗਕਾਰੀ ਤੇ ਸੂਰਮਗਤੀ ਦੇ ਪ੍ਰਸੰਗ ਨੂੰ ਵਰਣਨ ਕੀਤਾ ਹੈ। ਇਹ ਵੀ ਸਪੱਸ਼ਟ ਕੀਤਾ ਹੈ ਕਿ ਆਧੁਨਿਕ ਗੀਤਕਾਰੀ ਕਿਵੇਂ ਵਪਾਰਕ ਗੀਤਕਾਰੀ ਬਣੀ। ਇਸ ਦੇ ਪੜਾਅ-ਦਰ-ਪੜਾਅ ਮੌਖਿਕ, ਅਖਾੜਾ, ਰਿਕਾਰਡਿੰਗ, ਟੇਪ ਰਿਕਾਰਡਿੰਗ, ਸੀਡੀਜ਼ ਅਤੇ ਆਧੁਨਿਕ ਤਕਨਾਲੋਜੀ ਦੇ ਮਾਧਿਅਮ ਗੀਤਕਾਰੀ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ। ਅਧਿਆਇ ਤੀਜਾ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਬਦਲਦੇ ਸਰੋਕਾਰਾਂ ਨਾਲ ਸੰਬੰਧਿਤ ਹੈ। ਕਿਵੇਂ ਲਾਊਡ ਗੀਤਕਾਰੀ ਨੇ ਸਾਡੀਆਂ ਭਾਵਨਾਵਾਂ ਅਤੇ ਰੁਚੀਆਂ ਨੂੰ ਮਾਰੂ ਦਿਸ਼ ਵੱਲ ਧਕੇਲ ਦਿੱਤਾ ਹੈ। ਸਰੋਦੀ ਤੇ ਸੁਰੀਲੀ ਗੀਤਕਾਰੀ ਨੂੰ ਮਿਲੀ ਪ੍ਰਸਿੱਧੀ ਅਤੇ ਪੈਸੇ ਦੀ ਲਾਲਸਾ ਨੇ ਕਿੰਝ ਪੰਜਾਬ ਦੀ ਅਮੀਰ ਗੀਤ ਦੀ ਵਿਰਾਸਤ ਨੂੰ ਦਬੋਚਿਆ ਹੈ, ਇਸ ਗੰਭੀਰ ਫ਼ਿਕਰਮੰਦੀ ਬਾਰੇ ਡਾ. ਜੱਸੀ ਦੀ ਚਿੰਤਾ ਚਿੰਤਨ ਕਰਨ ਵਾਲੀ ਹੈ। ਅਧਿਆਇ ਚੌਥਾ 1990 ਤੋਂ ਬਾਅਦ ਦੀ ਗੀਤਕਾਰੀ ਅਤੇ ਗਾਇਕੀ ਦਾ ਮੁੱਲ ਤੇ ਮੁਲਾਂਕਣ ਇਸ ਆਲੋਚਨਾਤਮਿਕ ਪੁਸਤਕ ਦਾ ਹਾਸਿਲ ਹੈ। ਹਰ ਅਧਿਆਇ ਤੋਂ ਬਾਅਦ ਹਵਾਲੇ ਤੇ ਟਿੱਪਣੀਆਂ ਨਾਲ ਸੰਬੰਧਿਤ ਪੁਸਤਕਾਂ ਦੀ ਸੂਚੀ ਦਿੱਤੀ ਗਈ ਹੈ। ਇਹ ਸੱਚ ਹੈ ਕਿ ਮੰਡੀ ਦੇ ਸੱਭਿਆਚਾਰ ਨੇ ਪੰਜਾਬੀ ਗੀਤਕਾਰੀ ਨੂੰ ਖਪਤੀ ਸੱਭਿਆਚਾਰ ਵਿਚ ਤਬਦੀਲ ਕਰ ਦਿੱਤਾ। ਇਹ ਖੋਜ ਪੁਸਤਕ ਖੋਜਾਰਥੀਆਂ ਲਈ ਗਾਈਡ ਬੁੱਕ ਦਾ ਕੰਮ ਦੇ ਸਕਦੀ ਹੈ। ਡਾ. ਜੱਸੀ ਦੀ ਆਲੋਚਨਾ ਦੀ ਵਿਸ਼ੇਸ਼ਤਾ ਉਸ ਵਲੋਂ ਵਿਦਵਾਨਾਂ ਦੇ ਕਥਨਾਂ ਦੀ ਪੁਸ਼ਟੀ ਕਰਨਾ ਹੈ ਤੇ ਭਾਸ਼ਾ ਸਪੱਸ਼ਟ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਗੱਲਾਂ ਪਰਲੇ ਪਾਰ ਦੀਆਂ
ਲੇਖਕ : ਸਤਨਾਮ ਫਿਰੋਜ਼ਪੁਰੀ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 62842-02851

ਸਤਨਾਮ ਫਿਰੋਜ਼ਪੁਰੀ ਦਾ ਪਲੇਠਾ ਕਾਵਿ-ਸੰਗ੍ਰਹਿ 'ਗੱਲਾਂ ਪਰਲੇ ਪਾਰ ਦੀਆਂ' ਆਮ ਲੋਕਾਂ ਦੇ ਮਸਲਿਆਂ ਨਾਲ ਸੰਬੰਧਿਤ ਕਾਵਿ-ਸੰਗ੍ਰਹਿ ਹੈ। ਛੋਟੇ ਆਕਾਰ ਦੀ ਇਸ ਪੁਸਤਕ ਵਿਚ ਕਵੀ ਦੀਆਂ ਛੋਟੇ ਆਕਾਰ ਵਾਲੀਆਂ ਰਚਨਾਵਾਂ ਦਰਜ ਹਨ। ਉਹ ਸਮਾਜਿਕ ਵਿਸ਼ਿਆਂ ਨਾਲ ਜੁੜੀ ਕਾਵਿ-ਰਚਨਾ ਕਰਦਾ ਹੈ ਤੇ ਮਾਨਵੀ ਰਿਸ਼ਤਿਆਂ ਦੀ ਪੇਸ਼ਕਾਰੀ ਵੀ ਕਰ ਜਾਂਦਾ ਹੈ। ਬਚਪਨ ਦੀ ਸਾਦਗੀ, ਪਹਿਲਾ ਪਿਆਰ, ਮੈਂ ਜੰਗਲ ਦੇ ਵਿਚ, ਆਖਰੀ ਕੋਸ਼ਿਸ਼, ਅੰਬਰਾਂ ਦਾ ਤਾਰਾ, ਸ਼ਹਿਰਾਂ ਦਾ ਸ਼ਹਿਰ, ਫੋਕੀ ਸ਼ੁਹਰਤ ਬਹੁਤ ਹੀ ਸਾਧਾਰਨ ਪਰ ਮਹੱਤਵਪੂਰਨ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਹਨ।
ਆਮ ਲੋਕਾਈ ਦਾ ਦੁੱਖ ਦਰਦ ਬਿਆਨ ਕਰਨ ਵਾਲਾ ਇਹ ਸ਼ਾਇਰ ਦੇਸ਼ ਪ੍ਰੇਮ ਦੀਆਂ ਰਚਨਾਵਾਂ ਵੀ ਲਿਖਦਾ ਹੈ। ਉਸ ਦੀ ਕਵਿਤਾ ਗੁੱਸੇ ਗਿਲੇ ਅਤੇ ਰੋਸਿਆਂ ਦਾ ਇਜ਼ਹਾਰ ਵੀ ਕਰਦੀ ਹੈ।
ਤੇਰੀ ਤਾਰੀਫ਼ ਮੁਹੱਬਤ ਹੈ
ਤੇਰੀ ਉਡੀਕ ਮੁਹੱਬਤ ਹੈ
ਅੰਜਨ ਮਾਹਿ ਨਿਰੰਜਨ
ਬੜੀ ਬਾਰੀਕ ਮੁਹੱਬਤ ਹੈ
ਉਹ ਆਪਣੀ ਧੀ ਦੀ ਮਾਸੂਮੀਅਤ ਰਾਹੀਂ ਕੁੱਲ ਦੁਨੀਆ ਦੀਆਂ ਧੀਆਂ ਪ੍ਰਤੀ ਪ੍ਰੇਮ ਅਤੇ ਸਨੇਹ ਦਾ ਪ੍ਰਗਟਾਵਾ ਕਰਦਾ ਹੈ।
ਮੈਨੂੰ ਝਲਕ ਖ਼ੁਦਾ ਦੀ ਪੈਂਦੀ ਏ
ਇਸ ਮਿੱਠੀ ਜਿਹੀ ਮੁਸਕਾਨ ਦੇ ਵਿਚੋਂ
ਕੁਲ ਕਾਇਨਾਤ ਹੈ ਝੋਲੀ ਮੇਰੀ
ਇਸ ਰੱਬ ਦੀ ਬਖਸ਼ੀ ਜਾਨ ਦੇ ਵਿਚੋਂ
ਉਹ ਇਕ ਮਜ਼ਦੂਰ ਦਿਹਾੜੀਦਾਰ ਦੀ ਮਨੋਵੇਦਨਾ ਨੂੰ ਵੀ ਬੜੀ ਡੂੰਘਾਈ ਨਾਲ ਮਹਿਸੂਸ ਕਰਦਾ ਹੈ।
ਇਹ ਬੱਠਲ ਕਹੀਆਂ ਮੇਰੇ ਸਾਥੀ ਨੇ
ਇਹ ਧਰਤੀ ਮੇਰੀ ਮਾਂ ਏ
ਇਹ ਤਪਦਾ ਸੂਰਜ ਮੈਨੂੰ ਤੰਗ ਨਹੀਂ ਕਰਦਾ
ਇਹ ਗਵਾਹੀ ਭਰਦਾ ਮੇਰੀ ਹੱਕ ਸੱਚ ਦੀ ਕਮਾਈ ਦੀ।
ਉਹ ਇਕ ਉੱਤਮ ਜੀਵਨ ਜਿਊਣ ਲਈ ਆਸ਼ਾਵਾਦੀ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਹ ਡੂੰਘੀਆਂ ਰਮਜ਼ਾਂ ਨਾਲ ਪਰਮਾਤਮਾ ਦੇ ਰਹੱਸ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਮਹਿਸੂਸ ਹੁੰਦਾ ਹੈ। 'ਧੀ ਗ਼ਰੀਬ ਦੀ' ਅਤੇ 'ਜੀਵਨ ਵਿਧਵਾ ਦਾ' ਨੰਨ੍ਹੀ ਛਾਂ ਕਵਿਤਾਵਾਂ ਰਾਹੀਂ ਉਸ ਨੇ ਸਮਾਜ ਦੀਆਂ ਬੰਦਿਸ਼ਾਂ ਵਿਚ ਘਿਰੀ ਹੋਈ ਔਰਤ ਦੀਆਂ ਮੁਸ਼ਕਿਲਾਂ ਨੂੰ ਪ੍ਰਗਟਾਇਆ ਹੈ। ਉਹ ਨਸ਼ਿਆਂ ਦੀ ਮਾਰ ਦਾ ਸ਼ਿਕਾਰ ਜਵਾਨੀ ਪ੍ਰਤੀ ਵੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ।
ਚੱਲ ਹੋ ਖੜ੍ਹੀ ਆਸਰੇ ਆਪਣੇ
ਜਵਾਨੀਏ-ਕਿਉਂ ਡਿਗਦੀ ਢਹਿਨੀ ਏ
ਸਮੁੱਚੇ ਤੌਰ 'ਤੇ ਕਵੀ ਸਤਨਾਮ ਫਿਰੋਜ਼ਪੁਰੀ ਦੀਆਂ ਇਹ ਰਚਨਾਵਾਂ ਨੂੰ ਹਾਲੇ ਹੋਰ ਪ੍ਰਪੱਕਤਾ ਦੀ ਲੋੜ ਹੈ। ਇਸ ਪੁਸਤਕ ਲਈ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਜਲੰਧਰ।

ਚਾਲ਼ੀ ਦਿਨ
ਲੇਖਕ : ਡਾ. ਧੁੱਗਾ ਗੁਰਪ੍ਰੀਤ
ਪ੍ਰਕਾਸ਼ਕ : ਆਟਮ ਆਰਟ ਪਟਿਆਲਾ
ਮੁੱਲ : 200 ਰੁਪਏ, ਸਫ਼ੇ : 155
ਸੰਪਰਕ : 91158-72450

ਡਾ. ਗੁਰਪ੍ਰੀਤ ਸਿੰਘ ਧੁੱਗਾ ਕਿੱਤੇ ਵਜੋਂ ਫੇਅਰਫੀਲਡ, ਕੈਲੀਫ਼ੋਰਨੀਆ ਵਿਖੇ ਚੀਫ਼ ਮੈਡੀਕਲ ਡਾਇਰੈਕਟਰ ਹੈ। ਉਂਜ ਉਹ ਪਿੰਡ ਧੁੱਗਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਬਾਸ਼ਿੰਦਾ ਹੈ। ਵਿਚਾਰ ਅਧੀਨ ਪੁਸਤਕ ਤੋਂ ਪਹਿਲਾਂ ਉਸ ਨੇ ਸਿਹਤ ਨਾਲ ਸੰਬੰਧਿਤ 'ਹੈਲਥ ਗਾਈਡ' ਨਾਂਅ ਦੀ ਪੁਸਤਕ ਵੀ ਲਿਖੀ ਹੈ। 'ਚਾਲ਼ੀ ਦਿਨ' ਕੇਸਰ ਤੇ ਫ਼ਕੀਰ ਦਾ ਨਿਵੇਕਲਾ ਯਾਤਰਾ-ਬਿਰਤਾਂਤ ਹੈ, ਜਿਸ ਨੂੰ ਲੇਖਕ ਨੇ 'ਦਸਤਾਵੇਜ਼-ਏ-ਜ਼ਿੰਦਗੀ' ਤੇ ਪ੍ਰਕਾਸ਼ਕ ਨੇ 'ਨਾਵਲ' ਦੀ ਸ਼੍ਰੇਣੀ ਵਿਚ ਰੱਖਿਆ ਹੈ। ਮੇਰੀ ਜਾਚੇ ਇਹ ਵਾਰਤਕ ਦਾ ਇਕ ਨਵਾਂ ਰੂਪ ਹੈ, ਜੋ ਰਸੂਲ ਹਮਜ਼ਾਤੋਵ ਦੀ 'ਮੇਰਾ ਦਾਗ਼ਿਸਤਾਨ' ਨਾਲ਼ ਕਾਫ਼ੀ ਹੱਦ ਤੱਕ ਮਿਲਦੀ ਹੈ। ਡਾ. ਧੁੱਗਾ ਨੇ ਪੁਸਤਕ ਦੇ 42 ਭਾਗ ਬਣਾਏ ਹਨ, ਪਹਿਲਾ ਕਾਂਡ 'ਸਰਘੀ ਵੇਲ਼ਾ' ਤੇ ਆਖਰੀ 'ਢਲਦੇ ਪਰਛਾਵੇਂ' ਸਮੇਤ ਅੰਦਰ-ਵਾਰ ਪਹਿਲੇ ਦਿਨ ਤੋਂ ਚਾਲ਼ੀਵੇਂ ਦਿਨ ਦੇ ਹੋਰ ਚੈਪਟਰ ਹਨ। ਹਰ ਕਾਂਡ ਦੇ ਮੁੱਢ ਵਿਚ ਕੋਈ ਉਕਤੀ/ਕਾਵਿ ਪੰਕਤੀ ਉਧ੍ਰਿਤ ਹੈ। ਕਾਂਡਾਂ ਦੇ ਵਿਚ-ਵਿਚਾਲੇ ਵੀ ਅਜਿਹੀਆਂ ਸਿਆਣੀਆਂ/ ਦਾਰਸ਼ਨਿਕ ਸੂਕਤੀਆਂ ਉਪਲਬਧ ਹਨ। ਸਰਵਰਕ ਸੁਹਜ-ਸਲੀਕੇ ਵਾਲਾ ਹੈ, ਜਿਸ 'ਤੇ ਸਿਰਲੇਖ ਤੋਂ ਵੀ ਉੱਪਰ 'ਇਹ ਜੁ ਦੁਨੀਆ ਸਿਹਰੁ ਮੇਲਾ' ਗੁਰਵਾਕ ਸੁਭਾਇਮਾਨ ਹੈ, ਯਾਨੀ ਇਹ ਸੰਸਾਰ ਇਕ ਮੇਲੇ ਦੀ ਨਿਆਈਂ ਹੈ। ਹਰ ਕਾਂਡ ਵਿਚ ਛੋਟੀਆਂ-ਛੋਟੀਆਂ ਸਿੱਖਿਆ ਦਾਇਕ ਕਹਾਣੀਆਂ ਹਨ, ਗੁਰਬਾਣੀ ਦਾ ਬੋਧ-ਚਿੰਤਨ ਹੈ, ਜੋ ਜ਼ਿੰਦਗੀ ਦੇ ਕਰੂਰ ਯਥਾਰਥ ਅਤੇ ਹਕੀਕੀ ਮੰਜ਼ਰ ਦੇ ਰੂਬਰੂ ਕਰਦਾ ਹੈ। ਇਨ੍ਹਾਂ ਵਿਚ ਹਉਮੈ, ਹੰਕਾਰ, ਗੁੱਸਾ, ਅੰਤਰਯਾਮਤਾ, ਅਮੀਰੀ-ਗ਼ਰੀਬੀ, ਜੀਵਨ, ਦੁਖ, ਚਿੰਤਾ, ਵਿਸ਼ਵਾਸ, ਕਿਸਮਤ, ਉਧਾਰ, ਭੂਤ, ਭਵਿੱਖ, ਡਰ, ਸਿੱਖਣਾ, ਬੋਲਣਾ, ਸੁਣਨਾ, ਰਜ਼ਾ, ਸਬਰ, ਦੁਬਿਧਾ, ਫ਼ਿਕਰ, ਨਜ਼ਰ ਆਦਿ ਨੂੰ ਬੋਧ-ਕਥਾਵਾਂ, ਗੁਰਬਾਣੀ, ਲੋਕ-ਗਾਥਾਵਾਂ ਆਦਿ 'ਚੋਂ ਉਦਾਹਰਨਾਂ ਦੇ ਕੇ ਸਮਝਾਇਆ ਗਿਆ ਹੈ। ਕੇਸਰ ਤੇ ਫ਼ਕੀਰ ਦੀ ਯਾਤਰਾ ਵਿਚ ਬੇਬੇ ਤੇ ਜੀਤੀ ਦੀਆਂ ਯਾਦਾਂ ਨੂੰ ਸ਼ਾਮਿਲ ਕਰਕੇ ਰਾਹ ਵਿਚ ਮਿਲਦੇ ਯਾਤਰੀਆਂ, ਮੁਸਾਫ਼ਰਾਂ ਦੀਆਂ ਗੁੰਝਲਾਂ, ਔਕੜਾਂ ਨੂੰ ਸੁਲਝਾ ਕੇ ਆਮ ਆਦਮੀ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਉਪਰਾਲਾ ਹੈ। ਕੁਝ ਤੱਥ, ਜੋ ਕਿਤਾਬ ਦਾ ਹਾਸਲ ਹਨ:
* ਜਾਣਕਾਰੀ ਭਾਵੇਂ ਬੋਲਾਂ 'ਚੋਂ ਝਲਕ ਸਕਦੀ ਹੈ ਪਰ ਸਿਆਣਪ ਹਮੇਸ਼ਾ ਕਾਰ-ਵਿਹਾਰ 'ਚੋਂ ਹੀ ਦਿੱਸਦੀ ਹੈ। (86)
* ਜਲ ਹੈ ਤਾਂ ਕੱਲ੍ਹ ਹੈ। (92)
* ਪਾਣੀ ਹੈ ਤਾਂ ਪ੍ਰਾਣੀ ਹੈ। (93)
* ਬੰਦੇ ਨੂੰ ਸੰਤੋਖ, ਜਾਂ ਤਾਂ ਸਬਰ 'ਚ ਆਉਂਦੈ ਜਾਂ ਕਬਰ 'ਚ। (100)
* ਦੁਬਿਧਾ ਨੁਕਸਾਨ ਕਰਦੀ ਹੈ। ਫ਼ੈਸਲਾ ਲੈਣਾ ਜ਼ਰੂਰੀ ਹੈ। (101)
* ਦੂਰ ਜਾਣਾ ਹੋਵੇ ਤਾਂ ਹੌਲੀ ਹੌਲੀ ਤੁਰਨਾ ਚਾਹੀਦਾ ਹੈ। (107)
* ਨਿਉਲੇ ਤੇ ਸੱਪ ਦੀ ਲੜਾਈ ਵਿਚ ਜ਼ਹਿਰ ਕਿਸੇ ਕੰਮ ਨਹੀਂ ਆਉਂਦੀ। (122)
* ਬਲ਼ਦੇ ਦੀਵੇ ਦੀ ਕਦਰ ਰਾਤ ਦੇ ਹਨੇਰੇ ਵਿਚ ਹੀ ਪੈਂਦੀ ਹੈ। (137)
ਸੁਹਜ-ਸਲੀਕੇ ਨਾਲ ਵਧੀਆ ਕਾਗਜ਼ 'ਤੇ ਛਪੀ ਇਸ ਪੁਸਤਕ ਦੀ ਵੱਖਰੀ ਹੀ ਆਭਾ ਹੈ, ਜੋ ਪੜ੍ਹਨ, ਮਾਣਨ ਤੇ ਸੰਭਾਲ ਕੇ ਰੱਖਣ ਨਾਲ ਵਾਬਸਤਾ ਹੈ। ਇਸ ਕਿਤਾਬ ਵਿਚ ਇਹੋ ਕਸ਼ਿਸ਼ ਹੈ ਕਿ ਇਕਾਗਰਤਾ ਤੇ ਗੰਭੀਰਤਾ ਨਾਲ ਪੜ੍ਹਨ ਵਾਲਾ ਪਾਠਕ ਇਸ ਤੋਂ ਸਿਰਫ਼ ਅਨੰਦ ਅਤੇ ਰਸ ਹੀ ਨਹੀਂ ਮਾਣਦਾ, ਸਗੋਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਇਸ ਨੂੰ ਇਕੋ ਬੈਠਕ ਵਿਚ ਪੜ੍ਹ ਲਵੇ। ਕਿਤਾਬ ਦਾ ਕੋਈ ਵੀ ਹਿੱਸਾ ਕਿਤੋਂ ਵੀ ਪੜ੍ਹ ਲਵੋ, ਸਾਨੂੰ ਉੱਥੋਂ ਹੀ ਸਿੱਖਿਆ ਤੇ ਸਿਆਣਪ-ਭਰਪੂਰ ਉਕਤੀਆਂ ਮਿਲ ਜਾਣਗੀਆਂ ਤੇ ਇਹੋ ਇਸ ਕਿਤਾਬ ਦਾ ਹਾਸਿਲ ਹੈ। ਇਕ ਐਮ.ਡੀ. ਡਾਕਟਰ ਵਲੋਂ ਖ਼ੂਬਸੂਰਤ ਸਾਹਿਤ-ਸਿਰਜਣਾ ਦਾ ਖ਼ੈਰ-ਮਕਦਮ!

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

10-02-2024

ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ
ਲੇਖਕ : ਨਿਰਮਲ ਸਿੰਘ ਟਪਿਆਲਾ
ਪ੍ਰਕਾਸ਼ਕ : ਅਜ਼ਾਦ ਬੁੱਕ ਡੀਪੂ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 152
ਸੰਪਰਕ : 99153-15787

ਭਾਵੇ ਅਸੀਂ ਸਾਰੇ ਇਤਿਹਾਸ ਤੋਂ ਜਾਣੂ ਹਾਂ ਪਰ ਹਰ ਕਵੀ ਦੀ ਕਲਮ ਤੇ ਸੋਚ ਉਡਾਰੀ ਅਲੱਗ-ਅਲੱਗ ਹੁੰਦੀ ਹੈ ਤੇ ਇਸ ਕਿਤਾਬ ਅੰਦਰ ਲੇਖਕ ਨੇ ਬੈਂਤ ਰੂਪ 'ਚ ਬੜੇ ਸੁਚੱਜੇ ਢੰਗ ਨਾਲ ਤੇ ਇਕ ਉੱਚੀ ਪਰਵਾਜ਼ ਨਾਲ, ਹਰ ਪਾਠਕ ਦੇ ਸਮਝ ਆਉਣ ਵਾਲੀ ਸ਼ਬਦਾਵਾਲੀ ਦੀ ਵਰਤੋਂ ਕੀਤੀ ਹੈ, ਸ਼ਹਾਦਤ ਦੇ ਹਰ ਪੜਾਅ ਨੂੰ ਸ਼ੇਅਰਾਂ ਵਿਚ ਗੁੰਦਿਆ ਗਿਆ ਹੈ। ਲੇਖਕ ਪੰਜਾਬੀ ਮਾਂ-ਬੋਲੀ ਦੀ ਝੋਲੀ ਵਿਚ 8 ਪੁਸਤਕਾਂ ਪਾ ਚੁੱਕਾ ਹੈ। ਕਾਵਿ-ਸੰਗ੍ਰਹਿ 'ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ' ਵਿਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਤੇ ਮਿਸਾਲੀ ਸ਼ਹਾਦਤ ਦੇ ਸਫ਼ਰ ਨੂੰ 'ਸਾਕਾ ਸਰਹਿੰਦ' ਸਿਰਲੇਖ ਹੇਠ ਘਟਨਾਵਾਂ ਦੀ ਤਰਤੀਬ ਅਨੁਸਾਰ ਬਹੁਤ ਖ਼ੂਬਸੂਰਤੀ ਨਾਲ ਕਲਮ-ਬੱਧ ਕੀਤਾ ਗਿਆ ਹੈ। ਵਿਸ਼ਾ ਪੱਖ ਤੋਂ ਉਸ ਨੇ ਇਤਿਹਾਸਕ ਤੱਥਾਂ ਦਾ ਡੂੰਘਾ ਅਧਿਐਨ ਕੀਤਾ ਹੈ ਤੇ ਇਨ੍ਹਾਂ ਦੀ ਰੌਸ਼ਨੀ ਵਿਚ ਹੀ ਉਹ ਸਾਰੇ ਸਾਕੇ ਨੂੰ ਚਿਤਰਦਾ ਹੈ। ਇਸ ਵਿਚਲੇ ਸਾਰੇ ਇਤਿਹਾਸਕ ਪਾਤਰਾਂ ਦੀ ਬੜੀ ਸੂਝ-ਬੂਝ ਨਾਲ ਤਸਵੀਰਕਸ਼ੀ ਕੀਤੀ ਹੈ। ਪੁਸਤਕ ਵਿਚ ਸਾਕਾ ਸਰਹਿੰਦ ਨੂੰ ਉਸ ਨੇ 13 ਭਾਗਾਂ ਵਿਚ ਵੰਡਿਆ ਹੈ, ਜਿਵੇਂ ਸਾਕਾ ਸਰਹਿੰਦ, ਗੰਗੂ ਪਾਪੀ ਨੇ ਮਾਤਾ ਜੀ ਦੇ ਸਾਮਾਨ ਦੀ ਫੋਲਾ-ਫਲਾਈ ਕਰਨੀ, ਗੰਗੂ ਪਾਪੀ ਦਾ ਮੋਰਿੰਡੇ ਥਾਣੇ ਪਹੁੰਚਣਾ, ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਹੋਣਾ। ਸੂਬੇ ਵਲੋਂ ਕਾਜ਼ੀ ਨੂੰ ਫਤਵਾਂ ਲਾਉਣ ਲਈ ਕਹਿਣਾ, ਕਚਹਿਰੀ ਵਿਚ ਦੂਜੀ ਪੇਸ਼ੀ, ਵਜ਼ੀਰ ਖਾਨ ਦੀ ਬੇਗ਼ਮ ਨੇ ਵੀ ਸੂਬੇ ਨੂੰ ਸਮਝਾਉਣਾ, ਦੂਸਰੇ ਦਿਨ ਸਿਪਾਹੀਆਂ ਨੇ ਸਾਹਿਬਜ਼ਾਦਿਆਂ ਨੂੰ ਲੈਣ ਆਉਣਾ। ਦੂਜੇ ਦਿਨ ਕਚਹਿਰੀ ਦਾ ਦ੍ਰਿਸ਼, ਪੰਮੇ ਲੰਙੇ ਨੇ ਸੂਬੇ ਕੋਲ ਚੁਗਲੀ ਲਾਉਣੀ, ਸਿੱਖ ਕੌਮ ਲਈ ਕੁਝ ਖ਼ਾਸ ਅਤੇ ਸ਼ਹੀਦੀ ਕਿਵੇਂ ਹੋਈ? ਲੇਖਕ ਦੀ ਕਲਮ-ਸੋਚ ਉਡਾਰੀ ਨੂੰ ਹਮੇਸ਼ਾ ਤੰਦਰੁਸਤੀਆਂ ਤੇ ਬੁਲੰਦੀਆਂ ਬਖਸ਼ੇ। ਪੁਸਤਕ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਦਾ ਇਤਿਹਾਸਕ ਹਵਾਲਿਆਂ ਨਾਲ ਵੀ ਜ਼ਿਕਰ ਕਰਦਾ ਹੈ। ਕਲਾ ਪੱਖ ਤੋਂ ਉਸ ਦੀ ਰਚਨਾ ਸੰਜਮਤਾ, ਲੈਅ, ਪੁਖ਼ਤਗੀ ਤੇ ਰਵਾਨਗੀ ਨਾਲ ਭਰਪੂਰ ਹੈ। ਉਸ ਦੀਆਂ ਕਾਵਿ- ਸਤਰਾਂ ਪਾਠਕਾਂ ਦੇ ਮੂੰਹ 'ਤੇ ਆਪਮੁਹਾਰੇ ਹੀ ਚੜ੍ਹਨ ਵਾਲੀਆਂ ਹਨ। ਨਿਰਮਲ ਸਿੰਘ ਟਪਿਆਲਾ ਦਾ ਇਹ ਕਾਰਜ ਪੰਜਾਬੀ ਧਾਰਮਿਕ ਸਾਹਿਤ ਦੇ ਜਗਿਆਸੂਆਂ ਲਈ ਇਹ ਛੋਟੇ ਸਾਹਿਬਜ਼ਾਦਿਆਂ ਨੂੰ ਉੱਚੀ -ਸੁੱਚੀ ਸ਼ਰਧਾਂਜਲੀ ਹੈ। 'ਨਿੱਕੀਆਂ ਜਿੰਦਾਂ ਵੱਡੇ ਫ਼ੈਸਲੇ' ਮਹਾਂ-ਕਾਵਿ ਦੀ ਸ਼ੈਲੀ ਵਾਲੀ ਪੜ੍ਹਨਯੋਗ ਪੁਸਤਕ ਹੈ। ਟਪਿਆਲਾ ਤੋਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਧੀਆ ਰਚਨਾਵਾਂ ਦੀ ਆਸ ਕਰਦੇ ਹਾਂ। ਸ. ਸ਼ੁਕਰਗੁਜ਼ਾਰ ਸਿੰਘ ਐਡਵੋਕੇਟ, ਸ. ਸਤਿੰਦਰ ਸਿੰਘ ਓਠੀ, ਪ੍ਰਿ੍ਰੰ. ਦਲਬੀਰ ਸਿੰਘ ਅਤੇ ਮਾਸਟਰ ਨਿਰਮਲ ਸਿੰਘ ਨੇ ਪੁਸਤਕ ਸੰਬੰਧੀ ਲੇਖਕ ਲਈ ਵਧਾਈ ਹਰਫ਼ ਵੀ ਲਿਖੇ ਹਨ। ਲੇਖਕ ਸ਼ਹੀਦੀ ਕੁਰਬਾਨੀਆਂ, ਬਾਬਾ ਕੁਲੀਵਾਲ ਸੱਚ ਦੇ ਨੇੜੇ ਜ਼ਿੰਦਗੀ ਦਾ ਕੌੜਾ ਸੱਚ, ਦਸ ਗੁਰੂ ਦਰਪਣ ਸੰਤਾਂ ਦੀਆਂ ਮੁਹਿੰਮਾਂ, ਅਣਗੌਲੇ ਸ਼ਬਦ ਵਰਗੀਆਂ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਥਲੀ ਅੱਠਵੀਂ ਕਿਤਾਬ ਵਿਚ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਦਾ ਰੂਪ ਦੇ ਕੇ ਕਾਵਿ ਵੰਨਗੀ ਰਾਹੀਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ ਹੈ, ਜਿਸ ਵਿਚ ਇਨ੍ਹਾਂ ਨੇ ਕਾਵਿ ਉਡਾਰੀਆਂ ਤੇ ਸ਼ਰਧਾ ਦੀਆਂ ਚੁੱਭੀਆਂ ਲਾਉਂਦੇ ਹੋਇਆਂ ਇਸ ਪੁਸਤਕ ਰਾਹੀਂ ਸਿੱਖ ਕੌਮ ਦੀ ਇਤਿਹਾਸਕ ਸਾਹਿਤਕ ਸੇਵਾ ਵਿਚ ਆਪਣਾ ਯੋਗਦਾਨ ਪਾਇਆ ਹੈ। ਇਨ੍ਹਾਂ ਦੀ ਕਾਵਿ ਰਚਨਾ ਦਿਲ ਨੂੰ ਟੁੰਭਦੀ ਹੈ। ਬੰਦਸ਼ਾਂ ਤੋਂ ਉੱਪਰ ਜਾ ਕੇ ਆਪਣੇ ਫੁਰਨਿਆਂ ਨੂੰ ਕਾਵਿ ਦਾ ਰੂਪ ਪ੍ਰਦਾਨ ਕਰਦਿਆਂ ਟਪਿਆਲਾ ਨੇ ਇਤਿਹਾਸਿਕ ਸਾਕੇ ਨੂੰ ਕਾਵਿ ਉਡਾਰੀ ਵਿਚ ਪ੍ਰੋਣ ਦਾ ਸਾਰਥਿਕ ਯਤਨ ਕੀਤਾ ਹੈ। ਸਾਨੂੰ ਇਨ੍ਹਾਂ ਦੀ ਲਿਖਤ ਵਿਚ ਇਤਿਹਾਸ ਦੇ ਪੱਖ ਵੇਖਣ ਨੂੰ ਮਿਲਦੇ ਹਨ।

-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570

ਪਗਡੰਡੀਆਂ ਤੋਂ ਸ਼ਾਹਰਾਹ ਤੱਕ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਅਸਥੈਟਿਕਸ ਪਬਲੀਕੇਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 111
ਸੰਪਰਕ : 94630-62603

ਡਾ. ਅਰਵਿੰਦਰ ਸਿੰਘ ਜੀ.ਜੀ.ਐੱਨ. ਖ਼ਾਲਸਾ ਕਾਲਜ ਲੁਧਿਆਣਾ ਵਿਚ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਹੈ। ਉਸ ਦਾ ਆਪਣਾ ਵਿਸ਼ਾ ਤਾਂ ਰਾਜਨੀਤੀ ਸ਼ਾਸਤਰ ਹੈ, ਜਿਸ ਦੇ ਅੰਤਰਗਤ ਉਸ ਨੇ 'ਸਿੱਖ ਪੋਲੀਟੀਕਲ ਥਾਟ' ਜਿਹੀ ਪੁਸਤਕ ਲਿਖ ਕੇ ਜ਼ਿਕਰਯੋਗ ਕਾਰਜ ਕੀਤਾ ਹੈ, ਪਰ ਇਸ ਦੇ ਨਾਲ-ਨਾਲ ਉਸ ਨੇ ਸਿੱਖ ਧਰਮ ਨਾਲ ਸੰਬੰਧਿਤ 8 ਕਿਤਾਬਾਂ ਦੀ ਰਚਨਾ ਵੀ ਕੀਤੀ ਹੈ। ਉਸ ਦੀਆਂ 3 ਕਿਤਾਬਾਂ ਪੰਜਾਬੀ ਵਿਚ ਵੀ ਛਪ ਚੁੱਕੀਆਂ ਹਨ। ਹਥਲੀ ਪੁਸਤਕ ਵਾਰਤਕ ਦੀ ਹੈ, ਜਿਸ ਵਿਚ ਇਕ-ਡੇਢ ਸਫ਼ੇ ਦੇ ਸੰਖਿਪਤ ਵਿਆਖਿਆਮਈ ਵਿਚਾਰ ਹਨ। ਇਹ ਲਿਖਤਾਂ ਹਨ ਤਾਂ ਸੰਖਿਪਤ, ਪਰ ਇਨ੍ਹਾਂ ਦੀ ਸ਼ਬਦਾਵਲੀ ਸਰਸ਼ਾਰ ਕਰਦੀ ਹੈ ਤੇ ਪਾਠਕ ਨੂੰ ਰੂਹਾਨੀ ਮਰਕਜ਼ ਦੇ ਦਰ 'ਤੇ ਲੈ ਜਾਂਦੀ ਹੈ। ਲੇਖਕ ਨੇ ਸਪੱਸ਼ਟ ਕੀਤਾ ਹੈ ਕਿ ਸਾਡਾ ਜੀਵਨ ਪਗਡੰਡੀਆਂ ਤੋਂ ਸ਼ਾਹਰਾਹ ਤੱਕ ਦਾ ਸਫ਼ਰ ਹੈ, ਜਿਸ ਵਿਚ ਦੁੱਖ-ਸੁਖ, ਖ਼ੁਸ਼ੀ-ਗ਼ਮੀ, ਹਾਸੇ-ਰੋਣੇ ਬਿਲਕੁਲ ਉਵੇਂ ਹੀ ਆਉਂਦੇ ਹਨ, ਜਿਵੇਂ ਸਫ਼ਰ ਕਰਦਿਆਂ ਰਾਹ ਵਿਚ ਟੋਏ-ਟਿੱਬੇ, ਜਲ-ਥਲ, ਉਚਾਣ-ਨਿਵਾਣ ਆਉਂਦੀ ਹੈ। ਪੁਸਤਕ ਵਿਚ ਦਰਜ ਇਨ੍ਹਾਂ 75 ਵਿਸ਼ਿਆਂ ਦੇ ਸਿਰਲੇਖ ਕਿਤੇ-ਕਿਤੇ ਬਹੁਤ ਲੰਮੇਰੇ ਹਨ। ਅਸਲ ਵਿਚ ਇਹ ਸਿਰਲੇਖ ਕਿਸੇ ਨਾ ਕਿਸੇ ਕਾਵਿ ਪੰਕਤੀ/ਟੂਕ 'ਤੇ ਆਧਾਰਿਤ ਹਨ ਤੇ ਉਸੇ ਉਕਤੀ ਦੀ ਵਿਆਖਿਆ ਨੂੰ ਲੇਖਕ ਨੇ ਆਪਣੇ ਨਜ਼ਰੀਏ ਤੋਂ ਕਲਮਬੱਧ ਕੀਤਾ ਹੈ। ਲੇਖਕ ਨੇ ਸਿੱਖਿਆਦਾਇਕ/ਵਿਆਖਿਆਮਈ ਪੱਧਤੀ ਵਾਂਗ ਇਨ੍ਹਾਂ ਵਿਚਾਰਾਂ ਦਾ ਨਿਰਵਾਹਣ ਕੀਤਾ ਹੈ। ਇਨ੍ਹਾਂ ਉਕਤੀਆਂ ਦੇ ਸਿਰਜਣਹਾਰਿਆਂ ਵਿਚ ਸ਼ਾਹ ਹੁਸੈਨ, ਰਹੀਮ, ਡਾ. ਇਕਬਾਲ, ਬੁੱਲ੍ਹੇ ਸ਼ਾਹ, ਬਾਬਾ ਨਜਮੀ, ਬਹਾਦਰ ਸ਼ਾਹ ਜ਼ਫ਼ਰ, ਵਜੀਦ, ਸੁਰਜੀਤ ਪਾਤਰ, ਫ਼ੈਜ਼, ਮੀਰ, ਕਜ਼ਲਬਾਸ਼, ਬਾਬਾ ਫ਼ਰੀਦ ਜਿਹੇ ਆਲਮ-ਫ਼ਾਜ਼ਿਲ ਦਾਨਿਸ਼ਵਰ/ ਦਾਰਸ਼ਨਿਕ ਪੇਸ਼-ਪੇਸ਼ ਹਨ। ਇਨ੍ਹਾਂ ਵਿਚਾਰਾਂ ਨੂੰ ਲੇਖਕ ਨੇ ਕਥਾ-ਰਸ ਰਾਹੀਂ ਗੁਰੂ, ਸ਼ਿਸ਼, ਦਰਵੇਸ਼, ਫ਼ਕੀਰ, ਸਾਈਂ, ਮੁਰੀਦ, ਵਲੀ ਆਦਿ ਸੁਖ਼ਨਵਰਾਂ ਦੀਆਂ ਸਾਕਾਰਾਤਮਕ ਟਿੱਪਣੀਆਂ ਦੁਆਰਾ ਰੂਪਮਾਨ ਕੀਤਾ ਹੈ। ਇਸ ਸੰਬੰਧੀ ਇਹ ਪੰਕਤੀਆਂ ਪੜ੍ਹਨਯੋਗ ਹਨ : 'ਬਜ਼ੁਰਗ ਨੇ ਫ਼ਰਮਾਇਆ ਕਿ ਕਾਸ਼, ਸਾਡੇ ਵਤਨ ਅੰਦਰ ਜ਼ਿੰਦਗੀ ਦਾ ਦਸਤੂਰ-ਅਲ-ਅਮਲ ਕੇਵਲ ਰਿਜ਼ਕ ਦੀ ਤਲਾਸ਼ ਤੱਕ ਮਹਿਦੂਦ ਨਾ ਹੁੰਦਾ ਅਤੇ ਕਾਸ਼, ਅਸੀਂ ਲੋਕ ਇਲਮ ਦੀ ਰੌਸ਼ਨੀ ਵਿਚ ਹਾਕਮਾਂ ਦੇ ਘਟੀਆ ਮਨਸੂਬਿਆਂ ਦੀ ਹਰ ਖ਼ਬਰ ਰੱਖਦੇ। ਮਜ਼ਹਬ ਅਤੇ ਵਤਨਪ੍ਰਸਤੀ ਦੇ ਹਕੀਕੀ ਮਾਇਨੇ ਸਮਝਣ ਦੀ ਕੋਈ ਕੋਸ਼ਿਸ਼ ਕਰਦੇ। ਕਾਸ਼, ਇਕ ਦੂਸਰੇ ਦੇ ਰੌਸ਼ਨ ਮੁਸਤਕਬਿਲ ਦੇ ਲਈ ਵੀ ਦੁਆ ਕਰਦੇ ਅਤੇ ਆਪਸੀ ਪਿਆਰ ਤੇ ਸਤਿਕਾਰ ਦੀਆਂ ਗੰਢਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੋਸ਼ਿਸ਼ ਕਰਦੇ। (ਪੰਨਾ 42) ਪ੍ਰਤੀਯੋਗਤਾ ਅਤੇ ਪ੍ਰਤੀਰੋਧ ਦੇ ਇਸ ਨਾਜ਼ੁਕ ਆਲਮ ਵਿਚ ਡਾ. ਅਰਵਿੰਦਰ ਸਿੰਘ ਦੀ ਇਹ ਪੁਸਤਕ ਸਵਾਂਤੀ ਬੂੰਦ ਨਿਆਈਂ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਭਾਈ ਵੀਰ ਸਿੰਘ ਜੀ
ਅਪ੍ਰਕਾਸ਼ਿਤ ਪੱਤਰ
ਸੰਪਾਦਕ : ਡਾ. ਪਰਮਵੀਰ ਸਿੰਘ, ਡਾ. ਕੁਲਵਿੰਦਰ ਸਿੰਘ
ਪ੍ਰਕਾਸ਼ਕ : ਪੰਜਾਬੀ ਯੂਨੀਵਰਸਿਟੀ, ਦੇਹਰਾਦੂਨ
ਮੁੱਲ : 480 ਰੁਪਏ, ਸਫ਼ੇ : 340

ਭਾਈ ਵੀਰ ਸਿੰਘ ਇਕ ਬਹੁਪੱਖੀ ਲੇਖਕ, ਸਿੱਖ ਇਤਿਹਾਸਕਾਰ ਅਤੇ ਗੁਰਮਤਿ ਦਾ ਵਿਆਖਿਆਕਾਰ ਸੀ। 19ਵੀਂ ਸਦੀ ਵਿਚ ਸਿੱਖ ਧਰਮ ਵਿਚ ਜੋ ਪੁਨਰ-ਜਾਗ੍ਰਿਤੀ (ਰੈਨੇਸਾਂ) ਆਈ, ਉਸ ਦਾ ਸੂਤਰਧਾਰ ਵੀ ਉਹੀ ਬਣਿਆ। ਆਪਣੇ ਨਾਵਲਾਂ, ਕਵਿਤਾਵਾਂ, ਲੇਖਾਂ ਅਤੇ ਸੰਥਿਆਵਾਂ (ਸਟੀਕਾਂ) ਦੁਆਰਾ ਉਸ ਨੇ ਸਿੱਖ ਧਰਮ ਦੇ ਇਤਿਹਾਸ ਅਤੇ ਸਰੂਪ ਦੀ ਨਵੀਂ ਵਿਆਖਿਆ ਦਰਜ ਕੀਤੀ। ਅਜਿਹੇ ਵਿਅਕਤੀ ਦੀ ਹਰ ਲਿਖਤ ਮੁੱਲਵਾਨ ਅਤੇ ਪ੍ਰਾਸੰਗਿਕ ਹੁੰਦੀ ਹੈ। ਇਸ ਤੱਥ ਨੂੰ ਸਮਝਦਿਆਂ ਡਾ. ਪਰਮਵੀਰ ਸਿੰਘ ਅਤੇ ਡਾ. ਕੁਲਵਿੰਦਰ ਸਿੰਘ ਨੇ ਉਸ ਦੇ ਕੁਝ ਅਪ੍ਰਕਾਸ਼ਿਤ ਪੱਤਰਾਂ (ਚਿੱਠੀਆਂ) ਨੂੰ ਇਕੱਠਾ ਕਰ ਕੇ ਸਾਂਭ ਲਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬੀ ਯੂਨੀਵਰਸਿਟੀ ਨੇ ਭਾਈ ਵੀਰ ਸਿੰਘ ਦੀਆਂ ਕੁਝ ਚਿੱਠੀਆਂ ਨੂੰ 'ਪਿਆਰੇ... ਜੀਉ'। ਦੇ ਸਿਰਲੇਖ ਅਧੀਨ ਪ੍ਰਕਾਸ਼ਿਤ ਕੀਤਾ ਸੀ। ਇਹ ਪੁਸਤਕ ਉਸੇ ਉਪਰਾਲੇ ਦਾ ਇਕ ਹੋਰ ਮਹੱਤਵਪੂਰਨ ਵਿਸਤਾਰ ਹੈ। ਇਸ ਵਿਚ ਪ੍ਰਕਾਸ਼ਿਤ ਪੱਤਰਾਂ ਦਾ ਵਰਗੀਕਰਨ ਇਸ ਪ੍ਰਕਾਰ ਹੈ : 1. ਗੁਰਮਤਿ ਸਿਧਾਂਤ ਪੱਤਰ, 2. ਇਤਿਹਾਸਕ ਪੱਤਰ, 3. ਗੁਰਮਤਿ ਸਾਂਝਾਂ, 4. ਸ਼ੋਕ-ਨਿਵਾਰਨ ਪੱਤਰ ਅਤੇ 5. ਫੁਟਕਲ ਪੱਤਰ। ਅੰਤਿਕਾਵਾਂ ਵਿਚ ਕੁਝ ਸਹਾਇਕ ਸਮੱਗਰੀ ਦਿੱਤੀ ਗਈ ਹੈ। ਅਰਥਾਵਲੀ, ਨਾਵਾਂ-ਥਾਵਾਂ ਦਾ ਵੇਰਵਾ ਅਤੇ ਪ੍ਰਮੱਖ ਸ਼ਖ਼ਸੀਅਤ ਬਾਰੇ ਜ਼ਰੂਰੀ ਜਾਣਕਾਰੀ ਵੀ ਦਿੱਤੀ ਗਈ ਹੈ। ਇਉਂ ਇਹ ਪੁਸਤਕ ਇਕ ਮੁਕੰਮਲ ਸਰੋਤ-ਗ੍ਰੰਥ ਹੈ। 18 ਅਕਤੂਬਰ, 1911 ਨੂੰ ਲਿਖੇ ਇਕ ਪੱਤਰ ਵਿਚ ਭਾਈ ਸਾਹਿਬ ਫੁਰਮਾਉਂਦੇ ਹਨ ਕਿ ਆਮ ਅਸੂਲ ਇਹ ਹੈ ਕਿ ਨਿਤਨੇਮ ਜੀਵਨ-ਪ੍ਰਯੰਤ ਨਹੀਂ ਛੱਡਣਾ।... ਸੁਖਮਨੀ ਸਾਹਿਬ ਜਾਂ ਜਪੁ ਸਾਹਿਬ ਆਦਿ ਬਾਣੀ ਪੜ੍ਹਦੇ ਰਹਿਣਾ। ਜਿਹੜੀ ਤੁਕ ਚੰਗੀ ਲੱਗੇ, ਉਸੇ ਨੂੰ ਪੜ੍ਹਦੇ ਰਹਿਣਾ। ...ਸਾਡੀ ਪਛਾਣ ਇਹ ਹੈ ਕਿ ਜਿਥੇ ਰਸ ਪੂਰਬਕ ਮਨ ਲੱਗਦਾ ਹੈ, ਉਹ ਕਰਨੇ ਜੋਗ ਹੈ ਤੇ ਨਿਤਨੇਮ ਜ਼ਰੂਰ ਕਰਨਾ ਹੈ (ਪੰ. 111)। ਇਹ ਪੁਸਤਕ ਗੁਰਸਿੱਖੀ ਦੇ ਕਥਾਵਾਚਕਾਂ ਲਈ ਇਕ ਸਰੋਤ-ਪੁਸਤਕ ਹੈ ਅਤੇ ਉਨ੍ਹਾਂ ਨੂੰ ਜ਼ਰੂਰ ਇਹ ਪੜ੍ਹਨੀ ਚਾਹੀਦੀ ਹੈ। ਸਾਡੇ-ਤੁਹਾਡੇ ਵਰਗੇ ਆਮ ਪੰਜਾਬੀਆਂ ਲਈ ਵੀ ਇਹ ਪੁਸਤਕ ਕਾਫ਼ੀ ਮੁੱਲਵਾਨ ਹੈ। ਡਾ. ਪਰਮਵੀਰ ਸਿੰਘ ਅਤੇ ਉਸ ਦੀ ਟੀਮ ਨੂੰ ਹਾਰਦਿਕ ਮੁਬਾਰਕਾਂ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਪਾਤਾਲ 'ਚੋਂ
ਕਵੀ : ਰਮੇਸ਼ ਕੁਮਾਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 92
ਸੰਪਰਕ : 094160-61061

ਰਮੇਸ਼ ਕੁਮਾਰ ਪੰਜਾਬੀ ਸਾਹਿਤ ਵਿਚ ਜਾਣਿਆ ਪਛਾਣਿਆ ਨਾਂਅ ਹੈ। ਉਸ ਨੇ ਪੰਜਾਬੀ ਮਾਂ-ਬੋਲੀ ਦੀ ਝੋਲੀ 'ਚ 24 ਸ਼ਾਨਦਾਰ ਪੁਸਤਕਾਂ ਪਾਈਆਂ, ਜਿਨ੍ਹਾਂ ਵਿਚੋਂ 15 ਪੁਸਤਕਾਂ ਕਵਿਤਾ ਦੀਆਂ ਹਨ। ਬੌਣੀਆਂ ਕਿਰਨਾਂ ਤੇ ਉਦਾਸ ਗੁਲਮੋਹਰ, ਹੈਂਗਰ 'ਤੇ ਲਟਕਦੇ ਪਲ, ਬਦਲਾਂ ਦੇ ਹਾਸ਼ੀਏ, ਆਵਾਜ਼ ਦੀ ਵਿੱਥ ਤੋਂ, ਖੂਹਾਂ ਦੇ ਖਿਲਾਅ, ਕਾਵਿ ਪੁਸਤਕਾਂ ਜ਼ਿਕਰਤ ਰਹੀਆਂ। ਰਮੇਸ਼ ਨੇ ਕਹਾਣੀ, ਅਲੋਚਨਾ, ਜੀਵਨੀ, ਹਿੰਦੀ ਤੋਂ ਅਨੁਵਾਦ ਅਤੇ ਕਾਵਿ ਸੰਪਾਦਨਾ ਵੀ ਕੀਤੀ। ਉਹ ਹੁਣ 75ਵੇਂ ਸਾਲ ਨੂੰ ਪਾਰ ਕਰ ਗਿਆ ਹੈ ਅਤੇ ਉਸ ਦੀ ਕਲਮ ਹਮੇਸ਼ਾ ਸਿਰਜਣ ਪ੍ਰਕਿਰਿਆ ਵਿਚ ਹੈ। ਉਸ ਦੀ ਆਲੋਚਨਾ ਪੁਸਤਕ 'ਨਾਨਕ ਬਾਣੀ ਦਾ ਛੰਦ ਵਿਧਾਨ' ਕਾਫ਼ੀ ਪਸੰਦ ਕੀਤੀ ਗਈ ਸੀ। ਹਥਲੀ ਕਾਵਿ-ਪੁਸਤਕ 92 ਸਫ਼ਿਆਂ ਵਿਚ 51 ਦਰਮਿਆਨੇ ਅਕਾਰ ਦੀਆਂ ਗਹਿਰ ਗੰਭੀਰ ਕਵਿਤਾਵਾਂ ਹਨ, ਇਹ ਸਾਰੀਆਂ ਕਵਿਤਾਵਾਂ ਸਮਕਾਲ ਦੀਆਂ ਲਖਾਇਕ ਹਨ। ਉਸ ਨੇ ਆਖ਼ਰੀ ਚਾਰ ਕਵਿਤਾਵਾਂ 'ਜੰਗ' ਸ਼ਬਦ ਦੇ ਘਿਨਾਉਣੇ ਅਰਥਾਂ ਲਈ ਲਿਖੀਆਂ ਹਨ। 'ਯੂਕਰੇਨ ਦੀਆਂ ਚਿੜੀਆਂ', 'ਧੂਏਂ ਦੇ ਗੁਬਾਰ', 'ਯੁੱਧ ਅਤੇ ਯੂਕਰੇਨ', 'ਅਜੋਕਾ ਜੰਗਲ' ਪ੍ਰਸਥਿਤੀਆਂ ਦੀ ਉਪਜ ਹਨ। ਇਨ੍ਹਾਂ ਦੀਆਂ ਕੁਝ ਟੂਕਾਂ ਲਿਖਣ ਯੋਗ ਹਨ। 'ਯੁੱਧ', ਕੋਈ ਕ੍ਰਿਕਟ ਦਾ ਮੈਚ ਨਹੀਂ ਹੁੰਦਾ, ਜੋ ਤੁਸੀਂ, ਆਪਣੇ ਟੀ.ਵੀ. 'ਤੇ ਬਾਲ ਦਰ ਬਾਲ ਦੇਖ ਕੇ ਜਾਓਗੇ, ਯੁੱਧ ਵਿਚ, ਕੋਈ ਨੋ ਬਾਲ ਨਹੀਂ ਹੁੰਦਾ, ਕੋਈ ਅੰਪਾਇਰ ਨਹੀਂ ਹੁੰਦਾ... ਯੁੱਧ ਵਿਚ/ਕਦੇ ਵੀ ਕੋਈ ਵੀ ਨਹੀਂ ਜਿੱਤਦਾ...। ਕਵਿਤਾ 'ਧੂੰਏਂ ਦੇ ਗੁਬਾਰ' ਵਿਚ ਰਮੇਸ਼ ਕਹਿੰਦਾ ਹੈ, 'ਕੌਣ ਹਨ ਇਹ ਲੋਕ ਜੋ ਤੋਪਾਂ ਦੀ ਜੂਨ ਹੰਢਾਉਂਦੇ ਹਨ, ਮਿਜ਼ਾਇਲਾਂ ਦੇ ਖੰਭਾਂ 'ਤੇ ਸਵਾਰ...। ਉਹ 'ਕੁੱਤੇ' ਕਵਿਤਾ ਵਿਚ ਗਹਿਰੀ ਗੱਲ ਕਰਦਾ ਹੈ : 'ਕੁੱਤੇ, ਬਹੁਤ ਵਾਰ, ਭੌਂਕਦੇ ਹੀ ਰਹਿੰਦੇ ਹਨ, ਕੂਕਦੇ ਹੀ ਰਹਿੰਦੇ ਨੇ... ਪਰ ਫਿਰ ਵੀ ਚੰਗੇ ਨੇ ਇਹ, ਗੁਬਾਰ ਤਾਂ ਕੱਢ ਲੈਂਦੇ ਨੇ, ਆਪਣਾ, ਕੁੱਤੇ ਮੈਥੋਂ ਉਤੇ, ਕਵੀ ਆਪਣੀ ਪੁਸਤਕ ਦੇ ਆਪ ਲਿਖੇ ਆਦਿ ਕਥਨ ਵਿਚ ਭਾਰਤ ਦੇਸ਼ ਵਲੋਂ ਗਰਕ ਰਹੇ ਮਿਆਰ ਵਿਚ ਚਲੇ ਜਾਣ ਤੋਂ ਚਿੰਤਤ ਹੈ। ਇਹ ਦੇਸ਼ ਜਿਹੜੇ ਪਤਾਲ ਵੱਲ ਜਾ ਰਿਹਾ ਹੈ, ਉਥੋਂ ਮੁੜ ਗੌਰਵ ਦੇ ਆਕਾਸ਼ ਵੱਲ ਪਰਤਦਿਆਂ ਸਦੀਆਂ ਲੱਗ ਜਾਣਗੀਆਂ। ਰਮੇਸ਼ ਇਕ ਸੰਕੇਤਕ ਭਾਸ਼ਾ ਦਾ ਨਾਇਕ ਤੇ ਨਵੀਨ ਕਵੀ ਹੈ। ਉਸ ਦੀਆਂ ਪਤਾਲ ਅਤੇ ਆਕਾਸ਼ ਨੂੰ ਪ੍ਰੀਭਾਸ਼ਿਤ ਕਵਿਤਾਵਾਂ ਵਾਚਣ ਵਾਲੀਆਂ ਹਨ। ਉਸ ਦੇ ਕਈ ਕਾਵਿ ਬੰਦ ਅਖਵਾਉਂਦਾ ਸਿਰਨਾਵਾਂ ਜਾਪਦੀਆਂ ਹਨ ਜਿਵੇਂ : 'ਸ਼ੀਸ਼ੇ ਵਿਚ ਜੜੇ ਸ਼ਬਦ, ਕਦੇ ਵੀ, ਸੰਵਾਦ ਨਹੀਂ ਹੁੰਦੇ।' 'ਦਾਦੀ ਸਾਡੀ ਕਿਹਾ ਕਰਦੀ, ਤਿੜਕਿਆ, ਟੁੱਟਿਆ ਸ਼ੀਸ਼ਾ, ਘਰ ਨਹੀਂ ਰੱਖੀ ਦਾ, ਪੁੱਤ ਮਾੜਾ ਹੁੰਦੈ', 'ਚੱਪੂ ਮਲਾਹਾਂ ਨੂੰ ਪੁੱਛਦੇ ਹਨ, ਰਾਹ ਰਾਹਾਂ ਨੂੰ ਪੁੱਛਦੇ ਹਨ, ਕਾਇਦੇ ਕਾਨੂੰਨਾਂ ਨੂੰ ਪੁੱਛਦੇ ਹਨ, ਅਰਥ ਪੈਰਾਂ ਨੂੰ ਚੁੱਭਦੇ ਹਨ, ਸ਼ਬਦ ਮੱਥਿਆਂ 'ਚ ਵੱਜਦੇ ਹਨ। ਬਹੁਤ ਸਾਰੀਆਂ ਕਵਿਤਾਵਾਂ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ ਗਹਿਰੀਆਂ ਸਚਾਈਆਂ ਪੇਸ਼ ਕਰਦੀਆਂ ਹਨ। ਗਹਿਨ ਅਧਿਐਨ ਲੋੜੀਂਦੀ ਕਿਤਾਬ ਨੂੰ ਜੀ ਆਇਆਂ ਹੈ।'

-ਸੁਲੱਖਣ ਸਰਹੱਦੀ
ਮੋਬਾਈਲ : 94174-84337

ਲੋਕ ਕਾਵਿ-ਰੂਪ : ਰੰਗ
ਲੇਖਕ : ਡਾ. ਹਰਨੇਕ ਸਿੰਘ ਹੇਅਰ
ਪ੍ਰਕਾਸ਼ਕ : ਅਲਖ ਪ੍ਰਕਾਸ਼ਨ, ਨਕੋਦਰ
ਮੁੱਲ : 286 ਰੁਪਏ, ਸਫ਼ੇ : 288
ਸੰਪਰਕ : 94171-40380

ਹਰਨੇਕ ਸਿੰਘ ਹੇਅਰ ਬੇਸ਼ੱਕ ਨਾਵਲ-ਰਚਨਾ ਨਾਲ ਵੀ ਜੁੜਿਆ ਹੋਇਆ ਹੈ ਪਰ ਉਸ ਦਾ ਖੋਜ ਖੇਤਰ ਲੋਕ ਧਾਰਾ ਹੋਣ ਕਰਕੇ ਮੂਲ ਰੂਪ ਵਿਚ ਉਸ ਦੀ ਦਿਲਚਸਪੀ ਲੋਕਧਾਰਾ ਅਤੇ ਸੱਭਿਆਚਾਰ ਦੇ ਖੇਤਰ ਦੀ ਖੋਜ ਨਾਲ ਹੀ ਸੰਬੰਧਿਤ ਦੇਖੀ ਜਾ ਸਕਦੀ ਹੈ। ਕਿਉਂਕਿ ਡਾ. ਹਰਨੇਕ ਖ਼ੁਦ ਆਪ ਉਨ੍ਹਾਂ ਲੋਕਾਂ ਵਿਚ ਵਿਚਰਦਾ ਰਿਹਾ ਹੈ, ਜਿਨ੍ਹਾਂ ਨੇ ਲੋਕ ਕਲਾਵਾਂ ਦੇ ਬਹਮੁੱਲੇ ਵਿਰਸੇ ਨੂੰ ਸਾਂਭਿਆ ਹੋਇਆ ਹੈ, ਜਿਸ ਕਰਕੇ ਇਨ੍ਹਾਂ ਲੋਕਾਂ ਦੇ ਵਿਸਰ ਜਾਣ ਨਾਲ ਇਹ ਕਲਾਵਾਂ ਵੀ ਕਿਧਰੇ ਵਿਸਰ ਨਾ ਜਾਣ, ਇਹੀ ਖ਼ਦਸ਼ਾ ਉਸ ਨੂੰ ਲੋਕ ਕਾਵਿ-ਰੂਪ ਰੰਗ ਦੀ ਇਕੱਤਰਤਾ ਪਹਿਚਾਣ ਅਤੇ ਇਸ ਦੇ ਲੋਕਧਾਰਾਈ ਮਹੱਤਵ ਨੂੰ ਪੇਸ਼ ਕਰਨ ਦੀ ਖਿੱਚ ਪਾਉਂਦਾ ਹੈ। ਬਹੁਤ ਸਾਰੇ ਪੰਜਾਬੀ ਲੋਕਧਾਰਾ ਨਾਲ ਜੁੜੇ ਵਿਦਵਾਨ ਲੋਕ ਸਾਹਿਤ ਦੀ ਇਕੱਤਰਤਾ ਵਿਚ ਆਪਣਾ ਸਰਦਾ ਬਣਦਾ ਯੋਗਦਾਨ ਪਾਉਂਦੇ ਰਹੇ ਹਨ ਪਰ ਲੋਕ ਕਾਵਿ-ਰੂਪ 'ਰੰਗ' ਬਾਰੇ ਬਹੁਤ ਘੱਟ ਹੀ ਜ਼ਿਕਰ ਆਇਆ ਹੈ ਤੇ ਹਰਨੇਕ ਇਸ ਕਾਰਜ ਲਈ ਵਧਾਈ ਦਾ ਹੱਕਦਾਰ ਵੀ ਹੈ। ਉਸ ਨੇ ਇਸ ਪੁਸਤਕ ਵਿਚ ਲੋਕ ਕਾਵਿ-ਰੂਪ 'ਰੰਗ' ਦੇ ਵਿਧਾਗਤ ਪਸਾਰਾਂ ਬਾਰੇ ਚਾਨਣਾ ਪਾਉਂਦਿਆਂ ਇਨ੍ਹਾਂ ਦੀ ਇਕੱਤਰਤਾ ਕਰਕੇ ਪਾਠਕਾਂ ਦੇ ਰੂ-ਬਰੂ ਕੀਤਾ ਹੈ। ਜਦੋਂ ਅਸੀਂ ਪੁਸਤਕ ਨੂੰ ਪੜ੍ਹਦੇ ਹਾਂ ਤਾਂ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਇਹ ਕਾਵਿ-ਰੂਪ 'ਅਖਾੜਾ' ਗਾਇਕੀ ਦੀ ਇਕ ਕਿਸਮ ਹੁੰਦੀ ਸੀ, ਜੋ ਮੇਲਿਆਂ ਜਾਂ ਖ਼ੁਸ਼ੀ ਦੇ ਇਕੱਠਾਂ ਵਿਚ ਗਾਇਕੀ ਦੇ ਰੂਪ ਵਿਚ ਗਾਇਕਾਂ ਦੀ 'ਤਿੱਕੜੀ' ਵਲੋਂ ਪੇਸ਼ ਕੀਤੀ ਜਾਂਦੀ ਸੀ, ਜੋ ਅਖਾੜੇ ਵਿਚ ਗੇੜਾ ਲਾਉਂਦਿਆਂ ਹੋਇਆਂ ਅਲਗੋਜ਼ੇ, ਤੂੰਬਾ ਵੀ ਵਜਾਉਂਦੇ ਸਨ ਅਤੇ ਲੋਕ ਗਾਥਾਵਾਂ ਦੀ ਪੇਸ਼ਕਾਰੀ ਵੀ ਕਰਦੇ ਸਨ। ਸਰੋਤਿਆਂ ਦਾ ਪਿੜ ਉਨ੍ਹਾਂ ਉਤੇ ਪੈਸਿਆਂ ਦੀ ਬਰਸਾਤ ਵੀ ਕਰਦਾ ਸੀ ਪਰ ਹੁਣ ਅਖਾੜਿਆਂ ਦਾ ਰੂਪ ਬਦਲ ਜਾਣ ਅਤੇ ਲੋਕ ਧਾਰਾਈ ਕਦਰਾਂ-ਕੀਮਤਾਂ ਉਤੇ ਪੈਸਾਵਾਦੀ ਕਦਰਾਂ-ਕੀਮਤਾਂ ਦਾ ਬੋਲਬਾਲਾ ਹੋਣ ਨਾਲ ਇਹ ਰਵਾਇਤੀ ਵਿਰਾਸਤੀ ਗਾਇਕੀ ਵੀ ਹੌਲੀ-ਹੌਲੀ ਅਲੋਪ ਹੋ ਚੁੱਕੀ ਹੈ, ਜਿਸ ਨੂੰ ਸੰਭਾਲਣ ਅਤੇ ਪੰਜਾਬੀਆਂ ਦੇ ਦਿਲਾਂ ਵਿਚ ਇਸ ਦੀ ਆਭਾ ਜਗਾਉਣ ਲਈ ਲੇਖਕ ਵਧਾਈ ਦਾ ਹੱਕਦਾਰ ਹੈ।

-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611

ਇਕੀਗਾਈ
ਮੂਲ ਲੇਖਕ : ਹੈਕਟਰ ਗਾਰਸੀਆ ਅਤੇ ਫ੍ਰਾਂਸੇਕ ਮਿਰਾਲੇਸ
ਅਨੁਵਾਦਕ : ਜਗਵਿੰਦਰ ਜੋਧਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 299 ਰੁਪਏ, ਸਫ਼ੇ : 160
ਸੰਪਰਕ : 98152-98459

ਜਾਪਾਨੀ ਭਾਸ਼ਾ ਦਾ ਸ਼ਬਦ ਇਕੀਗਾਈ ਦਾ ਅਰਥ ਹੈ : ਵਧਦੀ ਉਮਰ ਵਿਚ ਵੀ ਜਵਾਨ ਰਹਿਣ ਦੀ ਕਲਾ। ਜਾਪਾਨੀ ਕਹਾਵਤ 'ਤੇ ਆਧਾਰਿਤ : ਤੁਹਾਡੇ ਵਿਚ ਸੌ ਸਾਲ ਜਿਊਣ ਦੀ ਇੱਛਾ ਤਾਂ ਹੀ ਹੋਵੇਗੀ ਜੇਕਰ ਤੁਹਾਡਾ ਹਰ ਪਲ ਰੁੱਝਿਆ ਹੋਵੇ। ਪੁਸਤਕ ਦੁਨੀਆ 'ਚ ਵੱਧ ਵਿਕਣ ਵਾਲੀ ਹੈ, ਕਿਉਂਕਿ ਹਰ ਕੋਈ ਸੁਖੀ, ਅਨੰਦਦਾਇਕ ਤੇ ਲੰਮੀ ਉਮਰ ਭੋਗਣਾ ਚਾਹੁੰਦਾ ਹੈ। ਇਸ ਕਰਕੇ ਅਜਿਹੀ ਪੁਸਤਕ ਦੇ ਪਾਠਕ ਵਧ ਹੋਣੇ ਕੁਦਰਤੀ ਗੱਲ ਹੈ। ਅੱਜ ਦੇ ਗੁੰਝਲਦਾਰ ਜੀਵਨ ਨੂੰ ਸੁੱਖ ਦਾ ਸਾਹ ਲੈਣ ਲਈ ਅਜਿਹੀਆਂ ਪੁਸਤਕਾਂ ਦੀ ਵਿਕਰੀ ਹੋਣੀ ਸੁਭਾਵਿਕ ਹੈ। ਲਗੋਥੈਰੇਪੀ ਦਾ ਅਰਥ ਹੈ ਲੋਕਾਂ ਨੂੰ ਆਪਣੇ ਜੀਵਨ ਦਾ ਮਕਸਦ ਢੂੰਡਣ ਵਿਚ ਸਹਾਇਤਾ ਕਰਨੀ। ਮੂਲ ਲੇਖਕ ਜਾਪਾਨ ਦੇ ਪਿੰਡ ਓਗਿਮੀ ਦੇ ਵਾਸੀਆਂ ਉਕੀਨਾਵਾ ਦੀ ਲੰਮੀ ਉਮਰ ਦੀ ਖੋਜ ਵਿਚ ਆਪਣਾ ਉਦੇਸ਼ ਮਿੱਥ ਕੇ ਇਸ ਪੁਸਤਕ ਨੂੰ ਲਿਖਣ ਦਾ ਮਨ ਬਣਾਉਂਦੇ ਹਨ। ਇਸ ਪਿੰਡ ਵਿਚ ਤਿੰਨ ਹਜ਼ਾਰ ਲੋਕਾਂ ਦੀ ਵਸੋਂ ਵਾਲੇ ਇਸ ਛੋਟੇ ਜਿਹੇ ਪਿੰਡ ਵਿਚ ਦੁਨੀਆ ਦੇ ਸਭ ਤੋਂ ਲੰਮੀ ਉਮਰ ਵਾਲੇ ਲੋਕ ਰਹਿੰਦੇ ਹਨ। ਇਕੀਗਾਈ ਸ਼ਬਦ ਦਾ ਅਰਥ ਹੀ ਇਸ ਪੁਸਤਕ ਦਾ ਵਿਸਥਾਰ ਹੈ। ਇਕੀਗਾਈ ਦਾ ਅਰਥ ਹੈ ਹਮੇਸ਼ਾ ਰੁੱਝੇ ਰਹਿਣ ਵਾਲਾ ਮਿਲਣ ਵਾਲਾ ਅਨੰਦ। ਜਾਪਾਨੀਆਂ ਦੀ ਜੀਵਨਸ਼ੈਲੀ ਦੀ ਮੁਕੰਮਲ ਝਲਕ ਇਸ ਪੁਸਤਕ ਦੇ ਵੱਖ-ਵੱਖ ਅਧਿਆਇ ਵਰਣਨ ਕਰਦੇ ਹਨ। ਉਹ ਕੰਮ ਕਰੋ ਜਿਸ ਨਾਲ ਤੁਹਾਨੂੰ ਖ਼ੁਸ਼ੀ ਤੇ ਸੰਤੁਸ਼ਟੀ ਹੋਵੇ। ਹਮੇਸ਼ਾ ਰੁੱਝੇ ਰਹੋ, ਖ਼ੁਸ਼ ਰਹੋ, ਦੂਜਿਆਂ ਦੇ ਕੰਮ ਆਵੋ। ਆਪਣੀ ਭੁੱਖ ਦੇ 80 ਫ਼ੀਸਦੀ ਹੀ ਖਾਣਾ ਖਾਵੋ। ਉੱਘੇ ਵਿਗਿਆਨੀਆਂ, ਵਿਦਵਾਨਾਂ, ਸਾਹਿਤਕਾਰਾਂ, ਇੰਜੀਨੀਅਰਾਂ ਆਦਿ ਦੀਆਂ ਉਦਾਹਰਨਾਂ ਰਾਹੀਂ ਦੱਸਿਆ ਗਿਆ ਹੈ ਕਿ ਉਹ ਆਪਣੀ ਆਖਰੀ ਉਮਰ ਦੇ ਪਲਾਂ ਤੀਕਰ ਕੰਮ 'ਚ ਰੁੱਝੇ ਰਹੇ। ਉਨ੍ਹਾਂ ਨੇ ਜੀਵਨ ਨੂੰ ਰੱਜ ਕੇ ਜੀਵਿਆ ਅਤੇ ਹਰ ਹਾਲਤ ਨੂੰ ਖਿੜੇ ਮੱਥੇ ਕਬੂਲ ਕੀਤਾ। 'ਜੇਕਰ ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਰੁੱਝਿਆ ਰੱਖਿਆ ਤਾਂ ਤੁਸੀਂ ਯਕੀਨਨ ਲੰਮੀ ਉਮਰ ਤੱਕ ਜੀਓਗੇ।' (ਵਾਲਟਰ ਬਰੂਨਿੰਮ) ਬਹੁਤ ਸਾਰੇ ਜਾਪਾਨੀ ਕਹਾਵਤਾਂ, ਕਥਨਾਂ ਤੇ ਵਿਚਾਰਾਂ ਰਾਹੀਂ ਇਹ ਉਦੇਸ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਕੋਲ ਵਰਤਮਾਨ ਹੈ, ਇਸ ਦਾ ਵੱਧ ਤੋਂ ਵੱਧ ਲਾਭ ਉਠਾਓ। ਅੰਤ 'ਚ ਇਕੀਗਾਈ ਦੇ ਦਸ ਨਿਯਮ ਦਿੱਤੇ ਗਏ ਹਨ। ਬਹੁਤ ਸਰਲ ਅਰਥਾਂ ਵਿਚ ਦੱਸਿਆ ਗਿਆ ਜਿਵੇਂ ਤੁਸੀਂ ਹੌਲੀ ਚੱਲ ਕੇ ਬਹੁਤ ਦੂਰ ਜਾ ਸਕਦੇ ਹੋ। ਦੋਸਤ ਵਰਗੀ ਕੋਈ ਚੰਗੀ ਦਵਾਈ ਨਹੀਂ। ਸਦਾ ਆਸ਼ਾਵਾਦੀ ਰਹੋ। ਉਹ ਕੰਮ ਨਾ ਕਰੋ, ਜਿਸ ਤੋਂ ਖੁਸ਼ੀ ਨਹੀਂ ਮਿਲਦੀ। ਤਨ, ਮਨ ਅਤੇ ਬੁੱਧੀ ਨਾਲ ਹਮੇਸ਼ਾ ਤੰਦਰੁਸਤ ਰਹਿਣ ਦਾ ਭੇਦ, ਇਸ ਪੁਸਤਕ ਦਾ ਮੁੱਖ ਉਦੇਸ਼ ਹੈ। ਜਗਵਿੰਦਰ ਜੋਧਾ ਨੇ ਸਰਲ ਤੇ ਮਿਆਰੀ ਅਨੁਵਾਦ ਕਰਕੇ ਮਿਸਾਲ ਪੈਦਾ ਕੀਤੀ, ਜਿਸ ਲਈ ਪ੍ਰਕਾਸ਼ਕ ਤੇ ਲੇਖਕ ਪ੍ਰਸੰਸਾ ਦੇ ਪਾਤਰ ਹਨ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

04-02-2024

ਸਮਤੋਲ ਜ਼ਿੰਦਗੀ ਦੇ ਰਾਹੀ
ਲੇਖਕ : ਅਮਰਜੀਤ ਸਿੰਘ ਤੂਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 99
ਸੰਪਰਕ : 98784-69639

ਸ਼ਾਇਰ ਅਮਰਜੀਤ ਸਿੰਘ ਤੂਰ ਆਪਣੀ ਪਲੇਠੀ ਕਾਵਿ ਕਿਤਾਬ 'ਸਮਤੋਲ ਜ਼ਿੰਦਗੀ ਦੇ ਰਾਹੀ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਕਿਤਾਬ ਦੇ ਪਿੱਠਵਰਗ 'ਤੇ ਛਪੇ ਸ਼ਾਇਰ ਦੇ ਸਵੈ-ਕਥਨ ਅਨੁਸਾਰ 'ਜ਼ਿੰਦਗੀ ਭਰ ਜੱਦੋ-ਜਹਿਦ ਧੁੱਪਾਂ ਛਾਵਾਂ ਵਿਚ ਕੱਢਦੇ ਹੋਏ ਨੇ ਪੇਂਡੂ ਸਕੂਲਾਂ ਤੇ ਫਿਰ ਸ਼ਹਿਰੀ ਕਾਲਜਾਂ ਵਿਚ ਛੱਤੀ ਸਾਲ ਤੋਂ ਬਾਅਦ ਸਹਾਇਕ ਡਾਇਰੈਕਟਰ ਵਜੋਂ ਸੇਵਾਮੁਕਤੀ ਹੋਈ ਤੇ ਬਾਅਦ ਵਿਚ ਪੰਜ ਸਾਲ ਫਿਰ ਸੇਵਾ ਕੀਤੀ। ਇਸ ਅਰਸੇ ਦੌਰਾਨ ਹਰਿਆਣਾ ਰਾਜ ਦੇ ਪਿੰਡ-ਪਿੰਡ ਗਲੀ-ਗਲੀ ਘੁੰਮਣ ਨਾਲ ਸਮਾਜਿਕ ਵਰਤਾਰੇ ਦਾ ਤਜਰਬਾ ਹੋਇਆ। ਜ਼ਿਲ੍ਹਾ ਜਨਗਣਨਾ ਪੁਸਤਕ ਅੰਗਰੇਜ਼ੀ ਅਤੇ ਹਿੰਦੀ ਵਿਚ ਡਰਾਫ਼ਟ ਕੀਤੀ, ਜਿਸ ਕਾਰਨ ਕਾਂਸੀ ਅਤੇ ਚਾਂਦੀ ਦੇ ਤਗਮੇ ਅਤੇ ਸਰਟੀਫਿਕੇਟ ਨਾਲ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਗਿਆ। ਸੋ, ਇਸ ਤਜਰਬੇ ਨਾਲ ਹੱਥਲੀ ਕਾਵਿ ਕਿਤਾਬ 'ਸਮਤੋਲ ਜ਼ਿੰਦਗੀ ਦੇ ਰਾਹੀ' ਲਿਖਣ ਦੀ ਪ੍ਰੇਰਨਾ ਮਿਲੀ। ਕਰਨਾਟਕ ਦੇ ਲੇਖਕ ਪੰਡਿਤ ਰਾਓ ਧਨੇਸਵਰ ਜਿਸ ਨੇ ਖ਼ੁਦ ਪੰਜਾਬੀ ਸਿਖ ਕੇ ਪੰਜਾਬੀ ਪ੍ਰਚਾਰ ਪ੍ਰਸਾਰ ਵਿਚ ਜਨੂੰਨ ਦੀ ਹੱਦ ਤੱਕ ਕੰਮ ਕੀਤਾ, ਨੇ ਵੀ ਸ਼ਾਇਰ ਅਮਰਜੀਤ ਸਿੰਘ ਤੂਰ ਦੀ ਪਿੱਠ ਥਾਪੜੀ ਹੈ। ਪੁਸਤਕ ਨੂੰ ਸੱਤ ਕਾਂਡਾਂ ਵਿਚ ਵੰਡਿਆ ਗਿਆ ਹੈ ਜਿਵੇਂ ਕਿ ਪਰਮਾਤਮਾ, ਯੋਧਿਆਂ ਅਤੇ ਸ਼ਹੀਦਾਂ ਬਾਰੇ, ਪਰਿਵਾਰਕ ਜੀਵਨ ਅਤੇ ਸਮਾਜ ਬਾਰੇ, ਕਿਸਮਤ ਅਤੇ ਹਾਸ-ਵਿਅੰਗ ਰਾਹੀਂ ਸਮਾਜਿਕ ਯਥਾਰਥ ਦੇ ਵਿਭਿੰਨ ਮਸਲਿਆਂ ਨਾਲ ਦਸਤਪੰਜਾ ਲਿਆ ਹੈ। ਸ਼ਾਇਰ ਨੇ ਜੀਵਨੀ ਮੂਲਕ ਵਤਰਾਰਿਆਂ ਦਾ ਸਧਾਰਨੀਕਰਨ ਸਪੱਸ਼ਟ ਤੇ ਸਾਦੀ ਜ਼ਬਾਨ ਵਿਚ ਬਿਨਾਂ ਕਿਸੇ ਸ਼ਾਬਦਿਕ ਜੰਜਾਲ ਤੋਂ ਕੀਤਾ ਹੈ, ਸ਼ਾਇਰ ਜਿਵੇਂ ਕਿ ਸਹਾਇਕ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਤਾਂ ਉਨ੍ਹਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਸੀ ਕਿ ਜੀਵਨ ਯਥਾਰਥ ਦੇ ਬੋਧ ਨੂੰ ਪ੍ਰਬੀਨਤਾ ਨਾਲ ਨਿਭਾਇਆ ਹੋਵੇਗਾ ਪਰ ਪੁਸਤਕ ਪੜ੍ਹਨ 'ਤੇ ਇਸ ਦਾ ਅਭਾਵ ਨਜ਼ਰ ਆਇਆ। ਸ਼ਾਇਰੀ ਤੁਕਬੰਦੀ ਦਾ ਨਾਂਅ ਨਹੀਂ ਹੁੰਦੀ ਤੇ ਸ਼ਾਇਰੀ ਕਰਨ ਲੱਗਿਆਂ ਕਾਵਿ-ਸ਼ਿਲਪ ਤੇ ਕਾਵਿ-ਚਿੰਤਨ ਨੂੰ ਸਾਣ 'ਤੇ ਚਾੜ੍ਹ ਕੇ ਕਵਿਤਾਉਣਾ ਹੁੰਦਾ ਹੈ। ਸ਼ਾਇਰ ਨੂੰ ਵਿਸ਼ਾ ਚੁਣਨ ਅਤੇ ਨਿਭਾਉਣ ਦੀ ਮੁਹਾਰਤ ਹੋਣੀ ਚਾਹੀਦੀ ਹੈ। ਪਤਾ ਨਹੀਂ ਸ਼ਾਇਰ ਦੀ ਮਜਬੂਰੀ ਹੈ ਕਿ ਉਹ ਮੋਹਨ ਭਾਗਵਤ ਦੀ ਵੀ ਕੀਰਤੀ ਕਰ ਰਿਹਾ ਹੈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਣ ਗਾਣ ਕਰਦਿਆਂ ਉਸ ਦੀਆਂ ਵਿਰੋਧੀ ਪਾਰਟੀਆਂ ਨੂੰ ਪਾਣੀ ਪੀ-ਪੀ ਕੋਸ ਰਿਹਾ ਹੈ। ਜੇ ਸਾਹਿਤ ਦੇ ਪਿੜ ਵਿਚ ਉਤਰਨਾ ਹੈ ਤਾਂ ਗੰਭੀਰ ਅਧਿਐਨ ਕਰਨਾ ਜ਼ਰੂਰੀ ਹੋ ਜਾਂਦਾ ਹੈ, ਨੇੜ ਭਵਿੱਖ ਵਿਚ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 98143-78254

ਏਹ ਕੇਹੀ ਰੁੱਤ ਆਈ
ਲੇਖਿਕਾ : ਪ੍ਰਭਜੋਤ ਕੌਰ ਢਿੱਲੋਂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 220 ਰੁਪਏ, ਸਫ਼ੇ : 131
ਸੰਪਰਕ : 98150-30221

ਪ੍ਰਭਜੋਤ ਕੌਰ ਢਿੱਲੋਂ ਪੰਜਾਬੀ ਦੀ ਜਾਣੀ-ਪਛਾਣੀ ਵਾਰਤਾਕਾਰ ਹੈ। ਉਸ ਦੇ ਲੇਖ ਅਕਸਰ ਹੀ ਪੰਜਾਬੀ ਅਖ਼ਬਾਰਾਂ ਵਿਚ ਪਾਠਕਾਂ ਨੂੰ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਇਸ ਪੁਸਤਕ ਵਿਚ ਜੋ ਉਸ ਦੇ ਲੇਖਾਂ ਦੀ ਨੌਵੀਂ ਪੁਸਤਕ ਹੈ, ਕੁੱਲ 49 ਲੇਖ ਸ਼ਾਮਿਲ ਕੀਤੇ ਗਏ ਹਨ। ਲੇਖਿਕਾ ਆਪਣੇ ਆਲੇ-ਦੁਆਲੇ ਵਿਚਰ ਰਹੇ ਸਮਾਜ, ਦੇਸ਼ ਤੇ ਖ਼ਾਸ ਕਰ ਪੰਜਾਬ ਦੇ ਜਨਜੀਵਨ ਵਿਚ ਫੈਲੀਆਂ ਬੁਰਾਈਆਂ ਬਾਰੇ ਚਿੰਤਾ ਅਤੇ ਫ਼ਿਕਰਮੰਦੀ ਜ਼ਾਹਿਰ ਕਰਦੀ ਹੈ। ਉਹ ਨਿਰੋਗ, ਸੁਚੱਜੇ ਅਤੇ ਸਾਫ਼-ਸੁਥਰੇ ਸਮਾਜ ਦੀ ਪੱਕੀ ਮੁਦਈ ਹੈ। ਉਸ ਦੇ ਲੇਖਾਂ ਵਿਚ ਨਸ਼ਿਆਂ, ਬੇਰੁਜ਼ਗਾਰੀ, ਡਿੱਗ ਰਹੇ ਮਿਆਰ, ਭੂਅ ਮਾਫੀਏ, ਭ੍ਰਿਸ਼ਟਾਚਾਰ ਅਤੇ ਅਨੈਤਿਕਤਾ ਦੀਆਂ ਗੱਲਾਂ ਉਜਾਗਰ ਕੀਤੀਆਂ ਹੁੰਦੀਆਂ ਹਨ। ਨਸ਼ੇ ਦੇ ਦਰਿਆ ਵਗ ਰਹੇ ਹਨ ਤੇ ਇਹ ਪੁਲਿਸ ਅਤੇ ਸਿਆਸਤਦਾਨਾਂ ਦੀ ਸ਼ਹਿ 'ਤੇ ਵਿਕ ਰਹੇ ਹਨ। ਸਿੱਖਿਆ ਪ੍ਰਬੰਧ ਠੀਕ ਨਾ ਹੋਣ ਕਾਰਨ ਬੱਚੇ ਵਿਦੇਸ਼ਾਂ ਵੱਲ ਪਲਾਇਨ ਅਤੇ ਪ੍ਰਵਾਸ ਕਰਦੇ ਹਨ। ਘਰ ਘਰ ਨਾ ਰਹਿ ਕੇ ਬਜ਼ੁਰਗਾਂ ਲਈ ਤਸੀਹਾ ਕੇਂਦਰ ਬਣਦੇ ਜਾ ਰਹੇ ਹਨ। ਬਜ਼ੁਰਗਾਂ ਦਾ ਸਨਮਾਨ ਘਟਦਾ ਜਾ ਰਿਹਾ ਹੈ, ਜਿਸ ਤੋਂ ਮਜਬੂਰ ਹੋ ਕੇ ਬੱਚਿਆਂ ਨੂੰ ਬੇਦਖਲ ਕਰਨਾ ਪੈ ਰਿਹਾ ਹੈ। ਦਹੇਜ ਅਤੇ ਔਰਤ ਦੇ ਬਰਾਬਰੀ ਦੇ ਹੱਕਾਂ ਲਈ ਕਾਨੂੰਨ ਬਣੇ ਹੋਣ 'ਤੇ ਵੀ ਉਨ੍ਹਾਂ ਦੀ ਠੀਕ ਤਰ੍ਹਾਂ ਵਰਤੋਂ ਨਹੀਂ ਹੋ ਰਹੀ। ਕਾਨੂੰਨ ਹੋਣ ਦੇ ਬਾਵਜੂਦ ਉਨ੍ਹਾਂ ਦੀ ਵਰਤੋਂ ਹੀ ਨਹੀਂ ਹੁੰਦੀ। ਲਾਲਚ, ਝੂਠ, ਈਰਖਾ ਦਾ ਪਸਾਰਾ ਦਿਨੋ-ਦਿਨ ਸਮਾਜ ਵਿਚ ਵਧਦਾ ਜਾ ਰਿਹਾ ਹੈ। ਲੁੱਟ-ਖੋਹ ਦੀਆਂ ਵਾਰਦਾਤਾਂ ਸਾਡੇ ਸਮਾਜ ਦਾ ਆਮ ਜਿਹਾ ਵਰਤਾਰਾ ਹੀ ਹੋ ਕੇ ਰਹਿ ਗਿਆ ਹੈ। ਇਹ ਸਾਰੇ ਫ਼ਿਕਰ ਅਤੇ ਚਿੰਤਾਵਾਂ ਲੇਖਿਕਾ ਆਪਣੇ ਲੇਖਾਂ ਰਾਹੀਂ ਜ਼ਾਹਿਰ ਕਰਦੀ ਹੈ। ਉਹ ਇਕ ਸਿਆਣੇ ਤੇ ਸੁਚੱਜੇ ਲੇਖਕ ਵਾਂਗ ਸਮਾਜਿਕ ਬੁਰਾਈਆਂ ਅਤੇ ਬਿਮਾਰੀਆਂ ਵਲ ਸੰਕੇਤ ਹੀ ਨਹੀਂ ਕਰਦੀ, ਆਪਣੇ ਪ੍ਰਵਚਨੀ ਲਹਿਜ਼ੇ ਵਿਚ ਉਨ੍ਹਾਂ ਦਾ ਇਤਿਹਾਸ ਵੀ ਦੱਸਦੀ ਹੈ। ਉਸ ਦੀ ਭਾਸ਼ਾ ਏਨੀ ਸਰਲ ਤੇ ਸਾਦੀ ਹੈ ਕਿ ਆਮ ਪਾਠਕ ਦੇ ਜ਼ਿਹਨ ਵਿਚ ਹੀ ਆਸਾਨੀ ਨਾਲ ਉੱਤਰ ਜਾਂਦੀ ਹੈ। ਢੁੱਕਵੇਂ ਮੁਹਾਵਰੇ ਅਤੇ ਅਖਾਣਾਂ ਵੀ ਉਸ ਦੀ ਭਾਸ਼ਾ ਨੂੰ ਰਸਦਾਰ ਬਣਾਉਂਦੇ ਹਨ। ਸਮਾਜ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਨੀ ਹਰ ਲੇਖਕ ਦਾ ਫ਼ਰਜ਼ ਵੀ ਤਾਂ ਹੁੰਦਾ ਹੈ।

-ਕੇ. ਐਲ. ਗਰਗ
ਮੋਬਾਈਲ : 94635-37050

ਪੰਜਾਬ ਦਾ ਗੌਰਵ
ਪੁਆਧ
ਸੰਪਾਦਕ : ਮਨਮੋਹਨ ਸਿੰਘ ਦਾਊਂ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 450 ਰੁਪਏ, ਸਫ਼ੇ : 319
ਸੰਪਰਕ : 98151-23900

ਵਿਚਾਰਧੀਨ ਪੁਸਤਕ ਪੁਆਧ ਬਾਰੇ ਬੜੀ, ਵੱਡਮੁੱਲੀ ਜਾਣਕਾਰੀ ਦਿੰਦੀ ਹੈ। ਇਸ ਦੇ ਸੰਪਾਦਨ ਦਾ ਸਿਹਰਾ ਮਨਮੋਹਨ ਸਿੰਘ ਦਾਊਂ ਨੂੰ ਜਾਂਦਾ ਹੈ, ਜਿਸ ਨੇ ਬੜੀ ਮਿਹਨਤ ਨਾਲ ਸਮੱਗਰੀ ਦਾ ਇਕੱਤਰੀਕਰਨ ਕੀਤਾ ਹੈ। ਇਸ ਪੁਸਤਕ ਨੂੰ ਪੰਜ ਖੰਡਾਂ ਵਿਚ ਵਿਭਾਜਤ ਕੀਤਾ ਗਿਆ ਹੈ। ਪਹਿਲੇ ਖੰਡ ਵਿਚ ਪੁਆਧ ਦੀ ਵਿਲੱਖਣਤਾ ਨੂੰ ਦਰਸਾਉਂਦੀਆਂ 14 ਰਚਨਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਲੋਕ-ਕਲਿਆਣ ਖੇਤਰ ਵਿਚ ਇਸ ਭੂ-ਖੰਡ ਦਾ ਵੱਡਾ ਯੋਗਦਾਨ ਹੈ। ਇਸ ਮਹੱਤਵ ਨੂੰ ਪਛਾਣਦਿਆਂ 7 ਸੰਸਥਾਵਾਂ ਨੂੰ ਯੋਗ ਸਥਾਨ ਦਿੱਤਾ ਗਿਆ ਹੈ। ਪੁਆਧ ਦੇ ਪਿੰਡਾਂ ਦੇ ਇਤਿਹਾਸ, ਸੱਭਿਆਚਾਰ, ਲੋਕਾਂ ਦੀ ਰਹਿਣੀ-ਬਹਿਣੀ, ਵਰਤ-ਵਪਾਰ ਦੀ ਨਿਸ਼ਾਨਦੇਹੀ ਕਰਨ ਵਾਲੇ ਚੋਣਵੇਂ 19 ਪਿੰਡਾਂ ਦਾ ਅਦੁੱਤੀਪਨ ਦਰਸਾਇਆ ਹੈ। ਸੁੱਖ ਵਾਂਗ ਦੁੱਖ ਵੀ ਜੀਵਨ ਦਾ ਅੰਗ ਹਨ। 1947 ਦੀ ਭਾਰਤ ਵੰਡ ਸਮੇਂ ਅਜਿਹੇ ਦੁਖੜਿਆਂ ਨਾਲ ਸੰਬੰਧਿਤ 4 ਹਿਰਦੇਵੇਧਕ ਸਾਹਿਤ ਕਿਰਤਾਂ ਨੂੰ ਪੁਸਤਕ ਦਾ ਭਾਗ ਬਣਾਇਆ ਹੈ। ਪੁਆਧੀ ਬਿਰਤਾਂਤਕ ਰਚਨਾਵਾਂ ਸੱਚਮੁੱਚ ਹੀ ਮਾਣਨਯੋਗ ਹਨ। ਇਨ੍ਹਾਂ ਦੇ ਮਹੱਤਵ ਨੂੰ ਪਛਾਣਦੇ ਹੋਏ 4 ਰਚਨਾਵਾਂ ਸ਼ਾਮਿਲ ਕਰਨ ਦਾ ਹਾਸਿਲ ਪ੍ਰਾਪਤ ਕੀਤਾ ਹੈ। ਪੁਆਧ ਦੇ ਕਲਮੀ ਯੋਧੇ ਵੀ ਕਿਹੜਾ ਘੱਟ ਹਨ, ਇਨ੍ਹਾਂ ਦੀ ਵੰਨਗੀ ਤਿੰਨ ਰਚਨਾਵਾਂ ਰਾਹੀਂ ਉਜਾਗਰ ਕੀਤੀ ਗਈ ਹੈ। ਪੁਆਧ ਦਾ ਖਿੱਤਾ ਹਮੇਸ਼ਾ ਹੀ ਤਬਦੀਲੀਆਂ ਦਾ ਕੇਂਦਰ ਰਿਹਾ ਹੈ। ਚੰਡੀਗੜ੍ਹ ਦੀ ਉਸਾਰੀ ਲਈ ਪੁਆਧ ਦੇ 50 ਪਿੰਡਾਂ ਨੂੰ ਉਜਾੜਿਆ ਗਿਆ। ਕਿਸੇ ਸਮੇਂ ਭਾਈ ਕਾਨ੍ਹ ਸਿੰਘ ਨਾਭਾ ਨੇ ਪੁਆਧ ਬਾਰੇ ਲਿਖਿਆ ਸੀ, 'ਪਹਾੜ ਦੇ ਪੈਰਾਂ ਪਾਸ ਦਾ ਦੇਸ਼'... ਉਹ ਦੇਸ਼, ਜੋ ਖੂਹ ਦੇ ਪਾਣੀ ਨਾਲ ਸਿੰਜਿਆ ਜਾਵੇ। ਜ਼ਿਲ੍ਹਾ ਅੰਬਾਲਾ ਦੇ ਆਸ-ਪਾਸ ਦਾ ਦੇਸ਼।' ਪਰ ਸੰਪਾਦਕ ਕੁਝ ਏਦਾਂ ਕਹਿੰਦਾ ਹੈ, '...ਪੰਜਾਬ ਦੇ ਪੂਰਬ ਅਰਧ ਦਾ ਨਾਂਅ ਬਦਲਦਾ ਹੋਇਆ ਪੁਆਧ ਬਣ ਗਿਆ।' ਪੰਨਾ 7 'ਪੁਆਧ ਦਰਪਣ' (ਅਤੀਤ ਦੇ ਝਰੋਖੇ ਥੀਂ) 2006 ਤੋਂ ਹੁਣ ਤੱਕ ਪੁਸਤਕਾਂ ਦੇ 'ਪੰਜ ਪਰਾਗੇ' ਛਾਪੇ ਗਏ ਹਨ। ਰਚਨਹਾਰਿਆਂ ਦੇ ਅਜਿਹੇ ਸਹਿਯੋਗ ਨਾਲ ਹਥਲੀ ਪੁਸਤਕ ਦੀ ਸੰਪੂਰਨਤਾ ਹੋਈ ਹੈ। ਸੰਪਾਦਕ ਅਨੁਸਾਰ ਪੁਆਧੀ ਖੇਤਰ ਵਿਚ ਅੰਬਾਲਾ, ਕੈਥਲ, ਯਮੁਨਾਨਗਰ ਅਤੇ ਕੁਰੂਕਸ਼ੇਤਰ ਜ਼ਿਲ੍ਹੇ ਪੈਂਦੇ ਹਨ। ਪੁਆਧੀ ਉਪ-ਬੋਲੀ ਵਿਚ ਰਚਨਾ ਕਰਨ ਵਾਲੇ 13 ਸਾਹਿਤਕਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪੁਆਧ ਨੂੰ ਲਾਇਮਲਾਈਟ ਕਰਨਾ 'ਦਾਊਂ' ਦਾ ਜੀਵਨ ਮਨੋਰਥ ਪ੍ਰਤੀਤ ਹੁੰਦਾ ਹੈ। ਇਹ ਇਕ ਖੋਜ ਪੁਸਤਕ ਹੋ ਨਿਬੜੀ ਹੈ। ਖੋਜਾਰਥੀਆਂ ਲਈ ਵੀ ਲਾਹੇਵੰਦ ਹੈ।

-ਡਾ. ਡੀ.ਸੀ. ਵਾਤਿਸ਼
ਈ-ਮੇਲ : vatish.dharamchand@gmail.com

ਲੇਖੇ ਆਵਹਿ ਭਾਗ
ਲੇਖਕ : ਪਦਮਸ੍ਰੀ ਡਾ. ਹਰਿਮੰਦਰ ਸਿੰਘ ਬੇਦੀ
ਪ੍ਰਕਾਸ਼ਕ : ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ
ਮੁੱਲ : 650 ਰੁਪਏ, ਸਫ਼ੇ : 236
ਸੰਪਰਕ : 093561-33665

ਬੇਸ਼ੱਕ ਦੁਨੀਆ 'ਚ ਆਦਿ ਕਾਲ ਤੋਂ ਹਰੇਕ ਮਨੁੱਖ ਅੰਦਰ ਇਕ ਲੇਖਕ ਹਮੇਸ਼ਾ ਮੌਜੂਦ ਦੱਸਿਆ ਜਾਂਦਾ ਹੈ, ਪਰ ਸਾਹਿਤਕ ਰਚਨਾ-ਧਰਮਿਤਾ 'ਜਹਾਂ ਨਾ ਪਹੁੰਚੇ ਰਵੀ, ਵਹਾਂ ਪਹੁੰਚੇ ਕਵੀ' ਵਰਗੀ ਹੁੰਦੀ ਹੈ। ਸਾਹਿਤ ਦੀ ਆਤਮ-ਕਥਾ ਲੇਖਨ-ਵੰਨਗੀ ਹਮੇਸ਼ਾ ਤੋਂ ਅਤੀਵ ਮਿਹਨਤ ਵਾਲੀ, ਦੁਰਲਭ ਕਿਰਿਆ ਵਰਗੀ ਰਹੀ ਹੈ। ਇਸੇ ਕਾਰਨ ਸ਼ਾਇਦ ਆਤਮ-ਕਥਾਤਮਿਕ ਲੇਖਨ ਹਿੰਦੀ-ਪੰਜਾਬੀ ਸਾਹਿਤ ਇਤਿਹਾਸ ਵਿਚ ਬਹੁਤ ਦੁਰਲਭ ਰਿਹਾ ਹੈ। ਇਸੇ ਦੁਰਲਭ ਅਤੇ ਦੁਰਗਮ ਰਾਹ ਦੇ ਰਾਹੀ ਬਣੇ ਹਨ ਡਾ. ਹਰਮਿੰਦਰ ਸਿੰਘ ਬੇਦੀ, 'ਲੇਖੇ ਆਵਹਿ ਭਾਗ' ਦਾ ਲੇਖਨ ਕਰਕੇ, ਅਤੇ ਸੋਨੇ 'ਤੇ ਸੁਹਾਗੇ ਵਾਲੀ ਗੱਲ ਇਹ ਕਿ ਉਨ੍ਹਾਂ ਦੀ ਇਹ ਰਚਨਾ ਬਹੁਤ ਸੰਖੇਪ ਜਿਹੇ ਸਮੇਂ ਵਿਚ ਹੀ ਵਿਸਤਰਿਤ ਅਤੇ ਵਿਆਪਕ ਧਰਾਤਲ 'ਤੇ ਚਰਚਿਤ ਵੀ ਹੋਈ ਹੈ। ਬੇਸ਼ੱਕ ਇਸ ਪੁਸਤਕ ਦਾ ਮੁਢਲਾ ਲੇਖਨ ਸੁਰ ਪੰਜਾਬੀ ਭਾਸ਼ਾ ਵਿਚ ਉਭਰਿਆ ਹੈ, ਪਰ ਕਿਉਂਕਿ ਡਾ. ਬੇਦੀ ਹਿੰਦੀ ਵਿਚ ਵੀ ਬਰਾਬਰ ਰੂਪ ਵਿਚ ਚਰਚਿਤ ਅਤੇ ਪ੍ਰਸਿੱਧੀ ਪ੍ਰਾਪਤ ਹਨ, ਪਰ ਬਿਨਾਂ ਸ਼ੱਕ ਇਹ ਪੁਸਤਕ ਉਨ੍ਹਾਂ ਨੂੰ ਦੋ-ਦੋ ਮੰਚਾਂ 'ਤੇ ਸਥਾਪਿਤ ਕਰਨ ਵਿਚ ਸਹਾਇਕ ਬਣੇਗੀ। ਆਤਮ-ਕਥਾਤਮਿਕ ਲੇਖਨ ਅਕਸਰ ਇਸ ਲਈ ਵੀ ਇਕ ਦਰੂਹ ਵਿਧਾ ਵਰਗਾ ਹੁੰਦਾ ਹੈ ਕਿ ਇਸ ਲੇਖਨ ਲਈ ਕਲਪਨਾਵਾਂ ਦੀ ਬਹੁਤ ਉੱਚੀ ਉਡਾਨ ਨਹੀਂ ਭਰੀ ਜਾ ਸਕਦੀ। ਇਸ ਵਿਧਾ-ਲੇਖਨ ਅਧੀਨ ਭੋਗੇ ਗਏ ਸੱਚ-ਕਥਾ ਅਤੇ ਯਥਾਰਥ ਦਾ ਸਹਾਰਾ ਲੈਣਾ ਹੁੰਦਾ ਹੈ, ਪਰ ਇਹ ਸੱਚ ਏਨਾ ਵੀ ਪ੍ਰਖਰ ਨਹੀਂ ਹੁੰਦਾ ਕਿ ਪਾਠਕ ਨੂੰ ਕੌੜਾ ਲੱਗਣ ਲੱਗੇ। ਬਿਨਾਂ ਸ਼ੱਕ ਡਾ. ਬੇਦੀ ਨੇ ਇਸ ਸਾਹਿਤ-ਕਥਾ ਦੀ ਸ਼ੁਰੂਆਤ ਕਰਦੇ ਹੋਏ ਸਾਕਾਰਾਤਮਿਕ ਅਤੇ ਨਾਕਾਰਾਤਮਿਕ ਦੋਵਾਂ ਪੱਖਾਂ ਨੂੰ ਨਿਆਂ ਦੀ ਤੱਕੜੀ ਵਿਚ ਬਰਾਬਰੀ ਨਾਲ ਮੁੱਠੀ ਵਿਚ ਫੜੀ ਰੱਖਿਆ ਹੈ। ਇਸ ਪੁਸਤਕ ਵਿਚ ਪੇਸ਼ ਸਾਕਾਰਾਤਮਕਤਾ ਜੇਕਰ ਜੁਗਨੂੰ ਵਾਂਗ ਦਪਦਪਾਈ ਹੈ, ਤਾਂ ਨਾਕਾਰਾਤਮਕ ਪੱਖ ਕਿਸੇ ਭਰੇ-ਪੂਰੇ ਬਗ਼ੀਚੇ ਵਿਚ, ਕਿਸੇ ਠੰਢੀ ਸਵੇਰ ਸਮੇਂ ਤ੍ਰੇਲ ਭਿੱਜੇ ਕਮਲ-ਪੱਤੇ 'ਤੇ ਬਹੁਤ ਸਧੇ ਹੋਏ, ਰੁਮਕਦੇ-ਰੁਮਕਦੇ ਕਦਮਾਂ ਨਾਲ ਚਲਦੇ ਬੀਰ-ਬਹੂਟੀ ਪ੍ਰਤੀਤ ਹੋਈ ਹੈ। 'ਲੇਖੇ ਆਵਹਿ ਭਾਗ' ਸੰਭਾਵੀ ਤੌਰ 'ਤੇ ਇਕ ਆਦਮ-ਕਦ ਆਈਨੇ ਵਾਂਗ ਬਣੀ ਹੈ ਜਿਸ ਦੇ ਅੰਦਰ ਤੱਕ ਇਕ ਵਾਰ ਝਾਕ ਲੈਣ ਨਾਲ ਹੀ ਡਾ. ਹਰਮਿੰਦਰ ਸਿੰਘ ਬੇਦੀ ਦੀ ਸੰਪੂਰਨ ਸ਼ਖ਼ਸੀਅਤ, ਰਚਨਾਤਕਮਕਿਤਾ ਦੇ ਸਭ ਪੱਖ ਇਕ ਸਿਨੇ-ਰੀਲ ਵਾਂਗ ਅੱਖਾਂ ਦੇ ਅੱਗਿਓਂ ਲੰਘ ਗਏ ਦਿਖਾਈ ਦੇਣ ਲਗਦੇ ਹਨ। ਡਾ. ਬੇਦੀ ਦੀ ਪਰਿਵਾਰਕ ਪਿੱਠਭੂਮੀ ਵੀ ਉਨ੍ਹਾਂ ਦੀ ਨਿੱਜੀ ਸ਼ਖ਼ਸੀਅਤ ਤੋਂ ਆਸ਼ਨਾ ਹੋਈ ਲਗਦੀ ਹੈ। ਭਾਸ਼ਾ ਬਹੁਤ ਸਰਲ ਅਤੇ ਵਾਕ ਬਣਤਰ ਬਹੁਤ ਸਧੀ ਹੋਈ ਹੈ। ਇਸ ਪੁਸਤਕ ਵਿਚ 'ਮੇਰੇ ਬਚਪਨ ਦੇ ਦਿਨ' ਤੋਂ ਲੈ ਕੇ 'ਸਰਵੇ ਭਵੰਤੂ ਸੁਖਿਨਾ' ਦੇ ਪੜਾਅ ਤੱਕ, ਵਿਚਾਲੇ ਸਥਾਪਿਤ ਹੁੰਦੇ ਗਏ 'ਮੇਰੇ ਕਾਲਜ ਦੇ ਦਿਨ', 'ਮੇਰੀ ਵਿਦੇਸ਼ ਯਾਤਰਾਵਾਂ', 'ਅਕਾਦਮਿਕਤਾ ਦੇ ਸ਼ੂਕਦੇ ਦਰਿਆ' ਅਤੇ 'ਪੂਰਬ ਜਨਮ ਦੇ ਮਿਲੇ ਸੰਯੋਗੀ' ਪੱਖ ਤੱਕ, ਯਾਦਾਂ ਦੇ ਅਨੇਕ ਦੀਪਕ ਜਗਮਗਾਉਂਦੇ ਦਿਖਾਈ ਦਿੰਦੇ ਹਨ। ਡਾ. ਬੇਦੀ ਨੇ ਆਪਣੀਆਂ ਪਰਿਵਾਰਕ ਪੀੜ੍ਹੀਆਂ ਦਾ ਜ਼ਿਕਰ ਕਰਦੇ ਹੋਏ, ਜਿਥੋਂ ਤੱਕ ਯਥਾ ਸੰਭਵ ਹੋਵੇ ਕਿਸੇ ਤਰ੍ਹਾਂ ਦੀ ਅਤਿਕਥਨੀ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਬਿਨਾਂ ਸ਼ੱਕ ਇਹ ਪੁਸਤਕ ਪੰਜਾਬ ਦੇ ਹਿੰਦੀ-ਪੰਜਾਬੀ ਸਾਹਿਤ ਦੀ ਵਿਰਾਸਤ ਪਿਟਾਰੀ ਵਿਚ ਸਹੇਜ-ਸੰਭਾਲ ਕੇ ਰੱਖਣ ਵਾਲੀ ਪੁਸਤਕ ਸਿੱਧ ਹੋਵੇਗੀ।

-ਸਿਮਰ ਸਦੋਸ਼
ਮੋਬਾਈਲ : 94177-56262

ਅਵਧ ਦਾ ਕਿਸਾਨ ਵਿਦਰੋਹ - 1920 ਤੋਂ 1922 ਈ.
ਮੂਲ ਲੇਖਕ : ਸੁਭਾਸ਼ ਚੰਦਰ ਕੁਸ਼ਵਾਹਾ
ਅਨੁਵਾਦਕ : ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 342
ਸੰਪਰਕ : 098153-17028

ਪੰਜਾਬੀ ਵਿਚ 'ਅਵਧ ਦਾ ਕਿਸਾਨ ਵਿਦਰੋਹ' ਛਪਵਾ ਅੱਜ ਦੇ ਭਾਰਤੀ ਕਿਸਾਨ ਅੰਦੋਲਨ ਦੇ ਪ੍ਰਸੰਗ ਵਿਚ ਬਹੁਤ ਮਹੱਤਤਾ ਰੱਖਦਾ ਹੈ। ਬਲਬੀਰ ਲੌਂਗੋਵਾਲ ਨੇ ਪੰਜਾਬੀ ਅਨੁਵਾਦ ਕਰਕੇ ਸਮੇਂ ਦੀ ਦੁਖਦੀ ਨਬਜ਼ 'ਤੇ ਹੱਥ ਰੱਖਿਆ ਹੈ। ਅਨੁਵਾਦ ਦੇ ਕਠਿਨ ਕਾਰਜ ਨੂੰ ਸਿਰੇ ਚਾੜ੍ਹ ਕੇ ਵੱਡਾ ਕਾਰਜ ਕੀਤਾ ਹੈ। ਬਲਬੀਰ ਲੌਂਗੋਵਾਲ ਨੇ ਹਥਲੀ ਪੁਸਤਕ ਤੋਂ ਪਹਿਲਾਂ ਗਿਆਰਾਂ ਕ੍ਰਾਂਤੀਕਾਰੀ ਤੇ ਇਤਿਹਾਸਕ ਪੁਸਤਕਾਂ ਦਾ ਪੰਜਾਬੀ 'ਚ ਅਨੁਵਾਦ ਕਰਕੇ ਇਕ ਸਿਰੜੀ ਅਨੁਵਾਦਕ ਬਣ ਵਿਖਾਇਆ ਹੈ। ਪੰਜਾਬੀ ਮੈਗਜ਼ੀਨ 'ਤਰਕਸ਼ੀਲ' ਦੇ ਮੁੱਖ ਸੰਪਾਦਕ ਵਜੋਂ 2012 ਤੋਂ ਕਾਰਜਸ਼ੀਲ ਹਨ। ਗਾਂਧੀ ਬੇਨਕਾਬ, ਭਗਤ ਸਿੰਘ ਅਤੇ ਸਾਥੀ, ਗਠੜੀ ਚੋਰ, ਬੰਦੀ ਜੀਵਨ, ਚੌਰੀ ਚੌਰਾ, ਸ਼ਹੀਦਾਂ ਦੇ ਹਮਸਫ਼ਰ, ਕ੍ਰਾਂਤੀ ਦੀਆਂ ਇਬਾਰਤਾਂ ਆਦਿ ਪਾਠਕਾਂ 'ਚ ਮਕਬੂਲ ਹੋਈਆਂ ਹਨ। ਚਾਰ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ, ਅਰਥ-ਸ਼ਾਸਤਰ ਤੇ ਸਿੱਖਿਆ ਦੀਆਂ ਐਮ.ਏ. ਡਿਗਰੀਆਂ ਤੋਂ ਬਿਨਾਂ ਹੋਰ ਯੋਗਤਾਵਾਂ ਦੇ ਮਾਹਿਰ ਹਨ। ਮੂਲ ਲੇਖਕ ਸੁਭਾਸ਼ ਚੰਦਰ ਕੁਸ਼ਵਾਰਾ ਉੱਤਰ ਪ੍ਰਦੇਸ਼ ਦਾ ਜੰਮਪਲ, ਪੋਸਟ ਗ੍ਰੈਜੂਏਟ (ਵਿਗਿਆਨ) ਸੰਖਿਅਕੀ ਦਾ ਗਿਆਤਾ ਹੈ, ਜਿਸ ਨੇ ਲੋਕ ਹਿਤ ਲਈ ਪੁਸਤਕਾਂ ਲਿਖ ਕੇ ਨਾਮਣਾ ਖੱਟਿਆ ਤੇ ਮਿਆਰੀ ਸਨਮਾਨ ਪ੍ਰਾਪਤ ਕੀਤੇ ਹਨ। ਅੱਜਕੱਲ੍ਹ ਲਖਨਊ ਵਾਸੀ ਹਨ ਅਤੇ ਕਿਸਾਨੀ ਸਮੱਸਿਆ ਦੇ ਮਹਾਰਥੀ ਹਨ। ਕਹਾਣੀ ਅਤੇ ਇਤਿਹਾਸ ਦੀਆਂ ਪੁਸਤਕਾਂ ਵੀ ਚਰਚਿਤ ਹੋਈਆਂ ਹਨ। ਹਥਲੀ ਪੁਸਤਕ 'ਅਵਧ ਦਾ ਕਿਸਾਨ ਵਿਦਰੋਹ' ਉਦੋਂ ਦੇ ਕਾਲ-ਖੰਡ ਦਾ ਵਰਣਨ ਹੈ, ਜਦੋਂ ਹਿੰਦੁਸਤਾਨ ਗ਼ੁਲਾਮ ਸੀ। ਅੰਗਰੇਜ਼ ਹਕੂਮਤ ਦੀ ਚੜ੍ਹਤ ਸੀ। ਉਦੋਂ ਦੇ ਅਵਧ, ਪ੍ਰਤਾਪਗੜ੍ਹ, ਰਾਏ ਬਰੇਲੀ, ਫੈਜ਼ਾਬਾਦ, ਸੁਲਤਾਨਪੁਰ ਤੇ ਹਰਦੋਈ ਦਾ ਕਿਸਾਨ ਵਿਦਰੋਹ ਦਾ ਬਹੁਤ ਬਰੀਕ-ਬੀਨੀ ਦਾ ਬਿਰਤਾਂਤ ਪਾਠਕ ਨੂੰ ਹਲੂਣੀ ਦੇਣ ਵਾਲਾ ਹੈ। ਬ੍ਰਿਟਿਸ਼ ਹਕੂਮਤ ਨੇ ਕਿਵੇਂ ਪਹਿਲੀ ਸੰਸਾਰ ਜੰਗ ਵਿਚ ਭਾਰਤੀਆਂ ਨੂੰ ਆਪਣੀ ਤਾਕਤ ਹਥਿਆਉਣ ਲਈ ਝੋਕਿਆ ਤੇ ਕਿਵੇਂ ਹਜ਼ਾਰਾਂ 'ਚ ਫ਼ੌਜੀ ਸ਼ਹੀਦ ਹੋਏ, ਜ਼ਖ਼ਮੀ ਹੋਏ ਤੇ ਘਰ-ਬਾਰ ਤੋਂ ਸਦਾ ਲਈ ਬੇਵਤਨ ਹੋਏ। ਕਿਸਾਨਾਂ ਦੇ ਵਿਦਰੋਹ ਨੂੰ ਉਦੋਂ ਦੀ ਰਾਜਸੀ ਪਾਰਟੀ ਕਾਂਗਰਸ ਦੇ ਮੁਦਈਆਂ ਨੇ ਕਿਸਾਨਾਂ ਦੇ ਅੰਦੋਲਨ ਨਾਲ ਬੇਵਫ਼ਾਈ ਕੀਤੀ ਤੇ ਸਵਰਾਜ ਦਾ ਲਾਰਾ ਲਾ ਕੇ ਗੁੰਮਰਾਹ ਕੀਤਾ। ਇਹ ਸਾਰੇ ਵੇਰਵੇ ਹੈਰਾਨ ਕਰਨ ਵਾਲੇ ਹਨ। ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਰਾਜਸੀ ਸੱਤਾ ਨੂੰ ਕਾਇਮ ਰੱਖਣ ਲਈ ਕਿਸਾਨਾਂ ਨਾਲ ਧੋਖਾ ਕੀਤਾ। 'ਗਾਂਧੀ ਨੇ ਅਵਧ ਤੋਂ ਬਿਨਾਂ ਹੋਰ ਸਥਾਨਾਂ ਦੇ ਕਿਸਾਨ ਵਿਦਰੋਹਾਂ ਦਾ ਵੀ ਕਦੇ ਸਮਰਥਨ ਨਹੀਂ ਕੀਤਾ।' (ਪੰਨਾ 75)। ਲੇਖਕ ਨੇ ਅੰਦੋਲਨ ਦੀ ਪ੍ਰਮਾਣਿਕਤਾ ਲਈ ਏਨੀਆਂ ਪੁਸਤਕਾਂ ਤੇ ਲਿਖਤਾਂ ਦੇ ਹਵਾਲੇ ਦਿੱਤੇ ਹਨ ਕਿ ਪਾਠਕ ਹੈਰਾਨ ਰਹਿ ਜਾਂਦਾ ਹੈ। ਅੰਕੜੇ ਤੇ ਤੱਥਾਂ ਨੂੰ ਬਾਕਾਇਦਾ ਸਬੂਤਾਂ ਰਾਹੀਂ ਪੇਸ਼ ਕੀਤਾ ਗਿਆ। ਪੁਸਤਕ ਦੇ 9 ਅੰਤਿਕਾ ਝੰਜੋੜਨ ਵਾਲੇ ਹਨ। ਕਰਜ਼ਈ ਕਿਸਾਨ ਦੁੱਖ ਦਾ ਮਾਰਿਆ ਆਪਣੀਆਂ ਪੰਜ ਤੇ ਦਸ/ਬਾਰ੍ਹਾਂ ਸਾਲਾਂ ਦੀਆਂ ਬੇਟੀਆਂ 40 ਰੁਪਏ ਤੋਂ ਲੈ ਕੇ 500 ਰੁਪਏ ਨੂੰ ਜ਼ਿਮੀਂਦਾਰ/ਸ਼ਾਹੂਕਾਰਾਂ ਨੂੰ ਵੇਚਣ ਲਈ ਮਜਬੂਰ ਹੋਏ। ਇਹ ਵੱਖਰੀ ਵਿਸ਼ਾ-ਵਸਤੂ ਵਾਲੀ ਪੁਸਤਕ ਪੰਜਾਬ ਦੇ ਕਿਸਾਨ ਅੰਦੋਲਨ ਲਈ ਮਾਰਗ ਦਰਸ਼ਨ ਕਰਨ ਵਾਲੀ ਹੈ। ਚੰਗਾ ਹੋਵੇ ਜੇਕਰ ਇਸ ਸੰਖੇਪ ਰੂਪ ਪੰਜਾਬੀ 'ਚ ਛਾਪ ਕੇ ਕਿਸਾਨਾਂ ਤੱਕ ਪੁੱਜਦਾ ਕੀਤਾ ਜਾਵੇ। ਮੁਬਾਰਕ ਹੋਵੇ ਲੇਖਕ/ਅਨੁਵਾਦਕ ਨੂੰ ਅਜਿਹੇ ਦਸਤਾਵੇਜ਼ੀ ਖੋਜ ਕਾਰਜ ਲਈ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

ਹੀਰੇ ਬੰਦੇ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫ਼ੇ : 264
ਸੰਪਰਕ : 98726-02296

ਡਾ. ਵਰਿਆਮ ਸਿੰਘ ਸੰਧੂ ਬਿਰਤਾਂਤ ਦੀਆਂ ਜੁਗਤਾਂ ਵਿਚ ਪੂਰਨ ਪ੍ਰਵੀਣ ਹੈ, ਇਹੀ ਕਾਰਨ ਹੈ ਕਿ ਭਾਵੇਂ ਉਹ ਕਹਾਣੀ ਲਿਖ ਰਿਹਾ ਹੋਵੇ ਜਾਂ ਸਫ਼ਰਨਾਮਾ, ਇਤਿਹਾਸਕ ਮੋਨੋਗ੍ਰਾਫ਼ ਲਿਖ ਰਿਹਾ ਹੋਵੇ ਜਾਂ ਸ਼ਬਦ-ਚਿੱਤਰ, ਉਸ ਦੀ ਲੇਖਣੀ ਹਰ ਵਿਧਾ ਵਿਚ ਆਪਣੀ ਇਕ ਨਿਵੇਕਲੀ ਛਾਪ ਛੱਡਦੀ ਹੈ। ਹਥਲੀ ਪੁਸਤਕ ਵਿਚ ਉਸ ਦੁਆਰਾ ਲਿਖਤ 16 ਸ਼ਬਦ-ਚਿਤਰ ਸੰਗ੍ਰਹਿਤ ਹਨ। ਇਨ੍ਹਾਂ ਨਾਲ ਸੰਬੰਧਿਤ ਵਿਅਕਤੀਆਂ ਨੂੰ ਉਹ 'ਹੀਰੇ ਬੰਦਿਆਂ' ਵਾਂਗ ਪੇਸ਼ ਕਰਦਾ ਹੈ।
ਉਂਝ ਤਾਂ ਭਾਵੇਂ ਹਰ ਵਿਅਕਤੀ ਨੂੰ ਹੀਰੇ ਵਰਗਾ ਅਨਮੋਲ ਜੀਵਨ ਮਿਲਿਆ ਹੁੰਦਾ ਹੈ ਪਰ ਬਹੁਤੇ ਬੰਦੇ ਇਸ ਨੂੰ 'ਚੰਦ ਕੌਡਾਂ' ਪਿੱਛੇ ਰੋਲ ਛੱਡਦੇ ਹਨ। ਉਹ ਆਪਣੇ ਜੀਵਨ ਰੂਪੀ ਹੀਰੇ ਨੂੰ ਸੰਵਾਰ-ਤਰਾਸ਼ ਕੇ ਇਸ ਨੂੰ ਰੌਸ਼ਨ-ਤਬ੍ਹਾ ਨਹੀਂ ਬਣਾ ਪਾਉਂਦੇ। ਇਨ੍ਹਾਂ ਹੀਰੇ-ਬੰਦਿਆਂ ਵਿਚੋਂ ਬਹੁਤ (ਲਗਭਗ ਸਾਰੇ ਹੀ) ਲੇਖਕ ਹਨ। ਇਕ-ਦੋ ਨੂੰ ਛੱਡ ਕੇ ਬਹੁਤੇ ਗੁਜ਼ਰ ਗਏ ਹਨ। ਲੇਖਕ ਨੇ ਉਨ੍ਹਾਂ ਦੀਆਂ ਅਨਮੋਲ ਯਾਦਾਂ ਨੂੰ ਸੰਭਾਲ-ਸਹੇਜ ਕੇ ਰੱਖਿਆ ਹੈ। ਇਸ ਪੁਸਤਕ ਵਿਚ ਸ. ਜਸਵੰਤ ਸਿੰਘ ਕੰਵਲ ਤੋਂ ਲੈ ਕੇ ਕੁਲਵੰਤ ਸਿੰਘ ਵਿਰਕ, ਸ਼ਿਵ ਕੁਮਾਰ, ਕਰਨੈਲ ਸਿੰਘ ਪਾਰਸ, ਜਗਜੀਤ ਸਿੰਘ ਆਨੰਦ... ਅਮਰਜੀਤ ਗੁਰਦਾਸਪੁਰੀ, ਕਿਰਪਾਲ ਸਿੰਘ ਪੰਨੂ, ਅਮੋਲਕ ਸਿੰਘ, ਨਿੰਦਰ ਘੁਗਿਆਣਵੀ ਅਤੇ ਰਜਨੀਸ਼ ਬਹਾਦਰ ਦਾ ਜ਼ਿਕਰੇ-ਖ਼ੈਰ ਹੋਇਆ ਹੈ। ਵਿਚ-ਵਿਚਕਾਰ ਹਰਭਜਨ ਹਲਵਾਰਵੀ, ਪਾਸ਼, ਅਜਮੇਰ, ਔਲਖ, ਸਰਵਣ ਸਿੰਘ, ਜਗਦੀਸ਼ ਸਿੰਘ ਵਰਿਆਮ ਅਤੇ ਜੋਗਿੰਦਰ ਸਿੰਘ ਪੁਆਰ ਵਰਗੇ ਸਮਰੱਥ ਲੇਖਕ ਵੀ ਆ ਗਏ ਹਨ। ਬਹੁਤੇ ਲੇਖਾਂ (ਚਿਤਰਾਂ) ਦੀ ਕੇਂਦਰੀ ਧੁਨੀ ਇਹ ਹੈ *: ''ਮੇਰਿਆ ਯਾਰਾ! ਤੂੰ ਕਿਧਰੇ ਨਹੀਂ ਗਿਆ।'' (ਲੋਕਾਂ ਦੀ ਸਿਮਰਤੀ ਵਿਚ ਵਸਨਾ ਪਿਆ ਏਂ!) ਪਰ ਇਹ ਵੀ ਲੇਖਕ ਦੀ ਇਕ ਖੁਸ਼ਫ਼ਹਿਮੀ ਹੀ ਹੈ। ਅੱਜਕਲ੍ਹ ਤਾਂ ਨਾ ਕੇਵਲ ਲੋਕ 'ਗੁਜ਼ਰ ਗੇ ਬੰਦਿਆਂ' ਨੂੰ ਅਗਲੇ ਦਿਨ ਹੀ ਭੁਲਾ ਦਿੰਦੇ ਹਨ, ਬਲਕਿ ਨਿਸਚਿੰਤ ਹੋ ਜਾਂਦੇ ਹਨ। ਕਿੱਡੇ ਵੱਡੇ-ਵੱਡੇ ਕੱਦਾਵਰ ਲੋਕ ਤੇ ਲੇਖਕ ਤੁਰ ਗਏ। ਕੌਣ ਯਾਦ ਕਰਦਾ ਹੈ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਮੀਸ਼ਾ, ਗੁਰਦਿਆਲ ਸਿੰਘ, ਬਲਵੰਤ ਗਾਰਗੀ ਅਤੇ ਗੁਰਸ਼ਰਨ ਸਿੰਘ ਭਾਅ ਜੀ ਵਰਗਿਆਂ ਨੂੰ। ਇਹ ਤਾਂ ਵਰਿਆਮ ਸਿੰਘ ਸੰਧੂ ਵਰਗੇ ਸੁਹਿਰਦ ਅਤੇ ਨਿਸ਼ਕਪਟ ਚੰਦ ਲੋਕ ਹੀ 'ਮੋਇਆਂ ਅਤੇ ਵਿਛੜਿਆਂ' ਦੀਆਂ ਯਾਦਾਂ ਨੂੰ ਸਾਂਭ-ਸਹੇਜ ਕੇ ਰੱਖਦੇ ਹਨ। ਬਹੁਤ ਉੱਤਮ ਅਤੇ ਪਰਿਪੱਕ ਸ਼ੈਲੀ ਵਿਚ ਲਿਖੇ ਗਏ ਹਨ ਇਹ ਸ਼ਬਦ-ਚਿੱਤਰ। ਸਾਂਭਣ ਤੇ ਮਾਨਣਯੋਗ ਹੈ ਇਹ ਪੁਸਤਕ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਤਾਨੀਆ ਦੀ ਪ੍ਰੇਮ ਕਹਾਣੀ
ਤਲਵਿੰਦਰ ਸਿੰਘ ਦੀਆਂ 31 ਕਹਾਣੀਆਂ
ਸੰਪਾਦਕ : ਡਾ. ਰਵੇਲ ਸਿੰਘ
ਪ੍ਰਕਾਸ਼ਕ : ਆਰਸੀ ਪਬਲੀਸ਼ਰ, ਨਵੀਂ ਦਿੱਲੀ
ਮੁੱਲ : 750 ਰੁਪਏ, ਸਫ਼ੇ : 504
ਸੰਪਰਕ : 092120-21195

ਪੰਜਾਬੀ ਦੇ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਵਿਚ ਕਹਾਣੀਕਾਰ ਮਰਹੂਮ ਤਲਵਿੰਦਰ ਦਾ ਨਾਂਅ ਬੜੀ ਸ਼ਿੱਦਤ ਨਾਲ ਲਿਆ ਜਾਂਦਾ ਹੈ। ਇਹ ਉਸ ਦੀਆਂ ਕਹਾਣੀਆਂ ਦੀ ਮਕਬੂਲੀਅਤ ਹੀ ਹੈ ਕਿ ਉਸ ਦੇ ਵਿਛੋੜੇ ਤੋਂ ਦਸ ਵਰ੍ਹਿਆਂ ਮਗਰੋਂ ਉਸ ਦੀਆਂ ਚਰਚਿਤ 31 ਕਹਾਣੀਆਂ ਦਾ ਵੱਡਅਕਾਰੀ ਸੰਗ੍ਰਹਿ ਡਾ. ਰਵੇਲ ਸਿੰਘ ਦੀ ਸੰਪਾਦਨਾ ਹੇਠ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਪੁੱਜਾ ਹੈ। ਪੁਸਤਕ ਦੇ ਆਰੰਭ ਵਿਚ ਡਾ. ਰਵੇਲ ਸਿੰਘ ਦੇ ਸੰਪਾਦਕੀ ਲੇਖ ਤੋਂ ਇਲਾਵਾ ਜਿੰਦਰ ਵਲੋਂ ਤਲਵਿੰਦਰ ਨਾਲ ਲੰਮੀ ਮੁਲਾਕਾਤ (ਮੇਰੇ ਕੋਲ ਇਕ ਅਦਬੀ ਤਬੀਅਤ ਹੈ) ਅਤੇ ਮੇਰਾ ਜਥੇਦਾਰ ਤਲਵਿੰਦਰ ਸਿੰਘ ਲੇਖ ਵੀ ਸ਼ਾਮਿਲ ਹੈ। ਭਗਵੰਤ ਰਸੂਲਪੁਰੀ ਵਲੋਂ ਲਿਖਿਆ 'ਏਨੀ ਮੇਰੀ ਬਾਤ ਕਹਿ ਕੇ ਤੁਰ ਗਿਆ ਤਲਵਿੰਦਰ-ਸੰਸਮਰਣ ਵੀ ਹੈ। ਪਿਤਰੀ ਸੱਤਾ ਵਿਚ ਦਮਿਤ ਔਰਤ ਮਨ ਦੀਆਂ ਦੱਬੀਆਂ ਸੱਧਰਾਂ ਦੇ ਪ੍ਰਤੀਕਮਈ ਬਿਰਤਾਂਤ, ਰਾਤ ਚਾਨਣੀ, ਡਾ. ਜੇ.ਬੀ. ਸੇਖੋਂ, ਨਿੱਘਰਦੇ ਮਾਨਵੀ ਰਿਸ਼ਤਿਆਂ ਦਾ ਦੁਖਾਂਤ-ਵਾਰਸ ਕਹਾਣੀ-ਸੰਗ੍ਰਹਿ, ਮਿੰਨੀ ਸਲਵਾਨ, ਰਾਤ ਚਾਨਣੀ ਰਾਤ, ਨਾਰੀ ਵੇਦਨਾ ਤੇ ਚੇਤਨਾ ਦਾ ਬਿਰਤਾਂਤ, ਰਾਤ ਚਾਨਣੀ, ਡਾ. ਮਿਨਾਕਸ਼ੀ ਰਾਠੌਰ, ਕਹਾਣੀ ਪੈਂਡਾ 'ਚ ਦਲਿਤ ਵਰਗ ਦੀ ਤ੍ਰਾਸਦੀ ਤੇ ਡਾ. ਰਜਨੀਸ਼ ਕੌਰ, ਵਿਚਲੀ ਔਰਤ ਤੇ ਜ਼ੁਬੈਰ ਅਹਿਮਦ, ਕਹਾਣੀਕਾਰ ਤਲਵਿੰਦਰ ਸਿੰਘ ਨੂੰ ਪੜ੍ਹਦਿਆਂ, ਡਾ. ਮੇਘਾ ਸਲਵਾਨ ਦੇ ਨਾਲ-ਨਾਲ ਤਲਵਿੰਦਰ ਸਿੰਘ ਵਲੋਂ ਆਪਣਾ ਲਿਖਿਆ ਲੇਖ 'ਮਸੀਂ ਲੱਭਾ ਮੈਂ ਤੈਨੂੰ' ਸ਼ਾਮਿਲ ਕੀਤੇ ਗਏ ਹਨ। ਇਹ ਸਾਰੇ ਲੇਖ ਕਹਾਣੀਕਾਰ ਤਲਵਿੰਦਰ ਸਿੰਘ ਦੀ ਅਦਬੀ ਸ਼ਖ਼ਸੀਅਤ ਅਤੇ ਉਸ ਦੇ ਸਿਰਜਣਾਤਮਕ ਸੰਸਾਰ ਬਾਰੇ ਵਿਸਤਾਰ ਨਾਲ ਚਾਨਣਾ ਪਾਉਂਦੇ ਹਨ। ਇਨ੍ਹਾਂ ਰਾਹੀਂ ਤਲਵਿੰਦਰ ਸਿੰਘ ਦੇ ਵਿਅਕਤੀਤਵ ਦੇ ਕਈ ਪਹਿਲੂਆਂ ਅਤੇ ਕਥਾ ਯਾਤਰਾ ਬਾਰੇ ਜਾਣਕਾਰੀ ਹਾਸਿਲ ਹੁੰਦੀ ਹੈ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ, ਜਿਹੜੀਆਂ ਪਹਿਲੋਂ ਹੀ ਪੱਤ੍ਰਿਕਾਵਾਂ ਰਾਹੀਂ ਕਾਫ਼ੀ ਚਰਚਿਤ ਹੋਈਆਂ ਅਤੇ ਇਨ੍ਹਾਂ ਕਰਕੇ ਹੀ ਕਹਾਣੀਕਾਰ ਤਲਵਿੰਦਰ ਨੂੰ ''ਔਰਤ ਦੇ ਨਜ਼ਰੀਏ ਤੋਂ ਔਰਤ ਨੂੰ ਸਮਝਣ ਵਾਲਾ ਸਮਰਥ ਕਹਾਣੀਕਾਰ'' ਦਾ ਰੁਤਬਾ ਹਾਸਿਲ ਹੋਇਆ। ਇਸ ਸੰਗ੍ਰਹਿ ਵਿਚ ਰਾਤ ਚਾਨਣੀ, ਵਿਚਲੀ ਔਰਤ, ਇਸ ਵਾਰ ਅਤੇ ਕਾਲ ਚੱਕਰ ਸੰਗ੍ਰਹਿ ਵਿਚੋਂ ਚੋਣਵੀਆਂ ਅਤੇ ਚਰਚਿਤ ਕਹਾਣੀਆਂ ਸ਼ਾਮਿਲ ਕਰਕੇ ਪਠਕਾਂ ਨੂੰ ਇਨ੍ਹਾਂ ਕਹਾਣੀਆਂ ਰਾਹੀਂ ਤਲਵਿਦਰ ਦੀ ਕਹਾਣੀ ਕਲਾ ਦੀਆਂ ਬਰੀਕੀਆਂ ਅਤੇ ਸੂਖਮ ਤੰਦਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਵਿਚ ਪ੍ਰਗਤੀਵਾਦੀ ਸਰੋਕਾਰ ਵੀ ਮੌਜੂਦ ਹਨ। ਪੰਜਾਬ ਸੰਕਟ ਦੇ ਲੁਕਵੇਂ ਪਹਿਲੂ ਵੀ ਹਨ, ਔਰਤ-ਮਰਦ ਸੰਬੰਧਾਂ ਦੀਆਂ ਭਿੰਨ-ਭਿੰਨ ਪਰਤਾਂ ਹਨ, ਨੌਕਰੀ ਪੇਸ਼ਾ ਵਰਗ ਦੀਆਂ ਵਿਸੰਗਤੀਆਂ ਅਤੇ ਵਿਡੰਬਨਾਵਾਂ ਵੀ ਹਨ। ਸਭ ਤੋਂ ਵੱਧ ਔਰਤ ਦੇ ਮਨੋਵਿਗਿਆਨ , ਉਸ ਦੀਆਂ ਡੂੰਘੀਆ ਰਮਜ਼ਾਂ ਅਤੇ ਪੰਜਾਬ ਦੇ ਪੇਂਡੂ ਆਂਚਲ ਦੀ ਬਦਲਦੀ ਨਕਸ਼-ਨੁਹਾਰ ਦੇ ਉਘੜਵੇਂ ਨਕਸ਼ ਵੀ ਹਨ। ਉਸ ਦਾ ਆਪਣਾ ਪ੍ਰਤੀਕਮਈ ਭਾਸ਼ਾਈ ਮੁਹਾਵਰਾ ਹੈ, ਜੋ ਕਹਾਣੀ ਨੂੰ ਡੂੰਘਾਈ ਦੇ ਨਾਲ ਨਾਲ ਅਰਥ-ਵਿਸਤਾਰ ਵੀ ਦਿੰਦਾ ਹੈ। ਤਾਨੀਆ ਦੀ ਪ੍ਰੇਮ ਕਹਾਣੀ ਆਪਣੇ-ਆਪ ਵਿਚ ਕਾਮਰੇਡੀ ਦਾ ਝੰਡਾ ਚੁੱਕ ਕੇ ਦਿਨ-ਰਾਤ ਇਨਕਲਾਬ ਦਾ ਖ਼ਾਬ ਦੇਖਣ ਵਾਲਿਆਂ ਦਾ ਕਰੂਰ ਯਥਾਰਥ ਵੀ ਹੈ ਤੇ ਤਿੱਖਾ ਕਟਾਖਸ਼ ਵੀ। ਇਹ ਪੁਸਤਕ ਪੰਜਾਬੀ ਪਾਠਕਾਂ ਲਈ ਵੱਡਮੁੱਲਾ ਤੋਹਫ਼ਾ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਚਿੜੀਆਂ
ਕਵੀ : ਅਵਤਾਰ ਸਿੰਘ ਢਿੱਲੋਂ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 86
ਸੰਪਰਕ : 097189-31882

'ਚਿੜੀਆਂ' ਅਵਤਾਰ ਸਿੰਘ ਢਿੱਲੋਂ ਦੀ ਪਹਿਲ-ਪਲੇਠੀ ਕਿਤਾਬ ਹੈ, ਜਿਸ ਵਿਚ ਕੁੱਲ 78 ਕਵਿਤਾਵਾਂ ਹਨ। ਕਵਿਤਾ ਜਿਹੇ ਸੂਖਮ ਵਿਸ਼ੇ ਨੂੰ ਕਾਗਜ਼ 'ਤੇ ਉਲੀਕਣਾ ਹਰ ਕਿਸੇ ਦੇ ਵੱਸ ਵਿਚ ਨਹੀਂ ਹੁੰਦਾ, ਕਿਉਂਕਿ ਇਹ ਜਜ਼ਬਿਆਂ, ਭਾਵਨਾਵਾਂ ਤੇ ਵਲਵਲਿਆਂ ਦੀ ਪੇਸ਼ਕਾਰੀ ਹੁੰਦੀ ਹੈ। ਅਵਤਾਰ ਸਿੰਘ ਢਿੱਲੋਂ ਨੇ ਐਮ.ਏ. ਐਮ ਫਿਲ ਦੀ ਉਚੇਰੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ 2000 ਤੋਂ 2023 ਦੌਰਾਨ ਰਚੀਆਂ ਗਈਆਂ ਹਨ। ਪੁਸਤਕ ਵਿਚ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰੋਮਾਂਟਿਕ ਤੇ ਸਮਕਾਲੀ ਹਾਲਾਤ ਬਾਰੇ ਛੋਟੀਆਂ-ਛੋਟੀਆਂ ਕਵਿਤਾਵਾਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 4 ਕਵਿਤਾਵਾਂ ਤੋਂ ਬਿਨਾਂ ਤਸੀਹੇ, ਠੰਢਾ ਬੁਰਜ, ਅਰਦਾਸ ਵਿਚ ਸ਼ਕਤੀ, ਗੁਰੂ ਘਰ ਦੀ ਸੇਵਾ, ਰੱਬ ਵੱਲ ਨੂੰ ਤੁਰ ਆਦਿ ਕਵਿਤਾਵਾਂ 'ਚੋਂ ਵੀ ਸਿੱਖ ਧਰਮ ਦੀ ਖੁਸ਼ਬੋ ਆਉਂਦੀ ਹੈ। ਕਵੀ ਨੇ ਕੁਝ ਕਵਿਤਾਵਾਂ ਵਿਚ ਆਪਣੀ ਧਰਮ ਪਤਨੀ ਹਰਜਿੰਦਰ ਕੌਰ ਢਿੱਲੋਂ ਦਾ ਵੀ ਜ਼ਿਕਰ ਕੀਤਾ ਹੈ ਤੇ ਹਰ ਕਵਿਤਾ ਦੇ ਅੰਤ ਵਿਚ ਆਪਣਾ ਉਪ-ਨਾਂਅ ਜ਼ਰੂਰ ਵਰਤਿਆ ਹੈ। ਕਵਿਤਾ ਵਿਚ ਪਹਿਲਾ ਯਤਨ ਹੋਣ ਕਰਕੇ ਅਜੇ ਉਸ ਦੀ ਕਵਿਤਾ ਮੁਢਲੇ ਦੌਰ ਵਿਚ ਹੀ ਹੈ ਤੇ ਇਕ ਤਰ੍ਹਾਂ ਨਾਲ ਵੇਖੇ/ਸੁਣੇ/ਅਸਲੀ ਘਟਨਾਵਾਂ ਨੂੰ ਹੀ ਕਵਿਤਾ ਦਾ ਜਾਮਾ ਪਹਿਨਾਇਆ ਗਿਆ ਹੈ। ਪਰੂਫ਼ ਰੀਡਿੰਗ ਦੀਆਂ ਬਹੁਤ ਗ਼ਲਤੀਆਂ ਰੜਕਦੀਆਂ ਹਨ (ਬੀ.ਐ. ਹੋਨਰਜ; ਐਮ.ਐ. ਦੀ ਥਾਂ ਬੀ. ਏ. ਆਨਰਜ਼ ਅਤੇ ਐਮ. ਏ. ਲਿਖਿਆ ਜਾਣਾ ਚਾਹੀਦਾ ਸੀ)। ਕਿਤੇ-ਕਿਤੇ ਵਾਕ ਬਣਤਰ ਦੀਆਂ ਉਕਾਈਆਂ ਵੀ ਹਨ। ਸਾਰੀ ਕਿਤਾਬ ਇਕੋ ਫ਼ੌਂਟ ਵਿਚ ਨਹੀਂ ਛਪੀ (ਪੰਨਾ 69, 79 'ਤੇ ਦੋ ਕਵਿਤਾਵਾਂ ਵੱਖਰੇ ਫ਼ੌਂਟ ਵਿਚ ਹਨ)। ਇਸੇ ਤਰ੍ਹਾਂ ਇਕ ਕਵਿਤਾ (ਪੰਨਾ 17) ਦਾ ਸਿਰਲੇਖ ਤਤਕਰਾ ਅਤੇ ਅੰਦਰਵਾਰ ਵੱਖ-ਵੱਖ ਹੈ ('ਨਾਨਕ ਬੋਲੇ 1313' ਨੂੰ ਤਤਕਰਾ ਮੁਤਾਬਕ 'ਨਾਨਕ ਬੋਲੇ ਤੇਰਾਂ ਤੇਰਾਂ' ਲਿਖਿਆ ਜਾਣਾ ਚਾਹੀਦਾ ਸੀ)। ਇਸੇ ਤਰ੍ਹਾਂ ਕਵੀ ਨੇ ਅੰਗਰੇਜ਼ੀ ਵਿਚ 'ਚਿੜੀਆਂ' ਦਾ ਅਨੁਵਾਦ @sparrows@ ਦੀ ਥਾਂ @b}rds@ ਪਤਾ ਨਹੀਂ ਕਿਉਂ ਕੀਤਾ ਹੈ? ਸਾਰੀ ਕਿਤਾਬ ਪੜ੍ਹ ਕੇ ਮੈਨੂੰ ਜਾਪਿਆ ਹੈ ਕਿ ਕਿਤਾਬ ਜਿਵੇਂ ਛਪੀ, ਉਸੇ ਤਰ੍ਹਾਂ ਜਾਰੀ ਕਰ ਦਿੱਤੀ ਗਈ, ਪਰੂਫ਼ ਪੜ੍ਹੇ ਹੀ ਨਹੀਂ ਗਏ। ਉਮੀਦ ਕੀਤੀ ਜਾ ਸਕਦੀ ਹੈ ਕਿ ਕਵੀ ਭਵਿੱਖ ਵਿਚ ਆਪਣੀ ਕਾਵਿ ਕਲਾ ਨੂੰ ਹੋਰ ਨਿਖਾਰ ਕੇ ਪਾਠਕਾਂ ਸਾਹਵੇਂ ਪ੍ਰਸਤੁਤ ਕਰੇਗਾ।

ਚਿੰਤਨ ਦੇ ਚਿਤੇਰੇ
ਲੇਖਕ : ਡਾ. ਭੀਮ ਇੰਦਰ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 148
ਸੰਪਰਕ : 98149-02040

ਡਾ. ਭੀਮ ਇੰਦਰ ਸਿੰਘ ਸਮਕਾਲੀ ਪੰਜਾਬੀ ਆਲੋਚਨਾ ਵਿਚ ਇਕ ਪਰਿਚਿਤ ਨਾਂਅ ਹੈ। ਉਸ ਨੇ ਹੁਣ ਤੱਕ 10 ਮੌਲਿਕ, 4 ਅਨੁਵਾਦਿਤ, 8 ਸੰਪਾਦਿਤ ਪੁਸਤਕਾਂ ਸਮੇਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ 'ਖੋਜ ਪੱਤ੍ਰਿਕਾ' ਦੇ ਪੰਜ ਅੰਕਾਂ ਅਤੇ ਤ੍ਰੈਮਾਸਿਕ 'ਸਰੋਕਾਰ' ਦਾ 7 ਸਾਲ ਸੁਯੋਗ ਸੰਪਾਦਨ ਕੀਤਾ ਹੈ। 'ਚਿੰਤਨ ਦੇ ਚਿਤੇਰੇ' 2023 ਵਿਚ ਪ੍ਰਕਾਸ਼ਿਤ ਉਸ ਦੀ ਨਵੀਨਤਮ ਕਿਤਾਬ ਹੈ, ਜਿਸ ਵਿਚ 16 ਲੇਖ ਸ਼ਾਮਿਲ ਹਨ। ਪੰਜਾਬੀ ਆਲੋਚਨਾ ਦੇ ਦਿੱਗਜ ਪ੍ਰੋ. ਕਿਸ਼ਨ ਸਿੰਘ, ਡਾ. ਹਰਿਭਜਨ ਸਿੰਘ, ਡਾ. ਟੀ.ਆਰ. ਵਿਨੋਦ, ਡਾ. ਸੁਤਿੰਦਰ ਸਿੰਘ ਨੂਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਤੇ ਡਾ. ਸਰਬਜੀਤ ਸਿੰਘ ਆਦਿ ਦੀਆਂ ਆਲੋਚਨਾਤਮਿਕ ਪੱਧਤੀਆਂ ਬਾਰੇ ਵਿਭਿੰਨ ਮੁੱਲਵਾਨ ਲੇਖਾਂ ਦੇ ਨਾਲ-ਨਾਲ ਕਾਮਰੇਡ ਮਾਓ, ਪ੍ਰੋ. ਰਣਧੀਰ ਸਿੰਘ, ਲੈਨਿਨ ਸਮੇਤ ਗ਼ਦਰ ਲਹਿਰ ਦੇ ਜੁਝਾਰੂਆਂ ਜਵਾਲਾ ਸਿੰਘ ਠੱਠੀਆਂ, ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਕਾਮਰੇਡ ਗੰਧਰਵ ਸੇਨ ਕੋਛੜ ਦੇ ਨਜ਼ਰੀਏ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ। ਪੁਸਤਕ ਦੇ ਸਾਰੇ ਹੀ ਚਿੰਤਕ ਆਪੋ-ਆਪਣੇ ਖੇਤਰ ਦੇ ਸਿੱਧਹਸਤ ਹਨ। ਤਤਕਾਲੀ ਰਾਜਨੀਤਕ ਵਿਵਸਥਾ ਇਤਿਹਾਸ ਨੂੰ ਖ਼ਤਮ ਕਰਨ/ਬਦਲਣ 'ਤੇ ਤੁਲੀ ਹੋਈ ਹੈ ਤੇ ਉਹ ਇਕ ਖਾਸ ਨੀਤੀ ਤਹਿਤ ਖਾਸ ਏਜੰਡੇ ਨੂੰ ਲਾਗੂ ਕਰਨ ਲਈ ਤਰਲੋਮੱਛੀ ਹੋ ਰਹੀ ਹੈ। ਫ਼ਾਸ਼ੀਵਾਦੀ ਤਾਕਤਾਂ ਸਾਡੇ ਸਾਂਝੇ ਵਿਰਸੇ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਧਾਰੀ ਬੈਠੀਆਂ ਹਨ। ਸਰਕਾਰੀ ਹੱਥ-ਠੋਕੂ ਸੰਸਥਾਵਾਂ ਸਿੱਖਿਆ ਸੰਸਥਾਵਾਂ ਵਿਚ ਇਕ ਸਾਜਿਸ਼ ਅਧੀਨ ਅਜਿਹਾ ਕਰੀਕੁਲਮ ਲਿਆ ਰਹੀਆਂ ਹਨ, ਜੋ ਸਾਡੀ ਰਹਿਤਲ ਨੂੰ ਤਹਿਸ-ਨਹਿਸ ਕਰਕੇ ਰੱਖ ਦੇਵੇਗਾ। ਅਜਿਹੇ ਹਾਲਾਤ ਵਿਚ ਚਿੰਤਕਾਂ ਦੀ ਭੂਮਿਕਾ ਹੋਰ ਵੀ ਵਧ ਗਈ ਹੈ। ਡਾ. ਭੀਮ ਇੰਦਰ ਨੇ ਬੜੀ ਸੰਜੀਦਗੀ ਨਾਲ ਇਨ੍ਹਾਂ ਸਾਹਿਤਾਚਾਰੀਆਂ/ਲੋਕ-ਨਾਇਕਾਂ ਦੇ ਰੋਲ ਦਾ ਮੁਲਾਂਕਣ ਕੀਤਾ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਧਰਤੀ ਤੇ ਅਸਮਾਨ ਵਿਚਾਲੇ
ਲੇਖਕ : ਗਗਨਗੀਤ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 175 ਰੁਪਏ, ਸਫ਼ੇ : 78
ਸੰਪਰਕ : 95019-36601

ਉੱਭਰਦੇ ਗ਼ਜ਼ਲਕਾਰ ਗਗਨਗੀਤ ਦੀ ਹਥਲੀ ਪੁਸਤਕ 'ਧਰਤੀ ਤੇ ਅਸਮਾਨ ਵਿਚਾਲੇ' ਨੂੰ ਪੜ੍ਹ ਕੇ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਉਨ੍ਹਾਂ ਦੀ ਪਲੇਠੀ ਪੁਸਤਕ ਹੋਵੇਗੀ। ਗ਼ਜ਼ਲਕਾਰੀ ਦੇ ਮੁਢਲੇ ਪੜਾਅ 'ਤੇ ਹੀ ਇੰਨੇ ਖ਼ੂਬਸੂਰਤ ਅਤੇ ਮਿਆਰੀ ਸ਼ਿਅਰ ਕਹਿਣਾ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਸ਼ਾਹਦੀ ਭਰਦਾ ਹੈ। ਜ਼ਿੰਦਗੀ ਦੇ ਸੱਚ ਨੂੰ ਉਨ੍ਹਾਂ ਨੇ ਬਹੁਤ ਹੀ ਨੇੜੇ ਹੋ ਕੇ ਦੇਖਣ ਅਤੇ ਵਾਚਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ, ਜਿਸ ਦੀ ਝਲਕ ਉਨ੍ਹਾਂ ਦੇ ਇਸ ਸ਼ਿਅਰ ਵਿਚੋਂ ਸਪੱਸ਼ਟ ਦਿਖਾਈ ਦਿੰਦੀ ਹੈ:
ਉੱਗ ਰਹੇ ਨੇ ਰਾਖ਼ 'ਚੋਂ,
ਸੱਜਰੇ ਡਰਾਂ ਦੇ ਨਾਲ ਨਾਲ।
ਸੜ ਗਏ ਸੀ ਖ਼ਾਬ ਜੋ,
ਸੜਦੇ ਘਰਾਂ ਦੇ ਨਾਲ ਨਾਲ।
ਉਹ ਸਿਰਫ਼ ਲਿਖਣ ਲਈ ਹੀ ਨਹੀਂ ਲਿਖਦੇ, ਬਲਕਿ ਉਨ੍ਹਾਂ ਦੀਆਂ ਗ਼ਜ਼ਲਾਂ ਲੁੱਟੇ-ਪੁੱਟੇ ਜਾ ਰਹੇ ਲੋਕਾਂ ਦੀ ਧਿਰ ਬਣਦੀਆਂ ਹਨ। ਉਹ ਫ਼ਿਕਰਮੰਦ ਹਨ ਕਿ ਅਜੋਕੇ ਕਲਮਕਾਰ ਹਕੂਮਤਾਂ ਦੇ ਮਾਣ-ਸਨਮਾਨ ਦੇ ਚੱਕਰ ਵਿਚ ਉਲਝ ਕੇ ਲੋਕਾਂ ਦੀ ਗੱਲ ਕਰਨੋਂ ਘਬਰਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਲੇਖਕ ਜਾਂ ਤਾਂ ਬਾਬੇ ਕਿਆਂ ਦਾ ਹੋ ਸਕਦਾ ਹੈ ਜਾਂ ਬਾਬਰ ਕਿਆਂ ਦਾ, ਤੀਜੀ ਕੋਈ ਕਿਸਮ ਨਹੀਂ ਹੁੰਦੀ ਪਰ ਮੁਸ਼ਕਿਲ ਤਾਂ ਇਹ ਹੈ ਕਿ ਲਕੀਰ ਖਿੱਚ ਕੇ ਇਕ ਪਾਸੇ ਖੜ੍ਹਨਾ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦਾ ਹੈ:
ਕਵੀ ਲੈ ਕੇ ਸਨਮਾਨ ਮੁੜਦਿਆਂ, ਜਾਪੇ ਓਸ ਪਰਿੰਦੇ ਵਰਗਾ,
ਜੋ ਆਪਣੀ ਪਰਵਾਜ਼ ਦੇ ਬਦਲੇ, ਲੈ ਸੋਨੇ ਦੇ ਪਰ ਬੈਠਾ ਸੀ।
ਗਗਨਗੀਤ ਨਵੇਂ ਦੌਰ ਦੇ, ਨਵੇਂ ਢੰਗ ਨਾਲ, ਨਵੀਂ ਗੱਲ ਕਰਨ ਵਾਲੇ ਗ਼ਜ਼ਲਕਾਰ ਹਨ। ਗ਼ਜ਼ਲ ਨਾਲ ਜੁੜੀਆਂ ਵੇਲਾ ਵਿਹਾ ਚੁੱਕੀਆਂ ਧਾਰਨਾਵਾਂ ਉਨ੍ਹਾਂ ਨੇ ਚਿਮਟੀ ਨਾਲ ਚੁੱਕ ਕੇ ਇਕ ਪਾਸੇ ਰੱਖ ਦਿੱਤੀਆਂ ਹਨ। ਬਹਿਰ-ਵਜ਼ਨ ਦੇ ਮਾਮਲੇ ਵਿਚ ਉਨ੍ਹਾਂ ਦੀ ਪਕੜ ਬੜੀ ਮਜ਼ਬੂਤ ਹੈ ਪਰ ਉਹ ਇਸ ਗੱਲ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਕਿ ਗ਼ਜ਼ਲ ਵਿਚ ਕੀ ਕਿਹਾ ਜਾ ਸਕਦਾ ਹੈ ਅਤੇ ਕੀ ਨਹੀਂ। ਪੰਜਾਬੀ ਗ਼ਜ਼ਲ ਦਾ ਮੂੰਹ-ਮੱਥਾ ਸੰਵਾਰ ਕੇ, ਉਸ ਨੂੰ ਸਮੇਂ ਦੀ ਹਾਣ ਦੀ ਬਣਾਉਣ ਲਈ ਉਹ ਵਧਾਈ ਦੇ ਹੱਕਦਾਰ ਹਨ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਘੱਗਰ ਕੇ ਢਾਹੇ ਢਾਹੇ
ਲੇਖਕ : ਚਰਨ ਪੁਆਧੀ
ਪ੍ਰਕਾਸ਼ਕ : ਨਾਨਕਸ਼ਾਹੀ ਟਰੱਸਟ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 116
ਸੰਪਰਕ : 099964-25988

ਪੁਆਧੀ ਨੂੰ ਪੰਜਾਬੀ ਦੀ ਉਪ-ਭਾਸ਼ਾ ਤਸਲੀਮ ਕੀਤਾ ਜਾਂਦਾ ਹੈ। ਹੁਣ ਤੱਕ ਦੇ ਸਰਵੇ ਅਨੁਸਾਰ ਪੰਜਾਬੀ ਸਾਹਿਤ 'ਚ ਮਾਝੀ ਅਤੇ ਮਲਵਈ ਉਪ-ਭਾਸ਼ਾ ਦਾ ਹੀ ਦਬਦਬਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਸਾਹਿਤਕਾਰ ਇਨ੍ਹਾਂ ਉਪ-ਬੋਲੀਆਂ ਨੂੰ ਸਾਹਿਤਕ ਭਾਸ਼ਾ ਵਜੋਂ ਵਿਕਸਿਤ ਕਰਨ 'ਚ ਹੀ ਭਰਪੂਰ ਯੋਗਦਾਨ ਪਾਉਂਦੇ ਰਹੇ ਹਨ। ਚਰਨ ਪੁਆਧੀ ਨੇ ਵੀ ਹੁਣ ਤੱਕ 40 ਵਿਧਾਵਾਂ ਦੇ ਵਿਚ ਆਪਣੀ ਕਵਿਤਾ ਕਹੀ ਹੈ ਅਤੇ ਉਸ ਦੀ ਦਿਲੀ ਤਮੰਨਾ ਹੈ ਕਿ ਉਹ 100 ਵਿਧਾਵਾਂ 'ਤੇ ਆਪਣੀ ਕਲਮ ਜ਼ੌਹਰ ਦਿਖਾ ਕੇ ਆਪ ਉਪ-ਭਾਸ਼ਾ ਦੀ ਸੇਵਾ ਕਰ ਸਕੇ।
'ਘੱਗਰ ਕੇ ਢਾਹੇ ਢਾਹੇ' ਉਸ ਦੀ 32ਵੀਂ ਪ੍ਰਕਾਸ਼ਨਾ ਹੈ। ਇਸ ਤੋਂ ਪਹਿਲਾਂ ਉਹ 31 ਪੁਸਤਕਾਂ ਬਾਲ ਕਵਿਤਾਵਾਂ, ਬਾਲ ਗੀਤ, ਗੀਤ ਸੰਗ੍ਰਹਿ, ਸ਼ਾਇਰੀ ਨਾਵਲ, ਲੋਕ ਬੋਲੀਆਂ, ਪੁਆਧੀ ਕਾਵਿ-ਕਹਾਣੀਆਂ, ਪ੍ਰੇਮ ਪੱਤਰ ਸੰਗ੍ਰਹਿ ਆਦਿ ਪ੍ਰਕਾਸ਼ਿਤ ਕਰ ਚੁੱਕਾ ਹੈ। ਲਗਭਗ 25 ਪੁਸਤਕਾਂ ਛਪਾਈ ਅਧੀਨ ਹਨ। ਇਹ ਕਾਵਿ ਪੁਸਤਕਾਂ ਉਸ ਨੇ ਸ. ਅਤਿੰਦਰਪਾਲ ਸਿੰਘ ਖ਼ਾਲਸਾ (ਸਾਬਕਾ ਸੰਸਦ ਮੈਂਬਰ ਭਾਰਤ ਸਰਕਾਰ) ਅਤੇ ਉਨ੍ਹਾਂ ਦੀ ਸੁਪਤਨੀ ਕਮਲਜੀਤ ਕੌਰ ਨੂੰ ਸਮਰਪਿਤ ਕੀਤੀਆਂ ਹਨ। ਜੋ ਇਸ ਕਾਵਿ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਉਸ ਦੇ ਮਦਦਗਾਰ ਬਣੇ। ਇਸ ਕਾਵਿ-ਸੰਗ੍ਰਹਿ ਵਿਚ 'ਪਾਰ ਰਾਵੀ ਕੇ ਬਾਬਾ ਨਾਨਕ' ਤੋਂ ਲੈ ਕੇ 'ਪੁਆਧੀ ਕੈਦਾ' ਤੱਕ ਲਗਭਗ 70 ਕਵਿਤਾਵਾਂ, ਗੀਤ, ਗ਼ਜ਼ਲਾਂ, ਲੋਕ ਕਾਵਿ ਰੰਗ (ਕਿੱਕਲੀ, ਬਾਲੋ, ਮਾਹੀਆ) ਸ਼ਾਮਿਲ ਕੀਤੇ ਹਨ। ਇਨ੍ਹਾਂ ਰਚਨਾਵਾਂ ਵਿਚ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ, ਬਦਲਦਾ ਮਾਹੌਲ, ਪਿੰਡਾਂ ਦੀ ਤ੍ਰਾਸਦਿਕ ਜ਼ਿੰਦਗੀ ਦੀਆਂ ਝਲਕਾਂ ਊਚ-ਨੀਚ, ਗ਼ਰੀਬੀ, ਅਮੀਰੀ ਦੇ ਰੰਗ ਪੜ੍ਹਨ ਨੂੰ ਸਧਾਰਨ ਅਤੇ ਸਮਝ ਆਉਣ ਵਾਲੀ ਲੋਕ ਬੋਲੀ 'ਚ ਮਿਲ ਜਾਣਗੇ। 'ਪਾਰ ਰਾਵੀ ਕੇ ਬਾਬਾ ਨਾਨਕ' ਗੀਤ 'ਚ ਕਿਰਤ ਨੂੰ ਬਾਬੇ ਵਲੋਂ ਵਡਿਆਇਆ ਗਿਆ।
'ਘੱਗਰ ਕੇ ਢਾਹੇ ਢਾਹੇ' ਕਾਵਿ 'ਚ ਪੁਆਧੀ ਉਪ-ਭਾਸ਼ਾ ਦੇ ਭੂਗੋਲਿਕ ਖੇਤਰ ਦੇ ਵਰਨਣ ਦੇ ਨਾਲ-ਨਾਲ ਇਥੇ ਵਸਦੇ ਲੋਕਾਂ ਦੀ ਮਾਨਸਿਕਤਾ ਪੇਸ਼ ਕੀਤੀ ਗਈ ਹੈ। ਨਸ਼ਿਆਂ ਅਤੇ ਹੋਰ ਸਮੱਸਿਆਵਾਂ ਨੂੰ ਪੇਸ਼ ਕਰਦੀਆਂ 'ਨਸ਼ੇ ਪਾਸ ਨਾ ਜਾਹ' ਅਤੇ ਗੌਂਅ ਕੇ 'ਗੱਭੇ ਠੇਕਾ ਮਾੜਾ' ਆਦਿ ਦੇਖੀਆਂ ਜਾ ਸਕਦੀਆਂ ਹਨ। ਪੁਆਧ ਇਲਾਕੇ ਦੇ ਸੱਭਿਆਚਾਰਕ ਰੰਗ, 'ਰੂਕਾ ਪੁਆਧੀ ਬੋਲੀ ਕਾ', 'ਪੁਆਧੀ ਜੁਗਨੀ', 'ਪੁਆਧੀ ਮਿਰਜ਼ਾ', 'ਪੁਆਧੀ ਜਾਗਦੇ ਕਿ ਸੁੱਤੇ?' 'ਪੁਆਧੀ ਮਾਹੀਆ' ਅਤੇ 'ਪੁਆਧੀ ਕੈਦਾ' ਆਦਿ ਕਵਿਤਾ 'ਚ ਦੇਖੇ ਜਾ ਸਕਦੇ ਹਨ। ਪੁਆਧੀ ਉਪ-ਭਾਸ਼ਾ ਲਈ ਚਰਨ ਪੁਆਧੀ ਦਾ ਇਹ ਉਪਰਾਲਾ ਸਲਾਹੁਣਯੋਗ ਹੈ। ਪੰਜਾਬੀ ਪਿਆਰਿਆਂ ਨੂੰ ਇਹ ਕਾਵਿ-ਪੁਸਤਕ ਪੜ੍ਹਨ ਦੀ ਤਾਕੀਦ ਕਰਦਿਆਂ ਪ੍ਰਸੰਨਤਾ ਮਹਿਸੂਸ ਕਰਦਾ ਹਾਂ। ਆਮੀਨ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

02-02-2024

ਜ਼ਾਵੀਆ
ਲੇਖਕ : ਡਾ. ਅਰਵਿੰਦਰ ਸਿੰਘ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 295 ਰੁਪਏ, ਸਫ਼ੇ : 127
ਸੰਪਰਕ : 94630-62603

ਮੂਲ ਤੌਰ 'ਤੇ ਨਿਬੰਧਕਾਰ ਡਾ. ਅਰਵਿੰਦਰ ਸਿੰਘ ਹੁਣ ਤੱਕ 14 ਪੁਸਤਕਾਂ ਰਾਹੀਂ ਆਪਣੇ ਨਿਬੰਧ ਕਲਾ ਲੇਖਨ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦੀ 15ਵੀਂ ਨਿਬੰਧ ਪੁਸਤਕ 'ਜ਼ਾਵੀਆ' ਵਿਚ ਲਘੂ ਆਕਾਰ ਦੇ 75 ਨਿਬੰਧ ਸ਼ਾਮਿਲ ਕੀਤੇ ਗਏ ਹਨ। ਇਹ ਸਾਰੇ ਹੀ ਨਿਬੰਧ ਇਸ ਗੱਲ ਨੂੰ ਪੁਖ਼ਤਾ ਕਰਦੇ ਹਨ ਕਿ ਮਨੁੱਖ ਨੂੰ ਇਸ ਦੁਨੀਆ ਵਿਚ ਵਿਚਰਨ ਲਈ ਇਕ ਖ਼ਾਸ ਤਰ੍ਹਾਂ ਦੇ ਜ਼ਾਵੀਏ ਯਾਨੀ ਨਜ਼ਰੀਏ ਯਾਨੀ ਦ੍ਰਿਸ਼ਟੀਕੋਣ ਯਾਨੀ ਨੁਕਤਾ-ਏ-ਨਿਗ੍ਹਾ ਦੀ ਲੋੜ ਹੁੰਦੀ ਹੈ। ਮਨੁੱਖ ਦਾ ਵਰਤਾਰਾ, ਵਿਹਾਰ ਜਾਂ ਵਿਅਕਤੀਤਵ ਪ੍ਰਦਰਸ਼ਨ ਉਸ ਵਲੋਂ ਅਪਣਾਏ ਗਏ ਜ਼ਾਵੀਏ 'ਤੇ ਹੀ ਨਿਰਭਰ ਕਰਦਾ ਹੈ। ਪੁਸਤਕ ਦੇ ਹਰੇਕ ਨਿਬੰਧ ਦੀ ਸ਼ੁਰੂਆਤ ਅੱਲਾਮਾ ਇਕ ਬਾਲ, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਅਕਬਰ ਅਲਾਹਾਬਾਦੀ, ਰਸਖਾਨ, ਰਹੀਮ, ਹਾਸ਼ਮ ਸ਼ਾਹ, ਗੁਲਜ਼ਾਰ, ਅਨਵਰ ਸਰੂਰ, ਅੰਜ਼ੁਮ ਰੂਮਾਨੀ, ਪ੍ਰੋ. ਮੋਹਨ ਸਿੰਘ, ਮਿਰਾਜ਼ ਫੈਜ਼ਾਬਾਦੀ, ਦੀਵਾਨ ਸਿੰਘ ਕਾਲੇ ਪਾਣੀ, ਹਬੀਬ ਜ਼ਾਲਿਬ, ਹੀਰਾ ਸਿੰਘ ਦਰਦ, ਡਾ. ਹਰੀਭਜਨ ਸਿੰਘ, ਬੁੱਲ੍ਹੇਸ਼ਾਹ, ਕਤੀਲ ਸ਼ਿਫਾਈ, ਹਰਿਵੰਸ਼ ਰਾਏ ਬੱਚਨ, ਸਾਹਿਰ ਲੁਧਿਆਣਵੀ, ਫਿਰਾਕ ਗੋਰਖ ਪੁਰੀ, ਸ਼ਾਹ ਹੁਸੈਨ, ਇਕਬਾਲ ਸਾਜਿਦ, ਫਿਦਾ ਬੁਖਾਰੀ, ਨਫਸ ਅੰਬਾਲਵੀ, ਅਫਜ਼ਲ ਅਹਿਸਨ ਰੰਧਾਵਾ, ਸ਼ਾਹ ਸ਼ਰਫ, ਬਾਬਾ ਨਜਮੀ, ਸੁਲਤਾਨ ਬਾਹੂ, ਮੁਖ਼ਤਾਰ ਸਿਦੀਕੀ ਜਿਹੇ ਨਾਮਾਵਰ ਸ਼ਾਇਰਾਂ-ਸੂਫੀ ਕਵੀਆਂ ਅਤੇ ਚਿੰਤਕਾਂ ਦੇ ਸ਼ੇਅਰ, ਕੁਟੇਸ਼ਨ ਆਦਿ ਨਾਲ ਕੀਤੀ ਗਈ ਹੈ। ਇਨ੍ਹਾਂ ਦੇ ਕੇਂਦਰੀ ਭਾਵ ਨੂੰ ਡਾ. ਅਰਵਿੰਦਰ ਸਿੰਘ ਨੇ ਬਹੁਤ ਹੀ ਨਪੇ-ਤੁਲੇ, ਢੁੱਕਵੇਂ, ਅਰਥ-ਭਰਪੂਰ ਸ਼ਬਦਾਂ ਤੇ ਅਲੰਕਾਰਕ ਮੁਹਾਵਰੇ ਵਾਲੀ ਸ਼ੈਲੀ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਨਿਬੰਧਾਂ ਦਾ ਪਾਠ ਕਰਦਿਆਂ ਪਾਠਕ ਨਿਬੰਧਕਾਰ ਦੀ ਅਕਰਸ਼ਕ ਸ਼ੈਲੀ ਤੋਂ ਤਾਂ ਪ੍ਰਭਾਵਿਤ ਹੁੰਦਾ ਹੀ ਹੈ ਸਗੋਂ ਲੇਖਕ ਵਲੋਂ ਮਨੁੱਖ ਨੂੰ ਆਪਣੀ ਜੀਵਨ-ਜਾਚ, ਮਨੁੱਖੀ ਕਦਰਾਂ-ਕੀਮਤਾਂ, ਮਨੁੱਖੀ ਵਿਕਾਰਾਂ ਤੋਂ ਰਹਿਤ ਜੀਵਨ, ਜ਼ਿੰਦਗੀ ਵਿਚ ਸਾਰਥਕਿਤਾ ਲਿਆਉਣ, ਸਾਦਾ, ਸਰਲ, ਸਹਿਜ, ਸਪੱਸ਼ਟ, ਸਿਰੜੀ, ਸਿਦਕੀ ਤੇ ਸਫਲ ਜੀਵਨ ਜਿਊਣ ਦੇ ਨੁਕਤੇ ਵੀ ਸੁਝਾਏ ਗਏ ਹਨ। ਇਹ ਨਿਬੰਧ ਆਮ ਮਨੁੱਖ ਨੂੰ ਸਵੈ-ਪੜਚੋਲ ਕਰਨ ਲਈ ਵੀ ਪ੍ਰੇਰਦੇ ਹਨ। ਪਾਠਕ ਇਨ੍ਹਾਂ ਨੂੰ ਪੜ੍ਹਦਿਆਂ ਨਾਲੋ-ਨਾਲ ਜ਼ਿੰਦਗੀ, ਪਰਿਵਾਰ, ਸਮਾਜ, ਦੇਸ਼, ਵਾਤਾਵਰਨ ਪ੍ਰਤੀ ਆਪਣੇ ਜ਼ਾਵੀਏ ਦਾ ਵਿਸ਼ਲੇਸ਼ਣ ਵੀ ਕਰਦਾ ਜਾਂਦਾ ਹੈ। ਇਹ ਨਿਬੰਧ ਯਕੀਨੀ ਤੌਰ 'ਤੇ ਅਜੋਕੀ ਪੀੜ੍ਹੀ, ਜਿਹੜੀ ਸਬਰ, ਸੰਤੋਖ, ਸਹਿਣਸ਼ੀਲਤਾ ਤੋਂ ਊਣੀ, ਮਟੀਰਅਲਿਸਟਕ ਸੋਚ ਅਤੇ ਭੌਤਿਕ ਸੁੱਖਾਂ ਦੀ ਗੁਲਾਮ, ਮਸ਼ੀਨੀ ਸੰਵੇਦਨ-ਹੀਨਤਾ ਦੀ ਪੱਧਰ ਵਾਲਾ ਜੀਵਨ ਜਿਊਣ ਲਈ ਮਜਬੂਰ ਹੋ ਰਹੀ ਹੈ, ਇਹ ਨਿਬੰਧ ਉਨ੍ਹਾਂ ਵਿਚ ਮਨੁੱਖੀ ਕਦਰਾਂ-ਕੀਮਤਾਂ, ਸਮਰਪਣ, ਰਿਸ਼ਤਿਆਂ ਵਿਚਲੀ ਸੰਵੇਦਨਾ ਤੇ ਆਤਮ-ਵਿਸ਼ਵਾਸ ਪੈਦਾ ਕਰਨ ਲਈ ਵਡਮੁੱਲੀ ਭੂਮਿਕਾ ਨਿਭਾ ਸਕਦੇ ਹਨ ਬ-ਸ਼ਰਤੇ ਕਿ ਉਹ ਇਨ੍ਹਾਂ ਨੂੰ ਪੜ੍ਹ ਕੇ, ਆਤਮਸਾਤ ਕਰਕੇ ਜੀਵਨ ਵਿਚ ਅਪਣਾਉਣ ਦੀ ਕੋਸ਼ਿਸ਼ ਕਰੇ। ਨਿਬੰਧਾਂ ਦੇ ਸਿਰਲੇਖ ਬੜੇ ਹੀ ਕਲਾਤਮਿਕ ਅਤੇ ਦਿਲ ਖਿੱਚਵੇਂ ਹਨ। ਜਿਵੇਂ-ਨਜ਼ਰ ਕਾ ਜ਼ਾਵੀਆ ਬਦਲਾ ਹੈ ਜਬ ਸੇ, ਜੋ ਯਕੀਨ ਕੀ ਰਾਹ ਮੇਂ ਚਲ ਪੜੇ, ਅਪਨੀ ਦੁਨੀਆ ਆਪ ਪੈਦਾ ਕਰ, 'ਸ਼ਰੂਰ' ਸਿਰਫ਼ ਇਰਾਦੇ ਸੇ ਕੁਛ ਨਹੀਂ ਹੋਤਾ, ਡੂਬਨਾ ਪੜਤਾ ਹੈ ਉਭਰਨੇ ਸੇ ਪਹਿਲੇ, ਵਕਤ ਰਹਿਤਾਂ ਨਹੀਂ ਕਹੀਂ ਟਿਕ ਕਰ, ਕਿੱਧਰੋਂ ਆਏ? ਕਿੱਧਰ ਜਾਂਦੇ? ਕਿੱਧਰ ਜਾਣਾ?, ਵੇਖ-ਵੇਖ ਕੇ ਬਦਲੀਆਂ ਰੱਤਾਂ, ਮੱਕੇ ਗਿਆਂ ਗੱਲ ਮੁਕਦੀ ਨਾਹੀਂ, ਬਾਹਰੋਂ ਪਾਕ ਕੀਤੇ ਕੀ ਹੁੰਦਾ, ਮੈਂ ਲਫਜ਼ਾਂ ਵਿਚ ਬੀਜਾਂ ਪਿਆਰ ਆਦਿ ਪਾਠਕ ਨੂੰ ਨਿਬੰਧ ਦੇ ਪਹਿਲੇ ਲਫਜ਼ ਨਾਲ ਹੀ ਜੋੜ ਲੈਂਦੇ ਨੇ ਤੇ ਪਾਠਕ ਇਕ ਤੋਂ ਬਆਦ ਇਕ ਸਾਰੇ ਨਿੰਬਧ ਪੜ੍ਹ ਕੇ ਹੀ ਸਾਹ ਲੈਂਦਾ ਹੈ। ਲੇਖਕ ਵਲੋਂ ਪੰਜਾਬੀ ਤੋਂ ਇਲਾਵਾ ਉਰਦੂ, ਫਾਰਸੀ, ਅਰਬੀ, ਪਸ਼ਤੋ ਅਤੇ ਹਿੰਦੀ ਦੇ ਵਰਤੇ ਗਏ ਸ਼ਬਦਾਂ ਨੇ ਨਿੰਬਧਾਂ ਵਿਚ ਸ਼ਾਇਰੀ ਵਰਗੀ ਰਵਾਨਗੀ ਪੈਦਾ ਕੀਤੀ ਹੈ। ਇਨ੍ਹਾਂ ਨਿੰਬਧਾਂ ਵਿਚ ਬੌਧਿਕਤਾ, ਅਧਿਆਤਮਕਿਤਾ ਅਤੇ ਕਲਾਤਮਿਕਤਾ ਦਾ ਅਨੂਠਾ ਸੰਗਮ ਹੈ। 'ਜ਼ਾਵੀਆ' ਸਕੂਲ-ਕਾਲਜ ਪਧੱਰ 'ਤੇ ਵਿਦਿਆਰਥੀਆਂ ਨੂੰ ਪਾਠਕ੍ਰਮ ਵਿਚ ਪੜ੍ਹਾਈ ਜਾਣ ਵਾਲੀ ਪੁਸਤਕ ਦੀ ਸਲਾਹੀਅਤ ਰੱਖਦੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964

ਨੀਰੋ
ਲੇਖਕ : ਜੈਕੋਬ ਐਬਟ
ਅਨੁਵਾਦਕ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 99150-99926

ਨੀਰੋ ਨੂੰ ਰੋਮਨ ਸਾਮਰਾਜ ਦਾ ਇਕ ਬੇਹੱਦ ਜ਼ਾਲਮ ਅਤੇ ਪੱਥਰਚਿਤ ਬਾਦਸ਼ਾਹ ਮੰਨਿਆ ਜਾਂਦਾ ਹੈ। ਇਕ ਕਹਾਵਤ ਪ੍ਰਸਿੱਧ ਹੈ ਕਿ ਜਦੋਂ ਰੋਮ ਸੜ ਰਿਹਾ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ। ਅਸਲ ਵਿਚ ਤਾਕਤਵਰ ਲੋਕ ਆਪਣੀ ਤਾਕਤ ਦੀ ਪੁਸ਼ਟੀ ਜ਼ੁਲਮ ਅਤੇ ਦਮਨ ਦੁਆਰਾ ਕਰਦੇ ਹਨ। ਅੱਜ ਵੀ ਹਰ ਮੁਲਕ ਵਿਚ ਇਵੇਂ ਹੋ ਰਿਹਾ ਹੈ। ਨੀਰੋ ਦੇ ਮਾਂ-ਪਿਉ ਵੀ ਉਸੇ ਵਾਂਗ ਜ਼ਾਲਮ ਅਤੇ ਸਨਕੀ ਸਨ। ਨੀਰੋ ਦੇ ਮਾਮੇ ਕੈਲੀਗਿਊਲਾ ਬਾਰੇ ਵੀ ਕਾਫੀ ਕੁਝ ਲਿਖਿਆ ਗਿਆ ਹੈ। ਰੋਮਨ ਲੋਕਾਂ ਨੇ ਖੇਡ-ਸੱਭਿਆਚਾਰ ਯੂਨਾਨੀਆਂ ਪਾਸੋਂ ਲਿਆ ਸੀ ਪਰ ਇਹ ਲੋਕ ਖੇਡਾਂ ਨੂੰ ਜ਼ੁਲਮ ਦੀ ਹੱਦ ਤਕ ਲੈ ਗਏ ਸਨ। ਖੇਡਾਂ ਮਰਨ-ਮਾਰਨ ਦੀ ਹੱਦ ਨੂੰ ਵੀ ਉਲੰਘ ਗਈਆਂ ਸਨ। ਐਬਟ ਨੇ ਆਪਣੀ ਇਸ ਪੁਸਤਕ ਦੀ ਸਮੱਗਰੀ ਨੂੰ 13 ਭਾਗਾਂ ਵਿਚ ਵੰਡਿਆ ਹੈ। ਇਸ ਪੁਸਤਕ ਦੇ ਬਿਰਤਾਂਤ ਦਾ ਕਾਲ 37 ਈ. ਤੋਂ ਸ਼ੁਰੂ ਹੋ ਕੇ 66 ਈ. ਤਕ ਜਾਂਦਾ ਹੈ। ਇਸ ਟੈਕਸਟ ਵਿਚ ਰੋਮਨ ਲੋਕਾਂ ਦੀ ਜੀਵਨ-ਸ਼ੈਲੀ, ਰੋਮ ਦੇ ਸੱਭਿਆਚਾਰ ਅਤੇ ਸਮਾਜ ਬਾਰੇ ਬੜੀ ਸਟੀਕ ਜਾਣਕਾਰੀ ਉਪਲਬਧ ਹੁੰਦੀ ਹੈ। ਲੇਖਕ ਅਨੁਸਾਰ 62 ਤੋਂ 64 ਈਸਵੀ ਤਕ ਦੇ ਦੋ ਵਰ੍ਹੇ, ਰੋਮਨ ਸਾਮਰਾਜ ਦੇ ਨੈਤਿਕ ਪਤਨ ਦਾ ਸਿਖਰ ਬਣਦੇ ਹਨ। ਇਸੇ ਕਾਲ ਵਿਚ ਨੀਰੋ ਦੀ ਅਧੋਗਤੀ ਦਾ ਸਮਾਂ ਸ਼ੁਰੂ ਹੋ ਜਾਂਦਾ ਹੈ । ਇਕ ਬੇਰਹਿਮ ਅਤੇ ਆਪਹੁਦਰਾ ਸਮਰਾਟ ਹੋਣ ਦੀ ਸੂਰਤ ਵਿਚ ਰੋਮ ਦੇ ਸੈਨੇਟਰ ਨੀਰੋ ਨੂੰ ਨਫ਼ਰਤ ਕਰਦੇ ਸਨ ਅਤੇ ਹਰ ਵਕਤ ਉਸ ਤੋਂ ਖ਼ੌਫ਼ਜ਼ਦਾ ਰਹਿੰਦੇ ਸਨ। ਨੀਰੋ ਨੇ ਨਾ ਕੇਵਲ ਆਪਣੀ ਪਤਨੀ ਓਕਟਾਵੀਆ ਨੂੰ ਤਲਾਕ ਦੇ ਕੇ ਪੋਪਾਇਆ ਨਾਲ ਵਿਆਹ ਕਰਵਾਇਆ ਬਲਕਿ ਓਕਟਾਵੀਆ ਨੂੰ ਬੜੀ ਬੇਰਹਿਮੀ ਨਾਲ ਕਤਲ ਵੀ ਕਰਵਾ ਦਿੱਤਾ। ਇਸ ਟੈਕਸਟ ਤੋਂ ਇਹ ਸੰਦੇਸ਼ ਮਿਲਦਾ ਹੈ ਕਿ ਕਦੇ ਵੀ ਆਪਣੇ ਸ਼ਾਸਕਾਂ ਨੂੰ ਬੇਪਨਾਹ ਤਾਕਤ ਨਾ ਦਿਉ, ਕਿਉਂਕਿ ਅਜਿਹੀ ਤਾਕਤ ਹਰ ਸ਼ਖ਼ਸ ਨੂੰ ਪਾਗ਼ਲ ਬਣਾ ਦਿੰਦੀ ਹੈ। ਅੱਜ ਵੀ ਦੁਨੀਆ ਦੇ ਹਰ ਦੇਸ਼ ਵਿਚ ਇਸੇ ਤਰ੍ਹਾਂ ਵਾਪਰ ਰਿਹਾ ਹੈ। ਸਾਡੇ ਮੁਲਕ ਦੀ ਸਥਿਤੀ ਤਾਂ ਹੋਰ ਵੀ ਭੈੜੀ ਹੈ। ਪਰ ਬਹੁਤੀ ਵਾਰ ਰਿਆਇਆ ਨੂੰ ਜ਼ੁਲਮ ਵਿਚੋਂ ਹੀ ਆਨੰਦ ਮਿਲਣ ਲਗਦਾ ਹੈ। ਕੀ ਕੀਤਾ ਜਾਵੇ?

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪਰਿਕਰਮਾ
ਲੇਖਕ : ਬਲਦੇਵ ਸਿੰਘ ਗਰੇਵਾਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 87
ਸੰਪਰਕ : 0161-2413613

ਬਲਦੇਵ ਸਿੰਘ ਗਰੇਵਾਲ ਦੀਆਂ ਪ੍ਰਮੁੱਖ ਰਚਨਾਵਾਂ 'ਉਸਾਮਾ ਬਿਨ ਲਾਦੇਨ' ਜਿਸ ਵਿਚ ਨਾਈਨ ਇਲੈਵਨ ਦੀ ਤ੍ਰਾਸਦੀ ਦਾ ਜ਼ਿਕਰ ਕੀਤਾ ਹੈ। ਉਸ ਨੇ ਇਸ ਘਟਨਾ ਨੂੰ ਅੱਖੀਂ ਦੇਖਿਆ, ਕਿਉਂਕਿ 'ਸ਼ੇਰ-ਏ-ਪੰਜਾਬ' ਦਫ਼ਤਰ ਵਿਚ ਕੰਮ ਕਰਦਾ ਸੀ, ਜੋ ਕੁਝ ਕੁ ਦੂਰੀ ਉੱਤੇ ਸੀ। ਕਹਾਣੀ ਸੰਗ੍ਰਹਿ ਸੀਤੇ ਬੁੱਲਾਂ ਦਾ ਸੁਨੇਹਾ ਤੇ 'ਰੌਸ਼ਨੀ ਦੀ ਦਸਤਕ', ਨਾਵਲ 'ਇਕ ਹੋਰ ਪੁਲ ਸਰਾਤ' ਹਨ। ਉਸ ਨੇ 'ਅਜੀਤ' ਅਖ਼ਬਾਰ ਵਿਚ ਕਈ ਸਾਲ ਕੰਮ ਕੀਤਾ ਅਤੇ ਅਮਰੀਕਾ ਵਿਚ 'ਸ਼ੇਰ-ਏ-ਪੰਜਾਬ' ਅਖਬਾਰ ਕੱਢਿਆ। ਉਸ ਦਾ ਸਾਹਿਤਕਾਰੀ ਦੇ ਨਾਲ-ਨਾਲ ਪੱਤਰਕਾਰੀ ਵਿਚ ਵੀ ਵਿਸ਼ੇਸ਼ ਸਥਾਨ ਹੈ। 'ਗ਼ਦਰ ਗੂੰਜ' ਦੇ ਸੰਪਾਦਕੀ ਮੈਂਬਰ ਤੇ ਕਰਤਾਰ ਸਿੰਘ ਸਰਾਭਾ ਦੇ ਸਾਥੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਉਸ ਦੇ ਗੁਆਂਢੀ ਸਨ, ਜਿਨ੍ਹਾਂ ਤੋਂ ਲਿਖਣ-ਪੜ੍ਹਨ ਦੀ ਚੇਟਕ ਲੱਗੀ। ਗਰੇਵਾਲ ਦੀਆਂ ਰਚਨਾਵਾਂ ਬੋਲਦੀਆਂ ਹਨ। ਇਨ੍ਹਾਂ ਦੇ ਪਾਠ, ਪਾਠਕ ਨੂੰ ਮਨੁੱਖੀ ਮਨ ਦੀ ਬਾਉਲੀ ਵਿਚ ਪੌੜੀ-ਦਰ-ਪੌੜੀ ਯਾਤਰਾ ਕਰਵਾਉਂਦੇ ਹਨ।
ਗਰੇਵਾਲ ਦੇ ਨਾਵਲ 'ਇਕ ਹੋਰ ਪੁਲ ਸਰਾਤ' ਵਿਚ ਪੰਜਾਬ ਸੰਕਟ ਦੇ ਨਾਲ-ਨਾਲ ਅਮਰੀਕਾ, ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਗ਼ਲਤ ਤਰੀਕਿਆਂ ਨਾਲ ਜਾਣ ਦੀ ਕੋਸ਼ਿਸ਼ ਵਿਚ ਦੁੱਖ, ਤਕਲੀਫ਼ਾਂ ਦਾ ਸ਼ਿਕਾਰ ਹੁੰਦੇ ਹਨ। ਗ਼ੈਰ-ਕਾਨੂੰਨੀ ਪਰਵਾਸ ਧਾਰਨ ਕਰਨ ਦਾ ਰੁਝਾਨ ਚਿੰਤਾਜਨਕ ਰੂਪ ਧਾਰਨ ਕਰ ਗਿਆ ਹੈ। ਗਰੇਵਾਲ ਦਾ ਨਾਵਲ 'ਪਰਿਕਰਮਾ' ਦੇ ਬਿਰਤਾਂਤ ਦੀ 'ਬੋਲਣਹਾਰੀ ਜੁਗਤ' ਪਾਠਕਾਂ ਉੱਤੇ ਵਿਸ਼ੇਸ਼ ਪ੍ਰਭਾਵ ਪਾਉਂਦੀ ਹੈ। ਨਾਵਲ ਦਾ ਕੇਂਦਰੀ ਪਾਤਰ ਮਾਨਸਿਕ ਪੱਧਰ ਉੱਤੇ ਆਪਣੇ ਘਰ, ਪਰਿਵਾਰ ਤੇ ਪਿੰਡ ਦੀ ਪਰਿਕਰਮਾ ਕਰਦਾ ਹੈ। ਚੇਤਨਾ ਪ੍ਰਵਾਹ ਦੀ ਸ਼ੈਲੀ ਵਰਤੀ ਗਈ ਹੈ, ਜਿਸ ਵਿਚ ਬਹੁਤ ਕੁਝ ਕਹਿ ਕੇ ਵੀ ਬਹੁਤ ਕੁਝ 'ਅਣਕਿਹਾ' ਪਾਠਕਾਂ ਲਈ ਛੱਡ ਦਿੱਤਾ ਜਾਂਦਾ ਹੈ। ਨਾਵਲ ਪਰਿਕਰਮਾ ਗਲਪੀ ਵਿਧੀ ਵਜੋਂ ਚੇਤਨਤਾ ਦਾ ਲਖਾਇਕ ਹੈ। ਸੰਖੇਪਤਾ ਵਾਲੀ ਸ਼ਬਦ ਜੜਤ ਵਿਸ਼ਾਲ ਅਰਥਾਂ ਦੀ ਧਾਰਨੀ ਬਣਦੀ ਹੈ। ਬਲਦੇਵ ਸਿੰਘ ਨੇ ਸਮਾਜਿਕ ਸਿਸਟਮ ਵਿਚ ਵਿਚਰਦੇ ਹੋਏ ਮਨੁੱਖ ਦੀ 'ਮਰਦਾਵੀ ਹਊਮੈ' ਨੂੰ ਨੰਗਿਆ ਕੀਤਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਕੇਂਦਰ ਵਿਚ ਰਹਿੰਦਾ ਹੈ ਅਤੇ ਸਮੱਸਿਆਵਾਂ ਪਰਿਕਰਮਾ ਕਰਕੇ ਮਨੁੱਖ ਨੂੰ ਸੰਘਰਸ਼ੀ ਰੁਤਬਾ ਪ੍ਰਦਾਨ ਕਰਦੀਆਂ ਹਨ। ਮੁੱਖ ਪਾਤਰ ਦੀਆਂ ਯਾਦਾਂ, ਹੰਝੂ, ਹਉਕੇ, ਪਛਤਾਵਾ, ਦੁੱਖ-ਦਰਦਾਂ ਦੀ ਹਿਰਦੇਵੇਦਕ ਬਿਰਤਾਂਤ ਹੈ। ਕਹਾਣੀ ਮੁੱਕ ਕੇ ਵੀ ਨਹੀਂ ਮੁਕਦੀ। ਨਾਵਲ ਆਕਾਰ ਦੇ ਪੱਖੋਂ ਛੋਟਾ ਹੈ ਪਰ ਵਿਚਾਰਾਂ ਪੱਖੋਂ ਵੱਡਾ। ਨਾਵਲੀ ਬਿਰਤਾਂਤ ਵਿਚ ਅੱਧੀ ਸਦੀ ਦੀਆਂ ਘਟਨਾਵਾਂ ਨੂੰ ਕਲਾਤਮਕਤਾ ਨਾਲ ਉਸਾਰਿਆ ਗਿਆ ਹੈ। ਸੁਰਜੀਤ ਪਾਤਰ ਦੇ ਨਾਵਲ ਬਾਰੇ ਵਿਚਾਰ :
'ਬਹੁਤ ਹੀ ਪਿਆਰਾ, ਅਨੋਖਾ ਤੇ ਅਨੂਠਾ ਨਾਵਲ, ਜਿਸ ਦੇ ਕਿਰਦਾਰ, ਦ੍ਰਿਸ਼ ਤੇ ਸੰਵਾਦ ਇਸ ਨੂੰ ਪੜ੍ਹਦਿਆਂ ਸਾਡੇ ਨਾਲ ਤੁਰਦੇ ਰਹਿੰਦੇ ਹਨ। ਇਕ ਪਾਠਕ ਦੇ ਤੌਰ 'ਤੇ ਮੈਂ ਇਸ ਨੂੰ ਪੜ੍ਹਦਿਆਂ ਇਕ-ਇਕ ਸ਼ਬਦ ਨੂੰ ਮਾਣਿਆ ਹੈ ਅਤੇ ਇਸ ਦੀ ਹਰ ਸਤਰ 'ਤੇ ਖਲੋ ਕੇ ਦਾਦ ਦਿੱਤੀ ਹੈ।'
ਗਰੇਵਾਲ ਦੇ ਨਾਵਲ ਵਿਚ ਮੂਲਵਾਸ ਤੋਂ ਪਰਵਾਸ ਵਿਚਕਾਰ ਸੰਵਾਦ ਦੀ ਸਾਂਝ ਹੈ। ਜ਼ਿੰਦਗੀ ਦੀ ਵਿਅਸਥਤਾ ਤੇ ਜ਼ਿੰਦਗੀ ਦੇ ਜਿਊਣ ਵਿਚਕਾਰ ਜ਼ਿੰਦਗੀ ਕਿੱਥੇ ਕੀਮਤੀ ਹੈ, ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

ਕਾਫ਼ਲੇ ਵਾਲ਼ੇ
ਲੇਖਕ : ਮਨਪ੍ਰੀਤ ਟਿਵਾਣਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 120
ਸੰਪਰਕ : 98767-42435

'ਕਾਫ਼ਲ਼ੇ ਵਾਲੇ' ਪੰਜਾਬ ਦੇ ਚਰਚਿੱਤ ਗੀਤਕਾਰ ਮਨਪ੍ਰੀਤ ਟਿਵਾਣਾ ਦਾ ਪਲੇਠਾ ਗੀਤ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੇ ਲੇਖਕ ਦੇ ਕਈ ਗੀਤ ਪਹਿਲਾਂ ਹੀ ਪੰਜਾਬ ਦੇ ਕਈ ਪ੍ਰਸਿੱਧ ਗਾਇਕਾਂ ਦੀ ਆਵਾਜ਼ 'ਚ ਰਿਕਾਰਡ ਹੋ ਕੇ ਚਰਚਿੱਤ ਹੋ ਚੁੱਕੇ ਹਨ। ਇਸ ਹੱਥਲੇ ਸੰਗ੍ਰਹਿ 'ਚ ਉਸਦੀਆਂ ਕਰੀਬ 70 ਰਚਨਾਵਾਂ ਸ਼ਾਮਲ ਹਨ। ਇਨ੍ਹਾਂ ਗੀਤਾਂ 'ਚ ਪੰਜਾਬ ਦੀ ਅਮੀਰ ਵਿਰਾਸਤ ਦੇ ਖੁੱਲ੍ਹੇ ਦਰਸ਼ਨ ਕੀਤੇ ਜਾ ਸਕਦੇ ਹਨ। ਮਨਪ੍ਰੀਤ ਲੋਕ ਮੁਹਾਵਰੇ ਦਾ ਗੀਤਕਾਰ ਜਾਪਦਾ ਹੈ ਕਿਉਂਕਿ ਉਸਦੇ ਬਹੁਗਿਣਤੀ ਗੀਤ ਸਹਿਜੇ ਹੀ ਜ਼ੁਬਾਨ ਤੇ ਚੜ੍ਹਨ ਦੇ ਸਮਰੱਥ ਹਨ ਅਤੇ ਲੋਕ ਗੀਤਾਂ ਵਰਗੀ ਝਲਕ ਪਾਉਂਦੇ ਹਨ। ਇਨ੍ਹਾਂ ਗੀਤਾਂ 'ਚ ਪੀਂਘਾਂ ਝੂਟਦੀਆਂ ਮੁਟਿਆਰਾਂ ਦੇ ਡੁੱਲ੍ਹ-ਡੁੱਲ੍ਹ ਪੈਂਦੇ ਹੁਸਨ ਦਾ ਦਿਲਕਸ਼ ਚਿਤਰਨ ਹੈ, ਸਾਉਣ ਮਹੀਨੇ ਦੀ ਖੂਬਸੂਰਤੀ ਦੀ ਬਾਕਮਾਲ ਤਸਵੀਰ ਹੈ। ਲੌਂਗ ਤਵੀਤੜੀਆਂ, ਮਹਿੰਦੀ, ਫ਼ੁਲਕਾਰੀ, ਝਾਂਜਰਾਂ, ਪੁਰਾਤਨ ਖੂਹ, ਘੱਗਰੇ, ਚਰਖ਼ੇ ਵਰਗੇ ਵਿਰਾਸਤੀ ਚਿੰਨ੍ਹ ਉਸਦੇ ਧੁਰ ਅੰਦਰ ਵਸੇ ਹੋਏ ਅਤੇ ਗੀਤ ਬਣ ਝਰਨੇ ਵਾਂਗ ਫੁੱਟਦੇ ਪ੍ਰਤੀਤ ਹੁੰਦੇ ਹਨ :
ਗੁਲਾਨਾਰੀ ਕੁੜਤੀ 'ਤੇ ਸ਼ੀਸ਼ੇ ਜੜਵਾਏ ਤੈਂ।
ਬੀਕਾਨੇਰੀ ਚੁੰਨੀ ਉਤੇ ਘੁੰਗਰੂ ਲਵਾਏ ਤੈਂ।
ਖ਼ੌਰੇ ਕਿਹੜੀ-ਕਿਹੜੀ ਲੁੱਟ 'ਲੀ ਦੁਕਾਨ।
ਤੂੰ ਫ਼ੁਲਕਾਰੀ ਕੱਢਦੀ, ਕੱਢੇ ਤੇਰੀ ਫ਼ੁਲਕਾਰੀ ਸਾਡੀ ਜਾਨ। (ਪੰਨਾ : 34)
ਮਨਪ੍ਰੀਤ ਟਿਵਾਣਾ ਦੇ ਬਹੁ-ਗਿਣਤੀ ਗੀਤ ਪੰਜਾਬ ਦੇ ਕਈ ਚੋਟੀ ਦੇ ਗਾਇਕਾਂ ਦੀ ਅਵਾਜ਼ਾਂ 'ਚ ਰਿਕਾਰਡ ਹੋ ਕੇ ਵਪਾਰਕ ਪੱਖ ਤੋਂ ਵੀ ਸਫ਼ਲ ਸਾਬਤ ਹੋਏ ਹਨ। ਉਸਦੇ ਗੀਤਾਂ 'ਚ ਮੁਹੱਬਤਾਂ ਦੇ ਤਰਾਨੇ ਵੀ ਨੇ , ਵਿਛੜੇ ਸੱਜਣਾਂ ਦੇ ਵਿਯੋਗ ਦਾ ਗਹਿਰਾ ਸੱਲ੍ਹ ਵੀ ਹੈ। ਨੌਜਵਾਨ ਵਰਗ ਚ ਵਧ ਰਹੀ ਬੇਰੁਜ਼ਗਾਰੀ ਦਾ ਫ਼ਿਕਰ , ਕਿਸਾਨ ਦੀ ਦਿਨੋ-ਦਿਨ ਕਮਜ਼ੋਰ ਹੋ ਰਹੀ ਆਰਥਿਕ ਹਾਲਤ ਦਾ ਝੋਰਾ ਉਸਨੂੰ ਧੁਰ ਅੰਦਰੋਂ ਵੱਢ-ਵੱਢ ਖਾਂਦਾ ਹੈ :
ਘਰ ਦੀ ਜ਼ਮੀਨ ਵਿਚੋਂ ਤਾਂ, ਮਸਾਂ ਬਚਦੇ ਨੇ ਖਾਣ -ਜੋਗੇ ਦਾਣੇ।
ਮੰਡੀ ਵਿਚ ਢੇਰ ਲੱਗੇ ਜੋ, ਸ਼ਾਹੂਕਾਰ ਦੀ ਵਹੀ ਹੀ ਜਾਣੇ।
ਫੇਰ ਵੀ ਵਿਆਜ ਹੀ ਮੁੜ੍ਹੇ, ਹਾੜੀ -ਸਾਉਣੀ ਦੀ ਫ਼ਸਲ ਸਾਰੀ ਢੋਵੇ।
ਮਾਏ ਤੇਰਾ ਪੁੱਤ ਲਾਡਲਾ, 'ਕੱਲਾ ਬੈਠ ਕੇ ਰਾਤ ਨੂੰ ਰੋਵੇ। ( ਪੰਨਾ : 81)
ਮਨਪ੍ਰੀਤ ਦੀ ਹੱਥਲੀ ਪੁਸਤਕ 'ਕਾਫ਼ਲ਼ੇ ਵਾਲੇ' ਗੀਤ ਸਾਹਿਤ 'ਚ ਨਿੱਗਰ ਵਾਧਾ ਕਰਦੀ ਹੈ। ਇਸ ਸੰਗ੍ਰਹਿ ਦੇ ਗੀਤ ਵਿਰਸੇ ਦੀਆਂ ਬਾਤਾਂ ਪਾਉਂਦੇ, ਲੋਕਾਂ ਗੀਤਾਂ ਵਾਂਗ ਬੁੱਲ੍ਹਾਂ ਤੇ ਥਿਰਕਦੇ, ਰੂਹ ਦੇ ਹਾਣ ਦੇ ਹੋ ਨਿਬੜਦੇ ਹਨ। ਪੰਜਾਬੀ ਗੀਤਕਾਰੀ ਦੇ ਵਿਹੜੇ ਨੂੰ ਖ਼ੂਬਸੂਰਤ ਗੀਤਾਂ ਨਾਲ ਸ਼ਿੰਗਾਰਦੀ ਇਸ ਹੱਥਲੀ ਪੁਸਤਕ ਨੂੰ ਤਹਿ ਦਿਲੋਂ ਖੁਸ਼ਆਮਦੀਦ ਕਹਿਣਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਹੋਈਆਂ ਬੀਤੀਆਂ
ਲੇਖਕ : ਦਰਸ਼ਨ ਸਿੰਘ ਬਨੂੜ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 100
ਸੰਪਰਕ : 98726-85400

ਜ਼ਿੰਦਗੀ ਸਮਾਜ ਸੰਸਾਰ ਅਤੇ ਅੰਤਰਰਾਸ਼ਟਰੀ ਵਿਸ਼ਿਆਂ ਨਾਲ ਸੰਬੰਧਿਤ 32 ਨਿਬੰਧ, ਇਸ ਪੁਸਤਕ ਵਿਚ ਪ੍ਰਾਪਤ ਹਨ। ਲੇਖਕ ਦਾ ਕਹਿਣਾ ਹੈ, 'ਭਾਵੇਂ ਕਿ ਇਹ ਖ਼ੂਬਸੂਰਤ ਕਿਰਤਾਂ ਮੇਰੇ ਨਾਲ ਜੁੜੀਆਂ ਹੋਈਆਂ ਹਨ ਪਰ ਕਿਤੇ ਨਾ ਕਿਤੇ ਇਹ ਸਮਾਜ ਵਿਚ ਵਾਪਰਨ ਵਾਲੀਆਂ ਕਹਾਣੀਆਂ ਹੀ ਜਾਪਦੀਆਂ ਹਨ।'
ਜ਼ਿੰਦਗੀ ਦੇ ਦਿਨ ਸੀਮਤ/ਨਿਸਚਤ ਹਨ। ਕਦੇ ਦੁੱਖ ਕਦੇ ਸੁੱਖ ਜ਼ਿੰਦਗੀ ਦਾ ਹਿੱਸਾ ਬਣਦੇ ਰਹਿੰਦੇ ਹਨ। ਕੌੜੀਆਂ, ਮਿੱਠੀਆਂ ਯਾਦਾਂ ਅਕਸਰ ਅਸੀਂ ਜ਼ਿੰਦਗੀ ਬਤੀਤ ਕਰਦਿਆਂ ਪ੍ਰਾਪਤ ਕਰਦੇ ਹਾਂ। ਵਧੇਰੇ ਅਜਿਹੇ ਨਿਬੰਧ, ਇਸ ਪੁਸਤਕ ਵਿਚ ਸੰਬੰਧਿਤ ਵਸਤਾਂ ਵਾਂਗ ਹਨ, ਜਿਨ੍ਹਾਂ ਦੀ ਸਮੇਂ-ਸਮੇਂ ਹਰ ਵਿਅਕਤੀ ਨੂੰ ਲੋੜ ਪੈਂਦੀ ਹੈ। ਹਰ ਵਿਅਕਤੀ ਨੂੰ ਆਪਣੀ ਪਿਆਰੀ ਲੱਗਦੀ ਹੈ, ਗਾਇਕੀ ਸਭ ਨੂੰ ਪਿਆਰੀ ਲਗਦੀ ਹੈ। ਅਜੋਕੇ ਸਮੇਂ 'ਭੂਤ' ਬਣੇ ਲੋਕ ਦਿਖਾਈ ਦਿੰਦੇ ਹਨ। ਸਮਾਂ ਬੀਤ ਹੀ ਜਾਂਦਾ ਹੈ। ਇਮਾਨਦਾਰੀ ਦਾ ਆਪਣਾ ਹੀ ਨਸ਼ਾ ਹੁੰਦਾ ਹੈ। ਨਾਨਕਾ ਪਿੰਡ ਹਰ ਕਿਸੇ ਨੂੰ ਪਿਆਰਾ ਲਗਦਾ ਹੈ। ਅਸੀਸਾਂ ਦੇਣ ਵਾਲੇ ਤੋਂ ਲੈਣ ਵਾਲੇ ਲੋਕ ਘੱਟ ਹੀ ਪ੍ਰਾਪਤ ਹਨ। ਨਸ਼ਿਆਂ ਦਾ ਸੇਵਨ ਸਦੀਵੀ ਰੋਗ ਹੈ। ਤਨ, ਮਨ, ਧਨ, ਨਸ਼ਟ ਹੁੰਦਾ ਹੈ। ਇਸ ਪੁਸਤਕ ਦੇ ਨਿਬੰਧਾਂ ਦੇ ਸਿਰਲੇਖ ਭਾਵੇਂ ਸਾਧਾਰਨ ਜਾਪਦੇ ਹਨ, ਪ੍ਰੰਤੂ ਲੇਖਕ ਨੇ ਇਨ੍ਹਾਂ ਸਧਾਰਨ ਜਾਪਦੇ ਬੋਲਾਂ, ਸ਼ਬਦਾਂ ਨੂੰ ਇਸ ਲਈ ਮੁੱਲਵਾਨ ਬਣਾ ਦਿੱਤਾ ਹੈ ਕਿ ਜੇਕਰ ਪਾਠਕ, ਇਨ੍ਹਾਂ ਨਿਬੰਧਾਂ ਨੂੰ ਪੜ੍ਹ ਕੇ ਅਮਲ ਕਰਦੇ ਹਨ ਤਾਂ ਸਹਿਜੇ ਹੀ, ਉਹ ਦਾਨਸ਼ਮੰਦ ਬਣ ਕੇ ਆਪਣੇ ਤਨ, ਮਨ ਨੂੰ ਚੜ੍ਹਦੀਆਂ ਕਲਾਵਾਂ ਵੱਲ ਮੋੜ ਸਕਦੇ ਹਨ। ਗਿਆਨ ਵਿਗਿਆਨ ਸਦਾਚਾਰ, ਸੱਚ, ਹੱਕ, ਇਨਸਾਨ ਬਣਿਆ ਹੀ ਇਸੇ ਜੀਵਨ ਵਿਚ ਅਸੀਂ ਇਥੇ ਧਰਤੀ ਉੱਪਰ ਸਵਰਗ ਉਸਾਰ ਸਕਦੇ ਹਾਂ। ਹੋਈਆਂ-ਬੀਤੀਆਂ ਹੋਣ ਜਾਂ ਆਪ-ਬੀਤੀਆਂ, ਹਰ ਕੋਈ ਵਿਅਕਤੀ ਆਪ-ਬੀਤੀਆਂ ਜਾਂ ਜੱਗ ਬੀਤੀਆਂ ਤੋਂ ਸਿੱਖ ਸਕਦਾ ਹੈ। ਹੋਈਆਂ ਬੀਤੀਆਂ ਦੀ ਦਾਸਤਾਂ ਕਹਿਣ ਵਾਲੇ, ਨਿਬੰਧ, ਪਾਠਕਾਂ ਲਈ ਅਮੁੱਲੇ ਵਿਚਾਰ ਪੇਸ਼ ਕਰ ਰਹੇ ਹਨ। ਇਹ ਪਾਠਕਾਂ ਉੱਪਰ ਨਿਰਭਰ ਕਰਦਾ ਹੈ ਕਿ ਉਹ ਇਨ੍ਹਾਂ ਨੂੰ ਪੜ੍ਹ ਕੇ ਕਿੰਨਾ ਅਮਲ ਕਰਦੇ ਹਨ?

-ਡਾ. ਅਮਰ ਕੋਮਲ
ਮੋਬਾਈਲ : 84378-73565

ਸੁੰਨ ਸਿਫ਼ਰ
ਲੇਖਕ : ਸੁਰਿੰਦਰ ਸਿੰਘ ਸੁੰਨੜ
ਪ੍ਰਕਾਸ਼ਕ : ਪੰਜਾਬ ਪਬਲਿਸ਼ਰਜ਼, ਜਲੰਧਰ
ਮੁੱਲ : 200 ਰੁਪਏ, ਸਫ਼ੇ: 152
ਸੰਪਰਕ : 98725-49506

ਸੁਰਿੰਦਰ ਸਿੰਘ ਸੁੰਨੜ ਦੀ ਹਥਲੀ ਪੁਸਤਕ 'ਸੁੰਨ ਸਿਫ਼ਰ' ਦਾ ਅਨੰਦ ਪਾਠ ਕਰਦਿਆਂ ਪਾਠਕ ਅਜਿਹੀ ਵਿਸਮਾਦੀ ਅਵਸਥਾ ਵਿਚ ਪਹੁੰਚ ਜਾਂਦਾ ਹੈ, ਜਿੱਥੇ ਸਿਰਫ਼ ਅਨੰਦ ਹੀ ਅਨੰਦ ਹੈ। ਉਹ ਅਨੰਦ, ਜਿਸ ਨੂੰ ਉਸ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਵਿਚ ਵਸਤੂਆਂ ਨਾਲ ਵਸਤੂ ਹੋ ਕੇ ਆਪੇ ਹੀ ਗਵਾ ਲਿਆ ਸੀ। ਅਨੰਦ ਨਾਲ ਭਰਦਿਆਂ ਹੀ ਅਹਿਸਾਸ ਹੁੰਦਾ ਹੈ ਕਿ ਜਿਵੇਂ ਉਹ ਸਾਰੇ ਵਿਅਰਥ ਕੂੜ-ਕਵਾੜ ਤੋਂ ਮੁਕਤ ਹੋ ਗਿਆ ਹੋਵੇ, ਜਿਹੜਾ ਉਸ ਨੇ ਜੋੜ-ਘਟਾਓ ਦੇ ਚੱਕਰ ਵਿਚ ਜਮ੍ਹਾਂ ਕਰ ਲਿਆ ਸੀ:
ਭੱਜ ਨੱਠ ਕਰਦਾ ਆਦਮੀ, ਆਪੇ ਆਪਣਾ ਕਰੇ ਸ਼ਿਕਾਰ।
ਗੁਣ ਤਾਂ ਖ਼ਾਲੀ ਹੋਣ ਵਿਚ, ਸੁੰਨ ਵਿਚਰ ਰਿਹਾ ਦਾਤਾਰ।
ਮਨੁੱਖ ਦਾ ਸੁਭਾਅ ਹੈ ਕਿ ਉਹ ਜਿਹੜਾ ਰਸਤਾ ਵੀ ਚੁਣਦਾ ਹੈ, ਅੱਤ ਕਰ ਦਿੰਦਾ ਹੈ। ਜੇਕਰ ਉਹ ਗ੍ਰਹਿਸਥੀ ਬਣਦਾ ਹੈ, ਤਾਂ ਭੋਗ-ਵਿਲਾਸ ਦੇ ਵਿਸ਼ਿਆਂ ਵਿਚ ਲਿਪਤ ਹੋ ਕੇ ਰਹਿ ਜਾਂਦਾ ਹੈ ਅਤੇ ਜੇਕਰ ਸੰਨਿਆਸੀ ਬਣਦਾ ਹੈ, ਤਾਂ ਘਰ-ਪਰਿਵਾਰ ਛੱਡ ਕੇ ਜੰਗਲ ਨੂੰ ਹੀ ਤੁਰ ਪੈਂਦਾ ਹੈ। ਕਿਉਂਕਿ ਸੰਨਿਆਸੀ ਬਣ ਕੇ ਵੀ ਉਸ ਨੂੰ ਜ਼ਰੂਰੀ ਲੋੜਾਂ ਲਈ ਗ੍ਰਹਿਸਥੀਆਂ 'ਤੇ ਹੀ ਨਿਰਭਰ ਹੋਣਾ ਪੈਂਦਾ ਹੈ, ਇਸ ਲਈ ਮੰਨਿਆ ਗਿਆ ਹੈ ਕਿ ਕਿਰਤ ਕਰਨ ਅਤੇ ਵੰਡ ਕੇ ਛਕਣ ਵਾਲਾ ਮਨੁੱਖ ਹੀ ਜੀਵਨ ਦੇ ਸੱਚ ਨੂੰ ਪਛਾਣਦਾ ਹੈ:
ਅਰਬਾਂ ਖ਼ਰਬਾਂ ਜੋੜਨ ਵਾਲਾ,
ਲਾਜ਼ਮੀ ਨਹੀਂ ਅਮੀਰ ਵੀ ਹੋਵੇ,
ਜੋ ਘਾਲ ਖਾਵੇ ਕੁਝ ਹੱਥੋਂ ਦੇਵੇ,
ਸੁੰਨੜਾ ਉਹੀ ਸ਼ਖ਼ਸ ਧਨਵਾਨ ਹੈ।
ਇਸ ਕਾਵਿ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦੀਆਂ ਪੌਣੀ ਦਰਜਨ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਮਾਣ ਵਾਲੀ ਗੱਲ ਹੈ ਕਿ ਉਹ ਸਿਰਫ਼ ਲਿਖਦੇ ਹੀ ਨਹੀਂ ਬਲਕਿ ਆਪਣੀਆਂ ਲਿਖਤਾਂ ਨੂੰ ਜਿਊਂਦੇ ਵੀ ਹਨ। ਉਨ੍ਹਾਂ ਨੇ ਨਵੇਂ-ਪੁਰਾਣੇ ਲੇਖਕਾਂ ਲਈ ਕਿੰਨੇ ਹੀ ਮਾਨ-ਸਨਮਾਨ ਸ਼ੁਰੂ ਕੀਤੇ ਹੋਏ ਹਨ। ਦੋ ਸਾਹਿਤਕ ਪਰਚੇ 'ਆਪਣੀ ਆਵਾਜ਼' ਅਤੇ 'ਕਾਵਿ-ਲੋਕ' ਵੀ ਜਾਰੀ ਰੱਖ ਰਹੇ ਹਨ। ਉਨ੍ਹਾਂ ਨੂੰ ਪੜ੍ਹਨ ਅਤੇ ਮਿਲਣ ਵਾਲੇ ਲੋਕ ਮੰਨਦੇ ਹਨ ਕਿ ਉਹ ਧੁਰ ਅੰਦਰੋਂ ਵੀ ਕਵੀ ਹਨ। ਮੈਂ ਉਨ੍ਹਾਂ ਦੇ ਇਸ ਵਡਮੁੱਲੇ ਕਾਰਜ ਅੱਗੇ ਆਪਣਾ ਸਿਰ ਝੁਕਾਉਂਦਾ ਹਾਂ।

ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

-

 

28-01-2024

 ਸਮਕਾਲੀ ਪੰਜਾਬੀ ਕਵਿਤਾ : ਸੰਵੇਦਨਾ ਅਤੇ ਸਰੋਕਾਰ
ਲੇਖਕ : ਡਾ. ਪਰਮਜੀਤ ਕੌਰ ਸਿੱਧੂ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 94638-36591

ਪੁਸਤਕ : ਸਮਕਾਲੀ ਪੰਜਾਬੀ ਕਵਿਤਾ, ਸੰਵੇਦਨਾ ਅਤੇ ਸਰੋਕਾਰ ਵਿਚ ਪ੍ਰਮੁਖ ਰੂਪ ਵਿਚ ਪਿਛਲੇ ਢਾਈ ਤਿੰਨ ਦਹਾਕਿਆਂ ਵਿਚ ਪੰਜਾਬੀ-ਕਵਿਤਾ ਦੇ ਖੇਤਰ ਵਿਚ ਨਵੇਂ ਰੁਝਾਨਾਂ ਨੂੰ ਲੈ ਕੇ ਅਧਿਐਨ ਦਾ ਕੇਂਦਰ ਬਣਾਈ ਗਈ ਹੈ, ਜਿਸ ਦੇ 9 ਅਧਿਆਏ ਇਸ ਪ੍ਰਕਾਰ ਹਨ; ਸਮਕਾਲੀ ਪੰਜਾਬੀ ਕਵਿਤਾ, ਸਮਾਨੰਤਰ ਧੁਨੀ ਆਤਮਿਕ ਪਰਿਪੇਖ;, ਸਮਕਾਲੀ ਨਾਰੀ ਕਾਵਿ : ਮੂਲ ਸਰੋਕਾਰ, ਸਮਕਾਲੀ ਪੰਜਾਬੀ ਕਵਿਤਾ : ਦਲਿਤ ਪਰਿਪੇਖ, ਨਾਰੀ ਹੋਂਦ ਦਾ ਪ੍ਰਵਚਨ : ਪਾਲ ਕੌਰ ਕਾਵਿ, ਸਮਕਾਲੀ ਨਾਰੀ-ਕਾਵਿ ਦੀ ਵਿਲਿੱਖਣਤਾ, ਹਸਤਾਖ਼ਰ ਸੁਖਵਿੰਦਰ-ਅੰਮ੍ਰਿਤ, ਵਨੀਤਾ-ਕਾਵਿ, ਨਾਰੀ ਹੋਂਦ ਦਾ ਸਵਾਲ, ਅਮਾਨਵੀ ਰਿਸ਼ਤਿਆਂ ਪ੍ਰਤੀ ਅਸਹਿਮਤੀ ਦਾ ਪ੍ਰਵਚਨ : ਅਸਹਿਮਤ, ਖਪਤ-ਸੱਭਿਆਚਾਰ ਵਿਚ, ਸੰਕਟ ਭੋਗਦੇ ਮਨੁੱਖ ਨੂੰ ਚਿਤਰਦੀ ਸ਼ਾਇਰੀ, ਇਹ ਜੁ ਦੁਨੀਆਂ ਸਿਹਰੁ ਮੇਲਾ ਵਿਪਰੀਤ ਪ੍ਰਸਥਿਤੀ ਨਾਲ ਜੂਝਦੇ, ਮਨੁੱਖ ਦੀ ਹੋਣੀ : ਕਿਰਨ ਵਿਹੂਣਾ ਸਮਾਜ।
ਖੋਜਾਰਥਨ, ਸਮਕਾਲ ਸ਼ਬਦ ਦੀ ਪਰਿਭਾਸ਼ਾ ਕਰਦੀ, ਵਿਆਖਿਆ ਕਰਦੀ ਹੋਈ ਲਿਖਦੀ ਹੈ ਕਿ ਸਮਕਾਲ ਚੇਤੰਨ-ਯਥਾਰਥ ਹੈ, ਜਿਸ ਦਾ ਸਮਾਂ ਪਿਛਲੇ ਦੋ ਢਾਈ ਦਹਾਕੇ ਦਾ ਹੋ ਸਕਦਾ ਹੈ। ਜੋ 1990 ਦੇ ਨੇੜੇ ਤੱਕ ਦਾ ਬਣ ਸਕਦਾ ਹੈ। ਇਸ ਸਮੇਂ ਵਿਚਕਾਰ ਹੋਏ ਆਰਥਿਕ, ਸਮਾਜਿਕ, ਸਾਂਸਕ੍ਰਿਤਕ ਅਤੇ ਰਾਜਨੀਤਕ ਹਾਲਾਤ, ਅਰਥ-ਵਿਵਸਥਾ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ, ਪੂੰਜੀਵਾਦੀ ਦੇਸ਼ਾਂ ਦੀਆਂ ਨੀਤੀਆਂ ਦਾ ਪ੍ਰਭਾਵ ਵੀ ਭਾਰਤੀ ਅਰਥ, ਰਾਜਨੀਤੀ, ਸੰਸਕ੍ਰਿਤੀ ਉੱਪਰ ਅਸਿੱਧਾ ਜਾਂ ਸਿੱਧਾ ਪੈਂਦਾ ਹੈ।
ਪੁਸਤਕ ਦੇ ਚਾਰ ਭਾਗ ਬਣਾਏ ਗਏ ਹਨ, (1) ਸਮਕਾਲੀ ਪੰਜਾਬੀ ਸ਼ਾਇਰੀ (2) ਨਾਰੀ ਅਤੇ ਦਲਿਤ ਸਮਾਜ ਨਾਲ ਸੰਬੰਧਿਤ ਸ਼ਾਇਰੀ (3) ਪੰਜਾਬੀ ਨਾਰੀ ਕਾਵਿ ਵਿਚ ਵਿਲੱਖਣ ਪੈੜਾਂ ਪਾਉਣ ਵਾਲੀਆਂ ਕਵਿਤਰੀਆਂ ਹਨ। ਨਾਰੀ ਕਾਵਿ ਦੇ ਖੋਜੀਆਂ ਲਈ ਇਹ ਪੁਸਤਕ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਤੁਰਾਂਗੇ ਤਾਂ ਪਹੁੰਚਾਂਗੇ
ਕਵੀ : ਅਮਰਦੀਪ ਸਿੰਘ ਗਿੱਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 175 ਰੁਪਏ, ਸਫ਼ੇ : 112
ਸੰਪਰਕ : 99882-62870

'ਤੁਰਾਂਗੇ ਤਾਂ ਪਹੁੰਚਾਂਗੇ' ਅਗਾਂਹਵਧੂ ਵਿਚਾਰਧਾਰਾ ਦੇ ਕਵੀ ਅਮਰਦੀਪ ਸਿੰਘ ਗਿੱਲ ਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 'ਅਰਥਾਂ ਦਾ ਜੰਗਲ' ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। 67 ਕਵਿਤਾਵਾਂ ਦਾ ਇਹ ਕਾਵਿ-ਸੰਗ੍ਰਹਿ ਵਿਸ਼ੇ ਪੱਖੋਂ ਵੰਨ-ਸੁਵੰਨਤਾ ਨਾਲ ਭਰਪੂਰ ਹੈ। ਇਸ ਦੀ ਕੋਈ ਵੀ ਕਵਿਤਾ ਨਿਰਾਸ਼ ਨਹੀਂ ਕਰਦੀ ਸਗੋਂ ਕਵੀ ਦੀ ਸੂਝ-ਬੂਝ ਅਤੇ ਸੰਵੇਦਨਸ਼ੀਲਤਾ ਨਵੀਆਂ ਪਰਿਭਾਸ਼ਾਵਾਂ ਸਿਰਜਦੀ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਕਵਿਤਾ ਮਨੁੱਖ ਨੂੰ ਨਿਰੰਤਰ ਗਤੀਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ।
ਜੇ ਸੁਪਨਾ ਜਾਗਦਿਆਂ ਦੀ ਸੋਚ ਬਣ ਗਿਆ
ਤਾਂ ਉਠੋ
ਜੇ ਉੱਠ ਖੜ੍ਹੇ ਹੋ, ਤਾਂ ਤੁਰੋ
ਜੇ ਤੁਰਾਂਗੇ ਤਾਂ ਪਹੁੰਚਾਂਗੇ...
ਕਵੀ ਦਾ ਵਿਚਾਰਧਾਰਕ ਸਫ਼ਰ ਵੀ ਨਿਰੰਤਰ ਜਾਰੀ ਹੈ। ਉਹ ਕੁਝ ਰਿਸ਼ਤਿਆਂ ਪ੍ਰਤੀ ਡੂੰਘੀ ਸੰਵੇਦਨਾ ਅਤੇ ਸਤਿਕਾਰ ਪ੍ਰਗਟ ਕਰਦਾ ਹੈ। ਉਸ ਦੀ ਮਾਂ-ਬੋਲੀ ਪ੍ਰਤੀ ਸ਼ਰਧਾ ਤੇ ਮਾਂ ਦੇ ਮਨ ਵਿਚ ਸਾਂਭੇ ਵਿਰਸੇ ਦੀ ਸ਼ਬਦਾਵਲੀ ਦੇ ਖ਼ਜ਼ਾਨੇ ਪ੍ਰਤੀ ਆਦਰ ਹੈ।
ਉਸ ਦੀਆਂ ਕਿਸਾਨੀ ਅੰਦੋਲਨ ਬਾਰੇ ਲਿਖੀਆਂ ਰਚਨਾਵਾਂ ਇਤਿਹਾਸ ਦੇ ਇਸ ਅੰਦੋਲਨ ਵਿਚ ਸ਼ਾਮਿਲ ਬਹਾਦਰਾਂ ਦੀ ਸਿਫ਼ਤ ਕਰਦੀਆਂ ਕਿਸਾਨ ਦੇ ਮਿਹਨਤ ਮੁਸ਼ੱਕਤ ਭਰੇ ਇਤਿਹਾਸ ਦਾ ਪ੍ਰਗਟਾਵਾ ਵੀ ਕਰਦੀਆਂ ਹਨ।
ਉਹ ਯੁੱਧ ਦੀਆਂ ਨਵੀਆਂ ਪਰਿਭਾਸ਼ਾਵਾਂ ਸਿਰਜਦਾ ਉਸ ਜ਼ਰਜ਼ਰੀ ਹੋ ਚੁੱਕੀ ਪ੍ਰਣਾਲੀ ਖ਼ਿਲਾਫ਼ ਯੁੱਧ ਲੜਨ ਦੀਆਂ ਕ੍ਰਾਂਤੀਕਾਰੀ ਕਵਿਤਾਵਾਂ ਰਚਦਾ ਹੈ।
ਯੁੱਧ ਦੇਸ਼ਾਂ ਵਿਚਕਾਰ ਨਹੀਂ ਹੁੰਦਾ
ਯੁੱਧ ਲੋਕਾਂ ਵਿਚਕਾਰ ਨਹੀਂ ਹੁੰਦਾ
ਯੁੱਧ ਫ਼ੌਜਾਂ ਵਿਚਕਾਰ ਨਹੀਂ ਹੁੰਦਾ
ਯੁੱਧ ਕੁਰਸੀਆਂ ਵਿਚਕਾਰ ਹੁੰਦਾ ਹੈ
ਰਾਜਧਾਨੀਆਂ ਵਿਚਕਾਰ ਹੁੰਦਾ ਹੈ...
ਅਮਰਦੀਪ ਗਿੱਲ ਦੀ ਸ਼ਾਇਰੀ ਇਕ ਵਿਚਾਰਧਾਰਕ ਪ੍ਰਤੀਬੱਧਤਾ ਹੈ ਯੋਧਿਆਂ ਪ੍ਰਤੀ ਉਸ ਦਾ ਲਗਾਓ ਹੈ, ਉਸ ਦੀ ਕਵਿਤਾ ਵਿਚ ਯੁੱਧ, ਹਥਿਆਰ, ਜੁਝਾਰੂਪਣ ਕ੍ਰਾਂਤੀਕਾਰੀ ਭਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਹੈ। ਉਹ ਵਕਤ ਨਾਲ ਸਮਝੌਤਾ ਕਰਨ ਦੀ ਬਜਾਏ ਸਥਿਤੀਆਂ ਨਾਲ ਸੰਘਰਸ਼ ਕਰਨ ਨੂੰ ਬਿਹਤਰ ਸਮਝਣ ਵਾਲੀਆਂ ਪ੍ਰੇਰਨਾਦਾਇਕ ਕਵਿਤਾਵਾਂ ਦੀ ਰਚਨਾ ਕਰਦਾ ਹੈ।
ਗੁਲਾਮੀ ਦਾ ਅਹਿਸਾਸ ਹੀ
ਆਜ਼ਾਦੀ ਦਾ ਰਾਹ ਲੱਭਦਾ ਹੈ
ਨਹੀਂ ਤਾਂ ਪੀੜ੍ਹੀ ਦਰ ਪੀੜ੍ਹੀ
ਕੁੱਬੀ ਹੋਈ ਕੰਡ ਵਾਲੇ ਲੋਕ
ਆਖ਼ਿਰ ਜੰਮਣ ਲਗਦੇ ਨੇ...
ਇਸ ਪੁਸਤਕ ਬਾਰੇ ਡਾ. ਹਰਿੰਦਰ ਸਿੰਘ, ਬਲਵਿੰਦਰ ਚਹਿਲ, ਕਰਨ ਭੀਖੀ ਨੇ ਆਪਣੇ ਵਿਚਾਰ ਲਿਖਦਿਆਂ ਅਮਰਦੀਪ ਸਿੰਘ ਗਿੱਲ ਨੂੰ ਇਕ ਸੁਚੇਤ ਸੱਤਾ ਨਾਲ ਦਸਤਪੰਜਾ ਲੈਣ ਵਾਲੀ ਸ਼ਾਇਰੀ ਦੀ ਰਚਨਾ ਕਰਨ ਵਾਲਾ ਮੰਨਿਆ। ਇਸ ਪੁਸਤਕ ਵਿਚ ਰਾਜ ਕਵੀ-ਬਨਾਮ ਲੋਕ ਕਵੀ, ਕਿਸਾਨ ਕਥਾ, ਅੱਗ ਦਾ ਸਫ਼ਰਨਾਮਾ, ਲਿਖਤੁਮ ਇਤਿਹਾਸ ਦੇ ਲਿਖਾਰੀ, ਯੋਧੇ ਜੰਮਦੀਆਂ ਮਾਵਾਂ, ਸਮੁੰਦਰ ਦਾ ਕਥਨ, ਬਾਪੂ ਨੇ ਕਿਹਾ ਸੀ ਆਦਿ ਕਵਿਤਾਵਾਂ ਸਲਾਹੁਣਯੋਗ ਹਨ। ਅਮਰਦੀਪ ਦੀ ਸ਼ਾਇਰੀ ਸੁੱਤੀ ਸੋਚ ਨੂੰ ਝੰਜੋੜਨ ਵਾਲੀ ਭਵਿੱਖ ਪ੍ਰਤੀ ਸੁਚੇਤ ਕਰਦੀ ਅਤੇ ਆਪਣੇ ਸਵੈ-ਮਾਣ ਅਤੇ ਸਵੈ-ਪਛਾਣ ਲਈ ਜਾਗਰੂਕ ਕਰਦੀ ਹੈ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ


ਖੂਬਸੂਰਤ ਇਰਾਦਿਆਂ ਦੀ ਵਰਣਮਾਲਾ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 175 ਰੁਪਏ, ਸਫ਼ੇ : 120
ਸੰਪਰਕ : 94179-49079


ਫੈਡਰਿਕ ਨੀਤੇਸ਼ ਨੇ ਆਪਣੀ ਪੁਸਤਕ 'ਬਿਔਂਡ ਗੁੱਡ ਐਂਡ ਈਵਲ' ਵਿਚ ਪਹਿਲੀ ਵਾਰੀ 'ਵਿਲ ਟੂ ਪਾਵਰ' (ਦ੍ਰਿੜ੍ਹ ਇਰਾਦੇ/ਆਤਮ ਵਿਸ਼ਵਾਸ) ਦਾ ਤਰਕ ਪੇਸ਼ ਕੀਤਾ ਸੀ। ਵਿਚਾਰਾਧੀਨ ਪੁਸਤਕ 'ਖੂਬਸੂਰਤ ਇਰਾਦਿਆਂ ਦੀ ਵਰਣਮਾਲਾ' ਇਸ ਸਿਧਾਂਤ ਦਾ ਹੀ ਪ੍ਰਤਿਪਾਦਨ ਕਰਦੀ ਪ੍ਰਤੀਤ ਹੁੰਦੀ ਹੈ। ਇਹ ਕਿਤਾਬ ਸਮੁੱਚੀ ਮਾਨਵਤਾ ਨੂੰ ਵਿਵਹਾਰਕ ਜੀਵਨ ਸ਼ੈਲੀ ਅਪਨਾਉਣ ਦੀ ਪ੍ਰੇਰਨਾ ਕਰਦੀ ਹੈ। ਕਰਨੀ ਅਤੇ ਕਥਨੀ ਦੇ ਸੁਮੇਲ ਦਾ ਸੰਦੇਸ਼ ਦਿੰਦੀ ਹੈ। ਕੀ ਕਰਨਾ ਠੀਕ ਹੈ? ਕੀ ਕਰਨਾ ਗ਼ਲਤ ਹੈ? ਅਰਥਾਤ ਹਾਂ-ਪੱਖੀ ਅਤੇ ਨਾਂਹ-ਪੱਖੀ ਦੋਵਾਂ ਜੀਵਨ ਕਿਰਿਆਵਾਂ ਪ੍ਰਤੀ ਲਾਭਦਾਇਕ ਅਤੇ ਨੁਕਸਾਨਦਾਇਕ ਪੱਖਾਂ ਪ੍ਰਤੀ ਨੀਝ ਵਾਲੀ ਦ੍ਰਿਸ਼ਟੀ ਅਪਨਾਉਣ ਲਈ ਜਾਗਰੂਕਤਾ ਪ੍ਰਦਾਨ ਕਰਦੀ ਹੈ। ਲੇਖਕ ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਵਿਸ਼ਵ ਦੇ ਵਿਦਵਾਨਾਂ/ਵਿਗਿਆਨੀਆਂ / ਖਿਡਾਰੀਆਂ ਆਦਿ ਦੀਆਂ ਉਦਾਹਰਨਾਂ ਵੀ ਦੇ ਜਾਂਦਾ ਹੈ। ਇੰਜ ਇਹ ਪੁਸਤਕ ਸਫ਼ਲ ਜੀਵਨ ਜਿਊਣ ਦੇ ਗੁਰਾਂ ਨਾਲ ਲਬਰੇਜ਼ ਹੈ। ਵਿਚਾਰਾਂ 'ਚ 'ਨੈਰੇਟਿਵ ਫਰੀਕੁਐਂਸੀ' ਹੈ।
ਲੇਖਕ ਨੇ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲਾ ਭਾਗ 'ਜ਼ਿੰਦਗੀ ਦੇ ਅਨੁਭਵ' ਹੈ, ਜਿਸ ਵਿਚ 250 ਅਨੁਭਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਦੂਜੇ ਭਾਗ ਦਾ ਨਾਂਅ 'ਖੂਬਸੂਰਤ ਇਰਾਦਿਆਂ ਦੀ ਵਰਣਮਾਲਾ' ਰੱਖਿਆ ਗਿਆ ਹੈ, ਜਿਸ ਦੇ 14 ਕਾਂਡ ਬਣਾਏ ਗਏ ਹਨ। ਇਨ੍ਹਾਂ ਕਾਂਡਾਂ ਵਿਚ ਸਵੈ ਦੀ ਪਛਾਣ, ਆਪਸੀ ਮੇਲ, ਸਿਆਣਪ ਲਈ ਸਮਝ, ਜੀਵਨ ਮੰਤਵ, ਨਿੱਕੇ ਕੰਮਾਂ ਦਾ ਮਹੱਤਵ, ਬੀਇੰਗ ਤੋਂ ਬੀਕਮਿੰਗ, ਬੱਚੇ ਅਤੇ ਬੰਦੇ ਦੀ ਸ਼ਖ਼ਸੀਅਤ ਦਾ ਵਿਕਾਸ, ਘਰ ਮੁਢਲੀ ਪਾਠਸ਼ਾਲਾ, ਗੁਨਾਹ, ਵਿਵਹਾਰਿਕ ਜੀਵਨ, ਕੰਮ ਬਨਾਮ ਪਛਾਣ, ਆਜ਼ਾਦੀ ਬਨਾਮ ਅਨੁਸ਼ਾਸਨ ਆਦਿ ਵਿਸ਼ਿਆਂ 'ਤੇ ਫੋਕਸੀਕਰਨ ਕੀਤਾ ਗਿਆ ਹੈ। ਭਾਸ਼ਾ ਰੌਚਿਕ ਅਤੇ ਕਾਵਿਕ ਹੈ। ਗੱਲ 'ਚੋਂ ਗੱਲ ਨਿਕਲਦੀ ਚਲੀ ਜਾਂਦੀ ਹੈ। ਭਾਸ਼ਾ ਦਾ ਨਮੂਨਾ ਵੇਖੋ : 'ਜਿਸ ਵਿਅਕਤੀ ਨੂੰ ਰਹਿਣਾ ਆ ਗਿਆ, ਸੁਣਨਾ ਆ ਗਿਆ, ਸਹਿਣਾ ਆ ਗਿਆ ਅਤੇ ਸਹੀ ਢੰਗ ਨਾਲ ਕਹਿਣਾ ਆ ਗਿਆ। ਸਮਝੋ ਉਸ ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ।' ਪੰਨਾ.43.

-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com

 

ਮੈਲਾਨਿਨ
ਲੇਖਕ : ਜਸਵਿੰਦਰ ਧਰਮਕੋਟ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 112
ਸੰਪਰਕ : 81462-57200

ਜਸਵਿੰਦਰ ਧਰਮਕੋਟ ਦੇ ਕਹਾਣੀ ਸੰਗ੍ਰਹਿ 'ਮੈਲਾਨਿਨ' ਵਿਚ 8 ਕਹਾਣੀਆਂ ਸ਼ਾਨ, ਮੈਲਾਨਿਨ, ਪਲੇਟੀ, ਲੀਸੀਅਮ ਨਿਕੇਤਨ, ਊਦੀ, ਬੱਕਲ ਮਾਈ ਸ਼ੂਅ, ਯਾਤਰਾ ਅਜੇ ਮੁੱਕੀ ਨਹੀਂ ਤੇ ਆਖ਼ਰੀ ਛੁੱਟੀ ਦਰਜ ਹਨ। ਕਹਾਣੀਆਂ ਵਿਚ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ, ਸੱਭਿਆਚਾਰਕ, ਮਨੋਵਿਗਿਆਨਕ ਤੇ ਇਤਿਹਾਸਕ ਪੱਖ ਉਜਾਗਰ ਹੁੰਦੇ ਹਨ। ਕਹਾਣੀ 'ਮੈਲਾਨਿਨ' ਕਾਲੇ ਰੰਗ ਦੀ ਲੜਕੀ ਪੂਨਮ ਉੱਤੇ ਫੋਕਸ ਕਰਦੀ ਹੈ, ਜਿਸ ਨੂੰ ਸਮਾਜਿਕ ਸਿਸਟਮ ਵਲੋਂ ਮਾਨਸਿਕ ਪੀੜਾ ਦਿੱਤੀ ਜਾਂਦੀ ਹੈ। ਜਾਤ, ਰੰਗ, ਨਸਲ, ਭਾਸ਼ਾ, ਧਰਮ, ਨੈਣ ਨਕਸ਼ ਆਦਿ ਉੱਤੇ ਟੀਕਾ-ਟਿੱਪਣੀ ਕਰਕੇ ਮਨੁੱਖ ਨੂੰ ਨੀਵਾਂ ਦਿਖਾਇਆ ਜਾਂਦਾ ਹੈ। ਕਾਲੇ ਰੰਗ ਕਾਰਨ ਹੀ ਰਮੇਸ਼ ਕੁਮਾਰ ਨੂੰ 'ਮੇਸ਼ਾ ਕਾਲੂ' ਅਤੇ ਪੂਨਮ ਨੂੰ 'ਕਾਲੀ ਮਾਤਾ' ਦੇ ਨਾਂਅ ਦਿੱਤੇ ਜਾਂਦੇ ਹਨ। ਕਹਾਣੀ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸਮਝਾਉਣ ਦਾ ਯਤਨ ਕੀਤਾ ਹੈ।
''ਕਿਸੇ ਵੀ ਵਿਅਕਤੀ ਦੀ ਚਮੜੀ, ਅੱਖਾਂ ਅਤੇ ਵਾਲਾਂ ਦਾ ਰੰਗ ਉਸ ਅੰਦਰਲੇ ਤਰਲ ਪਦਾਰਥ 'ਪਿਰਾਮੈਂਟ' ਮੈਲਾਨਿਨ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਫਿਰ ਇਸ ਵਿਚ ਕਾਲੇ ਵਿਅਕਤੀ ਦਾ ਆਪਣਾ ਕੀ ਦੋਸ਼ ਹੈ?''
ਕਹਾਣੀ 'ਲੀਸੀਅਨ ਨਿਕੇਤਨ' ਵਿਚ ਆਦਰਸ਼ ਸਕੂਲ ਦੀ ਕਲਪਨਾ ਕੀਤੀ ਜਾਂਦੀ ਹੈ, ਜਿਸ ਵਿਚ ਆਦਰਸ਼ ਅਧਿਆਪਕਾਂ ਰਾਹੀਂ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਨਿਵੇਕਲੀ ਤੇ ਪ੍ਰਭਾਵਦਾਇਕ ਭੂਮਿਕਾ ਨਿਭਾਈ ਜਾਂਦੀ ਹੈ। ਆਧੁਨਿਕ ਸਿੱਖਿਆ ਦੇ ਵਪਾਰੀਕਰਨ ਦਾ ਵੀ ਪਰਦਾਫ਼ਾਸ਼ ਕੀਤਾ ਹੈ। ਕਹਾਣੀ 'ਬੱਕਲ ਮਾਈ ਸ਼ੂਅ' ਵਿਚ ਮਾਂ-ਪਿਉ ਰਾਹੀਂ ਮਨਕੀਰਤ ਦੀ ਮਾਨਸਿਕਤਾ ਉੱਤੇ ਪਏ ਬੁਰੇ ਪ੍ਰਭਾਵਾਂ ਨੂੰ ਨਸ਼ਰ ਕੀਤਾ ਹੈ। ਕਹਾਣੀ 'ਆਖ਼ਰੀ ਛੁੱਟੀ' ਵਿਚ ਜੋਤੀ ਦੀ ਮਾਨਸਿਕਤਾ ਨੂੰ ਚਿਤਰ ਕੇ ਉਸ ਦੇ ਦੁਖਾਂਤ ਪਿਛੋਂ ਕਾਰਜਸ਼ੀਲ ਕਾਰਨਾਂ ਦਾ ਜ਼ਿਕਰ ਕੀਤਾ ਹੈ। ਕਹਾਣੀ 'ਸ਼ਾਲ' ਦਿਲੀ ਸਾਂਝਾਂ ਦੀ ਤਰਜਮਾਨੀ ਕਰਦੀ ਹੈ, ਜਦਕਿ ਸੰਪਰਦਾਇਕਤਾ ਤੇ ਜੇਹਾਦ ਫੈਲਾਉਣ ਵਾਲਿਆਂ ਦਾ ਕੋਈ ਧਰਮ ਜਾਂ ਈਮਾਨ ਨਹੀਂ ਹੁੰਦਾ। ਸਿਮਰਿਤੀ ਤੇ ਇੰਸ਼ਾ ਰਾਹੀਂ ਹਿੰਦੂ-ਮੁਸਲਿਮ ਏਕਤਾ ਨੂੰ ਕਾਇਮ ਕਰਨ ਦਾ ਯਤਨ ਸ਼ਲਾਘਾਯੋਗ ਹੈ। ਕਹਾਣੀ 'ਪਲੇਟੀ' ਵਿਚ ਵਰਤਮਾਨ ਪਦਾਰਥਕ ਵਰਤਾਰਿਆਂ ਕਾਰਨ ਮਨੁੱਖੀ ਇਕਲਾਪੇ ਦੀ ਹੋਣੀ ਤੇ ਤ੍ਰਾਸਦੀ ਨੂੰ ਰੂਪਮਾਨ ਕੀਤਾ ਹੈ। ਦਿਖਾਵੇ ਦੇ ਸੰਸਾਰ ਨੇ ਮਨੁੱਖੀ ਕਦਰਾਂ ਕੀਮਤਾਂ ਤੇ ਨੈਤਿਕ ਮੁੱਲ ਵਿਧਾਨਾਂ ਨੂੰ ਨਿਘਲ ਲਿਆ ਹੈ। ਕਹਾਣੀ 'ਊਈ' ਵਿਚ ਸੋਸ਼ਲ ਮੀਡੀਆ ਕਾਰਨ ਪੈਦਾ ਹੋਏ ਅਨੈਤਿਕ ਵਾਤਾਵਰਨ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ। ਪ੍ਰਿੰਸ, ਰੋਬਿਨ ਤੇ ਤਮੰਨਾ ਕਾਰਨ ਮਹਿਕ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੀ ਹੈ। ਕਹਾਣੀ 'ਯਾਤਰਾ ਅਜੇ ਮੁੱਕੀ ਨਹੀਂ' ਵਿਚ ਸੰਕਲਪ ਤੇ ਏਕਰੂਪ ਦੀ ਜੀਵਨ ਹਯਾਤੀ ਦਾ ਜ਼ਿਕਰ ਹੈ। 'ਮੋਟਰ ਨਿਊਰਾਨ' ਦੀ ਬਿਮਾਰੀ ਕਾਰਨ ਏਕਰੂਪ, ਸੰਕਲਪ ਦਾ ਸਾਥ ਦ੍ਰਿੜ੍ਹਤਾ ਨਾਲ ਨਿਭਾਉਂਦੀ ਹੈ। ਜਸਵਿੰਦਰ ਦੀਆਂ ਕਹਾਣੀਆਂ ਉਸ ਦੇ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਤੋਂ ਹੀ ਹੋਂਦ ਗ੍ਰਹਿਣ ਕਰਦੀਆਂ ਹਨ। ਕਹਾਣੀਆਂ ਦੇ ਪਾਤਰ ਮਨਕੀਰਤ, ਇੰਸ਼ਾ, ਪੂਨਮ, ਵਿਸ਼ਾਲ, ਜੋਤੀ, ਮਹਿਕ, ਸੰਕਲਪ ਤੇ ਏਕਰੂਪ ਪ੍ਰਤੀਕਾਤਮਕਤਾ ਦੇ ਨਾਲ-ਨਾਲ ਆਲੇ-ਦੁਆਲੇ ਵਿਚੋਂ ਲਏ ਗਏ ਹਨ, ਜਿਸ ਸਦਕਾ ਉਹ ਪਾਠਕਾਂ ਨਾਲ ਨੇੜੇ ਦੀ ਸਾਂਝ ਸਥਾਪਿਤ ਕਰਦੇ ਹਨ। ਜਸਵਿੰਦਰ ਦਾ ਕਹਾਣੀ ਸੰਗ੍ਰਹਿ 'ਮੈਲਾਨਿਨ' ਵਿਚਾਰਣਯੋਗ ਕਿਰਤ ਹੈ।

-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810

 

 

ਕੌਣ ਸੱਚਾ ਕੌਣ ਝੂਠਾ
ਕਵੀ : ਟਹਿਲ ਸਿੰਘ ਚਾਹਲ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 144
ਸੰਪਰਕ : 98152-98459

ਟਹਿਲ ਸਿੰਘ ਚਾਹਲ ਹੰਢਿਆ ਵਰਤਿਆ ਅਤੇ ਕਾਵਿ ਤਜਰਬੇ ਦਾ ਮਾਲਕ ਕਵੀ ਹੈ। ਉਹ ਲਗਾਤਾਰ ਲਿਖਣ ਵਾਲਾ ਹੈ। ਉਸ ਨੇ ਹੁਣ ਤੱਕ 8 ਸਾਹਿਤਕ ਪੁਸਤਕਾਂ ਸਿਰਜੀਆਂ ਹਨ, ਜਿਨ੍ਹਾਂ ਵਿਚੋਂ 7 ਕਾਵਿ-ਸੰਗ੍ਰਹਿ ਹਨ। 1974 ਵਿਚ ਚਾਹਲ ਨੇ 'ਦੀਨ ਤੇ ਦੁਨੀਆ' ਨਾਂਅ ਦਾ ਨਾਵਲ ਲਿਖ ਕੇ ਸਾਹਿਤ ਵਿਚ ਪੈਰ ਧਰਿਆ ਸੀ। ਉਸ ਪਿੱਛੋਂ ਉਸ ਦੀ ਤਬੀਅਤ ਕਾਵਿ ਸਾਜ ਬਣ ਗਈ ਅਤੇ 7 ਨਵੀਆਂ ਕਾਵਿ-ਪੁਸਤਕਾਂ ਸਾਹਿਤ ਨੂੰ ਦਿੱਤੀਆਂ। 1974 ਵਿਚ ਉਸ ਦੀ ਪਹਿਲੀ ਪੁਸਤਕ ਪ੍ਰਕਾਸ਼ਿਤ ਹੋਈ ਸੀ ਅਤੇ ਹੁਣ 2023 ਵਿਚ ਹਥਲੀ ਕਾਵਿ ਪੁਸਤਕ ਪ੍ਰਕਾਸ਼ਿਤ ਹੋਈ। ਇਸ ਤਰ੍ਹਾਂ ਉਸ ਦਾ ਸਾਹਿਤਕ ਸਫ਼ਰ ਕਾਫ਼ੀ ਲਮੇਰਾ ਹੈ, ਜਿਸ ਕਰਕੇ ਉਸ ਦੀਆਂ ਕਵਿਤਾਵਾਂ ਵਿਚ ਪਰਪੱਕਤਾ ਆਈ।
ਹਥਲੀ ਪੁਸਤਕ ਦੇ 144 ਸਫ਼ਿਆਂ ਵਿਚ ਕਵੀ ਚਾਹਲ ਨੇ 79 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਇਸ ਤਰ੍ਹਾਂ ਬਹੁਤੀਆਂ ਕਵਿਤਾਵਾਂ ਇਕਹਿਰੇ ਸਫ਼ੇ ਦੀਆਂ ਹਨ, ਜਦੋਂ 50 ਕੁ ਕਵਿਤਾਵਾਂ ਦੋ ਸਫ਼ਿਆਂ ਉੱਤੇ ਬਿਰਜਮਾਨ ਹਨ। ਭਾਵੇਂ ਕਵੀ ਨੇ ਆਪਣੀਆਂ ਨਜ਼ਮਾਂ ਦਾ ਨਾਂਅ ਗ਼ਜ਼ਲਾਂ ਨਹੀਂ ਰੱਖਿਆ ਪਰ ਦਰ ਹਕੀਕਤ ਇਹ ਸਾਰੀਆਂ ਹੀ ਗ਼ਜ਼ਲਾਂ ਦੇ ਆਸ-ਪਾਸ ਹਨ। ਉਸ ਦੇ ਕਾਫ਼ੀਏ ਜ਼ਰਾ ਢਿੱਲੇ ਹਨ, ਜਿਸ ਕਰਕੇ ਉਸ ਨੇ ਇਸ ਸੰਗ੍ਰਹਿ ਨੂੰ ਕਾਵਿ-ਸੰਗ੍ਰਹਿ ਹੀ ਗਿਣਿਆ ਹੈ। ਉਸ ਦੇ ਕੁਝ ਸ਼ਿਅਰ ਪਾਠਕਾਂ ਵਾਸਤੇ ਦਰਜ ਕਰ ਰਿਹਾ ਹਾਂ :
-ਕੌਣ ਸੱਚਾ ਕੌਣ ਝੂਠਾ ਕਿਸ ਨੂੰ ਆਖਾਂ।
ਜਾਤਾਂ ਦਾ ਭੇੜ ਮਾੜਾ ਕਿਸ ਨੂੰ ਆਖਾਂ।
-ਦੁਨਿਆਵੀ ਚਕਾਚੌਂਧ ਦੇ ਚਸਕਿਆਂ 'ਚ
ਮਦੋਂ ਮਸਤੀ ਮੁਜਰਿਉਂ ਖੀਵਾ ਹੋਇਆ।
-ਬੰਦਾ ਬਣੇ ਸ਼ੈਤਾਨ ਪਰਖੇ ਭਗਵਾਨ,
ਬੇਆਵਾਜ਼ ਲਾਠੀਉਂ ਹਾਸਲ ਸ਼ਮਸ਼ਾਨ।
-ਨਾਰ ਸੁਨੱਖੀ ਗੌਤਮ ਰਿਸ਼ੀ ਦੀ
ਸੁੰਨੀ ਵੱਸ ਇੰਦਰ ਦੇ ਪੈ ਗਈ।
-ਇੰਦਰ ਦੇ ਚੋਜੋਂ ਚੰਨ ਵੀ ਦਾਗੀ
ਨਾਰੀ ਰਿਸ਼ੀ ਦੀ ਰੋਂਦੀ ਰਹਿ ਗਈ।
-ਮੌਲਾ ਤੂੰ ਨਾ ਮਿਲਿਆ ਨਾ ਬਹਿਸ਼ਤ ਮਿਲੀ
ਜੋ ਵੀ ਸ਼ੈ ਮਿਲੀ ਮਰ ਕੇ ਮਿੱਟੀ ਵਿਚ ਲਿਪਟਦੀ।
-ਹਸਦੇ ਹੈਵਾਨ ਤੱਕਾਂ ਹੋਵਾਂ ਹੈਰਾਨ ਹੈਰਾਨੀ ਸ਼ਾਨ ਤੇ
ਉੱਸਰੇ ਮਹਿਲ ਸ਼ੈਤਾਨ ਦੇ ਉੱਚੇ ਗਿਲਾ ਬੇਦੀਮਾਨ ਤੇ
ਅਸਲ ਵਿਚ ਕਵੀ ਟਹਿਲ ਸਿੰਘ ਚਾਹਲ ਨੇ ਆਪਣੀਆਂ ਨਜ਼ਮਾਂ ਨੂੰ ਕੋਈ ਰੋਸ ਵਿਧਾ ਸਰੂਪ ਨਹੀਂ ਦਿੱਤਾ ਜੇਕਰ ਇਨ੍ਹਾਂ ਨੂੰ ਗ਼ਜ਼ਲਾਂ ਗਿਣੀਏ ਤਾਂ ਇਨ੍ਹਾਂ ਦਾ ਛੰਦ ਬਹਿਰ ਤੇ ਕਾਫ਼ੀਏ ਹੋਰ ਮਿਹਨਤ ਦੀ ਮੰਗ ਕਰਦੇ ਸਨ, ਪਰ ਉਸ ਦੀਆਂ ਚੰਗੀਆਂ ਨਜ਼ਮਾਂ ਕੁਝ ਕਹਾਣੀਆਂ ਉੱਤੇ ਫੋਕਸ ਹਨ, ਉਹ ਚੰਗੀਆਂ ਹਨ। ਉਸ ਨੇ ਕੋਸ਼ਿਸ਼ ਕੀਤੀ ਹੈ ਕਿ ਬੇ-ਬਹਿਰਾ ਨਾ ਹੋਇਆ ਜਾਵੇ।

-ਸੁਲੱਖਣ ਸਿੰਘ ਸਰਹੱਦੀ
ਮੋਬਾਈਲ : 94174-84337

 


ਨਿੱਗਰ ਖੰਭਾਂ ਦੀ ਉਡਾਣ
ਸੰਪਾਦਕ : ਹਰਜਿੰਦਰ ਪੰਧੇਰ, ਹਰਮਹਿੰਦਰ ਚਹਿਲ, ਰਵੀ ਸ਼ੇਰਗਿੱਲ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼ ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 180
ਸੰਪਰਕ : 94638-36591

ਅਜੋਕੀ ਅਮਰੀਕੀ ਪੰਜਾਬੀ ਕਹਾਣੀ ਦੇ ਇਸ ਸੰਗ੍ਰਹਿ ਵਿਚ ਅਮਰੀਕਾ ਵਿਚ ਰਹਿ ਰਹੇ ਸੰਪਾਦਕਾਂ ਨੇ ਇਕ ਦਰਜਨ ਕਹਾਣੀਆਂ ਨੂੰ ਸੰਗ੍ਰਹਿਤ ਕੀਤਾ ਹੈ। ਪੁਸਤਕ ਦੇ ਕਹਾਣੀਕਾਰਾਂ ਵਿਚ ਤਿੰਨੇ ਸੰਪਾਦਕਾਂ ਸਮੇਤ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਤੋਂ ਗਏ ਪੰਜਾਬੀ ਕਹਾਣੀਕਾਰਾਂ ਦੀਆਂ ਰਚਨਾਵਾਂ ਹਨ। 4 ਨਾਰੀ ਕਹਾਣੀਕਾਰਾ ਹਨ। ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਕਹਾਣੀਆਂ ਵਿਚ ਅਮਰੀਕਾ ਵਿਚ ਪਰਵਾਸ ਕਰ ਕੇ ਗਏ ਪੰਜਾਬੀਆਂ ਦਾ ਰਹਿਣ-ਸਹਿਣ, ਕੰਮਕਾਰ ਤੇ ਸੱਭਿਆਚਾਰ ਹੈ। ਖ਼ਾਸ ਕਰਕੇ ਪੰਜਾਬੀ ਮੁੰਡੇ-ਕੁੜੀਆਂ ਦਾ ਜਵਾਨੀ ਵੇਲੇ ਅਮਰੀਕਾ ਦੇ ਮੂਲ ਨਿਵਾਸੀਆਂ ਨਾਲ ਵਰਤਾਰੇ ਦਾ ਜ਼ਿਕਰ ਕਹਾਣੀਆਂ ਵਿਚ ਹੈ। ਕਹਾਣੀਆਂ ਦੇ ਪਾਤਰ ਵੀ ਰਲੇ-ਮਿਲੇ ਹਨ ਅਮਰੀਕਨ ਤੇ ਪੰਜਾਬੀ, ਕਿਉਂਕਿ ਪੰਜਾਬੀਆਂ ਦੀ ਜ਼ਿੰਦਗੀ ਵਿਚ ਅਮਰੀਕੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਡੇ ਪੰਜਾਬੀ, ਡਰਾਈਵਰੀ, ਸਟੋਰ ਮਾਲਕ, ਖੇਤੀ ਆਦਿ ਧੰਦਿਆਂ ਨਾਲ ਜੁੜੇ ਹੋਏ ਹਨ। ਅਮਰੀਕੀ ਤੇ ਪੰਜਾਬੀ ਔਰਤਾਂ ਵਿਚ ਸਾਂਝ ਹੈ। ਪਰ ਵਿਚਾਰਾਂ ਦਾ ਤਕਰਾਰ ਵੀ ਹੈ। ਖਾਸ ਕਰਕੇ ਔਰਤ ਦੀ ਆਜ਼ਾਦੀ ਦੇ ਪ੍ਰਸੰਗ ਵਿਚ।
ਹਰਜਿੰਦਰ ਪੰਧੇਰ ਦੀ ਕਹਾਣੀ 'ਸਮੁੰਦਰ 'ਚ ਲਹਿੰਦਾ ਲਾਵਾ' ਵਿਚ ਅਮਰੀਕਾ ਦੀ ਆਜ਼ਾਦੀ ਦੇ ਜਸ਼ਨਾਂ 'ਤੇ ਕੇਂਦਰਿਤ ਹੈ। ਅਮਰੀਕੀਆਂ ਨਾਲ ਨੇੜਤਾ ਕਰਕੇ ਪੰਜਾਬੀ ਪਾਤਰਾਂ ਵਲੋਂ ਅੰਗਰੇਜ਼ੀ ਵਾਕਾਂ ਦੀ ਵਰਤੋਂ ਆਮ ਹੈ। ਹਾਏ ਹੈਲੋ, ਮੌਂ, ਡੈਡ, ਲੋਅਡ (ਭਾਰ) ਮੈਡਮ ਆਡਰ, ਗਰੈਂਡ ਮਾਂ, ਵਟ ਯੂ ਲਾਈਕ, ਵਟ ਆਈ ਲਾਈਕ ਆਦਿ ਸ਼ਬਦਾਂ ਦੀ ਭਰਮਾਰ ਹੈ। ਮਨਜੀਤ ਕੌਰ ਸੇਖੋਂ ਕਹਾਣੀ ਰਾਹਤ ਵਿਚ ਪਾਤਰ ਜ਼ਿੰਦਗੀ ਦੀਆਂ ਖੁੱਲ੍ਹਾਂ ਮਾਣਦੇ ਹਨ। ਨੌਜਵਾਨ ਮੁੰਡੇ-ਕੁੜੀਆਂ ਦੀਆਂ ਜਿਨਸੀ ਭਾਵਨਾਵਾਂ ਦੇ ਦ੍ਰਿਸ਼ ਕਹਾਣੀਆਂ ਵਿਚ ਹਨ। ਕਹਾਣੀ ਬੇਬੇ ਦਾ ਹੁਣ ਕੋਈ ਨਹੀਂ (ਰਵੀ ਸ਼ੇਰਗਿੱਲ) ਵਿਚ ਮਾਂ ਦੇ ਇਲਾਜ ਦੀ ਸਮੱਸਿਆ ਹੈ। ਇਕ ਪੁੱਤ ਕੋਲ ਡਰਾਈਵਰੀ ਤੋਂ ਵਿਹਲ ਨਹੀਂ ਹੈ। ਕਈ-ਕਈ ਦਿਨ ਗੱਡੀ ਚਲਾ ਕੇ ਦੂਰ-ਦੂਰ ਲਿਜਾਂਦਾ ਹੈ। ਦੂਰ ਰਹਿੰਦਾ ਪੁੱਤਰ ਆਣ ਕੇ ਸਥਿਤੀ ਸੰਭਾਲਦਾ ਹੈ। ਹਰਮਹਿੰਦਰ ਚਹਿਲ ਦੀ ਕਹਾਣੀ ਸਜ਼ਾ ਵਿਚ ਕਤਲ ਕੇਸ ਦੀ ਅਦਾਲਤੀ ਕਾਰਵਾਈ ਹੈ। ਕਾਤਲ ਪਛਤਾਵਾ ਕਰਦਾ ਹੈ। ਪਵਿੱਤਰ ਕੌਰ ਮਾਟੀ ਦੀ ਕਹਾਣੀ ਰੌਂਗ ਨੰਬਰ ਦੇ ਪਾਤਰੀ ਸੰਵਾਦ ਭਾਵਪੂਰਤ ਹਨ। ਔਰਤਾਂ ਨਸ਼ਿਆਂ ਵਿਚ ਗਲਤਾਨ ਹਨ ਤੇ ਅਸ਼ਲੀਲ ਵਾਕ ਬੋਲਦੀਆਂ ਹਨ। ਹਰਨੇਕ ਸਿੰਘ ਦੀ ਕਹਾਣੀ ਰਿਸ਼ਤਿਆਂ ਦਾ ਸਰਾਪ, ਜਾਵੇਦ ਬੂਟਾ ਦੀ ਗੁਲਾਬੀ ਚੁੰਨੀ, ਹਰਭਜਨ ਸਿੰਘ ਸ਼ੇਰਗਿੱਲ (ਵਾਅਦਾ) ਇਕ ਹੋਰ ਸੁਨਾਮੀ (ਰਾਮ ਜੀ ਦਾਸ) ਰਾਣੀ ਨਗਿੰਦਰ (ਜੰਗ ਜਾਰੀ ਹੈ) ਦੇਵਿੰਦਰ ਗੁਰਾਇਆ (ਕੁਝ ਆਪਣੇ ਪਲ) ਸੁਰਿੰਦਰ ਸੋਹਲ (ਸਾਂਝ) ਕਹਾਣੀਆਂ ਰੌਚਿਕ, ਦਿਲਚਸਪ ਸ਼ੈਲੀ ਵਿਚ ਹਨ। ਪਾਤਰੀ ਸੰਵਾਦ ਵਿਚ ਅਮਰੀਕਾ ਤੇ ਪੰਜਾਬ ਦੇ ਸੱਭਿਆਚਾਰ ਦਾ ਅੰਤਰ ਬੋਲਦਾ ਹੈ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਪੰਜਾਬੀ ਅਮਰੀਕਨ ਕਹਾਣੀ ਦੇ ਵਿਸ਼ੇਸ਼ ਤੱਤਾਂ ਬਾਰੇ 13 ਪੰਨਿਆਂ ਦੀ ਲੰਮੀ ਭੂਮਿਕਾ ਲਿਖੀ ਹੈ। ਆਲੋਚਕ ਡਾ. ਜੇ. ਬੀ. ਸੇਖੋਂ ਦੇ ਭਾਵਪੂਰਤ ਵਿਚਾਰ ਹਨ। ਹਰੇਕ ਕਹਾਣੀਕਾਰ ਦੀ ਸਾਹਿਤਕ ਦੇਣ ਬਾਰੇ ਜਾਣ-ਪਛਾਣ ਹੈ।

-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160

 

 

 

 

 

 

 

21-01-2024

 ਦੋ ਸ਼ਹਿਰਾਂ ਦੀ ਦਾਸਤਾਨ
ਲੇਖਕ : ਚਾਰਲਸ ਡਿਕਨਸ
ਅਨੁ: ਬਲਬੀਰ ਲੌਂਗੋਵਾਲ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 144
ਸੰਪਰਕ : 98153-17028


ਵਿਚਾਰਾਧੀਨ ਰਚਨਾ ਇਕ ਇਤਿਹਾਸਕ ਨਾਵਲ ਹੈ। ਇਹ ਨਾਵਲ 1789 ਦੇ ਫ਼ਰਾਂਸੀਸੀ ਇਨਕਲਾਬ ਦੇ ਪਿੱਛੋਕੜ ਅਤੇ ਉਦੋਂ ਵਾਪਰੀਆਂ ਹੌਲਨਾਕ, ਹਿਰਦੇਵੇਧਕ ਘਟਨਾਵਾਂ ਨੂੰ ਆਧਾਰ ਬਣਾ ਕੇ ਸਿਰਜਿਆ ਗਿਆ ਹੈ ਜਿਸ ਦਾ ਅਨੁਵਾਦ ਬਲਬੀਰ ਲੌਂਗੋਵਾਲ ਨੇ ਬੜੀ ਸਰਲ ਪੰਜਾਬੀ ਵਿਚ ਕੀਤਾ ਹੈ। ਨਾਵਲ ਦੀਆਂ ਮੁੱਖ ਘਟਨਾਵਾਂ ਦੋ ਸ਼ਹਿਰਾਂ (ਪੈਰਿਸ ਅਤੇ ਲੰਡਨ) ਵਿਚ ਵਾਪਰਦੀਆਂ ਹਨ। ਉਸ ਸਮੇਂ ਫ਼ਰਾਂਸ ਦੇ ਹੁਕਮਰਾਨ ਅਤੇ ਸਾਮੰਤਾਂ ਦੀ ਜੁੰਡਲੀ ਜਨਤਾ ਉੱਪਰ ਅਕਹਿ ਅਤੇ ਅਸਹਿ ਜ਼ੁਲਮ ਢਾਹੁੰਦੀ ਸੀ ਜਿਸ ਦੇ ਫਲਸਰੂਪ ਜਨਤਾ ਵਿਚ ਰੋਹ ਅਤੇ ਵਿਦਰੋਹ ਦਾ ਭਾਂਬੜ ਬਣ ਉੱਠਿਆ ਸੀ। ਇਸ ਇਨਕਲਾਬ ਦੇ ਨਤੀਜੇ ਵਜੋਂ ਪਹਿਲੀ ਵਾਰ ਸੰਸਾਰ ਨੂੰ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦਾ ਵਡਮੁੱਲਾ ਸੰਦੇਸ਼ ਪ੍ਰਾਪਤ ਹੋਇਆ। ਚਾਰਲਸ ਡਿਕਨਸ ਨੇ ਇਹ ਨਾਵਲ ਪਹਿਲੀ ਵਾਰ 1859 ਵਿਚ ਪ੍ਰਕਾਸ਼ਿਤ ਕਰਵਾਇਆ ਸੀ।
ਨਾਵਲ ਫ਼ਰਾਂਸਿਸੀ ਡਾ. ਮਾਨੇਤ ਦੇ 18-20 ਵਰ੍ਹੇ ਦੀ ਸਖ਼ਤ ਕੈਦ ਤੋਂ ਬਾਅਦ ਅਤੇ ਰਿਹਾਅ ਹੋਣ ਤੱਕ ਦੀ ਫੇਬੁਲਾ 'ਤੇ ਆਧਾਰਿਤ ਕਥਾਨਕ ਦੁਆਰਾ ਰੂਪ ਗ੍ਰਹਿਣ ਕਰਦਾ ਹੈ। ਡਾ. ਮਾਨੇਤ ਨੇ ਆਪਣੀ ਬੇਟੀ ਲੂਸੀ ਨੂੰ ਜਨਮ ਸਮੇਂ ਤੋਂ ਲੈ ਕੇ ਵੇਖਿਆ ਤੱਕ ਨਹੀਂ ਸੀ। ਸਭ ਘਟਨਾਵਾਂ ਫ਼ਰਾਂਸੀਸੀ ਕ੍ਰਾਂਤੀ ਅਤੇ ਉਸ ਤੋਂ ਬਾਅਦ ਦਹਿਸ਼ਤ ਦੇ ਰਾਜ ਤੱਕ ਪੇਸ਼ ਕੀਤੀਆਂ ਗਈਆਂ ਹਨ। ਨਾਵਲ ਦਾ ਗਹਿਨ ਅਧਿਐਨ ਕਰਦਿਆਂ ਇਸ ਦਾ ਥੀਮ ਸਵੈ-ਕੁਰਬਾਨੀ, ਕ੍ਰਾਂਤੀ ਅਤੇ ਪੁਨਰ-ਉੱਥਾਨ ਸਿੱਧ ਹੁੰਦਾ ਹੈ। ਉਸ ਸਮੇਂ ਨੂੰ ਸਭ ਤੋਂ ਭੈੜਾ ਅਤੇ ਸਭ ਤੋਂ ਚੰਗਾ ਵੀ ਸਮਝਿਆ ਜਾ ਸਕਦਾ ਹੈ। ਨਾਵਲ ਜਾਰਵਿਸ ਲੋਰੀ ਦੀ ਲੰਡਨ ਤੋਂ ਪੈਰਿਸ ਦੀ ਯਾਤਰਾ ਨਾਲ ਆਰੰਭ ਹੁੰਦਾ ਹੈ। ਨਾਵਲ ਦੇ ਪੰਨਿਆਂ 'ਤੇ ਫੋਕਸੀਕਰਨ ਕਰਦਿਆਂ ਪਤਾ ਲਗਦਾ ਹੈ ਮਾੜੇ ਬੰਦੇ ਚੰਗੇ ਵੀ ਸਿੱਧ ਹੋ ਸਕਦੇ ਨੇ ਅਤੇ ਚੰਗੇ ਵਿਖਾਈ ਦੇਣ ਵਾਲੇ ਲਹੂ ਪੀਣੇ ਖ਼ਤਰਨਾਕ ਵੀ ਹੋ ਸਕਦੇ ਹਨ। ਨਾਵਲ ਦੀ ਫੇਬੁਲਾ ਮਿਸ ਲੂਸੀ ਅਤੇ ਚਾਰਲਸ ਡਰਨੇ ਦੀ ਪ੍ਰੀਤ ਕਥਾ ਵੀ ਪੇਸ਼ ਕਰਦੀ ਹੈ। ਪ੍ਰੀਤ ਕਥਾ ਇਕੋ ਜਿਹੀ ਸ਼ਕਲ-ਸੂਰਤ ਵਾਲੇ ਦੋ ਨਾਇਕਾਂ (ਸਿਡਨੀ ਕਾਰਟਨ ਅਤੇ ਚਾਰਲਸ ਡਰਨੇ) ਨਾਲ ਸੰਬੰਧਿਤ ਹੈ। ਸਾਹਿਤ ਦੇ ਖੇਤਰ ਵਿਚ ਪ੍ਰੀਤ ਲਈ ਕੁਰਬਾਨੀ ਦੀ ਉਦਾਹਰਨ ਬੇਮਿਸਾਲ ਹੈ। ਲੂਸੀ ਨੂੰ ਕਾਰਟਨ ਨੇ ਵਚਨ ਦਿੱਤਾ ਸੀ 'ਤੁਸੀਂ ਜਿਸ ਨੂੰ ਚਾਹੋਗੇ ਮੈਂ ਉਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਲਈ ਤਿਆਰ ਰਹਾਂਗਾ' ਪੰ. 80. ਨਾਵਲ ਦੇ ਅੰਤ 'ਤੇ ਜਦੋਂ ਚਾਰਲਸ ਡਾਰਨੇ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਕਾਰਟਨ ਚਾਰਲਸ ਵਰਗੇ ਕੱਪੜੇ/ਜੁੱਤੇ ਪਾ ਕੇ ਉਸ ਵਰਗਾ ਹੀ ਬਣ ਕੇ ਉਸ ਦੀ ਥਾਂ 'ਤੇ ਮੌਤ ਨੂੰ ਗਲਵਕੜੀ ਪਾ ਲੈਂਦਾ ਹੈ। ਪੰ. 138. ਇਸ ਨਾਵਲ ਦੀਆਂ ਅਨੇਕਾਂ ਬਿਰਤਾਂਤਕ ਜੁਗਤਾਂ ਦਾ ਅਧਿਐਨ ਵੱਖਰੇ ਪੇਪਰ ਦੀ ਮੰਗ ਕਰਦਾ ਹੈ। ਅਨੁਵਾਦਕ ਇਸ ਨਾਵਲ ਦੀ ਚੋਣ ਲਈ ਵਧਾਈ ਦਾ ਪਾਤਰ ਹੈ ਕਿਉਂਕਿ ਇਹ ਫ਼ਰਾਂਸੀਸੀ ਇਨਕਲਾਬ ਦੀ ਪੇਸ਼ਕਾਰੀ ਕਰਦੀ ਇਕ ਕਲਾਸਿਕ ਰਚਨਾ ਹੈ। ਨਾਵਲ ਦੀ ਬਣਤਰ ਅਤੇ ਬੁਣਤਰ ਵਿਚ ਲਗਭਗ ਦਰਜਨ ਪਾਤਰ ਕਾਰਜਸ਼ੀਲ ਹਨ।


-ਡਾ. ਧਰਮਚੰਦ ਵਾਤਿਸ਼
ਈ-ਮੇਲ : vatish.dharamchand@gmail.com


ਲਫ਼ਜ਼ਾਂ ਦੀ ਦਰਗ਼ਾਹ
ਲੇਖਕ : ਗੁਰਿੰਦਰ ਗਿੱਲ
ਪ੍ਰਕਾਸ਼ਕ : ਅਭੀ ਬੁਕਸ ਐਂਡ ਪ੍ਰਿੰਟਰਜ਼, ਜਲੰਧਰ
ਮੁੱਲ : 350 ਰੁਪਏ, ਸਫ਼ੇ : 168
ਸੰਪਰਕ : 82686-18888


ਗੁਰਿੰਦਰ ਗਿੱਲ ਨੇ 5 ਕਿਤਾਬਾਂ ਹਿੰਦੀ ਵਿੱਚ ਲਿਖੀਆਂ ਹਨ ਤੇ 3 ਪੰਜਾਬੀ ਵਿੱਚ। ਜਦੋਂ ਜਜ਼ਬੇ ਹਾਵੀ ਹੋ ਜਾਣ ਤਾਂ ਉਹ ਕਲਮ ਰਾਹੀਂ ਵਹਿ ਤੁਰਦੇ ਹਨ। ਅਜਿਹੀ ਸਥਿਤੀ ਵਿੱਚ ਕਵੀ-ਮਨ ਲਈ ਇਹ ਨਿਰਣਾ ਕਰਨਾ ਕਠਿਨ ਹੋ ਜਾਂਦਾ ਹੈ ਕਿ ਉਹ ਕਾਵਿ ਅਭਿਵਿਅਕਤੀ ਲਈ ਕਿਸ ਕਾਵਿ-ਰੂਪ ਦੀ ਚੋਣ ਕਰੇ। 'ਲਫ਼ਜ਼ਾਂ ਦੀ ਦਰਗਾਹ' ਵਿੱਚ 132 ਤੁਕਾਂਤਬੱਧ ਕਵਿਤਾਵਾਂ ਹਨ। ਕਵਿੱਤਰੀ ਨੇ ਵਿਕੋਲਿੱਤਰੇ ਵਿਸ਼ਿਆਂ ਵਿੱਚ ਮੁੱਖ ਤੌਰ 'ਤੇ ਸਿੱਖ ਧਰਮ, ਵਿਰਸਾ, ਪਾਖੰਡਵਾਦ, ਪੈਸੇ ਦੀ ਚਕਾਚੌਂਧ, ਰਿਸ਼ਤਿਆਂ ਦੀ ਟੁੱਟਭੱਜ, ਔਰਤ ਦੀ ਸਥਿਤੀ ਆਦਿ ਨੂੰ ਆਧਾਰ ਬਣਾ ਕੇ ਇੱਕ-ਇੱਕ ਪੰਨੇ ਦੀਆਂ ਕਵਿਤਾਵਾਂ ਲਿਖੀਆਂ ਹਨ। 'ਲਫ਼ਜ਼ਾਂ ਦੀ ਦਰਗਾਹ' ਨੂੰ ਪਰਿਭਾਸ਼ਿਤ ਕਰਦੀ ਹੋਈ ਉਹ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਵਿੱਚ ਕਹਿੰਦੀ ਹੈ :
ਹੱਥਾਂ ਤੋਂ ਕਲਮ, ਕਲਮ ਤੋਂ ਅੱਖਰ,
ਫਿਰ ਅੱਖਰ ਕਾਗਜ਼ 'ਤੇ ਉਤਰਨ।
ਕਾਗਜ਼ ਤੋਂ ਬਣੇ ਕਿਤਾਬ ਤੇ ਫਿਰ,
'ਲਫ਼ਜ਼ਾਂ ਦੀ ਦਰਗਾਹ' ਕਹਾਉਂਦੇ ਨੇ॥ (ਪੰਨਾ 12)
ਇਸ ਕਿਤਾਬ ਵਿੱਚ 'ਲਫ਼ਜ਼ਾਂ' ਸਿਰਲੇਖ ਵਾਲੀਆਂ ਬਹੁਤ ਸਾਰੀਆਂ ਕਵਿਤਾਵਾਂ ਹਨ, ਜਿਨ੍ਹਾਂ ਵਿੱਚ 'ਲਫ਼ਜ਼ਾਂ ਦੀ ਦਰਗਾਹ' (13), 'ਮੈਂ ਲਫ਼ਜ਼ ਇਕੱਠੇ ਕਰਕੇ ਲਿਖਾਂ' (17), 'ਲਫ਼ਜ਼ ਬਿਆਨੀ' (18), 'ਲਫ਼ਜ਼ਾਂ ਦਾ ਹੇਰ-ਫੇਰ' (34), 'ਚੁਣ ਲਫ਼ਜ਼ਾਂ ਦੇ ਹੀਰੇ' (72), 'ਆਵੀਂ ਮੇਰੇ ਲਫ਼ਜ਼ਾਂ ਜਜ਼ਬਾਤਾਂ ਵਿਚ' (78), 'ਲਫ਼ਜ਼ਾਂ ਦੀ ਦਰਗਾਹ ਤੋਂ ਪਰੇ ਸਿਜਦਾ ਕਰਨਾ' (88), 'ਲਫ਼ਜ਼ਾਂ ਦੇ ਹੇਰ ਫ਼ੇਰ' (118), 'ਬਸ ਲਫ਼ਜ਼ਾਂ ਦੀ ਦਰਗਾਹ' (123), 'ਲਫ਼ਜ਼ਾਂ ਦੇ ਦਰਬਾਰ ਵਿਚ' (146), 'ਲਫ਼ਜ਼ ਮੇਰੇ ਵਾਂਗ ਚਿਰਾਗ ਨੇ ਜਲਦੇ' (158), 'ਸੋਨੇ ਹੀਰੇ ਵਰਗੇ ਲਫ਼ਜ਼ਾਂ ਨੂੰ' (159) ਸ਼ਾਮਲ ਹਨ। ਕਵਿੱਤਰੀ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਲਾਮਤੀ ਲਈ ਦੁਆ ਕਰਦੀ ਹੋਈ ਕਹਿੰਦੀ ਹੈ :
ਰਹਿੰਦੀ ਦੁਨੀਆ ਤਕ ਰਹੇ ਵਸਦਾ ਦੋਹਾਂ ਤਰਫ਼ਾ ਪੰਜਾਬ ਮੇਰਾ।
ਦਿਲ 'ਚ ਤ੍ਰੇੜਾਂ 'ਤੇ ਆਈਆਂ ਕਦੇ ਨਹੀਂ ਸਰਹੱਦਾਂ ਵੀ ਛੁੱਟਣ॥ (ਪੰਨਾ 158)


-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015


ਵੇ ਪ੍ਰਦੇਸੀਆ
ਲੇਖਕ : ਵਾਸ ਦੇਵ ਇਟਲੀ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 99889-13155


ਵਾਸ ਦੇਵ ਇਟਲੀ ਵਿਚ ਵਸਦਾ ਪੰਜਾਬੀ ਕਵੀ ਹੈ ਜਿਸ ਦੀ ਇਹ ਪਲੇਠੀ ਕਾਵਿ ਪੁਸਤਕ ਹੈ। ਪਿਛਲੇ ਵਰ੍ਹਿਆਂ ਤੋਂ ਵਿਦੇਸ਼ ਰਹਿੰਦੇ ਇਸ ਕਵੀ ਨੇ ਪਰਵਾਸ ਦਾ ਜੋ ਦੁੱਖ/ਤਜਰਬਾ ਹੰਢਾਇਆ ਹੈ, ਉਸ ਨੂੰ ਬੜੀ ਸਰਲ ਭਾਸ਼ਾ ਵਿਚ ਪਾਠਕਾਂ ਨਾਲ ਸਾਂਝਾ ਕੀਤਾ ਹੈ। ਉਹ ਆਪਣੀ ਧਰਤੀ ਤੋਂ ਦੂਰ ਜਾਣ ਦੇ ਹੇਰਵੇ ਨੂੰ ਤਾਂ ਬਿਆਨ ਕਰਦਾ ਹੀ ਹੈ ਨਾਲ ਹੀ ਆਪਣਿਆਂ ਨਾਲ ਪਿਆਰ ਦੇ ਗੂੜ੍ਹੇ ਰਿਸ਼ਤਿਆਂ ਦੀ ਬਾਤ ਵੀ ਪਾਉਂਦਾ ਹੈ। ਕਵੀ ਨੇ ਬੜੀ ਸੁਹਿਰਦਤਾ ਨਾਲ ਵਿਦੇਸ਼ ਦੀ ਧਰਤੀ ਦੀਆਂ ਮਜਬੂਰੀਆਂ ਅਤੇ ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਉਸ ਦੀ ਪਹਿਲੀ ਰਚਨਾ 'ਵੇ ਪ੍ਰਦੇਸੀਆ' ਅਜੋਕੇ ਸਮੇਂ ਦਾ ਕੌੜਾ ਸੱਚ ਹੈ ਜਦ ਕੋਈ ਆਰਥਿਕ ਖ਼ੁਸ਼ਹਾਲੀ ਲਈ ਵਿਦੇਸ਼ ਜਾਂਦਾ ਹੈ ਤਾਂ ਆਪਣੇ ਪਿੱਛੇ ਬਹੁਤ ਸਾਰੇ ਰਿਸ਼ਤਿਆਂ ਦਾ ਮੋਹ ਛੱਡ ਜਾਂਦਾ ਹੈ। ਪਤੀ ਪਤਨੀ ਦੇ ਰਿਸ਼ਤੇ ਵਿਚ ਪਰਵਾਸ ਦੇ ਵਿਛੋੜੇ ਦੇ ਸੂਖ਼ਮ ਅਨੁਭਵਾਂ ਨੂੰ ਕਵੀ ਨੇ ਜ਼ੁਬਾਨ ਦਿੱਤੀ ਹੈ
ਮਾਹੀਆ ਵੇ ਤੂੰ ਦੂਰ ਗਿਆ
ਨੇੜੇ ਆ ਮੁਹੱਬਤਾਂ ਪਾ ਲਈਏ।
ਸੋਹਣਾ ਏ ਚੰਨ ਤੂੰ ਹੀ ਸਾਡਾ
ਤੈਨੂੰ ਬੁੱਕਲ ਵਿਚ ਲੁਕਾ ਲਈਏ
ਅਤੇ
ਆ ਮਿੱਤਰਾ ਗੱਲ ਦਿਲ ਦੀ ਕਹਿ ਜਾ
ਕੱਢਕੇ ਦੋ ਪਲ ਸਾਡੇ ਕੋਲ ਤੂੰ ਬਹਿ ਜਾ
ਆ ਜਾ ਨੇੜੇ ਨਾ ਕਰ ਦੇਰੀ
ਜਿੰਦ ਬੋਲੇ ਹੁਣ ਸੁਣ ਤੂੰ ਮੇਰੀ।
ਕਵੀ ਅਨੁਸਾਰ ਪਰਵਾਸ ਧਾਰਨ ਕਰਨਾ ਕਿਸੇ ਦੀ ਮਜਬੂਰੀ ਹੈ ਤੇ ਕਿਸੇ ਦਾ ਸ਼ੌਂਕ। ਕਵੀ ਇਸ ਮਜਬੂਰੀ ਨੂੰ ਬਖ਼ੂਬੀ ਬਿਆਨ ਕਰਦਾ ਹੈ-
ਪੈਸੇ ਪਿੱਛੇ ਭੱਜ ਬੈਠੇ, ਦੇਸ਼ੋਂ ਅਸੀਂ ਵਿਦੇਸ਼ ਹੋਏ
ਵੱਡੇ ਹੌਸਲੇ ਰੱਖ ਬੈਠੇ, ਪਰ ਕਦਮੋਂ ਬੜੀ ਦੂਰ ਹੋਏ
ਕਵੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਰਿਸ਼ਤਿਆਂ ਦੇ ਆਪਸੀ ਸੰਬੰਧਾਂ ਨੂੰ ਜੋੜਨ ਦਾ ਸਾਕਾਰਤਮਕ ਢੰਗਾ ਦੱਸਿਆ ਹੈ। ਜਿਥੇ ਅੱਜ ਦੇ ਸੰਚਾਰ ਸਾਧਨਾਂ ਨੇ ਮਨੁੱਖਾਂ ਨੂੰ ਇਕ ਦੂਜੇ ਦੇ ਕਰੀਬ ਲਿਆਂਦਾ ਹੈ-
ਫੇਸਬੁੱਕ ਉਤੋਂ ਮੇਰੀ ਫੋਟੋ ਲੱਭ ਲਈ ਮਿਲ ਜਾਉਗੀ ਧਾਰਵੇ
ਸੌਖਾ ਹੋਇਆ ਏ ਗਵਾਚਿਆਂ ਨੂੰ ਲੱਭਣਾ
ਚੰਨਾ ਫੇਸਬੁੱਕ ਦੇ ਉੱਤੇ
'ਆਜਾ ਪੁੱਤਰਾ' ਕਵਿਤਾ ਵਿਦੇਸ਼ ਗਏ ਪੁੱਤਰ ਦਾ ਹੇਰਵਾ ਪ੍ਰਗਟ ਕਰਦੀ ਕਵਿਤਾ ਹੈ ਜਿਸ ਵਿਚ ਮਾਂ-ਬਾਪ ਆਪਣੀ ਜਗ੍ਹਾ ਪਰੇਸ਼ਾਨ ਹਨ ਤੇ ਵਿਦੇਸ਼ ਗਿਆ ਪੁੱਤਰ ਆਪਣੀ ਜਗ੍ਹਾ ਪਰੇਸ਼ਾਨ ਹੈ। ਕਵੀ ਰਿਸ਼ਤਿਆਂ ਦੀ ਪ੍ਰੀਭਾਸ਼ਾ ਸਿਰਜਦਾ ਹੋਇਆ ਮਾਂ-ਪਿਓ ਦੇ ਰਿਸ਼ਤੇ ਨੂੰ ਸਰਵੋਤਮ ਐਲਾਨਦਾ ਹੈ। ਹੋਰ ਵੀ ਰਿਸ਼ਤੇ ਬੜੇ ਜੱਗ ਉੱਤੇ/ਮਾਂ ਪਿਓ ਬਿਨਾਂ ਨਾ ਪਿਆਰ ਹੋਵੇ। ਕਵੀ ਕੋਰੋਨਾ ਕਵਿਤਾ ਰਾਹੀਂ ਉਸ ਸਮੇਂ ਦੀ ਬੇਵਸੀ ਦਾ ਚਿਤਰਨ ਕਰਦਾ ਹੈ ਜਦ ਉਸ ਦੌਰ ਵਿਚ ਸਾਰੇ ਲੋਕ 'ਕੰਮ ਕਾਰ ਤੋਂ ਵਿਹਲੇ ਹੋ ਕੇ' ਮੁਸ਼ਕਲਾਂ ਭਰੇ ਸਮੇਂ 'ਚੋਂ ਗੁਜ਼ਰੇ ਸਨ। ਕਵੀ ਨੇ ਆਪਣੇ ਪਿਤਾ ਰਾਮ ਧੰਨ ਅਤੇ ਮਾਤਾ ਸਵਰਨ ਕੌਰ ਨੂੰ ਇਹ ਪੁਸਤਕ ਸਮਰਪਣ ਕਰਕੇ ਆਪਣੀ ਪਿਆਰ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਸਮੁੱਚੇ ਤੌਰ 'ਤੇ ਇਸ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ਮਾਨਵੀ ਸੰਵੇਦਨਾਵਾਂ ਨਾਲ ਜੁੜੀਆਂ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਪੰਜਾਬੀਆਂ ਦੇ ਆਪਣੀ ਭੂਮੀ ਅਤੇ ਰਿਸ਼ਤਿਆਂ ਪ੍ਰਤੀ ਮੋਹ ਨੂੰ ਦਰਸਾਉਂਦੀ ਹੈ।


-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ., ਜਲੰਧਰ।


ਸ਼ਹੀਦ ਭਗਤ ਸਿੰਘ
ਲੇਖਕ : ਡਾ. ਸਰਬਜੀਤ ਸਿੰਘ ਛੀਨਾ
ਪ੍ਰਕਾਸ਼ਕ : ਨਵਯੁਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 100 ਰੁਪਏ, ਸਫ਼ੇ : 102
ਸੰਪਰਕ : 011-26802488


ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ।
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਪੁਸਤਕ 'ਸ਼ਹੀਦ ਭਗਤ ਸਿੰਘ' ਵਿਚ ਡਾ. ਸਰਬਜੀਤ ਸਿੰਘ ਛੀਨਾ ਨੇ ਸ਼ਹੀਦ ਭਗਤ ਸਿੰਘ ਦੀ ਆਜ਼ਾਦੀ ਪ੍ਰਾਪਤੀ ਹਿਤ ਕੀਤੀ ਘਾਲਣਾ ਉਤੇ ਫੋਕਸ ਕਰਦੇ ਹੋਏ ਜੀਵਨ ਹਯਾਤੀ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫ਼ਾਂਸੀ ਉੱਤੇ ਲਟਕਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਸ਼ਹੀਦ ਭਗਤ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਸਨ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ-ਨਾਲ ਮੌਲਿਕ ਚਿੰਤਕ ਵੀ ਸਨ। ਉਨ੍ਹਾਂ ਨੇ ਸਮਾਜਿਕ, ਰਾਜਨੀਤਕ, ਸੱਭਿਆਚਾਰਕ, ਆਰਥਿਕ, ਇਤਿਹਾਸਕ, ਕ੍ਰਾਂਤੀਆਂ ਦੇ ਵਰਤਾਰਿਆਂ ਦਾ ਤਰਕਸ਼ੀਲ ਤਰੀਕੇ ਨਾਲ ਅਧਿਐਨ ਕਰਕੇ ਆਪਣੇ ਵਿਚਾਰ ਪ੍ਰਗਟਾਏ ਸਨ।
ਡਾ. ਛੀਨਾ ਨੇ ਪੁਸਤਕ ਵਿਚ 14 ਸਿਰਲੇਖ ਦਿੱਤੇ ਹਨ ਜੋ ਭਗਤ ਸਿੰਘ ਦੀ ਕਾਰਜ-ਪ੍ਰਣਾਲੀ ਉੱਤੇ ਫ਼ੋਕਸ ਕਰਦੇ ਹਨ। ਪ੍ਰਮੁੱਖ ਸਿਰਲੇਖ ਪੰਜਾਬ ਦੀ ਸਮਾਜਿਕ ਤੇ ਰਾਜਨੀਤਕ ਸਥਿਤੀ, ਬਚਪਨ, ਕ੍ਰਾਂਤੀਕਾਰੀਆਂ ਨਾਲ ਸੰਬੰਧ, ਝੂਠੇ ਕੇਸ ਵਿਚ ਗ੍ਰਿਫ਼ਤਾਰੀ, ਸਾਈਮਨ ਕਮਿਸ਼ਨ ਦਾ ਬਾਈਕਾਟ, ਸਾਂਡਰਸ ਦਾ ਕਤਲ, ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣਾ, ਗ੍ਰਿਫ਼ਤਾਰੀ, ਅਸੈਂਬਲੀ ਬੰਬ ਕੇਸ ਦੀ ਸਜ਼ਾ ਸੁਣਾਈ ਗਈ, ਲਾਹੌਰ ਸਾਜ਼ਿਸ਼ ਕੇਸ ਦੇ ਫ਼ੈਸਲੇ ਤੋਂ ਪਹਿਲਾਂ, ਫ਼ਾਂਸੀ ਦੀ ਸਜ਼ਾ ਨਾਲ ਦੇਸ਼ ਭਰ ਦੀ ਜਨਤਾ ਵਿਚ ਰੋਹ, ਫ਼ਾਂਸੀ ਰੋਕਣ ਲਈ ਆਖ਼ਰੀ ਯਤਨ, ਫ਼ਾਂਸੀ ਦਾ ਹੁਕਮ ਆਦਿ ਹਨ। 'ਸਾਇਮਨ ਕਮਿਸ਼ਨ ਦਾ ਬਾਈਕਾਟ' ਵਿਚ ਜ਼ਿਕਰ ਮਿਲਦਾ ਹੈ ਕਿ ਭਗਤ ਸਿੰਘ ਨੇ ਸੁਖਦੇਵ, ਰਾਜਗੁਰੂ ਤੇ ਚੰਦਰ ਸ਼ੇਖਰ ਆਜ਼ਾਦ ਨਾਲ ਮਿਲ ਕੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਚੁੱਕ ਲਈ ਸੀ। ਅੰਗਰੇਜ਼ੀ ਸਰਕਾਰ ਦੀਆਂ ਸਾਮਰਾਜਵਾਦੀ ਨੀਤੀਆਂ ਦੇ ਵਿਰੋਧ ਵਜੋਂ ਸ਼ਹੀਦ ਭਗਤ ਸਿੰਘ ਨੇ ਸੰਘਰਸ਼ ਜਾਰੀ ਰੱਖਿਆ ਸੀ। ਹਰ ਉਹ ਯਤਨ ਕੀਤੇ, ਜਿਸ ਨਾਲ ਆਜ਼ਾਦੀ ਪ੍ਰਾਪਤ ਕੀਤੀ ਜਾ ਸਕੇ। 'ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣਾ' ਵਿਚ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਆਜ਼ਾਦੀ ਪ੍ਰਾਪਤੀ ਦੇ ਨਿਸ਼ਾਨੇ ਨੂੰ ਸਪੱਸ਼ਟ ਕੀਤਾ ਹੈ :
ਮਨੁੱਖ ਰਾਹੀਂ ਮਨੁੱਖ ਦੇ ਸ਼ੋਸ਼ਣ ਨੂੰ ਖ਼ਤਮ ਕਰਨ ਲਈ ਅਤੇ ਹਰ ਇਕ ਨੂੰ ਸੁਤੰਤਰਤਾ ਦੇਣ ਲਈ ਕੁਝ ਵਿਅਕਤੀਆਂ ਦੀ ਕੁਰਬਾਨੀ ਜ਼ਰੂਰੀ ਹੈ।
ਡਾ. ਸਰਬਜੀਤ ਸਿੰਘ ਛੀਨਾ ਦੀ ਪੁਸਤਕ ਨੌਜਵਾਨ ਵਰਗ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਵਿਚਾਰਧਾਰਾ ਉੱਤੇ ਚੱਲਣ ਲਈ ਮਾਰਗ-ਦਰਸ਼ਕ ਦਾ ਕਾਰਜ ਕਰੇਗੀ। ਵਰਤਮਾਨ ਵਰਤਾਰਿਆਂ ਵਿਚ ਸੱਤਾਧਾਰੀ ਧਿਰ ਵਲੋਂ ਨੌਜਵਾਨਾਂ ਦੀ ਸੋਚ ਪਦਾਰਥਵਾਦੀ ਬਣਾਈ ਜਾ ਰਹੀ ਹੈ। ਪਦਾਰਥਵਾਦ ਤੇ ਸਾਮਰਾਜਵਾਦੀ ਸਿਸਟਮ ਤੋਂ ਮੁਕਤੀ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਅਪਣਾਉਣਾ ਪਵੇਗਾ।


-ਡਾ. ਹਰਿੰਦਰ ਸਿੰਘ 'ਤੁੜ'
ਮੋਬਾਈਲ : 81465-42810


ਸਲਾਮੀ
(2022 ਦੀਆਂ ਚੋਣਵੀਆਂ ਕਹਾਣੀਆਂ)
ਸੰਪਾਦਕ : ਡਾ. ਜੇ.ਬੀ. ਸੇਖੋਂ
ਪ੍ਰਕਾਸ਼ਕ : ਆਰਸੀ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 525 ਰੁਪਏ, ਸਫ਼ੇ : 224
ਸੰਪਰਕ : 84370-89769


ਸੰਪਾਦਿਤ ਕਹਾਣੀ ਸੰਗ੍ਰਹਿ ਵਿਚ ਚੜ੍ਹਦੇ ਲਹਿੰਦੇ ਪੰਜਾਬ ਦੇ ਨਾਮਵਰ ਕਹਾਣੀਕਾਰਾਂ ਦੀਆਂ 14 ਕਹਾਣੀਆਂ ਹਨ। ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਕਹਾਣੀਆਂ ਪ੍ਰਸਿੱਧ ਪੰਜਾਬੀ ਮੈਗਜ਼ੀਨਾਂ ਤੇ ਅਖਬਾਰਾਂ ਵਿਚ ਸੰਨ 2022 ਵਿਚ ਛਪ ਚੁੱਕੀਆਂ ਹਨ। ਸੰਪਾਦਕ ਨੇ ਪ੍ਰਵੇਸ਼ ਦੇ ਤੇਰਾਂ (8-20) ਪੰਨਿਆਂ ਵਿਚ ਹਰੇਕ ਕਹਾਣੀ ਦਾ ਭਾਵਪੂਰਤ ਜ਼ਿਕਰ ਕੀਤਾ ਹੈ। ਨਾਲ ਹੀ ਜਿਹੜੇ ਮੈਗਜ਼ੀਨ ਵਿਚ ਛਪੀ ਹੈ ਉਸ ਦਾ ਵੇਰਵਾ ਹੈ। ਲੰਮੀ ਭੂਮਿਕਾ ਵਿਚ ਪੰਜਾਬੀ ਕਹਾਣੀ ਦੇ ਵਿਕਾਸ ਦੀ ਗਾਥਾ ਹੈ। ਕਹਾਣੀਆਂ ਵਿਚ ਵੰਨ-ਸੁਵੰਨੇ ਦਿਲਚਸਪ ਵਿਸ਼ੇ ਹਨ। ਸੰਗ੍ਰਹਿ ਵਿਚ ਦੋ ਕਹਾਣੀਆਂ-ਬਾਬਾ ਬੋੜ੍ਹ ਵਾਲਾ (ਇਲਿਆਸ ਘੁੰਮਣ) ਤੇ 180 ਮਿੰਟ ਦਾ ਆਤੰਕ ਕਾਲ (ਜਸਵੀਰ ਰਾਣਾ) 26-27 ਸਫ਼ਿਆਂ ਦੀਆਂ ਲੰਮੀਆਂ ਰਚਨਾਵਾਂ ਹਨ। ਸਭ ਤੋਂ ਛੋਟੀ ਕਹਾਣੀ 06 ਪੰਨਿਆਂ ਵਿਚ ਮੌਤ ਦਾ ਸੁਪਨਾ ਸ਼ਹਿਜ਼ਾਦ ਅਸਲਮ ਦੀ ਹੈ। ਕਹਾਣੀਆਂ ਦੀ ਚੋਣ ਦਾ ਕੀ ਆਧਾਰ ਹੈ ਸਪੱਸ਼ਟ ਨਹੀਂ ਹੈ। ਸੰਪਾਦਿਤ ਕਹਾਣੀ ਸੰਗ੍ਰਹਿ ਦੇ ਵਿਸ਼ਿਆਂ ਦਾ ਗਲੋਬਲੀਕਰਨ ਜ਼ਰੂਰ ਹੈ। ਜਿੰਦਰ ਦੀ ਕਹਾਣੀ 'ਸੇਫਟੀ ਕਿਟ' ਵਿਚ ਪੱਛਮੀ ਤੇ ਪੂਰਬ ਦੀ ਔਰਤ ਦੇ ਵਿਚਾਰਾਂ ਦਾ ਤਕਰਾਰ ਹੈਸ, ਖ਼ਾਸ ਕਰਕੇ ਔਰਤ-ਮਰਦ ਦੇ ਸੰਬੰਧਾਂ ਬਾਰੇ। ਦੋ ਔਰਤਾਂ ਦੀਆਂ ਗੱਲਾਂ ਵਿਚ ਇਕ ਦੇ ਬੋਲ ਹਨ -ਡਾਰਲਿੰਗ ਰੇਪ ਇਕ ਹਊਆ ਜ਼ਰੂਰ ਆ ਪਰ ਇਹਦੇ ਕੋਲੋਂ ਐਨਾ ਨਾ ਡਰ ਕਿ ਜਿਊਣਾ ਹੀ ਛੱਡ ਦੇਵੇਂ। ਇਕ ਔਰਤ ਭਾਰਤੀ ਹੈ ਦੂਸਰੀ ਪੱਛਮ ਦੀ। ਕਹਾਣੀ ਵਿਚ ਕੁਝ ਗੱਲਾਂ ਨਿਸ਼ੰਗ ਹਨ। ਕਹਾਣੀ ਦਿਲਚਸਪ ਹੈ। ਪਾਠਕ ਨੂੰ ਪਕੜ ਕੇ ਰਖਦੀ ਹੈ। ਕਥਾਕਾਰ ਬਲਬੀਰ ਪਰਵਾਨਾ ਦੀ ਕਹਾਣੀ 'ਮੰਮਾ ਸਮਝਦੇ ਕਿਉਂ ਨਹੀ' ਦਾ ਸਿਰਲੇਖ ਸਪੱਸ਼ਟ ਤੌਰ 'ਤੇ ਇਸ਼ਾਰਾ ਕਰਦਾ ਹੈ ਕਿ ਪਬਲਿਕ ਸਕੂਲ ਵਿਚ ਪੜ੍ਹ ਰਹੇ ਕਿਸ਼ੋਰ ਉਮਰ ਦੇ ਬੱਚੇ ਮਾਪਿਆਂ ਨੂੰ ਕੁਝ ਨਹੀਂ ਸਮਝਦੇ। ਕਹਾਣੀ ਵਿਚ ਮਾਡਰਨ ਮਾਂ ਨੂੰ ਵੀ ਬੱਚੇ ਦੀ ਸੰਭਾਲ ਵਾਸਤੇ ਵਿਹਲ ਨਹੀਂ । ਨੌਜਵਾਨ ਬੱਚੇ ਦੀ ਮਾਨਸਿਕਤਾ ਨੂੰ ਉਭਾਰਿਆ ਹੈ। ਭਗਵੰਤ ਰਸੂਲਪੁਰੀ ਦੀ ਕਹਾਣੀ 'ਤ੍ਰੇੜ' ਵਧੀਆ ਰਚਨਾ ਹੈ। ਪਤੀ-ਪਤਨੀ ਦੇ ਰਿਸ਼ਤੇ ਦਾ ਆਧਾਰ ਹੀ ਝੂਠ ਹੈ। ਇਹ ਰਿਸ਼ਤਾ ਪੈਰ-ਪੈਰ 'ਤੇ ਡਗਮਗਾਉਂਦਾ ਹੈ। ਪਤਨੀ ਨੌਕਰੀ ਕਰਦੀ ਹੈ। ਉਸ ਦਾ ਆਪਣਾ ਦਾਇਰਾ ਹੈ। ਪਤੀ ਅੱਖੜ ਤੇ ਸ਼ੱਕੀ ਸੁਭਾਅ ਦਾ ਹੈ। ਤਲਾਕ ਦੀ ਘੁੰਮਣਘੇਰੀ ਵਿਚ ਫਸਿਆ ਜੋੜਾ ਹੈ। ਕਹਾਣੀ ਵਿਚ ਕਾਫੀ ਰੌਚਕ ਦ੍ਰਿਸ਼ ਹਨ। ਸੰਗ੍ਰਹਿ ਵਿਚ ਸੁਕੀਰਤ ਦੀ ਕਹਾਣੀ ਉਹ, ਤੇ ਉਹ, ਇਕ ਮਜ਼ਾਰ ਹੋਰ (ਭੁਪਿੰਦਰ ਸਿੰਘ ਮਾਨ) ਮੋਹ ਚਾਲ (ਹਰਪ੍ਰੀਤ ਸੇਖਾ) ਪੰਜਵਾਂ ਮੋਢਾ (ਦੀਪਤੀ ਬਬੂਟਾ) ਹਾਰਸ ਪਾਵਰ (ਸਵਾਮੀ ਸਰਬਜੀਤ) ਰੋਜ਼ ਡੇਅ (ਸਿਮਰਨ ਧਾਲੀਵਾਲ) ਦਾਗ (ਨਵਚੇਤਨ) ਦਿਲਚਸਪ ਕਹਾਣੀਆਂ ਹਨ। ਸੰਪਾਦਿਤ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਵਿਚ ਬਦਲ ਰਹੀਆਂ ਪ੍ਰਵਿਰਤੀਆਂ ਦਾ ਵਧੀਆ ਅਕਸ ਪੇਸ਼ ਕਰਦਾ ਹੈ। ਪੁਸਤਕ ਦੋਵੇਂ ਪੰਜਾਬ (ਚੜ੍ਹਦਾ ਤੇ ਲਹਿੰਦਾ) ਦੀ ਕਹਾਣੀ ਨੂੰ ਪੇਸ਼ ਕਰਦੀ ਹੈ ।


-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160


ਬਾਬਾ ਬੰਦਾ ਸਿੰਘ ਬਹਾਦਰ
ਲੇਖਕ : ਕਰਮ ਸਿੰਘ (ਹਿਸਟੋਰੀਅਨ)
ਪ੍ਰਕਾਸ਼ਕ : ਈਵਾਨ ਪਬਲੀਕੇਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 84277-12890


ਬੰਦਾ ਸਿੰਘ ਬਹਾਦਰ ਬਾਰੇ ਪੰਜਾਬ ਦੇ ਨਾਮੀ ਉੱਘੇ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਦੀ ਹਥਲੀ ਇਹ ਲਿਖਤ ਦੋ ਭਾਗਾਂ ਵਿਚ ਹੈ, ਪੰਜਾਬ ਦੇ ਇਤਿਹਾਸ ਦੇ ਜਾਣੂ ਹੋਣ ਦੇ ਚਾਹਵਾਨਾਂ ਲਈ ਇਕ ਵੱਡਾ ਤੋਹਫ਼ਾ ਹੈ। ਉਨ੍ਹਾਂ ਵਲੋਂ ਬੰਦਾ ਬਹਾਦਰ, ਕਤਕ ਕਿ ਵਸਾਖ, ਜੀਵਨ ਹਰਨਾਮ ਕੌਰ, ਜੀਵਨ ਸਦਾ ਕੌਰ, ਬੰਦਾ ਕੌਣ ਥਾ, ਮਹਾਰਾਜਾ ਆਲਾ ਸਿੰਘ, ਗੁਰਪੁਰਬ ਨਿਰਣੈ, ਅਮਰ ਖ਼ਾਲਸਾ, ਗੁਰ-ਗਾਥਾ ਆਦਿ ਰਚਨਾਵਾਂ ਰਚੀਆਂ ਗਈਆਂ। ਇਸ ਕਿਤਾਬ ਦੇ ਪਹਿਲੇ ਭਾਗ 'ਬੰਦਾ ਬਹਾਦਰ' ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ, ਉਸ ਦੀਆਂ ਪਹਿਲਾ ਸਿੱਖ ਰਾਜ ਉਸਾਰਨ ਦੀਆਂ ਘਟਨਾਵਾਂ, ਗੁਰੂ ਪਰਿਵਾਰ ਦੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਸੰਕਲਪ ਅਤੇ ਪੰਜਾਬ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਮਾਲਕੀਆਂ ਦਿਵਾਉਣ ਦੀ ਦਾਸਤਾਨ ਹੈ। ਇਸੇ ਭਾਗ ਵਿਚ ਮੁਸਲਮਾਨ ਹਾਕਮਾਂ ਨੂੰ ਗਿਆਰ੍ਹਵੀਂ ਸਦੀ, ਮਹਿਮੂਦ ਗਜ਼ਨਵੀ ਤੋਂ ਬਾਅਦ, ਸ਼ਾਹੀ ਫ਼ੌਜਾਂ ਨੂੰ ਹਰਾ ਕੇ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਦੀ ਕਹਾਣੀ ਹੈ। ਕਰਮ ਸਿੰਘ ਹਿਸਟੋਰੀਅਨ ਦੀਆਂ ਸਿੱਖ ਇਤਿਹਾਸ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਸਮੇਂ ਸਮੇਂ 'ਤੇ ਸਿੱਖਾਂ ਵਲੋਂ ਯਾਦ ਕੀਤਾ ਜਾਂਦਾ ਹੈ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਸਿੱਖ ਇਤਿਹਾਸ ਖੋਜ ਵਿਭਾਗ ਦੀ ਸਥਾਪਨਾ ਵਿਚ ਉਨ੍ਹਾਂ ਦਾ ਪੂਰਨ ਹੱਥ ਸੀ, ਜੋ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਹੋਂਦ ਵਿਚ ਆਇਆ। ਕਿਤਾਬ ਵਿਚ ਬੰਦੇ ਦੇ ਪਹਿਲੇ ਹਾਲ, ਗੁਰੂ ਜੀ ਨਾਲ ਮਿਲਾਪ, ਪੰਜਾਬ ਵੱਲ ਆਉਣਾ, ਮਾਰਾਂ ਮਾਰਨੀਆਂ, ਹੋਰ ਮਾਰਾਂ ਮਾਰਨੀਆਂ, ਮਝੈਲਾਂ ਦਾ ਸ਼ਾਹੀ ਫ਼ੌਜ ਨਾਲ ਟਾਕਰਾ, ਸਰਹੰਦ ਦੀ ਲੜਾਈ, ਇਲਾਕਾ ਸਹਾਰਨ ਪੁਰ ਨੂੰ ਲੁੱਟਣਾ, ਮਾਝੇ ਦਾ ਗ਼ਦਰ ਤੇ ਹੈਦਰੀ ਝੰਡਾ, ਦੁਆਬੇ ਦਾ ਗ਼ਦਰ, ਪਹਾੜੀ ਰਾਜਿਆਂ ਨੂੰ ਲੁੱਟਣਾ, ਸ਼ਾਹੀ ਫ਼ੌਜ ਦਾ ਆਉਣਾ, ਅਮੀਨਗੜ੍ਹ ਦੀ ਲੜਾਈ, ਲੋਹਗੜ੍ਹ ਦਾ ਸੰਗਰਾਮ, ਸ਼ਖ਼ਸ ਖ਼ਾਂ ਤੇ ਬਾਜ਼ੀਦ ਖ਼ਾਂ ਦਾ ਮਰਨਾ, ਕਲਾਨੌਰ ਤੇ ਵਟਾਲੇ ਦਾ ਲੁੱਟਣਾ, ਜੰਗ ਗੁਰਦਾਸਪੁਰ, ਬੰਦੇ ਦੇ ਅੰਤਲੇ ਦਿਨ, ਬੰਦੇ ਦਾ ਕਰੈਕਟਰ, ਬੰਦੇਈਆਂ ਦਾ ਹਾਲ, ਹੁਕਮਨਾਮੇ ਦੀ ਨਕਲ ਇਹ ਲੇਖ ਅੰਕਿਤ ਕੀਤੇ ਹਨ।
ਕਿਤਾਬ ਦੇ ਦੂਸਰਾ ਭਾਗ ਬੰਦਾ ਕੌਣ ਸੀ? ਵਿਚ ਪੰਜਾਬੀ ਹਿੰਦੂ, ਸਿੱਖਾਂ ਦੀਆਂ ਕੁਰਬਾਨੀਆਂ, ਅੱਖੀਂ ਡਿੱਠੀਆਂ ਗਵਾਹੀਆਂ, ਅੰਦਰੂਨੀ ਗਵਾਹੀ, ਭਾਈ ਜੀ ਦੀਆਂ ਭੁੱਲਾਂ, ਬੰਦਾ ਬਹਾਦਰ ਦੇ ਸਮੇਂ ਦੇ ਵਾਕਿਆਂ ਦੀ ਤਰਤੀਬ, ਤੱਤ ਖ਼ਾਲਸਾ ਦਾ ਅੱਡ ਹੋਣਾ, ਬੰਦਾ ਬਹਾਦਰ ਕੌਣ ਸੀ? ਅਤੇ ਫ਼ੋਕੀਆਂ ਦਲੀਲਾਂ ਦੇ ਨਿੱਗਰ ਉੱਤਰ ਕਿਤਾਬ ਵਿਚ ਦਰਜ਼ ਕੀਤੇ ਹਨ। 'ਬੰਦਾ ਕੌਣ ਸੀ' ਵਿਚ ਬੰਦਾ ਸਿੰਘ ਦਾ ਮਾਧੋਦਾਸ ਤੋਂ ਬੰਦਾ ਸਿੰਘ ਬਣਨ ਤੱਕ ਦਾ ਸਫ਼ਰ, ਪੂਰਨ ਸਿੱਖ ਰਹਿੰਦਿਆਂ ਹੋਇਆਂ ਸੰਘਰਸ਼ ਅਤੇ ਪਤਨੀ ਅਤੇ ਪੁੱਤਰ ਸਮੇਤ ਖ਼ੁਦ ਦੀ ਹੋਈ ਸ਼ਹਾਦਤ ਅਤੇ ਗੁਰੂ ਉੱਤੇ ਮੁਕੰਮਲ ਭਰੋਸਾ ਰੱਖ ਕੇ ਜੀਵਨ ਜਿਊਣ ਅਤੇ ਸ਼ਹੀਦੀ ਸਵੀਕਾਰਨ ਬਾਰੇ, ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਚੰਗਾ ਉੱਦਮ ਹੈ। ਇਸ ਕਿਤਾਬ ਦੀ ਸੰਪਾਦਨਾ ਵੇਲੇ ਸੰਪਾਦਕ ਸ. ਜਗਤਾਰ ਸਿੰਘ ਭੰਗੂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਕਿਤਾਬ ਵਿਚ ਲੇਖਕ ਦੇ ਦਿੱਤੇ ਗਏ ਮੂਲ ਵਿਚਾਰਾਂ ਜਾਂ ਤੱਥਾਂ ਨਾਲ ਕੋਈ ਛੇੜ-ਛਾੜ ਨਾ ਕੀਤੀ ਜਾਵੇ। ਸ. ਕਰਮ ਸਿੰਘ ਹਿਸਟੋਰੀਅਨ ਦੀਆਂ ਲਿਖਤਾਂ ਦੇ ਮੁੜ ਪ੍ਰਕਾਸ਼ਨ ਦਾ ਉਪਰਾਲਾ ਪ੍ਰਸੰਸਾਜਨਕ ਹੈ।


-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570


ਆਓ ਐਨਕਾਂ ਉਤਾਰੀਏ!
ਲੇਖਕ : ਡਾ. ਬਲਜੀਤ ਸਿੰਘ ਢਿੱਲੋਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 80 ਰੁਪਏ, ਸਫ਼ੇ : 64
ਸੰਪਰਕ : 98768-01309


ਅੱਖਾਂ ਬਾਰੇ ਇਕ ਕੁਦਰਤੀ ਸੱਚ ਹਮੇਸ਼ਾ ਲੋਕਾਂ ਦੀ ਜ਼ਬਾਨ 'ਤੇ ਰਹਿੰਦਾ ਹੈ ਕਿ 'ਅੱਖਾਂ ਗਈਆਂ ਜਹਾਨ ਗਿਆ'। ਇਨਸਾਨ ਬਾਹਰਲੀ ਦੁਨੀਆ ਨਾਲ ਅੱਖਾਂ ਰਾਹੀਂ ਹੀ ਸਾਂਝ ਪਾਉਂਦਾ ਹੈ, ਨਿਭਾਉਂਦਾ ਹੈ। ਇਸੇ ਕਰਕੇ ਹੀ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਬਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਨੇ ਇਹ ਬੇਹੱਦ ਲੋੜੀਂਦੀ, ਮਹੱਤਵਪੂਰਨ ਅਤੇ ਪਿਆਰੀ ਪੁਸਤਕ ਸਮਾਜ ਦੀ ਝੋਲੀ ਪਾਈ ਹੈ, ਜਿਸ ਨੂੰ ਪੜ੍ਹ ਕੇ ਲੋਕੀਂ ਆਪਣੇ ਇਸ ਮਹੱਤਵਪੂਰਨ ਅੰਗ ਦੀ ਮਹੱਤਤਾ ਨੂੰ ਸਮਝ ਕੇ ਇਸ ਦੀ ਦੇਖਭਾਲ ਲਈ ਜਾਗਰੂਕ ਹੋ ਸਕਦੇ ਹਨ। ਅਜਿਹਾ ਕਰਕੇ ਉਹ ਆਪਣੀਆਂ ਤੰਦਰੁਸਤ ਅੱਖਾਂ ਨਾਲ ਬੁਢਾਪੇ ਵਿਚ ਵੀ ਇਸ ਰੰਗਲੀ ਦੁਨੀਆ ਦਾ ਅਨੰਦ ਮਾਣ ਸਕਦੇ ਹਨ।
ਪੁਸਤਕ ਦੀ ਸਾਰਥਿਕਤਾ ਅਤੇ ਮਹੱਤਵ ਇਹ ਹੈ ਕਿ ਡਾਕਟਰ ਸਾਹਿਬ ਹੋਰਾਂ ਅੱਖਾਂ ਨੂੰ ਸਮਝਣ, ਤੰਦਰੁਸਤ ਰੱਖਣ ਹਿਤ ਬੰਦੇ ਲਈ ਕੋਈ ਪੱਖ ਛੱਡਿਆ ਨਹੀਂ। ਇਸ ਨਿੱਕੀ ਪਿਆਰੀ ਪੁਸਤਕ ਵਿਚ ਉਨ੍ਹਾਂ ਐਨਕਾਂ ਬਾਰੇ ਇਕ ਮਹੱਤਵਪੂਰਨ ਸੱਚ ਲਿਖਿਆ ਹੈ ਕਿ ਐਨਕਾਂ ਸਾਡੀਆਂ 'ਇਮਦਾਦੀ ਅੱਖਾਂ' ਹਨ। ਜੋ ਦੁਨੀਆ ਨੂੰ ਹੋਰ ਨੇੜਿਓਂ ਗੌਰ ਨਾਲ ਦੇਖਣ ਵਿਚ ਸਾਡੀ ਮਦਦ ਕਰਦੀਆਂ ਹਨ। ਅੱਖਾਂ ਨੂੰ ਸੁਰੱਖਿਅਤ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ। ਇਹ ਐਨਕਾਂ ਅਸੀਂ ਕਿਵੇਂ ਉਤਾਰ ਸਕਦੇ ਹਾਂ। ਕਮਜ਼ੋਰ ਅੱਖਾਂ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਕਿਵੇਂ ਬਣਾ ਸਕਦੇ ਹਾਂ? ਇਸ ਸਵਾਲ ਦਾ ਇਹ ਪੁਸਤਕ ਵਿਸਤ੍ਰਿਤ ਅਤੇ ਸਾਫ਼-ਸਾਫ਼ ਸ਼ਬਦਾਂ ਵਿਚ ਜਵਾਬ ਮੁਹੱਈਆ ਕਰਾਉਂਦੀ ਹੈ। ਬੱਚਿਆਂ ਦੇ ਮਾਪਿਆਂ ਲਈ, ਸਕੂਲ ਅਧਿਆਪਕਾਂ ਲਈ ਅਤੇ ਹਰੇਕ ਉਮਰ ਦੇ ਇਨਸਾਨ ਲਈ ਇਹ ਪੁਸਤਕ ਉਸ ਦੇ ਸਵਾਲਾਂ ਦੇ ਸਪੱਸ਼ਟ ਜਵਾਬ ਦੇਣ ਲਈ ਹਾਜ਼ਰ ਹੈ। ਇਸੇ ਲਈ ਡਾ. ਢਿੱਲੋਂ ਸੱਚਮੁੱਚ ਤਾਰੀਫ਼ ਦੇ ਪਾਤਰ ਤਾਂ ਹਨ ਹੀ।


-ਸੁਰਿੰਦਰ ਸਿੰਘ ਕਰਮ 'ਲਧਾਣਾ'
ਮੋਬਾਈਲ : 98146-81444


ਕੀਤੋਸੁ ਆਪਣਾ ਪੰਥ ਨਿਰਾਲਾ
ਲੇਖਕ : ਜਸਵਿੰਦਰ ਸਿੰਘ ਰੁਪਾਲ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨ, ਸਮਾਣਾ (ਪਟਿਆਲਾ)
ਮੁੱਲ : 300 ਰੁਪਏ, ਸਫ਼ੇ : 208
ਸੰਪਰਕ : 98147-15796


ਹਥਲੀ ਪੁਸਤਕ ਪਾਠਕਾਂ ਦੇ ਸਨਮੁਖ ਕਰਨ ਤੋਂ ਪਹਿਲਾਂ ਲੇਖਕ ਮੁਤਾਬਿਕ ਸ਼ਬਦ ਤੋਂ ਸ੍ਰਿਸ਼ਟੀ ਦੀ ਸਾਜਨਾ ਹੋਈ ਮੰਨੀ ਜਾਂਦੀ ਹੈ। ਸ਼ਬਦ ਹੀ ਸਾਰੇ ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਗੁਰੂ ਸ਼ਬਦ ਦੇ ਰੂਪ ਵਿਚ ਇਹ ਮਹਾਨ ਸ਼ਕਤੀ ਤੇ ਊਰਜਾ ਬਾਣੀ ਦੇ ਰਚਨਹਾਰ ਸਾਨੂੰ ਸੌਂਪ ਗਏ ਹਨ। ਇਸ ਸ਼ਬਦ ਨੂੰ ਪੜ੍ਹਨਾ, ਸੁਣਨਾ, ਜਾਣਨਾ ਤੇ ਮਾਣਨਾ ਜੀਵਨ ਦਾ ਸਭ ਤੋਂ ਔਖਾ ਪਰ ਸਭ ਤੋਂ ਸ਼ਾਨਾਮਤਾ ਕੰਮ ਹੈ। ਇਸ ਕਿਤਾਬ ਵਿਚ ਸ਼ਾਮਿਲ ਢਾਈ ਦਰਜਨ ਲੇਖਾਂ ਦਾ ਮਜ਼ਮੂਨ ਗੁਰਮਤਿ ਦੀ ਰੌਸ਼ਨੀ ਵਿਚ ਆਪਣੀ ਮੰਜ਼ਿਲ ਵੱਲ ਨੂੰ ਵਧਦਾ ਹੈ। ਗੁਰਮਤਿ ਫ਼ਿਲਾਸਫ਼ੀ ਦੇ ਕਠਿਨ ਵਿਸ਼ਿਆਂ ਨੂੰ ਸੁਖੈਨ ਭਾਸ਼ਾ ਵਿਚ ਪੇਸ਼ ਕਰਨ ਦਾ ਸਫ਼ਲ ਯਤਨ ਹੈ। ਲੇਖਕ ਵਲੋਂ ਪੇਸ਼ ਹਰ ਲੇਖ ਲਿਖਣ ਲਈ ਕੀਤੀ ਸਖ਼ਤ ਮਿਹਨਤ ਤੋਂ ਖੋਜੀ ਬਿਰਤੀ ਦੇ ਸਫ਼ਲ ਪ੍ਰਗਟਾਵੇ ਦੀ ਪ੍ਰਤੱਖ ਝਲਕ ਮਿਲਦੀ ਹੈ। 'ਕੀਤੋਸੁ ਆਪਣਾ ਪੰਥ ਨਿਰਾਲਾ' ਦੇ ਲੇਖਕ ਦੇ ਇਰਦ-ਗਿਰਦ ਹੀ ਪੁਸਤਕ ਵਿਚ ਸ਼ਾਮਿਲ ਸਮੁੱਚੇ ਲੇਖਾਂ ਦਾ ਵਿਸ਼ਾ ਘੁੰਮਦਾ ਹੈ। ਗੁਰੂ ਨਾਨਕ ਸਾਹਿਬ ਨੇ ਸਰਬ ਸਾਂਝੀਵਾਲਤਾ ਦੀ ਵਿਲੱਖਣ ਵਿਚਾਰਧਾਰਾ ਦੇ ਕੇ ਸਮੁੱਚੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ ਹੈ। ਕਿਰਤੀ ਹੋਣਾ, ਵੰਡ ਛਕਣਾ, ਅਤੇ ਨਾਮ ਜਪਣ ਦੇ ਸਿਧਾਂਤ ਕਰਕੇ ਸਿੱਖ ਪੰਥ ਦੀ ਨਿਰਾਲੀ ਵਿਚਾਰਧਾਰਾ ਹੈ। ਜੋ ਮਨੁੱਖ ਦੇ ਜੀਵਨ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।
ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਅਖੀ ਬਾਝਹੁ, ਵੇਖਣਾ, ਅਧਿਆਤਮਿਕ ਬੁਝਾਰਤਾਂ, ਸਿੱਖ ਕੌਮ ਆਪਣੇ ਕੌਮੀ ਦਿਹਾੜੇ ਐਲਾਨੇ ਅਤੇ ਮਨਾਵੇ ਵੀ, ਸਿਰਜਣਾ ਦਾ ਪੰਜਵਾਂ ਤੱਤ-ਅਕਾਸ਼, ਕਹੁ ਕਬੀਰ ਜਨ ਭਏ ਖਾਲਸੇ, ਕਮਿਊਨਿਜ਼ਮ ਬਨਾਮ ਗੁਰਮਤਿ, ਕਿਛੁ ਸੁਣੀਐ ਕਿਛੁ ਕਹੀਐ, ਕੀਤੋਸੁ ਆਪਣਾ ਪੰਥ ਨਿਰਾਲਾ, ਕੁਦਰਤ ਦੇ ਅੰਗ-ਸੰਗ, ਗੁਰਬਾਣੀ ਦੀ ਕਠੋਰ ਸ਼ਬਦਾਵਲੀ, ਗੁਰਬਾਣੀ ਵਿਚ ਸੂਰੇ ਦਾ ਸੰਕਲਪ, ਗੁਰਮਤਿ ਵਿਚ ਕਰਾਮਾਤ ਦਾ ਸਥਾਨ, ਗੁਰੂ ਸਾਹਿਬਾਨ ਦਾ ਸ਼ਬਦ ਪ੍ਰਤੀ ਸਤਿਕਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਰਤੀਬ ਅਤੇ ਸੰਪਾਦਕੀ ਜੁਗਤਾਂ, ਗੁਰੂ ਗ੍ਰੰਥ ਸਾਹਿਬ ਵਿਚ ਦੱਸੀ ਜੀਵਨ-ਜਾਚ, ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ ਰੂਪ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚਲੇ ਦਰਸ਼ਨ ਸ਼ਾਸਤਰ ਦਾ ਆਧੁਨਿਕ ਸਿੱਖਿਆ ਵਿਚ ਮਹੱਤਵ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਰੂਪਕ ਪੱਖ ਅਤੇ ਵਿਸ਼ਾ ਪੱਖ, ਗੁਰੂ ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ, ਗੁਰੂ ਨਾਨਕ ਚਿੰਤਨ ਦੇ ਬ੍ਰਹਿਮੰਡੀ ਪ੍ਰੇਮ ਦਾ ਸੰਕਲਪ, ਗੁਰੂ ਨਾਨਕ ਚਿੰਤਨ ਅਤੇ ਡੇਰਾਵਾਦ, ਨਿਰਭੈ ਯੋਧੇ ਸਨ ਗੁਰੂ ਅਰਜਨ ਦੇਵ ਜੀ, ਪੰਥ ਵਿਚ ਕੀ ਜਾਦੂ ਹੈ? ਪੱਥਰ ਪਾਣੀ ਰੱਖੀਐ, ਮੇਰੇ ਅੰਮ੍ਰਿਤ ਛਕਣ ਦੇ ਪ੍ਰੇਰਨਾ ਸਰੋਤ, ਵਿਚਾਰ ਸੰਸਕਾਰ ਅਤੇ ਕਿਰਦਾਰ, ਭਗਤ ਰਵਿਦਾਸ ਜੀ ਦਾ ਜੀਵਨ ਅਤੇ ਬਾਣੀ ਦਾ ਰੂਹਾਨੀ ਸੰਦੇਸ਼, ਤੇਰੇ ਭਰੋਸੇ ਪਿਆਰੇ, ਮੈ ਜੇਹਾ ਨ ਅਕਿਰਤਘਣ, ਸਾਚੀ ਰਹਤ ਸਾਚਾ ਮਨਿ ਸੋਈ' ਸ਼ਾਮਿਲ ਹਨ।
ਲੇਖਕ ਵਲੋਂ ਘਾਲੀ ਸਖ਼ਤ ਘਾਲਣਾ ਕੋਈ ਦਿਨ ਦਾ ਕੰਮ ਨਹੀਂ, ਇਸ ਕਾਰਜ ਨੂੰ ਸੰਪੂਰਨਤਾ ਦੇਣ ਲਈ ਕਈ ਸਾਲ ਲੱਗੇ ਹੋਣਗੇ। ਹਰ ਵਿਚਾਰ ਨੂੰ ਦਲੀਲ ਅਤੇ ਗੁਰਮਤਿ ਕਸਵੱਟੀ ਅਨੁਸਾਰ ਪੇਸ਼ ਕੀਤਾ ਗਿਆ ਹੈ। ਸੁਖੈਨ ਭਾਸ਼ਾ ਅਤੇ ਸਧਾਰਨ ਪਾਠਕ ਦੇ ਸਮਝ ਵਿਚ ਆਉਣ ਵਾਲੀ ਭਾਸ਼ਾ-ਸ਼ੈਲੀ ਹੋਣ ਕਰਕੇ ਲੇਖਕ ਦਾ ਇਹ ਕਾਰਜ ਸੋਨੇ 'ਤੇ ਸੁਹਾਗੇ ਵਾਲਾ ਹੋ ਨਿੱਬੜੇਗਾ। ਹਰ ਲੇਖ ਨੂੰ ਵਾਚਣ ਤੋਂ ਬਾਅਦ ਪਾਠਕ ਨੂੰ ਨਿਵੇਕਲੀ ਜੀਵਨ ਜਾਚ ਪ੍ਰਾਪਤ ਹੋਵੇਗੀ।


-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040


ਕੂਕਦੀ ਕੂੰਜ
ਲੇਖਕ : ਡਾ. ਕੁਲਵਿੰਦਰ ਸਿੰਘ ਪਦਮ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 099966-01667


ਡਾ. ਕੁਲਵਿੰਦਰ ਸਿੰਘ ਪਦਮ ਹਰਿਆਣੇ ਨਾਲ ਸੰਬੰਧਿਤ, ਪੰਜਾਬੀ ਨਾਵਲਕਾਰ ਹੈ, ਜਿਸ ਨੇ 'ਰਿਸ਼ਤੇ ਰੁਲਣ ਅਦਾਲਤੀ' ਅਤੇ 'ਖਜ਼ਾਨਾ ਖਾਲੀ ਹੈ' ਜਿਹੇ ਨਾਟਕ ਲਿਖ ਕੇ ਪੰਜਾਬੀ ਨਾਟਕਕਾਰਾਂ ਵਿਚ ਆਪਣੀ ਚੰਗੀ ਭੱਲ ਬਣਾ ਲਈ ਹੈ। 'ਕੂਕਦੀ ਕੂੰਜ' ਉਸ ਦਾ ਨਵਾਂ ਨਾਟਕ ਹੈ, ਜੋ ਉਸ ਨੇ ਅੱਜ ਦੀ ਬਹੁਤ ਵੱਡੀ ਸਮੱਸਿਆ ਜਬਰ-ਜਨਾਹ ਨੂੰ ਲੈ ਕੇ ਲਿਖਿਆ ਹੈ।
ਔਰਤਾਂ, ਬੱਚੀਆਂ ਨਾਲ ਜਬਰ-ਜਨਾਹ ਸਾਡੇ ਸਮਾਜ ਦੇ ਮੱਥੇ ਦਾ ਕਲੰਕ ਹੈ, ਜੋ ਅੱਜ ਆਮ ਵਰਤਾਰਾ ਬਣ ਚੁੱਕਿਆ ਹੈ। ਮਨੁੱਖ ਦਾ ਵਹਿਸ਼ੀ ਪਸ਼ੂ ਇਸ ਕਿਰਿਆ ਵਿਚ ਬਹੁਤ ਹੀ ਸ਼ਰਮਿੰਦਗੀ ਨਾਲ ਹਿੱਸਾ ਪਾ ਰਿਹਾ ਹੈ। ਲੇਖਕ ਇਸ ਦਾ ਇਕੋ ਹੱਲ ਦੱਸਦਾ ਹੈ ਤੇ ਉਹ ਹੈ 'ਪਛਤਾਵਾ' ਜਦੋਂ ਤੱਕ ਜਬਰ-ਜਨਾਹ ਵਾਲਾ ਆਪਣੇ ਕੀਤੇ 'ਤੇ ਪਛਤਾਵਾ ਨਹੀਂ ਕਰਦਾ, ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।
ਨਾਟਕ ਲਈ ਲੇਖਕ ਇਕ ਕਥਾ ਦਾ ਸੰਯੋਜਨ ਕਰਦਾ ਹੈ। ਬਿਹਾਰੀ ਮਜ਼ਦੂਰ ਫ਼ਕੀਰਾ ਪ੍ਰੀਤਮ ਸਿੰਘ ਜ਼ਿਮੀਂਦਾਰ ਦਾ ਬਾਗ਼ ਠੇਕੇ 'ਤੇ ਲੈਂਦਾ ਹੈ ਤੇ ਇਸ ਦੀ ਉਪਜ ਦਿੱਲੀ ਦੇ ਵਪਾਰੀਆਂ ਨੂੰ ਵੇਚ ਕੇ ਮੁਨਾਫ਼ਾ ਕਮਾਉਂਦਾ ਹੈ। ਉਹ ਆਪਣੀ ਪਤਨੀ ਰਹਿਮਤੀ ਨੂੰ ਵੀ ਆਪਣੇ ਕੋਲ ਲੈ ਆਉਂਦਾ ਹੈ। ਰਹਿਮਤੀ ਦੇ ਪ੍ਰੀਤਮ ਸਿੰਘ ਨਾਲ ਅਨੈਤਿਕ ਸੰਬੰਧ ਬਣ ਜਾਂਦੇ ਹਨ, ਜਿਨ੍ਹਾਂ 'ਚੋਂ ਰੌਣਕ ਨਾਂਅ ਦੀ ਧੀ ਜਨਮ ਲੈਂਦੀ ਹੈ। ਰੌਣਕ ਪੜ੍ਹਾਈ 'ਚ ਬਹੁਤ ਹੁਸ਼ਿਆਰ ਨਿਕਲਦੀ ਹੈ। ਉਹ ਡਾਕਟਰ ਬਣਨ ਦਾ ਸੁਪਨਾ ਲੈਂਦੀ ਹੈ। ਪ੍ਰੀਤਮ ਦਾ ਬੇਟਾ ਗੁਰਦੇਵ ਉਰਫ਼ ਗੈਰੀ ਛੋਟੀ ਉਮਰੇ ਹੀ ਇੰਗਲੈਂਡ ਚਲਿਆ ਜਾਂਦਾ ਹੈ। ਜਵਾਨ ਹੋਣ 'ਤੇ ਵਾਪਸ ਪਰਤਦਾ ਹੈ ਤਾਂ ਉਹ ਰੌਣਕ 'ਤੇ ਮੋਹਿਤ ਹੋ ਜਾਂਦਾ ਹੈ ਤੇ ਫਿਰ ਧੱਕੇ ਨਾਲ ਉਸ ਦਾ ਜਬਰ-ਜਨਾਹ ਵੀ ਕਰ ਦਿੰਦਾ ਹੈ। ਪਤਾ ਲੱਗਣ 'ਤੇ ਕਿ ਉਹ ਰਿਸ਼ਤੇ ਵਿਚ ਉਸ ਦੀ ਭੈਣ ਲਗਦੀ ਹੈ, ਪਛਤਾਵੇ 'ਚ ਆ ਕੇ ਆਪਣੇ-ਆਪ ਨੂੰ ਗੋਲੀ ਮਾਰ ਲੈਂਦਾ ਹੈ।
ਲੇਖਕ ਆਪਣੇ ਇਸ ਨਾਟਕ ਰਾਹੀਂ ਸੁਨੇਹਾ ਦਿੰਦਾ ਹੈ ਕਿ ਜੇ ਜਬਰ-ਜਨਾਹ ਵਾਲੇ ਨੂੰ ਇਹ ਕੰਮ ਕਰਕੇ ਗਲਾਨੀ ਜਾਂ ਪਛਤਾਵਾ ਹੋਣ ਲੱਗ ਪਵੇ ਤਾਂ ਇਸ ਸਮੱਸਿਆ ਤਾਂ ਹੱਲ ਸਹਿਜੇ ਹੀ ਨਿਕਲ ਸਕਦਾ ਹੈ। ਕੋਈ ਕਰੜਾ ਕਾਨੂੰਨ ਇਸ ਨੂੰ ਬੰਦ ਨਹੀਂ ਕਰਵਾ ਸਕਦਾ। ਨਾਟਕ ਖੇਡਣਾ ਆਸਾਨ ਹੈ, ਕਿਉਂਕਿ ਸਾਰਾ ਕਾਰਜ ਇਕੋ ਥਾਂ 'ਤੇ ਵਾਪਰਦਾ ਹੈ, ਸਿਰਫ਼ ਦ੍ਰਿਸ਼ ਹੀ ਬਦਲਦੇ ਹਨ। ਛਿਟਪੁਟ ਹਾਸ-ਰਸ ਵੀ ਨਾਟਕ ਨੂੰ ਰੌਚਕ ਬਣਾਈ ਰੱਖਦਾ ਹੈ। ਨਾਟਕਕਾਰ ਆਪਣਾ ਸੁਨੇਹਾ ਦਰਸ਼ਕਾਂ ਤੀਕ ਪਹੁੰਚਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਿਹਾ ਹੈ।


-ਕੇ. ਐਲ. ਗਰਗ
ਮੋਬਾਈਲ : 94635-37050


ਕਤੌਤਾ ਮਹਿਕ

ਲੇਖਕ : ਕਸ਼ਮੀਰੀ ਲਾਲ ਚਾਵਲਾ, ਡਾ. ਦਵਿੰਦਰਜੀਤ ਕੌਰ ਦ੍ਰਿਵ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 98148-14791


ਕਸ਼ਮੀਰੀ ਲਾਲ ਚਾਵਲਾ ਅਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਪੰਜਾਬੀ-ਕਾਵਿ ਦੇ ਸਮਰੱਥ ਹਸਤਾਖ਼ਰ ਹਨ। ਹਾਇਕੂ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਉਪਰੰਤ, ਕੁਝ ਨਵਾਂ ਕਰਨ ਦੇ ਜਜ਼ਬੇ ਨਾਲ ਹਥਲੇ ਸਾਂਝੇ ਕਤੌਤਾ-ਸੰਗ੍ਰਹਿ 'ਕਤੌਤਾ ਮਹਿਕ' ਰਾਹੀਂ, ਉਹ ਇਕ ਨਵੀਂ ਵਿਧਾ 'ਕਤੌਤਾ' ਲੈ ਕੇ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ। ਜਾਪਾਨੀ ਵਿਧਾਵਾਂ ਦੇ ਜਾਣਕਾਰ ਜਾਣਦੇ ਹਨ ਕਿ ਕਤੌਤਾ, ਹਾਇਕੂ ਅਤੇ ਤਾਂਕਾ ਦਾ ਵਿਚਕਾਰਲਾ ਭਰਾ ਹੈ। ਹਾਇਕੂ ਸਤਾਰਾਂ ਵਰਣਾਂ ਵਿਚ ਬੰਨ੍ਹਿਆ ਜਾਂਦਾ ਹੈ, ਤਾਂਕਾ ਇਕੱਤੀ ਵਰਣਾਂ ਵਿਚ ਅਤੇ ਕਤੌਤਾ ਵਿਚ ਉੱਨੀ ਵਰਣ ਹੁੰਦੇ ਹਨ। ਅਸਲ ਵਿਚ ਕਤੌਤਾ ਸੇਦੋਕਾ ਦਾ ਹੀ ਇਕ ਹਿੱਸਾ ਹੈ। ਸੇਦੋਕਾ ਵਿਚ ਦੋ ਕਤੌਤਾ ਹੁੰਦੇ ਸਨ, ਪਹਿਲੇ ਵਿਚ ਸਵਾਲ ਕੀਤਾ ਗਿਆ ਹੁੰਦਾ ਸੀ ਅਤੇ ਦੂਜੇ ਵਿਚ ਉਸ ਦਾ ਜਵਾਬ ਦਿੱਤਾ ਜਾਂਦਾ ਸੀ। ਕਤੌਤਾ ਦਾ ਸਰੂਪ ਤਿੰਨ ਸਤਰਾਂ ਦਾ ਹੁੰਦਾ ਹੈ। ਪਹਿਲੀ ਸਤਰ ਵਿਚ ਪੰਜ ਵਰਣ ਹੁੰਦੇ ਹਨ, ਜਦੋਂ ਕਿ ਦੂਜੀ ਅਤੇ ਤੀਜੀ ਸਤਰ ਵਿਚ ਸੱਤ-ਸੱਤ ਵਰਣ ਹੁੰਦੇ ਹਨ। ਇਕ ਕਤੌਤਾ ਵਿਚ ਇਕ ਪੂਰਾ ਵਿਚਾਰ ਪ੍ਰਗਟਾਇਆ ਗਿਆ ਹੁੰਦਾ ਹੈ। ਜੇਕਰ ਕਤੌਤਾ ਨੂੰ ਥੋੜ੍ਹਾ-ਬਹੁਤਾ ਤੁਕਾਂਤਿਕ ਰੰਗ ਦੇ ਲਿਆ ਜਾਵੇ ਤਾਂ ਇਸ ਦਾ ਮੁਹਾਂਦਰਾ ਹੋਰ ਵਧੀਆ ਲੱਗਦਾ ਹੈ ਪਰ ਇਹ ਕੋਈ ਜ਼ਰੂਰੀ ਸ਼ਰਤ ਨਹੀਂ ਹੈ। ਉਨ੍ਹਾਂ ਵਲੋਂ ਇਸ ਕਤੌਤਾ-ਸੰਗ੍ਰਹਿ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਬਿੰਬਾਂ ਅਤੇ ਅਲੰਕਾਰਾਂ ਨਾਲ ਸ਼ਿੰਗਾਰਨ ਦੇ ਕੀਤੇ ਗਏ ਸਫ਼ਲ ਅਤੇ ਸੁਚੱਜੇ ਉਪਰਾਲੇ ਦੀ ਦਾਦ ਦੇਣੀ ਬਣਦੀ ਹੈ। ਸੰਗ੍ਰਹਿ ਨੂੰ ਪ੍ਰਕਿਰਿਤਕ ਛੋਹਾਂ ਦੇਣ ਨਾਲ ਵੀ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੋ ਗਿਆ ਹੈ। ਜਾਪਾਨ ਦੀ ਇਸ ਹਰਮਨ ਪਿਆਰੀ ਵਿਧਾ ਨੂੰ ਪੰਜਾਬ ਦੇ ਸੁਹਿਰਦ ਪਾਠਕਾਂ ਲਈ ਮੁਹੱਈਆ ਕਰਵਾ ਕੇ ਕਸ਼ਮੀਰੀ ਲਾਲ ਚਾਵਲਾ ਅਤੇ ਡਾ. ਦਵਿੰਦਰਜੀਤ ਕੌਰ ਦ੍ਰਿਵ ਨੇ ਸੱਚਮੁੱਚ ਹੀ ਬੜਾ ਮਹੱਤਵਪੂਰਨ ਅਤੇ ਸ਼ਲਾਘਾਯੋਗ ਕਾਰਜ ਕੀਤਾ ਹੈ। ਨਮੂਨੇ ਵਜੋਂ ਪੁਸਤਕ ਵਿਚੋਂ ਮੈਂ ਉਨ੍ਹਾਂ ਦੇ ਦੋ ਕਤੌਤਾ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ:
ਦੇਸ਼ ਭਾਰਤ, / ਭਵਿੱਖ ਸੁੱਤਾ ਜਾਪੇ,
ਫੁੱਟਪਾਥ ਦੇ ਉੱਤੇ।

ਕ੍ਰਾਂਤੀ ਆਈ ਹੈ, /ਮੋਬਾਇਲ ਲਪੇਟੇ,
ਹੁਣ ਸਾਰੇ ਰਿਸ਼ਤੇ।


-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027


ਮੇਰੀਆਂ ਸ੍ਰੇਸ਼ਟ ਬਾਲ ਕਵਿਤਾਵਾਂ

ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ: 125 ਰੁੁਪਏ, ਸਫ਼ੇ : 48
ਸੰਪਰਕ : 98764-52223


ਅੱਜ ਦੇ ਸਮਿਆਂ ਵਿਚ ਬਾਲ-ਸਾਹਿਤ ਲਿਖਣਾ ਜਿੱਥੇ ਜ਼ਰੂਰੀ ਹੈ, ਉੱਥੇ ਇਸ ਕਾਰਜ ਲਈ ਬਹੁਤ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਸਿਰਜਣਾ ਕਰਨੀ ਹੋਰ ਵੀ ਮਹੱਤਵਪੂਰਨ ਹੈ। ਬੱਚਿਆਂ ਨੂੰ ਮੋਬਾਈਲ ਜਾਂ ਟੀ.ਵੀ. ਤੋਂ ਹਟਾ ਕੇ ਰੌਚਿਕ ਤੇ ਉੱਤਮ ਬਾਲ-ਸਾਹਿਤ ਪੁਸਤਕਾਂ ਲਈ ਪ੍ਰੇਰਿਤ ਕਰਨਾ, ਮਾਂ-ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਹੋਰ ਵੀ ਜ਼ਰੂਰੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਲੇਖਕਾਂ ਨੇ ਬਾਲ-ਸਾਹਿਤ ਦੀ ਮਹੱਤਤਾ ਨੂੰ ਸਮਝਦੇ ਹੋਏ, ਸੁੰਦਰ ਦਿਖ ਵਾਲੀਆਂ ਪੁਸਤਕਾਂ ਪ੍ਰਕਾਸ਼ਿਤ ਕਰਾਉਣ ਦਾ ਬੀੜਾ ਚੁੱਕਿਆ ਹੈ। ਪ੍ਰਕਾਸ਼ਕਾਂ ਨੇ ਵੀ ਬਾਲ-ਸਾਹਿਤ ਨੂੰ ਸੁੰਦਰ ਦਿੱਖ ਦੇਣ ਵਿਚ ਸ਼ਲਾਘਾਯੋਗ ਕਰਤੱਵ ਨਿਭਾਇਆ ਹੈ। ਕਿਸੇ ਵੀ ਲੇਖਕ ਦੀ ਚੋਣਵੀਂ ਰਚਨਾ ਪਾਠਕਾਂ ਦਾ ਧਿਆਨ ਖਿੱਚਦੀ ਹੈ। ਇਸ ਨਜ਼ਰੀਏ ਤੋਂ ਪ੍ਰਿੰਸੀਪਲ ਗੋਸਲ ਦੀ ਹਥਲੀ ਪੁਸਤਕ ਸਾਡਾ ਧਿਆਨ ਖਿੱਚਦੀ ਹੈ। ਇਸ ਵਿਚ ਵੰਨ-ਸੁਵੰਨੀਆਂ 30 ਕਵਿਤਾਵਾਂ ਹਨ। ਬਹੁਤੀਆਂ ਕਵਿਤਾਵਾਂ ਬੱਚਿਆਂ ਨਾਲੋਂ ਬਾਲਗ-ਸਿੱਖਿਆ ਨਾਲ ਸੰਬੰਧਿਤ ਹਨ। ਕੁਝ ਵਿਸ਼ੇ ਬਾਲ-ਸਾਹਿਤ ਨਾਲ ਸੰਬੰਧਿਤ ਨਹੀਂ। ਆਮ ਪਾਠਕ ਦੀ ਜਾਣਕਾਰੀ ਨਾਲ ਸੰਬੰਧਿਤ ਹਨ, ਜਿਵੇਂ ਉੱਚਾ ਦਰ ਬਾਬੇ ਦਾ, ਸਰਕਾਰੀ ਗਰਾਂਟ, ਯੋਗਾ ਬਹੁਤ ਜ਼ਰੂਰੀ ਆ, ਪਿੰਡ ਦਾ ਕਿਸਾਨ, ਯਾਦ ਸੱਭਿਆਚਾਰ ਦੀ, ਚੰਡੀਗੜ੍ਹ ਆਦਿ। ਕਾਵਿ-ਕਹਾਣੀ ਬਾਲ-ਸਾਹਿਤ ਦੀ ਮਨਪਸੰਦ ਵੰਨਗੀ ਹੈ। ਪ੍ਰਿੰ: ਗੋਸਲ ਨੇ ਇਤਿਹਾਸ 'ਚੋਂ ਸਿੱਖ-ਪਾਤਰਾਂ ਦੇ ਪ੍ਰਸੰਗਾਂ ਨੂੰ ਨਿਰੀ ਤੁਕਬੰਦੀ ਰਾਹੀਂ ਵਰਨਣ ਕੀਤਾ ਹੈ। ਮਿਆਰੀ ਕਾਵਿਕਤਾ ਦੀ ਘਾਟ ਰੜਕਦੀ ਹੈ। ਪੁਸਤਕ ਦੇ ਆਰੰਭ 'ਚ ਤਿੰਨ ਸਫ਼ਿਆਂ ਦੀ ਲੇਖਕ ਦੀਆਂ ਪੁਸਤਕਾਂ ਦੀ ਸੂਚੀ ਹੈ। ਪੁਸਤਕ ਦੇ ਵਿਸ਼ਿਆਂ ਦੀ ਚੋਣ ਖਿੰਡੀ-ਪੁੰਡੀ ਹੈ। ਪੁਸਤਕ ਦਾ ਸਰਵਰਕ ਜਿੰਨਾ ਪਿਆਰਾ ਹੈ, ਓਨੀ ਸਮੱਗਰੀ ਬਾਲ ਪਾਠਕਾਂ ਦੇ ਪੱਖੋਂ ਕਾਵਿਕ-ਸ਼ੈਲੀ ਵਾਲੀ ਨਹੀਂ। ਚਿੱਤਰ ਚੰਗੇ ਹਨ।


-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900


ਹਾਇਕੂ ਅੰਬਰ
ਲੇਖਿਕਾ : ਡਾ. ਦਵਿੰਦਰਜੀਤ ਕੌਰ ਦ੍ਰਿਵ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 98786-74705


ਸ਼ਾਇਰਾ ਡਾ. ਦਵਿੰਦਰਜੀਤ ਕੌਰ ਦ੍ਰਿਵ ਜੋ ਗੁਰੂ ਨਾਨਕ ਗਰਲਜ਼ ਕਾਲਜ ਲੁਧਿਆਣਾ ਵਿਖੇ ਅਧਿਆਪਨ ਦੀਆਂ ਸੇਵਾਵਾਂ ਨਿਭਾਅ ਰਹੀ ਹੈ। ਆਪਣੇ ਪਲੇਠੇ ਹਾਇਕੂ ਸੰਗ੍ਰਹਿ 'ਹਾਇਕੂ ਅੰਬਰ' ਰਾਹੀਂ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ। ਹਾਇਕੂ ਜਾਪਾਨੀ ਕਾਵਿ-ਸਿਨਫ਼ ਚੋਕਾ, ਸੈਦੋਕਾ ਅਤੇ ਤਾਂਕਾ ਵਿਚੋਂ ਇਕ ਹੈ। ਹਾਇਕੂ ਤਿੰਨ ਸਤਰੀ ਸਤਾਰਾਂ ਵਰਣਕ ਅੱਖਰਾਂ ਦੀ ਜਾਪਾਨੀ ਸਿਨਫ਼ ਹੈ ਪਰ ਪੰਜਾਬੀ ਵਿਚ ਪਹਿਲਾਂ ਹੀ ਤਿੰਨ ਸਤਰੀ ਕਾਵਿ-ਸਿਨਫ਼ 'ਟੱਪਾ' ਮੌਜੂਦ ਹੈ, ਜਿਸ ਨੂੰ ਨਾਮਵਰ ਗਾਇਕਾਂ ਨੇ ਸਾਜ਼ ਅਤੇ ਆਵਾਜ਼ ਨਾਲ ਸਰੋਤਿਆਂ ਨੂੰ ਵਸਦ ਵਿਚ ਲਿਆ ਕੇ ਝੂਮਣ ਲਾਇਆ ਹੈ। ਹੁਣ ਹਾਇਕੂ ਸ਼ਬਦ ਸਾਧਕਾਂ ਦੀ ਇਕ ਲੰਮੀ ਫ਼ਹਿਰਿਸਤ ਮਿਲਦੀ ਹੈ ਜੋ ਇਸ ਕਾਵਿ ਸਿਨਫ਼ ਨਾਲ ਜਨੂੰਨ ਦੀ ਹੱਦ ਤੱਕ ਜੁੜੇ ਹੋਏ ਹਨ ਤੇ ਅਕਸਰ ਹਾਇਕੂ ਕਵੀ ਦਰਬਾਰ ਕਰਾਉਂਦੇ ਰਹਿੰਦੇ ਹਨ। ਇਸ ਪੁਸਤਕ ਵਿਚ ਮੁੱਖ ਬੰਦ ਦੇ ਤੌਰ 'ਤੇ ਦੱਖਣੀ ਭਾਰਤ ਦੇ ਲੇਖਕ ਡਾ. ਰਣਜੀਤ ਰਵੀਸ਼ੈਲਮ ਨੇ ਇਤਿਹਾਸਕ ਹਵਾਲਿਆਂ ਨਾਲ ਵਿਵਰਨ ਕੀਤਾ ਹੈ, ਜਿਸ ਨੂੰ ਕਸ਼ਮੀਰੀ ਲਾਲ ਚਾਵਲਾ ਨੇ ਅਨੁਵਾਦ ਕੀਤਾ ਹੈ। ਜੋ ਹਾਇਕੂ ਖੋਜਕਾਰਾਂ ਲਈ ਰਾਹ ਦਸੇਰੇ ਦਾ ਕੰਮ ਕਰਨ ਦੀ ਸੰਭਾਵਨਾ ਰੱਖਦਾ ਹੈ। ਇਸ ਦੱਖਣੀ ਭਾਰਤ ਦੇ ਲੇਖਕ ਨੇ ਦੇਸੀ ਤੇ ਵਿਦੇਸ਼ੀ 35 ਹਾਇਕੂ ਸ਼ਬਦ ਸਾਧਕਾਂ ਦਾ ਰਚਨਾ ਕਾਲ ਨਾਲ ਵੇਰਵਾ ਵੀ ਦਿੱਤਾ ਹੈ। ਇਸ ਵਰਣਕ ਛੰਦ ਨੂੰ ਡਾ. ਦਵਿੰਦਰਜੀਤ ਕੌਰ ਦ੍ਰਿਵ ਨੇ ਬਾਖੂਬੀ ਕਵਿਤਾਇਆ ਤੇ ਕਿਤੇ ਵੀ ਚਿੰਤਨ ਤੇ ਵਿਸ਼ਾ ਵਿਧਾਨ ਝੋਲ ਨਹੀਂ ਮਾਰਦਾ। ਹਾਇਕੂ ਪੜ੍ਹਦਿਆਂ ਪਹਿਲੀ ਨਜ਼ਰੇ ਓਪਰੀ ਜੇਹੀ ਕਾਵਿ-ਸ਼ਿਲਪ ਲੱਗਦੀ ਹੈ ਪਰ ਜਿਉਂ ਇਸ ਦੀ ਡੂੰਘਾਈ ਵਿਚ ਉਤਰਦੇ ਹਾਂ ਤਾਂ ਫਲਸਫਾਨਾ ਸਮਾਜਿਕ ਯਥਾਰਥ ਦੇ ਬੰਦ ਦਰਵਾਜ਼ੇ ਖੁੱਲ੍ਹਣ ਲੱਗਦੇ ਹਨ। ਸ਼ਾਇਰਾ ਨੇ ਇਸ ਹਾਇਕੂ ਸੰਗ੍ਰਹਿ ਨੂੰ ਛੇ ਕਾਂਡਾਂ ਵਿਚ ਵੰਡਿਆ ਹੈ। ਪਹਿਲੇ ਕਾਂਡ ਵਿਚ ਸੱਭਿਆਚਾਰ ਨੂੰ ਸਮਰਪਿਤ 96 ਹਾਇਕੂ ਹਨ, ਜਿਸ ਵਿਚ ਬੜੀ ਹੀ ਖੁਰਦਬੀਨੀ ਅੱਖ ਨਾਲ ਸੱਭਿਆਚਾਰ ਦੀ ਸਕੈਨਿੰਗ ਕਰਦਿਆਂ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੇ ਦਰਸ਼ਨ ਦੀਦਾਰੇ ਕਰਾਏ ਹਨ। ਦੂਜਾ ਕਾਂਡ ਕੁਦਰਤ ਨਾਲ ਸੰਬੰਧਿਤ ਹੈ, ਜਿਸ ਵਿਚ 160 ਹਾਇਕੂ ਹਨ, ਜਿਸ ਵਿਚ ਕੁਦਰਤ ਨੂੰ ਮਾਣਨ ਅਤੇ ਵਾਤਾਵਰਨ ਨੂੰ ਵਿਗਾੜਨ ਵਾਲਿਆਂ ਨੂੰ ਤਾੜਨਾ ਕਰਦਿਆਂ ਜਾਗਰੂਕ ਵੀ ਕੀਤਾ ਹੈ। ਤੀਜਾ ਕਾਂਡ ਜ਼ਿੰਦਗੀ ਨੂੰ ਸਮਰਪਿਤ ਹੈ, ਜਿਸ ਵਿਚ 181 ਹਾਇਕੂ ਹਨ, ਜਿਸ ਵਿਚ ਸ਼ਾਇਰਾ ਆਖਦੀ ਹੈ ਕਿ ਜ਼ਿੰਦਗੀ ਦੁੱਖ ਅਤੇ ਸੁੱਖ ਵਿਚ ਢਲੀ ਹੋਈ ਹੈ। ਚੌਥਾ ਕਾਂਡ ਨਾਰੀ ਸੰਵੇਦਨਾ ਨੂੰ ਸਮਰਪਿਤ ਹੈ, ਜਸ ਵਿਚ 172 ਹਾਇਕੂ ਹਨ। ਪੰਜਵਾਂ ਕਾਂਡ ਬੱਚੇ ਅਤੇ ਬਚਪਨ ਨੂੰ ਸਮਰਪਿਤ ਹੈ, ਜਿਸ ਵਿਚ 100 ਹਾਇਕੂ ਦਰਜ ਹਨ, ਜਿਨ੍ਹਾਂ ਨੂੰ ਪੜ੍ਹ ਕੇ ਹਰੇਕ ਨੂੰ ਆਪਣਾ ਆਲਾ ਭੋਲਾ ਬਚਪਨ ਯਾਦ ਆ ਜਾਂਦਾ ਹੈ ਤੇ ਇਕ ਤਰ੍ਹਾਂ ਪੜ੍ਹਨ ਵਾਲਾ ਆਪਣੇ ਬਚਪਨ ਨੂੰ ਦੁਬਾਰਾ ਮਾਣਦਾ ਪ੍ਰਤੀਤ ਹੁੰਦਾ ਹੈ। ਛੇਵੇਂ ਭਾਗ ਵਿਚ ਨਵੀਂ ਪੀੜ੍ਹੀ ਨੂੰ ਨਸੀਹਤਾਂ ਅਤੇ ਜਾਗਰੂਕ ਕਰਨ ਦੇ 29 ਹਾਇਕੂ ਹਨ। ਸੋ, ਇਨ੍ਹਾਂ 738 ਹਾਇਕੂਆਂ ਵਿਚ ਸ਼ਾਇਰਾ ਨੇ ਕਾਵਿ-ਸ਼ਿਲਪ, ਕਾਵਿ-ਚਿੰਤਨ ਅਤੇ ਕਾਵਿ-ਧਰਮ ਨਿਭਾਉਂਦਿਆਂ ਸਤਿਅਮ ਸ਼ਿਵਮ ਸੁੰਦਰਮ ਦੀ ਲੱਜ ਪਾਲੀ ਹੈ। ਸ਼ਾਇਰਾ ਦੀ ਸ਼ਾਇਰੀ ਦੇ ਇਸ ਆਭਾ ਮੰਡਲ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ।


-ਭਗਵਾਨ ਢਿੱਲੋਂ
ਮੋਬਾਈਲ : 098143-78254

20-01-2024

ਸੁੱਖ ਦੇ ਸਾਥੀ
ਲੇਖਕ : ਨਛੱਤਰ ਸਿੰਘ ਭੋਗਲ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99889-13155

'ਸੁੱਖ ਦੇ ਸਾਥੀ' ਨਛੱਤਰ ਸਿੰਘ ਭੋਗਲ ਦਾ ਤੀਜਾ ਕਾਵਿ-ਸੰਗ੍ਰਹਿ ਹੈ ਇਸ ਤੋਂ ਪਹਿਲਾਂ ਉਹ 'ਕਲਮਾਂ ਤਾਈਂ ਫ਼ਰਿਆਦ' (2014) ਅਤੇ 'ਦੱਸ ਕਿੱਥੇ ਵਸੀਏ' (2017) ਪਾਠਕਾਂ ਦੀ ਝੋਲੀ ਪਾ ਚੁੱਕਾ ਹੈ। ਉਹ ਆਪਣੀ ਸਮਰੱਥਾ ਬਾਰੇ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦਾ ਹੈ :-
'ਮੇਰੀ ਕਵਿਤਾ ਸਿੱਧੀ ਸਾਦੀ ਭਾਸ਼ਾ ਵਾਲੀ ਕਿਸੇ ਬਹਿਰ ਜਾਂ ਬੰਦਸ਼ ਵਿਚ ਬੱਝੀ ਨਹੀਂ ਹੁੰਦੀ ਮੇਰੀਆਂ ਕਵਿਤਾਵਾਂ ਮੇਰੇ ਪਿੰਡ ਨਾਲ ਪਿਆਰ, ਨਹਿਰਾਂ ਕੱਸੀਆਂ ਅਤੇ ਦਰਿਆਵਾਂ ਦਾ ਵਹਿਣ ਤੇ ਸੁਭਾਅ ਵਰਣਨ ਕਰਦੀਆਂ ਹਨ ਅਤੇ ਕਰਦੀਆਂ ਰਹਿਣਗੀਆਂ, ਜਿਸ ਵਿਚੋਂ ਪੰਜਾਬੀਅਤ ਦਾ ਝਲਕਾਰਾ ਬਾਖ਼ੂਬੀ ਪੈਂਦਾ ਹੈ।' ਕਵੀ ਨਛੱਤਰ ਸਿੰਘ ਭੋਗਲ ਦੀਆਂ ਰਚਨਾਵਾਂ ਮਾਨਵੀ ਸੰਵੇਦਨਾ ਨਾਲ ਜੁੜੇ ਸਰੋਕਾਰਾਂ ਅਤੇ ਸਮਾਜਿਕ ਸਰੋਕਾਰ ਨੂੰ ਪ੍ਰਗਟਾਉਂਦੀਆਂ ਹਨ। ਉਹ ਧਰਮ ਦੇ ਖੇਤਰ ਪ੍ਰਚਲਿਤ ਵਹਿਮਾਂ ਭਰਮਾਂ ਦੇ ਵਿਰੁੱਧ ਵੀ ਡਟ ਕੇ ਲਿਖਦਾ ਹੈ ਤੇ ਧਰਮ ਤੇ ਨਾਂਅ 'ਤੇ ਪਾਖੰਡੀਆਂ ਦੀਆਂ ਚਲਦੀਆਂ ਦੁਕਾਨਾਂ ਦਾ ਖੁੱਲ੍ਹ ਕੇ ਵਿਰੋਧ ਕਰਦਾ ਹੈ। ਉਹ ਰਾਜਨੀਤੀ ਵਿਚ ਹੁੰਦੇ ਵਿਪਾਵੇ ਪ੍ਰਤੀ ਵੀ ਚਿੰਤਤ ਹੈ:
ਹਾਕਮ ਨੂੰ ਤਾਂ ਚਿੰਤਾ ਆਪਣੀ ਕੁਰਸੀ ਦੀ
ਉਹਨੂੰ ਕੀ ਜੇ ਪੁੱਤ ਮਾਵਾਂ ਦੇ ਮਰਦੇ ਨੇ
ਉਹ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਬਗ਼ਾਵਤ
ਬੁੱਧ ਅਤੇ ਜਥੇਬੰਦਕ ਸੋਚ ਦਾ ਸਮਰਥਨ ਕਰਦਾ ਹੈ:
ਹੱਕ ਮੰਗਿਆ ਕੋਈ ਨਹੀਂ ਦਿੰਦਾ
ਹਿੱਕ ਡਾਹ ਕੇ ਲੜਨਾ ਪੈਂਦਾ ਹੈ
ਕਦੇ ਪਿੱਠ ਲੁਕੋਇਆਂ ਨਹੀਂ ਸਰਦਾ
ਮਰਦਾਂ ਵਾਂਗ ਖੜ੍ਹਨਾ ਪੈਂਦਾ ਹੈ।
ਕਵੀ ਪੰਜਾਬੀਅਤ ਅਤੇ ਪੰਜਾਬੀ ਬੋਲੀ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਭਾਵਨਾ ਦਾ ਪ੍ਰਗਟਾਵਾ ਬੜੀ ਜ਼ਿੰਦਾਦਿਲੀ ਨਾਲ ਕਰਦਾ ਹੈ :
ਸ਼ਾਹੀ ਵਿਰਸਾ ਤੇ ਮਾਂ ਬੋਲੀ ਆਪਣੀ
ਸਾਂਭੋ ਮਾਣ-ਮੱਤੀ ਪੱਗ ਬਈ ਪੰਜਾਬੀਓ
ਵਿਰਸਾ ਰੱਖਣਾ ਆਬਾਦ
ਕਦਰਾਂ-ਕੀਮਤਾਂ ਵੀ ਯਾਦ
ਸ਼ੋਭਾ ਕਰੇ ਸਾਰਾ ਜੱਗ ਬਈ ਪੰਜਾਬੀਓ...
ਕਵੀ ਦੀ 'ਪਰਵਾਸੀ ਦੁਖਾਂਤ' ਕਵਿਤਾ ਵਿਦੇਸ਼ੀਂ ਵਸਦੇ ਪੰਜਾਬੀਆਂ ਦੀ ਡੂੰਘੀ ਸੰਵੇਦਨਾ ਦਾ ਸੰਤੁਸ਼ਟੀਜਨਕ ਪ੍ਰਗਟਾਵਾ ਹੈ। ਰੁਜ਼ਗਾਰ ਦੀ ਪ੍ਰਾਪਤੀ ਲਈ ਪਰਵਾਸ ਹੰਢਾਉਂਦੇ ਪੰਜਾਬੀ ਆਪਣੇ ਮਾਪਿਆਂ ਅਤੇ ਪਿੰਡ ਦੀ ਮਿੱਟੀ ਨੂੰ ਤਰਸ ਜਾਂਦੇ ਹਨ :
ਤੁਰ ਗਏ ਮਾਪੇ, ਮਨ ਭਰ ਆਇਆ
ਖਾਲੀ ਵਿਹੜਾ ਖਾਣ ਨੂੰ ਆਇਆ
ਤੱਕ ਬਾਪੂ ਦੀ ਸੱਖਣੀ ਕੁਰਸੀ,
ਮੇਰਾ ਕਾਲਜਾ ਮੂੰਹ ਨੂੰ ਆਇਆ...
ਕਵੀ ਨੇ ਪ੍ਰਦੂਸ਼ਣ-ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ ਅਤੇ ਇਕ ਦੂਜੇ ਦੇ ਮੋਹ ਪਿਆਰ ਦੀਆਂ ਪੱਕੀਆਂ ਤੰਦਾਂ ਵਾਲੇ ਪਿਆਰ ਦੀ ਕਲਪਨਾ ਕੀਤੀ ਹੈ। ਕਵੀ ਨੇ ਆਦਰਸ਼ਕ ਜੀਵਨ, ਵਿਕਸਿਤ ਦੇਸ਼ ਅਤੇ ਪ੍ਰੇਮ-ਪਿਆਰ ਦੀਆਂ ਭਾਵਨਾਵਾਂ ਨਾਲ ਓਤ-ਪੋਤ ਮਾਨਵੀ ਰਿਸ਼ਤਿਆਂ ਪ੍ਰਤੀ ਆਪਣੇ ਪਿਆਰ ਅਤੇ ਸਨੇਹ ਦਾ ਪ੍ਰਗਟਾਵਾ ਕੀਤਾ ਹੈ। 'ਕੁਦਰਤ, ਲੋਕਾਈ ਦਾ ਦਰਦ, ਵਡੱਪਣ, ਬੇਇਤਫ਼ਾਕੀ, ਦਿਲੀ ਦੂਰੀਆਂ, ਅਵੱਗਿਆ, ਗੁਰੂ ਮਾਨਿਓ ਗ੍ਰੰਥ, ਮਹਿਰਮ, ਕੰਗਲਾ ਪੰਜਾਬ, ਯਾਮਨੇ, ਸੁਧਾਰਵਾਦੀ ਸਲਾਹ, ਸਾਡੇ ਆਪਣੇ, ਨੂੰਹ ਰਾਣੀ, ਸੱਚਾ ਯਾਰ, ਦਸਤਾਰ' ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਉਹ ਸਵਾਰਥੀ ਲੋਕਾਂ, ਪਰਵਾਸ ਦੀਆਂ ਚੁਣੌਤੀਆਂ ਅਤੇ ਪਿਆਰ ਤੋਂ ਮਿਲੇ ਬਿਰਹਾ ਦੀ ਵਾਰ-ਵਾਰ ਕਾਵਿ-ਰਚਨਾਵਾਂ ਕਰਦਾ ਹੈ। ਸਮੁੱਚੇ ਤੌਰ 'ਤੇ ਨਛੱਤਰ ਸਿੰਘ ਭੋਗਲ ਦੀ ਇਹ ਪੁਸਤਕ ਪਾਠਕਾਂ ਨੂੰ ਪਸੰਦ ਆਵੇਗੀ। ਇਸ ਲਈ ਆਪ ਨੂੰ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਕਾਲਜ, ਜਲੰਧਰ

ਮੇਰਾ ਲੇਖ ਗੁਲਦਸਤਾ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼,ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 119
ਸੰਪਰਕ : 98764-52223

ਬਹੁਪੱਖੀ ਲੇਖਕ ਬਹਾਦਰ ਸਿੰਘ ਗੋਸਲ (ਪ੍ਰਿੰ.) ਪੰਜਾਬੀ ਸਾਹਿਤ ਜਗਤ ਵਿਚ ਜਾਣਿਆ ਪਛਾਣਿਆ ਅਤੇ ਸਰਗਰਮ ਲਿਖਾਰੀ ਹੈ, ਜਿਸ ਦੀ ਤਾਜ਼ਾਤਰੀਨ ਪੁਸਤਕ 'ਮੇਰਾ ਲੇਖ ਗੁਲਦਸਤਾ' ਹੁਣੇ ਹੁਣੇ ਮੰਜ਼ਰ-ਇ-ਆਮ 'ਤੇ ਆਈ ਹੈ। ਬੁਨਿਆਦੀ ਤੌਰ 'ਤੇ ਇਹ ਪੁਸਤਕ ਬਾਲਾਂ ਅਤੇ ਵੱਡਿਆਂ-ਦੋਵੇਂ ਕਿਸਮ ਦੇ ਪਾਠਕਾਂ ਲਈ ਮਹੱਤਵ ਰੱਖਦੀ ਹੈ। ਇਸ ਪੁਸਤਕ ਵਿਚ ਲੇਖਕ ਨੇ ਸਮਾਜ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਵੰਨ-ਸੁਵੰਨੇ ਲੇਖਾਂ ਦੇ ਮਾਧਿਅਮ ਦੁਆਰਾ ਉਲੀਕਿਆ ਹੈ। ਜੇ ਇਨ੍ਹਾਂ ਮਜ਼ਮੂਨਾਂ ਵਿਚ ਇਕ ਪਾਸੇ ਭੂਗੋਲਿਕ ਦ੍ਰਿਸ਼ ਵਿਖਾਈ ਦਿੰਦੇ ਹਨ ਤਾਂ ਦੂਜੇ ਪਾਸੇ ਧਾਰਮਿਕ ਅਤੇ ਇਤਿਹਾਸਕ ਪੱਖਾਂ ਨੂੰ ਉਲੀਕਿਆ ਗਿਆ ਹੈ। ਸਿਹਤ, ਸਿੱਖਿਆ, ਸਿਆਸਤ, ਸੱਭਿਆਚਾਰ, ਕੰਮ ਧੰਦਿਆਂ ਅਤੇ ਉਨ੍ਹਾਂ ਨਾਲ ਜੁੜੇ ਸ੍ਰੋਤ ਜਾਂ ਮਸ਼ੀਨਰੀ, ਲੋਕ ਗੀਤਾਂ, ਪੰਜਾਬ ਦੇ ਵਿਰਾਸਤੀ ਅਤੇ ਦਰਸ਼ਨੀ ਦਰਵਾਜ਼ੇ ਅਤੇ ਇਮਾਰਤਾਂ ਆਦਿ ਨਾਲ ਜੁੜੀ ਹੋਈ ਸਮੱਗਰੀ ਵੀ ਇਸ ਪੁਸਤਕ ਦਾ ਆਧਾਰ ਬਣਦੀ ਹੈ। 'ਆਓ ਕਰੀਏ ਸੈਰ ਪੁਆਧ ਦੀ', 'ਆਓ ਫਰੋਲੀਏ ਖੰਡਰ ਸਰਹਿੰਦ ਦੇ', 'ਪਿੰਡ ਮਲੋਆ ਬਣਿਆ ਪੁਆਧ ਦਾ ਮਲਾਇਆ', 'ਸਿੱਖ ਗੁਰੂ ਸਾਹਿਬਾਨ ਵਲੋਂ ਵਸਾਏ ਪਵਿੱਤਰ ਨਗਰ', 'ਬਾਬਾ ਬੰਦਾ ਸਿੰਘ ਬਹਾਦਰ ਸਿੰਘ ਜੀ ਦੇ ਸਫ਼ਰ ਦਾ ਪਹਿਲਾ ਪੜਾਅ-ਪਿੰਡ ਸਿਹਰੀ ਖਾਂਡਾ (ਸੋਨੀਪਤ)', 'ਪਾਤਸ਼ਾਹੀ ਛੇਵੀਂ ਅਤੇ ਪਾਤਸ਼ਾਹੀ ਦਸਵੀਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ-ਕਟਾਣਾ ਸਾਹਿਬ' ਮਜ਼ਮੂਨਾਂ ਵਿਚ ਭੂਗੋਲਿਕ, ਧਾਰਮਿਕ ਅਕੀਦੇ ਅਤੇ ਇਤਿਹਾਸਕ ਨਜ਼ਰੀਏ ਨੂੰ ਤਫ਼ਸੀਲ ਨਾਲ ਉਜਾਗਰ ਕੀਤਾ ਗਿਆ ਹੈ। ਵਰਤਮਾਨ ਦੌਰ ਵਿਚ ਆਏ ਭਾਂਤ ਸੁਭਾਂਤੇ ਪਰਿਵਰਤਨ ਅਤੇ ਦਿੱਖ ਵੀ ਇਨ੍ਹਾਂ ਮਜ਼ਮੂਨਾਂ ਵਿਚੋਂ ਰੂਪਮਾਨ ਹੁੰਦੀ ਹੈ। ਇਸੇ ਪ੍ਰਕਾਰ 'ਵਾਹ ਕੁੜੀਆਂ ਮੇਰੇ ਦੇਸ਼ ਦੀਆਂ', 'ਪਿੰਡਾਂ ਦੇ ਬਨੇਰਿਆਂ ਤੋਂ ਅਲੋਪ ਹੋਈਆਂ ਸਿੱਠਣੀਆਂ', 'ਆਖ਼ਿਰ ਲੱਭ ਹੀ ਗਈ ਦੇਸੀ ਖੰਡ ਕੱਢਣੀ ਮਸ਼ੀਨ', 'ਪਿੰਡ ਉਟਾਲਾ ਦੀ ਗੈਂਡਾ ਪੱਤੀ ਵਿਚ ਬਣਿਆ ਨਵਾਂ ਵਿਲੱਖਣ ਦਰਸ਼ਨੀ ਦਰਵਾਜ਼ਾ', 'ਅਲੋਪ ਹੋਇਆ ਬੱਚਿਆਂ ਦਾ ਮਨੋਰੰਜਕ ਗੁਲੇਲਾ ਖੇਡਣਾ', ਕਦੇ ਰੌਚਕ ਨਜ਼ਾਰਾ ਪੇਸ਼ ਕਰਦੇ ਸਨ ਪਿੰਡਾਂ ਵਿਚ ਵੱਜਦੇ-ਪੰਚਾਇਤੀ ਰੇਡੀਓ, ਬਾਪੂ ਵੇ ਆਟਾ ਲੈ ਆਈਂ ਘਰਾਟਾਂ ਦਾ ਅਤੇ ਆਹ ਲੈ ਡੰਡੀਆਂ ਜੇਬ ਵਿਚ ਪਾ ਲੈ' ਪੰਜਾਬੀ ਸੱਭਿਆਚਾਰ ਅਤੇ ਕੰਮ ਧੰਦਿਆਂ ਦੀ ਪੁਰਾਤਨ ਅਤੇ ਵਰਤਮਾਨ ਸਥਿਤੀ ਨੂੰ ਦਰਸਾਉਂਦੇ ਹਨ। ਕੁਝ ਹੋਰ ਦਿਲਚਸਪ ਲੇਖਾਂ ਵਿਚ ਦੇਸ਼ ਭਗਤੀ ਅਤੇ ਬੱਚਿਆਂ ਨੂੰ ਧਾਰਮਿਕ ਪ੍ਰਵਿਰਤੀ ਨਾਲ ਜੋੜਦੇ ਹਨ। ਇਸ ਪੁਸਤਕ ਵਿਚ ਰੰਗਦਾਰ ਤਸਵੀਰਾਂ ਪੁਸਤਕ ਦੇ ਮਹੱਤਵ ਵਿਚ ਵਾਧਾ ਕਰਦੀਆਂ ਹਨ ਅਤੇ ਜਿਗਿਆਸਾ ਪੈਦਾ ਕਰਦੀਆਂ ਹਨ। ਕੁੱਲ ਮਿਲਾ ਕੇ ਆਪਣੇ ਮੁੱਖ ਚਿੱਤਰ ਸਮੇਤ ਇਹ ਪੁਸਤਕ ਨਿੱਗਰ ਸਮੱਗਰੀ ਦਾ ਇਕ ਸੁੰਦਰ ਗੁਲਦਸਤਾ ਸਿੱਧ ਹੁੰਦੀ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾ. : 9814423703

ਪਿੱਛੇ ਮੁੜ ਕੇ ਦੇਖਿਆ
ਲੇਖਕ : ਯਾਦਵਿੰਦਰ ਸਿੰਘ ਤਪਾ
ਪ੍ਰਕਾਸ਼ਕ : ਲੋਕ ਰੰਗ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 168
ਸੰਪਰਕ : 98550-40941

ਇਸ ਸਵੈ-ਜੀਵਨੀ ਤੋਂ ਪਹਿਲਾਂ, ਲੇਖਕ ਇਕ ਕਹਾਣੀ ਸੰਗ੍ਰਹਿ ਅਤੇ ਦੋ ਨਾਵਲ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸ ਸਵੈ-ਜੀਵਨੀ ਦੇ 35 ਕਾਂਡ ਹਨ। ਇਸ ਸਵੈ-ਜੀਵਨੀ ਵਿਚ ਜਿਥੇ ਉਸ ਦੇ ਬਚਪਨ ਦੀਆਂ ਯਾਦਾਂ ਹਨ, ਉਥੇ ਆਪਣੇ ਤਪਾ ਸ਼ਹਿਰ ਦੇ ਗਲੀ-ਮੁਹੱਲੇ, ਦੋਸਤ-ਮਿੱਤਰ, ਉਸ ਦੀ ਕਿਸ਼ੋਰ ਅਵਸਥਾ ਪਾਰ ਕਰਦਿਆਂ ਚੜ੍ਹਦੀ ਜਵਾਨੀ ਦੀਆਂ ਖੁਸ਼ਗਵਾਰ ਯਾਦਾਂ ਹਨ। ਲੇਖਕ ਆਪਣੀਆਂ ਕੌੜੀਆਂ-ਮਿੱਠੀਆਂ ਯਾਦਾਂ ਨੂੰ ਰੌਚਿਕ ਢੰਗ ਨਾਲ ਪੇਸ਼ ਕਰਦਾ ਹੈ। ਬਚਪਨ ਤੇ ਕਿਸ਼ੋਰ ਉਮਰ ਦੀਆਂ ਘਟਨਾਵਾਂ ਉਸ ਨੂੰ ਯਾਦ ਹਨ, ਜਿਨ੍ਹਾਂ ਨੂੰ ਉਹ ਹੂ-ਬ-ਹੂ ਚਿਤਰਦਾ ਹੈ। ਲੇਖਕ ਨੇ ਇਹ ਆਪਣੀ ਪਹਿਲੀ ਸਵੈ-ਜੀਵਨੀ 1991 ਈ: ਵਿਚ ਲਿਖਣੀ ਆਰੰਭ ਕੀਤੀ ਸੀ। ਉਸ ਸਮੇਂ ਇਹ ਅਖ਼ਬਾਰ 'ਅੱਜ ਦੀ ਆਵਾਜ਼' ਵਿਚ ਹਰ ਐਤਵਾਰ ਵਾਲੇ ਦਿਨ ਪ੍ਰਕਾਸ਼ਿਤ ਹੁੰਦੀ ਸੀ।
'ਪਿੱਛੇ ਮੁੜ ਕੇ ਦੇਖਿਆ' ਸਵੈ-ਜੀਵਨੀ, ਯਾਦਾਂ ਦੀਆਂ ਖ਼ੁਸ਼ਬੋਈਆਂ ਵੰਡਦੀ, 'ਮਾਰੂ ਬੇਰੀਆਂ ਦੇ ਮਿੱਠੇ ਬੇਰਾਂ, ਨੂੰ ਯਾਦ ਕਰਦੀ', 'ਆਟੇ ਦੇ ਵਿਚ ਹੱਥ ਵੇ, ਘਟਨਾ ਦਾ ਜ਼ਿਕਰ ਕਰਦੀ, ਸੂਰਜਾ ਸੂਰਜਾ ਫੱਟੀ ਸੁਕਾ', ਵਸਣਾ ਸ਼ਰੀਕਾਂ' ਦੀਆਂ ਬਾਤਾਂ ਪਾਉਂਦੀ, 'ਕੰਗਣੀ ਵਾਲਾ ਗਲਾਸ' ਨੂੰ ਮੁੜ ਚੇਤੇ ਕਰਦੀ, ਸੇਜਲ ਅੱਖੀਆਂ ਦੀ ਚੀਸ ਝੱਲਦੀ, ਛਾਤਾ ਫੌਜੀਆਂ ਗੱਲਾਂ ਕਰਦੀ, ਵਿਰਾਨ ਖੂਹੀ ਦਾ ਦਰਦ ਸਹਿੰਦੀ, ਕਵਿਤਾ ਦੇ ਜਨਮ ਦੀਆਂ ਬਾਤਾਂ ਪਾਉਂਦੀ ਹੈ। ਲੇਖਕ ਦੀ ਇਹ ਸਵੈ-ਜੀਵਨੀ ਦਾ ਇਹ ਭਾਗ ਉਸ ਦੀ ਕਿਸ਼ੋਰ, ਜਵਾਨੀ ਸਮੇਂ ਦੀਆਂ ਮਿੱਠੀਆਂ ਕੌੜੀਆਂ ਯਾਦਾਂ ਹਨ। ਉਸ ਦੀ ਲਿਖਤ ਵਿਚ ਰੌਚਕਤਾ, ਰਵਾਨੀ ਅਤੇ ਆਕਸ਼ਨ ਹੈ। ਆਪਣੀ ਲਿਖਤ ਦੀ ਇਹ ਸ਼ੈਲੀ ਅੰਦਰ ਪੇਂਡੂ ਮਹਾਵਰੇ ਹਨ। ਇਤਿਹਾਸ ਜੋ ਬੀਤ ਗਿਆ, ਉਸ ਨੇ ਅੱਖੀਂ ਦੇਖਿਆ, ਤਨ ਤੋਂ ਹੰਢਾਇਆ ਹੈ, ਦਾ ਹਾਲ ਉਸ ਨੇ ਆਪਣੀ ਕਲਮ ਨਾਲ ਆਪ ਲਿਖਿਆ ਹੈ, ਇੰਝ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਪੁਸਤਕ ਪੜ੍ਹਨਯੋਗ ਰੌਚਿਕ ਅਤੇ ਬੀਤੇ ਇਤਿਹਾਸ ਦਾ ਸਿਰਨਾਵਾਂ ਹੈ, ਜਿਸ ਨੂੰ ਅਸੀਂ ਤੁਸੀਂ ਹੰਢਾਇਆ, ਦੇਖਿਆ ਹੈ। ਪਾਠਕਾਂ ਲਈ ਇਸ ਪੁਸਤਕ ਦਾ ਪਾਠ ਕਰਨਾ, ਰੌਚਿਕ ਹੋਵੇਗਾ।

-ਡਾ. ਅਮਰ ਕੋਮਲ
ਮੋਬਾਈਲ : 84378-73565

ਸੁਨਹਿਰੇ ਪਲ
ਲੇਖਕ : ਚੌਧਰੀ ਅਮੀਂ ਚੰਦ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 94640-29540

ਹੱਥਲਾ ਕਾਵਿ-ਸੰਗ੍ਰਹਿ ਚੌਧਰੀ ਅਮੀਂ ਚੰਦ ਦੀ ਅੱਠਵੀਂ ਪ੍ਰਕਾਸ਼ਿਤ ਪੁਸਤਕ ਹੈ। ਤਸੱਲੀ ਵਾਲੀ ਗੱਲ ਹੈ ਕਿ ਉਹ ਜਾਤ, ਧਰਮ ਅਤੇ ਸਰਹੱਦਾਂ ਦੀ ਵਲਗਣ ਤੋਂ ਪਾਰ ਦੀ ਮਾਨਵਤਾਵਾਦੀ ਬ੍ਰਹਿਮੰਡੀ ਸੋਚ ਦੇ ਧਾਰਨੀ ਹਨ। ਲੋਕ-ਵਿਰੋਧੀ ਤਾਕਤਾਂ ਵਲੋਂ ਲੋਕਾਂ ਨੂੰ ਵੰਡ ਕੇ ਆਪਸ ਵਿਚ ਲੜਾਉਣ ਦੇ ਮਨਸੂਬਿਆਂ ਦਾ ਉਹ ਬੜੀ ਬੁਲੰਦ ਆਵਾਜ਼ ਵਿਚ ਵਿਰੋਧ ਕਰਦੇ ਹਨ। ਉਨ੍ਹਾਂ ਦੀ ਇੱਛਾ ਹੈ ਕਿ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਲੋਕ ਬਿਨਾਂ ਕਿਸੇ ਵੈਰ-ਵਿਰੋਧ ਤੋਂ ਰਲ-ਮਿਲ ਕੇ ਇਕ ਪਰਿਵਾਰ ਵਾਂਗ ਰਹਿਣ:
ਮੇਰੀ ਧਰਤੀ ਮੇਰਾ ਅੰਬਰ ਦੀ ਸੋਚ ਬਣਾ ਕੇ
ਜਿੱਥੇ ਮਰਜ਼ੀ ਉਡਾਰੀ ਭਰ, ਬ੍ਰਹਿਮੰਡ ਸਾਰਾ ਤੇਰਾ,
ਵੰਡ-ਵੰਡਾਈ 'ਚ ਲੈਣਾ ਕੀ ਨੌਜਵਾਨੋ?
ਧਰਤੀ ਮਾਂ ਸਭ ਦੀ ਸਾਂਝੀ ਹੁੰਦੀ।
ਅਮੀਂ ਚੰਦ ਦਾ ਸੁਪਨਾ ਹੈ ਕਿ ਇਹ ਸਮੁੱਚਾ ਵਿਸ਼ਵ ਹੀ ਬੇਗਮਪੁਰਾ ਬਣ ਜਾਵੇ, ਜਿੱਥੇ ਨਾ ਕੋਈ ਲੁੱਟਿਆ ਜਾਵੇ ਅਤੇ ਨਾ ਹੀ ਕੋਈ ਲੁੱਟ ਕਰਨ ਵਾਲਾ ਹੋਵੇ ਪਰ ਉਹ ਫ਼ਿਕਰਮੰਦ ਹਨ ਕਿ ਲੋਕਾਂ ਦੇ ਹੱਕਾਂ ਲਈ ਲੜਨ ਦਾ ਦਾਅਵਾ ਕਰਨ ਵਾਲੇ ਲੋਕ ਵੀ ਆਪਸੀ ਖਹਿਬਾਜ਼ੀ ਤੋਂ ਉੱਪਰ ਨਹੀਂ ਉੱਠ ਸਕੇ, ਜਿਸ ਕਰਕੇ ਉਨ੍ਹਾਂ ਵਲੋਂ ਲਗਾਏ ਜਾਂਦੇ ਇਨਕਲਾਬ ਦੇ ਨਾਅਰੇ ਵੀ ਰਵਾਇਤੀ ਲੱਗਣ ਲੱਗ ਪਏ ਹਨ। ਉਨ੍ਹਾਂ ਨੂੰ ਅਫ਼ਸੋਸ ਹੈ ਕਿ ਭਾਰਤੀ ਕਮਿਊਨਿਸਟ ਵੀ ਕਿਰਤੀ ਵਰਗ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰ ਸਕੇ:
ਏਕੇ ਦਾ ਨਾਅਰਾ ਤਾਂ ਲਾਉਂਦੇ ਰਹੇ
ਪਰ ਕਿਰਤੀ ਬਣ ਕੇ ਕਾਮਿਆਂ ਨੂੰ 'ਕੱਠੇ ਨਾ ਕਰ ਸਕੇ,
ਮੁੱਦਿਆਂ 'ਤੇ ਬਹਿਸ ਕਰ ਕੇ ਆਪਸ ਵਿਚ ਲੜਦੇ ਰਹੇ
ਨਿੱਜੀ ਮਸਲਿਆਂ ਉੱਤੇ। ਅਮੀਂ ਚੰਦ ਨੇ ਆਪਣਾ ਸਾਹਿਤਕ ਸਫ਼ਰ ਸ੍ਰੀ ਗੁਰੂ ਰਵਿਦਾਸ ਬਾਣੀ ਦੇ ਫ਼ਲਸਫ਼ੇ ਨਾਲ ਸੰਬੰਧਿਤ ਪੁਸਤਕ 'ਸੱਚ ਕਹੈ ਰਵਿਦਾਸ' ਨਾਲ ਸ਼ੁਰੂ ਕੀਤਾ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਦੀਆਂ ਰਚਨਾਵਾਂ ਆਮ ਲੋਕਾਂ ਦਾ ਮਨੋਰੰਜਨ ਨਹੀਂ ਕਰਦੀਆਂ ਬਲਕਿ ਉਨ੍ਹਾਂ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤੌਰ 'ਤੇ ਜਾਗਰੂਕ ਕਰ ਕੇ ਸੁਚੱਜਾ ਜੀਵਨ ਜਿਊਣ ਦੇ ਸਮਰੱਥ ਬਣਾਉਂਦੀਆਂ ਹਨ। ਤੰਗੀਆਂ-ਤੁਰਸ਼ੀਆਂ ਦੇ ਭੰਨੇ ਆਮ ਲੋਕਾਂ ਦੀ ਗੱਲ ਛੇੜਦਾ ਉਨ੍ਹਾਂ ਦਾ ਇਹ ਸੁਹਿਰਦ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਸਿੱਖ ਰਾਜ ਦਾ ਰਹੱਸਮਈ ਇਤਿਹਾਸ
ਲੇਖਕ : ਜਾਰਜ ਕਾਰਮਾਈਕਲ ਸਮਿਥ
ਅਨੁਵਾਦਕ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਮਾਨ ਬੁੱਕ ਸਟੋਰ ਪਬਲੀਕੇਸ਼ਨ, ਬਠਿੰਡਾ
ਮੁੱਲ : 400 ਰੁਪਏ, ਸਫ਼ੇ : 240
ਸੰਪਰਕ : 78142-49655

ਇਤਿਹਾਸ ਇਕ ਅਜਿਹਾ ਬਿਰਤਾਂਤ ਹੁੰਦਾ ਹੈ ਜੋ ਲਿਖਣ ਵਾਲਿਆਂ ਦੀ ਮਨਸ਼ਾ ਅਤੇ ਹਿਤਾਂ ਦੇ ਅਧੀਨ ਚਲਦਾ ਹੈ। ਇਸ ਸੂਰਤ ਵਿਚ ਬਿਲਕੁਲ ਸੱਚਾ ਇਤਿਹਾਸ ਕੋਈ ਨਹੀਂ ਹੁੰਦਾ। ਪ੍ਰਮੁੱਖ ਵਿਸ਼ਿਆਂ ਬਾਰੇ ਲਿਖੇ ਪ੍ਰਸਿੱਧ ਇਤਿਹਾਸਾਂ ਦੀ ਵਿਸ਼ਵਾਸਯੋਗਤਾ ਨੂੰ ਬਣਾਉਣ ਵਿਚ ਪਾਠਕਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ, ਪਾਠਕ ਕੇਵਲ ਉਸੇ ਇਤਿਹਾਸ ਨੂੰ ਪੜ੍ਹਨ ਦੀ ਚੋਣ ਕਰਦਾ ਹੈ, ਜੋ ਉਸ ਦੇ ਆਪਣੇ ਪੂਰਵਾਗ੍ਰਹਿਆਂ ਦੀ ਪੁਸ਼ਟੀ ਕਰਦਾ ਹੋਵੇ, ਉਨ੍ਹਾਂ ਉੱਪਰ ਮੋਹਰ ਲਗਾਉਂਦਾ ਹੋਵੇ। ਹਥਲੀ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨਾਲ ਸੰਬੰਧਿਤ ਕੁਝ ਉਨ੍ਹਾਂ ਹਨੇਰੇ ਕੋਨਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜੋ ਇਸ ਕਾਲ ਨੂੰ ਸਮਝਣ ਵਿਚ ਵਧੇਰੇ ਸਹਾਈ ਹੋ ਸਕਦੇ ਹਨ। ਇਸ ਪੁਸਤਕ ਦੀ ਸਮੱਗਰੀ ਨੂੰ ਤਿਆਰ ਕਰਨ ਵਿਚ ਖ਼ਾਲਸਾ ਫ਼ੌਜ ਦੇ ਇਕ ਅਫ਼ਸਰ ਕੈਪਟਨ ਗਾਰਡਨਰ ਦੀਆਂ ਲਿਖਤਾਂ ਅਤੇ ਬਿਆਨਾਂ ਨੂੰ ਆਧਾਰ ਬਣਾਇਆ ਗਿਆ ਹੈ, ਜੋ ਕਈ ਵਰ੍ਹੇ ਅੰਗਰੇਜ਼ ਹਕੂਮਤ ਵੱਲ ਖੁਫ਼ੀਆ ਰਿਪੋਰਟਾਂ ਭੇਜਦਾ ਰਿਹਾ ਸੀ। ਇਨ੍ਹਾਂ ਰਿਪੋਰਟਾਂ ਤੋਂ ਦਰਬਾਰ ਦੇ ਅੰਦਰੂਨੀ ਹਾਲਾਤ ਬਾਰੇ ਕਾਫ਼ੀ ਨਵੀਂ ਜਾਣਕਾਰੀ ਮਿਲਦੀ ਹੈ। ਜਿਵੇਂ : 1. ਸ਼ੇਰ ਸਿੰਘ ਮਹਾਰਾਜੇ ਦਾ ਪੁੱਤਰ ਨਹੀਂ ਸੀ, ਰਾਜਾ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਖ਼ਤਮ ਕਰਨ ਦੀ ਨੀਅਤ ਨਾਲ ਹੀ ਗੱਦੀ 'ਤੇ ਬਿਠਾਇਆ ਸੀ। 2. ਜੇ ਸਿੱਖ ਰਾਜ ਸੁਤੰਤਰ ਰਾਜ ਸੀ ਤਾਂ ਸਾਨੂੰ (ਅੰਗਰੇਜ਼ਾਂ ਨੂੰ), ਉਕਸਾਉਣ ਵਾਲੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਸਨ। 3. ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਿੱਖਾਂ ਨੇ ਸਤਲੁਜ ਪਾਰ ਕਰ ਕੇ ਹਮਲਾ ਕੀਤਾ ਪਰ ਕੀ ਉਸ ਤੋਂ ਪਹਿਲਾਂ ਸੰਧੀ ਰੱਦ ਨਹੀਂ ਹੋ ਚੁੱਕੀ ਸੀ? ਸੰਧੀ, ਰਣਜੀਤ ਸਿੰਘ ਨਾਲ ਸੀ, ਨਵੀਂ ਸਰਕਾਰ ਨਾਲ ਕੋਈ ਸੰਧੀ ਨਹੀਂ ਸੀ...। ਜਾਰਜ ਸਮਿੱਥ ਨੇ ਇਹ ਪੁਸਤਕ ਜਨਵਰੀ 1847 ਵਿਚ ਜਲੰਧਰ ਵਿਖੇ ਮੁਕੰਮਲ ਕੀਤੀ ਸੀ। ਇਸ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ, ਇਤਿਹਾਸ, ਲਾਹੌਰ ਦਰਬਾਰ ਦੇ ਸਰੂਪ, ਮਹਾਰਾਜ ਸ਼ੇਰ ਸਿੰਘ, ਲਾਹੌਰ ਦਰਬਾਰ ਦੀ ਕਤਲੋਗ਼ਾਰਤ, ਅੰਗਰੇਜ਼ਾਂ ਨਾਲ ਲੜਾਈਆਂ ਅਤੇ ਅਕਾਲੀ ਫੂਲਾ ਸਿੰਘ ਵਰਗੇ ਦਲੇਰ ਅਤੇ ਸੱਚੇ ਅਕਾਲੀਆਂ ਬਾਰੇ ਕਾਫ਼ੀ ਸਟੀਕ ਅਤੇ ਨਵੀਂ ਜਾਣਕਾਰੀ ਹਾਸਲ ਹੁੰਦੀ ਹੈ। ਇਹ ਪੁਸਤਕ ਮਹਾਰਾਜਾ ਰਣਜੀਤ ਸਿੰਘ ਦੇ ਵਿਸ਼ਾਲ ਰਾਜ ਦੀ ਸਮਾਪਤੀ ਬਾਰੇ ਲਿਖੀ ਇਕ ਮਹੱਤਵਪੂਰਨ ਸਰੋਤ-ਪੁਸਤਕ ਹੈ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਸਬਰ-ਸੰਤੋਖ ਦਾ ਫ਼ਲ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿ:)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100ਰੁਪਏ, ਸਫ਼ੇ : 31
ਸੰਪਰਕ : 98764-52223

ਬਾਲ ਸਾਹਿਤ ਵਿਚ ਬਾਲ ਕਹਾਣੀ ਇਕ ਰੌਚਿਕ ਮਾਧਿਅਮ ਹੈ। ਪ੍ਰਾਇਮਰੀ ਤੋਂ ਬਾਅਦ ਮਿਡਲ ਪੱਧਰ ਦੇ ਵਿਦਿਆਰਥੀਆਂ ਨੂੰ ਬਾਲ-ਕਹਾਣੀਆਂ ਪਸੰਦ ਹੁੰਦੀਆਂ ਹਨ। ਕਹਾਣੀਆਂ ਰਾਹੀਂ ਨੈਤਿਕ ਕਦਰਾਂ ਬਾਰੇ ਜਾਣਕਾਰੀ ਦੇਣੀ ਸੌਖੀ ਹੈ। ਬਾਲ ਕਹਾਣੀ ਦਾ ਪ੍ਰਾਰੰਭ ਲੋਕ-ਬਾਤਾਂ ਤੋਂ ਹੁੰਦਾ। ਸਾਡੇ ਬਜ਼ੁਰਗ ਰਾਤੜੀ-ਵੇਲੇ ਬੱਚਿਆਂ ਨੂੰ ਬਾਤਾਂ ਸੁਣਾਉਂਦੇ ਹੁੰਦੇ ਸਨ। ਉਹ ਕਹਾਣੀਆਂ ਰੌਚਿਕ ਹੁੰਦੀਆਂ ਸਨ ਤੇ ਸਿੱਖਿਆਦਾਇਕ ਵੀ। ਪੰਜਾਬੀ ਬਾਲ-ਕਹਾਣੀ ਵੀ ਉਸੀ ਪਰੰਪਰਾ ਤੋਂ ਅਗਾਂਹ ਅਜੋਕੇ ਸਮਿਆਂ ਨਾਲ ਗੱਲ ਕਰਦੀ ਹੈ। ਇਸ ਸੰਦਰਭ ਵਿਚ ਪ੍ਰਿੰ. ਗੋਸਲ ਦੀ ਵਿਚਾਰ ਅਧੀਨ ਬਾਲ-ਕਹਾਣੀਆਂ ਦੀ ਪੁਸਤਕ 'ਸਬਰ ਸੰਤੋਖ ਦਾ ਫ਼ਲ' ਸਾਡਾ ਧਿਆਨ ਖਿੱਚਦੀ ਹੈ। ਇਸ ਪੁਸਤਕ ਵਿਚ ਕੁੱਲ ਅੱਠ ਕਹਾਣੀਆਂ ਹਨ। 'ਅੱਗ ਲਗਾਊ ਮਹਾਤਮਾ' 'ਚ ਬਾਬੇ ਨਾਨਕ ਰਾਹੀਂ ਮਰਦਾਨੇ ਨਾਲ ਮਹਾਤਮਾ ਹੰਕਾਰੀ ਦੇ ਅੱਗ ਨਾਲ ਹਮਲਾ ਕਰਨ ਦੀ ਸਾਖੀ ਨੂੰ ਬਿਆਨਿਆ ਗਿਆ ਹੈ ਤੇ ਸਬਰ ਤੇ ਹਲੀਮੀ ਦੀ ਸਿੱਖਿਆ ਦਿੱਤੀ ਗਈ ਹੈ। 'ਦੋ ਬਿੱਲੀਆਂ ਵਾਲਾ ਇਨਸਾਫ਼' ਜੰਗਲੀ-ਜਾਨਵਰਾਂ ਸੱਪ, ਨਿਊਲੇ ਤੇ ਬਾਂਦਰ ਰਾਹੀਂ ਇਨਸਾਫ਼ ਕਰਨ ਦੀ ਵਿਧੀ ਨੂੰ ਵਰਨਣ ਕੀਤਾ ਗਿਆ 'ਦੋ ਸੁੱਕੀਆਂ ਰੋਟੀਆਂ ਦਾ ਮੁੱਲ' 'ਚ ਹੰਕਾਰੀ-ਜੋਤਸ਼ੀ ਨੂੰ ਮਹਾਤਮਾ ਦੀ ਸਿੱਖਿਆ ਦੇ ਕੇ ਠੀਕ ਕਰਦੇ ਹਨ। ਕਿਸੇ ਭੁੱਖ ਗ਼ਰੀਬ ਨੂੰ ਦਿੱਤੀਆਂ ਰੋਟੀਆਂ ਦਾ ਮੁੱਲ ਅਨੰਤ ਹੁੰਦਾ ਹੈ। 'ਏਕੇ ਦੀ ਬਰਕਤ' ਨਾਂਅ ਹੀ ਸਪੱਸ਼ਟ ਕਰਦਾ ਹੈ। ਕਹਾਣੀ 'ਚ ਝੋਟਿਆਂ ਦੀ ਏਕਤਾ ਜ਼ਾਲਮ ਸ਼ੇਰ ਨੂੰ ਹਰਾ ਦਿੰਦੀ ਹੈ। 'ਕੌੜੀ ਜ਼ੁਬਾਨ ਮੰਦੇ ਬੋਲ' 'ਚ ਸੇਠ ਨੂੰ ਸਮਝ ਆ ਗਈ ਕਿ ਬੰਦੇ ਦਾ ਸੁਭਾਅ ਹੀ ਕਿਸੇ ਧਾਰਮਿਕ ਯਾਤਰਾ ਤੋਂ ਵੱਧ ਮਹੱਤਵਪੂਰਨ ਹੈ। 'ਰੁੱਖ ਤੇ ਬੁੱਕ ਸਮਾਗਮ' 'ਚ ਚੰਡੀਗੜ੍ਹ ਸਕੂਲ ਦੇ ਸਮਾਗਮ ਰਾਹੀਂ ਫਲਦਾਰ ਰੁੱਖ ਲਾਉਣ ਦੀ ਪ੍ਰੇਰਨਾ ਦਿੱਤੀ ਗਈ। 'ਸਬਰ-ਸੰਤੋਖ ਅਤੇ ਇਮਾਨਦਾਰੀ ਦਾ ਸੁਮੇਲ' ਕਹਾਣੀ 'ਚ ਇਕ ਬਾਲੜ੍ਹੀ ਦੀ ਇਮਾਨਾਦਰੀ ਅਤੇ ਸਚਿਆਈ ਰੋਟੀ 'ਚੋਂ ਸੋਨੇ ਦੀ ਮੋਹਰ ਮੋੜਨ ਦੀ ਘਟਨਾ ਹੈ ਇਸ ਦੇ ਫਲਸਰੂਪ ਰਾਜਾ ਉਸ ਨੂੰ ਮਹਿਲਾਂ ਦੀ ਰਾਣੀ ਬਣਾ ਦਿੰਦਾ ਹੈ। ਬਜ਼ੁਰਗਾਂ ਦੀ ਸਿੱਖਿਆ ਰੰਗ ਲਿਆਉਂਦੀ। 'ਚਿੜੀ ਕਾਂ ਦੀ ਨਵੀਂ ਕਹਾਣੀ' ਨਵੇਂ ਸੰਕਲਪ ਸਿਰਦਰਦੀ। ਪੁਰਾਣੇ ਤੱਤਾਂ ਨੂੰ ਨਵੇਂ ਅਰਥ ਦਿੱਤੇ ਗਏ ਹਨ। ਮਿਹਨਤੀ ਚਿੜੀ ਜਿੱਤਦੀ ਤੇ ਚੰਨ ਉੱਪਰ ਮਕਾਨ ਬਣਾ ਲੈਂਦੀ ਹੈ ਤੇ ਆਲਸੀ ਕਾਂ ਧਰਤੀ 'ਤੇ ਪ੍ਰਦੂਸ਼ਣ ਕਾਰਨ ਮਰ ਜਾਂਦਾ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900

14-01-2024

ਆਪਣਿਆਂ ਦੇ ਸਨੇਹ ਨਾਲ ਬੁਣੀ ਗਈ ਫੁਲਕਾਰੀ 'ਦ ਮਿਦਾਸ ਟੱਚ'


ਪੰਜਾਬੀ ਸਮਾਜ ਅਤੇ ਕੌਮ ਦੇ ਇਕ ਅਹਿਮ ਸ਼ਖ਼ਸੀਅਤ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਦੇ ਨਿੱਜੀ ਵਿਚਾਰਾਂ ਨੂੰ ਲੈ ਕੇ ਅੰਗਰੇਜ਼ੀ ਵਿਚ ਲਿਖੀ ਗਈ ਪੁਸਤਕ 'ਐਨ ਇੰਸਪਾਇਰਡ ਲਾਈਫ਼ ਦ ਮਿਦਾਸ ਟੱਚ' ਆਪਣੀ ਵਰਣਾਤਮਿਕ ਸ਼ੈਲੀ ਅਤੇ ਅੰਤਰੰਗਤਾ ਨੂੰ ਲੈ ਕੇ ਕਾਫ਼ੀ ਚਰਚਿਤ ਬਣੀ ਹੈ।
ਇਸ ਤਰ੍ਹਾਂ ਇਸ ਲਈ ਕਿ ਇਸ ਵਿਚ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਦੇ ਜੀਵਨ ਬਿਰਤਾਂਤ ਦੇ ਵੱਖ-ਵੱਖ ਪੱਖਾਂ ਨੂੰ ਲੈ ਕੇ ਖ਼ੁਦ ਉਨ੍ਹਾਂ ਦੀ ਪਤਨੀ, ਉਨ੍ਹਾਂ ਦੇ ਬੇਟਿਆਂ ਅਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰਾਂ, ਸੰਬੰਧੀਆਂ ਦੇ ਉਨ੍ਹਾਂ ਬਾਰੇ ਪ੍ਰਗਟ ਕੀਤੇ ਗਏ ਵਿਚਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ 'ਦ ਮਿਦਾਸ ਟੱਚ' ਵੱਖ-ਵੱਖ ਖ਼ੁਸ਼ਬੂਆਂ ਵਾਲੇ ਫੁੱਲਾਂ ਦਾ ਸਮੂਹ ਹੈ। ਇਹ ਇਕ ਇਸ ਤਰ੍ਹਾਂ ਦੇ ਦਰੱਖਤ ਦੀ ਮਾਨਿੰਦ ਵੀ ਹੈ ਜਿਸ ਨੇ ਪਹਿਲਾਂ ਖ਼ੁਦ ਇਕ ਮਜ਼ਬੂਤ ਤਣੇ ਤੋਂ ਪੈਦਾ ਹੋਈਆਂ ਸ਼ਾਖਾਵਾਂ, ਟਹਿਣੀਆਂ ਅਤੇ ਫੁੱਲ-ਪੱਤੀਆਂ ਨੂੰ ਸੁਰੱਖਿਆ ਦਿੱਤੀ ਹੋਵੇ ਅਤੇ ਫਿਰ ਇਨ੍ਹਾਂ ਫੁੱਲ-ਪੱਤੀਆਂ ਨੇ ਆਪਣੀ ਖ਼ੁਸ਼ਬੂ ਤੋਂ ਮੁੜ ਦਰੱਖਤ ਨੂੰ ਸਰਾਬੋਰ ਕਰ ਦਿੱਤਾ ਹੋਵੇ।
ਪੁਸਤਕ ਵਿਚ ਵਰਣਿਤ ਤੱਥਾਂ ਅਤੇ ਕਥਨਾਂ ਅਨੁਸਾਰ ਇਸ ਪਰਿਵਾਰਕ ਦਰੱਖਤ ਦੀ ਨੀਂਹ ਅੱਖਾਂ ਦੇ ਮਾਹਿਰ ਰਹੇ ਡਾ. ਮਾਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸਰਦਾਰਨੀ ਅਜੀਤ ਕੌਰ ਨੇ ਰੱਖੀ। ਇਨ੍ਹਾਂ ਦੇ ਪੁੱਤਰ-ਪੁੱਤਰੀਆਂ ਦੇ ਅੱਠ ਮੈਂਬਰਾਂ ਵਿਚੋਂ ਅੱਗੇ ਇਕ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਦੇ ਦੋ ਪੁੱਤਰਾਂ ਇੰਜੀਨੀਅਰ ਰਤਨ ਇਕਬਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ. ਦਮਨਪ੍ਰੀਤ ਕੌਰ ਅਤੇ ਸਹਾਇਕ ਪ੍ਰੋਫ਼ੈਸਰ ਡਾ. ਹਰਨੂਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ. ਸ਼ਿਲਪਾ ਸਿੰਘ ਐਮ. ਡੀ. ਅਤੇ ਇਨ੍ਹਾਂ ਦੀ ਅਗਲੀ ਪੀੜ੍ਹੀ ਅਰਮਾਨ ਸਿੰਘ, ਯਸ਼ਪਾਲ ਸਿੰਘ ਅਤੇ ਸਿਮਰਨ ਨੇ ਇਸ ਨੂੰ ਪੂਰਾ ਆਕਾਰ ਦਿੱਤਾ ਹੈ। ਇਕ ਨਿਤਾਂਤ ਪਰਿਵਾਰਕ ਸਮਾਰੋਹ ਵਿਚ ਲੰਘੇ ਸਾਲ 20 ਦਸੰਬਰ 2023 ਨੂੰ ਉਨ੍ਹਾਂ ਦੇ ਛੋਟੇ ਸਪੁੱਤਰ ਹਰਨੂਰ ਸਿੰਘ ਨੇ ਇਸ ਪੁਸਤਕ ਦੀ ਇਕ ਕਾਪੀ ਉਦਘਾਟਨ ਵਜੋਂ ਆਪਣੇ ਪਿਤਾ ਜੀ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੂੰ ਸਨਮਾਨ ਸਹਿਤ ਭੇਟ ਕੀਤੀ। ਪੁਸਤਕ ਬਿਨਾਂ ਸ਼ੱਕ ਸੁਪਨਿਆਂ ਦੇ ਬੁਣੇ ਜਾਣ ਅਤੇ ਫਿਰ ਉਨ੍ਹਾਂ ਦੇ ਪੂਰਨ ਹੋਣ ਤੱਕ ਦੇ ਸਫ਼ਰ ਦਰਮਿਆਨ ਧਾਰਨ ਕੀਤੀ ਗਈ ਸਹਿਣਸ਼ੀਲਤਾ ਅਤੇ ਰਚਨਾਤਮਿਕਤਾ ਦਾ ਪ੍ਰਦਰਸ਼ਨ ਕਰਦੀ ਹੈ। ਉਨ੍ਹਾਂ ਦੀ ਉਮਰ ਤੋਂ ਵੀ ਵਧੇਰੇ ਉਨ੍ਹਾਂ ਦੇ ਗੁਣਾਂ ਨੂੰ ਦਰਸਾਉਂਦੀ ਇਹ ਪੁਸਤਕ ਪਰਿਵਾਰਕ ਮਾਹੌਲ ਦੇ ਸੁਖਾਂਤਕ ਪੱਖ ਨੂੰ ਬੜੇ ਸਾਦੇ ਢੰਗ ਨਾਲ ਪੇਸ਼ ਕਰਦੀ ਹੈ। ਬਿਨਾਂ ਸ਼ੱਕ ਜਿਸ ਨਿਪੁੰਨਤਾ ਨਾਲ ਇੰਜ: ਸੁਰਿੰਦਰ ਸਿੰਘ ਵਿਰਦੀ ਨੇ ਇਸ ਪਰਿਵਾਰਕ ਦਰੱਖਤ ਨੂੰ ਸਿੰਜਿਆ, ਉਸੇ ਤਰ੍ਹਾਂ ਅਥਾਹ ਸਨੇਹ ਅਤੇ ਆਪਣੇਪਨ ਨਾਲ ਇਸ ਦਰੱਖਤ ਦੀਆਂ ਫੁੱਲ-ਪੱਤੀਆਂ ਨੇ ਵਿਆਜ ਸਮੇਤ ਇਸ ਕਰਜ਼ ਨੂੰ ਉਤਾਰਿਆ ਹੈ। ਆਪਣੀ ਔਲਾਦ, ਆਪਣੇ ਪਰਿਵਾਰਕ ਮੁਆਸ਼ਿਰੇ ਅਤੇ ਆਪਣੇ ਆਲੇ-ਦੁਆਲੇ ਦੇ ਸਮਾਜ ਨਾਲ ਜੁੜੇ ਲੋਕਾਂ ਵਲੋਂ ਪ੍ਰਗਟ ਕੀਤੇ ਗਏ ਗੂੜ੍ਹੇ ਅਤੇ ਸਨੇਹ ਭਰਪੂਰ ਭਾਵਨਾਵਾਂ ਦੇ ਰੰਗ-ਬਿਰੰਗੇ ਧਾਗਿਆਂ ਨਾਲ ਬੁਣੀ ਗਈ ਇਹ ਫੁਲਕਾਰੀ ਉਨ੍ਹਾਂ ਦੇ ਆਪਣਿਆਂ ਦੀਆਂ ਪਰਿਵਾਰਕ ਲਾਇਬ੍ਰੇਰੀਆਂ ਵਿਚ ਸੰਭਾਲ ਕੇ ਰੱਖੀ ਜਾਣ ਵਾਲੀ ਪੁਸਤਕ ਬਣੀ ਹੈ। ਪੁਸਤਕ ਵਿਚ ਵਿਰਦੀ ਜੀ ਨਾਲ ਸੰਬੰਧਿਤ ਚਿੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਛਪੇ ਚਿੱਤਰਾਂ ਨੇ ਇਸ ਦੇ ਸੁੰਦਰਤਾ ਪੱਖ ਨੂੰ ਨਿਖਾਰ ਪ੍ਰਦਾਨ ਕੀਤਾ ਹੈ। ਵਰਣਨ ਦੀ ਸਾਦਗੀ ਭਾਸ਼ਾਵਾਂ ਦੀ ਦੀਵਾਰ ਨੂੰ ਲੰਘ ਜਾਂਦੀ ਹੈ।


-ਸਿਮਰ ਸਦੋਸ਼
ਮੋਬਾਈਲ : 94177-56262


ਜ਼ਿੰਦਗੀ ਦੇ ਅੰਗ-ਸੰਗ
ਲੇਖਕ : ਲੋਕ ਨਾਥ ਸ਼ਰਮਾ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 98
ਸੰਪਰਕ : 94171-76877


ਲੋਕ ਨਾਥ ਸ਼ਰਮਾ, ਬਹੁਮੁਖੀ ਗਿਆਨ ਦੇ ਵਿਦਵਾਨ ਪੁਰਸ਼ ਹਨ, ਜ਼ਿੰਦਗੀ ਦੇ ਅੰਗ-ਸੰਗ ਆਪ ਦੀ ਨਿਬੰਧਾਂ ਦੀ ਪੁਸਤਕ 'ਜ਼ਿੰਦਗੀ ਨੂੰ ਕਲਾਤਮਿਕ ਸਹਿਜਾਤਮ ਅਤੇ ਸਹਿਜਾਤਮ ਜਿਊਣ ਦੀ ਅਭਿਲਾਸ਼ਾ ਕਰਦੇ ਪਾਠਕਾਂ ਲਈ ਵਡਮੁੱਲੀ ਦਾਤ, ਸੁਗਾਤ ਹੈ। 'ਤਤਕਰੇ' ਤੋਂ ਪਤਾ ਲਗਦਾ ਹੈ ਕਿ ਇਸ ਵਿਚ ਤਿੰਨ ਦਰਜਨ ਤੋਂ ਦੋ ਨਿਬੰਧ ਉੱਪਰ ਹਨ, ਜਿਨ੍ਹਾਂ ਸਾਰਿਆਂ ਅੰਦਰ 'ਚੜ੍ਹਦੀ ਕਲਾ ਦਾ ਸੰਕਲਪ ਹੈ, ਜੀਓ ਤੇ ਜੀਣ ਦਿਓ' ਦਾ ਸੁਨੇਹੜਾ ਹੈ। ਇਕਾਗਰਤਾ ਦਾ ਸੰਕਲਪ ਧਾਰਨ ਕਰਨ ਦੀ ਕਲਾਤਮ-ਜੁਗਤ ਹੈ। ਆਲੋਚਨਾ ਤੋਂ ਸਿੱਖਣ ਦੀ ਦ੍ਰਿਸ਼ਟੀ ਧਾਰਨ ਕਰਨ ਦੇ ਸੁਨੇਹੇ ਹਨ। ਮਹਿਮਾਨ ਨਿਵਾਜੀ ਕਰਨ ਦੀ ਕਲਾ ਸਿੱਖਣ ਦੇ ਫਾਰਮੂਲੇ ਹਨ। ਹੱਸਣ ਮੁਸਕਰਾਉਣ ਦੀ ਕਲਾਤਮਿਕਤਾ ਸਮਝਣ ਦੀ ਮਹੱਤਤਾ ਦੱਸੀ ਗਈ ਹੈ। ਕੌਮ ਤੋਂ ਬਗ਼ੈਰ ਬੰਦਾ ਕਿਵੇਂ ਅਨੁਭਵ ਕਰਦਾ ਹੈ। ਤਜਰਬਿਆਂ ਲਈ ਵੀ ਅਕਲ ਦੀ ਲੋੜ ਹੈ। ਪ੍ਰਸੰਸਾ ਕਰਨੀ ਤੇ ਸੁਣਨੀ ਔਖੀ ਲਗਦੀ ਹੈ। ਬ੍ਰੇਕ ਜ਼ਰੂਰੀ ਹੈ। ਹੇ ਕੁਰਸੀ! ਤੈਨੂੰ ਸਲਾਮ, ਪੈਸਾ ਕਿ ਦੋਸਤ, ਬਦਲ ਗਿਆ ਇਨਸਾਨ, ਕਿੰਨਾ? ਮੌਸਮ ਅੱਜਕਲ੍ਹ ਦਾ, ਤਿੰਨ ਰੰਗ ਨਹੀਂ ਲੱਭਣੇ, ਅਸਫ਼ਲਤਾ ਕਿਉਂ? ਸਫ਼ਲਤਾ ਕਿਵੇਂ ਆਦਿ ਜੋ ਨਿਬੰਧ ਹਨ, ਉਨ੍ਹਾਂ ਵਿਚ ਧਾਰਨ ਕੀਤੀ ਦ੍ਰਿਸ਼ਟੀ ਦੇ ਆਧਾਰੀ-ਤੱਤ, ਪ੍ਰਗਤੀਵਾਦੀ ਅਥਵਾ ਚੜ੍ਹਦੀ ਕਲਾ ਦਾ ਸੰਕਲਪ ਹੈ। ਮਾਯੂਸੀ, ਦਲਿਦਰਪੁਣਾ, ਨਿਰਾਸ਼ਾ, ਰੋਣਾ, ਪਿੱਟਣਾ, ਮਾਯੂਸ ਹੋ ਕੇ ਨਸ਼ੇ ਕਰਨਾ, ਲੁੱਟਣਾ ਖੋਹਣਾ, ਤੋਂ ਵਿਅਕਤੀ ਕਦੇ ਕੁਝ ਪ੍ਰਾਪਤ ਨਹੀਂ ਕਰ ਸਕਦਾ, ਬਲਕਿ ਡਰ, ਨਿਰਾਸ਼ਾ, ਚਿੰਤਾ, ਬੁਜ਼ਦਿਲੀ ਹੀ ਪ੍ਰਾਪਤ ਕਰਦਾ ਹੈ। ਲੋਕ ਨਾਥ ਸ਼ਰਮਾ ਨੇ ਇਨ੍ਹਾਂ ਨਿਬੰਧਾਂ ਰਾਹੀਂ ਜਿਥੇ ਜੀਣ-ਥੀਣ ਦੀ ਕਲਾ ਸਿਖਾਈ ਹੈ, ਉਥੇ ਸਾਕਾਰਾਤਮਿਕ ਉੱਦਮੀ, ਸੇਵਕ-ਸ਼ਹਿਰੀ ਬਣਨ ਦੀਆਂ ਸੁਨੀਤੀਆਂ ਗ੍ਰਹਿਣ ਕਰਨ ਦੇ ਗੁਣ ਵੀ ਦੱਸੇ ਹਨ। ਜਿਉਂ-ਜਿਉਂ ਪੁਸਤਕ ਦੇ ਨਿਬੰਧਾਂ ਦਾ ਪਾਠ ਕਰੋਗੇ, ਆਪਣੇ ਤਨ-ਮਨ, ਬੁੱਧੀ ਅੰਦਰ ਅਕਸੀਰ-ਸ਼ਕਤੀ ਦਾ ਆਪਣੇ ਤਨ-ਮਨ ਅੰਦਰ ਸੰਚਾਰਨ ਸੰਚਾਲਨ ਹੁੰਦਾ ਅਨੁਭਵ ਕਰੋਗੇ।


-ਡਾ. ਅਮਰ ਕੋਮਲ
ਮੋਬਾਈਲ : 84378-73565
c c c


ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ
ਲੇਖਕ : ਵਿਲੀਅਮ ਜੀ. ਆਸਬੋਰਨ
ਅਨੁਵਾਦ : ਪ੍ਰੋ. ਜਸਪਾਲ ਘਈ
ਪ੍ਰਕਾਸ਼ਕ : ਮਾਨ ਬੁੱਕ ਸਟੋਰ ਪਬਲੀਕੇਸ਼ਨ, ਬਠਿੰਡਾ
ਮੁੱਲ : 250 ਰੁਪਏ, ਸਫ਼ੇ : 104
ਸੰਪਰਕ : 78142-49655


ਪ੍ਰੋ. ਜਸਪਾਲ ਘਈ ਨੇ ਕਾਲਜ ਵਿਚੋਂ ਐਸੋਸੀਏਟ ਪ੍ਰੋਫ਼ੈਸਰ ਵਜੋਂ ਸੇਵਾਮੁਕਤੀ ਉਪਰੰਤ ਵੀ ਮੌਲਿਕ ਅਤੇ ਅਨੁਵਾਦਿਤ ਸਾਹਿਤ ਦੀ ਸਿਰਜਣਾ ਦਾ ਕਾਰਜ ਪੂਰੀ ਸਿਦਕਦਿਲੀ ਨਾਲ ਜਾਰੀ ਰੱਖਿਆ ਹੋਇਆ ਹੈ। ਹਥਲੀ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਰਾਜ-ਪ੍ਰਬੰਧ ਸੰਬੰਧੀ ਇਕ ਅੰਗਰੇਜ਼ ਅਫ਼ਸਰ ਵਿਲੀਅਮ ਜਾਰਜ ਆਸਬੋਰਨ ਵਲੋਂ ਲਿਖੀ ਇਕ ਪੁਸਤਕ ਦਾ ਅਨੁਵਾਦ ਸੁਲੱਭ ਹੈ। ਆਸਬੋਰਨ ਆਪਣੇ ਵੇਲੇ ਦੇ ਗਵਰਨਰ ਜਨਰਲ ਲਾਰਡ ਆਕਲੈਂਡ (1836-1842) ਦਾ ਮਿਲਟਰੀ-ਸਕੱਤਰ ਸੀ। ਉਸ ਨੂੰ ਮਈ 1938 ਵਿਚ ਮਹਾਰਾਜੇ ਦੀ ਆਗਿਆ ਅਨੁਸਾਰ ਲਾਹੌਰ ਦਰਬਾਰ ਵਿਚ ਭੇਜਿਆ ਗਿਆ, ਜਿਥੇ ਉਹ ਜੁਲਾਈ ਮਹੀਨੇ ਤੱਕ ਰਿਹਾ। ਇਨ੍ਹਾਂ ਦੋ-ਤਿੰਨ ਮਹੀਨਿਆਂ ਦੇ ਪ੍ਰਭਾਵਾਂ ਨੂੰ ਆਸਬੋਰਨ ਨੇ ਇਕ ਡਾਇਰੀ/ਰੋਜ਼ਨਾਮਚੇ ਦੇ ਰੂਪ ਵਿਚ ਲਿਖਿਆ ਹੈ। ਸੰਖੇਪ ਹੋਣ ਦੇ ਬਾਵਜੂਦ ਇਸ ਵਿਚ ਦਿੱਤੇ ਗਏ ਵੇਰਵੇ ਕਾਫ਼ੀ ਮੁੱਲਵਾਨ ਹਨ।
ਮਹਾਰਾਜਾ ਰਣਜੀਤ ਸਿੰਘ ਇਕ ਬਹੁਤ ਸ਼ਕਤੀਸ਼ਾਲੀ ਅਤੇ ਦੂਰਅੰਦੇਸ਼ ਰਾਜਾ ਸੀ, ਜਿਸ ਨੇ ਸਿੱਖ ਰਾਜ ਦਾ ਪੰਜਾਬ, ਜੰਮੂ-ਕਸ਼ਮੀਰ ਅਤੇ ਪਿਸ਼ਾਵਰ-ਜਮਰੌਦ ਤੱਕ ਵਿਸਤਾਰ ਕਰ ਦਿੱਤਾ ਸੀ। ਉਹ ਹਠਧਰਮੀ ਰਾਜਾ ਨਹੀਂ ਸੀ ਬਲਕਿ ਪਰਿਸਥਿਤੀਆਂ ਦੀ ਮੰਗ ਅਨੁਸਾਰ ਫ਼ੈਸਲੇ ਲੈਂਦਾ ਸੀ। ਉਸ ਦੇ ਰਾਜ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਵਿਅਕਤੀ ਆਪੋ-ਆਪਣੀ ਯੋਗਤਾ ਅਨੁਸਾਰ ਮਿਲ-ਜੁਲ ਕੇ ਕੰਮ ਕਰਦੇ ਸਨ। ਉਸ ਨੇ ਆਪਣੀ ਸੈਨਾ ਨੂੰ ਯੂਰਪੀ ਢੰਗ ਦੀ ਸਿੱਖਿਆ ਦੇ ਰੱਖੀ ਸੀ। ਇਹੀ ਕਾਰਨ ਸੀ ਕਿ ਉਸ ਦੀ ਫ਼ੌਜ ਨਿਰੰਤਰ ਜਿੱਤਾਂ ਪ੍ਰਾਪਤ ਕਰਦੀ ਰਹੀ। ਉਹ ਆਪਣੇ ਜਾਨਸ਼ੀਨਾਂ ਨੂੰ ਰਾਜ ਪ੍ਰਬੰਧ ਵਿਚ ਦਖਲਅੰਦਾਜ਼ੀ ਨਹੀਂ ਸੀ ਕਰਨ ਦਿੰਦਾ, ਜਿਸ ਕਾਰਨ ਉਸ ਦੇ ਜਾਨਸ਼ੀਨ ਅਯੋਗ ਰਹਿ ਗਏ। ਮਹਾਰਾਜੇ ਉਪਰੰਤ ਕੁਝ ਵਰ੍ਹਿਆਂ ਵਿਚ ਹੀ ਉਸ ਦਾ ਵਿਸ਼ਾਲ ਰਾਜ ਖ਼ਤਮ ਹੋ ਗਿਆ। ਵਿਲੀਅਮ ਆਸਬੋਰਨ ਦੀ ਇਸ ਪੁਸਤਕ ਤੋਂ ਸਾਡੇ ਇਤਿਹਾਸਕਾਰ ਕਾਫ਼ੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਮਹਾਰਾਜੇ ਬਾਰੇ ਅਜੇ ਹੋਰ ਡੂੰਘੀ ਖੋਜ ਕਰਨ ਦੀ ਜ਼ਰੂਰਤ ਹੈ।


-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136


ਰੁੰਡ ਮਰੁੰਡੇ ਬਿਰਖ
ਗ਼ਜ਼ਲਕਾਰ : ਅਮਨਦੀਪ ਸਿੰਘ ਅਮਨ
ਪ੍ਰਕਾਸ਼ਕ : ਆਟਮ ਆਰਟ, ਪਟਿਆਲਾ
ਮੁੱਲ : 180 ਰੁਪਏ, ਸਫ਼ੇ : 115
ਸੰਪਰਕ : 91158-72450


ਪ੍ਰਸਿੱਧ ਸਾਹਿਤਕਾਰ ਅਤੇ ਸੰਵੇਦਨਸ਼ੀਲ ਸ਼ਿਅਰ ਸਿਰਜਕ ਅਮਨਦੀਪ ਸਿੰਘ ਅਮਨ ਦੀ ਇਹ ਪੰਜਵੀਂ ਸਾਹਿਤਕ ਕਿਤਾਬ ਹੈ, ਜਿਨ੍ਹਾਂ ਵਿਚ ਇਕ ਨਾਵਲ, ਇਕ ਕਾਵਿ-ਸੰਗ੍ਰਹਿ ਅਤੇ ਹਥਲੇ ਗ਼ਜ਼ਲ ਸੰਗ੍ਰਹਿ ਸਮੇਤ ਤਿੰਨ ਗ਼ਜ਼ਲ ਸੰਗ੍ਰਹਿ ਹਨ, 'ਪੌਣਾਂ ਦਾ ਸਿਮਰਨ' ਅਤੇ 'ਕੁਦਰਤ' ਗ਼ਜ਼ਲ ਸੰਗ੍ਰਹਿਆਂ ਨਾਲ ਸ਼ਾਇਰ ਅਮਨ ਇਕ ਸੰਵੇਦਨਸ਼ੀਲ ਅਤੇ ਨਵਭਾਵਬੋਧਕ ਸ਼ਾਇਰ ਵਜੋਂ ਗ਼ਜ਼ਲ ਸੰਸਾਰ ਵਿਚ ਸਥਾਪਿਤ ਹੋ ਗਿਆ ਸੀ। ਪੁਸਤਕ ਤਤਕਰਾ ਵਿਹੀਨ ਹੈ ਅਤੇ ਕਿਸੇ ਵੀ ਗ਼ਜ਼ਲ ਸੰਸਾਰ ਦਾ ਨਾ ਤਾਂ ਨਾਮਕਰਨ ਕੀਤਾ ਗਿਆ ਹੈ ਅਤੇ ਨਾ ਹੀ ਗ਼ਜ਼ਲ ਨੰਬਰ ਹਨ। ਅਲਬੱਤਾ ਇਸ ਗ਼ਜ਼ਲ ਸੰਗ੍ਰਹਿ ਦੇ 115 ਸਫ਼ਿਆਂ ਵਿਚ 108 ਗ਼ਜ਼ਲਾਂ ਮਹਿਕਦੀਆਂ ਹਨ। ਉਸ ਦੇ ਸ਼ਿਅਰ ਜਿਥੇ ਪੁਰ ਅਹਿਸਾਸ ਸਨ ਉਥੇ ਰੂਪ ਸਰੂਪ ਵਿਚ ਵੀ ਪਰਿਪੂਰਨ ਹਨ। ਉਸ ਦੇ ਬਹਿਰ, ਛੰਦ, ਮਕਤੇ, ਮਤਲੇ, ਕਾਫੀਏ ਅਤੇ ਰਦੀਫ ਸ਼ਗੁਫਤਾ ਹਨ। ਸਾਰੀਆਂ ਗ਼ਜ਼ਲਾਂ ਹੀ ਲੈਯੁਕਤ ਅਤੇ ਸ਼ਬਦ ਜੜ੍ਹਤ ਵਿਚ ਸੁੰਦਰ ਹਨ। ਉਸ ਦਾ ਇਕ-ਇਕ ਸ਼ਿਅਰ ਡੂੰਘੀ ਕਹਾਣੀ ਦਾ ਲਖਾਇਕ ਹੈ। ਕੁਝ ਸ਼ਿਅਰ ਵੇਖੋ :
-ਤੇਰੇ ਤੋਂ ਆਪਣੀ ਪੈਲੀ ਕਦੇ ਵੀ ਸਾਂਭ ਨਾ ਹੋਈ,
ਨਿਗ੍ਹਾ ਪਰ ਸ਼ਾਮਲਾਟਾਂ ਤੇ ਸਦਾ ਗਡਦਾ ਰਿਹਾ ਏਂ ਤੂੰ (ਸਫ਼ਾ 7)
-ਜੋਗੀਆਂ ਦੇ ਮਣਕਿਆਂ ਤੋਂ ਚੂਸਿਆ ਨਾ ਜ਼ਹਿਰ ਜਾਂਦਾ
ਦੋਗਲੇ ਨਾਗਾਂ ਨੇ ਆਪਣੇ ਡੰਗ ਬਦਲੇ ਮੈਂ ਕੀ ਆਖਾਂ (9)
-ਮਕਾਨਾਂ ਦੇ ਘਰਾਂ ਦਾ ਨਾਮ ਦੇਵਾਂ ਤਾਂ ਕਿਵੇਂ ਦੇਵਾਂ?
ਮੈਂ ਉੱਲੂ ਬੈਠਦੇ ਵੇਖੇ ਇਨ੍ਹਾਂ ਦੇ ਤਾਂ ਬਨੇਰੇ 'ਤੇ (10)
-ਇਹ ਕਿਸ ਤਰ੍ਹਾਂ ਦਾ ਅੰਬਰੀਂ ਧੂੰਆਂ ਚੜ੍ਹੀ ਜਾਵੇ ਨੀ ਮਾਂ,
ਅਗਨੀ ਬਿਨਾਂ ਆਲਾ ਦੁਆਲਾ ਸੜੀ ਜਾਵੇ ਨੀ ਮਾਂ।
(44)
-ਮੈਂ ਗ਼ਜ਼ਲ ਦੀ ਪੈੜ ਨੱਪੀ ਥਾਂ ਕੁਥਾਂ ਜਾ ਕੇ ਵੀ ਪਰ,
ਹੁਣ ਅਮਨ ਉਹ ਆਪ ਆਉਂਦੀ ਚਲ ਕੇ ਮੇਰੇ ਪਾਸ ਹੈ
(45)
-ਉਹ ਆਖਦੇ ਨੇ ਡਿਗਰੀਆਂ ਪੜ੍ਹ ਪੜ੍ਹ ਕੇ ਲਈਆਂ ਨੇ ਅਸੀਂ,
ਪਰ ਇਕ ਇਬਾਰਤ ਅੱਖ ਦੀ ਪੜ੍ਹ ਵੀ ਨਾ ਬੁੱਝੇ ਕੀ ਕਰਾਂ। (43)
-ਚੋਰ ਪਹਿਰੇਦਾਰ ਜਿਥੇ ਵੀ ਕਿਤੇ ਇਕ ਜੁੱਟ ਹੋਵਣ,
ਓਸ ਨਗਰੀ ਦੇ ਬਸ਼ਿੰਦੇ ਦਿਨ ਦਿਹਾੜੇ ਲੁੱਟ ਹੋਵਣ। (46)
-ਪੁੰਨ ਤੇਰੇ ਕੀਤਿਆਂ ਨੂੰ
ਜਾਣਦਾ ਹੈ ਕੁਲ ਜਹਾਨ,
ਬੈਠ ਸ਼ੀਸ਼ੇ ਸਾਹਮਣੇ ਸ਼ੀਸ਼ੇ ਤੋਂ
ਆਪਣੇ ਆਪ ਸੁਣ
ਅਮਨ ਦੀ ਸ਼ਾਇਰੀ ਵਿਚ ਉਹ ਸਾਰੇ ਗੁਣ ਹਨ ਜੋ ਸਮਕਾਲਿਕ ਸ਼ਾਇਰੀ ਵਿਚ ਸਲਾਹੁਣਯੋਗ ਬਣਦੇ ਹਨ। ਉਹ ਬੜੇ ਸਲੀਕੇ ਨਾਲ ਆਦਮੀ ਤੋਂ ਆਦਮੀ ਦੀ ਲਾਲਚ ਵੱਲ ਵਧਦੀ ਦੂਰੀ, ਰਿਸ਼ਤਿਆਂ ਵਿਚ ਕੁੜੱਤਣ ਅਤੇ ਸਮਾਜ ਵਿਚਲੀ ਵਿਸ਼ੇਸ਼ ਭਾਈਚਾਰਕ ਸਾਂਝ ਦੀ ਅਜੋਕੀ ਸਥਿਤੀ ਨੂੰ ਬਿਆਨ ਕਰਦਾ ਹੈ। ਉਹ ਪਤਾ ਵੀ ਨਹੀਂ ਲਗਦਾ ਕਿ ਧਰਮ ਮਜ਼ਹਬ ਦੇ ਵਿਗਾੜਾਂ ਉੱਤੇ ਮੂਕ ਉਂਗਲ ਚੁੱਕ ਜਾਂਦਾ ਹੈ। ਉਹ ਰਾਜਨੀਤਕ ਦੰਭ ਅਤੇ ਨਿਵਾਣਾਂ ਨੂੰ ਬਹੁਤ ਸਹਿਜ ਨਾਲ ਅਤੇ ਗ਼ਜ਼ਲਾਂ ਦੀ ਜ਼ਬਾਨ ਵਿਚ ਕਿੰਤਯੁਕਤ ਕਰਦਾ ਹੈ। 'ਰੁੰਡ ਮਰੁੰਡੇ ਰੁੱਖ' ਗ਼ਜ਼ਲ-ਸੰਗ੍ਰਹਿ ਨੂੰ ਮੈਂ ਦਿਲ ਤੋਂ ਜੀ ਆਇਆਂ ਕਹਿੰਦਾ ਹਾਂ।


-ਸੁਲੱਖਣ ਸਰਹੱਦੀ
ਮੋਬਾਈਲ : 94174-84337
c c c


ਉੱਗਦੇ ਸੂਰਜ ਦੀ ਅੱਖ

ਲੇਖਕ : ਪ੍ਰੋ. ਜਸਵੰਤ ਸਿੰਘ ਗੰਡਮ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ (ਰਜਿ:) ਫਗਵਾੜਾ
ਮੁੱਲ : 200 ਰੁਪਏ, ਸਫ਼ੇ : 176
ਸੰਪਰਕ : 98766-55055


ਦੋ ਪੁਸਤਕਾਂ 'ਕੁਝ ਤੇਰੀਆਂ ਕੁਝ ਮੇਰੀਆਂ' ਅਤੇ 'ਸੁੱਤੇ ਸ਼ਹਿਰ ਦਾ ਸਫ਼ਰ' ਤੋਂ ਬਾਅਦ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ 'ਉੱਗਦੇ ਸੂਰਜ ਦੀ ਅੱਖ' ਉਸ ਦੀ ਤੀਸਰੀ ਪੁਸਤਕ ਹੈ, ਜਿਸ ਵਿਚ 33 ਲੇਖ ਸ਼ਾਮਿਲ ਹਨ। ਪੁਸਤਕ ਵਿਚ ਵਿਚਾਰਕ ਅਤੇ ਵਿਅੰਗ ਲੇਖਾਂ ਤੋਂ ਇਲਾਵਾ ਫਲਾਂ ਬਾਰੇ ਲੇਖ ਤਾਂ ਸ਼ਾਮਿਲ ਹਨ ਹੀ, ਨਾਲ-ਨਾਲ ਲੇਖਕ ਦੇ ਸ਼ਬਦਾਂ 'ਚ 'ਮਾਂ-ਪਨ ਦੀ ਰੱਬਤਾ ਅਤੇ ਮਾਂ ਦੀ ਕਰਤਾਰੀ ਮਮਤਾ ਦੀ ਮਹਿਮਾ, ਸੂਰਜ-ਚੰਨ ਦੀ ਊਰਜਾ ਤੇ ਪ੍ਰਕਾਸ਼ ਦੀ ਗਾਥਾ ਅਤੇ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਲੇਖਾਂ ਤੋਂ ਇਲਾਵਾ ਇਸ ਪੁਸਤਕ ਵਿਚ ਮੇਰੇ ਇਕ ਰੂਹ ਦੇ ਰਿਸ਼ਤੇਦਾਰ (ਸੋਲਮੇਟ) ਸੰਬੰਧੀ ਵੀ ਲੇਖ ਹੈ।'
ਪ੍ਰੋ. ਜਸਵੰਤ ਸਿੰਘ ਗੰਡਮ ਪਾਇਦਾਰ ਵਾਰਤਕ ਲਿਖਣ ਵਾਲਾ ਲੇਖਕ ਹੈ ਅਤੇ ਉਸ ਲੜੀ ਦੇ ਪ੍ਰਸਿੱਧ ਲੇਖਕਾਂ 'ਚ ਖੜ੍ਹਾ ਦਿਸਦਾ ਹੈ, ਜਿਨ੍ਹਾਂ ਨੇ ਪੰਜਾਬੀ ਸਾਹਿਤ ਜਗਤ ਵਿਚ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਨ ਦਾ ਵੱਡਾ ਉਪਰਾਲਾ ਕੀਤਾ ਹੈ। ਬਿਨਾਂ ਸ਼ੱਕ ਗੁਰਬਾਣੀ ਉਸ ਦੀ ਲੇਖਣੀ ਦਾ ਧੁਰਾ ਹੈ।
ਪੰਜਾਬੀਆਂ ਦੀ ਜੀਵਨ ਸ਼ੈਲੀ, ਜੀਵਨ ਜਾਚ, ਬੋਲਬਾਣੀ, ਅਦਬ-ਅਦਾਬ, ਖਾਣ-ਪੀਣ, ਉੱਠਣ-ਬੈਠਣ, ਰੀਤੀ ਰਿਵਾਜ਼, ਮਹਿਮਾਨ-ਨਿਵਾਜ਼ੀ ਨੂੰ ਜਿਸ ਸ਼ਿੱਦਤ ਨਾਲ ਉਸ ਨੇ ਆਪਣੇ ਲੇਖਾਂ ਵਿਚ ਸਿਰਜਿਆ ਹੈ, ਉਹ ਆਪਣੀ ਮਿਸਾਲ ਆਪ ਹੈ। ਬਹੁਤ ਘੱਟ ਲੇਖਕ ਇਹੋ ਜਿਹੇ ਦ੍ਰਿਸ਼ਟੀਕੋਣ ਨਾਲ ਲਿਖਣ ਦਾ ਹੀਆ ਕਰਦੇ ਹਨ। ਕਿਸੇ ਵੀ ਵਿਸ਼ੇ ਨੂੰ ਲੇਖ ਦੇ ਸੀਮਤ ਸ਼ਬਦਾਂ ਵਿਚ ਸਮੇਟਣਾ ਸੌਖਾ ਨਹੀਂ ਹੁੰਦਾ ਅਤੇ ਉਹ ਵੀ ਰੌਚਕ ਢੰਗ ਨਾਲ ਤਾਂ ਕਿ ਪਾਠਕ, ਲੇਖਕ ਕਲਮ ਦੀ ਤੋਰ ਨਾਲ ਤੁਰਦਾ ਰਹੇ।
ਇਕ ਸਧਾਰਨ ਉਦਾਹਰਨ ਵੇਖੋ ਲੇਖਕ ਦੀ ਲੇਖਣੀ ਦੀ, 'ਗੁਠਲੀ ਅੰਬ ਦਾ ਦਿਲ ਹੈ। ਜਿੰਨਾ ਚਿਰ ਇਸ ਵਿਚ ਦੰਦ ਗੱਡ-ਗੱਡ, ਆਪਣਾ ਮੂੰਹ-ਸਿਰ ਅਤੇ ਕੱਪੜੇ ਨਾ ਲਿਬੜਨ ਤਾਂ ਫਿਰ ਕੀ ਚੂਪੇ ਅੰਬ!' ਲੇਖਕ ਹਰ ਵਿਸ਼ੇ ਨੂੰ ਇਵੇਂ ਹੀ ਨਿਭਾਉਂਦਾ ਹੈ, ਹਰ ਵਿਸ਼ੇ 'ਚ ਪੂਰੀ ਤਰ੍ਹਾਂ ਖੁੱਭ ਕੇ। ਲੇਖ ਦਾ ਉਹ ਵਿਸ਼ਾ ਭਾਵੇਂ ਵਿਚਾਰਕ ਹੋਵੇ ਜਾਂ ਫਿਰ ਵਿਅੰਗਮਈ।
'ਮਾਵਾਂ ਠੰਢੀਆਂ ਛਾਵਾਂ', 'ਕਿਰਤ ਵਿਰਤਿ ਕਰ ਧਰਮ ਦੀ', 'ਅੱਖ ਚੁੱਭੀ ਅਮਨ ਦੀ', 'ਕਾਲੇ ਕਾਲੇ ਰਸ-ਭਰੇ ਜਾਮਣੂ', 'ਸਾਗ ਮੱਥੇ ਦੇ ਭਾਗ, ਰੋਟੀ ਬਨਾਮ ਪਰੌਂਠਾ', 'ਬੜੀ ਲੱਸੀ ਹੋਈ ਦਹੀਂ ਦੀ' ਵਰਗੇ ਲੇਖ, ਉਸ ਦੇ ਸਿਰਲੇਖ ਤੋਂ ਹੀ ਲੇਖਕ ਦੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਲੇਖਕ ਦੀ ਸਿੱਧੀ-ਸਾਦੀ, ਰਵਾਨਗੀ ਭਰੀ ਬੋਲੀ, ਪਰ ਵਿਚਾਰਾਂ ਨਾਲ ਭਰੀ ਹੋਈ ਦੀ ਉਦਾਹਰਨ, ਵੇਖੋ, 'ਕੁੱਤਾ ਵਫ਼ਾਦਾਰੀ, ਨਿਰਛਲ ਪਿਆਰ, ਮਾਲਕ ਉੱਪਰ ਜਾਨ ਛਿੜਕਣ ਵਾਲਾ ਜਾਨਵਰ ਹੈ।'
ਪ੍ਰੋ. ਜਸਵੰਤ ਸਿੰਘ ਗੰਡਮ ਦੀ ਲੇਖਣੀ ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਗੜੁੰਦ ਹੈ। ਸੰਵਾਦ ਰਚਾਉਂਦੀ ਹੈ। ਜ਼ਿੰਦਗੀ ਜਿਊਣ ਦਾ ਹੁਲਾਰਾ ਦਿੰਦੀ ਹੈ। ਉਸ ਦੀ ਲੇਖਣੀ ਸਮਾਜ, ਇਤਿਹਾਸ ਅਤੇ ਦਰਸ਼ਨ ਦੇ ਦੀਦਾਰੇ ਕਰਵਾਉਂਦੀ ਹੈ। ਇਕ ਇਹੋ ਜਿਹਾ ਵਰਤਾਰਾ ਸਿਰਜਦੀ ਹੈ ਜਿਹੜਾ ਇਹ ਦਰਸਾਉਂਦਾ ਹੈ ਕਿ ਮਨੁੱਖ ਪੈਦਾ ਹੋਣ ਅਤੇ ਸਮਸ਼ਾਨਘਾਟ ਵਿਚ ਜਲ ਬਲ ਜਾਣ ਲਈ ਹੀ ਨਹੀਂ ਜਿਊਂਦਾ ਸਗੋਂ ਉਸ ਦੇ ਜਿਊਣ ਦੇ ਅਰਥ ਵਿਸ਼ਾਲ ਹਨ। ਮਨੁੱਖ ਇਕ ਸਿਰਜਣਾਤਮਿਕ ਮੈਟਾਫਰ ਹੈ, ਕੋਈ ਕੰਧਰੀਂ ਲੁਕਿਆ ਮਨ-ਬਚਨੀ ਸਾਧ ਨਹੀਂ। ਇਹ ਕੋਈ ਪੱਥਰਾਂ ਦੀ ਓਟ 'ਚ ਉੱਗਿਆ ਬਿਨਫਸ਼ਾ ਦਾ ਫੁੱਲ ਵੀ ਨਹੀਂ।
ਪ੍ਰੋ. ਜਸਵੰਤ ਸਿੰਘ ਗੰਡਮ ਸੱਚ ਲਿਖਦਾ ਹੈ। ਭੈੜੀ ਰਾਜਨੀਤੀ ਅਤੇ ਵਿਸ਼ਵੀਕਰਨ ਦੇ ਬਾਜ਼ਾਰੂ ਸੰਕਲਪਾਂ ਦੇ ਉਹ ਪਰਖੱਚੇ ਉਡਾਉਂਦਾ ਹੈ। ਬੇਢੰਗੇ, ਕੁਢੱਬ, ਕਰੂਪ, ਕਰੂਰ, ਕਮੀਨਗੀ ਭਰੇ ਮਨੁੱਖੀ ਵਰਤਾਰੇ ਨੂੰ ਉਹ ਆਪਣੀ ਕਲਮ 'ਚ ਵਿਅੰਗਾਤਮਿਕ ਢੰਗ ਨਾਲ ਇਵੇਂ ਪੇਸ਼ ਕਰਦਾ ਹੈ, ਜਿਵੇਂ ਉਹ ਇਸ ਤਾਣੇ-ਬਾਣੇ ਨੂੰ ਆਪਣੀ ਕਲਮ ਦੇ ਦੰਦਾਂ ਨਾਲ ਖਰੋਚਣਾ ਚਾਹੁੰਦਾ ਹੋਵੇ।
'ਅੱਖ' ਤਾਂ ਹਰ ਲੇਖਕ ਕੋਲ ਹੁੰਦੀ ਹੈ। ਪਰ ਲੇਖਕ ਦੀ ਜਿਹੜੀ ਅੱਖ ਰੂੜੀਵਾਦੀ ਸੋਚ ਨੂੰ ਸੱਟ ਮਾਰਦੀ ਹੈ, ਲੋਕ-ਸੂਝ ਨੂੰ ਪ੍ਰਚੰਡ ਕਰਦੀ ਹੈ, ਉਹ ਹੀ ਅਸਲ ਮਾਅਨਿਆਂ 'ਚ ਪ੍ਰਸੰਗਕ ਸੱਚ ਨੂੰ ਬਿਆਨ ਕਰਦੀ ਹੈ ਅਤੇ ਇਸ ਪ੍ਰਸੰਗਕਤਾ ਦੀ ਸਥਿਤੀ 'ਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਦੀ ਕਲਮ ਇਸੇ ਰਾਹ ਤੁਰਦੀ ਹੈ। ਪ੍ਰੋ. ਜਸਵੰਤ ਸਿੰਘ ਗੰਡਮ ਜਾਣਦਾ ਹੈ ਕਿ ਚਾਨਣ-ਹਨੇਰਾ, ਨਰਮ-ਕਠੋਰ, ਹਾਸਾ-ਹੰਝੂ, ਪੈਲ-ਤੜਫ਼, ਘੁਗੀ-ਮੋਰ, ਸੰਝ-ਭੋਰ ਦੇ ਵਿਰੋਧ ਜੁੱਟ ਇਸ ਦੁਨੀਆ ਦਾ ਸੱਚ ਹਨ। ਇਸੇ ਲਈ ਉਹ ਕਦੇ ਗੰਭੀਰ ਹੁੰਦਾ ਹੈ ਵਿਚਾਰਕ ਲੇਖ ਲਿਖ ਕੇ ਅਤੇ ਕਦੇ ਉਹ ਹੱਸਦਾ ਹੈ (ਆਪਣੇ ਆਪ ਉੱਤੇ ਵੀ) ਵਿਅੰਗ ਲਿਖ ਕੇ ਅਤੇ ਲੋਕਾਂ ਦੇ ਸੁਭਾਅ ਦੀ ਥਾਹ ਪਾਉਂਦਾ ਹੈ। ਅਸਲ 'ਚ ਉਸ ਦਾ ਲਿਖਿਆ ਇਹ ਸਾਹਿਤ ਰੂਪ, ਸਮਾਜਿਕ ਸਰੋਕਾਰ ਨੂੰ ਮਾਨਤਾ ਦੇਣ ਸਮਾਨ ਹੈ। ਲੇਖਕ ਪ੍ਰੋ. ਜਸਵੰਤ ਸਿੰਘ ਗੰਡਮ ਕੁਦਰਤ ਪ੍ਰੇਮੀ ਹੈ। ਚੰਨ, ਤਾਰੇ, ਸੂਰਜ, ਪੌਣ, ਦਿਨ, ਰਾਤ, ਗਰਮੀ, ਸਰਦੀ, ਧਰਤ, ਆਕਾਸ਼ ਅਤੇ ਧਰਤ ਆਕਾਸ਼ 'ਚ ਵਸਦੇ ਪਸ਼ੂ, ਪੰਛੀ, ਜਾਨਵਰ, ਮਨੁੱਖ, ਉਸ ਦੀ ਕਲਮ ਦਾ ਵਿਸ਼ਾ ਬਣੇ ਹਨ। ਉਸ ਦੀ ਧਾਰਨਾ ਹੈ ਕਿ ਜੀਵਨ ਅਤੇ ਰਚਨਾ ਇਕ ਦੂਜੇ ਤੋਂ ਨਖੇੜੇ ਨਹੀਂ ਜਾ ਸਕਦੇ। ਸਾਹਿਤ ਦਾ ਸੋਮਾ ਅਸਲ 'ਚ ਹੈ ਹੀ ਜੀਵਨ ਧਾਰਾ ਦਾ ਵੇਗ।
ਪ੍ਰੋ. ਜਸਵੰਤ ਸਿੰਘ ਗੰਡਮ ਦੀ ਪੁਸਤਕ 'ਉੱਗਦੇ ਸੂਰਜ ਦੀ ਅੱਖ' ਪੰਜਾਬੀ ਵਾਰਤਕ 'ਚ ਨਵੇਂ ਦਿਸਹੱਦੇ ਸਿਰਜਣ ਅਤੇ ਨਵੀਆਂ ਪੈੜਾਂ ਪਾਉਣ ਯੋਗ ਪੁਸਤਕ ਹੈ। ਪੁਸਤਕ 'ਉੱਗਦੇ ਸੂਰਜ ਦੀ ਅੱਖ' ਨੂੰ ਪੰਜਾਬੀ ਸਾਹਿਤ ਜਗਤ 'ਚ ਨਿੱਘੀ 'ਜੀ ਆਇਆਂ'।


-ਗੁਰਮੀਤ ਸਿੰਘ ਪਲਾਹੀ
ਮੋਬਾਈਲ : 98158-02070

06-01-2024

 ਬੁੱਲ੍ਹਾਨਾਮਾ
ਲੇਖਕ : ਡਾ. ਮਨਜ਼ੂਰ ਏਜਾਜ਼
ਅਨੁਵਾਦ : ਮਨਦੀਪ ਸਨੇਹੀ,
ਦੀਪ ਨਿਰਮੋਹੀ ਅਤੇ ਅਸ਼ੋਕ ਕਾਸਿਦ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 350 ਰੁਪਏ, ਸਫ਼ੇ : 254
ਸੰਪਰਕ : 81468-21400

ਡਾ. ਮਨਜ਼ੂਰ ਏਜਾਜ਼ ਪੱਛਮੀ ਪੰਜਾਬ ਦਾ ਇਕ ਪ੍ਰਮੁੱਖ ਚਿੰਤਕ ਤੇ ਇਤਿਹਾਸਕਾਰ ਹੈ। ਉਹ ਹੇਗਲ ਅਤੇ ਮਾਰਕਸ ਦੇ ਦਵੰਦਾਤਮਕ ਭੌਤਿਕਵਾਦ ਨੂੰ ਆਧਾਰ ਬਣਾ ਕੇ ਆਪਣੇ ਨਿਰਣੇ ਘੜਦਾ ਹੈ। ਹਥਲੀ ਪੁਸਤਕ ਵਿਚ ਉਸ ਨੇ ਹਜ਼ਰਤ ਬੁੱਲ੍ਹੇ ਸ਼ਾਹ ਦੀਆਂ 73 ਕਾਫ਼ੀਆਂ ਅਤੇ 47 ਦੋਹਿਆਂ ਨੂੰ ਆਧਾਰ ਬਣਾ ਕੇ ਬੁੱਲ੍ਹੇ ਸ਼ਾਹ ਦੀ ਵਿਚਾਰਧਾਰਾ ਅਤੇ ਸੋਚ ਦਾ ਵਿਸ਼ਲੇਸ਼ਣ ਕੀਤਾ ਹੈ। ਉਸ ਦਾ ਵਿਚਾਰ ਹੈ ਕਿ ਜੇ ਹਰ ਅਮਲ ਦੇ ਪਿੱਛੇ ਇਕ ਅਸੂਲ ਜਾਂ ਕਾਨੂੰਨ ਨੂੰ ਮੰਨ ਲਿਆ ਜਾਵੇ ਤਾਂ ਇਹ ਗੱਲ ਵੀ ਮੰਨਣੀ ਪਵੇਗੀ ਕਿ ਪੂਰੇ ਨਿਜ਼ਾਮ ਦੇ ਚੱਲਣ ਦਾ ਮੁੱਢ ਆਰਥਿਕ ਹੈ। (ਪੰਨਾ 119), ਉਹ ਡਾਰਵਿਨ ਦੇ 'ਸਰਵਾਈਵਲ ਆਫ਼ ਫਿੱਟੈਸਟ' ਸਿਧਾਂਤ ਨੂੰ ਅਪ੍ਰਾਸੰਗਿਕ ਕਰਾਰ ਦਿੰਦਾ ਹੈ, ਉਸ ਅਨੁਸਾਰ ਮਨੁੱਖ ਜਾਤੀ ਦਾ ਵਿਕਾਸ, ਆਰਥਿਕ ਭੇੜ ਵਿਚੋਂ ਹੀ ਹੋਇਆ ਹੈ। ਪੱਛਮੀ ਪੰਜਾਬ ਵਿਚ ਟੈਕਸਟ ਦੀ ਵਿਆਖਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਣਾਲੀਆਂ ਵਿਕਸਿਤ ਹੁੰਦੀਆਂ ਰਹੀਆਂ ਹਨ। ਡਾ. ਨਜਮ ਹੁਸੈਨ ਸੱਯਦ ਵੀ ਇਸੇ ਵੰਨਗੀ ਦਾ ਇਕ ਪ੍ਰਗਤੀਸ਼ੀਲ ਚਿੰਤਕ ਸੀ। ਮਨਜ਼ੂਰ ਏਜਾਜ਼ ਦਾ ਵਾਧਾ ਇਹ ਪਈ ਉਹ ਪੰਡਤਾਂ, ਮੌਲਾਣਿਆਂ ਦੇ ਮਜ਼ਹਬੀ ਨਿਰਣਿਆਂ ਨਾਲ ਸਹਿਮਤੀ ਨਹੀਂ ਦਰਸਾਉਂਦਾ, ਨਾ ਉਹ ਆਰੀਆ ਲੋਕਾਂ ਨੂੰ ਪੰਜਾਬ ਦੇ ਮੂਲ ਵਾਸੀ ਮੰਨਦਾ ਹੈ। ਉਸ ਅਨੁਸਾਰ ਪੂਰਾ ਪੰਜਾਬ, ਸਿੰਧ ਘਾਟੀ ਵਿਚ ਵਸਣ ਵਾਲੇ ਲੋਕਾਂ ਦਾ ਸੀ ਅਤੇ ਉਨ੍ਹਾਂ ਦਾ ਹੀ ਰਹੇਗਾ। ਪੰਜਾਬ ਵਿਚ ਆਉਣ ਵਾਲੀਆਂ ਬਾਕੀ ਸਭ ਧਿਰਾਂ 'ਕਾਲੋਨੀਅਲਿਸਟ' ਹੀ ਹਨ।
ਬਾਬਾ ਬੁੱਲ੍ਹੇ ਸ਼ਾਹ ਵਰਗੇ ਸੂਫ਼ੀ ਦਰਵੇਸ਼ ਰਮਜ਼ ਭਰਪੂਰ ਪ੍ਰਵਚਨ ਦਿੰਦੇ ਸਨ। ਉਨ੍ਹਾਂ ਨੂੰ ਸਮਝਣ ਲਈ ਸਾਂਝੇ ਹਿੰਦੁਸਤਾਨ ਦੀ ਪੂਰੀ ਕਲਚਰ ਨੂੰ ਸਮਝਣਾ ਜ਼ਰੂਰੀ ਹੈ। ਮਹਾਨ ਕਵਿਤਾ ਨੂੰ ਸ਼ਾਬਦਿਕ ਅਰਥਾਂ ਦੁਆਰਾ ਨਹੀਂ ਸਮਝਿਆ ਜਾ ਸਕਦਾ ਕਿਉਂਕਿ ਹਰ ਸ਼ਬਦ ਕਿਸੇ ਵਿਸ਼ੇਸ਼ ਸੱਭਿਆਚਾਰ ਵਿਚੋਂ ਉਪਜਦਾ ਹੈ। ਸੱਭਿਆਚਾਰ ਹੀ ਕਿਸੇ ਟੈਕਸਟ ਨੂੰ ਸਮਝਣ ਦਾ ਪ੍ਰਸੰਗ ਬਣਦਾ ਹੈ। ਮਨਦੀਪ ਸਨੇਹੀ ਅਤੇ ਉਸ ਦੀ ਪੂਰੀ ਟੀਮ ਨੂੰ ਮੁਬਾਰਕਬਾਦ ਕਿ ਉਹ ਪੰਜਾਬੀ ਪਾਠਕਾਂ ਨੂੰ ਇਕ ਨਵੇਂ ਗਿਆਨ-ਸੋਮੇ ਨਾਲ ਜੋੜਨ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ।

-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136

ਮਹਾਨ ਸ਼ਖ਼ਸੀਅਤ
ਸ. ਜੱਸਾ ਸਿੰਘ ਆਹਲੂਵਾਲੀਆ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 98141-45047

ਹਥਲੀ ਪੁਸਤਕ ਦੀ ਲੇਖਿਕਾ ਵਲੋਂ ਹੁਣ ਤੱਕ ਤਿੰਨ ਦਰਜਨ ਪੁਸਤਕਾਂ ਵੱਖ-ਵੱਖ ਵਿਧਾਵਾਂ ਵਿਚ ਪਾਠਕਾਂ ਦੇ ਸਨਮੁੱਖ ਕੀਤੀਆਂ ਗਈਆਂ ਹਨ। ਇਹ ਪੁਸਤਕ ਇਤਿਹਾਸ ਦੇ ਮਹਾਨ ਨਾਇਕ ਸ. ਜੱਸਾ ਸਿੰਘ ਆਹਲੂਵਾਲੀਆ ਨਾਲ ਸੰਬੰਧਿਤ ਹੈ। ਸਿੱਖ ਪੰਥ ਵਲੋਂ 18ਵੀਂ ਸਦੀ ਦੇ ਇਸ ਮਹਾਨ ਯੋਧੇ ਨੂੰ ਸਿੱਖ ਪੰਥ ਵਲੋਂ ਬਣਦਾ ਸਥਾਨ ਨਹੀਂ ਦਿੱਤਾ ਗਿਆ, ਇਸ ਮਹਾਨ ਸੂਰਬੀਰ ਦੀ ਜੋ ਦੇਣ ਸਿੱਖ ਪੰਥ ਨੂੰ ਹੈ, ਉਸ ਦਾ ਹਰ ਸਿੱਖ ਨੌਜਵਾਨ ਅਤੇ ਬੱਚੇ-ਬੱਚੇ ਨੂੰ ਗਿਆਨ ਹੋਣਾ ਚਾਹੀਦਾ ਹੈ। ਇਸੇ ਕਰਕੇ ਵਿਦਵਾਨ ਲੇਖਿਕਾ ਨੂੰ ਇਸ ਪੁਸਤਕ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਸਖ਼ਤ ਘਾਲਣਾ ਘਾਲੀ। ਇਹ ਉਹ ਯੋਧਾ ਹੈ, ਜਿਸ ਨੇ ਅਹਿਮਦਸ਼ਾਹ ਅਬਦਾਲੀ, ਨਾਦਰਸ਼ਾਹ ਵਰਗੇ ਜਰਵਾਣਿਆਂ ਅਤੇ ਵਿਦੇਸ਼ੀ ਹਮਲਾਵਰਾਂ ਨੂੰ ਨੱਕ ਨਾਲ ਚਣੇ ਚਬਾਉਣ ਲਈ ਮਜਬੂਰ ਕਰ ਦਿੱਤਾ। ਭਾਰਤ ਦੀਆਂ ਨੌਜਵਾਨ ਲੜਕੀਆਂ ਨੂੰ ਉਨ੍ਹਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਵਾਪਸ ਲਿਆਂਦਾ।
ਵਿਦਵਾਨ ਲੇਖਿਕਾ ਨੇ ਪੁਸਤਕ ਨੂੰ ਇੱਕੀ ਭਾਗਾਂ ਵਿਚ ਵੰਡ ਕੇ ਇਸ ਮਹਾਨ ਯੋਧੇ ਬੁੱਢਾ ਦਲ ਮੁਖੀ ਦੇ ਜੀਵਨ ਵੇਰਵੇ ਨੂੰ ਪੇਸ਼ ਕੀਤਾ ਹੈ। ਇਕ-ਇਕ ਅਧਿਆਇ ਵਿਚ ਮਹਾਨ ਹਸਤੀ ਦੇ ਜੀਵਨ ਦੇ ਵੱਖ-ਵੱਖ ਪੜਾਵਾਂ ਦਾ ਭਾਵਪੂਰਤ ਜ਼ਿਕਰ ਮਿਲਦਾ ਹੈ। ਜਿਨ੍ਹਾਂ ਵਿਚ ਆਹਲੂਵਾਲੀਆ ਗੋਤ ਕਿਵੇਂ ਸਰਦਾਰ ਜੱਸਾ ਸਿੰਘ ਦਾ ਆਰੰਭਕ ਜੀਵਨ, ਸ. ਜੱਸਾ ਸਿੰਘ ਦੇ ਜਨਮ ਤੋਂ ਪਹਿਲਾਂ ਦੇਸ਼ ਦੇ ਹਾਲਾਤ, ਨਾਦਰਸ਼ਾਹ ਦੀ ਲੁੱਟ, ਪਹਿਲਾ ਘੱਲੂਘਾਰਾ ਤੇ ਸ. ਜੱਸਾ ਸਿੰਘ, ਸ. ਜੱਸਾ ਸਿੰਘ ਦਾ ਹਰਮਨ ਪਿਆਰਾ ਹੋਣਾ, ਮੀਰ ਮੰਨੂੰ ਦਾ ਸਮਾਂ, ਸ. ਜੱਸਾ ਸਿੰਘ ਆਹਲੂਵਾਲੀਆ-ਪੰਥ ਦਾ ਜਥੇਦਾਰ, ਸਿੱਖ ਮਿਸਲਾਂ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਅਹਿਮਦਸ਼ਾਹ ਦੁੱਰਾਨੀ, ਸ. ਜੱਸਾ ਸਿੰਘ ਆਹਲੂਵਾਲੀਆ ਤੇ ਅਦੀਨਾ ਬੇਗ, ਅਬਦਾਲੀ ਦਾ ਪੰਜਵਾਂ ਹਮਲਾ, ਲਾਹੌਰ ਉੱਤੇ ਸਿੰਘਾਂ ਦਾ ਕਬਜ਼ਾ, ਵੱਡਾ ਘੱਲੂਘਾਰਾ, ਕਸੂਰ ਉੱਤੇ ਧਾਵਾ, ਸਰਹੰਦ ਫ਼ਤਹਿ, ਪੰਜਾਬ ਵਿਚ ਸਿੰਘਾਂ ਦਾ ਬੋਲਬਾਲਾ, ਸ. ਜੱਸਾ ਸਿੰਘ ਦਾ ਅਬਦਾਲੀ ਨਾਲ ਸਮਝੌਤਾ ਨਾ ਕਰਨਾ, ਸ. ਜੱਸਾ ਸਿੰਘ ਵਲੋਂ ਜੱਟ, ਰੁਹੇਲਿਆਂ ਦੀ ਮਦਦ, ਸ. ਜੱਸਾ ਸਿੰਘ ਆਹਲੂਵਾਲੀਆ ਦਾ ਅੰਤਿਮ ਸਮਾਂ ਤੇ ਅਕਾਲ ਚਲਾਣਾ, ਅੱਜ ਦੇ ਅਬਦਾਲੀ, ਮੀਰ ਮੰਨੂੰ ਤੇ ਜ਼ਕਰੀਆ ਖਾਨ ਲੇਖ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਮੁੱਚੇ ਲੇਖਾਂ ਵਿਚ ਇਸ ਮਹਾਨ ਯੋਧੇ ਨੇ ਸਿੱਖ ਕੌਮ ਦੀ ਕਿਵੇਂ ਅਗਵਾਈ ਕੀਤੀ, ਸਿੱਖ ਕੌਮ ਦੇ ਪਹਿਲੇ ਸੁਲਤਾਨ-ਉਲ-ਕੌਮ ਬਣ ਕੇ ਦਿੱਲੀ ਅਤੇ ਲਾਹੌਰ ਦੇ ਤਖ਼ਤ 'ਤੇ ਬੈਠੇ, ਆਪਣੇ ਰਾਜ ਦੌਰਾਨ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਉੱਪਰ ਸਿੱਕੇ ਜਾਰੀ ਕਰਨੇ। 'ਦਲ ਖ਼ਾਲਸਾ' ਤੇ 'ਬੁੱਢਾ ਦਲ ਦੀ ਅਗਵਾਈ ਕਰਨੀ'।
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਤੌਰ ਜਥੇਦਾਰ ਸਫ਼ਲ ਪ੍ਰਬੰਧ ਕਰਨਾ। ਸ੍ਰੀ ਹਰਿਮੰਦਰ ਸਾਹਿਬ ਇਮਾਰਤ ਦੀ ਮੁੜ ਉਸਾਰੀ ਕਰਵਾਉਣਾ ਆਦਿ ਵਿਸ਼ਿਆਂ ਉੱਪਰ ਵਿਸਥਾਰ ਨਾਲ ਇਤਿਹਾਸਕ ਤੱਥਾਂ ਨੂੰ ਪੇਸ਼ ਕੀਤਾ ਗਿਆ ਹੈ। ਪੁਸਤਕ ਦੇ ਅੰਤ ਵਿਚ ਸਹਾਇਕ ਪੁਸਤਕਾਂ ਦੀ ਸੂਚੀ ਦਾ ਵੇਰਵਾ ਵੀ ਦਿੱਤਾ ਗਿਆ। ਅਸਲ ਵਿਚ ਇਸ ਪੁਸਤਕ ਨੂੰ ਪਾਠਕਾਂ ਸਨਮੁੱਖ ਲਿਆਉਣ ਦਾ ਕਾਰਨ ਇਹ ਘੋਸ਼ਣਾ ਕਰਨੀ, ਜਿਹੜੀਆਂ ਕੌਮਾਂ ਆਪਣੇ ਮਹਾਨ ਸ਼ਹੀਦਾਂ, ਸੂਰਬੀਰ ਯੋਧਿਆਂ ਨੂੰ ਭੁੱਲ ਜਾਂਦੀਆਂ ਹਨ, ਉਹ ਇਸ ਧਰਤੀ ਤੋਂ ਨੇਸ਼ਤੋ-ਨਮੂਦ ਹੋ ਜਾਂਦੀਆਂ ਹਨ। ਲੇਖਿਕਾ ਇਸ ਸਫਲ ਉਪਰਾਲੇ ਲਈ ਕੀਤੇ ਉੱਦਮ ਲਈ ਵਧਾਈ ਦੀ ਪਾਤਰ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਅਨੋਖੀ ਕਿਸਮਤ
ਲੇਖਿਕਾ : ਅਮਰਜੀਤ ਕੌਰ 'ਜੀਤ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 200 ਰੁਪਏ, ਸਫ਼ੇ : 128
ਸੰਪਰਕ : 0161-2413613

ਲੇਖਿਕਾ ਨੇ ਆਪਣੀ ਪਲੇਠੀ ਪੁਸਤਕ 'ਅਧੂਰੇ ਸੁਪਨੇ' (ਸਵੈ-ਜੀਵਨੀ) ਤੋਂ ਬਾਅਦ ਆਪਣੀ ਇਹ ਪੁਸਤਕ ਪਾਠਕਾਂ ਦੇ ਸਨਮੁੱਖ ਕੀਤੀ ਹੈ, ਜੋ ਕਿ ਮੁੱਖ ਤੌਰ 'ਤੇ ਪੰਜਾਬੀ ਦੀ ਵਾਰਤਕ ਸਾਹਿਤ ਵਿਧਾ ਨਾਲ ਸੰਬੰਧਿਤ ਹੈ। ਪੁਸਤਕ ਦੀ ਖ਼ਾਸ ਗੱਲ ਇਹ ਹੈ ਕਿ ਭਾਵੇਂ ਇਸ ਵਿਚ ਲੇਖਿਕਾ ਨੇ ਪੈਂਤੀ ਦੇ ਕਰੀਬ ਲੇਖ ਸ਼ਾਮਿਲ ਕੀਤੇ ਹਨ। ਪਰ ਉਸ ਨੇ ਆਪਣੀਆਂ ਸੱਤ ਕਾਵਿ-ਰਚਨਾਵਾਂ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ 'ਗੁਰੂ ਨਾਨਕ ਜੀ ਅੱਜ ਤੇਰੀ ਲੋੜ', 'ਮੰਗਤਾ', 'ਹਮਸਫ਼ਰ', 'ਸਕੇ ਕੌਣ', 'ਸਿੱਖ ਰਾਜ ਦਾ ਅੰਤ', 'ਰੱਬ ਹੋਵੇ ਨਾਲ ਜੇ' ਅਤੇ 'ਹੌਸਲੇ ਨਾਲ ਜੀਓ' ਕਵਿਤਾਵਾਂ ਉਸ ਅੰਦਰਲੀ ਵਿਚਾਰਸ਼ੀਲਤਾ ਅਤੇ ਕਾਵਿ-ਸ਼੍ਰੇਣੀ ਦਾ ਤਿੱਖਾ ਅਹਿਸਾਸ ਕਰਾਉਂਦੀਆਂ ਹਨ।
ਇਸੇ ਤਰ੍ਹਾਂ ਇਸ ਪੁਸਤਕ ਵਿਚ ਦਰਜ 'ਲੱਕੜਹਾਰਾ', 'ਅਨੋਖੀ ਕਿਸਮਤ', 'ਖੁਸ਼ ਪਰਿਵਾਰ', 'ਧੋਖੇਬਾਜ਼', 'ਦੇਵੀ ਦੀ ਪੂਜਾ', 'ਇਮਾਨਦਾਰੀ' ਵਰਗੀਆਂ ਰਚਨਾਵਾਂ ਅਜਿਹੀ ਰਚਨਾਵਾਂ ਹਨ, ਜੋ ਪਾਠਕ ਨੂੰ ਕਹਾਣੀ ਰਚਨਾ ਨਾਲ ਜੋੜਦੀਆਂ ਹਨ। ਇਨ੍ਹਾਂ ਰਚਨਾਵਾਂ ਵਿਚ ਕਹਾਣੀ ਰਸ ਭਾਰੂ ਹੋਣ ਕਰਕੇ ਇਹ ਕਹਾਣੀਆਂ ਹੋਣ ਦਾ ਪ੍ਰਭਾਵ ਸਿਰਜਦੀਆਂ ਹਨ। ਪੈਂਤੀ ਕੁ ਲੇਖ ਰਚਨਾਵਾਂ ਇਸ ਪੁਸਤਕ ਦਾ ਸ਼ਿੰਗਾਰ ਹਨ। ਇਨ੍ਹਾਂ ਲੇਖਾਂ ਵਿਚ ਲੇਖਿਕਾ ਨੇ ਮੌਜੂਦਾ ਸਮਾਜ ਦਾ ਕੱਚ-ਸੱਚ ਬਿਆਨ ਕੀਤਾ ਹੈ। ਨਸ਼ੇ (ਡਰੱਗਜ਼) ਦੀ ਵਿਸ਼ਵ ਵਿਆਪੀ ਮਾਰ ਨੂੰ ਰੋਕਣ ਦੀ ਅਪੀਲ ਕੀਤੀ ਹੈ। ਨਸ਼ਿਆਂ ਬਾਰੇ ਲੇਖਿਕਾ ਨੇ ਥੋੜ੍ਹੇ ਸ਼ਬਦਾਂ ਵਿਚ ਬਹੁਤ ਕਿਹਾ ਹੈ। ਕਈ ਨਵੇਂ ਅਤੇ ਨਿਰਾਲੇ ਵਿਸ਼ਿਆਂ ਵਾਲੇ ਲੇਖਾਂ ਨਾਲ ਲੇਖਿਕਾ ਨੇ ਆਪਣੇ ਅੰਦਰਲੇ ਵਾਰਤਕਕਾਰ ਨੂੰ ਬਾਖੂਬੀ ਪ੍ਰਗਟਾਇਆ ਹੈ।

-ਸੁਰਿੰਦਰ ਸਿੰਘ 'ਕਰਮ' ਲਧਾਣਾ
ਮੋਬਾਈਲ : 98146-81444

ਸਮੇਂ ਦੇ ਨੈਣਾਂ 'ਚੋਂ
ਲੇਖਿਕਾ : ਵਿਜੇਤਾ ਭਾਰਦਵਾਜ
ਪ੍ਰਕਾਸ਼ਕ : ਕੈਫ਼ੇ ਵਰਲਡ, ਜਲੰਧਰ, ਬਠਿੰਡਾ
ਮੁੱਲ : 190 ਰੁਪਏ, ਸਫ਼ੇ : 104
ਸੰਪਰਕ : 94172-04940

ਸ਼ਾਇਰਾ ਵਿਜੇਤਾ ਭਾਰਦਵਾਜ ਹਥਲੀ ਕਾਵਿ-ਕਿਤਾਬ 'ਸਮੇਂ ਦੇ ਨੈਣਾਂ 'ਚੋਂ' ਤੋਂ ਪਹਿਲਾਂ ਵੀ ਦੋ ਕਾਵਿ-ਸੰਗ੍ਰਹਿਆਂ 'ਕਾਸ਼ ਮੇਰੇ ਵੀ ਖੰਭ ਹੁੰਦੇ', 'ਨਵੇਂ ਅੰਬਰ ਤੋਂ' ਅਤੇ ਦੋ ਹਿੰਦੀ ਕਾਵਿ-ਸੰਗ੍ਰਹਿਆਂ 'ਨਏ ਰਾਸਤੇ ਨਈ ਮੰਜ਼ਿਲ', 'ਕਾਵਿ-ਉਡਾਨ' ਅਤੇ ਵਿਆਕਰਨ ਪੁਸਤਕ 'ਗੁਰਸਿਮਰਨ ਲੇਖ ਮਾਲਾ' ਰਾਹੀਂ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕੀ ਹੈ। ਸ਼ਾਇਰਾ ਨੂੰ ਸ਼ਾਇਰੀ ਦੀ ਪਿਉਂਦ ਆਪਣੇ ਪਿਤਾ ਕਰਨਲ ਤਿਲਕ ਰਾਜ ਤੋਂ ਲੱਗੀ ਜਾਪਦੀ ਹੈ ਜੋ ਹਿੰਦੀ ਦੇ ਪ੍ਰਬੁੱਧ ਗ਼ਜ਼ਲਗੋ ਹਨ। ਸ਼ਾਇਰਾ ਦੀ ਸ਼ਾਇਰੀ ਦੀ ਤੰਦ ਸੂਤਰ ਉਸ ਦੇ ਕਾਵਿ-ਸੰਗ੍ਰਹਿ ਦੇ ਨਾਂਅ 'ਸਮੇਂ ਦੇ ਨੈਣਾਂ 'ਚੋਂ' ਅਸਾਡੇ ਹੱਥ ਸਹਿਜੇ ਹੀ ਲੱਗ ਜਾਂਦੀ ਹੈ। ਜਦੋਂ ਉਹ ਸਮਿਆਂ ਦੀਆਂ ਵਿਸੰਗਤੀਆਂ ਦੀ ਸਕੈਨਿੰਗ ਕਰਦਿਆਂ ਭੂਤਕਾਲ, ਵਰਤਮਾਨ ਅਤੇ ਭਵਿੱਖ ਨਾਲ ਦਸਤਪੰਜਾ ਲੈਂਦਿਆਂ ਸਮੇਂ ਦੇ ਨੈਣਾਂ 'ਚੋਂ ਹੰਝੂ ਕੇਰਦੀ ਨਜ਼ਰ ਆਉਂਦੀ ਹੈ। ਕਹਿੰਦੇ ਨੇ ਆਂਸੂ ਜ਼ੁਬਾਂ ਨਹੀਂ ਮਗਰ ਬੇਜ਼ੁਬਾਂ ਨਹੀਂ' 'ਤੇ ਚਿੰਤਨ ਮੰਥਨ ਕਰਦੀ ਹੈ। ਸ਼ਾਇਰਾ ਅੰਮ੍ਰਿਤਾ ਪ੍ਰੀਤਮ ਤੋਂ ਵਿਜੇਤਾ ਭਾਰਦਵਾਜ ਤੱਕ ਦਾ ਸਫ਼ਰ ਕਰਦੀ ਹੈ। ਅੰਮ੍ਰਿਤਾ ਕਹਿੰਦੀ ਹੈ, 'ਰਲ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ, ਏਸ ਲਈ ਜ਼ਿੰਦਗੀ ਦੀ ਸਾਰੀ ਕੁੜੱਤਣ ਪੀ ਲਈ' ਅਤੇ 'ਮਾਣ ਸੁੱਚੇ ਇਸ਼ਕ ਦਾ, ਹੁਨਰ ਦਾ ਦਾਅਵਾ ਨਹੀਂ' ਦੀ ਪਗਡੰਡੀ 'ਤੇ ਤੁਰਦਿਆਂ ਸਿਰਫ਼ ਨਾਂਅ ਦੀ ਹੀ ਵਿਜੇਤਾ ਨਹੀਂ ਤੇ ਨਾਲ ਹੀ ਨਾਲ ਸ਼ਬਦ ਸਾਧਕ ਹੋਣ ਦੀ ਵੀ ਵਿਜੇਤਾ ਬਣੀ ਦਿਖਾਈ ਦਿੰਦੀ ਹੈ। ਉਹ ਸ਼ਬਦ ਵਿਚ ਠਾਹਰ ਭਾਲਦੀ ਹੈ ਜਦੋਂ ਉਹ ਕਹਿੰਦੀ ਹੈ, 'ਤੁਹਾਡੇ ਪਿਆਰ ਦੇ ਸਦਕੇ ਜੋ ਸਾਹ ਵਿਚ ਸਾਹ ਆਏ ਨੇ ਤੇ ਪਿਛਲੇ ਕੁਝ ਸਮੇਂ ਤੋਂ ਅੰਦਰੋਂ ਘੁੱਟ ਗਈ ਸਾਂ', ਉਹ ਤਰੰਗਤੀ ਮੁਹੱਬਤ ਦੇ ਆਦਿ ਜੁਆਦੀ ਜਜ਼ਬੇ ਨੂੰ ਸਲਾਮ ਕਰਦੀ ਨਜ਼ਰ ਆਉਂਦੀ ਹੈ। ਨਿਤਸ਼ੇ ਕਹਿੰਦਾ ਹੈ ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਜ਼ਿਆਦਾ ਘਾਤਕ ਹੁੰਦੀਆਂ ਹਨ ਤੇ ਇਨ੍ਹਾਂ ਵਰਜਣਾਵਾਂ ਦੀ ਰਾਮਕਾਰ ਉਲੰਘ ਕੇ ਹੀ ਮਹਾਂ ਮਾਨਵ ਬਣਿਆ ਜਾ ਸਰਕਦਾ ਹੈ। ਉਹ ਜਿਸ ਅੰਦਰਲੀ ਅੱਗ ਦੀ ਗੱਲ ਕਰਦੀ ਹੈ, ਉਹ ਸਾੜਦੀ ਨਹੀਂ ਪਰ ਨਿੱਘ ਦਿੰਦੀ ਹੈ, ਪਰ ਅਸਾਨੂੰ ਨਿੱਘ ਮਾਣਨ ਦੀ ਜਾਚ ਆਉਣੀ ਚਾਹੀਦੀ ਹੈ। ਉਹ 'ਥੱਪੜ' ਨਜ਼ਮ ਰਾਹੀਂ ਸਵਾਲ ਖੜ੍ਹਾ ਕਰਦੀ ਹੈ ਕਿ, ਕੀ ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਭਗਤ ਸਿੰਘ ਬਣਿਆ ਜਾ ਸਕਦਾ ਹੈ? ਬਿਲਕੁਲ ਨਹੀਂ। ਭਗਤ ਸਿੰਘ ਤਾਂ ਭਗਤ ਸਿੰਘ ਦੀ ਵਿਚਾਰਧਾਰਾ 'ਤੇ ਪਹਿਰਾ ਦੇ ਕੇ ਹੀ ਬਣਿਆ ਜਾ ਸਕਦਾ ਹੈ। ਸ਼ਾਇਰਾ ਸਮਾਜਕ ਯਥਾਰਥ ਦੇ ਵਿਭਿੰਨ ਪਸਾਰਾਂ ਦੀ ਥਾਹ ਵੀ ਪਾਉਂਦੀ ਹੈ ਪੰਜਾਬੀ ਤੇ ਹਿੰਦੀ ਦਾ ਡਵਿੱਢਾ ਖੂਹ ਗੇੜਨ ਵਾਲੀ ਸ਼ਾਇਰਾ ਦੀ ਸ਼ਾਇਰੀ ਨੂੰ ਸਲਾਮ ਕਰਨਾ ਤਾਂ ਬਣਦਾ ਹੀ ਹੈ ਤੇ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।

-ਭਗਵਾਨ ਢਿੱਲੋਂ
ਮੋਬਾਈਲ : 098143-78254

ਗਰਜਦੇ ਬੋਲ
ਲੇਖਕ : ਜਸਦੇਵ ਸਿੰਘ ਲਲਤੋਂ
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 100 ਰੁਪਏ, ਸਫ਼ੇ : 72
ਸੰਪਰਕ : 96464-02470

ਜਸਦੇਵ ਸਿੰਘ ਲਲਤੋਂ ਲੋਕ-ਹਿਤਾਂ ਲਈ ਜੂਝਣ ਵਾਲੀਆਂ ਕਈ ਜਥੇਬੰਦੀਆਂ ਦੇ ਪਹਿਲੀ ਕਤਾਰ ਦੇ ਆਗੂ ਹਨ। ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਦਾ ਉਨ੍ਹਾਂ ਕੋਲ ਲੰਬਾ ਤਜ਼ਰਬਾ ਹੈ, ਜਿਸ ਕਰਕੇ ਉਹ ਸਪੱਸ਼ਟ ਹਨ ਕਿ ਕਲਾ, ਕਲਾ ਲਈ ਨਹੀਂ ਬਲਕਿ ਕਲਾ, ਲੋਕਾਂ ਲਈ ਹੁੰਦੀ ਹੈ। ਉਹ ਸਮਝਦੇ ਹਨ ਕਿ ਲੋਕ-ਵਿਰੋਧੀ ਪ੍ਰਬੰਧ ਨੂੰ ਜੜੋਂ ਉਖਾੜੇ ਬਿਨਾਂ ਲੋਕਾਂ ਨੂੰ ਸੁੱਖ ਦਾ ਸਾਹ ਨਹੀਂ ਆ ਸਕਦਾ। ਹਥਲੇ ਕਾਵਿ-ਸੰਗ੍ਰਹਿ 'ਗਰਜਦੇ ਬੋਲ' ਵਿਚਲੀਆਂ ਉਨ੍ਹਾਂ ਦੀਆਂ ਇਹ ਸਤਰਾਂ ਇਸੇ ਦਿਸ਼ਾ ਵੱਲ ਸੇਧਤ ਹਨ:
ਨ੍ਹੇਰ ਦੇ ਵਣਜਾਰਿਓ, ਕਿਉਂ ਭੁੱਲੇ ਤਵਾਰੀਖ ਨੂੰ,
ਹਿਸਾਬ ਡੋਲ੍ਹੇ ਖੂਨ ਦਾ, ਕਰਦੀ ਰਹੂ ਜ਼ਿੰਦਗੀ।
ਜਾਣਾ ਹੈ ਕਾਲੀ ਰਾਤ ਨੇ, ਚੜ੍ਹਨਾ ਸੂਹੀ ਸਵੇਰ ਨੇ,
ਕੁਦਰਤ ਦੇ ਏਸੇ ਨੇਮ ਨੂੰ, ਦਰਸਾਉਂਦੀ ਰਹੂ ਜ਼ਿੰਦਗੀ।
ਜੁਝਾਰੂ ਜਥੇਬੰਦੀਆਂ ਵਿਚ ਮੋਹਰੀ ਭੂਮਿਕਾ ਨਿਭਾਉਣ ਕਰਕੇ ਉਹ ਸਮਝਦੇ ਹਨ ਕਿ ਕਹਿਣੀ ਅਤੇ ਕਰਨੀ ਵਿਚ ਸੁਮੇਲ ਤੋਂ ਬਿਨਾਂ ਕਿਸੇ ਵੀ ਮਨੋਰਥ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਆਗੂਆਂ ਦੇ ਮਨ ਵਿਚ ਕੁਝ ਹੋਰ ਅਤੇ ਜ਼ੁਬਾਨ ਵਿਚ ਕੁਝ ਹੋਰ ਹੁੰਦਾ ਹੈ, ਉਹ ਕਦੇ ਵੀ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰ ਸਕਦੇ। ਜਿੱਤ ਹਮੇਸ਼ਾ ਉਨ੍ਹਾਂ ਜੁਝਾਰੂਆਂ ਦੇ ਹੀ ਕਦਮ ਚੁੰਮਦੀ ਹੈ, ਜਿਹੜੇ ਆਪਣੇ ਨਿੱਜੀ ਸਵਾਰਥਾਂ ਦੀ ਲਾਲਸਾ ਤੋਂ ਉੱਪਰ ਉੱਠ ਕੇ ਆਪਣੇ ਸੰਘਰਸ਼ੀ ਲੋਕਾਂ ਲਈ ਪ੍ਰਤੀਬੱਧ ਹੁੰਦੇ ਹਨ:
ਜਿਸ ਦੀ ਕਹਿਣੀ-ਕਰਨੀ ਦੇ ਵਿਚ ਮੇਲ ਨਹੀਂ,
ਐਸੇ ਚੌਧਰਦਾਰ ਤੋਂ ਬੇੜਾ ਪਾਰ ਨਾ ਹੋਵੇ।
ਇਸ ਕਾਵਿ-ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦੀਆਂ ਚਾਰ ਕਵਿਤਾ ਅਤੇ ਤਿੰਨ ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਸੰਗ੍ਰਹਿ ਵਿਚ ਉਨ੍ਹਾਂ ਨੇ ਪੰਜਾਹ ਗੀਤ ਅਤੇ ਕਵਿਤਾਵਾਂ ਸ਼ਾਮਿਲ ਕੀਤੀਆਂ ਹਨ, ਜੋ ਲੋਕਾਂ ਨੂੰ ਜਾਤਾਂ, ਧਰਮਾਂ ਅਤੇ ਫ਼ਿਰਕਿਆਂ ਦੀ ਵਲਗਣ ਨੂੰ ਤੋੜ ਕੇ ਲਾਮਬੰਦ ਹੋਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਦੀ ਕਵਿਤਾ ਅਜੋਕੀਆਂ ਆਰਥਿਕ. ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਵਿਸੰਗਤੀਆਂ ਦੇ ਖ਼ਿਲਾਫ਼ ਬੁਲੰਦ ਆਵਾਜ਼ ਵਿਚ ਮੋਰਚਾ ਸੰਭਾਲਦੀ ਦਿਖਾਈ ਦਿੰਦੀ ਹੈ। ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਲਈ ਜੂਝਦੇ, ਉਨ੍ਹਾਂ ਦੇ ਇਸ ਜਨਵਾਦੀ ਕਾਵਿ-ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਹਾਂ, ਮੈਂ ਡੀ.ਸੀ. ਲੱਗਣਾ...
ਲੇਖਿਕਾ : ਮਨਦੀਪ ਰਿੰਪੀ
ਪ੍ਰਕਾਸ਼ਕ : ਹਜ਼ੂਰੀਆ ਐਂਡ ਸੰਨਜ਼, ਜਲੰਧਰ
ਮੁੱਲ : 140 ਰੁਪਏ, ਸਫ਼ੇ : 32
ਸੰਪਰਕ : 0181-2459220

ਮਨਦੀਪ ਰਿੰਪੀ ਬਾਲ ਸਾਹਿਤ ਦੀ ਸਰਗਰਮ ਲੇਖਿਕਾ ਹੈ। 'ਹਾਂ, ਮੈਂ ਡੀ.ਸੀ. ਲੱਗਣਾ' ਉਸ ਦੀ ਬਾਲ ਕਹਾਣੀਆਂ ਦੀ ਦੂਜੀ ਪੁਸਤਕ ਹੈ, ਜਿਸ ਵਿਚ ਉਸ ਨੇ ਕੁੱਲ 9 ਕਹਾਣੀਆਂ ਵਿਚ ਬਾਲਾਂ ਦੀ ਮਾਨਸਿਕਤਾ ਨੂੰ ਕੇਂਦਰ ਵਿਚ ਰੱਖ ਕੇ ਪਾਠਕਾਂ ਨੂੰ ਸਮਾਜਿਕ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਜਾਣੂ ਕਰਵਾਉਂਦਿਆਂ ਢੁੱਕਵੀਂ ਜੁਗਤੀ ਨਾਲ ਉਨ੍ਹਾਂ ਦੇ ਹੱਲ ਲੱਭਣ ਲਈ ਪ੍ਰੇਰਣਾ ਦਿੱਤੀ ਹੈ। ਪੁਸਤਕ ਦੇ ਸਿਰਲੇਖ ਦੇ ਨਾਂਅ ਵਾਲੀ ਕਹਾਣੀ, 'ਹਾਂ, ਮੈਂ ਡੀ.ਸੀ. ਲੱਗਣਾ' ਇਕ ਗ਼ਰੀਬ ਪਰਿਵਾਰ ਦੇ ਨਾਇਕ ਬੱਚੇ ਸਮੀਰ ਦੀ ਕਹਾਣੀ ਹੈ ਜੋ ਗੱਡੀ ਦੇ ਮਾਲਕ ਵਲੋਂ ਮਾਰੇ ਗਏ ਤਾਅਨੇ ਨੂੰ ਇਕ ਚੁਣੌਤੀ ਵਜੋਂ ਸਵੀਕਾਰ ਕਰਦਾ ਹੈ ਅਤੇ ਸਖ਼ਤ ਮਿਹਨਤ ਅਤੇ ਲਗਨ ਦੀਆਂ ਪੌੜੀਆਂ ਚੜ੍ਹਦਾ ਹੋਇਆ ਓੜਕ ਡੀ.ਸੀ. ਦੇ ਉੱਚ ਅਹੁਦੇ 'ਤੇ ਲੱਗਣ ਦੇ ਸੁਪਨੇ ਨੂੰ ਸਾਕਾਰ ਕਰਦਾ ਹੈ। ਦੋ ਬਿੱਲੀਆਂ 'ਤੇ ਆਧਾਰਿਤ 'ਝੂਠੀ ਕਿੱਟੀ' ਕਹਾਣੀ ਦਾ ਤੱਤ ਸਾਰ ਇਹ ਹੈ ਕਿ ਝੂਠ ਦੇ ਮੁਲੰਮੇ ਨਾਲ ਢਕੇ ਚਿਹਰੇ ਦੀ ਵਾਸਤਵਿਕਤਾ ਇਕ ਦਿਨ ਸਾਹਮਣੇ ਜ਼ਰੂਰ ਆ ਜਾਂਦੀ ਹੈ। 'ਗੁੜੀਆ ਦੇ ਮੰਮੀ' ਕਹਾਣੀ ਵਿਚ ਮਾਂ-ਧੀ ਦਾ ਰੁਸ-ਰੁਸੇਵਾਂ ਹੈ। ਆਪਣੀ ਗ਼ਲਤੀ ਦਾ ਪ੍ਰਾਸਚਿਤ ਕਰਕੇ ਗੁੜੀਆ ਅੰਤ ਵਿਚ ਜਦੋਂ ਮੰਮੀ ਨੂੰ ਗਲਵਕੜੀ ਪਾਉਂਦੀ ਹੈ ਤਾਂ ਘਰੇਲੂ ਵਾਤਾਵਰਨ ਪਹਿਲਾਂ ਵਾਂਗ ਹੀ ਸਹਿਜ ਅਤੇ ਸੋਹਣਾ ਬਣ ਜਾਂਦਾ ਹੈ। 'ਦੋ ਸਹੇਲੀਆਂ' ਕਹਾਣੀ ਖ਼ਾਹਮਖ਼ਾਹ ਪ੍ਰੇਸ਼ਾਨ ਕਰਨ ਵਾਲੀਆਂ ਅਜਿਹੀਆਂ ਸ਼ਰਾਰਤਾਂ ਤੋਂ ਕਿਨਾਰਾਕਸ਼ੀ ਕਰਨ ਦੀ ਪ੍ਰੇਰਣਾ ਦਿੰਦੀ ਹੈ ਜਿਸ ਨਾਲ ਦੂਜੇ ਦੀ ਸਰੀਰਕ ਜਾਂ ਮਾਨਸਿਕ ਹਾਨੀ ਹੋਵੇ। ਇਸੇ ਪ੍ਰਕਾਰ ਕਹਾਣੀ 'ਡਾਕਟਰ ਅੰਕਲ' ਬਾਲ ਪਾਠਕ-ਵਰਗ ਨੂੰ ਨੇੜੇ ਬਹਿ ਕੇ ਟੀ.ਵੀ. ਦੇਖਣ ਦੇ ਨੁਕਸਾਨਾਂ ਤੋਂ ਸਾਵਧਾਨ ਕਰਦੀ ਹੈ ਕਿ ਜਦੋਂ ਕਿ 'ਤੋਹਫ਼ਾ','ਗੁੜੀਆ ਦਾ ਟਿਫ਼ਨ' ਅਤੇ 'ਰਾਹੁਲ ਦਾ ਜਨਮ ਦਿਨ' ਕਹਾਣੀਆਂ ਵਿਚ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਪੈਦਾ ਹੋਏ ਗਿਲੇ-ਸ਼ਿਕਵਿਆਂ ਉਪਰੰਤ ਦੋਸਤੀ ਦੀਆਂ ਗੰਢਾਂ ਮੁੜ ਬੱਝ ਜਾਂਦੀਆਂ ਹਨ। ਇਉਂ ਇਹ ਕਹਾਣੀਆਂ ਚਰਮਸੀਮਾ 'ਤੇ ਜਾ ਕੇ ਸਾਰਥਿਕ ਅਤੇ ਸੁਖਾਂਤਕ ਮੋੜ ਕੱਟਦੀਆਂ ਹੋਈਆਂ ਬਾਲ ਸਾਹਿਤ ਦੇ ਆਸ਼ੇ ਨੂੰ ਪੂਰਾ ਕਰਦੀਆਂ ਹਨ। ਰੰਗਦਾਰ ਚਿੱਤਰ ਬਾਲਾਂ ਨੂੰ ਖ਼ਾਸ ਖਿੱਚ ਪਾਉਂਦੇ ਹਨ। ਸਮੁੱਚੀਆਂ ਕਹਾਣੀਆਂ ਨਿੱਗਰ ਕਦਰਾਂ-ਕੀਮਤਾਂ ਨਾਲ ਜੋੜਦੀਆਂ ਹਨ। ਸੋਹਣੇ ਢੰਗ ਨਾਲ ਛਪੀ ਇਹ ਪੁਸਤਕ ਬਾਲ ਸਾਹਿਤ ਵਿਚ ਮਿਆਰੀ ਵਾਧਾ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

30-12-2023

 ਜੀਵਨ ਮਹਾਂਬਲੀ ਬਾਬਾ ਅੱਘੜ ਸਿੰਘ ਜੀ ਸ਼ਹੀਦ
ਲੇਖਕ : ਰਣਧੀਰ ਸਿੰਘ ਸੰਭਲ
ਪ੍ਰਕਾਸ਼ਕ : ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਹੁਸ਼ਿਆਰਪੁਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 01822-274227

ਪੁਸਤਕ ਦੇ ਲੇਖਕ ਨੇ ਹੁਣ ਤੱਕ ਢਾਈ ਦਰਜਨ ਤੱਕ ਪੁਸਤਕਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਪਾਠਕਾਂ ਦੇ ਸਨਮੁਖ ਪੇਸ਼ ਕੀਤੀਆਂ ਹਨ। ਹਥਲੀ ਕਿਤਾਬ 18ਵੀਂ ਸਦੀ ਦੇ ਮਹਾਨ ਯੋਧੇ ਬਾਬਾ ਅੱਘੜ ਸਿੰਘ ਸ਼ਹੀਦ ਦੀ ਸੰਖੇਪ ਜੀਵਨੀ ਨਾਲ ਸੰਬੰਧਿਤ ਹੈ। ਪੁਸਤਕ ਦੇ ਪਹਿਲੇ ਹਿੱਸੇ ਵਿਚ ਇਸ ਮਹਾਨ ਸ਼ਹੀਦ ਨੂੰ ਅਕੀਦਤ ਭੇਟ ਕਰਦਿਆਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਵਲੋਂ ਬਾਬਾ ਅੱਘੜ ਸਿੰਘ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਵਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਬਾਬਾ ਅੱਘੜ ਸਿੰਘ ਦੀ ਸ਼ਹਾਦਤ ਅਤੇ ਸੰਘਰਸ਼ੀ ਜੀਵਨ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਦੱਸਿਆ ਹੈ। ਲੇਖਕ ਨੇ ਇਸ ਮਹਾਨ ਸ਼ਹੀਦ ਦੇ ਜੀਵਨ ਨੂੰ ਇਤਿਹਾਸਕ ਸਰੋਤਾਂ ਦੀ ਰੌਸ਼ਨੀ ਵਿਚ ਪੇਸ਼ ਕੀਤਾ ਹੈ। ਇਹ ਮਹਾਨ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕਰਨ ਵਾਲੇ ਭਾਈ ਲੱਖੀ ਸ਼ਾਹ ਵਣਜਾਰਾ ਦਾ ਪੋਤਰਾ ਅਤੇ ਭਾਈ ਨਗਾਹੀਆ ਜੀ ਦਾ ਪੁੱਤਰ ਸੀ। ਪ੍ਰਭੂ ਨਾਮ ਵਿਚ ਰੰਗੀ ਹੋਈ ਮਹਾਨ ਆਤਮਾ ਸਨ। 18ਵੀਂ ਸਦੀ ਦੇ ਮਹਾਨ ਯੋਧੇ ਜਥੇਦਾਰ ਨਵਾਬ ਕਪੂਰ ਸਿੰਘ ਵਲੋਂ ਬਣਾਏ ਜਥਿਆਂ ਵਿਚੋਂ ਇਕ ਵੱਡੇ ਜਥੇ ਦੇ ਜਥੇਦਾਰ ਬਾਬਾ ਅੱਘੜ ਸਿੰਘ ਨੂੰ ਥਾਪਿਆ ਗਿਆ। 1791 ਈ: ਵਿਚ ਪਿੰਡ ਟੂਟੋਮਜਾਰਾ ਹੁਸ਼ਿਆਰਪੁਰ ਵਿਖੇ ਸਿੱਖੀ ਦੇ ਪ੍ਰਚਾਰ ਕੇਂਦਰ ਦੀ ਸਥਾਪਨਾ ਕੀਤੀ। ਵੱਡੇ ਘੱਲੂਘਾਰੇ ਸਮੇਂ ਬਾਬਾ ਅੱਘੜ ਸਿੰਘ ਨੇ ਸੂਰਮਗਤੀ ਦੇ ਜੌਹਰ ਵਿਖਾਏ। ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਲੜਦਿਆਂ ਸਰਹਿੰਦ ਦੀ ਫ਼ਤਹਿ ਸਮੇਂ 1764 ਵਿਚ ਬਾਬਾ ਅੱਘੜ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ। ਲੇਖਕ ਨੇ ਬਾਬਾ ਜੀ ਦੇ ਜੀਵਨ 'ਤੇ ਪੰਛੀ ਝਾਤ ਪਾਉਂਦੀ ਇਸ ਪੁਸਤਕ ਵਿਚ ਸ਼ਾਮਿਲ ਲੇਖਾਂ ਵਿਚ ਭਾਈ ਨਗਾਹੀਆ ਜੀ ਦੇ ਸਮੇਂ ਦੇ ਸਿੰਘਾਂ ਦਾ ਵੇਰਵਾ, ਸਿੱਖ ਪੰਥ ਦੇ ਮਹਾਨ ਸੂਰਬੀਰ ਬਾਬਾ ਅੱਘੜ ਸਿੰਘ ਜੀ ਸ਼ਹੀਦ, ਬਾਬਾ ਅੱਘੜ ਸਿੰਘ ਦਾ ਜਨਮ, ਸਿੱਖ ਕੌਮ ਲਈ ਇਮਤਿਹਾਨ ਦਾ ਸਮਾਂ, ਛੋਟਾ ਘੱਲੂਘਾਰਾ, ਬਾਰਾਂ ਮਿਸਲਾਂ ਦਾ ਸੰਗਠਨ, 1764 ਵਿਖੇ ਸਰਹਿੰਦ ਵਿਖੇ ਬਾਬਾ ਜੀ ਦੀ ਸ਼ਹੀਦੀ, ਬਾਬਾ ਅੱਘੜ ਸਿੰਘ ਦੀ ਸੂਰਮਗਤੀ, ਇਤਿਹਾਸਕ ਗੁ: ਬਾਬਾ ਅੱਘੜ ਸਿੰਘ ਜੀ ਸ਼ਹੀਦ, ਪਿੰਡ ਟੂਟੋਮਜਾਰਾ, ਆਦਰਸ਼ਕ ਖ਼ਾਲਸੇ ਦੇ ਲੱਛਣ, ਪੰਜ ਕਕਾਰ, ਸਿਫ਼ਤ ਪਿਆਰੇ ਦਸਮੇਸ਼ ਦੀ, ਸ਼ਹੀਦੀ ਮਿਸਲ, ਪ੍ਰਸਿੱਧ ਸੈਨਾਪਤੀ ਯੋਧਾ, ਬਾਬਾ ਅੱਘੜ ਸਿੰਘ ਦੀ ਨਾਦੀ ਬੰਸਾਵਲੀ ਤੋਂ ਇਲਾਵਾ ਕਿਤਾਬ ਦੇ ਅੰਤ ਵਿਚ ਸਹਾਇਕ ਪੁਸਤਕਾਂ ਦਾ ਵੇਰਵਾ ਵੀ ਦਿੱਤਾ ਹੈ। ਪੁਸਤਕ ਦੇ ਸਰਵਰਕ 'ਤੇ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਟੂਟੋਮਜਾਰਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਸਵੀਰ ਦਿੱਤੀ ਗਈ ਹੈ। ਬਾਬਾ ਅੱਘੜ ਸਿੰਘ ਜੀ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਨਾ ਲੇਖਕ ਦਾ ਸਫ਼ਲ ਉਪਰਾਲਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਖ਼ੁਸ਼ੀ ਦਾ ਦੀਵਾ
ਲੇਖਕ : ਭਾਗੀਰਥ ਰਾਮ ਭਾਟੀਆ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 180 ਰੁਪਏ, ਸਫ਼ੇ : 72
ਸੰਪਰਕ : 94649-60589

'ਖ਼ੁਸ਼ੀ ਦਾ ਦੀਵਾ' ਲੇਖਕ ਭਾਗੀਰਥ ਰਾਮ ਭਾਟੀਆ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ 'ਚ ਉਸ ਦੀਆਂ 62 ਕਾਵਿ ਰਚਨਾਵਾਂ ਸ਼ਾਮਲ ਹਨ। ਕਵੀ ਮਨੁੱਖ ਨੂੰ ਆਲਸ ਤਿਆਗਣ ਅਤੇ ਦ੍ਰਿੜ੍ਹ ਇਰਾਦੇ ਨਾਲ ਹਿੰਮਤ ਦਾ ਪੱਲਾ ਫੜ੍ਹਣ , ਨਫ਼ਰਤ ਤਿਆਗ ਕੇ ਖ਼ੁਸ਼ੀਆਂ ਦੇ ਦੀਵੇ ਜਗਾਉਣ ਲਈ ਪ੍ਰੇਰਿਤ ਕਰਦਾ ਹੈ। ਇੰਨਾਂ ਰਚਨਾਵਾਂ 'ਚ ਸਮਾਜਿਕ ਬੁਰਾਈਆਂ ਜਿਵੇਂ ਭਰੂਣ ਹੱਤਿਆ ਨੂੰ ਰੋਕਣ ਦੀ ਨਸੀਹਤ, ਨਸ਼ਿਆਂ 'ਚ ਗੁਲਤਾਨ ਹੋ ਰਹੀ ਜੁਆਨੀ ਦਾ ਫ਼ਿਕਰ ਵੀ ਹੈ। ਕਵੀ ਨੌਕਰੀ ਪੇਸ਼ਾ ਕੱਚੇ ਮੁਲਾਜ਼ਮਾਂ ਦੇ ਮੰਦਹਾਲੀ ਵਾਲੇ ਹਾਲਾਤਾਂ ਦੇ ਦਰਦ ਨੂੰ ਆਪਣੀਆਂ ਬਹੁ-ਗਿਣਤੀ ਕਵਿਤਾਵਾਂ 'ਚ ਬਿਆਨਦਾ ਹੈ : ਘਰੋਂ ਦੂਰ ਛੋਟੀ ਜਿਹੀ ਨੌਕਰੀ ਹਾਂ ਕਰਦਾ।
ਰੋਜ਼ ਘਰ ਨਹੀਂ ਜਾ ਸਕਦਾ,
ਮਹਿੰਗਾਈ ਤੋਂ ਹਾਂ ਡਰਦਾ।
ਬਹੁਤ ਘੱਟ ਤਨਖ਼ਾਹ ਹੈ,
ਫਿਰ ਵੀ ਟਾਈਮ ਟਪਾਉਣਾ ਪੈਂਦਾ
ਕਰਨੀ ਪੈਂਦੀ ਹੈ ਕੰਜੂਸੀ,
ਨਾਜ਼ਾਇਜ ਖਰਚੇ ਤੋਂ ਹਾਂ ਡਰਦਾ।
(ਪੰਨਾ : 27)
ਲੇਖਕ ਦਿੱਲੀ ਕਿਸਾਨ ਅੰਦੋਲਨ ਦੇ ਸੰਘਰਸ਼ਮਈ ਦਿਨਾਂ ਨੂੰ ਯਾਦ ਕਰਦਿਆਂ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੇ ਜ਼ਜ਼ਬੇ ਨੂੰ ਸਲਾਮ ਕਰਦਾ ਹੈ। ਕਵੀ ਦੇਸ਼ ਦੀ ਧੀ ਨੂੰ ਝਾਂਸੀ ਦੀ ਰਾਣੀ ਵਾਂਗ ਬਹਾਦਰ ਅਤੇ ਦੇਸ਼ ਭਗਤ ਬਣਨ ਲਈ ਪ੍ਰੇਰਿਤ ਕਰਦਾ ਹੈ। ਅਵਾਰਾ ਪਸ਼ੂਆਂ ਦੀ ਸਮੱਸਿਆ, ਪੈਸੇ ਦੀ ਤਾਕਤ, ਧਰਤੀ ਮਾਤਾ ਦੀ ਮਹਾਨਤਾ, ਦੇਸ਼ ਦੇ ਸ਼ਹੀਦਾਂ ਪ੍ਰਤੀ ਅਥਾਹ ਸਤਿਕਾਰ ਅਤੇ ਸ਼ਰਧਾ, ਦੇਸ਼ ਦੇ ਅੰਨਦਾਤੇ ਕਿਸਾਨ ਦੀ ਦਿਨੋਂ-ਦਿਨ ਨਿੱਘਰ ਰਹੇ ਹਾਲਤ ਤੋਂ ਉਹ ਡਾਹਢਾ ਚਿੰਤਾਵਾਨ ਜਾਪਦਾ ਹੈ ਅਤੇ ਅਜੋਕੇ ਮਸ਼ੀਨੀਯੁੱਗ 'ਚ ਕਰਜ਼ੇ ਦਾ ਵਧ ਰਿਹਾ ਮੱਕੜਜਾਲ ਉਸ ਨੂੰ ਡਾਹਢਾ ਬੇਚੈਨ ਕਰਦਾ ਹੈ:
ਮੇਰੇ ਦੇਸ਼ ਦਾ ਗ਼ਰੀਬ ਕਿਸਾਨ
ਜੋ ਅੰਨਦਾਤਾ ਕਹਾਉਂਦਾ ਹੈ।
ਮਿਹਨਤ ਕਰਦਾ ਹੱਡ ਭੰਨਵੀਂ,
ਫਿਰ ਵੀ ਭੁੱਖਾ ਰਹਿ ਜਾਂਦਾ ਹੈ। (ਪੰਨਾ : 56)
ਇਸ ਕਾਵਿ ਸੰਗ੍ਰਹਿ ਦੀਆਂ ਬਹੁ ਗਿਣਤੀ ਕਾਵਿ ਰਚਨਾਵਾਂ 'ਚ ਇਕ ਮਿਹਨਤਕਸ਼ ਵਿਅਕਤੀ ਦਾ ਦਰਦ ਉਬਾਲੇ ਮਾਰਦਾ ਪ੍ਰਤੀਤ ਹੁੰਦਾ ਹੈ ਅਤੇ ਇਸ ਸੰਘਰਸ਼ਮਈ ਜੀਵਨ 'ਚ ਸਿਦਕ ਦਿਲੀ ਅਤੇ ਹੋਰ ਹਿੰਮਤ ਨਾਲ ਇੰਨਾਂ ਹਾਲਾਤਾਂ ਨਾਲ ਟਾਕਰਾ ਕਰਨ ਦਾ ਫੌਲਾਦੀ ਹੌਸਲਾ ਵੀ ਹੈ । ਭਾਵੇਂ ਕੁਝ ਰਚਨਾਵਾਂ ਮਹਿਜ ਤੁਕਬੰਦੀ ਵੀ ਜਾਪਦੀਆਂ ਹਨ ਪਰੰਤੂ ਲੇਖਕ 'ਚ ਭਵਿੱਖ ਵਿਚ ਹੋਰ ਚੰਗਾ ਸਾਹਿਤ ਸਿਰਜਣ ਦੀ ਸਮਰੱਥਾ ਵੀ ਸਾਫ਼ ਝਲਕਦੀ ਹੈ। ਲੇਖਕ ਭਾਗੀਰਥ ਰਾਮ ਭਾਟੀਆ ਦੀ ਇਸ ਪਲੇਠੀ ਕਾਵਿ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਭਜਨ ਸਿੰਘ ਵਿਰਕ ਦਾ ਕਾਵਿ ਸੰਸਾਰ
ਸੰਪਾਦਕ : ਜਗਦੀਸ਼ ਰਾਣਾ
ਪ੍ਰਕਾਸ਼ਕ : ਬੁਕਬਾਰ ਪਬਲਿਸ਼ਿੰਗ ਹਾਊਸ ਚਿੱਤੇਵਾਣੀ ਜਲੰਧਰ
ਮੁੱਲ : ਅੰਕਿਤ ਨਹੀਂ, ਸਫ਼ੇ : 99
ਸੰਪਰਕ : 79862-07849

ਭਜਨ ਸਿੰਘ ਵਿਰਕ (3.6.1943- 2.6.2022) ਪੰਜਾਬੀ ਦਾ ਇਕ ਪ੍ਰੌੜ੍ਹ ਸ਼ਾਇਰ ਹੋ ਗੁਜ਼ਰਿਆ ਹੈ। ਉਹਦੀ ਕਾਵਿ ਸਿਰਜਣਾ ਦਾ ਸਫ਼ਰ 1978 ਤੋਂ 2022 ਤੱਕ ਫੈਲਿਆ ਹੋਇਆ ਹੈ, ਜਿਸ ਵਿਚ 6 ਕਾਵਿ ਸੰਗ੍ਰਹਿ (ਉਦਾਸ ਮੌਸਮ, 1978; ਅਹਿਸਾਸ ਦੀ ਅੱਗ, 1988; ਸਰਾਪੇ ਪਲ, 1991; ਸੂਰਜ ਅਤੇ ਸਿਜਦਾ, 1994; ਜ਼ਿੰਦਗੀ ਖ਼ੁਦਕੁਸ਼ੀ ਨਹੀਂ, 2003; ਸਪਤਰਿਸ਼ੀ, 2009) ਅਤੇ 10 ਗ਼ਜ਼ਲ ਸੰਗ੍ਰਹਿ (ਪੀੜ ਦਾ ਦਰਿਆ, 1996; ਡਾਚੀਆਂ ਦੀ ਪੈੜ, 1999; ਧੁੱਪਾਂ 'ਚ ਤੁਰਦਿਆਂ, 2008; ਗਿਰਝਾਂ ਹਵਾਲੇ, 2011; ਮੱਥੇ ਵਿਚਲਾ ਤਰਕਸ਼, 2013; ਚਾਮਲੀ ਹੋਈ ਬਦੀ, 2013; ਅਣਫੋਲੇ ਵਰਕੇ, 2016; ਉਲਝੇ ਤੰਦ, 2018; ਬਰਬਾਦੀਆਂ ਦਾ ਮੰਜ਼ਰ, 2020; ਅੱਖਰ ਅੱਖਰ ਸੂਰਜ, 2022) ਸ਼ਾਮਿਲ ਹਨ। ਬਚਪਨ ਦੀ ਮੁਸ਼ਕਿਲ ਜ਼ਿੰਦਗੀ ਨਾਲ ਜੂਝਦਿਆਂ ਉਸ ਨੇ ਅੰਗਰੇਜ਼ੀ ਦੀ ਐਮ.ਏ. ਕਰਕੇ ਸਰਕਾਰੀ ਸਕੂਲਾਂ ਵਿਚ ਅਧਿਆਪਨ-ਕਾਰਜ (1968-2001) ਕੀਤਾ। ਖ਼ੁਦ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਉਹਦੀ ਦੱਬੇ-ਕੁਚਲੇ ਲੋਕਾਂ ਨਾਲ ਡੂੰਘੀ ਹਮਦਰਦੀ ਰਹੀ।
ਵਿਚਾਰ ਅਧੀਨ ਪੁਸਤਕ ਜਗਦੀਸ਼ ਰਾਣਾ (ਜਨਰਲ ਸਕੱਤਰ, ਨਵੀਂ ਚੇਤਨਾ ਪੰਜਾਬੀ ਲੇਖਕ ਮੰਚ, ਪੰਜਾਬ, ਗੁਰਾਇਆ) ਨੇ ਸੰਪਾਦਿਤ ਕੀਤੀ ਹੈ, ਜੋ ਆਪ ਇਕ ਜਾਣਿਆ-ਪਛਾਣਿਆ ਗ਼ਜ਼ਲਗੋ ਹੈ। ਰਾਣਾ ਨੇ ਇਸ ਪੁਸਤਕ ਵਿਚ ਪ੍ਰਤੀਨਿਧ ਲੇਖਕਾਂ/ਆਲੋਚਕਾਂ ਦੇ 10 ਲੇਖ ਸ਼ਾਮਿਲ ਕੀਤੇ ਹਨ, ਜਿਨ੍ਹਾਂ ਵਿਚ ਸੁਲੱਖਣ ਸਰਹੱਦੀ, ਸੰਧੂ ਵਰਿਆਣਵੀ, ਪ੍ਰੋ. ਪਰਮਜੀਤ ਕੌਰ ਨੂਰ, ਮਹਿੰਦਰ ਸਿੰਘ ਦੁਸਾਂਝ, ਡਾ. ਜਗੀਰ ਸਿੰਘ ਨੂਰ, ਡਾ. ਐੱਸ.ਐੱਸ. ਅੰਮ੍ਰਿਤ, ਡਾ. ਤੇਜਵੰਤ ਸਿੰਘ ਮਾਨ, ਬਲਬੀਰ ਕੌਰ ਰਾਏਕੋਟੀ ਦੇ ਨਾਂਅ ਸ਼ਾਮਿਲ ਹਨ। ਜਗਦੀਸ਼ ਰਾਣਾ ਦੀ ਲੰਮੀ ਭੂਮਿਕਾ ਤੋਂ ਇਲਾਵਾ ਭਜਨ ਸਿੰਘ ਵਿਰਕ ਦਾ ਆਪਣੀ ਰਚਨਾ ਤੇ ਜੀਵਨ ਬਾਰੇ ਵਿਸਤ੍ਰਿਤ ਲੇਖ ਵੀ ਮੌਜੂਦ ਹੈ। ਇਹ ਪੁਸਤਕ ਭਜਨ ਸਿੰਘ ਵਿਰਕ ਦੀ ਸ਼ਾਇਰੀ ਦੇ ਬੁਨਿਆਦੀ ਸਰੋਕਾਰਾਂ, ਵਿਚਾਰ ਅਨੁਭਵ, ਸਾਹਿਤਕਤਾ ਅਤੇ ਯੋਗਦਾਨ ਨੂੰ ਸਮਝਣ ਲਈ ਕਾਫ਼ੀ ਸਹਾਇਕ ਸਿੱਧ ਹੋ ਸਕਦੀ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਕਿਸ਼ਨਗੜ੍ਹ ਗੋਲੀ ਕਾਂਡ
ਲੇਖਕ : ਸਰਵਣ ਸਿੰਘ ਬੀਰ
ਸੰਪਾਦਕ : ਬਲਬੀਰ ਚੰਦ ਲੌਂਗੋਵਾਲ
ਪ੍ਰਕਾਸ਼ਕ : ਮਾਲਵਾ ਇਤਿਹਾਸ ਖੋਜ ਕੇਂਦਰ, ਬਠਿੰਡਾ
ਸਫ਼ੇ : 44
ਸੰਪਰਕ : 98153-17028

ਇਹ ਕਿਤਾਬਚਾ, ਲੋਕ-ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨਾਂ (2020) ਦੇ ਖ਼ਿਲਾਫ਼ ਉੱਠੀ ਲੋਕ-ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਵਿਚ ਵਿਸਵੇਦਾਰਾਂ ਅਤੇ ਮੁਜ਼ਾਹਰਿਆਂ ਵਿਚਕਾਰ ਹੋਏ ਤਕੜੇ ਸੰਘਰਸ਼ ਦੀ ਗਾਥਾ ਬਿਆਨ ਕੀਤੀ ਗਈ ਹੈ। ਕਿਸ਼ਨਗੜ੍ਹ ਦੀ ਘਟਨਾ, ਮੁਜ਼ਾਹਰਾ ਲਹਿਰ ਦੇ ਸੰਘਰਸ਼ ਦੀ ਸਿਖ਼ਰ ਕਹੀ ਜਾ ਸਕਦੀ ਹੈ। ਸਮਕਾਲੀ ਲੋਕਾਂ ਦੀਆਂ ਲਿਖਤਾਂ ਰਾਹੀਂ ਵੀ ਇਤਿਹਾਸ ਦੇ ਸਹੀ ਤੱਥਾਂ ਨੂੰ ਬਿਆਨ ਕਰਦੀਆਂ ਹਨ, ਜਿਵੇਂ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੀ ਦੀਆਂ ਲਿਖਤਾਂ ਹਨ। ਰਿਆਸਤ ਵਿਚ 1947 ਈ: ਦੇ ਆਰੰਭਲੇ ਸਮੇਂ ਵਿਚ ਅਸਲ ਵਿਚ ਕਿਸਾਨਾਂ ਵਲੋਂ ਛੇੜੀ ਲੜੀ ਤੇ ਲੜੀ ਜਾ ਰਹੀ, ਬਟਾਈ ਤੋਂ ਇਨਕਾਰ ਤੇ ਵਿਸਵੇਦਾਰਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਦੀ ਲਹਿਰ ਨੂੰ ਨਵਾਂ ਹੁੰਗਾਰਾ ਮਿਲ ਚੁੱਕਾ ਸੀ। ਇਸ ਵਿਰੋਧ ਦੇ ਵਧਦੇ ਪ੍ਰਭਾਵ ਤੋਂ ਡਰ ਕੇ ਵਿਸਵੇਦਾਰ ਆਪਣਾ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਸਨ। ਪ੍ਰੰਤੂ ਜਦ ਪੈਪਸੂ ਸਥਾਪਿਤ ਹੋਇਆ ਤਾਂ ਪਰਜਾ ਮੰਡਲ ਦੀ ਲਹਿਰ ਸਰਗਰਮ ਹੋ ਗਈ ਸੀ। ਕਿਸ਼ਨਗੜ੍ਹ ਦੀ ਘਟਨਾ ਵਾਪਰੀ, ਜਿਸ 'ਚ ਮੁਜ਼ਾਹਾਰਾ ਆਗੂ ਗਿਆਨੀ ਬਚਨ ਸਿੰਘ ਬਖ਼ਸ਼ੀਵਾਲਾ ਨੇ ਕਵਿਤਾ 'ਆਪ ਬੀਤੀ' ਪੜ੍ਹੀ ਸੀ। ਇਸੇ ਸਮੇਂ ਇਥੇ ਗੋਲੀ ਕਾਂਡ ਵਾਪਰਿਆ। ਕਿਸ਼ਨਗੜ੍ਹ ਦੀ ਘਟਨਾ ਨੇ ਵਿਸਵੇਦਾਰ ਤੇ ਮੁਜ਼ਾਹਰਾ ਲਹਿਰ ਨੂੰ ਆਹਮਣੇ-ਸਾਹਮਣੇ ਕਰ ਦਿੱਤਾ ਸੀ। ਮੁਜ਼ਾਹਰਿਆਂ ਵਲੋਂ, ਵਿਸਵੇਦਾਰਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਸ਼ੁਰੂਆਤ ਕਹਿ ਸਕਦੇ ਹਾਂ, ਜਿਨ੍ਹਾਂ ਮੁਜ਼ਾਹਰਿਆਂ ਵਿਰੁੱਧ ਕੇਸ ਦਰਜ ਕੀਤੇ ਗਏ, ਉਨ੍ਹਾਂ ਦੀ ਗਿਣਤੀ 36 ਹੈ।
ਇਸ ਕਿਤਾਬਚੇ ਤੋਂ ਕਿਸ਼ਨਗੜ੍ਹ ਗੋਲੀ ਕਾਂਡ ਦੇ ਉਪਰੰਤ ਵਿਸਵੇਦਾਰਾਂ ਅਤੇ ਮੁਜ਼ਾਹਰਾ ਲਹਿਰ ਦੇ ਕਿਰਤੀਆਂ ਕਾਮਿਆਂ ਦੇ ਵਿਚਕਾਰ ਹੋਏ ਸੰਘਰਸ਼ ਦੀ ਦਾਸਤਾਨ ਹੈ।
ਸੰਪਾਦਕ ਬਲਬੀਰ ਚੰਦ ਲੌਂਗੋਵਾਲ ਨੇ ਕਿਸ਼ਨਗੜ੍ਹ ਗੋਲੀ ਕਾਂਡ, ਲਿਖਤ ਸਰਵਣ ਸਿੰਘ ਬੀਰ ਦਾ ਮੁੜ ਪ੍ਰਕਾਸ਼ਨ ਕਰਵਾ ਕੇ ਮੁਜ਼ਾਹਰਾ ਲਹਿਰ ਨੂੰ ਮੁੜ ਜਿਊਂਦਾ ਕਰਵਾ ਦਿੱਤਾ ਹੈ। ਸੰਪਾਦਕ ਵਧਾਈ ਦਾ ਹੱਕਦਾਰ ਹੈ।

-ਡਾ. ਅਮਰ ਕੋਮਲ
ਮੋਬਾਈਲ : 84378-73565

ਨਜ਼ਰੀਆ
ਲੇਖਿਕਾ : ਅਰਮਨਜੀਤ ਕੌਰ
ਪ੍ਰਕਾਸ਼ਕ : ਸਾਦਿਕ ਪਬਲੀਕੇਸ਼ਨਜ਼, ਬਠਿੰਡਾ
ਮੁੱਲ : 150 ਰੁਪਏ, ਸਫ਼ੇ : 108
ਸੰਪਰਕ : 99151-41606

'ਨਜ਼ਰੀਆ' ਨੌਜਵਾਨ ਕਵਿਤਰੀ ਅਰਮਨਜੀਤ ਦਾ ਪਹਿਲਾ ਕਾਵਿ-ਸੰਗ੍ਰਹਿ ਹੈ। ਉਸ ਨੇ ਬਹੁਤ ਸਰਲ ਸਧਾਰਨ ਭਾਸ਼ਾ ਵਿਚ ਸਮਾਜਿਕ ਸਮੱਸਿਆਵਾਂ ਬਾਰੇ ਕਾਵਿ-ਰਚਨਾ ਕੀਤੀ ਹੈ। ਉਸ ਦੇ ਵਿਸ਼ੇ ਸਮਾਜਿਕ ਰਿਸ਼ਤਿਆਂ ਦੀ ਟੁੱਟ-ਭੱਜ, ਮਾਨਵੀ ਸੰਵੇਦਨਾ, ਬੇਰੁਜ਼ਗਾਰੀ, ਨਸ਼ੇ, ਕਿਰਤੀਆਂ ਦੀਆਂ ਆਰਥਿਕ ਸਮੱਸਿਆਵਾਂ ਨਾਲ ਜੁੜੇ ਹਨ। ਉਸ ਨੇ ਨਵੀਂ ਪੀੜ੍ਹੀ ਦੀਆਂ ਚੁਣੌਤੀਆਂ ਨੂੰ ਵੀ ਕਾਵਿ-ਬੱਧ ਕੀਤਾ ਹੈ। ਉਹ ਅਜੋਕੇ ਦੌਰ ਵਿਚ ਵਿਰਸੇ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਪ੍ਰਤੀ ਚਿੰਤਤ ਹੈ :
ਯੁੱਗ ਆਧੁਨਿਕ ਚੱਲਿਆ ਏ
ਨਾ ਸੱਭਿਆਚਾਰ ਵਿਸਾਰੀਂ ਤੂੰ
ਸੰਸਕਾਰ ਭਰੇ ਹੀ ਰਹਿਣ ਦਈਂ
ਨਾ ਪੈਰਾਂ ਹੇਠ ਲਿਤਾੜੀ ਤੂੰ
ਉਸ ਦੇ ਵਿਸ਼ੇ ਉਸ ਦੀ ਆਪਣੇ ਪ੍ਰਤੀ ਲਗਨ ਅਤੇ ਜ਼ਿੰਮੇਵਾਰੀ ਨਾਲ ਵੀ ਜੁੜੇ ਹਨ। ਉਹ ਆਤਮ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵੱਲ ਕਦਮ ਵਧਾਉਂਦੀ ਸ਼ਾਇਰਾ ਹੈ :
ਮੈਂ ਉਹ ਮੰਜ਼ਲ ਦੀ ਰਾਹੀ ਹਾਂ
ਜੋ ਮੁਕਾਮ 'ਤੇ ਪਹੁੰਚਣਾ ਚਾਹੁੰਦੀ ਆਂ
ਮਿਹਨਤ ਕਰਕੇ ਜ਼ਿੰਦਗੀ ਵਿਚ
ਮੈਂ ਨਾਮ ਚਮਕਾਉਣਾ ਚਾਹੁੰਦੀ ਹਾਂ
ਉਹ ਵਿਗਿਆਨਕ ਸੋਚ ਨਾਲ ਜੁੜੇ ਵਿਸ਼ਿਆਂ ਪ੍ਰਤੀ ਵੀ ਚੇਤੰਨ ਹੈ। ਵਹਿਮ ਭਰਮ ਕਵਿਤਾ ਇਸ ਦੀ ਮਿਸਾਲ ਹੈ। ਡਾ. ਭੀਮ ਰਾਓ ਅੰਬੇਡਕਰ ਬਾਰੇ ਉਸ ਨੇ ਬਹੁਤ ਖ਼ੂਬਸੂਰਤ ਰਚਨਾ ਲਿਖੀ ਹੈ।
ਛੋਟੀ ਉਮਰੇ ਉਸ ਕੋਲ ਬਹੁਤ ਡੂੰਘੇ ਵਿਚਾਰ ਅਤੇ ਅਨੁਭਵ ਹਨ। ਉਹ ਕੁਝ ਰਿਸ਼ਤਿਆਂ ਪ੍ਰਤੀ ਆਪਣੀ ਸੰਵੇਦਨਾ ਵੀ ਪ੍ਰਗਟ ਕਰਦੀ ਹੈ। 'ਦਾਦੀ ਮਾਂ' ਕਵਿਤਾ ਇਸ ਦਾ ਖ਼ੂਬਸੂਰਤ ਉਦਾਹਰਨ ਹੈ। ਉਹ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਨਜ਼ਰੀਆ ਰੱਖਦੀ ਹੋਈ ਭਵਿੱਖ ਲਈ ਯਤਨਸ਼ੀਲ ਹੈ :
ਸ਼ਿਕਵੇ ਨਾ ਕਰਿਆ ਕਰ ਦਿਲਾ
ਜਿੰਨਾ ਮਿਲਿਆ ਖ਼ੁਸ਼ੀ ਖੁਸ਼ੀ ਅਪਣਾਇਆ ਕਰ
ਉਹ ਪ੍ਰਦੂਸ਼ਣ ਮੁਕਤ ਦੇਸ਼ ਦੀ ਕਲਪਨਾ ਕਰਦੀ। ਪਾਣੀ ਦੀ ਬੱਚਤ ਕਰਨ ਲਈ ਵੀ ਪ੍ਰੇਰਨਾ ਦਿੰਦੀ ਹੈ। ਅਜਿਹੀਆਂ ਲੋਕ ਭਾਸ਼ਾਵਾਂ ਵਿਚ ਰਚੀਆਂ ਕਵਿਤਾਵਾਂ ਪਾਠਕਾਂ ਲਈ ਲਾਹੇਵੰਦ ਹਨ :
ਮੈਂ ਪਾਣੀ ਹਾਂ ਥੋਡਾ ਹਾਣੀ ਹਾਂ
ਮੈਨੂੰ ਇੰਝ ਅਜਾਈਂ ਗੁਆਓ ਨਾ
ਮੈਨੂੰ ਸੰਜਮ ਦੇ ਨਾਲ ਵਰਤੋ ਸਹੀ
ਬੇਲੋੜਾ ਤੁਸੀਂ ਵਹਾਓ ਨਾ... ...
ਇਸ ਪ੍ਰਕਾਰ ਅਰਮਨਜੀਤ ਦੀ ਇਹ ਕਾਵਿ ਪੁਸਤਕ ਉਸ ਦੀਆਂ ਅਰਥ ਪੂਰਨ ਅਤੇ ਸਰਲ ਭਾਸ਼ਾ ਵਿਚ ਰਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਸੰਵਿਧਾਨ, ਹਾਦਸਾ, ਨਿੱਘੀ ਯਾਦ, ਕਿਸਾਨ, ਮਾਲੀ, ਵਖ਼ਤ, ਧੀਆਂ, ਚਾਰ ਦਿਨ ਦੀ ਜ਼ਿੰਦਗੀ, ਆਵਾਜ਼, ਸਲੂਕ, ਬਰਬਾਦੀ ਨਸਲਾਂ ਦੀ, ਪਰਵਾਜ਼, ਖ਼ਤ ਬੇਰੁਜ਼ਗਾਰ ਦਾ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਇਸ ਕਾਵਿ ਪੁਸਤਕ ਲਈ ਕਵਿਤਰੀ ਨੂੰ ਮੁਬਾਰਕਵਾਦ।

-ਪ੍ਰੋ. ਕੁਲਜੀਤ ਕੌਰ
ਐਚ.ਐਮ.ਵੀ. ਕਾਲਜ, ਜਲੰਧਰ।

ਅਪਣੱਤ ਭਰੇ ਰਿਸ਼ਤੇ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 134
ਸੰਪਰਕ : 98762-95829

ਮਨੁੱਖੀ ਸਰੀਰ ਇਕ ਬਹੁਤ ਗੁੰਝਲਦਾਰ ਅਤੇ ਨਾਜ਼ੁਕ ਮਸ਼ੀਨ ਹੈ। ਇਹ ਮਨੁੱਖ ਨੂੰ ਬੜੇ ਭਾਗਾਂ ਨਾਲ ਮਿਲਦਾ ਹੈ। 'ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥' ਹਰਬੀਰ ਸਿੰਘ ਆਪਣੇ ਜੀਵਨ ਵਿਚ ਏਨੇ ਉਲਝੇ ਸਵਾਲਾਂ ਦੇ ਮੁਖ਼ਾਤਿਬ ਰਿਹਾ ਕਿ ਉਹ ਬਹੁਤਾ ਲੰਬਾ ਸਮਾਂ ਨਾ ਜੀਅ ਸਕਿਆ, ਭਾਵੇਂ ਇਕ ਪੱਤਰਕਾਰ ਵਜੋਂ ਉਸ ਦੀ ਪਾਰੀ ਕਾਫ਼ੀ ਸਫ਼ਲ ਰਹੀ ਪਰ ਬਾਅਦ ਵਿਚ ਉਹ ਸਵਸਥ ਨਾ ਰਹਿ ਸਕਿਆ। ਫਿਰ ਵੀ ਜਾਂਦਿਆਂ-ਜਾਂਦਿਆਂ ਉਸ ਨੇ ਇਸ ਪੁਸਤਕ ਦਾ ਖਰੜਾ ਜ਼ਰੂਰ ਤਿਆਰ ਕਰ ਲਿਆ ਸੀ, ਜੋ ਉਸ ਦੀ ਪਤਨੀ ਸਰਦਾਰਨੀ ਕੈਲਾਸ਼ ਭੰਵਰ ਨੇ ਇਕ ਪ੍ਰਸਿੱਧ ਪ੍ਰਵਾਸੀ ਲੇਖਕ ਸ੍ਰੀ ਜਰਨੈਲ ਸੇਖਾ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕਰ ਲਿਆ ਹੈ। ਇਸ ਪੁਸਤਕ (ਅਪਣੱਤ ਭਰੇ ਰਿਸ਼ਤੇ) ਵਿਚ ਸੰਕਲਿਤ ਲੇਖ ਸ. ਭੰਵਰ ਦੀਆਂ ਅੰਤਿਮ ਰਚਨਾਵਾਂ ਹਨ। ਹਰਬੀਰ ਸਿੰਘ ਭੰਵਰ ਇਕ ਉਦਾਰ ਮਾਨਵਵਾਦੀ ਦੇ ਨਜ਼ਰੀਏ ਨਾਲ ਆਪਣੇ ਵਿਚਾਰ ਪੇਸ਼ ਕਰਦਾ ਹੈ। ਉਹ ਕੋਈ ਰੈਡੀਕਲ ਚਿੰਤਕ ਨਹੀਂ ਹੈ। ਇਹੀ ਕਾਰਨ ਹੈ ਕਿ ਉਸ ਦੇ ਵਿਚਾਰ ਮੱਧ ਸ਼੍ਰੇਣੀ ਨਾਲ ਸੰਬੰਧਿਤ ਪਾਠਕਾਂ ਨੂੰ ਵਿਸ਼ੇਸ਼ ਰੂਪ ਵਿਚ ਪਸੰਦ ਆਉਣਗੇ। ਧਰਮ, ਦੇਸ਼-ਵੰਡ, ਅਪਣੱਤ ਭਰੇ ਰਿਸ਼ਤੇ, ਸੁੱਖ-ਦੁੱਖ ਦਾ ਸੁਮੇਲ, ਸਾਡੀ ਜ਼ਿੰਦਗੀ, ਪੇਂਡੂ ਜੀਵਨ ਅਤੇ ਥੱਕੇ ਹੋਏ ਦਿਲ ਆਰਾਮ ਕਰ। ਆਦਿਕ ਲੇਖਾਂ ਵਿਚ ਉਸ ਦੀ ਸੰਵੇਦਨਾ (ਲਾਲਿਤਯ) ਦਾ ਸੁਮੇਲ ਪੜ੍ਹਿਆ ਜਾ ਸਕਦਾ ਹੈ।
ਨਿਬੰਧ ਦੀ ਫਾਰਮ ਨੂੰ ਵੀ ਹਰਬੀਰ ਸਿੰਘ ਭੰਵਰ ਨੇ ਖੂਬ ਪਹਿਚਾਣਿਆ ਹੈ। ਬਹੁਤੇ ਨਿਬੰਧਕਾਰ ਆਪਣੇ ਨਿਬੰਧਾਂ ਨੂੰ 'ਖੋਜ ਪੱਤਰ' ਬਣਾ ਛੱਡਦੇ ਹਨ। ਉਹ ਇਨ੍ਹਾਂ ਵਿਚ ਏਨੀ ਸੂਚਨਾ ਭਰ ਦਿੰਦੇ ਹਨ ਕਿ ਪਾਠਕ ਡੌਰ-ਭੌਰ ਹੋ ਜਾਂਦਾ ਹੈ। ਨਿਬੰਧ ਲਿਖਣ ਦੀ ਕਲਾ ਪ੍ਰੋ. ਤੇਜਾ ਸਿੰਘ ਨੂੰ ਆਉਂਦੀ ਸੀ, ਜਿਸ ਦਾ ਹਰ ਨਿਬੰਧ, ਭਾਵਾਂ ਦੇ ਇਕ ਸ਼ਾਂਤ ਵਗਦੇ ਦਰਿਆ ਦੀ ਯਾਦ ਕਰਵਾਉਂਦਾ ਸੀ। ਹਰਬੀਰ ਸਿੰਘ ਭੰਵਰ ਤੇਜਾ ਸਿੰਘ ਦੀ ਪੰਰਪਰਾ ਦਾ ਨਿਬੰਧਕਾਰ ਹੈ। ਇਨ੍ਹਾਂ ਨਿਬੰਧਾਂ ਵਿਚ 'ਗੁਜ਼ਰ ਰਿਹਾ ਸਮਾਂ' ਵੀ ਇਕ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਵਕਤ ਦਾ ਗੁਜ਼ਰਦੇ ਜਾਣਾ, ਸੰਵੇਦਨਸ਼ੀਲ ਮਨੁੱਖ ਵਿਚ ਕਰੁਣਾ ਅਤੇ ਉਦਾਸੀ ਦੇ ਭਾਵ ਭਰ ਦਿੰਦਾ ਹੈ। ਆਪਣੇ ਇਕ ਲੇਖ ਵਿਚ ਉਹ ਲਿਖਦਾ ਹੈ, 'ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਕੰਮ ਕੀਤਾ ਹੈ, ਦੋ ਵਿਅਕਤੀਆਂ ਦੇ ਬਰਾਬਰ... ਅਤੇ ਹੁਣ ਆਰਾਮ ਕਰਨਾ ਚਾਹੁੰਦਾ ਹਾਂ।' ਅਜਿਹੇ ਸ਼ਬਦ ਉਸ ਪਾਸੋਂ ਕਾਲ-ਚੇਤਨਾ ਨੇ ਹੀ ਲਿਖਵਾਏ ਹਨ। ਇਸ ਪੁਸਤਕ ਦਾ ਹਰ ਲੇਖ 'ਧਿਆਨ ਨਾਲ ਪੜ੍ਹਨਯੋਗ' ਹੈ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

24-12-2023

 ਫਿਨੀਕਸ ਇਨ ਫਲੇਮਸ
ਲੇਖਿਕਾ: ਰਚਨਾ ਸਿੰਘ
ਪ੍ਰਕਾਸ਼ਕ: ਵਿਸ਼ਵਕਰਮਾ ਪਬਲੀਕੇਸ਼ਨਜ਼

ਰਚਨਾ ਸਿੰਘ ਇਕ ਚਰਚਿਤ ਸਾਹਿਤਕਾਰ ਹੈ, ਜਿਨ੍ਹਾਂ ਕੋਲ ਅੰਗਰੇਜ਼ੀ ਸਾਹਿਤ 'ਚ ਐਮ.ਫਿਲ ਦੀ ਡਿਗਰੀ ਅਤੇ ਇਸ ਖੇਤਰ 'ਚ ਸ਼ਾਨਦਾਰ ਕਾਰਗੁਜ਼ਾਰੀ ਲਈ ਤਿੰਨ ਸੋਨ ਤਗਮੇ ਹਨ। ਰਚਨਾ ਸਿੰਘ ਨੂੰ ਕੈਂਬਰਿਜ ਯੂਨੀਵਰਸਿਟੀ 'ਚ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਲਈ ਨਹਿਰੂ ਸ਼ਤਾਬਦੀ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਕਿਸਮਤ 'ਚ ਕੁਝ ਹੋਰ ਹੀ ਲਿਖਿਆ ਸੀ, ਜਿਸ ਕਰਕੇ 1991 'ਚ ਉਹ ਭਾਰਤੀ ਰੈਵੇਨਿਊ ਸਰਵਿਸ 'ਚ ਸ਼ਾਮਿਲ ਹੋ ਗਏ। ਸਾਹਿਤ ਰਚਣ ਦੀ ਉਨ੍ਹਾਂ ਦੀ ਇੱਛਾ ਏਨੀ ਮਜ਼ਬੂਤ ਸੀ ਕਿ 30 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਲੇਖਣ ਅਤੇ ਹੋਰ ਰਚਨਾਤਕ ਕੋਸ਼ਿਸ਼ਾਂ ਪ੍ਰਤੀ ਆਪਣੇ ਜਨੂੰਨ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਖ਼ਰੀ ਵਾਰ ਪ੍ਰਿੰਸੀਪਲ ਆਮਦਨ ਕਰ ਵਿਭਾਗ ਦਿੱਲੀ ਵਜੋਂ ਸੇਵਾ ਨਿਭਾਈ। ਨਵੰਬਰ 2021 'ਚ ਉਨ੍ਹਾਂ ਨੇ ਇਕ ਸਾਹਿਤਕ ਅਤੇ ਕਲਾ ਈ-ਮੈਗਜ਼ੀਨ, 'ਦ ਵਾਈਜ਼ ਓਵਲ' ਸ਼ੁਰੂ ਕੀਤੀ, ਜੋ ਉੱਭਰਦੇ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਨੂੰ ਇਕ ਮੁਫ਼ਤ ਮੰਚ ਮੁਹੱਈਆ ਕਰਦੀ ਹੈ। ਉਹ ਲੋਕ ਸਭਾ ਸਕੱਤਰੇਤ ਦੇ ਭਾਸ਼ਾ ਪੈਨਲ ਮਾਹਿਰ ਦੀ ਸਲਾਹਕਾਰ ਅਤੇ ਲੋਕ ਸਭਾ ਸਕੱਤਰੇਤ ਦੇ ਖੋਜ ਸਹਾਇਕਾਂ ਵਜੋਂ ਵੀ ਕੰਮ ਕਰ ਰਹੀ ਹੈ। ਮੁਸ਼ਕਿਲ ਭਰੇ ਰੁਝੇਂਵਿਆਂ ਦੇ ਬਾਵਜੂਦ ਰਚਨਾ ਸਿੰਘ ਵੱਖ-ਵੱਖ ਕੌਮੀ ਅਖ਼ਬਾਰਾਂ ਲਈ ਲੇਖ ਅਤੇ ਪੁਸਤਕ ਸਮੀਖਿਆ ਲਿਖਦੀ ਰਹੀ ਹੈ। ਉਨ੍ਹਾਂ ਨੇ ਆਰਥਿਕ ਮੁੱਦਿਆਂ 'ਤੇ ਦੋ ਕਿਤਾਬਾਂ ਵੀ ਲਿਖੀਆਂ ਹਨ, 'ਪੈਨੀ ਪਨਾਚੇ: ਪੀਸਿੰਗ ਦ ਇਕਨਾਮਿਕ ਪਜ਼ਲ' (2016) ਅਤੇ 'ਫਾਈਨੈਂਸ਼ੀਅਲ ਫੈਲੀਸਿਟੀ: ਮੇਕਿੰਗ ਸੈਂਸ ਆਫ਼ ਮਨੀ ਮੈਟਰਸ' (2017)। 'ਮੈਰਿਆਡ ਮਿਊਜਿੰਗਸ' (2016) ਉਨ੍ਹਾਂ ਦੇ ਪ੍ਰਕਾਸ਼ਿਤ ਲੇਖਾਂ ਅਤੇ ਸਫ਼ਰਨਾਮਿਆਂ ਦਾ ਸੰਗ੍ਰਹਿ ਹੈ। 'ਦ ਬਿਟਕੁਆਇਨ ਸਾਗਾ: ਏ ਮਿਕਸਡ ਮੋਂਟੇਜ (ਬਲੂਮਸਬਰੀ, 2019), ਉਨ੍ਹਾਂ ਦੀ ਚੌਥੀ ਕਿਤਾਬ, ਕ੍ਰਿਪਟੋਕਰੰਸੀ ਦੇ ਜਨਮ ਅਤੇ ਵਿਕਾਸ ਦੀ ਕਹਾਣੀ ਅਤੇ ਇਸ ਨੂੰ ਆਧਾਰ ਬਣਾ ਰਹੀ ਬਲਾਕਚੇਨ ਤਕਨੀਕ ਨੂੰ ਬਿਆਨਦੀ ਹੈ। ਉਨ੍ਹਾਂ ਨੇ ਕਵਿਤਾ ਅਤੇ ਲਘੂ ਕਹਾਣੀਆਂ ਦੇ ਦੋ ਸੰਗ੍ਰਹਿ 'ਦ ਰਿਪਰਟਾਇਰ ਐਂਡ ਦ ਕਲੈਕਟੇਬਲਜ਼: ਇਕਲੈਕਿਟਕ ਟੇਲਸ ਆਫ਼ 2023' ਅਤੇ 'ਆਈਡਸ ਆਫ਼ ਮਾਰਚ' ਕਵਿਤਾ ਦੀ ਇਕ ਈ-ਚੈਪਬੁੱਕ (ਹਥੇਲੀ 'ਚ ਆਉਣ ਵਾਲੀ ਛੋਟੇ ਆਕਾਰ ਦੀ ਪੁਸਤਕ) ਵੀ ਤਿਆਰ ਅਤੇ ਸੰਪਾਦਿਤ ਕੀਤੇ ਹਨ। ਉਨ੍ਹਾਂ ਦੀ ਨਵੀਂ ਪੁਸਤਕ 'ਫਿਨੀਕਸ ਇਨ ਫਲੇਮਸ' ਵੱਖ-ਵੱਖ ਖੇਤਰਾਂ ਦੀਆਂ 8 ਔਰਤ ਪਾਤਰਾਂ ਦੀ ਹਿੰਮਤ ਅਤੇ ਜਿਊਂਦੇ ਰਹਿਣ ਦੇ ਸੰਘਰਸ਼ ਬਾਰੇ ਇਕ ਪੁਸਤਕ ਹੈ। 'ਫਿਨੀਕਸ ਇਨ ਫਲੇਮਸ' ਉਨ੍ਹਾਂ ਸਾਰੀਆਂ ਆਮ ਔਰਤਾਂ ਨੂੰ ਸਮਰਪਿਤ ਇਕ ਪੁਸਤਕ ਹੈ, ਜੋ ਆਪਣੀ ਬੇਲੋੜੀ ਲਚਕਤਾ ਅਤੇ ਦ੍ਰਿੜ੍ਹਤਾ ਨਾਲ ਬਹਾਦਰ ਅਤੇ ਅਸਾਧਾਰਨ ਬਣ ਜਾਂਦੀਆਂ ਹਨ। ਸਨਾ, ਸਹਿਰ, ਮਾਲਿਨੀ, ਮ੍ਰਿਤੁੰਜੇ, ਉਤਕ੍ਰਸ਼ਾ ਅਤੇ ਹੋਰ ਔਰਤ ਪਾਤਰ ਆਪਣੇ ਨਿੱਜੀ ਰਾਕਸ਼ਾਂ ਅਤੇ ਤ੍ਰਾਸਦੀਆਂ ਨਾਲ ਜੂਝਦੀਆਂ ਹਨ। ਕੁਝ 'ਫਿਨੀਕਸ' ਵਾਂਗ ਮੁੜ ਸੁਰਜੀਤ ਅਤੇ ਪੁਨਰਜਨਮ ਲੈਂਦੀਆਂ ਹਨ ਅਤੇ ਹੋਰ ਆਪਣੇ ਹੀ ਦੁੱਖਾਂ ਨਾਲ ਭਸਮ ਹੋ ਕੇ ਨਸ਼ਟ ਹੋ ਜਾਂਦੀਆਂ ਹਨ। ਹਾਲਾਂਕਿ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੀਆਂ ਇਹ ਔਰਤਾਂ ਰੂਹਾਨੀ ਤੌਰ 'ਤੇ ਭੈਣਾਂ ਹਨ, ਕਿਉਂਕਿ ਉਹ ਆਪਣੇ ਦੁੱਖਾਂ 'ਚ ਇਕਜੁੱਟ ਹੁੰਦੀਆਂ ਹਨ ਅਤੇ ਜੀਵਨ ਦੀਆਂ ਮੁਸ਼ਕਿਲਾਂ ਦਾ ਮੁਸਕਰਾ ਕੇ ਸਾਹਮਣਾ ਕਰਨ ਦੀ ਸਮਰੱਥਾ ਵੀ ਰੱਖਦੀਆਂ ਹਨ। ਕੀ ਆਪਣੇ ਪੁੱਤਰ ਦਾ ਨਾ ਪੂਰਾ ਹੋਣ ਵਾਲਾ ਘਾਟਾ ਮਾਲਿਨੀ ਨੂੰ ਸੁੰਨ ਕਰਨ ਵਾਲੇ ਖਾਲੀਪਣ ਦੇ ਕੰਢੇ 'ਤੇ ਧੱਕ ਦੇਵੇਗਾ ਜਾਂ ਕੀ ਉਹ ਸਾਰਿਆਂ ਦਾ ਪਾਲਣ-ਪੋਸ਼ਣ ਕਰਨ ਵਾਲੀ ਦੇ ਰੂਪ 'ਚ ਪੁਨਰ ਜਨਮ ਲਵੇਗੀ? ਕੀ ਸਨਾ ਕਿਸੇ ਆਉਣ ਵਾਲੀ ਤ੍ਰਾਸਦੀ ਦੇ ਕਾਲੇ ਬੱਦਲਾਂ ਨੂੰ ਪਾਰ ਕਰ ਸਕੇਗੀ ਜਾਂ ਉਹ ਆਪਣੇ ਦੁੱਖਾਂ ਦੀ ਅੱਗ 'ਚ ਸੜ ਕੇ ਨਸ਼ਟ ਹੋ ਜਾਵੇਗੀ, ਜੋ ਦੁਬਾਰਾ ਕਦੇ ਨਹੀਂ ਉਠ ਸਕੇਗੀ? ਕੀ ਸਹਿਰ ਇਕ ਨਾਜਾਇਜ਼ ਰਿਸ਼ਤੇ ਦੁਆਰਾ ਪੈਦਾ ਹੋਈ ਸਵੈ-ਵਿਨਾਸ਼ ਦੀ ਇੱਛਾ ਨਾਲ ਲੜਨ ਦੇ ਯੋਗ ਹੋਵੇਗੀ? ਕੀ ਕੁਦਰਤ ਦੇ ਮਾਨਸਿਕਤਾ 'ਤੇ ਫਰਹਾਨ ਵਲੋਂ ਛੱਡੇ ਗਏ ਦਾਗ਼ ਠੀਕ ਹੋ ਸਕਣਗੇ? ਪਾਠਕਾਂ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਉਦੋਂ ਮਿਲਣਗੇ, ਜਦੋਂ ਉਹ ਦੁਖੀ ਰੂਹਾਂ ਦੀਆਂ ਭਾਵਨਾਤਮਕ ਕਹਾਣੀਆਂ ਦੇ ਹਨੇਰੇ ਦ੍ਰਿਸ਼ 'ਚੋਂ ਲੰਘਣਗੇ। ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਨੂੰ ਇਕੱਠਿਆਂ ਜੋੜਦੇ ਹੋਏ, ਰਚਨਾ ਸਿੰਘ ਅੱਜ ਸਾਡੇ ਸਮਾਜ 'ਚ ਔਰਤਾਂ ਨਾਲ ਕੀਤੇ ਜਾਣ ਵਾਲੇ ਵਿਵਹਾਰ 'ਤੇ ਵੀ ਚਾਣਨ ਪਾਉਂਦੀ ਹੈ। ਸਹਿਰ ਨੂੰ ਉਸ ਦੇ ਪਿਤਾ ਵਲੋਂ ਅਣਡਿੱਠ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਇਕ ਲੜਕੀ ਹੈ ਅਤੇ ਉਸ ਨੂੰ ਉਸ ਦੇ ਪਿਤਾ ਦੀ ਉਮਰ ਦੇ ਵਿਅਕਤੀ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਫ਼ੀਨਾ ਨੂੰ ਉਸ ਦੇ ਮਾਪਿਆਂ ਨੇ ਗੋਦ ਲੈਣ ਲਈ ਛੱਡ ਦਿੱਤਾ, ਕਿਉਂਕਿ ਉਹ ਇਕ ਲੜਕੀ ਸੀ। ਕੁਦਰਤ ਇਕ ਸਪੱਸ਼ਟ ਤੌਰ 'ਤੇ ਪ੍ਰਗਤੀਸ਼ੀਲ ਸ਼ਹਿਰੀ ਪਰਿਵਾਰ 'ਚ ਘਰੇਲੂ ਅਤੇ ਮਨੋਵਿਗਿਆਨਕ ਹਿੰਸਾ ਦਾ ਸ਼ਿਕਾਰ ਹੋ ਜਾਂਦੀ ਹੈ। ਰਚਨਾ ਸਿੰਘ ਭਾਵਨਾਤਮਕ ਉਤਸ਼ਾਹ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਹਮਦਰਦੀ ਨਾਲ ਭਰੀਆਂ ਅਜਿਹੀਆਂ ਕਹਾਣੀਆਂ ਬੁਣਦੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਬਿਆਨਦੀ ਹੈ, ਜੋ ਸਾਰੀਆਂ ਔਰਤਾਂ ਦੇ ਜੀਵਨ 'ਚ ਸਹਿਜੇ ਹੀ ਵਾਪਰਦੀਆਂ ਹਨ। ਇਹ ਕਹਾਣੀਆਂ ਕਦੇ-ਕਦੇ ਚਿਹਰੇ 'ਤੇ ਮੁਸਕਰਾਹਟ ਲਿਆਉਂਦੀ ਹਨ, ਕਿਉਂਕਿ ਆਮ ਔਰਤਾਂ ਅਸਧਾਰਨ ਉੱਚਾਈਆਂ ਨੂੰ ਛੂੰਹਦੀਆਂ ਹਨ ਅਤੇ ਕੁਝ ਸਮੇਂ 'ਚ ਉਹ ਘਟਨਾਵਾਂ ਦੇ ਦੁਖਦਾਈ ਮੋੜ 'ਤੇ ਤੁਹਾਡੀਆਂ ਅੱਖਾਂ ਨਮ ਕਰ ਦਿੰਦੀਆਂ ਹਨ।

-ਅਜੀਤ ਬਿਊਰੋ

ਧੁੱਪ ਨਾਲ ਰੁੱਸੀ ਚਾਂਦਨੀ
ਕਵਿੱਤਰੀ : ਸੁਧਾ ਓਮ ਢੀਂਗਰਾ
ਅਨੁਵਾਦ : ਅਮਰਜੀਤ ਕੌਂਕੇ
ਪ੍ਰਕਾਸ਼ਕ : ਪ੍ਰਤੀਕ ਪਬਲੀਕੇਸ਼ਨਜ਼, ਪਟਿਆਲਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 98142-31698

ਸੁਧਾ ਓਮ ਢੀਂਗਰਾ ਇਕ ਚਰਚਿਤ ਪਰਵਾਸੀ ਹਿੰਦੀ ਲੇਖਿਕਾ ਹੈ, ਜਿਸ ਨੇ ਹਿੰਦੀ ਵਿਚ ਨਾਵਲ, ਕਹਾਣੀ, ਕਵਿਤਾ, ਨਿਬੰਧ, ਆਲੋਚਨਾ, ਖੋਜ ਅਤੇ ਸੰਪਾਦਨ ਦਾ ਕੁਸ਼ਲ ਕਾਰਜ ਕੀਤਾ ਹੈ। ਉਸ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਉਸ ਨੂੰ ਸਮੇਂ-ਸਮੇਂ 'ਤੇ ਵਿਸ਼ੇਸ਼ ਸਨਮਾਨਾਂ ਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਮੌਜੂਦਾ ਸਮੇਂ ਉਹ ਅਮਰੀਕਾ ਵਿਖੇ ਰਹਿ ਰਹੀ ਹੈ ਅਤੇ ਹਿੰਦੀ ਦੇ ਦੋ ਪ੍ਰਤੀਨਿਧੀ ਤ੍ਰੈਮਾਸਿਕ ਮੈਗਜ਼ੀਨ 'ਵਿਭੋਮ ਸਵਰ' ਅਤੇ 'ਸ਼ਿਵਨਾ ਸਾਹਿਤਿਕੀ' ਦੀ ਸੰਪਾਦਨਾ ਦਾ ਕਾਰਜਭਾਰ ਸੰਭਾਲ ਰਹੀ ਹੈ। ਸਮੀਖਿਆ ਅਧੀਨ ਪੁਸਤਕ ਦਾ ਪੰਜਾਬੀ ਅਨੁਵਾਦ ਪ੍ਰਸਿੱਧ ਤੇ ਪੁਰਸਕ੍ਰਿਤ ਅਨੁਵਾਦਕ ਡਾ. ਅਮਰਜੀਤ ਕੌਂਕੇ ਵਲੋਂ ਕੀਤਾ ਗਿਆ ਹੈ ਜਿਸ ਨੇ ਹਿੰਦੀ ਤੋਂ ਪੰਜਾਬੀ, ਪੰਜਾਬੀ ਤੋਂ ਹਿੰਦੀ ਦੇ ਨਾਲ-ਨਾਲ ਅੰਗਰੇਜ਼ੀ ਤੋਂ ਪੰਜਾਬੀ ਵਿਚ ਕਰੀਬ ਤਿੰਨ ਦਰਜਨ ਪੁਸਤਕਾਂ ਦਾ ਬਿਹਤਰੀਨ ਅਨੁਵਾਦ ਕੀਤਾ ਹੈ, ਜਿਸ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ, ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮੇਤ 'ਇਆਪਾ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਵਿਚਾਰ ਅਧੀਨ ਪੁਸਤਕ ਵਿਚ ਕੁੱਲ 69 ਕਵਿਤਾਵਾਂ ਹਨ, ਜੋ ਉਹਦੀਆਂ ਯਾਦਾਂ ਤੇ ਪਰਵਾਸੀ ਸਰੋਕਾਰਾਂ ਨਾਲ ਸੰਬੰਧਿਤ ਹਨ। ਇਨ੍ਹਾਂ ਛੋਟੀਆਂ-ਛੋਟੀਆਂ ਕਵਿਤਾਵਾਂ ਵਿਚ ਲੇਖਿਕਾ ਨੇ ਭੂ ਹੇਰਵਾ, ਪ੍ਰਕਿਰਤੀ, ਸੰਸਕ੍ਰਿਤੀ ਦੇ ਨਾਲ-ਨਾਲ ਭਾਵਨਾਵਾਂ ਤੇ ਜਜ਼ਬਾਤਾਂ ਨੂੰ ਵੀ ਖ਼ੂਬਸੂਰਤ ਪ੍ਰਗਟ ਕੀਤਾ ਹੈ। ਇਨ੍ਹਾਂ ਕਵਿਤਾਵਾਂ ਵਿਚ ਮਿਥਿਹਾਸਿਕ ਕਥਾਵਾਂ ਨੂੰ ਪਿੱਠਭੂਮੀ ਵਿਚ ਰੱਖ ਕੇ ਲਿਖੀਆਂ ਕਵਿਤਾਵਾਂ (ਸਵਰਗ ਵਿਚ ਮੱਚਿਆ ਸ਼ੋਰ, 87-88; ਇਕ ਹੋਰ ਮਹਾਭਾਰਤ, 105; ਹੋਣੀ, 55), ਪਰਵਾਸੀ ਜੀਵਨ ਦੀਆਂ ਤਲਖੀਆਂ ਨੂੰ ਦਰਸਾਉਂਦੀਆਂ ਕਵਿਤਾਵਾਂ (ਖੁਸ਼ ਹਾਂ ਮੈਂ, 70-72, ਪਰਦੇਸ ਦੀ ਧੁੱਪ, 81-82), ਮਾਂ ਨਾਲ ਸੰਬੰਧਿਤ ਕਵਿਤਾਵਾਂ (ਮਾਂ ਤੂੰ ਬਹੁਤ ਯਾਦ ਆਉਂਦੀ ਹੈਂ, 58-59; ਮਾਂ ਕਹਿੰਦੀ ਸੀ, 56-57; ਮਾਂ ਨੇ ਕਿਹਾ ਸੀ, 40-41); ਨਾਰੀਵਾਦੀ ਕਵਿਤਾਵਾਂ (ਕਵਿਤਾ ਤੇ ਨਾਰੀ, 89-91; ਬਿਖਰਾ, 46-47; ਅਣਕਹੀ ਗੱਲ, 38-39; ਮੋਮ ਦੀ ਗੁੱਡੀ, 35-36; ਨਾਬਰਾਬਰੀ ਕਿਉਂ, 32-33; ਹੱਤਿਆ ਤੇ ਬੇਨਤੀ, 26, ਕਠਪੁਤਲੀ, 19, ਰਿਸ਼ਤੇ, 14-15) ਆਦਿ ਵਿਸ਼ਿਆਂ ਨੂੰ ਪ੍ਰਮੁੱਖਤਾ ਨਾਲ ਨਿਭਾਇਆ ਗਿਆ ਹੈ। ਇਨ੍ਹਾਂ ਕਵਿਤਾਵਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਮੂਲ ਤੌਰ 'ਤੇ ਹਿੰਦੀ ਵਿਚ ਲਿਖੀਆਂ ਹੋਣ ਦੇ ਬਾਵਜੂਦ ਇਨ੍ਹਾਂ 'ਚੋਂ ਪੰਜਾਬੀਅਤ ਦੀ ਮਹਿਕ ਆਉਂਦੀ ਹੈ। ਅਜਿਹੀਆਂ ਕਵਿਤਾਵਾਂ ਵਿਚ 'ਬੁਲਾਉਂਦਾ ਹੈ ਕੋਈ ਉਸ ਪਾਰ' (108), 'ਚਾਂਦਨੀ ਨਾਲ ਨਹਾਉਣ ਲੱਗੀ' (104) ਪੜ੍ਹੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਹਿੰਦੀ-ਭਾਸ਼ੀ ਲੇਖਿਕਾ ਦੀ ਪੰਜਾਬੀ ਵਿਚ ਅਨੁਵਾਦਿਤ ਇਹ ਪੁਸਤਕ ਬਾਗ਼ ਵਿਚ ਲੱਗੇ ਭਾਂਤ-ਸੁਭਾਂਤੇ ਫੁੱਲਾਂ ਦੀ ਮਹਿਕ ਬਿਖੇਰਦੀ ਹੈ, ਜਿਸ ਦਾ ਖ਼ੈਰ-ਮਕਦਮ ਹੈ।

-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-92015

ਗੁਰਬਾਣੀ ਦਾ ਨਾਗਰੀ ਲਿਪੀਅੰਤਰਣ
ਸਮੱਸਿਆਵਾਂ ਅਤੇ ਸਮਾਧਾਨ
ਲੇਖਕ : ਡਾ. ਹਰਕੀਰਤ ਸਿੰਘ
ਅਨੁਵਾਦ : ਅਮਰੀਕ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ
ਮੁੱਲ : 95 ਰੁਪਏ, ਸਫ਼ੇ : 38
ਸੰਪਰਕ : 9463-36591

ਹਥਲੀ ਛੋਟੀ ਜਿਹੀ ਕਿਤਾਬ ਗੁਰਬਾਣੀ ਦੇ ਨਾਗਰੀ-ਲਿਪੀਅੰਤਰਣ ਸੰਬੰਧੀ ਸੰਕੇਤ ਦੇਣ ਦਾ ਸਫ਼ਲ ਉੱਦਮ ਹੈ। ਅਸਲ ਵਿਚ ਪਾਵਨ ਗੁਰਬਾਣੀ ਦਾ ਪ੍ਰਮਾਣਿਕ ਸਰੂਪ ਤਾਂ ਸਾਡਾ ਮੁਕੱਦਸ ਗ੍ਰੰਥ 'ਸ੍ਰੀ ਗੁਰੂ ਗ੍ਰੰਥ ਸਾਹਿਬ' ਹੀ ਹੈ। ਜੋ ਮੂਲ ਰੂਪ ਵਿਚ ਗੁਰਮੁਖੀ ਲਿਪੀ ਵਿਚ ਹੈ। ਮੌਜੂਦਾ ਸੰਦਰਭ ਵਿਚ ਅੱਜ ਪਾਵਨ ਗੁਰਬਾਣੀ ਨੂੰ ਸਮੁੱਚੇ ਸੰਸਾਰ ਵਿਚ ਪਹੁੰਚਾਉਣ ਲਈ ਇਸ ਨੂੰ ਹੋਰ ਭਾਸ਼ਾਵਾਂ ਵਿਚ ਲਿਪੀਅੰਤਰਿਤ ਕਰਨ ਦੀ ਲੋੜ ਤੋਂ ਇਲਾਵਾ ਧਰਮ-ਪ੍ਰਚਾਰ ਅਤੇ ਅਕਾਦਮਿਕ ਅਧਿਐਨ ਵੀ ਜ਼ਰੂਰੀ ਜਾਪਦਾ ਹੈ। ਸਰਦਾਰ ਗੁਰਦੇਵ ਸਿੰਘ ਆਈ.ਏ.ਐਸ. (ਰਿਟਾ.) ਪ੍ਰੈਜ਼ੀਡੈਂਟ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਚੰਡੀਗੜ੍ਹ ਦੇ ਅਨੁਸਾਰ ਪੰਜਾਬੀ ਵਿਆਕਰਣ, ਭਾਸ਼ਾ-ਵਿਗਿਆਨ ਅਤੇ ਗੁਰਬਾਣੀ ਵਿਆਕਰਣ ਦੇ ਸੰਬੰਧੀ ਵਿਲੱਖਣ ਖੋਜ ਕਰਨ ਵਾਲੇ ਵਿਦਵਾਨ ਡਾ. ਹਰਕੀਰਤ ਸਿੰਘ (ਪਟਿਆਲਾ) ਨੇ ਇਸ ਦਾ ਮੈਨੂਅਲ ਤਿਆਰ ਕੀਤਾ ਹੈ। ਵਿਦਵਾਨ ਲੇਖਕ ਮੁਤਾਬਿਕ ਗੁਰਮੁਖੀ ਤੇ ਦੇਵਨਾਗਰੀ ਲਿਪੀਆਂ ਦੀ ਆਪਸ ਵਿਚ ਭਾਸ਼ਾਈ ਸਾਂਝ ਹੈ, ਇਨ੍ਹਾਂ ਦੋਵਾਂ ਲਿਪੀਆਂ ਦਾ ਨਿਕਾਸ ਵੀ ਭਾਰਤੀ ਲਿਪੀ ਬ੍ਰਹਮੀ ਤੋਂ ਹੋਇਆ ਹੈ। ਮੂਲ ਗੁਰਮੁਖੀ ਲਿਪੀ ਵਿਚ ਲਿਪੀਬੱਧ ਗੁਰਬਾਣੀ ਨੂੰ ਦੇਵਨਾਗਰੀ ਵਿਚ ਲਿਪੀਅੰਤਰਣ ਸਮੇਂ ਆਉਣ ਵਾਲੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਲੇਖਕ ਮੁਤਾਬਿਕ ਲਿਪੀਅੰਤਰਣ ਸਮੇਂ ਭਾਸ਼ਾਈ ਚਿੰਨ੍ਹਾਂ ਅਤੇ ਮਾਤਰਾਵਾਂ ਦੀਆਂ ਮੂਲ ਸਮੱਸਿਆਵਾਂ ਦਾ ਸਮਾਧਾਨ ਹੀ ਇਸ ਸੰਖੇਪ ਪੁਸਤਕ ਦਾ ਪਾਠਕਾਂ ਦੇ ਸਨਮੁੱਖ ਕਰਨਾ ਹੈ। ਇਸ ਪੁਸਤਕ ਤੋਂ ਪਹਿਲਾਂ ਲੇਖਕ ਵਲੋਂ 'ਬਾਣੀ ਭਗਤ ਕਬੀਰ ਜੀ ਦੀ : ਵਿਚਾਰਧਾਰਾਈ ਪਰਿਪੇਖ', 'ਸਿੱਖਇਜ਼ਮ : ਇਟਸ ਹਿਸਟਰੀ ਐਂਡ ਕਾਨਸਿਪਟਸ' (ਅੰਗਰੇਜ਼ੀ) ਅਤੇ ਉਰਦੂ ਵਿਚ 'ਭਗਤ ਕਬੀਰ ਜੀ : ਕਲਾਮ ਐਂਡ ਤਅਲੀਆਤ' ਵੀ ਛਪ ਚੁੱਕੀਆਂ ਹਨ। ਪੁਸਤਕ ਦਾ ਮੁੱਖ ਬੰਦ ਸ. ਗੁਰਦੇਵ ਸਿੰਘ ਆਈ.ਏ. ਐਸ., ਭੂਮਿਕਾ ਡਾ. ਖੜਕ ਸਿੰਘ ਅਤੇ ਆਰੰਭਕ ਦੋ ਸ਼ਬਦ, ਅਨੁਵਾਦ ਅਮਰੀਕ ਸਿੰਘ ਵਲੋਂ ਵਿਦਵਤਾ ਭਰਪੂਰ ਭਾਸ਼ਾ ਵਿਚ ਲਿਖੇ ਗਏ ਹਨ। ਲੇਖਕ ਅਤੇ ਇਸ ਪੁਸਤਕ ਨੂੰ ਤਿੰਨ ਭਾਗਾਂ 'ਗੁਰਬਾਣੀ ਦੀ ਭਾਸ਼ਾ', 'ਗੁਰਮੁਖੀ ਲਿਪੀ' ਅਤੇ 'ਗੁਰਬਾਣੀ ਦਾ ਦੇਵਨਾਗਰੀ ਲਿਪੀਅੰਤਰਣ' ਵਿਚ ਵੰਡਿਆ ਹੈ। ਮੂਲ ਰੂਪ ਵਿਚ ਇਸ ਪੁਸਤਕ ਦੀ ਰਚਨਾ ਦਾ ਕਾਰਨ ਲਿਪੀਅੰਤਰਕਾਰ ਵਿਦਵਾਨਾਂ ਅਤੇ ਜਗਿਆਸੂਆਂ ਦੀ ਚਿਰੋਕਣੀ ਮੰਗ ਲਈ ਮਾਰਗ ਦਰਸ਼ਨ ਕਰਨਾ ਹੈ।

-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040

ਮੇਰੀਆਂ ਸ੍ਰੇਸ਼ਟ
ਬਾਲ ਕਹਾਣੀਆਂ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਰਘਬੀਰ ਰਚਨਾ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 48
ਸੰਪਰਕ : 98764-52223

'ਮੇਰੀਆਂ ਸ੍ਰੇਸ਼ਟ ਬਾਲ ਕਹਾਣੀਆਂ' ਬਹਾਦਰ ਸਿੰਘ ਗੋਸਲ (ਪ੍ਰਿੰ.) ਦਾ ਨਵ-ਪ੍ਰਕਾਸ਼ਿਤ ਬਾਲ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਵਿਚਲੀਆਂ ਜ਼ਿਆਦਾਤਰ ਕਹਾਣੀਆਂ ਪਰੰਪਰਾਗਤ ਹਨ ਜਿਨ੍ਹਾਂ ਦੀ ਪੁਨਰ-ਸਿਰਜਣਾ ਕਰਕੇ ਨਵਾਂ ਮਾਡਲ ਉਸਾਰਿਆ ਗਿਆ ਹੈ। ਇਹ ਕਹਾਣੀਆਂ ਵਰਤਮਾਨ ਸਮੇਂ ਦੇ ਵੱਖ-ਵੱਖ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀਆਂ ਹਨ। ਡਿਜੀਟਲ-ਪ੍ਰਣਾਲੀ ਦੇ ਅਜੋਕੇ ਦੌਰ ਵਿਚ ਇਹ ਕਹਾਣੀਆਂ ਪਰੀਆਂ, ਚੁੜੇਲਾਂ, ਸਾਧੂ-ਮਹਾਤਮਾਵਾਂ ਦੇ ਨਾਲ-ਨਾਲ ਜਨੌਰ-ਪਾਤਰਾਂ ਨਾਲ ਵੀ ਜੁੜੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦੀਆਂ ਹਨ। 'ਚੰਦ ਮਾਮਾ ਅਤੇ ਰੋਟੀ', 'ਦੇਸ ਵਿਚ ਅਨਾਜ ਦੀ ਪੈਦਾਵਾਰ ਵਧਾਉਣ ਲਈ ਸੰਕੇਤ ਕਰਨ ਵਾਲੀ ਕਹਾਣੀ ਹੈ। 'ਦਿਲ ਮੇਰਾ ਨਾਨਕੇ ਪਿਆ' ਪੰਚਤੰਤਰ ਦੀ ਪ੍ਰਚੱਲਿਤ ਮਗਰਮੱਛ ਅਤੇ ਬਾਂਦਰ ਵਾਲੀ ਕਹਾਣੀ ਨਾਲ ਵਾਬਸਤਾ ਹੈ ਜਿਸ ਵਿਚ ਮਨੁੱਖ ਨੂੰ ਮਿੱਤਰਮਾਰ ਵਰਗੀ ਬੁਰੀ ਸੋਚ ਤੋਂ ਤੌਬਾ ਕਰਨ ਦਾ ਸੰਦੇਸ਼ ਲੁਕਿਆ ਹੋਇਆ ਹੈ। ਇਸੇ ਪ੍ਰਕਾਰ ਪੰਚਤੰਤਰ, ਈਸਪ ਅਤੇ ਹੋਰ ਕਥਾ-ਸ੍ਰੋਤਾਂ ਦੀਆਂ ਹੋਰ ਰਵਾਇਤੀ ਕਹਾਣੀਆਂ ਵਿਚੋਂ 'ਬੰਨ੍ਹ ਦਿੱਤੀ ਬਿੱਲੀ ਗਲ ਟੱਲੀ', 'ਝੂਠਾ ਗਿੱਦੜ ਮਾਮਾ', 'ਲੰਗੜੇ-ਕਾਣੇ ਕਾਂ ਦੀਆਂ ਕਰਤੂਤਾਂ', 'ਨਕਲੀ ਸੱਪ' ਅਤੇ 'ਕੁਸੰਗਤ ਦੀ ਸਜ਼ਾ' ਆਦਿ ਕਹਾਣੀਆਂ ਵਿਚ ਪ੍ਰਿੰ. ਗੋਸਲ ਨੇ ਅਰਥ-ਪਰਿਵਰਤਿਤ ਕਰਕੇ ਬੱਚਿਆਂ ਨੂੰ ਨੈਤਿਕਤਾ ਨਾਲ ਜੋੜਿਆ ਹੈ। ਆਖ਼ਰੀ ਕਹਾਣੀ 'ਲੋਕਾਈ ਦੀ ਭਲਾਈ' ਵੀ ਬਾਕੀ ਕਹਾਣੀਆਂ ਦੀ ਭਾਂਤੀ ਮਾਨਵਵਾਦੀ ਕਦਰਾਂ-ਕੀਮਤਾਂ ਦਾ ਸੰਚਾਰ ਕਰਕੇ ਬਾਲ ਪਾਠਕ ਵਰਗ ਨੂੰ ਮਿਹਨਤੀ, ਇਮਾਨਦਾਰ ਅਤੇ ਕਿਰਤੀ ਬਣਨ ਦੀ ਪ੍ਰੇਰਣਾ ਦਿੰਦੀ ਹੈ। ਇਨ੍ਹਾਂ ਬਾਲ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ 'ਚ ਜਨੌਰ ਵੀ ਮਨੁੱਖਾਂ ਵਾਂਗ ਵਿਵਹਾਰ ਕਰਦੇ ਹਨ ਜਿਸ ਕਾਰਨ ਪਾਠਕਾਂ ਦੇ ਮਨਾਂ ਵਿਚ ਆਕਰਸ਼ਣ ਪੈਦਾ ਹੁੰਦਾ ਹੈ। ਇਹ ਕਹਾਣੀਆਂ ਬਾਲ-ਮਨਾਂ ਵਿਚ ਅਜੋਕੇ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਤੋਂ ਬਚਾ ਕੇ ਸਾਹਿਤ-ਚੇਟਕ ਪੈਦਾ ਕਰਦੀਆਂ ਹਨ ਅਤੇ ਮਾਤ-ਭਾਸ਼ਾ ਪ੍ਰਤੀ ਸਾਂਝ ਪੀਡੀ ਕਰਦੀਆਂ ਹਨ। ਕਲਾਤਮਕ ਪੱਖ ਤੋਂ ਵੇਖਿਆ ਜਾਵੇ ਤਾਂ ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਸੰਵਾਦ ਉਨ੍ਹਾਂ ਦੇ ਵਿਵਹਾਰ ਦੇ ਅਨੁਕੂਲ ਹਨ। ਕਿਤੇ-ਕਿਤੇ ਵਿਅੰਗਮਈ ਸ਼ੈਲੀ ਦੀ ਵੀ ਸੁੰਦਰ ਵਰਤੋਂ ਕੀਤੀ ਗਈ ਹੈ। ਇਨ੍ਹਾਂ ਕਹਾਣੀਆਂ ਨਾਲ ਢੁੱਕਵੇਂ ਚਿੱਤਰ ਕਹਾਣੀਆਂ ਦੇ ਕਥਾਨਕ ਨੂੰ ਹੋਰ ਸਜੀਵਤਾ ਪ੍ਰਦਾਨ ਕਰਦੇ ਹਨ। ਕੁੱਲ ਮਿਲਾ ਕੇ ਇਹ ਕਹਾਣੀਆਂ 8 ਤੋਂ 12 ਸਾਲਾਂ ਦੇ ਬਾਲ ਪਾਠਕਾਂ ਲਈ ਪੜ੍ਹਨਯੋਗ ਹਨ। ਪੁਸਤਕ ਦੀ ਸਮੁੱਚੀ ਗੈਟ-ਅਪ ਸੁੰਦਰ ਹੈ।

-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703

ਨੀਲਾ ਘੁਮਿਆਰ
ਲੇਖਕ : ਅਜੀਤ ਕੌਰ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 409
ਸੰਪਰਕ : 011-26802488

ਅਜੀਤ ਕੌਰ ਪੰਜਾਬੀ ਸਾਹਿਤ 'ਚ ਕਈ ਪ੍ਰਾਪਤੀਆਂ ਕਰ ਕੇ ਉੱਚਾ ਸਥਾਨ ਰੱਖਦੀ ਹੈ। 'ਨੀਲਾ ਘੁਮਿਆਰ' ਤੋਂ ਪਹਿਲਾਂ ਉਸ ਦੀਆਂ ਪੁਸਤਕਾਂ ਗੁਲਬਾਨੋ, ਬੁੱਤ ਸ਼ਿਕਨ, ਫਾਲਤੂ ਔਰਤ, ਤਕੀਏ ਦਾ ਪੀਰ, ਖਾਨਬਦੋਸ਼ ਤੇ ਗੌਰੀ ਬਹੁਤ ਮਕਬੂਲ ਹੋਈਆਂ ਹਨ। ਇਸ ਪੁਸਤਕ ਦਾ ਲਿਖਣਾ ਅੱਧੀ ਸਦੀ ਦੇ ਇਤਿਹਾਸ ਨੂੰ ਪੁਨਰ-ਸੁਰਜੀਤ ਕਰਨ ਵਰਗਾ ਹੈ। ਵਾਰਤਕ ਟਪੂਸੀਆਂ ਮਾਰਦੀ, ਇਕੋ ਛੜੱਪੇ ਵਿਚ ਮੀਲਾਂ ਤੇ ਸਾਲਾਂ ਦਾ ਸਫ਼ਰ ਕਰ ਜਾਂਦੀ ਹੈ। ਅਜੀਤ ਕੌਰ ਦੀ ਹੋਣਹਾਰ ਕਲਾਕਾਰ ਬੇਟੀ ਅਰਪਨਾ ਇਨ੍ਹਾਂ ਕੁਝ ਸ਼ਬਦ-ਚਿੱਤਰਾਂ ਦੇ ਨਾਲ-ਨਾਲ ਤੁਰਦੀ ਤੇ ਸੰਵਾਦ ਵੀ ਕਰਦੀ ਹੈ। ਅਜੀਤ ਕੌਰ ਦਾ ਹਾਸਾ ਨਿੱਤਰੇ ਛੰਭ 'ਚ ਲਿਸ਼ਕੋਰ ਪਾਉਣ ਵਰਗਾ। ਉਹ ਮਨੁੱਖ ਦੇ ਅੰਦਰਲੇ ਸੰਸਾਰ ਨੂੰ ਪੜ੍ਹਨਾ ਜਾਣਦੀ ਹੈ ਅਤੇ ਸ਼ਖ਼ਸੀਅਤ ਦੇ ਚਿਹਰੇ ਨੂੰ ਅਰਥ ਦੇਣ ਜਾਣਦੀ ਹੈ। ਉਸ ਦੀ ਯਾਦਾਸ਼ਤ ਬਜ਼ੁਰਗਾਂ ਤੋਂ ਲੰਮੀਆਂ-ਲੰਮੀਆਂ ਸੁਣੀਆਂ ਬਾਤਾਂ ਵਰਗੀ ਲੋਕ-ਯਾਨ ਦੇ ਹੁਨਰ ਨੂੰ ਚੇਤੇ ਕਰਾਉਂਦੀ ਹੈ। ਅੰਮ੍ਰਿਤਾ ਪ੍ਰੀਤਮ ਮਲਿਕਾ-ਏ-ਆਲੀਆ 'ਚ ਉਸ ਨੇ ਅੰਮ੍ਰਿਤਾ ਬਾਰੇ ਨਵੀਆਂ ਘਟਨਾਵਾਂ ਨੂੰ ਜੱਗ-ਜ਼ਾਹਰ ਕੀਤਾ ਤੇ ਦੋਸਤੀ ਨਿਭਾਉਣ ਦੀ ਸਹੁੰ ਨਿਭਾਈ। ਉਹ ਜੋ ਵੀ ਹੁਕਮ ਕਰ ਦੇਂਦੇ, ਮੇਰੇ ਵਾਸਤੇ ਉਹ ਰੱਬ ਦਾ ਹੁਕਮ ਹੁੰਦਾ। ਅੰਮ੍ਰਿਤਾ ਮੇਰੀ ਬਚਪਨ ਦੀ ਹੀਰੋਇਨ ਸੀ। ਅੰਮ੍ਰਿਤਾ ਦੇ ਪਤੀ ਪ੍ਰੀਤਮ ਸਿੰਘ ਬਾਰੇ ਬੜਾ ਕੁਝ ਨਵਾਂ ਨਿਤਾਰਿਆ ਗਿਆ ਹੈ। ਅਜੀਤ ਕੌਰ ਨੇ ਬਹੁਤ ਬਾਰੀਕ-ਬੀਨੀ ਨਾਲ ਅੰਮ੍ਰਿਤਾ ਦੇ ਸੰਪਰਕ 'ਚ ਆਈਆਂ ਸ਼ਖ਼ਸੀਅਤਾਂ ਜਿਵੇਂ ਕ੍ਰਿਸ਼ਨਾ ਸੋਬਤੀ, ਖੁਸ਼ਵੰਤ ਸਿੰਘ, ਸਿਬਤੁਲ ਹਸਨ ਜ਼ੈਗ਼ਮ ਤੇ ਹੋਰ ਪਾਕਿਸਤਾਨੀ ਸ਼ਾਇਰਾਂ ਬਾਰੇ ਟਿੱਪਣੀਆਂ ਦਾ ਜ਼ਿਕਰ ਕੀਤਾ ਹੈ। ਇਮਰੋਜ਼ ਦੀ ਮੁਹੱਬਤ, ਸਾਧਨਾ ਤੇ ਸੇਵਾ ਇਕ ਰੂਹਾਨੀ ਰਿਸ਼ਤਿਆਂ ਦੀ ਸਿਖ਼ਰ ਹੈ। ਖ਼ੁਸ਼ਵੰਤ ਸਿੰਘ ਨੂੰ ਭੋਲਾ ਬਾਦਸ਼ਾਹ ਰੰਗ 'ਚ ਚਿਤਰਿਆ ਗਿਆ। ਦੁਨੀਆ 'ਚ ਸਿਰਫ਼ ਇਕੋ ਹੀ ਖ਼ੁਸ਼ਵੰਤ ਸਿੰਘ ਏ, ਹੋਰ ਕੋਈ ਹੋ ਵੀ ਨਹੀਂ ਸਕਦਾ। ਖ਼ੁਸ਼ਵੰਤ ਸਿੰਘ ਬਹੁਤ ਹੀ ਦੱਬੂ ਕਿਸਮ ਦਾ ਬੰਦਾ ਏ। ਉਸ ਦੀ ਬੀਵੀ ਕੰਵਲ ਬਾਰੇ ਖ਼ੁਸ਼ਵੰਤ ਸਿੰਘ ਮੰਨਦਾ ਕਿ ਮੇਰਾ ਕੰਮ, ਮੇਰੀ ਸੈਰ, ਮੇਰੀ ਸਿਹਤ, ਮੇਰੀ ਕਾਮਯਾਬੀ ਮੇਰੀਆਂ ਕਿਤਾਬਾਂ-ਇਹ ਸਭ ਓਸੇ ਦੇ ਸਦਕਾ ਨੇ। ਬਲਵੰਤ ਗਾਰਗੀ ਨੂੰ ਗੱਲਾਂ ਦਾ ਜਾਦੂਗਰ ਕਿਹਾ ਗਿਆ। ਗਾਰਗੀ ਦੀ ਐਸ਼-ਪ੍ਰਸਤੀ ਤੇ ਉਸ ਦੀ ਲਿਖਣ ਕਲਾ ਦੇ ਬਹੁਤ ਸਾਰੇ ਪਹਿਲੂ ਪਹਿਲੀ ਵਾਰ ਪੜ੍ਹਨ ਨੂੰ ਮਿਲਦੇ ਹਨ। ਗਾਰਗੀ ਦੀ ਨਾਟਕ ਕਲਾ ਨੂੰ ਖ਼ੂਬ ਚਿਤਰਿਆ ਗਿਆ। ਗਾਰਗੀ ਨਾਲ ਆਪਣੀਆਂ ਯਾਦਾਂ ਤੇ ਜ਼ਿੰਮੇਵਾਰੀਆਂ ਦੀ ਪਾਕੀਜ਼ਗੀ ਹੈਰਾਨ ਕਰਨ ਵਾਲੀ ਹੈ। ਕਰਤਾਰ ਸਿੰਘ ਦੁੱਗਲ ਨੂੰ ਸਫ਼ੈਦ ਮੀਨਾਰ ਦਾ ਗੁਲਾਬੀ ਗੁੰਬਦ ਕਿਹਾ ਗਿਆ। ਦੁੱਗਲ ਦੀ ਮੁਸਲਮਾਨ ਬੀਵੀ ਆਇਸ਼ਾ ਦੀ ਸੁੰਦਰਤਾ ਦਾ ਅੰਦਾਜ਼ ਵਾਹਵਾ ਪੇਸ਼ ਕੀਤਾ ਗਿਆ। ਦੁੱਗਲ ਦੀ ਕਹਾਣੀ ਕਲਾ ਦੀ ਸਮੀਖਿਆ ਅਤੇ ਦੁੱਗਲ ਦੀ ਸ਼ਖ਼ਸੀਅਤ ਨੂੰ ਬਹੁਤ ਨੇੜਿਓਂ ਮਹਿਸੂਸ ਕਰਵਾਇਆ ਗਿਆ ਹੈ। ਆਪਣੇ ਨੇੜੇ ਦੀਆਂ ਯਾਦਾਂ ਨੂੰ ਪੁਨਰ-ਸੁਰਜੀਤ ਕਰਨ 'ਚ ਅਜੀਤ ਕੌਰ ਬੜੀ ਪ੍ਰਬੀਨ ਹੈ। ਕ੍ਰਿਸ਼ਨਾ ਸੋਬਤੀ ਨੂੰ ਝਨਾਂ ਦੀ ਜਾਈ ਆਖਦੀ ਅਜੀਤ ਕੌਰ ਪਹਿਲਾ ਫਿਕਰਾ ਲਿਖਦੀ : ਝਨਾਂ ਦੇ ਕੰਢੇ ਇਕ ਜੰਮੀ ਸੀ ਹੀਰ ਜੱਟੀ ਤੇ ਦੂਜੀ ਜੰਮੀ ਕ੍ਰਿਸ਼ਨਾ ਸੋਬਤੀ। ਅੰਮ੍ਰਿਤਾ ਤੇ ਕ੍ਰਿਸ਼ਨਾ ਸੋਬਤੀ ਦੇ ਮੁਕੱਦਮਿਆਂ ਦੇ ਰੂ-ਬਰੂ ਅਜੀਤ ਕੌਰ ਨੇ ਜੋ ਸੰਤਾਪ ਹੰਢਾਇਆ, ਉਹ ਵੀ ਉਸ ਦਾ ਜ਼ਿਕਰ ਪੜ੍ਹਨਯੋਗ ਹੈ। ਸ਼ਿਵ ਕੁਮਾਰ ਨੂੰ ਬਿਰਹਾ ਦਾ ਸੁਲਤਾਨ ਕਿਹਾ ਗਿਆ। ਉਸ ਦੀਆਂ ਕਾਵਿ-ਰਚਨਾਵਾਂ ਬਾਰੇ ਚੰਗੀਆਂ ਟਿੱਪਣੀਆਂ ਕੀਤੀਆਂ ਹਨ। ਸ਼ਿਵ ਕੁਮਾਰ ਦੇ ਅਗੇਤੇ ਚਲੇ ਜਾਣ ਦਾ ਦੁੱਖ ਅਜੀਤ ਕੌਰ ਬਹੁਤ ਮਹਿਸੂਸ ਕਰਦੀ ਹੈ। ਸ਼ਿਵ ਆਪਣੇ ਗੀਤਾਂ ਵਿਚ ਜਿਊਂਦਾ ਰਹੇਗਾ। ਆਪਣੀ 'ਲੂਣਾ' ਵਿਚ ਜਿਊਂਦਾ ਰਹੇਗਾ। ਕਹਾਣੀਕਾਰ ਤੇ ਫਿਲਮਕਾਰ ਰਾਜਿੰਦਰ ਸਿੰਘ ਬੇਦੀ ਨੂੰ ਪਹਾੜੀ ਕਾਂ ਨਾਲ ਤਸ਼ਬੀਹ ਦਿੱਤੀ ਗਈ ਹੈ। ਮੈਨੂੰ ਫਖ਼ਰ ਏ ਕਿ ਮੈਂ ਬੇਦੀ ਦੇ ਸਮੇਂ ਵਿਚ ਜ਼ਿੰਦਾ ਸਾਂ। ਲਾਜਵੰਤੀ ਤੇ ਇਕ ਚਾਦਰ ਅੱਧੋਰਾਣੀ ਸੁਚੱਜੇ ਹੱਥਾਂ ਨਾਲ ਤਰਾਸ਼ੀ ਹੋਈ ਅਫ਼ਸਾਨਿਆਂ ਦੀ ਤੇ ਨਾਵਲ ਦੀ ਜ਼ੁਬਾਨ। ਬੇਦੀ ਸਾਹਿਬ ਬਾਰੇ ਬਹੁਤ ਸੰਖੇਪ ਲਿਖਿਆ ਗਿਆ। ਡਾ. ਐਮ.ਐਸ. ਰੰਧਾਵਾ ਨੂੰ ਪੰਜਾਬ ਦਾ ਦੂਲਹਾ ਤਸ਼ਬੀਹ ਨਾਲ ਸਤਿਕਾਰਿਆ ਗਿਆ। ਡਾ. ਰੰਧਾਵਾ ਬਾਰੇ ਅਥਾਹ ਪਿਆਰ ਤੇ ਉਨ੍ਹਾਂ ਦੀ ਜੀਵਨ-ਸ਼ੈਲੀ ਦੀਆਂ ਬਾਤਾਂ ਪੜ੍ਹਨਯੋਗ ਹਨ। ਏਨਾ ਹੁਸੀਨ ਬੰਦਾ ਕਦੇ-ਕਦਾਈਂ ਹੀ ਦਰਸ਼ਨ ਕਰਨ ਨੂੰ ਲੱਭਦਾ ਏ। ਬਹੁਤ ਉੱਚ ਦਰਜੇ ਦੇ ਕਲਾਕਾਰ, ਸਿਰਜਕ ਗੁਰਚਰਨ ਨੀਲਾ ਘੁਮਿਆਰ ਬਣ ਜਾਂਦਾ ਹੈ ਤੇ ਪੁਸਤਕ ਦਾ ਨਾਮ ਹਾਸਿਲ ਕਰਦਾ ਇਹ ਅਜੀਤ ਕੌਰ ਦੀ ਸੁਚੱਜੀ ਚੋਣ ਦੀ ਪਰਖ ਹੈ। ਖ਼ੂਬਸੂਰਤੀ ਉਹ ਹੁੰਦੀ ਏ ਜਿਹਨੂੰ ਤੱਕ ਕੇ ਕਾਦਰ ਯਾਦ ਆਵੇ। ਕੁਲਵੰਤ ਸਿੰਘ ਵਿਰਕ ਨੂੰ ਨਿੱਕੀ ਕਹਾਣੀ ਦਾ ਬਾਦਸ਼ਾਹ ਕਰਕੇ ਨਿਵਾਜਿਆ ਗਿਆ। ਉਸ ਦੀਆਂ ਸ਼ਾਹਕਾਰ ਕਹਾਣੀਆਂ ਖੱਬਲ, ਧਰਤੀ ਹੇਠਲਾ ਬਲਦ, ਓਪਰੀ ਧਰਤੀ, ਛਾਹ ਵੇਲਾ, ਤੂੜੀ ਦੀ ਪੰਡ, ਮੁਰਦੇ ਦੀ ਤਾਕਤ, ਮੈਨੂੰ ਜਾਣਨੈਂ? ਦੀ ਸਮੀਖਿਆ ਰਾਹੀਂ ਕਲਾਸੀਕਲ ਦਾ ਦਰਜਾ ਦਿੱਤਾ ਗਿਆ। ਮਹਾਂ ਲੇਖਕ ਦੇਵਿੰਦਰ ਸਤਿਆਰਥੀ ਦਾੜ੍ਹੀ ਵਾਲਾ ਇਤਿਹਾਸ ਕਰਕੇ ਉਘਾੜਿਆ ਗਿਆ। ਦਰਵੇਸ਼ੀ ਸੁਭਾਅ ਤੇ ਲੋਕਯਾਨ ਦਾ ਯਾਤਰੀ ਸੀ, ਸਤਿਆਰਥੀ। ਭੱਜੀ ਭਾਪਾ, ਜੰਮੂ ਦੀ ਹੱਬਾ ਖਾਤੂਨ, ਤਕੀਏ ਦਾ ਪੀਰ। ਭਾਪਾ ਪ੍ਰੀਤਮ ਸਿੰਘ ਦੀ ਕਰੜੀ ਮਿਹਨਤ ਵਾਲੀ ਜ਼ਿੰਦਗੀ ਤੇ ਪੰਜਾਬੀ ਪੁਸਤਕ ਪ੍ਰਕਾਸ਼ਨ 'ਚ ਮੀਲ-ਪੱਥਰ ਸਥਾਪਤ ਕਰਨ ਦੀ ਪੂਰੀ ਕਹਾਣੀ ਨੂੰ ਪੜ੍ਹਿਆ ਜਾ ਸਕਦਾ ਹੈ। ਸੋਹਣ ਕਾਦਰੀ ਬਾਰੇ ਤਿੰਨ ਵਿਸ਼ੇਸ਼ਣ ਵਰਤੇ ਗਏ ਹਨ: ਕਲਾਕਾਰ, ਯੋਗੀ ਤੇ ਕਵੀ। ਕਾਦਰੀ ਦੀ ਕਲਾ ਤੇ ਉਸ ਦੇ ਫਕੀਰੀ ਸੁਭਾਅ ਪੜ੍ਹ ਕੇ, ਉਸ ਦੀ ਕਲਾ ਨਾਲ ਆਪ ਮੁਹਾਰੇ ਮੁਹੱਬਤ ਉਮੜਦੀ ਹੈ। ਪੇਂਟਿੰਗ ਤੇ ਕਵਿਤਾ ਕਾਦਰੀ ਦੀ ਰੂਹ 'ਚੋਂ ਉਪਜਦੀ ਸੀ।
ਇਸ ਵੱਡ ਆਕਾਰੀ ਪੁਸਤਕ ਵਿਚ ਜਿੱਥੇ 15 ਸ਼ਖ਼ਸੀਅਤਾਂ ਦੇ ਜੀਵਨ-ਅੰਸ਼ ਦੀਆਂ ਝਲਕੀਆਂ ਦੇ ਦਰਸ਼ਨ ਹੁੰਦੇ ਹਨ ਉੱਥੇ ਅਜੀਤ ਕੌਰ ਦੀ ਜੀਵਨ-ਸ਼ੈਲੀ, ਵਿਅਕਤਿਤਵ ਤੇ ਸਾਹਿਤ ਸਿਰਜਣਾ ਦਾ ਇਤਿਹਾਸ ਵੀ ਪੜ੍ਹਿਆ ਜਾ ਸਕਦਾ ਹੈ। ਵੱਖਰੀ ਕਿਸਮ ਦੀ ਮਾਰਮਿਕ ਰਚਨਾ ਪਾਠਕ ਨੂੰ ਅੱਗੇ-ਅੱਗੇ ਅਤੇ ਵਾਰ-ਵਾਰ ਪੜ੍ਹਨ ਨੂੰ ਮਜਬੂਰ ਕਰਦੀ ਹੈ।

-ਮਨਮੋਹਨ ਸਿੰਘ ਦਾਊਂ
ਮੋਬਾਈਲ: 98151-23900

ਰਣ ਤੋਂ ਤਾਜ ਤੱਕ
ਲੇਖਕ : ਕੁਲਵਿੰਦਰ ਕੁੱਲਾ
ਪ੍ਰਕਾਸ਼ਕ : ਬੇਗਮਪੁਰਾ ਬੁੱਕ ਸ਼ਾਪ, ਸ਼ਹੀਦ ਭਗਤ ਸਿੰਘ ਨਗਰ
ਮੁੱਲ : 150 ਰੁਪਏ, ਸਫ਼ੇ : 82
ਸੰਪਰਕ : 98154-29964

ਕੁਲਵਿੰਦਰ ਕੁੱਲਾ ਪੰਜਾਬੀ ਗ਼ਜ਼ਲ ਦੇ ਅਜਿਹੇ ਮਾਣਮੱਤੇ ਹਸਤਾਖ਼ਰ ਹਨ, ਜਿਨ੍ਹਾਂ ਨੇ ਆਪਣੀ ਮੌਲਿਕਤਾ ਅਤੇ ਵਿਲੱਖਣਤਾ ਕਾਰਨ ਪੰਜਾਬੀ ਗ਼ਜ਼ਲਕਾਰੀ ਵਿਚ ਇਕ ਜ਼ਿਕਰਯੋਗ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੇ ਸ਼ਿਅਰਾਂ ਵਿਚ ਉਨ੍ਹਾਂ ਦੇ ਉਮਰ ਭਰ ਦੇ ਤਜਰਬਿਆਂ ਨਾਲ ਕਮਾਏ ਹੋਏ ਗਿਆਨ ਦੀ ਝਲਕ ਸਪੱਸ਼ਟ ਦਿਖਾਈ ਦਿੰਦੀ ਹੈ। ਉਹ ਭਲੀ-ਭਾਂਤ ਸਮਝਦੇ ਹਨ ਕਿ ਇਸ ਧਰਤੀ 'ਤੇ ਸਿਰਫ਼ ਉਹੀ ਲੋਕ ਜਿਊਂਦੇ ਰਹਿ ਸਕਦੇ ਹਨ, ਜਿਨ੍ਹਾਂ ਵਿੱਚ ਸੰਘਰਸ਼ ਕਰਨ ਦੀ ਸਮਰੱਥਾ ਹੁੰਦੀ ਹੈ:
ਉਡੇ ਜੇ ਰਣ 'ਚ, ਪੁੱਜੇ ਤਾਜ ਤੱਕ,
ਤਾਂ ਖ਼ਾਸ ਹੋਣਾ।
ਖੜਾਵਾਂ 'ਚੋਂ ਝੜੀ ਮਿੱਟੀ ਦਾ
ਕੀ ਇਤਿਹਾਸ ਹੋਣਾ।
ਸਾਡੇ ਬਜ਼ੁਰਗਾਂ ਵਲੋਂ ਅਗਨੀ ਨੂੰ ਬਸੰਤਰ ਦੇਵਤਾ ਕਹਿ ਕੇ ਵਡਿਆਇਆ ਗਿਆ ਹੈ ਪਰ ਕੁਲਵਿੰਦਰ ਕੁੱਲਾ ਇਸ ਵਿਚਾਰ ਦੇ ਧਾਰਨੀ ਹਨ ਕਿ ਅਗਨੀ ਕੇਵਲ ਉਦੋਂ ਤੱਕ ਹੀ ਦੇਵਤਾ ਹੈ, ਜਦੋਂ ਤੱਕ ਉਹ ਚੁੱਲ੍ਹੇ ਵਿਚ ਰਹਿ ਕੇ ਮਨੁੱਖ ਦੇ ਜਿਊਣ ਦਾ ਆਧਾਰ ਬਣਦੀ ਹੈ ਪਰ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਲੱਗੀਆਂ ਅੱਗਾਂ ਦੀ ਪੀੜਾ ਹਮੇਸ਼ਾ ਹੀ ਅਸਹਿ ਅਤੇ ਅਕਹਿ ਹੁੰਦੀ ਹੈ। ਸੱਤਾ 'ਤੇ ਕਾਬਜ਼ ਧਿਰਾਂ ਲਈ ਇਹ ਵਰਤਾਰਾ ਫ਼ਾਇਦੇਮੰਦ ਜਾਂ ਹਾਨੀਕਾਰਕ ਘਟਨਾ ਤੋਂ ਵੱਧ ਕੁੱਝ ਵੀ ਨਹੀਂ ਹੁੰਦਾ:
ਇਸ ਵਾਰੀ ਵੀ ਅਗਨੀ-ਪੂਜਾ
ਪਿੰਡ ਦੇ ਚੌਕ 'ਚ ਹੋਈ,
ਭਾਵੇਂ ਚੁੱਲ੍ਹਿਆਂ ਦੀ ਥਾਂ ਅੱਗਾਂ
ਸਿਵਿਆਂ ਅੰਦਰ ਬਲੀਆਂ।
ਇਸ ਪੁਸਤਕ ਤੋਂ ਪਹਿਲਾਂ ਕੁਲਵਿੰਦਰ ਕੁੱਲਾ ਦਾ ਇੱਕ ਗ਼ਜ਼ਲ-ਸੰਗ੍ਰਹਿ 'ਹਉਕੇ ਦਾ ਅਨੁਵਾਦ' ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਰਵਾਇਤੀ ਪਹੁੰਚ ਤੋਂ ਕੁਝ ਨਵਾਂ ਕਰਨ ਦਾ ਸੁਭਾਅ ਉਨ੍ਹਾਂ ਦੀ ਗ਼ਜ਼ਲਕਾਰੀ ਦਾ ਹਾਸਲ ਹੈ। ਕਿਸੇ ਸਮੇਂ ਕਸ਼ੀਦਾਕਾਰੀ ਦਾ ਅੰਗ ਰਹੀ ਇਸ ਵਿਧਾ ਦਾ ਅਜੋਕੇ ਦੌਰ ਦੇ ਹਾਣ ਦਾ ਮੁਹਾਂਦਰਾ ਘੜਨ ਵਿੱਚ ਉਨ੍ਹਾਂ ਦਾ ਯੋਗਦਾਨ ਬੜਾ ਮਹੱਤਵਪੂਰਨ ਹੈ। ਰੂਪਕ ਪੱਖ ਦੇ ਨਾਲ-ਨਾਲ ਵਿਚਾਰਕ ਪੱਖੋਂ ਵੀ ਉਹ ਕਿਤੇ ਥਿੜਕਦੇ ਦਿਖਾਈ ਨਹੀਂ ਦਿੰਦੇ। ਉਨ੍ਹਾਂ ਵਲੋਂ ਵਰਤੀ ਗਈ ਸ਼ਬਦਾਵਲੀ ਵੀ ਬੜੀ ਸਰਲ ਅਤੇ ਦਿਲਚਸਪ ਹੈ। ਉਮੀਦ ਹੈ ਕਿ ਇਹ ਪੁਸਤਕ ਪੰਜਾਬੀ ਗ਼ਜ਼ਲਕਾਰੀ ਨੂੰ ਹੋਰ ਉਚਾਈਆਂ ਤੱਕ ਲਿਜਾਣ ਵਿੱਚ ਸਹਾਈ ਹੋਵੇਗੀ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

ਜਾਗਦੇ ਬੋਲ
ਸੰਪਾਦਕ : ਰੂਪ ਲਾਲ ਰੂਪ
ਪ੍ਰਕਾਸ਼ਕ : ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ
ਮੁੱਲ : 300 ਰੁਪਏ, ਸਫ਼ੇ : 144
ਸੰਪਰਕ : 94652-29722

'ਜਾਗਦੇ ਬੋਲ ' ਕਾਵਿ ਪੁਸਤਕ 41 ਪ੍ਰਗਤੀਵਾਦੀ ਕਵੀਆਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਸਾਂਝਾ ਗੁਲਦਸਤਾ ਹੈ, ਜਿਸ ਨੂੰ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ ਵਲੋਂ ਤਿਆਰ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ 'ਚ ਅਜੋਕੇ ਭ੍ਰਿਸ਼ਟ ਸਿਸਟਮ ਖ਼ਿਲਾਫ਼ ਵਿਦਰੋਹ ਵੀ ਹੈ, ਟੁੱਟ ਚੁੱਕੇ ਮਨੁੱਖ ਲਈ ਹੌਸਲੇ ਦੀ ਚਿਣਗ ਵੀ ਹੈ, ਅਜੋਕੇ ਮਤਲਬਪ੍ਰਸਤੀ ਰਿਸ਼ਤਿਆਂ ਦੀ ਤਸਵੀਰਕਸ਼ੀ, ਦਿਨੋਂ-ਦਿਨ ਟੁੱਟ ਰਹੀ ਕਿਸਾਨੀ ਆਰਥਿਕਤਾ ਦੀ ਹੂਕ, ਗਾੜ੍ਹੇ ਹਨੇਰਿਆਂ ਦੀ ਭਟਕਣ ਤੋਂ ਚਾਨਣ ਰਿਸ਼ਮਾਂ ਤੱਕ ਦਾ ਸਫ਼ਰ ਅਤੇ ਅਜੋਕੇ ਜੀਵਨ ਦੀਆਂ ਕਈ ਚਲੰਤ ਗੰਭੀਰ ਸਮੱਸਿਆਵਾਂ ਨੂੰ ਪਰਤ ਦਰ ਪਰਤ ਫਰੋਲਿਆ ਗਿਆ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ।
ਸਵਿੰਦਰ ਸੰਧੂ ਦੀ ਕਵਿਤਾ 'ਭੰਡਾ ਭੰਡਾਰੀਆ' ਅਜੋਕੇ ਸਮਾਜਿਕ ਵਰਤਾਰੇ 'ਤੇ ਤਿੱਖੀਆਂ ਟਕੋਰਾਂ ਵੀ ਕਰਦੀ ਹੈ ਅਤੇ ਸਮੇਂ ਦੇ ਤੂਫ਼ਾਨਾਂ ਅੱਗੇ ਹੱਕ ਡਾਹੁੰਣ ਦਾ ਫੌਲਾਦੀ ਹੌਸਲਾ ਵੀ ਰੱਖਦੀ ਹੈ :
ਤੇਰੇ ਖੇਤ ਤੇਰੇ ਹੀ ਦਾਣੇ,
ਤੂੰ ਉਪਜਾਏ ਸਭ ਨੇ ਖਾਣੇ।
ਮੌਸਮ, ਮੰਡੀ ਤੇ ਮਹਿੰਗਾਈ,
ਦੁੱਖੜੇ ਤੇਰੇ ਕਿਸੇ ਨਾ ਜਾਣੇ।
ਸਿਰ ਤੇ ਕਰਜ਼ੇ ਦੀ ਤਲਵਾਰ,
ਅੰਨਦਾਤੇ! ਹਿੰਮਤ ਨਾ ਹਾਰ।
ਪੱਗੜੀ ਸਾਂਭ ਸਿਪਹ ਸਿਲਾਰ। (ਪੰਨਾ : 25)
ਭਾਸ਼ੋ ਦੀ ਕਵਿਤਾ 'ਪ੍ਰਦਰਸ਼ਨੀਆਂ ਅਤੇ ਪੈੜਾਂ', ਰੂਪ ਲਾਲ ਰੂਪ ਦੀ ਕਵਿਤਾ 'ਲੋਕਤੰਤਰ ਦਾ ਮੂੰਹ' ਵੋਟ-ਵਟੋਰੂ ਲੀਡਰਾਂ ਦੀ ਲਾਰੇ ਲੱਪਿਆਂ, ਝੂਠਾਂ -ਫਰੇਬਾਂ ਵਾਲੀ ਰਾਜਨੀਤੀ ਦਾ ਭਾਂਡਾ ਚੁਰਾਹੇ ਭੰਨਦੀਆਂ ਜਾਪਦੀਆਂ ਹਨ :
ਵੋਟਾਂ ਵਾਲੇ ਪੰਜੀਂ ਸਾਲੀਂ ਮਾਰ ਜਾਂਦੇ ਗੇੜਾ ਪਿੰਡ
ਸੁੱਟ ਜਾਂਦੇ ਲਾਰਿਆਂ ਦੀ ਪੰਡ।
ਸੱਤ੍ਹਾ ਦਿਆਂ ਬੱਦਲਾਂ 'ਚੋਂ ਵਰ੍ਹਦੇ ਕਾਨੂੰਨ ਕਾਲੇ
ਆਸਾਂ ਸਭ ਜਾਂਦੀਆਂ ਕਰੰਡ । (ਪੰਨਾ : 29)
ਜਸਪਾਲ ਜ਼ੀਰਵੀ ਦੀ ਗ਼ਜ਼ਲ਼ ਦਾ ਇਕ ਸ਼ਿਅਰ ਵੇਖੋ:
ਜੇ ਨਜ਼ਰੀਆ ਤੰਗ ਨਾ ਹੋਵੇ।
ਮਨ ਦੀ ਸ਼ਾਂਤੀ ਭੰਗ ਨਾ ਹੋਵੇ।
ਹੁਣ ਬੰਦੇ ਵਿਚ ਜ਼ਹਿਰ ਜ਼ਿਆਦੈ,
ਸੱਪ ਤੋਂ ਬੰਦਾ ਡੰਗ ਨਾ ਹੋਵੇ। (ਪੰਨਾ : 136)
ਇਸ ਕਾਵਿ ਸੰਗ੍ਰਹਿ ਵਿਚ ਉਂਕਾਰ ਸਿੰਘ ਦੀ ਕਵਿਤਾ 'ਮੇਰਾ ਭਾਰਤ ਮਹਾਨ', ਮਾਲਵਿੰਦਰ ਸ਼ਾਇਰ ਦੀ 'ਦੋਹਿਰਾ ਗ਼ਜ਼ਲ਼', ਨਛੱਤਰ ਸਿੰਘ ਭੋਗਲ ਦੀ ਕਵਿਤਾ 'ਕੁਰਸੀ', ਗੁਰਪ੍ਰੀਤ ਸਿੰਘ ਕਾਉਣੀ ਦੀ ਕਵਿਤਾ 'ਕਿੱਥੋਂ ਦਾ ਵਿਕਾਸ', ਜਸਵਿੰਦਰ ਦੂਹੜ ਦੀ ਕਵਿਤਾ 'ਅੱਕੜ-ਬੱਕੜ', ਬਲਵਿੰਦਰ ਬਾਲਮ ਦੀਆਂ ਗ਼ਜ਼ਲ਼ਾਂ, ਚਰਨ ਪੁਆਧੀ ਦੀ ਪੁਆਧੀ ਵਿਅੰਗ ਕਬਤਾ 'ਮੇਰੇ ਗੌਂਅ ਕਾ ਮਹੌਲ' ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਇਸ ਤੋਂ ਇਲਾਵਾ ਇਸ ਕਾਵਿ ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਹੀ ਕਾਬਲੇ-ਤਾਰੀਫ਼ ਹਨ ਅਤੇ ਜ਼ਿੰਦਗੀ ਦੇ ਵੱਖ-ਵੱਖ ਅਹਿਮ ਪਹਿਲੂਆਂ ਨੂੰ ਰੂਪਮਾਨ ਕਰਦੀਆਂ ਪ੍ਰਤੀਤ ਹੁੰਦੀਆਂ ਹਨ। ਇਹ ਸਾਂਝੀ ਕਾਵਿ ਪੁਸਤਕ 'ਜਾਗਦੇ ਬੋਲ' ਪੜ੍ਹਣਯੋਗ ਵੀ ਹੈ ਅਤੇ ਸਾਂਭਣਯੋਗ ਵੀ। ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ:) ਜਲੰਧਰ ਵਲੋਂ ਤਿਆਰ ਕੀਤੇ ਇਸ ਸਾਂਝੇ ਕਾਵਿ ਸੰਗ੍ਰਹਿ ਦੇ ਉਦਮ ਦਾ ਭਰਪੂਰ ਸਵਾਗਤ ਕਰਨਾ ਬਣਦਾ ਹੈ।

-ਮਨਜੀਤ ਸਿੰਘ ਘੜੈਲੀ
ਮੋਬਾਈਲ : 98153-91625

ਦਿਲ ਦੀਆਂ ਗੱਲਾਂ
ਲੇਖਕ : ਪਰਮਜੀਤ ਸਿੰਘ ਨਿੱਕੇ ਘੁੰਮਣ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 124
ਸੰਪਰਕ : 97816-46008

'ਦਿਲ ਦੀਆਂ ਗੱਲਾਂ' ਕਾਵਿ-ਸੰਗ੍ਰਹਿ ਪਰਮਜੀਤ ਸਿੰਘ ਨਿੱਕੇ ਘੁੰਮਣ ਦਾ ਪਲੇਠਾ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਉਸ ਨੇ ਕੇ. ਸ਼ਰਨਜੀਤ ਸਿੰਘ (ਫ਼ਿਦਾ ਬਟਾਲਵੀ) ਨੂੰ ਸਮਰਪਿਤ ਕੀਤਾ ਹੈ, ਜੋ ਉਸ ਦੇ ਪਿਤਾ ਜੀ ਸਨ ਤੇ ਆਪਣੇ ਸਮੇਂ ਦੇ ਉੱਘੇ ਸ਼ਾਇਰ ਸਨ। ਇਸ ਕਾਵਿ-ਸੰਗ੍ਰਹਿ ਵਿਚ 'ਨਿੱਕੇ ਘੁੰਮਣ' ਹੋਰਾਂ 98 ਕਾਵਿ-ਰਚਨਾਵਾਂ ਨੂੰ ਥਾਂ ਦਿੱਤੀ ਹੈ, ਜੋ ਕਿ ਛੰਦ-ਬੱਧ ਵੀ ਹਨ ਅਤੇ ਸਰੋਦੀ ਵੀ। ਇਸ ਦੇ ਨਾਲ-ਨਾਲ ਹੀ ਉਨ੍ਹਾਂ ਆਪਣੀਆਂ ਕਾਵਿ-ਰਚਨਾਵਾਂ ਨੂੰ ਸਮਾਜਿਕ ਸਰੋਕਾਰ, ਵਿਅੰਗ ਅਤੇ ਪਿਆਰ-ਮੁਹੱਬਤ ਦਾ ਨਾਂਅ ਦੇ ਕੇ ਆਪਣੇ ਵਲੋਂ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਾਵਿਕ-ਰਚਨਾਵਾਂ ਦੇ ਵਿਸ਼ਿਆਂ ਦੀ ਨਿਸ਼ਾਨਦੇਹੀ ਵੀ ਖ਼ੁਦ ਹੀ ਕਰ ਦਿੱਤੀ ਹੈ। ਮਨੁੱਖੀ ਸਮਾਜ ਸਮਾਜਿਕ-ਰਿਸ਼ਤਿਆਂ 'ਚ ਬੱਝਾ ਹੋਇਆ ਹੋਣ ਕਰਕੇ ਇਸ ਦੇ ਅਨੇਕਾਂ ਪ੍ਰਸੰਗ ਅਤੇ ਵੇਰਵਿਆਂ ਦੀ ਨਿਸ਼ਾਨਦੇਹੀ ਕਰਦਾ ਹੈ, ਜਿਵੇਂ ਮਾਤਾ-ਪਿਤਾ, ਭੈਣ-ਭਰਾ, ਚਾਚੇ-ਤਾਏ, ਦਾਦ-ਦਾਦੀ, ਨਾਨਾ-ਨਾਨੀ ਮਾਮਾ-ਮਾਮੀ ਆਦਿ ਹੋਰ ਅਨੇਕਾਂ ਰੰਗ। ਇਹ ਰੰਗ ਕਾਵਿ-ਪਾਠਕ 'ਮਕਾਨ ਬਨਾਮ ਘਰ', 'ਜ਼ਿੰਦਗੀ', 'ਕੰਧਾਂ', 'ਕੌੜਾ ਸੱਚ', 'ਇਕੱਲਾ ਈ ਤੁਰ ਪੈ', 'ਧਰਮ-ਅਧਰਮ', 'ਮਾਂ', 'ਬਾਪ', 'ਚੁੱਪ', 'ਰੁੱਖ' ਆਦਿ ਕਵਿਤਾਵਾਂ ਵਿਚ ਬਾ-ਖ਼ੂਬੀ ਦੇਖ ਸਕਦਾ ਹੈ। ਸੱਚ ਦੇ ਰਾਹ ਤੁਰਦਿਆਂ ਮਨੁੱਖ ਹਮੇਸ਼ਾ ਦੁੱਖ ਭੋਗਦਾ ਹੈ। ਆਜ਼ਾਦੀ ਲਈ ਤੜਪ ਅਤੇ ਸੱਚ ਦਾ ਹੋਕਾ ਦੇਣ ਵਾਲੀਆਂ ਗਾਥਾਵਾਂ ਦੀ ਸਾਰ 'ਓ ਵੀਰਾ ਭਗਤ ਸਿਆਂ', 'ਗੁਰੂ ਨਾਨਕ ਦੇਵ ਜੀ', 'ਗੁਰੂ ਗੋਬਿੰਦ ਸਿੰਘ', 'ਸੁਰਿੰਦਰ ਕੌਰ', 'ਦਾਰਾ ਸਿੰਘ', 'ਸ਼ਿਵ ਉਥੇ ਨਾਹੀਂ ਸੀ' ਆਦਿ ਕਾਵਿਤਾਵਾਂ ਵਿਚ ਦੇਖੀ ਜਾ ਸਕਦੀ ਹੈ। ਮਾਂ-ਬੋਲੀ ਪੰਜਾਬੀ ਪ੍ਰਤੀ ਪੰਜਾਬੀਆਂ ਨੂੰ ਜਾਗਰੂਕ ਕਰਦੀ ਕਵਿਤਾ ਵੀ 'ਸਨੇਹ' ਦੇ ਭਾਵ ਉਤਪੰਨ ਕਰਦੀ ਹੈ, ਜਿਸ ਵਿਚ ਉਹ ਪੰਜਾਬੀਆਂ ਨੂੰ ਵੰਗਾਰਦਾ ਹੈ ਅਤੇ ਕਹਿੰਦਾ ਹੈ ਕਿ ਪੰਜਾਬੀ ਮਾਂ-ਬੋਲੀ ਸਾਡੀ ਇੱਜ਼ਤ ਹੈ, ਸ਼ਾਨ ਹੈ, ਮਾਣ ਹੈ ਅਤੇ ਸਨਮਾਨ ਹੈ। ਇਸ ਕਵਿਤਾ ਵਿਚ ਉਸ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਬਾਬਾ ਸ਼ੇਖ ਫ਼ਰੀਦ ਆਦਿ ਬਾਣੀਕਾਰਾਂ ਦੇ ਨਾਲ-ਨਾਲ ਆਧੁਨਿਕ ਲੇਖਕਾਂ ਗੁਰਬਖਸ਼ ਸਿੰਘ ਪ੍ਰੀਤਲੜੀ, ਬਲਰਾਜ ਸਾਹਨੀ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਵਾਰਿਸ, ਵਿਰਕ, ਸੁਜਾਨ ਸਿੰਘ, ਦਲੀਪ ਕੌਰ ਟਿਵਾਣਾ, ਪਾਸ਼ ਅਤੇ ਸੁਰਜੀਤ ਪਾਤਰ ਦਾ ਵਿਸ਼ੇਸ਼ ਤੌਰ 'ਤੇ ਉਲੇਖ ਕਰਦਿਆਂ ਮਾਂ-ਬੋਲੀ ਪੰਜਾਬੀ ਦੀ ਮਹੱਤਤਾ ਅਤੇ ਲੋੜ ਨੂੰ ਪਰਿਭਾਸ਼ਿਤ ਕੀਤਾ ਹੈ। ਇਨ੍ਹਾਂ ਖਿਆਲਾਂ ਦੇ ਪ੍ਰਗਟਾਅ ਸਦਕਾ ਹੀ ਕਾਵਿ-ਸੰਗ੍ਰਹਿ ਦਾ ਸਿਰਲੇਖ 'ਦਿਲ ਦੀਆਂ ਗੱਲਾਂ' ਫੱਬਵਾਂ ਅਤੇ ਢੁਕਵਾਂ ਹੈ।
ਆ ਜਾ ਸੱਜਣਾ, ਆ ਬਹਿ ਸੁਣੀਏ, ਦਿਲ ਦੀਆਂ ਗੱਲਾਂ ਨੂੰ
ਆ ਜਾ ਮਲ੍ਹਮ ਲਗਾਈਏ ਹੁਣ, ਬਿਰਹੋਂ ਦੀਆਂ ਸੱਲ੍ਹਾਂ ਨੂੰ।\

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਰੱਬ ਦੀ ਤਲਾਸ਼
ਲੇਖਕ : ਸਵਰਨ ਸਿੰਘ 'ਪਤੰਗ'
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 108
ਸੰਪਰਕ : 98783-28501

'ਰੱਬ ਦੀ ਤਲਾਸ਼' ਉੱਘੇ ਤੇ ਪ੍ਰੌਢ ਲੇਖਕ ਸਵਰਨ ਸਿੰਘ ਪਤੰਗ ਦੀ ਮਿੰਨੀ ਕਹਾਣੀਆਂ ਦਾ ਇਕ ਵਿਲੱਖਣ ਸੰਗ੍ਰਹਿ ਹੈ। ਥੋੜ੍ਹੇ ਵਿਚ ਬਹੁਤਾ ਯਾਨੀ ਕੁੱਜੇ ਵਿਚ ਸਮੁੰਦਰ ਬੰਦ ਹੈ। ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਇਨ੍ਹਾਂ ਪੰਜਾਹ ਕਹਾਣੀਆਂ ਦੀਆਂ ਆਪਸੀ ਜੁੜਦੀਆਂ ਕੜੀਆਂ ਪਾਠਕਾਂ ਨੂੰ ਆਪਣੇ ਨਾਲ ਜੋੜਨ ਦੀ ਕਾਫ਼ੀ ਸਮਰੱਥਾ ਰੱਖਦੀਆਂ ਹਨ। ਪਹਿਲਾਂ-ਪਹਿਲਾਂ ਹਰ ਕਹਾਣੀ ਦੀ ਸ਼ੁਰੂਆਤ ਵਿਚ ਓਪਰਾਪਨ ਜ਼ਰੂਰ ਮਹਿਸੂਸ ਹੁੰਦਾ ਹੈ ਪਰ ਹਰ ਕਹਾਣੀ ਦਾ 'ਅੰਤ' ਆਪਣਾਪਨ ਮਹਿਸੂਸ ਕਰਵਾ ਕੇ ਬਹੁਤ ਵਧੀਆ ਸਾਰਥਿਕ ਸੁਨੇਹਾ ਛੱਡਦਾ ਹੋਇਆ ਮਨ ਨੂੰ ਛੂਹ ਜਾਂਦਾ ਹੈ।
ਜੀਵਨ ਵਿਚਰਦਿਆਂ ਗ਼ਲਤ ਫਹਿਮੀਆਂ ਨੂੰ ਵੇਲੇ ਸਿਰ ਦੂਰ ਕਰਕੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਨੂੰ ਸੁਖਾਵੇਂ ਮਾਹੌਲ ਵਿਚ ਬਦਲ ਲੈਣਾ, ਕਰਾਰੇ ਹੱਥਾਂ ਨਾਲ ਵਿਗੜਿਆਂ ਨੂੰ ਸੁਧਾਰ ਲੈਣਾ, ਭੋਲੇ ਬਚਪਨ ਦੀਆਂ ਚੁਲਬੁਲੀਆਂ/ਸ਼ਰਾਰਤਾਂ ਤੇ ਪ੍ਰੌਢ ਉਮਰੇ ਸਤਿਕਾਰ ਤੇ ਪਿਆਰ, ਬਜਰ ਗ਼ਲਤੀਆਂ ਦੀਆਂ ਜ਼ਿੰਮੇਵਾਰ ਅਕਲ ਦੀਆਂ ਬੰਦ ਅੱਖਾਂ ਨੂੰ ਖੋਲਣਾ, ਪਰਉਪਕਾਰਤਾ ਦਾ ਮੁੱਲ ਤਾਰਨ ਦੇ ਯਤਨ, ਫ਼ਰਿਸ਼ਤਾ/ ਰੱਬ ਵਜੋਂ ਦਿਲ ਦੀ ਗੱਲ ਕਹਿਣੀ, 'ਛੱਤਾ ਛੱਲੀਆਂ ਵਾਲਾ' ਬਣ ਕੇ ਕਿਸੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਦੇਣੀ, ਹਮਦਰਦੀ ਭਰੀ ਦੋਸਤੀ ਨਿਭਾਉਣੀ, ਖੰਭਾਂ ਦੀਆਂ ਉਡਾਰਾਂ ਤੋਂ ਗੁਰੇਜ਼ ਕਰਕੇ ਮਦਦਗਾਰ ਵਜੋਂ ਆਪਣੇ ਪਿੰਡ ਦੀ ਇੱਜ਼ਤ ਨਾ ਉਛਾਲਣ ਦੇਣੀ, ਖੂਹ ਵਿਚ ਮਾਰੀ ਆਵਾਜ਼ ਦੀ ਉਸੇ ਰੰਗ ਵਿਚ ਵਾਪਸੀ ਤੋਂ ਬਚਣ ਲਈ ਜ਼ਬਾਨ ਨੂੰ ਲਗਾਮ, ਹਸਮੁੱਖ ਸੁਭਾਅ ਵਾਲੇ ਸਭ ਦੇ ਬੇਲੀ, ਮਨੁੱਖੀ ਸ਼ੋਸ਼ਣ ਦੀ ਤ੍ਰਾਸਦੀ 'ਤਾੜੀ ਮਾਰ ਕੇ' ਅਤੇ ਕੱਚੀ ਉਮਰ ਦੇ ਵਾਅਦੇ ਪੱਥਰ ਉਤੇ ਲਕੀਰ ਬਣ ਜਾਣੇ ਆਦਿ ਭਾਵਪੂਰਤ ਵਿਸ਼ਿਆਂ ਦੀ ਬਾਤ ਪਾਉਣ ਵਾਲੀਆਂ ਕਹਾਣੀਆਂ ਦੀ ਇਹ ਪੁਸਤਕ 'ਰੱਬ ਦੀ ਤਲਾਸ਼' ਪਾਠਕਾਂ ਦੀ ਪੜ੍ਹਨ ਚੇਸ਼ਟਾ ਨੂੰ ਸਿਖ਼ਰ 'ਤੇ ਪਹੁੰਚਾਉਣ ਦੇ ਸਮਰੱਥ ਹੈ।

-ਮਾ: ਲਖਵਿੰਦਰ ਸਿੰਘ ਰਈਆ ਹਵੇਲੀਆਣਾ,
ਮੋਬਾਈਲ : 98764-74858

ਢੱਡ ਸਾਰੰਗੀ ਵਜਦੀ ਮਾਲਵੇ
ਲੇਖਕ : ਪ੍ਰੋ. ਕਰਮ ਸਿੰਘ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ।
ਮੁੱਲ : 400 ਰੁਪਏ, ਸਫ਼ੇ : 358
ਸੰਪਰਕ : 011-26802488

'ਢੱਡ ਸਾਰੰਗੀ ਵਜਦੀ ਮਾਲਵੇ' (ਖੋਜ ਅਤੇ ਸੰਪਾਦਨ) ਗ੍ਰੰਥ ਪ੍ਰੋ. ਕਰਮ ਸਿੰਘ ਦੀ ਅਨੂਠੀ ਕਿਰਤ ਹੈ। ਇਸ ਗ੍ਰੰਥ ਦੀ ਸ਼ੁਰੂਆਤ ਗਵੰਤਾਰੀਆ ਦੇ ਸਰਪ੍ਰਸਤ ਮਹਾਰਾਜਾ ਹੀਰਾ ਸਿੰਘ ਜੀ (ਨਾਭਾ ਪੱਤੀ) ਦੀ ਤਸਵੀਰ ਨਾਲ ਕੀਤੀ ਗਈ ਹੈ ਜੋ ਕਿ ਪਰਜਾ ਦਾ ਹਿਤੈਸ਼ੀ ਮੰਨਿਆ ਗਿਆ ਹੈ। ਡਾ. ਗੁਰਦੇਵ ਸਿੰਘ ਨੇ ਕਰਮਯੋਗੀ ਪ੍ਰੋ. ਕਰਮ ਸਿੰਘ ਸਿਰਲੇਖ ਅਧੀਨ ਆਪਣੀ ਭੂਮਿਕਾ ਵਿਚ ਪ੍ਰੋ. ਕਰਮ ਸਿੰਘ ਨੂੰ 'ਅਕਬਰੀ ਬੰਦਾ' ਕਹਿ ਕੇ ਸੰਬੋਧਿਤ ਹੁੰਦਾ ਹੈ। ਇਹ ਵੱਡੀ ਗੱਲ ਹੈ। ਉਹ ਖ਼ੁਦ ਮੰਨਦਾ ਹੈ ਕਿ ਪ੍ਰੋ. ਪ੍ਰੀਤਮ ਸਿੰਘ ਨੇ ਉਨ੍ਹਾਂ ਨੂੰ ਲੋਕ-ਕਾਵਿ ਵੰਨਗੀਆਂ ਇਕੱਤਰ ਕਰਨ ਦੀ ਪ੍ਰੇਰਨਾ ਦਿੱਤੀ, ਜਿਸ ਸਦਕਾ ਉਹ ਢੱਡ ਸਾਰੰਗੀ ਉਤੇ ਗਾਉਣ ਵਾਲੀਆਂ ਕਲੀਆਂ 'ਢੱਡ-ਸਾਰੰਗੀ ਵਜਦੀ ਮਾਲਵੇ' ਦੇ ਨਾਂਅ ਹੇਠ ਛਾਪਣ ਦਾ ਸੁਭਾਗ ਪ੍ਰਾਪਤ ਹੋਇਆ। ਉਹ ਰਿਚਰਡ ਟੈਂਪਲ ਦਾ ਵੀ ਧੰਨਵਾਦ ਕਰਨਾ ਨਹੀਂ ਭੁੱਲਦਾ। ਉਹ ਦਲੀਪ ਸਿੰਘ ਅਬਲੂ ਦਾ ਵੀ ਸਤਿਕਾਰ ਕਰਦਾ ਹੈ ਕਿਉਂਕਿ ਅਬਲੂ ਭਾਵੇਂ ਅੱਖਰ-ਗਿਆਨ ਤੋਂ ਕੋਰਾ ਸੀ, ਪਰ ਉਹ ਵਿਦਵਤਾ ਦਾ ਭੰਡਾਰ ਸੀ। ਉਸ ਨੇ ਕਲੀ, ਉਤਲੀ ਕਲੀ, ਓਦੂ ਉਤਲੀ ਕਲੀ ਦੀ ਵੰਨਗੀਆਂ ਇਕੱਤਰ ਕਰਕੇ ਕਲੀਆਂ ਦੀਆਂ ਕਈ ਵੰਨਗੀਆਂ ਵੀ ਪਾਠਕਾਂ ਦੇ ਸਨਮੁਖ ਕੀਤੀਆਂ ਹਨ। ਵਿਸ਼ੇਸ਼ ਤੌਰ 'ਤੇ ਗਵੰਤਰੀਆਂ ਦੇ ਫ਼ਕੀਰਾਨਾ ਸੁਭਾਅ ਦੀਆਂ ਵੀ ਅਨੇਕਾਂ ਵੰਨਗੀਆਂ ਪੇਸ਼ ਕੀਤੀਆਂ ਹਨ। ਇਹ ਲੋਕ ਫਾਕਾ-ਮਸਤੀ 'ਚ ਤਾਂ ਰਹਿ ਸਕਦੇ ਸਨ, ਪ੍ਰੰਤੂ ਅੱਜ ਦੀ ਅਸ਼ਲੀਲ ਗਾਇਕੀ ਸੰਗ ਪ੍ਰਨਾਏ ਗਵੱਈਆਂ ਵਾਂਗ ਪੈਸੇ ਦੀ ਖਾਤਰ ਨਹੀਂ ਸਨ ਗਾਉਂਦੇ। 'ਮਾਲਵਾ' ਲੇਖ ਵਿਚ ਮਾਲਵੇ ਦਾ ਨਾਮਕਰਨ ਇਥੋਂ ਦੀ ਰਹਿਤਲ-ਬਹਿਤਲ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਭਾਵ : ਮਲ (ਪਹਿਲਵਾਨ) ਸ਼ਬਦ ਦਾ ਪ੍ਰਯੋਗ ਜਾਂ ਮੱਲ ਕਹਿਣ ਦਾ ਰਿਵਾਜ ਮਾਲਵ ਕੌਮ ਦੇ ਪ੍ਰਤੀਕ ਮੰਨੇ ਗਏ ਹਨ। ਗਵੰਤਰੀਆਂ ਦੇ ਅਨੇਕਾਂ ਸਰਪ੍ਰਸਤਾਂ ਦਾ ਜ਼ਿਕਰ ਵੀ ਪ੍ਰੋਫ਼ੈਸਰ ਸਾਹਿਬ ਨੇ ਕੀਤਾ ਹੈ। ਇਸ ਖੋਜ ਅਤੇ ਸੰਕਲਨ ਦਾ ਕਾਰਜ ਉਨ੍ਹਾਂ ਨੇ 'ਮਾਲਵੇ ਦੇ ਮਰਦਾਵੇਂ ਸਾਹਿਤਕ ਸ਼ੌਕ', 'ਜਲਸਾ ਤੇ ਗਿੱਧਾ', 'ਗੌਣ ਤੇ ਗਵੰਤਰੀ', 'ਗਵੰਤਰੀਆਂ ਦੇ ਗਾਉਣ ਦੀਆਂ ਕਿਰਿਆਵਾਂ', 'ਦੋਹੜੇ', 'ਸਰਦਾਰ ਗੰਗਾ ਸਿੰਘ ਕਵੀਸ਼ਰ', 'ਹੀਰ', 'ਮੰਗਲਾ ਚਰਨ', 'ਸ਼ਾਇਰ ਕਲੀ 'ਚ ਭੂਮਿਕਾ ਦੱਸਦਾ ਹੈ', 'ਪੂਰਨ ਭਗਤ', 'ਮਲਕੀ', 'ਕੌਂਲਾਂ', 'ਮਿਰਜ਼ਾ', 'ਦੁੱਲਾ', 'ਪਰਤਾਪਾ ਹਸਨਪੁਰੀਆ', 'ਵਧਾਵਾ', 'ਫੁਟਕਲ ਆਵਾਜ਼ਾਂ', 'ਮੇਰੇ ਵੇਖਣ-ਸੁਣਨ ਵਿਚ ਆਏ ਗਵੰਤਰੀਆਂ ਦਾ ਜ਼ਿਕਰ', 'ਹੀਰ ਦਾ ਮਨ੍ਹੇਰਾ' ਸਿਰਲੇਖਾਂ ਹੇਠ ਕਰਦਿਆਂ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਦ੍ਰਿੜ੍ਹ ਇਰਾਦੇ ਅਤੇ ਲਗਨ-ਮਿਹਨਤ, ਸਿਰੜ ਰਾਹੀਂ ਹੀ ਕੋਈ ਪੰਧੀ ਆਪਣੀ ਮੰਜ਼ਿਲ ਦੀ ਥਾਹ ਪਾ ਸਕਦਾ ਹੈ। ਮੇਰੀ ਜਾਚੇ ਇਹ ਪੁਸਤਕ ਖੋਜਾਰਥੀਆਂ ਲਈ ਬਹੁਮੁੱਲਾ ਖ਼ਜ਼ਾਨਾ ਹੈ। ਪ੍ਰੋ. ਸਾਹਿਬ ਨੂੰ ਮੁਬਾਰਕ ਅਤੇ ਉਨ੍ਹਾਂ ਦੀ ਮਿਹਨਤ ਨੂੰ ਸਲਾਮ।

-ਸੰਧੂ ਵਰਿਆਣਵੀ (ਪ੍ਰੋ.)
ਮੋਬਾਈਲ : 98786-14096

ਕਲਮ
ਕਵੀ : ਨਛੱਤਰ ਸਿੰਘ ਭੋਗਲ ਭਾਖੜੀਆਣਾ (ਯੂ.ਕੇ.)
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਮਾਨਸਾ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 99889-13155

ਨਛੱਤਰ ਭੋਗਲ ਦਾ ਚੌਥਾ ਕਾਵਿ ਸੰਗ੍ਰਹਿ 'ਕਲਮ' ਵਿਸ਼ਿਆਂ ਦੇ ਪੱਖ ਤੋਂ ਵੰਨ-ਸੁਵੰਨਤਾ ਭਰਪੂਰ ਹੈ। ਸਮਾਜ ਵਿਚ ਆ ਰਹੀਆਂ ਤਬਦੀਲੀਆਂ, ਕਦਰਾਂ-ਕੀਮਤਾਂ ਵਿਚ ਆ ਰਿਹਾ ਨਿਘਾਰ, ਪਰੰਪਰਾ ਅਤੇ ਸੱਭਿਆਚਾਰ ਤੋਂ ਦੂਰ ਹੁੰਦੇ ਅੱਜ ਦੇ ਮਨੁੱਖ ਦੀਆਂ ਸੰਵੇਦਨਾਵਾਂ ਨੂੰ ਇਸ ਕਾਵਿ-ਪੁਸਤਕ ਰਾਹੀਂ ਚਿੱਤਰਿਆ ਗਿਆ ਹੈ। ਕਲਮਾਂ ਨੂੰ ਇਤਿਹਾਸ ਬਦਲਣ ਵਾਲੀ ਸ਼ਕਤੀ ਮੰਨਦਾ ਕਵੀ ਲਿਖਦਾ ਹੈ :
ਸੱਚ ਲਿਖਣੋਂ ਨਾ ਖੁੰਝੀਂ ਹਰਗਿਜ਼
ਆਪਣਾ ਆਪ ਦਈਂ ਵਾਰ ਤੂੰ ਕਲਮੇਂ
ਤੂੰ ਸ਼ਮਸ਼ੀਰ ਤੇ ਢਾਲ ਵੀ ਤੂੰ ਹੀ
ਪ੍ਰਮੁੱਖ ਹੈਂ ਹਥਿਆਰ ਤੂੰ ਕਲਮੇਂ
ਮਾਂ ਬੋਲੀ ਪ੍ਰਤੀ ਆਪਣੀ ਸੁਹਿਰਦਤਾ ਪ੍ਰਗਟਾਉਂਦਾ ਕਵੀ ਸਭ ਨੂੰ ਮਾਂ ਬੋਲੀ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਮਾਂ ਬੋਲੀ ਪੰਜਾਬੀ ਪ੍ਰਤੀ ਸ਼ਰਧਾ, ਸਤਿਕਾਰ ਅਤੇ ਹੋਰਨਾਂ ਭਾਸ਼ਾਵਾਂ ਦੇ ਗਿਆਨ ਲਈ ਵੀ ਕਵੀ ਪ੍ਰੇਰਿਤ ਕਰਦਾ ਹੈ। ਸਮਾਜ ਵਿਚ ਅਨੇਕਾਂ ਅਜਿਹੇ ਕਿਰਦਾਰ ਹਨ ਜੋ ਵੇਖਣ ਨੂੰ ਬਹੁਤ ਸਧਾਰਨ ਲੱਗਦੇ ਹਨ ਪਰ ਸਮਾਜ ਦੀ ਤਰੱਕੀ ਵਿਚ ਆਪਣਾ ਡੂੰਘਾ ਯੋਗਦਾਨ ਦਿੰਦੇ ਹਨ। ਕਵੀ ਮਜ਼ਦੂਰ ਨੂੰ ਸਮਾਜ ਦਾ ਅਜਿਹਾ ਥੰਮ੍ਹ ਮੰਨਦਾ ਹੈ ਜੋ ਹਰ ਹਾਲ ਵਿਚ ਖ਼ੁਸ਼ ਰਹਿਣ ਦਾ ਸੁਨੇਹਾ ਦਿੰਦਾ ਹੈ :
ਸਬਰ ਸ਼ੁਕਰ ਦਾ ਉਹ ਹੈ ਬਾਨੀ
ਮਿਹਨਤ ਵਿਚ ਨਾ ਕੋਈ ਉਸ ਦਾ ਸਾਨੀ
ਕਵੀ ਮਨੁੱਖ ਨੂੰ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੋਇਆ ਆਪਣੀਆਂ ਪਰੰਪਰਾਵਾਂ ਜਾਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਦਲੇਰੀ ਦਿੰਦਾ ਹੈ। ਉਹ ਨਾਰੀ ਚੇਤਨਾ ਦਾ ਪ੍ਰਚਾਰ ਪ੍ਰਸਾਰ ਕਰਦਾ ਔਰਤਾਂ ਨੂੰ ਆਪਣੀ ਹੋਂਦ ਪਛਾਣਨ ਲਈ ਪ੍ਰੇਰਨਾ ਦਿੰਦਾ ਹੈ :
ਜੱਗ ਜਣਨੀ ਦਾ ਕਿਰਦਾਰ ਬਣੀਂ
ਕਿਸੇ ਜ਼ਾਲਮ ਲਈ ਤਲਵਾਰ ਬਣੀਂ
ਮਾਂ ਭਾਗੋ ਵਾਂਗ ਬਣ ਕੇ ਸ਼ੀਹਣੀ
ਇੱਜ਼ਤਾਂ ਦੀ ਪਹਿਰੇਦਾਰ ਬਣੀਂ
ਕਵੀ ਚਾਹੇ ਵਿਦੇਸ਼ ਵਿਚ ਬੈਠਾ ਹੈ ਪਰ ਆਪਣੇ ਪਿੰਡ ਭਾਖੜੀਆਣੇ ਦਾ ਮੋਹ ਉਸ ਨੂੰ ਆਪਣੀ ਮਿੱਟੀ ਨਾਲ ਜੋੜੀ ਰੱਖਦਾ ਹੈ। ਕਵੀ ਨਛੱਤਰ ਸਿੰਘ ਦੀ ਕਾਵਿ-ਰਚਨਾ ਵਿਅੰਗਾਤਮਿਕ ਜੁਗਤ ਨਾਲ ਜੁੜੀ ਜੀਵਨ ਦੀਆਂ ਸਚਾਈਆਂ ਅਤੇ ਤਲਖ ਹਕੀਕਤਾਂ ਨੂੰ ਬਾਖ਼ੂਬੀ ਬਿਆਨ ਕਰਦਾ ਹੈ। 'ਕੁਰਸੀ' ਕਵਿਤਾ ਇਸ ਦੀ ਖ਼ੂਬਸੂਰਤ ਉਦਾਹਰਨ ਹੈ। ਇਸ ਪੁਸਤਕ ਦੀਆਂ ਰਚਨਾਵਾਂ 'ਅਜੋਕਾ ਇਨਸਾਨ', 'ਤਰਕ', 'ਦਸਤੂਰ', 'ਉਜਾੜ

23-12-2023

 ਜਵਾਨ ਹੋਣ ਤੱਕ
ਲੇਖਕ : ਡਾ. ਪੂਰਨ ਚੰਦ ਜੋਸ਼ੀ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 450 ਰੁਪਏ, ਸਫ਼ੇ : 435
ਸੰਪਰਕ : 98141-47405

ਅਸਤਿਤਵਵਾਦੀ ਆਲੋਚਨਾ ਦ੍ਰਿਸ਼ਟੀ ਦੀ ਸਮਝ ਅਨੁਸਾਰ ਜਿਸ ਤਥਾਤਮਕਤਾ (ਫੈਕਟੀਸਿਟੀ) ਵਿਚ ਨਾਇਕ/ਨਾਇਕਾ ਦਾ ਪ੍ਰਵੇਸ਼ ਕਰਵਾਇਆ ਹੈ, ਉਹ ਹੈ ਇਕ ਕਲਪਿਤ ਪਿੰਡ 'ਪੂਰਨਪੁਰਾ' ਜੋ ਲੇਖਕ ਦੇ ਨਾਂਅ ਵੱਲ ਗੁੱਝਾ ਸੰਕੇਤ ਕਰਦਾ ਹੈ। ਸਮਾਂ ਲਗਭਗ ਵੀਹਵੀਂ ਸਦੀ (1967-70) ਤੱਕ ਦਾ ਹੈ। ਉਦੋਂ ਪਿੰਡਾਂ ਦੇ ਘਰ ਆਮ ਤੌਰ 'ਤੇ ਕੱਚੇ, ਰਸਤੇ ਵੀ ਕੱਚੇ ਹੁੰਦੇ ਸਨ। ਪਿੰਡ ਦਾ ਸਕੂਲ ਨਹੀਂ ਸੀ। ਮੁੰਡੇ-ਕੁੜੀਆਂ ਰਲ-ਮਿਲ ਕੇ ਕਿਸੇ ਹੋਰ ਪਿੰਡ ਪੜ੍ਹਨ ਸਕੂਲ ਜਾਂਦੇ ਸਨ। ਇਸ ਨਾਵਲ ਵਿਚ 'ਨਾਭਾ' ਸ਼ਹਿਰ ਦੇ ਆਲੇ-ਦੁਆਲੇ ਦੀ ਆਂਚਲਿਕਤਾ ਹੈ। ਲੇਖਕ ਦਾ ਅਸਲੀ ਪਿੰਡ ਵੀ ਤਾਂ 'ਬੌੜਾਂ ਖ਼ੁਰਦ', ਤਹਿਸੀਲ ਨਾਭਾ ਹੈ। ਡੂੰਘਾਈ ਨਾਲ ਵਾਚਿਆਂ ਇਹ ਰਚਨਾ (ਜੋ ਲਿਖਤੀ ਹੈ) ਇਕ ਆਟੋਬਾਇਓ ਗ੍ਰਾਫ਼ੀਕਲ ਨਾਵਲ (ਸਵੈ-ਜੀਵਨਾਤਮਕ ਨਾਵਲ) ਹੈ। ਸਵੈ-ਜੀਵਨਾਤਮਿਕ ਨਾਵਲ ਦੇ ਅਨੇਕਾਂ ਪ੍ਰਮਾਣ ਨਾਵਲ ਦਾ ਅਧਿਐਨ ਕਰਦਿਆਂ ਨੋਟ ਕੀਤੇ ਜਾ ਸਕਦੇ ਹਨ। ਨਾਵਲਕਾਰ ਨੇ ਆਪਣੀ ਕਿਸ਼ੋਰ ਅਵਸਥਾ (1967) ਤੋਂ 2012 ਤੱਕ ਦੀਆਂ ਫ਼ੋਟੋ ਕਾਪੀਆਂ ਨਾਵਲ ਦੇ ਸਿਰਲੇਖ ਦੇ ਦੋਵਾਂ ਪਾਸੇ ਦਿੱਤੀਆਂ ਹਨ। ਕਥਾ-ਨਾਇਕ ਜਿਸ ਦਾ ਨਾਂਅ ਪ੍ਰਨਵਜੀਤ (ਕਲਪਿਤ) ਅਤੇ ਨਾਇਕਾ ਦਾ ਨਾਂਅ ਪ੍ਰਮਪ੍ਰੀਤ (ਕਲਪਿਤ) ਹੈ। ਇਹ ਨਾਵਲ ਨਾਇਕ/ਨਾਇਕਾ ਦੀ 'ਜਵਾਨ ਹੋਣ ਤੱਕ' ਦੀ ਕਥਾ ਦਾ ਬਿਰਤਾਂਤ ਹੈ। ਇਸ ਕਥਾ ਦਾ ਮੂਲ ਆਧਾਰ 'ਚਿੱਠੀਆਂ' ਹਨ। ਗੰਭੀਰ ਪਾਠਕਾਂ ਨੂੰ ਯਾਦ ਹੋਵੇਗਾ ਕਿ ਚਿੱਠੀਆਂ ਰਾਹੀਂ ਪਹਿਲਾ ਨਾਵਲ 1740 ਵਿਚ ਸੈਮੂਅਲ ਰਿਚਰਡਸਨ ਨੇ 'ਪਾਮੇਲਾ' ਲਿਖਿਆ ਸੀ। ਕਿਸ਼ੋਰ ਅਵਸਥਾ ਸਮੇਂ ਨਾਇਕ/ਨਾਇਕਾ ਦਾ ਪਿਆਰ ਆਦਰਸ਼-ਪਿਆਰ ਭਾਵ 'ਪਲੈਟਾਨਿਕ ਲਵ' ਹੀ ਰਿਹਾ ਪਰ ਭਾਵੁਕਤਾ ਭਾਰੂ ਰਹੀ। ਇਕ-ਦੂਜੇ ਨੂੰ ਮਿਲੇ ਬਿਨਾਂ ਚਿੱਤ ਨਹੀਂ ਸੀ ਲੱਗਦਾ। ਪਰ 'ਜਵਾਨ ਹੋਣ ਤੱਕ' ਗਲਵੱਕੜੀਆਂ ਪਾ ਕੇ ਪਿਆਰ ਕਰਨ ਦੀ ਸੋਝੀ ਜ਼ਰੂਰ ਆ ਗਈ ਸੀ। 'ਜਵਾਨ ਹੋਣ ਤੱਕ' ਪਿਆਰ ਸੱਚਾ-ਸੁੱਚਾ ਹੀ ਰਿਹਾ। ਲੇਖਕ ਇਸ ਅਵਸਥਾ ਬਾਰੇ ਖ਼ੁਦ ਲਿਖਦਾ ਹੈ: 'ਕਹਾਣੀ ਵਿਚ ਬਹੁਤ ਸਾਰੇ ਸੰਵਾਦ ਹੂ-ਬ-ਹੂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਪੰਜਾਹ ਸਾਲ ਪੁਰਾਣੀਆਂ ਨੋਟ ਬੁੱਕਾਂ ਵਿਚ ਜੋ ਅੰਸ਼ ਅੰਕਿਤ ਹੋਏ ਮਿਲਦੇ ਹਨ, ਉਹ ਕਿਸੇ ਜ਼ਮਾਨੇ ਦੀ ਰਹਿਣੀ-ਬਹਿਣੀ, ਖੇਤ ਖਲਵਾੜ, ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦਾ ਜ਼ਿਕਰ ਇਸ 'ਯਾਦਾਂ ਦੇ ਮਹਿਲ' ਵਿਚ 'ਜਵਾਨ ਹੋਣ ਤੱਕ' ਦੀ 'ਰੀਅਲ ਲਵ ਸਟੋਰੀ' ਨੂੰ ਸੰਖੇਪ ਵਿਚ ਉਲੀਕਣ ਦਾ ਯਤਨ ਹੈ ਭਾਵੇਂ ਉਨ੍ਹਾਂ ਨੋਟ ਬੁੱਕਾਂ ਦਾ ਵਿਸਥਾਰ ਜ਼ਿਆਦਾ ਹੈ। ਅਸਲੀ ਪਿਆਰ ਕਥਾ ਨੂੰ ਸਾਰਥਿਕ ਬਣਾਉਣ ਲਈ ਪ੍ਰਮਪ੍ਰੀਤ (ਨਾਇਕਾ) ਦੇ ਪੱਤਰਾਂ ਦੀਆਂ ਕਾਪੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਤਾਂ ਕਿ 'ਰੀਅਲ ਲਵ ਸਟੋਰੀ' 1970 ਦਾ ਪ੍ਰਮਾਣ ਬਣ ਸਕੇ...।' ਪੰਨਾ 417 ਉਸ ਸਮੇਂ ਖੇਤਾਂ ਵਿਚ ਵੱਖ-ਵੱਖ ਥਾਵਾਂ 'ਤੇ ਲੁਕ-ਛਿਪ ਕੇ ਨਾਇਕ/ਨਾਇਕਾ ਮਿਲਦੇ ਸਨ ਮਸਲਨ : ਇੱਖ, ਜਾਮਣ, ਅੰਬ, ਹੇਠ, ਖੇਤ 'ਚ ਬਣਾਏ 'ਘਰੋਚਣੇ' 'ਚ, ਬੋਰ ਦੇ ਟੋਇਆਂ ਆਦਿ ਵਿਚ। ਨਵ-ਆਲੋਚਕ ਆਰ.ਪੀ. ਬਲੈਕਮੁਰ ਅਨੁਸਾਰ ਸੰਕੇਤਾਂ/ਇਸ਼ਾਰਿਆਂ ਦੀ ਵੀ ਭਾਸ਼ਾ ਹੁੰਦੀ ਹੈ। ਇਸ ਨਾਵਲ ਵਿਚ ਅੰਟੀਨੇ ਦੇ ਬਾਂਸ 'ਤੇ ਟੰਗੀ (ਨਾਇਕ ਵਲੋਂ) 'ਲੀਰ' ਅਤੇ ਨਾਇਕਾ ਵਲੋਂ ਕੰਧ 'ਚ ਗੱਡਿਆ 'ਖੁਰਚਣਾ' ਦੂਰੋਂ ਹੀ ਮਿਲਣ ਦੀ ਭਾਸ਼ਾ (ਯੈੱਸ) ਵਜੋਂ ਕਾਰਜਸ਼ੀਲ ਹਨ। ਚਿੱਠੀਆਂ ਵਿਚ ਆਪਣਾ ਨਾਂਅ ਨਹੀਂ ਲਿਖਦੇ। ਕੇਵਲ 'ਹ' ਅੱਖਰ ਪਾਉਂਦੇ ਸਨ। ਨਾਇਕ/ਨਾਇਕਾ ਕਿਸ਼ੋਰ ਅਵਸਥਾ 'ਚ ਨਿਡਰ ਹੋ ਕੇ ਮਿਲਦੇ ਸਨ ਪਰ ਉੱਪਰ ਕਿਸੇ ਦੇ ਆਉਣ ਦਾ ਨਿਰੰਤਰ ਭੈਅ ਬਣਿਆ ਰਹਿੰਦਾ ਸੀ। ਖਲਨਾਇਕ ਆਪਣਾ ਰੋਲ ਨਿਭਾਉਂਦੇ ਰਹੇ ਪਰ ਗੌਲਣਯੋਗ ਨੁਕਸਾਨ ਨਹੀਂ ਕਰ ਸਕੇ। ਨਾਇਕ/ਨਾਇਕਾ ਦੀ ਜਾਤ ਵੱਖ-ਵੱਖ ਹੋਣ ਕਾਰਨ ਅਤੇ ਇਕੋ ਪਿੰਡ ਦੇ ਹੋਣ ਕਾਰਨ ਉਨ੍ਹਾਂ ਦੇ ਵਿਆਹ ਦੀ ਸੰਭਾਵਨਾ ਨਹੀਂ ਸੀ।
ਭਵਿੱਖ ਵਿਚ ਅੰਤਿਮ ਵਿਛੋੜੇ ਦਾ ਡਰ ਸਤਾਉਂਦਾ ਰਿਹਾ। ਪ੍ਰਕ੍ਰਿਤਕ ਵਾਤਾਵਰਨ ਵਿਚ ਦੋਵੇਂ ਸਜ-ਧਜ ਕੇ ਮਿਲਦੇ ਵਿਖਾਏ ਗਏ ਹਨ। ਨਾਭੇ ਤੋਂ ਕਕਰਾਲੇ ਵੱਲ ਜਾਂਦਾ ਰੇਲ ਦਾ 'ਬਾਰਾਂ ਦਾ ਡੱਬਾ' ਇਸ ਨਾਵਲ ਦਾ 'ਆਬਜੈਕਟਿਵ ਕੋਰੀਕੇਟਿਵ' ਸਮਝਣਾ ਬਣਦਾ ਹੈ। ਪ੍ਰੀਤ ਦੀ ਆਖ਼ਰੀ ਚਿੱਠੀ 19-2-1971 ਦਿਨ ਸ਼ੁੱਕਰਵਾਰ ਲਿਖੀ ਹੋਈ ਮਿਲੀ ਸੀ। ਪੰ. 423. ਹੁਣ ਦੋਵੇਂ ਜਵਾਨ ਹੋ ਗਏ ਸਨ। ਪੰਜ ਸਾਲ ਦਾ ਸਫ਼ਰ ਸਫਲਤਾ ਸਹਿਤ ਪੂਰਾ ਹੋ ਚੁੱਕਾ ਸੀ। ਮਿਲਾਪ ਦੇ ਦ੍ਰਿਸ਼ਾਂ ਵਿਚ ਬਿਰਤਾਂਤਕ ਬਾਰੰਬਾਰਤਾ (ਫ਼੍ਰੀਕੁਐਂਸੀ ਇਨ ਨੈਰੇਸ਼ਨ) ਬਹੁਤ ਜ਼ਿਆਦਾ ਹੈ। ਨਾਵਲ ਪ੍ਰੌੜ੍ਹ ਉਮਰ ਦਾ ਬੀਤੇ ਸਮੇਂ 'ਤੇ ਫੋਕਸੀਕਰਨ ਹੈ। ਨਾਵਲ ਦੀਆਂ ਘਟਨਾਵਾਂ 'ਉਦੋਂ ਤੇ ਹੁਣ' ਵਿਚਕਾਰ 'ਕੰਪਨ' ਵਿਚ ਨੋਟ ਕੀਤੀਆਂ ਜਾ ਸਕਦੀਆਂ ਹਨ। ਜੋਸ਼ੀ ਦੀਆਂ ਕਵਿਤਾਵਾਂ ਵੀ ਹਾਜ਼ਰ ਹਨ। ਨਿਰੋਲ ਕਿਸ਼ੋਰ ਉਮਰ 'ਤੇ ਪਹਿਲਾ ਮਨੋਵਿਗਿਆਨਕ ਨਾਵਲ ਜਾਪਦਾ ਹੈ।

-ਡਾ. ਧਰਮ ਚੰਦ ਵਾਤਿਸ਼
ਈ-ਮੇਲ : vatish.dharamchand.gmail.com

ਦਰਦ-ਏ-ਬਲਜੀਤ
ਲੇਖਕ: ਜਸਬੀਰ ਢਿੱਲੋਂ
ਪ੍ਰਕਾਸ਼ਕ: ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ: 200 ਰੁਪਏ, ਸਫ਼ੇ: 88
ਸੰਪਰਕ: 97809-28626

'ਦਰਦ-ਏ-ਬਲਜੀਤ' ਜਸਬੀਰ ਢਿੱਲੋਂ ਦੀਆਂ ਕਵਿਤਾਵਾਂ ਦੀ ਪਲੇਠੀ ਪੁਸਤਕ ਹੈ। ਜ਼ਿੰਦਗੀ ਦੇ ਸਿਖ਼ਰ 'ਤੇ ਪਹੁੰਚ ਕੇ ਵਿੱਛੜੀ ਆਪਣੀ ਹਮਸਫ਼ਰ ਬਲਜੀਤ ਨੂੰ ਸਮਰਪਿਤ ਉਨ੍ਹਾਂ ਦੀ ਇਸ ਪੁਸਤਕ ਦੀਆਂ ਕਵਿਤਾਵਾਂ ਵਿਚਲਾ ਦਰਦ ਇੰਨਾ ਅਸਹਿ ਹੈ ਕਿ ਪਾਠਕ ਵੀ ਇਸ ਦਰਦ ਵਿਚ ਗੜੁੱਚ ਹੋਏ ਬਿਨਾਂ ਨਹੀਂ ਰਹਿ ਸਕਦਾ। ਸਮਾਜ ਦੇ ਹਾਸ਼ੀਏ 'ਤੇ ਧੱਕੇ ਲੋਕਾਂ ਦੀ ਤਰਸਯੋਗ ਹਾਲਤ ਪ੍ਰਤੀ ਅੰਤਾਂ ਦੀ ਫ਼ਿਕਰਮੰਦ ਰਹਿਣ ਵਾਲੀ ਪਤਨੀ ਦੀ ਯਾਦ ਉਨ੍ਹਾਂ ਦੀ ਜ਼ਿੰਦਗੀ ਦਾ ਅਭਿੰਨ ਅੰਗ ਬਣ ਚੁੱਕੀ ਹੈ:
ਆਖਦੀ ਹੁੰਦੀ ਸੈਂ
ਰਾਤੀਂ ਬੱਦਲ ਨਾ ਵਰ੍ਹ ਜਾਏ,
ਨਾ ਪਾਣੀ ਬਰਸਾਤ ਵਾਲਾ
ਝੁੱਗੀਆਂ 'ਚ ਵੜ ਜਾਏ।
ਡੁੱਬ ਗਿਆ ਸ਼ਹਿਰ ਨਿਊਜ਼
ਟੀ. ਵੀ. ਉੱਤੇ ਆਉਂਦੀ ਏ,
ਉਦੋਂ ਬਲਜੀਤ ਮੈਨੂੰ
ਯਾਦ ਤੇਰੀ ਆਉਂਦੀ ਏ।
ਜਸਬੀਰ ਢਿੱਲੋਂ ਦੀ ਕਵਿਤਾ ਜਿੱਥੇ ਧਰਤੀ ਅਤੇ ਕੁਦਰਤ ਦਾ ਸੁਹਜ ਵਖਿਆਨ ਕਰਦੀ ਹੈ, ਉੱਥੇ ਗੰਧਲੇ ਵਾਤਾਵਰਨ, ਮਾਨਵੀ ਸਵਾਰਥ, ਅੰਨ੍ਹੀ ਪਦਾਰਥਵਾਦੀ ਪਹੁੰਚ ਅਤੇ ਅਪੰਗਤਾ ਵਰਗੇ ਜ਼ਿੰਦਗੀ ਦੇ ਕੁਹਜ ਦਾ ਵੀ ਬਾਖ਼ੂਬੀ ਬਿਆਨ ਕਰਦੀ ਹੈ। ਉਨ੍ਹਾਂ ਦੀ ਕਵਿਤਾ ਦੇ ਨਿੱਜ ਤੋਂ ਪਰ ਵੱਲ ਪੁਲਾਂਘ ਪੁੱਟਣ ਦੀ ਸੰਭਾਵਨਾ ਉਦੋਂ ਬੜੀ ਮਜ਼ਬੂਤ ਦਿਖਾਈ ਦਿੰਦੀ ਹੈ, ਜਦੋਂ ਉਨ੍ਹਾਂ ਦੀ ਪਤਨੀ ਦੇ ਦਰਦ ਵਿਚ ਤੰਗੀਆਂ-ਤੁਰਸ਼ੀਆਂ ਅਤੇ ਦੁਸ਼ਵਾਰੀਆਂ ਦੇ ਭੰਨੇ ਕਿਰਤੀਆਂ, ਕਿਸਾਨਾਂ ਦਾ ਦਰਦ ਵੀ ਸ਼ਾਮਿਲ ਹੋ ਜਾਂਦਾ ਹੈ:
ਹਾੜ੍ਹ ਦੀਆਂ ਧੁੱਪਾਂ ਸਹਿੰਦੇ
ਪੋਹ ਦੀਆਂ ਰਾਤਾਂ ਪਿੰਡੇ,
ਚਾਹਵਾਂ ਅੰਨਦਾਤੇ ਨੂੰ
ਸਨਮਾਨ ਦੇ ਸਕਾਂ।
ਕਿਰਤੀ ਦੇ ਵਿਹੜੇ
ਜਦ ਆਉਣ ਲੋਟੂ ਗਿਰਝਾਂ,
ਫੁੰਡਣੇ ਨੂੰ ਤੀਰ ਤੇ ਕਮਾਨ ਦੇ ਸਕਾਂ।
ਪੁਸਤਕ ਦਾ ਪਾਠ ਕਰਦਿਆਂ ਮੈਂ ਕਈ ਵਾਰ ਭਾਵੁਕ ਹੋਇਆ ਕਿਉਂਕਿ ਅਜੋਕੇ ਪਦਾਰਥਵਾਦੀ ਦੌਰ ਵਿਚ ਕਿਸੇ ਨੂੰ ਸਮਰਪਿਤ ਹੋ ਜਾਣ ਵਾਲੇ ਲੋਕ ਵਿਰਲੇ ਹੀ ਮਿਲਦੇ ਹਨ, ਪਤੀ-ਪਤਨੀ ਦਾ ਰਿਸ਼ਤਾ ਵੀ ਅੱਜਕਲ੍ਹ ਤਾਂ ਕੇਵਲ ਸਰੀਰਕ ਸੰਬੰਧ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਜਸਬੀਰ ਢਿੱਲੋਂ ਵਰਗੇ ਸੰਵੇਦਨਸ਼ੀਲ ਲੋਕਾਂ ਦੀ ਮੌਜੂਦਗੀ ਤਸੱਲੀ ਵਾਲੀ ਗੱਲ ਹੈ।

-ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027

ਚੰਨ ਤੇ ਮਹਿਲ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 100 ਰੁਪਏ, ਸਫ਼ੇ : 31
ਸੰਪਰਕ : 98764-52223

ਬਾਲ ਸਾਹਿਤ ਦੀ ਬੱਚੇ ਦੀ ਸ਼ਖ਼ਸੀਅਤ ਨੂੰ ਉਸਾਰਨ ਵਿਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਬੱਚੇ ਦੀ ਮਾਨਸਿਕਤਾ ਅਨੁਸਾਰ ਰਚਨਾ ਦੀ ਸਿਰਜਣਾ ਕਰਨ ਲਈ ਬਾਲ-ਮਨੋਵਿਗਿਆਨ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੈ। ਇਹ ਗੰਭੀਰ ਮਸਲਾ ਹੈ, ਬਾਲ ਸਾਹਿਤ ਲਿਖਣਾ ਏਨਾ ਸੌਖਾ ਨਹੀਂ। ਇਸ ਲਈ ਬਹੁਤ ਚੁਣੌਤੀਆਂ 'ਚੋਂ ਲੰਘਣਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਬਾਲ ਸਾਹਿਤ ਕਿਤਾਬੜੀਆਂ ਬਹੁਤ ਪ੍ਰਕਾਸ਼ਿਤ ਹੋ ਰਹੀਆਂ ਹਨ ਪਰੰਤੂ ਮਿਆਰੀ ਸਾਹਿਤ ਪੱਖੋਂ ਉਹ ਪ੍ਰਤੀਮਾਨ ਸਥਾਪਤ ਨਹੀਂ ਹੋ ਰਹੇ। ਇਸ ਲਈ ਗੰਭੀਰਤਾ ਨਾਲ ਸੋਚਣ ਤੇ ਲਿਖਣ ਦੀ ਲੋੜ ਹੈ। ਐਵੇਂ ਬੱਚਿਆਂ 'ਤੇ ਸਭ ਕੁਝ ਡੋਸੀ ਜਾਣਾ, ਬੱਚਿਆਂ ਨਾਲ ਅਨਿਆਂ ਕਰਨ ਵਾਲੀ ਗੱਲ ਹੈ। ਬੱਚੇ ਦਾ ਸੰਸਾਰ ਬਹੁਤ ਸੰਭਾਵਨਾਵਾਂ ਭਰਪੂਰ ਹੁੰਦਾ। ਪ੍ਰਿੰ: ਬਹਾਦਰ ਸਿੰਘ ਗੋਸਲ ਪਿਛਲੇ ਦੱਸ ਕੁ ਸਾਲਾਂ ਤੋਂ ਧੜਾ-ਧੜ ਲਿਖ ਰਿਹਾ ਹੈ। ਚੰਨ ਤੇ ਮਹਿਲਾ ਦੀਆਂ ਬਾਲ-ਕਵਿਤਾਵਾਂ ਇਹੋ ਜਿਹਾ ਪ੍ਰਭਾਵ ਪਾਉਂਦੀਆਂ ਹਨ। ਪ੍ਰਿ: ਗੋਸਲ ਇਕ ਸੂਝਵਾਨ ਅਧਿਆਪਕ-ਲੇਖਕ ਹੈ, ਉਸ ਨੇ ਹੱਥਲੀ-ਪੁਸਤਕ ਵਿਚ ਕੇਵਲ 17 ਕਵਿਤਾਵਾਂ ਮੂਰਤਾਂ ਸਮੇਤ ਸੰਗ੍ਰਹਿ ਕੀਤੀਆਂ ਹਨ ਅਤੇ ਤਿੰਨ ਸਫ਼ਿਆਂ 'ਚ ਆਪਣੀਆਂ 89 ਪੁਸਤਕਾਂ ਦੀ ਸੂਚੀ ਦਿੱਤੀ ਹੈ। ਕਵਿਤਾਵਾਂ ਦੇ ਵਿਸ਼ੇ ਹਨ: ਸਿੱਖ ਇਤਿਹਾਸ, ਵਿਗਿਆਨਕ ਕਾਢਾਂ, ਵਿਰਾਸਤੀ ਸੱਭਿਆਚਾਰ, ਪ੍ਰਦੂਸ਼ਣ, ਵਿੱਦਿਆ ਦੀ ਮਹੱਤਤਾ, ਪ੍ਰਕਿਰਤੀ ਦੀ ਸੁੰਦਰਤਾ, ਨੈਤਿਕ ਕਦਰਾਂ ਕੀਮਤਾਂ, ਪੁਰਾਣੀ ਕਿਸਾਨੀ ਆਦਿ। ਕਾਵਿਕ ਸੁੰਦਰਤਾ ਦੀ ਘਾਟ ਰੜਕਦੀ। ਤੁਕਬੰਦੀ ਵਧੇਰੇ ਹੈ। ਸਰਲਤਾ ਅਤੇ ਕਾਵਿਕਤਾ ਨਹੀਂ। ਬੱਚੇ ਦੀ ਜ਼ੁਬਾਨ 'ਤੇ ਜੇ ਕਵਿਤਾ ਉਤਰਦੀ ਨਹੀਂ ਤਾਂ ਇਤਿਹਾਸ ਤੇ ਵਿਗਿਆਨ ਪੜ੍ਹਾਉਣ ਵਾਲੀ ਗੱਲ ਹੈ, ਸਾਹਿਤਕਤਾ ਨਹੀਂ। ਵਿਸ਼ੇ ਚੰਗੇ ਹਨ ਪਰੰਤੂ ਨਿਭਾਅ ਬਾਲ ਸਾਹਿਤ ਪੱਖੋਂ ਮਨ ਨੂੰ ਮੋਂਹਦਾ ਨਹੀਂ। ਛੰਦਾ-ਬੰਦੀ ਲਈ ਅਭਿਆਸ ਜ਼ਰੂਰੀ ਹੈ। ਪੰਨੇ ਥੋੜ੍ਹੇ ਪਰੰਤੂ ਮੁੱਲ ਵਧੇਰਾ।

-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900