ਜਗਰਾਉਂ (ਲੁਧਿਆਣਾ), 2 ਮਈ (ਕੁਲਦੀਪ ਸਿੰਘ ਲੋਹਟ)- ਜਗਰਾਉਂ ਨੇੜਲੇ ਪਿੰਡ ਅਖਾੜਾ ਵਿੱਚ ਲਗਾਤਾਰ ਦੂਜੇ ਦਿਨ ਇਕ ਹੋਰ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਨਾਲ ਪਿੰਡ ਵਿੱਚ ਸੋਗ ਦੇ ਨਾਲ-ਨਾਲ ਸਹਿਮ ਅਤੇ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਇਕ ਦਿਨ ਪਹਿਲਾਂ ਨੌਜਵਾਨ ਜਸਪਾਲ ਸਿੰਘ ਵਿੱਕੀ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਦੀ ਘਟਨਾ ਤੋਂ ਬਾਅਦ ਅੱਜ ਹਰਮਨਜੀਤ ਸਿੰਘ ਦੀ ਲਾਸ਼ ਮਿਲਣ ਨਾਲ ਪੂਰਾ ਪਿੰਡ ਹਿਲ ਗਿਆ ਹੈ। ਜਾਣਕਾਰੀ ਅਨੁਸਾਰ 24 ਸਾਲਾ ਹਰਮਨਜੀਤ ਸਿੰਘ ਪੁੱਤਰ ਜਸਵੀਰ ਸਿੰਘ ਮੰਡੀ ਵਿੱਚ ਮਜਦੂਰੀ ਕਰਦਾ ਸੀ ਅਤੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਪਰਿਵਾਰ ਦੀਆਂ ਉਮੀਦਾਂ ਦਾ ਸਹਾਰਾ ਸੀ ਅਤੇ ਭਵਿੱਖ ਲਈ ਵੱਡੇ ਸੁਪਨੇ ਦੇਖ ਰਿਹਾ ਸੀ। ਪਰ ਉਸਦੀ ਅਚਾਨਕ ਮੌਤ ਹੋਣ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਰਮਨਜੀਤ ਸਿੰਘ ਬੀਤੇ ਕੱਲ੍ਹ ਤੋਂ ਘਰੋਂ ਬਾਹਰ ਸੀ ਅਤੇ ਘਰ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਭਾਲ ਕੀਤੀ, ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨਾਲ ਸੰਪਰਕ ਕੀਤਾ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਅੱਜ ਸਵੇਰੇ ਉਸ ਦੀ ਲਾਸ਼ ਅਖਾੜਾ-ਕਾਉਂਕੇ ਰੋਡ 'ਤੇ ਪੁਲ ਨੇੜੇ ਨਹਿਰ ਦੇ ਕਿਨਾਰੇ ਬਣੇ ਵਾਟਰ ਪੰਪ ਦੇ ਕਮਰੇ ਵਿਚੋਂ ਬਰਾਮਦ ਹੋਈ। ਜਿਵੇਂ ਹੀ ਇਹ ਖ਼ਬਰ ਪਿੰਡ ਵਿੱਚ ਫੈਲੀ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ 'ਤੇ ਇਕੱਠੇ ਹੋ ਗਏ।
ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਕਾਉਂਕੇ ਕਲਾਂ ਦੇ ਇੰਚਾਰਜ ਕੁਲਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮੌਕੇ ਦੀ ਜਾਂਚ ਕਰਨ ਦੇ ਨਾਲ-ਨਾਲ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਮ੍ਰਿਤਕ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੱਲ੍ਹ ਤੋਂ ਘਰੋਂ ਗਿਆ ਹੋਇਆ ਸੀ। ਅੱਜ ਸਵੇਰੇ ਜਦੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਪੁੱਤਰ ਦੀ ਪਛਾਣ ਕੀਤੀ। ਇਹ ਮੰਜ਼ਰ ਦੇਖ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਅਸਲ ਸੱਚ ਸਾਹਮਣੇ ਲਿਆਂਦਾ ਜਾਵੇ ਅਤੇ ਜੇਕਰ ਕਿਸੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲਿਸ ਚੌਂਕੀ ਕਾਉਂਕੇ ਕਲਾਂ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਹੋਰ ਤੱਥ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਅਖਾੜਾ ਵਿੱਚ ਲਗਾਤਾਰ ਦੋ ਦਿਨਾਂ ਵਿੱਚ ਦੋ ਨੌਜਵਾਨਾਂ ਦੀਆਂ ਸ਼ੱਕੀ ਹਾਲਾਤਾਂ ਵਿੱਚ ਹੋਈਆਂ ਮੌਤਾਂ ਕਾਰਨ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਦੋਵੇਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਸੱਚਾਈ ਜਲਦ ਸਾਹਮਣੇ ਲਿਆਈ ਜਾਵੇ, ਤਾਂ ਜੋ ਲੋਕਾਂ ਵਿੱਚ ਬਣਿਆ ਸਹਿਮ ਦੂਰ ਹੋ ਸਕੇ।