ਮਾਛੀਵਾੜਾ ਸਾਹਿਬ (ਲੁਧਿਆਣਾ), 2 ਮਈ (ਰਾਜਦੀਪ ਸਿੰਘ ਅਲਬੇਲਾ) - ਲੰਘੀ ਸ਼ਾਮ ਰਤੀਪੁਰ ਰੋਡ ’ਤੇ ਸਥਿਤ ਇਕ ਕਾਲੋਨੀ ’ਚ ਦੋ ਧਿਰਾਂ ਵਿਚਕਾਰ ਹੋਈ ਖੂਨੀ ਲੜਾਈ ਦੌਰਾਨ ਗਗਨਦੀਪ ਸਿੰਘ ਉਰਫ਼ ਬਿੱਲਾ ਵਾਸੀ ਹੇਡੋਂ ਬੇਟ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਅੱਜ 11 ਵਿਅਕਤੀਆਂ, ਜਿਨ੍ਹਾਂ ਵਿਚ ਕਾਬਲ ਸਿੰਘ ਉਰਫ਼ ਪੰਨੂ ਵਾਸੀ ਮੁਗਲੇਵਾਲ, ਸ਼ੰਮੀ, ਪਰਮ ਗਰੇਵਾਲ ਵਾਸੀ ਈਸਾਪੁਰ, ਹਰਸ਼ ਚੀਮਾ ਵਾਸੀ ਟੰਡੀ ਮੰਡ, ਗੁਰਵਿੰਦਰ ਸਿੰਘ, ਜੱਸਾ, ਹਰਮਨ ਵਾਸੀ ਰਤੀਪੁਰ, ਜ਼ੈਲਾ ਵਾਸੀ ਬੈਰਸਾਲ, ਅੰਮ੍ਰਿਤ ਵਾਸੀ ਮਾਛੀਵਾੜਾ, ਖੁਸ਼ੂ ਵਾਸੀ ਸਮਰਾਲਾ, ਭੋਲਾ ਜੁਨੇਦ ਵਾਸੀ ਮਾਛੀਵਾੜਾ ਅਤੇ 10 ਤੋਂ 12 ਹੋਰ ਅਣਪਛਾਤੇ ਵਿਅਕਤੀ ਸ਼ਾਮਿਲ ਸਨ, ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਧਿਰਾਂ ਵਿਚਕਾਰ ਲੜਾਈ ਦੌਰਾਨ ਇਕ ਧਿਰ ਵਲੋਂ ਦੂਜੀ ਧਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਗਗਨਦੀਪ ਸਿੰਘ ਬਿੱਲਾ ਵਾਸੀ ਹੇਡੋਂ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਗੰਭੀਰ ਜਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਰਾਤ ਨੂੰ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਹਮਲਾਵਾਰਾਂ ਦੀਆਂ 2 ਕਾਰਾਂ ਤੇ 3 ਦੋ ਪਹੀਆ ਵਾਹਨ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਲੜਾਈ ਦੌਰਾਨ ਜੋ ਤੇਜ਼ਧਾਰ ਹਥਿਆਰਾਂ ਦੀ ਵਰਤੋ ਹੋਈ, ਉਹ ਵੀ ਮੌਕੇ ਤੋਂ ਬਰਾਮਦ ਕਰ ਲਏ ਹਨ।
ਇਸ ਖੂਨੀ ਜੰਗ ਵਿਚ ਜ਼ਖ਼ਮੀ ਹੋਏ ਮਨੀ ਲੱਖੋਵਾਲ ਦਾ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਲਾਜ ਦੌਰਾਨ ਡਾਕਟਰਾਂ ਨੇ ਕਿਹਾ ਕਿ ਸਿਰ ਵਿਚ ਸੱਟ ਬਹੁਤ ਗੰਭੀਰ ਹੈ, ਇਸ ਵਿਚ ਕੁਝ ਮਾਮੂਲੀ ਸਾਹ ਹਨ ਅਤੇ ਨੌਜਵਾਨ ਦਾ ਬਚਣਾ ਮੁਸ਼ਕਿਲ ਹੈ, ਇਸ ਲਈ ਇਸ ਨੂੰ ਘਰ ਲੈ ਜਾਓ। ਪਰਿਵਾਰਿਕ ਮੈਂਬਰ ਉਸ ਨੂੰ ਵਾਪਸ ਲੈ ਕੇ ਆ ਰਹੇ ਸਨ ਕਿ ਨੌਜਵਾਨ ਮਨੀ ਲੱਖੋਵਾਲ ਦੇ ਸਾਹ ਬੜੀ ਤੇਜ਼ੀ ਨਾਲ ਚੱਲ ਪਏ, ਜਿਸ ਕਾਰਨ ਉਸਨੂੰ ਤੁਰੰਤ ਪੀ.ਜੀ.ਆਈ. ਲਿਆਂਦਾ ਗਿਆ। ਇੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਡਾਕਟਰਾਂ ਵਲੋਂ ਨੌਜਵਾਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਚਮਤਕਾਰ ਹੋਇਆ ਕਿ ਉਨ੍ਹਾਂ ਦਾ ਲੜਕਾ ਜਿਸ ਨੂੰ ਉਹ ਮ੍ਰਿਤਕ ਸਮਝ ਬੈਠੇ ਸਨ ਉਸ ਦੇ ਮੁੜ ਸਾਹ ਚੱਲਣ ਲੱਗ ਪਏ।
ਤਾਜ਼ਾ ਖ਼ਬਰਾਂ
Free
ਨੌਜਵਾਨ ਕਤਲ ਮਾਮਲੇ ’ਚ ਪੁਲਿਸ ਵਲੋਂ 21 ਖ਼ਿਲਾਫ਼ ਮਾਮਲਾ ਦਰਜ
ਮਾਛੀਵਾੜਾ ਸਾਹਿਬ (ਲੁਧਿਆਣਾ), 2 ਮਈ (ਰਾਜਦੀਪ ਸਿੰਘ ਅਲਬੇਲਾ) - ਲੰਘੀ ਸ਼ਾਮ ਰਤੀਪੁਰ ਰੋਡ ’ਤੇ ਸਥਿਤ ਇਕ ਕਾਲੋਨੀ ’ਚ ਦੋ ਧਿਰਾਂ ਵਿਚਕਾਰ ਹੋਈ ਖੂਨੀ ਲੜਾਈ ਦੌਰਾਨ ਗਗਨਦੀਪ ਸਿੰਘ ਉਰਫ਼...
ਅਜੀਤ ਡੈਸਕ
02-05-2026